ਅਮਰਜੀਤ ਢਿੱਲੋਂ
ਦੰਤ ਕਥਾ:- ਰੁੱਖ 'ਤੇ ਦੋ ਭੂਤ ਬੈਠੇ ਗੱਲਾਂ ਕਰ ਰਹੇ ਸਨ। ਇੱਕ ਨੇ ਕਿਹਾ ਬੰਦੇ ਆਉਂਦੇ ਲਗਦੇ ਐ। “ਇਹ ਬੰਦੇ ਬੁੰਦੇ ਕੁਝ ਨਹੀਂ ਹੁੰਦੇ, ਐਵੇਂ ਤੇਰੇ ਮਨ ਦਾ ਵਹਿਮ ਹੈ,” ਦੂਜਾ ਭੂਤ ਬੋਲਿਆ। ਅਧਿਆਪਕ ਪੜ•ਾ ਰਿਹਾ ਸੀ ਕਿ ਆਦਮੀ ਬਾਂਦਰ ਤੋਂ ਬਣਿਆ ਹੈ। ਇੱਕ ਵਿਦਿਆਰਥੀ ਨੇ ਪੁੱਛਿਆ “ਜੀ ਹੁਣ ਬਾਂਦਰ ਤੋਂ ਬੰਦੇ ਕਿਉਂ ਨਹੀਂ ਬਣਦੇ। ਬਹਿ ਜਾ, ਬਹਿਜਾ, ਅਧਿਆਪਕ ਨੇ ਡਾਂਟ ਕੇ ਕਿਹਾ, ਜਿਹੜੇ ਪਹਿਲਾਂ ਬੰਦੇ ਬਣੇ ਐ, ਉਹ ਵੀ ਪਛਤਾ ਰਹੇ ਐ ਕਿ ਅਜਿਹੇ ਬੰਦਪੁਣੇ ਨਾਲੋਂ ਬਾਂਦਰ ਹੀ ਚੰਗੇ ਸੀ। ਉਪਦੇਸ਼ਕ ਅਕਸਰ ਕਹਿੰਦੇ ਹਨ “ ਰਹਿ ਬਣਕੇ ਬੰਦਿਆ ਬੰਦਾ ਤੂੰ।” ਕੋਈ ਕੁੱਤੇ ਨੂੰ ਇਹ ਨਹੀਂ ਕਹਿੰਦਾ ਕਿ ਕੁੱਤਾ ਬਣਕੇ ਰਹਿ। ਬੰਦਾ ਕਿਉਂਕਿ ਸਾਰੇ ਜਾਨਵਰਾਂ ਦਾ ਸੁਮੇਲ ਹੈ। ਇਹ ਕਿਤੇ ਕੁੱਤਾ, ਕਿਤੇ ਬਿੱਲਾ, ਕਿਤੇ ਸ਼ੇਰ, ਕਿਤੇ ਲੂੰਬੜ, ਕਿੱਤੇ ਗਿੱਦੜ ਅਤੇ ਕਿਤੇ ਸੱਪ, ਬਘਿਆੜ ਆਦਿ ਬਣ ਜਾਂਦਾ ਹੈ। ਇਸੇ ਲਈ ਇਸ ਨੂੰ ਵਾਰ-ਵਾਰ ਬੰਦਾ ਬਣਕੇ ਰਹਿਣ ਦੀ ਨਸੀਹਤ ਵੀ ਬੰਦੇ ਹੀ ਦਿੰਦੇ ਹਨ। ਇੱਕ ਵਾਰ ਪ੍ਰਸਿੱਧ ਵਿਗਿਆਨੀ ਆਈਨਸਟਾਈਨ ਨੇ ਮਨੋਵਿਗਿਆਨੀ ਡਾ. ਫਰਾਇਡ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਬੰਦਾ ਹਰ ਵਕਤ ਕਿਸੇ ਨੂੰ ਤਬਾਹ ਕਰਨ ਬਾਰੇ ਹੀ ਕਿਉਂ ਸੋਚਦਾ ਹੈ। ਤਾਂ ਡਾ. ਫਰਾਇਡ ਨੇ ਜਵਾਬ ਦਿੱਤਾ ਕਿ ਆਦਮੀ ਜਿਹੜੇ ਜਾਨਵਰਾਂ ਦੀ ਸ਼ੇ੍ਰਣੀ 'ਚੋਂ ਵਿਕਸਤ ਹੋਇਆ ਹੈ ਉਹ ਬਹੁਤ ਹੀ ਖੂੰਖਾਰ ਅਤੇ ਹਮਲਾਵਰ ਸੀ।
