Wednesday, October 21, 2009

ਕਿਸਾਨ ਖੁਦਕਸ਼ੀਆਂ, ਕਾਰਨ ਅਤੇ ਇਲਾਜ

ਅਮਰਜੀਤ ਢਿੱਲੋਂ
1991 'ਚ ਆਂਧਰਾ ਪ੍ਰਦੇਸ਼ ਦੇ ਵਾਰੰਗਲ ਜ਼ਿਲ•ੇ ਦੇ ਪਿੰਡ ਇਨਾਬਾਬੀ 'ਚ ਕਰਜੇ ਦੇ ਸਤਾਏ, ਦੇਸ਼ ਦੇ ਪਹਿਲੇ ਕਿਸਾਨ ਨੇ ਖੁਦਕਸ਼ੀ ਕੀਤੀ। ਫਿਰ ਉੱਥੇ ਕਿਸਾਨਾਂ ਵੱਲੋਂ ਖੁਦਕਸ਼ੀਆਂ ਦਾ ਦੌਰ ਚੱਲ ਪਿਆ। ਉਦੋਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਅਪੀਲਾਂ ਕਰਿਆ ਕਰਦੀਆਂ ਸਨ ਕਿ ਉਹ ਖੁਦਕਸ਼ੀਆਂ ਨਾ ਕਰਨ ਸਗੋਂ ਸੰਘਰਸ਼ ਕਰਨ। ਉਦੋਂ ਪੰਜਾਬ 'ਚ ਉਸ ਸਮੇਂ ਹਰਾ ਇਨਕਲਾਬ ਭਰ ਜੋਬਨ 'ਤੇ ਸੀ। ਆਂਧਰਾ ਪ੍ਰਦੇਸ਼ 'ਚ ਹਰਾ ਇਨਕਲਾਬ ਦਮ ਤੋੜ ਚੁੱਕਿਆ ਸੀ। ਹੁਣ ਆਂਧਰਾ ਦੇ ਕਿਸਾਨ ਸੰਭਲ ਰਹੇ ਹਨ। ਮਹਾਂਰਾਸ਼ਟਰ ਦੇ ਕਿਸਾਨਾਂ ਨੂੰ ਵੀ ਉਨ•ਾਂ ਦੀ ਜਾਗ ਲੱਗ ਚੁੱਕੀ ਹੈ। ਅੱਜ ਵਾਰੰਗਲ ਜ਼ਿਲ•ੇ ਉਹੀਓ ਪਿੰਡ ਇਨਾਬਾਬੀ ਦੇਸ਼ ਦਾ ਪਹਿਲਾ ਜ਼ਹਿਰ ਮੁਕਤ ਅਤੇ ਰਸਾਇਣ ਮੁਕਤ ਪਿੰਡ ਹੈ। ਪਿਛਲੇ 10 ਸਾਲ ਤੋਂ ਪੰਜਾਬ ਦਾ ਦੁੱਲਾ ਕਿਸਾਨ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ। ਰਸਾਇਣਕ ਖੇਤੀ ਚਰਮ ਸੀਮਾ 'ਤੇ ਪਹੁੰਚ ਚੁੱਕੀ ਹੈ। ਕੀਟਨਾਸ਼ਕ ਛਿੜਕਣ 'ਚ ਪੰਜਾਬ ਦਾ ਪਹਿਲਾ ਨੰਬਰ ਹੈ। ਸਬ ਮਰਸੀਅਲ ਬੋਰ 500 ਫੁੱਟ ਤੋਂ ਧਰਤੀ ਹੇਠਲਾ ਪਾਣੀ ਧੜਾ-ਧੜ ਖਿੱਚ ਰਹੇ ਹਨ। ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਗਈ ਹੈ। ਇਹ ਧਰਤੀ ਮਾਤਾ ਹੁਣ ਰਸਾਇਣਕ ਖਾਦਾਂ ਦੀ ਅਮਲੀ ਬਣ ਕੇ ਰਹਿ ਗਈ ਹੈ। ਜਿਸ ਤਰ•ਾਂ ਅਮਲੀ ਅਫੀਮ ਖਾਧੇ ਬਿਨਾਂ ਨਹੀਂ ਉੱਠਦਾ ਉਸੇ ਤਰ•ਾਂ ਰਸਾਇਣਕ ਖਾਦ ਦੇ ਅਮਲ ਬਿਨਾ ਧਰਤੀ ਉਪਜ ਨਹੀਂ ਦਿੰਦੀ। ਮਿੱਟੀ ਵਿਚਲੇ ਸੂਖਮ ਜੀਵ ਖਤਮ ਹੋ ਚੁੱਕੇ ਹਨ।
ਦੇਸ਼ ਨੂੰ ਭਿੱਖ ਮੰਗੇ ਤੋਂ ਅੰਨਦਾਤਾ ਬਣਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਠੂਠਾ ਫੜ•ੀ ਫਿਰਦਾ ਹੈ ਅਤੇ ਦਰਜੇ ਦਾ ਸਤਾਇਆ ਖੁਦਕਸ਼ੀਆਂ ਕਰ ਰਿਹਾ ਹੈ। ਆਖਿਰ ਇਹ ਸਭ ਕਿਉਂ ਹੋਇਆ। ਆਓ ਇਸ ਵੱਲ ਝਾਤ ਮਾਰੀਏ। ਪੰਜਾਬ 1967 'ਚ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ। ਜਿਸ ਵਿੰਚ ਕਾਮਰੇਡ ਸੱਤਪਾਲ ਡਾਂਗ ਖੁਰਾਕ ਮੰਤਰੀ ਸਨ। ਕੇਂਦਰ ਵੱਲੋਂ ਕਣਕ ਦਾ ਮੁੱਲ 70 ਰੁਪਏ ਪ੍ਰਤੀ ਕੁਇੰਟਲ ਮੁਕੱਰਰ ਕੀਤਾ ਗਿਆ। ਉਦੋਂ 45 ਹਾਰਸ ਪਾਵਰ ਦੇ ਟਰੈਕਟਰ ਦੀ ਕੀਮਤ 20 ਹਜ਼ਾਰ ਰੁਪਏ ਸੀ। ਅੱਜ ਉਹ ਟਰੈਕਟਰ 8 ਲੱਖ ਰੁਪਏ ਦਾ ਹੋ ਗਿਆ ਹੈ। ਕਣਕ 1100 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਇਸ ਤਰ•ਾਂ ਕਣਕ ਦੇ ਭਾਅ 'ਚ 14 ਗੁਣਾ ਵਾਧਾ ਹੋਇਆ। ਜਦੋਂ ਕਿ ਟਰੈਕਟਰ ਦਾ ਮੁੱਲ 40 ਗੁਣਾ ਵੱਧ ਗਿਆ ਹੈ। ਇਹੋ ਹਾਲ ਡੀਜਲ, ਬੀਜ, ਖਾਦ ਅਤੇ ਕੀਟਨਾਸ਼ਕਾਂ ਦਾ ਹੈ। ਕਿਸਾਨ ਝਾੜ ਵਧਾਉਂਦਾ ਗਿਆ ਪਰ ਉਸ ਦੇਲਾਗਤ ਖਰਚੇ ਵੱਧਦੇ ਗਏ। ਮੁਲਾਜ਼ਮਾਂ ਦੀਆਂ ਤਨਖਾਹਾਂ ਥੋਕ ਕੀਮਤ ਸੂਚਕ ਅੰਕ ਅਨੁਸਾਰ ਵੱਧਦੀਆਂ ਗਈਆਂ ਪਰ ਕਿਸਾਨ ਦੀ ਜਿਣਸ ਦੇ ਭਾਅ ਥੋਕ ਕੀਮਤ ਸੂਚਕ ਅੰਕ ਨਾਲ ਨਾ ਜੋੜੇ ਗਏ। ਫਸਲ ਬੀਮਾ ਸਕੀਮ ਲਾਗੂ ਨਾ ਹੋਣ ਕਾਰਨ ਕੁਦਰਤੀ ਆਫਤਾਂ ਵੀ ਕਿਸਾਨ ਦਾ ਲੱਕ ਤੋੜਦੀਆਂ ਰਹੀਆਂ।
