ਅਮਰਜੀਤ ਢਿੱਲੋਂ
ਪੰਛੀ ਵਸੀਹਤਾਂ ਨਹੀਂ ਕਰਦੇ, ਬੱਦਲ ਆਹਲਣੇ ਨਹੀਂ ਪਾਉਂਦੇ। ਕੋਈ ਭਟਕੇ ਲੋਕਾਂ ਨੂੰ ਜਾ ਕੇ ਕਹੋ ਕਿ ਜ਼ਿੰਦਗੀ ਮੌਤ ਦੇ ਰਾਹੋਂ ਗੁਜ਼ਰਦੀ ਹੈ। ਦਾਨਿਸ਼ਵਰ ਇਹ ਵੀ ਕਹਿੰਦੇ ਹਨ ਕਿ ਸੂਰਜ ਨੂੰ ਜਾ ਕੇ ਕਹੋ, ਸਿਰਫ ਉਹ ਹੀ ਇਕੱਲਾ ਨਹੀਂ। ਉਹ ਹਰ ਕੋਈ ਇਕੱਲਾ ਹੈ, ਜਿਸ ਦੀ ਅੰਦਰਲੀ ਅੱਗ ਕਿਸੇ ਨੂੰ ਨੇੜੇ ਨਹੀਂ ਢੁਕਣ ਦਿੰਦੀ। ਆਪਣੀ ਅੰਦਰਲੀ ਅੱਗ ਬੁਝਾ ਦਿਓ, ਜਾਂ ਫਿਰ ਸੂਰਜ ਬਣਕੇ ਜੀਓ, ਕੱਲੇ ਕਾਰੇ। ਸੂਰਜ ਵਰਗੇ ਮਨੁੱਖ ਹਮੇਸ਼ਾ ਇਕੱਲੇ ਹੀ ਹੁੰਦੇ ਹਨ ਕਿਉਂਕਿ ਇੱਜੜ ਤਾਂ ਭੇਡਾਂ ਦਾ ਹੀ ਹੋਇਆ ਕਰਦਾ ਹੈ।
ਝੜੇ ਪੱਤਿਆ ਨੂੰ ਰੁੱਖ ਨਹੀਂ ਰੋਂਦੇ। ਚਾਹੇ ਉਹ ਹਰੇ ਹੀ ਕਿਉਂ ਨਾ ਹੋਣ। ਮਿੱਟੀ 'ਚੋਂ ਉੱਗੀ ਹਰਿਆਵਲ, ਆਖਿਰ ਮਿੱਟੀ ਵਿੱਚ ਕਿਰਦੀ ਹੈ। ਬੱਸ ਐਨੀ ਹੀ ਕਹਾਣੀ ਸਾਰੀ ਹੈ। ਜ਼ਿੰਦਗੀ ਨਿਰੰਤਰ ਜਾਰੀ ਹੈ। ਗੱਲ ਬੱਸ ਤੁਰਦੇ ਜਾਣ ਦੀ ਹੈ। ਜਿਧਰ ਦੀ ਵੀ ਲੰਘੋਗੇ, ਰਾਹ ਆਪਣੇ ਆਪ ਬਣ ਜਾਣਗੇ। ਬਕੌਲ ਸ਼ਾਇਰ ਪਾਤਰ “ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਯੁੱਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ।
ਰਾਹ ਹਮੇਸ਼ਾ ਗੁੰਮਰਾਹ ਹੋ ਕੇ ਹੀ ਮਿਲਦੇ ਹਨ। ਗੁਣ ਹਮੇਸ਼ਾ ਨਿਰਗੁਣ ਹੋਕੇ ਹੀ ਮਿਲਦੇ ਹਨ। ਮਨ ਦੀ ਮੌਜ ਤੋਂ ਵੱਡੀ ਹੋਰ ਕੋਈ ਮੌਜ ਨਹੀਂ ਹੁੰਦੀ। ਮਰ ਕੇ ਕੁਝ ਨਹੀਂ ਵੀ ਰਹਿੰਦਾ ਤਾਂ ਵੀ ਗਨੀਮਤ ਹੈ। ਸਿਰਫ ਕੁਝ ਨਹੀਂ ਦੇ ਅਰਥ ਹੀ ਸਾਨੂੰ ਆਉਣੇ ਚਾਹੀਦੇ ਹਨ ਕਿਉਂਕਿ ਕੁਝ ਨਹੀਂ ਦੇ ਵਿੱਚ ਹੀ ਸਭ ਕੁਝ ਹੈ। ਜਿਸ ਤਰ•ਾਂ ਮਿੱਟੀ ਦੇ ਘੜੇ ਵਿਚਕਾਰ ਕੁਝ ਨਹੀਂ ਹੁੰਦਾ ਤੇ ਇਹ ਕੁਝ ਨਹੀਂ ਹੀ ਅਸੀਂ ਹਮੇਸ਼ਾ ਵਰਤਦੇ ਹਾਂ। ਅੱਗ ਦਾ ਦਰਿਆ ਦੀ ਲੇਖਕ ਕਰਤੁਲ ਐਨ ਹੈਦਰ ਅਨੁਸਾਰ ਮਨੁੱਖ ਦਾ ਮਰ ਮਰ ਕੇ ਵੀ ਕੁਝ ਮਰਨੋ ਬਚ ਜਾਂਦਾ ਹੈ। ਕਹਾਣੀ ਕਹਿਣ ਵਾਲੇ ਦਾ ਕਹਿ ਕਹਿ ਕੇ ਵੀ ਕੁਝ ਅਣਕਿਹਾ ਰਹਿ ਜਾਂਦਾ ਹੈ ਤੇ ਉਹ ਵੀ ਇਹ ਵੀ ਕਹਿੰਦੀ ਹੈ ਕਿ ਜਿਹੜੇ ਬੂਹੇ ਅੱਗੇ ਅੰਦਰ ਜਾਣ ਦੀ ਝਿਜਕ ਹੋਵੇ ਉਹ ਘਰ ਆਪਣਾ ਨਹੀਂ ਹੁੰਦਾ ਅਤੇ ਹੁਸਨ ਨਕਸ਼ਾਂ ਦੀ ਇਤਫਾਕੀਆਂ ਸੁਡੌਲਤਾ ਨਹੀਂ ਸਗੋਂ ਹੁਸਨ ਤਾਂ ਹੁਸੀਨ ਆਦਤਾਂ ਦਾ ਸੰਗ੍ਰਿਹ ਹੈ।
ਦਿਲ ਦੀ ਦੌਲਤ ਨਾ ਖਰਚੇ ਜਾਣ ਦਾ ਦਰਦ ਸਿਰਫ ਦਿਲ ਵਾਲੇ ਹੀ ਜਾਣਦੇ ਹਨ। ਅਸੀਂ ਹਮੇਸ਼ਾ ਕਿਸੇ ਨੂੰ ਦੇਖ ਕੇ ਇਹ ਮਹਿਸੂਸ ਕਰਦੇ ਹਾਂ ਜਿਵੇਂ ਕਿ ਪਹਿਲਾਂ ਮਿਲੇ ਹੋਈਏ। ਐਪਰ ਅਸੀਂ ਤਾਂ ਮਿਲ ਕੇ ਵੀ ਅਜਨਬੀ ਰਹਿੰਦੇ ਹਾਂ। ਇੱਥੋਂ ਤੱਕ ਕਿ ਆਪਣੇ ਆਪ ਤੋਂ ਵੀ ਅਜਨਬੀ, ਕਈ ਵਾਰੀ ਜਿਉਣ ਲਈ ਜ਼ਿੰਦਗੀ 'ਚ ਇੱਕ ਗਲਤਫਹਿਮੀ ਵੀ ਜਰੂਰਤ ਬਣ ਜਾਂਦੀ ਹੈ।
ਕਈ ਵਾਰ ਇੱਕ ਨਜਰ ਦੀ ਵਾਕਫੀਅਤ ਸਾਲਾਂ ਦੀ ਵਾਕਫੀ ਨਾਲੋਂ ਵੀ ਵਧੇਰੇ ਵਿਸ਼ਵਾਸ਼ ਜਨਕ ਹੋ ਸਕਦੀ ਹੈ। ਸ਼ਾਕਯਮੁਨੀ ਇਹ ਵੀ ਕਹਿੰਦੇ ਹਨ “ਪੀੜਾਂ ਦੇਣਾ ਜ਼ਾਲਿਮ ਦਿਲ ਦੀ ਨਿਸ਼ਾਨੀ ਹੈ ਜਦੋਂ ਕਿ ਖੁਸ਼ੀ ਵੰਡਣਾ ਖੂਬਸੂਰਤੀ ਦੀ ਸਲਤਨਤ। “ਸਿੱਖ ਲੈ ਹੁਨਰ ਆਸ਼ਕੀ ਦਾ ਫੁੱਲ ਤੋਂ, ਆਉਣਗੀਆਂ ਬਿਨਾ 'ਵਾਜ ਮਾਰਿਆਂ ਤਿਤਲੀਆਂ।”
Wednesday, October 21, 2009
Subscribe to:
Post Comments (Atom)
No comments:
Post a Comment