ਬੰਦੇ 'ਚ ਉਹ ਪਰਵਿਰਤੀਆਂ ਅਜੇ ਵੀ ਕਾਇਮ ਹਨ। ਬਕੌਲ ਸ਼ਾਇਰ “ਹਰ ਬੰਦੇ ਦੇ ਅੰਦਰ ਇੱਕ ਦਰਿੰਦਾ ਵਸਦਾ ਹੈ, ਜਾਗ ਪਵੇ ਮਜਹਬ ਬੋਲੀ ਜਾਤਾਂ ਤੇ ਨਾਵਾਂ ਨਾਲ।” ਆਕਸਫੋਰਡ ਯੂਨੀਵਰਸਿਟੀ 'ਚ ਜੀਵਨ ਵਿਕਾਸ ਬਾਰੇ ਚੱਲ ਰਹੀ ਗੋਸ਼ਟੀ 'ਚ ਪਾਦਰੀ ਬਿਲਬਰ ਫੋਰਸ ਨੇ ਬੁਲਾਰੇ ਹਕਸਲੇ ਤੇ ਵਿਅੰਗ ਕੀਤਾ ਕਿ ਤੁਹਾਡਾ ਸਬੰਧ ਬਾਂਦਰਾਂ ਨਾਲ ਨਾਨਕਿਆਂ ਵੱਲੋਂ ਹੈ ਕਿ ਦਾਦਕਿਆਂ ਵੱਲੋਂ। ਹਕਸਲੇ ਨੇ ਕਿਹਾ ਬਾਂਦਰ, ਬਣਮਾਨਸ ਜਾਂ ਚਿੰਪਾਜੀ ਨਾਲ ਮਨੁੱਖੀ ਸਬੰਧਾਂ ਬਾਰੇ ਮੈਨੂੰ ਕੋਈ ਨਮੋਸ਼ੀ ਨਹੀਂ ਪਰ ਗੰਭੀਰ ਵਿਸ਼ੇ ਨੂੰ ਮਜ਼ਾਕ 'ਚ ਲੈਣ ਵਾਲਿਆਂ ਬਾਰੇ ਬਹੁਤ ਨਮੋਸ਼ੀ ਹੈ। ਜਾਰਜ ਬਰਨਾਰਡ ਸ਼ਾਅ ਤੋਂ ਕਿਸੇ ਨੇ ਪੁੱਛਿਆ ਕਿ ਕੀ ਮਨੁੱਖ ਦੇ ਬਾਂਦਰ ਵਾਂਗ ਪੂਛ ਹੁੰਦੀ ਸੀ ਤਾਂ ਸ਼ਾਅ ਮੋੜਵੇਂ ਜਵਾਬ 'ਚ ਕਿਹਾ ਕਿ ਅੱਜ ਵੀ ਬਿਨਾ ਪੂਛ ਵਾਲੇ ਬਾਂਦਰ ਮੌਜ਼ੂਦ ਹਨ। ਪਿਛਲੇ 50 ਹਜ਼ਾਰ ਵਰਿ•ਆਂ 'ਚ ਨਵਾਂ ਮਨੁੱਖ ਸਾਰੇ ਸੰਸਾਰ 'ਚ ਪਸਰ ਗਿਆ ਸੀ ਪਰ ਮਨੁੱਖੀ ਸੱਭਿਅਤਾ ਦੀ ਉਮਰ ਸਿਰਫ 10 ਹਜ਼ਾਰ ਵਰ•ੇ ਹੈ। ਜਦੋਂ ਮਨੁੱਖ ਖੇਤੀ ਕਰਨ ਲੱਗਿਆ ਅਤੇ ਕੋਮਲ ਕਲਾਵਾਂ ਪੈਦਾ ਹੋਣ ਲੱਗੀਆਂ। ਅੱਠ ਹਜ਼ਾਰ ਸਾਲ ਪਹਿਲਾਂ ਇਸ ਸੰਸਾਰ 'ਚ ਕੇਵਲ ਦੋ ਕਰੋੜ ਮਨੁੱਖ ਸਨ। 1950 'ਚ ਮਨੁੱਖੀ ਵਸੋਂ ਢਾਈ ਅਰਬ (250 ਕਰੋੜ) ਹੋ ਗਈ ਅਤੇ ਅੱਜ ਇਹ 700 ਕਰੋੜ ਦੇ ਨੇੜੇ ਪਹੁੰਚ ਗਈ ਹੈ। ਇੱਕ ਅਨੁਮਾਨ ਅਨੁਸਾਰ ਹਰ ਸਾਲ 3 ਕਰੋੜ 40 ਲੱਖ ਮਾਨਵ ਇਸ ਧਰਤ 'ਤੇ ਪੈਦਾ ਹੋ ਰਹੇ ਹਨ।