ਸਰਕਾਰੀ ਬੈਂਕਾਂ ਸਨਅਤਾਂ ਨੂੰ 4 ਫੀਸਦੀ 'ਤੇ ਪਰ ਕਿਸਾਨ ਨੂੰ 12 ਤੋਂ 18 ਫੀਸਦੀ ਵਿਆਜ 'ਤੇ ਕਰਜਾ ਦਿੰਦੀਆਂ ਰਹੀਆਂ। ਸਨਅਤਕਾਰ ਦੀਵਾਲੀਆ ਹੋ ਕੇ ਆਪਣੇ ਅਰਬਾਂ ਰੁਪਈਆ ਦੇ ਕਰਜੇ ਵੱਟੇ ਖਾਤੇ ਪਾਉਂਦੇ ਰਹੇ। ਭਾਵ ਮੁਆਫ ਕਰਵਾਉਂਦੇ ਰਹੇ। ਪੰਜਾਬ ਦੀ ਸਹਿਕਾਰੀ ਬੈਂਕ ਹਾਲੇ ਵੀ ਕਿਸਾਨੀ ਲਿਮਟਾਂ 'ਤੇ 18 ਫੀਸਦੀ ਵਿਆਜ ਵਸੂਲ ਕਰਦੀ ਹੈ। ਅਨਪੜ• ਹੋਣ ਕਾਰਨ ਕਿਸਾਨ ਨੂੰ ਸ਼ਾਹੂਕਾਰਾਂ ਨੇ ਵੀ ਖੂਬ ਲੁੱਟਿਆ। ਉਸ ਤੋਂ 24 ਤੋਂ 36 ਫੀਸਦੀ ਤੱਕ ਦਾ ਵਿਆਜ ਵਸੂਲ ਕੀਤਾ ਗਿਆ। ਉਸ ਨੁੰ ਗੁੰਮਰਾਹ ਕਰਕੇ ਜਬਰਦਸਤੀ ਘਟੀਆ ਕੀਟਨਾਸ਼ਕ ਅਤੇ ਬੀਜ ਉਸ 'ਤੇ ਥੋਪੇ ਗਏ। ਸਹਿਕਾਰੀ ਸਭਾਵਾਂ 'ਚ ਖੇਤੀ ਮਸ਼ੀਨਰੀ ਦਾ ਇੰਤਜ਼ਾਮ ਨਾ ਹੋਣ ਕਾਰਨ ਪੰਜ-ਪੰਜ ਏਕੜ ਵਾਲੇ ਕਿਸਾਨਾਂ ਨੇ ਵੀ ਟਰੈਕਟ0ਰ ਰੀਦ ਲਏ। ਸਾਂਝੇ ਪਰਿਵਾਰ ਟੁੱਟਣ ਨਾਲ ਵੀ ਟਰੈਕਟਰਾਂ ਦੀ ਗਿਣਤੀ 'ਚ ਵਾਧਾ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਦੀ ਅਗਾਵਾਈ ਕਰਨ 'ਚ ਪੂਰੀ ਤਰ•ਾਂ ਨਾਕਾਮ ਰਹੀ। ਕਿਸਾਨ ਵੀ ਪੈਸੇ ਦੀ ਅੰਨ•ੀ ਹਵਸ ਕਾਰਨ ਅਤੇ ਛੇਤੀ ਕਰਜਾ ਮੁਕਤ ਹੋਣ ਦੇ ਲਾਲਚ ਕਾਰਨ ਯੂਨੀਵਰਸਿਟੀ ਦੇ ਦੱਸਣ ਨਾਲੋਂ ਕਈ ਗੁਣਾ ਵੱਧ ਖਾਦ ਅਤੇ ਕੀਟਨਾਸ਼ਕ ਦੀ ਵਰਤੋਂ ਕਰਦਾ ਰਿਹਾ। ਖੇਤੀ ਵਿਭਿੰਨਾ ਖਤਮ ਹੋ ਗਈ। ਕਿਸਾਨ ਸਿਰਫ ਝੋਨੇ ਅਤੇ ਕਣਕ 'ਤੇ ਹੀ ਨਿਰਭਰ ਹੋਣ ਲੱਗੇ। ਇਨ•ਾਂ ਦੀ ਕਟਾਈ ਕੰਬਾਇਨਾਂ ਕਰਨ ਲੱਗੀਆਂ। ਬਿਹਾਰ ਦੇ ਭਈਏ ਝੋਨਾ ਲਗਾਉਣ ਲੱਗੇ। ਫਸਲਾਂ ਦੇ ਰਹਿੰਦ-ਖੂੰਹਦ ਨੁੰ ਅੱਗ ਲਾਉਣ ਨਾਲ ਰੁੱਖਾਂ ਅਤੇ ਪੰਛੀਆਂ ਦਾ ਸਫਾਇਆ ਹੋਣ ਲੱਗਾ।
