Friday, October 23, 2009

ਰਿਸ਼ਵਤਖੋਰ

ਰਿਸ਼ਵਤਖੋਰ/ਅਮਰਜੀਤ ਢਿੱਲੋਂ
ਰਿਸ਼ਵਤ ਦੇ ਕੇ ਫੇਰ ਬਹਾਲ ਹੁੰਦੇ,
ਰਿਸ਼ਵਤਖੋਰ ਜੇਕਰ ਸਸਪੈਂਡ ਹੁੰਦੇ।
ਯਾਰ ਮਾਰ ਹੀ ਕਰਨ ਦੀ ਸੋਚਦੇ ਜੋ,
ਦੁਸ਼ਮਣ ਹੁੰਦੇ, ਉਹ ਕਾਹਦੇ ਫਰੈਂਡ ਹੁੰਦੇ।
ਵਿਆਹ ਤੋਂ ਬਾਅਦ ਵੀ ਤਿਤਲੀਆਂ ਰਹਿਣ ਫੜ•ਦੇ,
ਵੱਢਣ ਜੋਗੇ ਨੇ ਉਹ ਹਸਬੈਂਡ ਹੁੰਦੇ।
ਨੋਟ ਸੌ ਦੇ ਦੋ ਸ਼ਹੀਦ ਹੁੰਦੇ,
ਨਿੱਤ ਨਿੱਤ ਨਹੀਂ ਵਿਆਹ ਅਟੈਂਡ ਹੁੰਦੇ।

ਉਲੱਦ ਪੁਲੱਦ

ਨਵਾਂ ਜ਼ਿੰਦਗੀ ਵਿੱਚ ਕੁਝ ਵਾਪਰੇ ਨਾ,
ਸਭ ਉਲੱਦ ਪੁਲੱਦ ਨੇ ਕਰੀ ਜਾਂਦੇ।
ਇਸ ਦੌਰ ਦੇ ਅਜਬ ਇਨਸਾਨ ਦੇਖੇ,
ਬੜ•ਕਾਂ ਮਾਰਦੇ ਤੇ ਨਾਲੇ ਡਰੀ ਜਾਂਦੇ।
ਤਨ ਕਿਤੇ ਤੇ ਮਨ ਹੈ ਕਿਤੇ ਫਿਰਦਾ,
ਖਿੱਚੀ ਖੇਸ ਜਾਂਦੇ ਲਈ ਦਰੀ ਜਾਂਦੇ।
ਝੁਲਸ ਰਹੇ ਸ਼ਗੂਫੇ ਨੇ ਚਮਨ ਦੇ ਵਿੱਚ,
ਮੀਂਹ ਕੱਲਰਾਂ ਵਿੱਚ ਨੇ ਵਰ•ੀ ਜਾਂਦੇ।

ਦੋ ਜਾੜ•ਾਂ ਸੋਲਾਂ ਹੱਥ

ਅਮਰਜੀਤ ਢਿੱਲੋਂ
'ਇਸ਼ਕ ਨੇ ਗਾਲਿਬ ਸਭ ਵਲ ਦੀਏ ਨਿਕਾਲ ਮੁੱਦਤ ਸੇ ਆਰਜ਼ੂ ਥੀ ਕਿ ਸੀਧਾ ਕਰੇ ਕੋਈ।' ਚਾਚਾ ਗਾਲਿਬ ਦਾ ਇਹ ਸ਼ੇਅਰ ਉਸ ਵੇਲੇ ਯਾਦ ਆਇਆ ਜਦ ਮੈਂ ਦੰਦਾਂ ਦੇ ਹਸਪਤਾਲ 'ਚ ਲੰਬੀ ਕੁਰਸੀ 'ਤੇ ਪਿਆ ਜਾੜ• ਪੀੜ ਨਾਲ ਕਰਾਹ ਰਿਹਾ ਸਾਂ। ਮੇਰੀਆਂ ਦੋ ਜਾੜ•ਾਂ ਤੇ 8 ਡਾਕਟਰਾਂ (16 ਹੱਥਾਂ) ਨੇ 16 ਦਿਨ 16 ਘੰਟੇ ਕੰਮ ਕੀਤਾ। 