1954 'ਚ ਕੁੰਭ ਦੇ ਮੇਲੇ 'ਤੇ 20 ਲੱਖ ਲੋਕਾਂ ਦੀ ਭੀੜ ਸੀ ਅਗਲੇ 12 ਵਰਿ•ਆ 'ਚ44 ਲੱਖ ਅਤੇ ਹੁਣ ਗਿਣਤੀ ਕਰੋੜਾਂ 'ਚ ਪਹੁੰਚ ਗਈ ਹੈ। ਮਨੁੱਖੀ ਸੱਭਿਅਤਾ ਦੇ ਵਿਕਾਸ ਸਮੇਂ ਚੰਗੇ ਦਿਮਾਗ ਦੇ ਨਾਲ-ਨਾਲ ਸ਼ੈਤਾਨ ਦਿਮਾਗ ਵੀ ਹੋਂਦ 'ਚ ਆ ਗਏ। ਜਿਨ•ਾਂ ਨੇ ਮਨੁੱਖ ਨੂੰ ਡਰਾਉਣ ਲਈ ਦੇਵੀ-ਦੇਵਤੇ ਅਗਲਾ ਪਿਛਲਾ ਜਨਮ ਅਤੇ 84 ਲੱਖ ਜੂਨਾਂ ਆਦਿ ਦੀ ਕਾਢਿ ਕੱਢੀ। ਉਹ ਕਿਰਤੀਆਂ ਨੂੰ ਡਰਾ-ਡਰਾ ਕੇ ਹੀ ਉਨ•ਾਂ ਦੀ ਕਮਾਈ ਲੁੱਟ ਰਹੇ ਹਨ। ਕੋਈ ਮਹਾਂਪੁਰਸ਼ ਇਹ ਉਪਦੇਸ਼ ਨਹੀਂ ਦਿੰਦਾ ਕਿ ਤੁਹਾਡਾ ਘਰ ਹੀ ਅਸਲੀ ਮੰਦਰ ਹੈ ਅਤੇ ਤੁਹਾਡੇ ਮਾਂ ਪਿਓ ਹੀ ਤੁਹਾਡੇ ਰੱਬ ਹਨ। ਸਭ ਧਰਮ ਹਿੰਦੂ, ਸਿੱਖ, ਮੁਸਲਮਾਨ, ਇਸਾਈ ਬਣਨ ਦੀ ਸਿੱਖਿਆ ਦਿੰਦੇ ਹਨ। ਇਨਸਾਨ ਬਣਨ ਦੀ ਸਿੱਖਿਆ ਕੋਈ ਧਰਮ ਨਹੀਂ ਦਿੰਦਾ। ਆਦਮੀ ਵੀ ਅੰਨ•ੀ ਹਵਸ ਵਿੱਚ ਹਰ ਜਾਇਜ ਨਜ਼ਾਇਜ ਢੰਗ ਨਾਲ ਪੈਸਾ ਇਕੱਠਾ ਕਰਨ ਲੱਗਾ ਹੋਇਆ ਹੈ। ਫਿਰ ਉਹ ਉਸ ਕਮਾਏ ਪੈਸੇ 'ਚੋਂ ਕੁਝ ਹਿੱਸਾ ਧਾਰਮਿਕ ਅਸਥਾਨਾ ਨੂੰ ਦਾਲ ਕਰ ਦਿੰਦਾ ਹੈ ਤਾਂ ਕਿ ਉਹ ਉਸ ਦੇ ਪਾਪ ਬਖਸ਼ੇ ਜਾ ਸਕਣ। ਮਾਪੇ ਆਪਣੇ ਬੱਚਿਆਂ ਨੂੰ ਪੈਸੇ ਕਮਾਉਣ ਵਾਲੀਆ ਮਸ਼ੀਨਾਂ ਬਣਾਉਣ 'ਚ ਜੁਟੇ ਹੋਏ ਹਨ। ਇਸੇ ਲਈ ਸਮਾਜ ਵਿੱਚ ਬੌਣੀਆਂ ਸਖਸ਼ੀਅਤਾਂ ਪੈਦਾ ਹੋ ਰਹੀਆਂ ਹਨ। ਲੋਕ ਗਮਲਿਆਂ ਵਿੱਚ ਬੋਹੜ ਦੇ ਬੂਟੇ ਲਗਾ ਕੇ ਛਾਂ ਦੀ ਆਸ ਕਰ ਰਹੇ ਹਨ। ਭੂਤਾਂ ਵਾਲੀ ਕਹਾੜੀ ਹੈ ਤਾਂ ਕਲਪਿਤ ਪਰ ਕਈ ਵਾਰ ਮੇਰਾ ਮਨ ਕਰਦਾ ਹੈ ਕਿ ਇਸ ਕਹਾਣੀ ਨੂੰ ਸੱਚ ਮੰਨ ਲਵਾਂ ਅਤੇ ਕਹਾ ਕਿ ਇਹ ਬੰਦੇ ਬੁੰਦੇ ਕੁਝ ਨਹੀਂ ਹੁੰਦੇ ਅਤੇ ਐਵੇਂ ਸਾਡੇ ਮਨ ਦਾ ਹੀ ਵਹਿਮ ਹੈ।
Monday, October 19, 2009
Subscribe to:
Post Comments (Atom)
No comments:
Post a Comment