ਸਾਰੀਆ ਸਰਕਾਰਾਂ ਨੇ ਵੋਟਾਂ ਕਾਰਨ ਸਿਰਫ ਡੰਗ ਟਪਾਊ ਨੀਤੀ ਹੀ ਅਪਣਾਈ। ਜਲਵਾਯੂ ਅਤੇ ਧਰਤੀ ਦੀ ਰੱਖਿਆ ਲਈ ਕੋਈ ਨੀਤੀ ਨਹੀਂ ਅਪਣਾਈ ਗਈ। ਪੰਜਾਬ ਦੀ ਜਵਾਨੀ ਵਿਦੇਸ਼ਾਂ ਵਿੱਚ ਜਾ ਰਹੀ ਹੈ ਜਾਂ ਨਸ਼ਿਆਂ ਵਿੱਚ ਗੁਲਤਾਨ ਹੋ ਰਹੀ ਹੈ। ਖੇਤੀਬਾੜੀ ਵਿਭਾਗ ਦੇ ਸਾਰੇ ਦੇ ਸਾਰੇ ਖੇਤੀ ਵਿਕਾਸ ਅਫਸਰ ਛੁੱਟਿਆਂ ਲੈ ਕੇ ਕੈਨੇਡਾ ਜਾ ਵਸੇ ਹਨ। ਕੰਮ ਸੱਭਿਆਚਾਰ ਖਤਮ ਹੋ ਕੇ ਰਹਿ ਗਿਆ ਹੈ। ਪੰਜਾਬ ਦੀ ਧਰਤੀ ਦੇਸ਼ ਦਾ ਡੇਢ ਫੀਸਦੀ ਹੈ, ਪਰ ਇੱਥੇ ਦੇਸ਼ ਦਾ ਸਭ ਤੋਂ ਵੱਧ ਭਾਅ 4 ਲੱਖ ਟਰੈਕਟਰ ਹਨ। ਜਦੋਂ ਕਿ ਇੱਥੋਂ ਦੀ 30 ਲੱਖ ਹੈਕਟੇਅਰ ਵਾਹੀ ਯੋਗ ਜ਼ਮੀਨ ਲਈ ਸਿਰਫ 50 ਹਜ਼ਾਰ ਟਰੈਕਟਰਾਂ ਦੀ ਹੀ ਜ਼ਰੂਰਤ ਹੈ। ਖੇਤੀ ਮਾਹਿਰਾਂ ਅਨੁਸਾਰ ਇੱਕ ਟਰੈਕਟਰ ਸਾਲ 'ਚ 1 ਹਜ਼ਾਰ ਘੰਟਾ ਚੱਲਣਾ ਜ਼ਰੂਰੀ ਹੈ ਪਰ ਇੱਥੇ ਤਾਂ ਕੋਈ ਟਰੈਕਟਰ 100 ਘੰਟਾ ਵੀ ਨਹੀਂ ਚੱਲਦਾ। ਇਸ ਲਈ ਇੱਥੇ ਖੜ•ੇ ਟਰੈਕਟਰ ਨੂੰ ਹੀ ਵਿਆਜ ਪਈ ਜਾਂਦਾ ਹੈ। ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ ਕਾਰਨ ਪੰਜਾਬ ਕੈਂਸਰ ਪੱਟੀ ਬਣ ਕੇ ਰਹਿ ਗਿਆ ਹੈ। ਮਾਂ ਦੇ ਦੁੱਧ ਵਿੱਚ ਵੀ ਜ਼ਹਿਰ ਪਹੁੰਚ ਗਿਆ ਹੈ। ਜਿਸ ਕਾਰਨ ਬੰਦ ਬੁੱਧੀ ਬੱਚੇ ਪੈਦਾ ਹੋ ਰਹੇਹਨ। 10-12 ਸਾਲ ਦੇ ਅੱਤਵਾਦ ਕਾਰਨ ਪੰਜਾਬ ਦਾ ਕੋਈ ਵੀ ਆਈ.ਏ.ਐਸ. ਜਾਂ ਪੀ.ਸੀ.ਐਸ. ਅਫਸਰ ਨਹੀਂ ਬਣ ਸਕਿਆ। ਸਾਰੀ ਅਫਰਸ਼ਾਹੀ 'ਤੇ ਯੂ.ਪੀ. ਅਤੇ ਬਿਹਾਰੀਆਂ ਦਾ ਕਬਜਾ ਹੈ ਮਹਾਂਰਾਸ਼ਟਰ 'ਚੋਂ ਪੰਜਾਬ ਵਿੱਚ ਅਕਸਰ ਗੇੜਾ ਲਾਉਂਦੇ ਰਹਿੰਦੇ ਕੁਦਰਤੀ ਖੇਤੀ ਦੇ ਮੋਢੀ ਸੁਭਾਸ ਪਾਲੇਕਰ ਕਹਿੰਦੇ ਹਨ ਕਿ ਪੰਜਾਬ ਦਾ ਕਿਸਾਨ ਆਪਣੇ ਲਈ ਨਹੀਂ ਸਗੋਂ ਬਹੁ-ਕੌਮੀ ਕੰੰਪਨੀਆਂ ਦੇ ਕਰਜੇ ਲਾਹੁਣ ਲਈ ਕੰਮ ਕਰ ਰਿਹਾ ਹੈ।