16 ਸੌ ਰੁਪਏ ਖਰਚ ਕੇ ਮੈਂ ਸੋਚ ਰਿਹਾ ਹਾਂ ਕਿ ਜ਼ਿੰਦਗੀ 'ਚ ਮੈਂ ਆਪਣੇ ਦੰਦਾਂ ਜਾੜ•ਾਂ ਲਈ ਰੋਜ਼ਾਨਾਂ ਸਿਰਫ 16 ਮਿੰਟ ਹੀ ਦਿੱਤੇ ਹੁੰਦੇ ਤਾਂ ਅੱਜ ਇਹ ਸਮਾਂ ਨਾ ਦੇਖਣਾ ਪੈਂਦਾ। ਜ਼ਿਲ•ਾ ਫਰੀਦਕੋਟ ਦੇ ਆਖਰੀ ਪਿੰਡ (ਦਬੜ•ੀਖਾਨਾ) ਤੋਂ ਮੈਂ ਦਿੱਤੇ ਸਮੇਂ ਅਨੁਸਾਰ ਪੌਣੇ ਅੱਠ ਵਜੇ ਤੁਰ ਪੈਂਦਾ ਅਤੇ ਸਾਢੇ ਨੌ ਵਜੇ ਫਰੀਦਕੋਟ ਦੇ ਦੰਦਾਂ ਦੇ ਹਸਪਤਾਲ ਪਹੁੰਚ ਜਾਂਦਾ। ਪਹਿਲੇ ਦਿਨ ਇੱਕ ਲੜਕੀ ਗਗਨ ਸਰਾਂ ਨੇ ਜਾੜ• ਖੁਰਚਨੀ ਸ਼ੁਰੂ ਕੀਤੀ। ਚੌਥੇ ਦਿਨ ਯਸ਼ਪਾਲ, ਸਤਵੇਂ ਦਿਨ ਡਾ. ਇੰਦਰਪ੍ਰੀਤ ਸਿੰਘ, 10 ਵੇਂ ਦਿਨ ਮੈਡਮ ਪਾਇਲ, 11ਵੇਂ ਦਿਨ ਪੁਨੀਤ 13ਵੇਂ ਦਿਨ ਫਿਰ ਇੱਕ ਮੈਡਮ ਅਤੇ ਅੰਤ 15,16ਵੇਂ ਦਿਨ ਡਾ. ਹਰਪ੍ਰੀਤ ਨੇ ਪੂਰੀ ਲਗਨ ਨਾਲ 4-4 ਘੰਟੇ ਲਾ ਕੇ ਇਸ ਜਾਨਲੇਵਾ ਪੀੜ• ਤੋਂ ਛੁਟਕਾਰਾ ਦਿਵਾਇਆ। ਇਸ ਦੌਰਾਨ ਜਾੜ• ਦੇ 10 ਐਕਸਰੇ ਕੀਤੇ ਗਏ। ਡਾਕਟਰ ਕਹਿੰਦੇ ਵੱਡਾ ਮੂੰਹ ਖੋਲ•ੋ, ਹੋਰ ਵੱਡਾ ਮੂੰਹ ਖੋਲ•ੋ ਤਾਂ ਮੇਰੇ ਇੱਕ ਚੁੱਟਕਲਾ ਯਾਦ ਆ ਜਾਂਦਾ “ਕਿ ਡਾਕਟਰ ਸਾਹਿਬ ਜਾੜ•ਾਂ ਬਾਹਰ ਬੈਠ ਕਿ ਭਰੋਗੇ, ਕਿ ਮੂੰਹ ਦੇ ਅੰਦਰ ਬੈਠ ਕੇ”। 