Wednesday, October 21, 2009

ਗ਼ਜ਼ਲ

ਅਮਰਜੀਤ ਢਿੱਲੋਂ
ਕੁਝ ਚਿਰ ਮਨ ਪਰਚਾ ਕੇ ਆਪਣਾ ਤੇ ਦਿਲਲਗੀਆਂ ਕਰਕੇ।
ਤੂੰ ਵੀ ਤੁਰ ਜਾਏਂਗਾ ਯਾਰਾ ਸਾਡੀ ਤਲੀ 'ਤੇ ਅੱਥਰੂ ਧਰ ਕੇ।

ਅਸੀਂ ਕੁਠਾਲੀ ਬਿਰਹੋਂ ਦੀ ਵਿੱਚ ਤਿਲ-ਤਿਲ ਕਰਕੇ ਮੋਏ
ਫੇਰ ਬਣੇ ਹਾਂ ਯਾਰਾ ਕੁੰਦਨ ਸੇਕ ਗ਼ਮਾਂ ਦਾ ਜ਼ਰਕੇ।

ਸਾਡੀਆਂ ਹੀ ਆਵਾਰਾ ਸੋਚਾਂ ਅਜੇ ਨਾ ਵਾਪਸ ਮੁੜੀਆਂ
ਆਹਲਣਿਆਂ ਵਿੱਚ ਆ ਗਏ ਪੰਛੀ, ਪਸ਼ੂ ਵੀ ਆ ਗਏ ਚਰਕੇ।

ਸਭ ਕੁਝ ਤਾਂ ਹੈ ਫਿਰ ਵੀ ਕਿਉਂ ਇਹ ਭਟਕ ਰਹੀਆਂ ਨੇ ਨਜ਼ਰਾਂ
ਰੋਜ਼ ਘਰਾਂ ਨੂੰ ਜਾਂਦੇ ਹਾਂ ਕਿਉਂ ਅਸੀਂ ਕੁਵੇਲਾ ਕਰਕੇ।

ਕਈ ਬੇੜੀਆਂ ਤਾਈਂ ਵੀ ਨਾ ਮਿਲਦਾ ਕਦੇ ਕਿਨਾਰਾ
ਕੱਚੇ ਘੜੇ ਕਈ ਜਿੱਤ ਜਾਂਦੇ ਨੇ ਪਾਣੀ ਵਿੱਚ ਵੀ ਖਰ ਕੇ।

ਅਸੀਂ ਪਿਘਲ ਕੇ ਦਰਿਆ ਬਨਣੈ, ਇੱਕ ਦਿਨ ਬੇੜੀ ਖਾਤਿਰ
ਕੀ ਹੋਇਆ ਜੇ ਅੱਜ ਗਲੇਸ਼ੀਅਰ ਬਣੇ ਪਏ ਹਾਂ ਠਰ ਕੇ।

ਢਿੱਲੋਂ ਤੂੰ ਨਹੀਂ ਆਉਣਾ ਫਿਰ ਵੀ ਇੱਕ ਉਡੀਕ ਜਿਹੀ ਹੈ
ਬੈਠੇ ਹੋਏ ਹਾਂ ਰਾਹ ਤੇਰੇ ਵਿੱਚ ਅੱਖਾਂ ਵਿੱਚ ਹੰਝੂ ਭਰਕੇ।

No comments:

Post a Comment