Sunday, October 18, 2009

ਗ਼ਜ਼ਲ

ਗ਼ਜ਼ਲ/ਅਮਰਜੀਤ ਢਿੱਲੋਂ

ਟਾਹਣੀ ਨਾਲੋਂ ਟੁੱਟਿਆ ਪੱਤਾ ਸੀ ਇਸ਼ਾਰਾ ਕਰ ਗਿਆ

ਬਹੁਤ ਭਟਕੇਗਾ ਉਹ ਜਿਹੜਾ ਛੱਡ ਆਪਣਾ ਘਰ ਗਿਆ।

ਫੇਰ ਹਲਚਲ ਹੋਈ ਮਨ ਦੇ ਪਾਣੀਆਂ ਵਿੱਚ ਚਾਣਚੱਕ

ਮੋਹ ਦਾ ਦੀਵਾ ਬਾਲ ਕੇ ਕੋਈ ਵਿਹੜੇ ਦੇ ਵਿੱਚ ਧਰ ਗਿਆ।

ਜ਼ਿੰਦਗੀ ਦੀ ਕਿਸ਼ਤੀ ਠਿਲਦੀ ਹੈ ਤੂਫਾਨਾਂ ਵਿੱਚ ਹੀ

ਉਹ ਨਾ ਪਹੁੰਚੇ ਪਾਰ ਜੋ ਉਲਟੀ ਹਵਾ ਤੋਂ ਡਰ ਗਿਆ।

ਰੀਝ ਮਨ ਦੀ ਓਦਰੀ ਨੇ ਕੀਤਾ ਸਿਮਰਨ ਓਸ ਦਾ

ਫਿਰ ਮੁਹੱਬਤ ਦਾ ਜਿਹਲਮ ਹੈ ਕੰਢਿਆਂ ਤੱਕ ਭਰ ਗਿਆ।

ਸਾਗਰਾਂ 'ਚੋਂ ਉੱਡ ਜੰਮਿਆਂ ਪਿਘਲਿਆ ਪੱਥਰਾਂ ਦੇ ਰਾਹ

ਤਾਂ ਕਿਤੇ ਪਾਣੀ ਦਰਿਆ ਦਾ ਦਰਜਾ ਹਾਸਲ ਕਰ ਗਿਆ।

ਗੁੰਮ ਗਏ ਸਿਰਨਾਵਿਆਂ ਦੀ ਜਦ ਕਦੇ ਵੀ ਆਈ ਯਾਦ

ਬਹਾਰ ਦੇ ਮੌਸਮ 'ਚ ਵੀ ਇਹ ਮਨ ਓਦਰ ਓਦਰ ਗਿਆ।

ਮਰਤਬਾ ਮਿਲਦਾ ਹਮੇਸ਼ ਆਪਣੀ ਹਸਤੀ ਮਿਟਾ ਕੇ ਹੀ

ਰੁੱਖ ਬਣਦਾ ਬੀਜ ਉਹ ਜੋ ਗਲ ਮਿੱਟੀ ਦੇ ਅੰਦਰ ਗਿਆ।

ਜ਼ਿੰਦਗੀ ਤੇ ਮੌਤ ਦਾ ਬੱਸ ਢਿੱਲੋਂ ਹੈ ਐਨਾ ਫਾਸਲਾ

ਹੱਸ ਰਿਹਾ ਸੀ ਹੁਣੇ ਕੋਈ ਤੇ ਹੁਣੇ ਹੀ ਮਰ ਗਿਆ।

No comments:

Post a Comment