14ਵੇਂ ਦਿਨ ਦੀ ਜ਼ਬਰਦਸਤ ਪੀੜ ਤੋਂ ਬਾਅਦ ਤਾਂ ਡਾ. ਪੁਨੀਤ ਨੂੰ ਕਹਿ ਦਿੱਤਾ ਸੀ ਕਿ ਬੱਸ ਮੈਂ ਹੁਣ ਇਸ ਹਸਪਤਾਲ ਨਹੀਂ ਆਵਾਂਗਾ ਅਤੇ ਆਪ ਮੁਹਾਰੇ ਹੰਝੂ ਮੇਰੀਆਂ ਅੱਖਾਂ 'ਚੋਂ ਵਹਿ ਤੁਰੇ। ਪਰ ਉਨ•ਾਂ ਬਹੁਤ ਹਮਦਰਦੀ ਜਤਾਉਂਦਿਆਂ ਕਿਹਾ ਕਿ ਤੁਹਾਡੀ ਜਾੜ• ਦੀ ਹਾਲਤ ਕਾਫੀ ਗੁੰਝਲਦਾਰ ਹੈ। ਆਮ ਤੌਰ 'ਤੇ ਜਾੜ• ਨੂੰ ਲਹੂ ਸਪਲਾਈ ਕਰਨ ਵਾਲੀਆਂ ਤਿੰਨ ਨਸਾਂ ਹੁੰਦੀਆਂ ਹਨ ਪਰ ਤੁਹਾਡੇ ਚਾਰ ਹੈ। ਇਨ•ਾਂ 'ਚੋਂ ਦੋ ਬੰਦ ਹਨ। ਤੁਹਾਡੀ ਹੱਡੀ ਟੇਢੀ ਹੋਣ ਕਾਰਨ ਸੁੰਨ ਕਰਨ ਵਾਲਾ ਟੀਕਾ ਅਸਰ ਨਹੀਂ ਕਰ ਰਿਹਾ। ਮੈਂ ਡਾਕਟਰ ਇੰਦਰਪ੍ਰੀਤ ਨੂੰ ਫੋਨ ਕਰਦਾ ਕਿ ਮੈਨੂੰ ਮੁਕਤੀ ਦਿਵਾਓ। ਉਹ ਮੈਨੂੰ ਬਹੁਤ ਸਹਿਜ ਭਾਵ ਨਾਲ ਕਹਿੰਦਾ ਕਿ ਤੁਸੀਂ ਸਾਡੇ ਬਜ਼ੁਰਗਾਂ ਵਰਗੇ ਹੋ। ਸੰਜ਼ਮ ਕਰੋ, ਜਾੜ• ਦਾ ਕੰਮ ਬਹੁਤ ਧੀਰਜ ਨਾਲ ਹੁੰਦਾ ਹੈ। ਭਾਵੇਂ ਉਹ ਸਾਰੇ ਸਿਖਿਆਰਥੀ ਸਨ ਪਰ ਮੈਂ ਉਨ•ਾਂ ਦੇ ਧੀਰਜ ਤੇ ਹੈਰਾਨ ਹੁੰਦਾ। ਕੁੜੀਆਂ ਮੁੰਡੇ ਬਿਨਾ ਕਿਸੇ ਵਿਤਕਰੇ ਦੇ ਦੋਸਤਾਂ ਵਾਂਗ ਚਿੱਟੇ ਕੋਟ ਪਾ ਕੇ ਵਿਚਰਦੇ ਸੋਹਣੇ ਲੱਗਦੇ। 'ਉਹ ਯਾਰ ਆਹ ਕੰਮ ਕਰੀਂ' ਕੁੜੀਆਂ ਮੁੰਡੇ ਇੱਕ ਦੂਜੇ ਨੂੰ ਬਹੁਤ ਹੀ ਸਹਿਜਭਾਵ ਨਾਲ ਕਹਿੰਦੇ। ਕਮਾਲ ਦਾ ਅਨੁਸ਼ਾਸ਼ਨ! ਮੈਂ ਕੰਧਾਂ 'ਤੇ ਲਿਖੇ ਮਾਟੋ ਪੜ•ਨ ਲੱਗਦਾ। ਦੰਦਾਂ ਨੂੰ ਹਮੇਸ਼ਾ ਸਾਫ ਰੱਖੋ। ਸਵੇਰੇ ਸ਼ਾਮ ਬੁਰਛ ਕਰੋ। ਹਮੇਸ਼ਾ ਨਰਮ ਬੁਰਸ਼ ਵਰਤੋ, ਸਖਤ ਬੁਰਸ਼ ਦੀ ਵਰਤੋਂ ਨਾ ਕਰੋ। ਖਾਣਾਂ ਖਾਣ ਤੋਂ ਬਾਅਦ ਬੁਰਸ਼ ਜ਼ਰੂਰ ਕਰੋ। ਖੱਟੀਆਂ, ਮਿੱਠੀਆਂ, ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਸਖਤ ਚੀਜ਼ਾਂ ਨਾ ਖਾਓ। ਕੋਲਿਡ ਡਰਿੰਕ ਦੀ ਵਰਤੋਂ ਨਾ ਕਰੋ। ਪਰ ਮੈਂ ਤਾਂ ਕਦੇ ਇਨ•ਾਂ ਗੱਲਾਂ 'ਤੇ ਅਮਲ ਹੀ ਨਹੀਂ ਕੀਤਾ ਸੀ। ਹਮੇਸ਼ਾ ਗਚਕ, ਰਿਉੜੀਆਂ, ਗੁੜ ਆਦਿ ਖਾਂਦਾ ਰਿਹਾ ਸਾਂ। ਹੁਣ ਪਛਤਾਅ ਰਿਹਾ ਸਾਂ ਕਿ ਕਾਸ਼! ਮੈਂ ਦੰਦਾਂ ਨੂੰ ਆਪਣਾ ਮਿੱਤਰ ਸਮਝਿਆ ਹੁੰਦਾ। ਹੁਣ ਜਦ ਮੈਂ ਅੱਧੀ ਸਦੀ ਤੋਂ 4 ਵਰ•ੇ ਟੱਪ ਚੁੱਕਿਆ ਹਾਂ ਅਤੇ ਦੰਦ 32 'ਚੋਂ 24 ਰਹਿ ਗਏ ਹਨ। ਸੋਚਦਾਂ ਹਾਂ ਕਿ ਰਹਿੰਦੇ ਸਮੇਂ ਲਈ ਇਨ•ਾਂ ਦੀ ਰੱਖਿਆ ਕਰ ਸਕਾਂ ਤਾਂ ਵੀ ਠੀਕ ਹੈ। ਬਚਪਨ 'ਚ ਗੁਰੂਦੱਤ ਦੀ ਇੱਕ ਫਿਲਮ ਦੇਖੀ ਸੀ 'ਦੋ ਆਖੇਂ ਬਾਰਹ ਹਾਥ' ਹੁਣ ਆਪ ਬੀਤੀ ਦੀ ਇਹ ਫਿਲਮ ਖੁਦ 'ਤੇ ਹੰਢਾਈ ਹੈ (ਦੋ ਜਾੜ•ਾਂ ਸੋਲਾਂ ਹੱਥ) ਸਾਰਿਆਂ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਅੱਜ ਤੋਂ ਹੀ ਆਪਣੇ ਦੰਦਾਂ ਲਈ ਸਿਰਫ 16 ਮਿੰਟ ਜ਼ਰੂਰ ਰਾਖਵੇਂ ਕਰ ਦੇਣ। ਸਵੇਰੇ ਉੱਠਣ ਸਾਰ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਬੁਰਸ਼ ਜ਼ਰੂਰ ਕਰਨ।

Wednesday, October 21, 2009

ਗ਼ਜ਼ਲ

ਜਦ ਵੀ ਇਸ਼ਕ ਝਨਾਂ ਦਾ ਪੱਤਨ ਲੰਘਦੇ ਹਾਂ
ਹੁਸਨ ਦੀਆਂ ਸੱਤੇ ਹੀ ਖੈਰਾਂ ਮੰਗਦੇ ਹਾਂ