ਦੁਨੀਆਂ ਦਾ ਛੋਟਾ ਜਿਹਾ ਦੇਸ਼ ਕਿਊਬਾ ਇਸ ਵਕਤ ਕਿਸਾਨੀ ਲਈ ਰਾਹ ਦਸੇਰਾ ਬਣਿਆ ਹੋਇਆ ਹੈ। 1960 ਤੋਂ 1989 ਤੱਕ ਉੱਥੇ ਰਸਾਇਣਕ ਖੇਤੀ ਹੁੰਦੀ ਰਹੀ, ਪਰ ਸੋਵੀਅਤ ਯੂਨੀਅਨ ਦੇ ਟੁੱਟ ਜਾਣ ਕਾਰਨ ਜਦ ਉਸ ਨੂੰ ਤੇਲ ਮਿਲਣਾ ਬੰਦ ਹੋ ਗਿਆ ਤਾਂ ਉੱਥੋਂ ਦੇ ਰਾਸ਼ਟਰਪਤੀ ਫੀਡੇਲ ਕਾਸਟਰੋ ਦੇ ਹੁਕਮ ਅਨੁਸਾਰ ਲੋਕਾਂ ਨੇ ਬਲਦਾਂ ਨਾਲ ਕੁਦਰਤੀ ਖੇਤੀ ਕਰਨੀ ਸ਼ੁਰੂ ਕੀਤੀ। ਰਸਾਇਣਕ ਖਾਦਾਂ ਦੀ ਥਾਂ ਪਸ਼ੂਆਂ ਦਾ ਗੋਹਾ ਅਤੇ ਮਲ ਮੂਤਰ ਵਰਤਿਆ। ਨੁਕਸਾਨਦਾਇਕ ਕੀੜਿਆਂ ਦਾ ਕੁਦਰਤੀ ਢੰਗ ਨਾਲ ਕਾਬੂ ਕੀਤਾ। ਅੱਜ ਇਹ ਦੇਸ਼ ਅਨਾਜ ਪੱਖੋਂ ਸਿਰਫ ਆਤਮਨਿਰਭਰ ਹੀ ਨਹੀਂ ਸਗੋਂ ਅਮਰੀਕਾ ਵਰਗੇ ਦੇਸ਼ ਉਸ ਤੋਂ ਕਈ ਗੁਣਾ ਵੱਧ ਰੇਟ 'ਤੇ ਅਨਾਜ ਖਰੀਦਣ ਲਈ ਤਰਲੇ ਕਰਦੇ ਹਨ। ਕਿਊਬਾ ਵਾਸੀ 90 ਫੀਸਦੀ ਜ਼ਹਿਰ ਮੁਕਤ ਫਲ ਸਬਜ਼ੀਆਂ ਪੈਦਾ ਕਰਦੇ ਹਨ। ਪੰਜਾਬ ਵਿੱਚ ਵੀ ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਹਰਗੋਬਿੰਦਪੁਰਾ, ਪਿੰਗਲਵਾੜਾ ਅੰਮ੍ਰਿਤਸਰ ਦੇ ਫਾਰਮਾਂ ਵਿਖੇ ਕਿਊਬਾ ਦੀ ਤਰਜ 'ਤੇ ਹੀ ਕਾਮਯਾਬ ਖੇਤੀ ਹੋ ਰਹੀ ਹੈ। ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿੱਚ ਕੁਦਰਤੀ ਖੇਤੀ ਹੇਠਲਾ ਰਕਬਾ 30 ਲੱਖ ਏਕੜ 'ਤੇ ਪਹੁੰਚਣ ਵਾਲਾ ਹੈ। ਸ੍ਰੀ ਉਮੇਂਦਰ ਦੱਤ ਦੀ ਅਗਵਾਈ ਹੇਠ ਖੇਤੀ ਵਿਰਾਸਤ ਮਿਸ਼ਨ ਕਈ ਹੋਰ ਸੰਸਥਾਵਾਂ ਨੂੰ ਨਾਲ ਲੇ ਕੇ ਕੁਦਰਤੀ ਖੇਤੀ ਲਈ ਹੰਭਲੇ ਮਾਰ ਰਹੀਆਂ ਹਨ। ਪੰਜਾਬ ਦੇ ਕਿਸਾਨ ਨੂੰ ਕੁਦਰਤੀ ਖੇਤੀ ਅਪਣਾਅ ਕੇ ਹੀ ਖੁਦਕਸ਼ੀਆਂ ਵਰਗੀ ਲਾਹਨਤ ਤੋਂ ਛੁਟਕਾਰਾ ਮਿਲ ਸਕਦਾ ਹੈ।

No comments:

Post a Comment