ਰੰਗ ਜਦੋਂ ਦੇ ਲੋਕਾਂ ਨੇ ਕੀਤੇ ਬਦਨਾਮ
ਤੇਰੇ ਤਨ ਵਰਗੀ ਆਪਣੀ ਪੱਗ ਰੰਗਦੇ ਹਾਂ।
ਘਰ ਤੋਂ ਬਾਹਰ ਘਰ ਦੀ ਯਾਦ ਸਤਾਉਂਦੀ ਹੈ,
ਘਰ ਪਰਤਣ 'ਤੇ ਅੰਦਰ ਜਾਣੋਂ ਸੰਗਦੇ ਹਾਂ।
ਸਾਨੂੰ ਪਤਾ ਨਹੀਂ ਕਿਹੜੀ ਕੌਮ ਅਸਾਡੀ ਹੈ,
ਅਸੀਂ ਤਾਂ ਬੰਦਿਆਂ ਵਾਂਗੂ ਜੀਣਾ ਮੰਗਦੇ ਹਾਂ।
ਜ਼ਹਿਰ ਖੋਰ ਜ਼ਜ਼ਬਾਤ ਨੇ ਦਿਲ ਵਿੱਚ ਪਾਲ ਲਏ
ਖੁਦ ਸੱਪ ਬਣਕੇ ਆਪਣੀ ਹਸਤੀ ਡੰਗਦੇ ਹਾਂ।
ਸਰਫੇ-ਖੋਰੀ ਇੱਕ ਮਜ਼ਾਜਣ ਜਿੰਦ ਕੋਲੋਂ
ਲੱਪ ਕੁ ਹਾਸੇ ਜੀਣ ਲਈ ਬੱਸ ਮੰਗਦੇ ਹਾਂ।
ਬੇਹੀ ਸਬਜ਼ੀ ਵਰਗੇ ਰਿਸ਼ਤੇ ਹੋ ਚੱਲੇ,
ਟੁੱਟੇ ਟੁਕੜੇ ਜਿਉਂ ਵਿਧਵਾ ਦੀ ਵੰਗ ਦੇ ਹਾਂ।
ਮੁੱਢ ਤੋਂ ਹੁਸਨਾਂ ਨਾਲ ਹੈ ਰਿਹਾ ਸਹੇਲਪੁਣਾ
ਦੋਸਤ ਭਾਵੇਂ ਢਿੱਲੋਂ ਵਰਗੇ ਨੰਗ ਦੇ ਹਾਂ।
2
ਕਿੰਨੀ ਉਦਾਸ ਹੋ ਗਈ ਆਪਣੀ ਸੁਰਮਈ ਸ਼ਾਮ ਲਿਖ
ਤਨਹਾਈ ਵਿੱਚ ਗ਼ਮਾਂ ਦਾ ਕਿੰਨਾਂ ਹੈ ਲਸ਼ਕਰ ਲਾਮ ਲਿਖ।
ਕੇਹੀ ਚੰਦਰੀ 'ਵਾ ਹੈ ਸਾਰੇ ਚਮਨ ਵਿੱਚ ਵਗ ਗਈ,
ਕਿੰਜ ਮਸੀਤਾਂ ਉਜੜੀਆਂ ਦੇ ਗਾਲ•ੜ ਬਣੇ ਅਮਾਮ ਲਿਖ।
ਕੀ ਅਜੇ ਵੀ ਉਸ ਦੇ ਲਬਾ 'ਤੇ ਹੈ ਆਉਂਦਾ ਮੇਰਾ ਨਾਮ,
ਕੀ ਜ਼ਿਕਰ ਮੇਰਾ ਉਹਨੂੰ ਕਰਦਾ ਹੈ ਬੇ-ਅਰਾਮ ਲਿਖ।
ਪਹਿਲਾਂ ਜਿਹੀ ਰੌਣਕ ਨਹੀਂ ਹੁਣ ਮੈਅਕਦੇ ਦੇ ਦੁਆਰ 'ਤੇ
ਮੈਅਕਸ਼ਾਂ ਦੇ ਕੋਲ ਨੇ ਤਿੜਕੇ, ਉਦਾਸ ਜਾਮ ਲਿਖ।
ਸੁਣਿਐਂ ਕਿ ਹੁਣ ਤਾਂ ਹਰ ਘਰੇ ਹਰ ਜੀਅ ਸਿਆਸਤ ਖੇਡਦੈ,
ਕਿੰਨੇ ਕੁ ਚੁਸਤ ਹੋ ਗਏ ਪਿੰਡਾਂ ਦੇ ਹੁਣ ਅਵਾਮ ਲਿਖ।
ਬਣ ਗਏ ਨੇ ਸੁਰਖੀਆਂ ਸਭ ਧੜਕਦੇ ਦਿਲਾਂ ਦੀਆਂ
ਜਿੰਨੇ ਵੀ ਭੇਜੇ ਗੀਤ ਸਨ ਯਾਰਾ ਮੈਂ ਤੇਰੇ ਨਾਮ ਲਿਖ।
ਜਿਸਦੀ ਛਾਵੇਂ ਬੈਠ ਕੇ ਪਾਈ ਸੀ ਬਾਤ ਪਿਆਰ ਦੀ,
ਢਿੱਲੋਂ ਉਸ ਗੁਲਮੋਹਰ ਨੂੰ ਅੱਜ ਫਿਰ ਤੋਂ ਮੇਰਾ ਸਲਾਮ ਲਿਖ।
3
ਗੁੰਡਿਆਂ ਦੀ ਸਲਤਨ ਵਿੱਚੋਂ ਨਿਆਂ ਲੱਭਦਾ ਰਿਹਾ,
ਕਿੰਨਾ ਭੋਲਾ ਆਦਮੀ ਸੂਲਾਂ ਦੀ ਛਾਂ ਲੱਭਦਾ ਰਿਹਾ।
ਵਰਗਲਾਈ ਆਪਣੇ ਅਹਿਸਾਸ ਹੀ ਫਿਰਦੇ ਰਹੇ,
ਮੂਰਿਆਂ ਦੀ ਪਰੇ• ਵਿੱਚ ਮੈਂ ਮਹਿਫਲਾਂ ਲੱਭਦਾ ਰਿਹਾ।
ਜ਼ਿੰਦਗੀ ਵਿੱਚ ਜਿੰਨੇ ਵੀ ਹਿੰਦਸੇ ਮਿਲੇ ਮਨਫੀ ਮਿਲੇ,
ਉਮਰ ਭਰ ਪਰ ਮੈਂ ਕੋਈ ਹਿੰਦਸਾ ਜਮ•ਾਂ ਲੱਭਦਾ ਰਿਹਾ।
ਕਿਸ ਤਰ•ਾਂ ਦੇ ਤੌਰ ਬਦਲੇ ਨੇ ਅਚਾਨਕ ਵਕਤ ਨੇ,
ਡੌਰ ਭੌਰਾ ਹੋਇਆ ਮੈਂ ਆਪਣਾ ਗਿਰਾਂ ਲੱਭਦਾ ਰਿਹਾ।
ਰੱਬ ਮੇਰੇ ਕੋਲੋ ਆ ਕੇ ਹੌਲੇ ਦੇਣੇ ਬੋਲਿਆ,
“ਕਿੱਥੇ ਸੈਂ ਤੂੰ ਬੰਦਿਆ? ਮੈਂ ਥਾਂ ਕੁ ਥਾਂ ਲੱਭਦਾ ਰਿਹਾ।
ਜੋ ਮਿਲੇ ਡਾਕੂ ਮਿਲੇ ਸਭ ਰਹਿਬਰਾਂ ਦੇ ਭੇਸ ਵਿੱਚ,
ਆਸ ਨਾ ਛੱਡੀ ਮੈਂ ਫਿਰ ਵੀ ਰਹਿਨੁਮਾ ਲੱਭਦਾ ਰਿਹਾ।
ਚਿਹਰਿਆਂ ਦੀ ਭੀੜ ਵਿੱਚ ਲੱਭਦਾ ਰਿਹਾ ਚਿਹਰਾ ਤੇਰਾ,
ਢਿੱਲੋਂ ਵਰਤਮਾਨ 'ਚੋਂ ਲੰਘਿਆ ਸਮਾਂ ਲੱਭਦਾ ਰਿਹਾ।

ਕਾਸ਼! ਰੱਬ ਹੁੰਦਾ . . .

ਅਮਰਜੀਤ ਢਿੱਲੋਂ
ਕਾਸ਼ ਹੁੰਦਾ ਕੋਈ ਰੱਬ ਅਸਮਾਨ 'ਤੇ ਸਾਰੀ ਦੁਨੀਆਂ ਨੂੰ ਜੋ ਕੰਟਰੋਲ ਕਰਦਾ। ਹੱਕ ਦਿੰਦਾ ਉਹ ਸਾਰਿਆਂ ਕਿਰਤੀਆਂ ਨੂੰ ਇੱਥੇ ਵਿਹਲੜ ਨਾ ਕੋਈ ਕਲੋਲ ਕਰਦਾ। ਰੱਬ ਦੀ ਉਮਰ ਤਿੰਨ ਕੁ ਹਜ਼ਾਰ ਸਾਲ ਮਸਾਂ ਹੀ ਹੈ। ਸਭ ਤੋਂ ਪੁਰਾਣੇ ਗ੍ਰੰਥ ਰਿਗਵੇਦ ਵਿੱਚ ਰੱਬ ਦਾ ਕਿਤੇ ਕੋਈ ਜ਼ਿਕਰ ਨਹੀਂ। ਸਿਰਫ ਸੁਰ (ਸ਼ਰਾਬ ਪੀਣ ਵਾਲੇ ਅਤੇ ਅਸੁਰ (ਸ਼ਰਾਬ ਨਾ ਪੀਣ ਵਾਲਿਆਂ ਦਾ ਹੀ ਜਿਕਰ ਹੈ)। ਬਾਅਦ 'ਚ ਸੁਰਾਂ ਨੂੰ ਦੇਵਤੇ ਅਤੇ ਅਸੁਰਾਂ ਨੂੰ ਰਾਖਸ਼ਸ਼ ਕਿਹਾ ਜਾਣ ਲੱਗਾ। ਅਸਲ 'ਚ ਇਹ ਅਸੁਰ (ਦਰਾਵੜ) ਹੀ ਭਾਰਤ ਦੇ ਮੂਲ ਵਾਸੀ ਸਨ ਅਤੇ ਕਿਸੇ ਕਿਸਮ ਦੀ ਪੂਜਾ ਨਹੀਂ ਕਰਦੇ ਸਨ। ਬਹੁਤ ਮਿਹਨਤਕਸ਼ ਸ਼ਿਲਪੀ ਕਲਾਕਾਰ ਸਨ। ਮੋਹਿੰਜੋਦੋੜੋ ਹੜੱਪਾ ਸਭਿਅਤਾ ਇਸ ਦੀ ਮੂੰਹ ਬੋਲਦੀ ਮਿਸਾਲ ਸਨ। ਸੁਰ ਬਾਹਰੋਂ ਆਏ ਆਰੀਅਨ ਧਾੜਵੀ ਸਨ। ਜੋ ਸ਼ਰਾਬ ਪੀਂਦੇ ਅਤੇ ਬਹੁਤ ਲੜਾਕੂ ਸਨ। ਇਨ•ਾਂ ਨੇ ਵੱਸਦੇ ਦਰਾਵੜਾਂ ਨੂੰ ਭਜਾ ਦਿੱਤਾ, ਮਾਰ ਦਿੱਤਾ ਜਾਂ ਕੈਦ ਕਰ ਲਿਆ। ਕੈਦ ਕੀਤੇ ਗਿਆਂ ਨੂੰ ਸ਼ੂਦਰ ਦਾ ਦਰਜਾ ਦਿੱਤਾ। ਉਨ•ਾਂ ਦੇ ਸਾਰੇ ਹੱਕ ਖੋਹ ਲਏ ਗਏ। ਆਰੀਅਨਾਂ 'ਚ ਬ੍ਰਹਮਣ ਜਮਾਤ ਦੀ ਪ੍ਰਧਾਨਗੀ ਸੀ। ਇਹ ਆਰੀਅਨ ਸ਼ਰਮੇ, ਵਰਮੇ ਤੇ ਅਗਰਵਾਲ ਸਨ। ਇਹ ਮੱਧ ਏਸ਼ੀਆ 'ਚੋਂ ਭਾਰਤ ਵਿੱਚ ਆਏ। ਜੱਟ ਅਤੇ ਹੋਰ ਕੌਮਾਂ ਕਬੀਲਿਆਂ ਦੇ ਰੂਪ ਵੱਚ ਅਫਗਾਨਿਸਥਾਨ ਵਾਲੇ ਪਾਸਿਓਂ ਭਾਰਤ ਵਿੱਚ ਆਈਆਂ। ਬ੍ਰਹਿਮਣ ਨੇ ਚਾਰ ਵਰਨ ਬਣਾ ਕੇ ਸਾਰੇ ਸਮਾਜ ਨੂੰ ਜਾਤਾਂ ਪਾਤਾਂ ਵਿੱਚ ਵੰਡ ਦਿੱਤਾ ਅਤੇ ਖੁਦ ਨੂੰ ਸਰਵ ਉੱਚ ਸਥਾਨ 'ਤੇ ਰੱਖਿਆ। ਰਿਗਵੇਦ 'ਚ ਦਰਾਵੜਾਂ ਨੂੰ ਮਾਰਨ ਵਾਲੇ ਇੰਦਰ ਵਗੈਰਾ ਦੀ ਉਸਤਤ ਹੀ ਕੀਤੀ ਹੋਈ ਹੈ ਅਤੇ ਹੋਰ ਕੁਝ ਨਹੀਂ। ਹਵਨ, ਯੱਗ ਅਤੇ ਪੂਜਾ ਵਗੈਰਾ ਦਾ ਵਰਣਨ ਹੈ। ਸੂਰਜ, ਚੰਨ, ਅਗਨ ਵਗੈਰਾ ਨੂੰ ਦੇਵਤੇ ਮੰਨ ਕੇ ਪੂਜਾ ਕੀਤੀ ਜਾਂਦੀ ਸੀ। ਪਰ ਰੱਬ ਦਾ ਕਿਤੇ ਕੋਈ ਜ਼ਿਕਰ ਨਹੀਂ। ਰੱਬ ਦੀ ਕਲਪਨਾ 3 ਹਜ਼ਾਰ ਸਾਲ ਪਹਿਲਾਂ ਯਹੂਦੀਆਂ ਨੇ ਕੀਤੀ। ਹਜ਼ਰਤ ਮੂਸਾ ਨੇ ਕਿਹਾ ਕਿ ਮੈਨੂੰ ਕੋਹਿਤੂਰ ਪਰਬਤ 'ਤੇ ਰੱਬ ਦੇ ਦਰਸ਼ਨ ਹੋਏ ਅਤੇ ਮੈਂ ਰੱਬ ਦਾ ਪੈਗੰਬਰ ਦੂਤ ਹਾਂ। ਫਿਰ ਯਸੂਹ ਮਸੀਹ ਅਤੇ ਹਜ਼ਰਤ ਮੁਹੰਮਦ ਨੇ ਖੁਦ ਨੂੰ ਰੱਬ ਦਾ ਪੈਗੰਬਰ ਘੋਸ਼ਿਤ ਕੀਤਾ। ਹਿੰਦੂਆਂ ਨੇ ਬ੍ਰਹਮਾ, ਵਿਸ਼ਣੂ, ਮਹੇਸ਼ ਤਿੰਨ ਰੱਬਾਂ ਦੀ ਕਲਪਨਾ ਕੀਤੀ। ਤਿੰਨਾਂ ਨੂੰ ਪੈਦਾ ਕਰਨ, ਪਾਲਣ ਅਤੇ ਮਾਰਨ ਦੇ ਅੱਡ-ਅੱਡ ਮਹਿਕਮੇ ਅਲਾਟ ਕਰ ਦਿੱਤੇ। ਧਰਤੀ ਨੂੰ ਬਲਦ ਦੇ ਸਿੰਗਾਂ 'ਤੇ ਖੜ•ੀ ਦੱਸਿਆ ਅਤੇ ਬਲਦ ਨੂੰ ਵੱਡੇ ਕੱਛੂਕੁਮੇ 'ਤੇ ਖੜ•ੇ ਅਤੇ ਸ਼ੇਸ਼ਨਾਗ ਦੁਆਰਾ ਸਾਰੀ ਧਰਤੀ ਨੂੰ ਵਲਣ ਦੀ ਕਲਪਨਾ ਕੀਤੀ। ਚੰਨ, ਤਾਰੇ ਸ਼ੇਸ਼ਨਾਗ ਦੀ ਸਿਰੀ ਵਿੱਚ ਚਮਕਦੇ ਕਲਪਿਤ ਕੀਤੇ ਗਏ। ਬੇਸ਼ੱਕ ਵਿਗਿਆਨਿਕ ਯੁੱਗ ਵਿੱਚ ਅੱਜ ਇਹ ਹਾਸੋਹੀਣੀਆਂ ਗੱਲਾਂ ਹਨ, ਪਰ ਅੰਧ-ਵਿਸ਼ਵਾਸ਼ੀ ਲੋਕ ਹਾਲੇ ਵੀ ਅੱਖਾਂ ਮੀਟ ਕੇ ਇਸ ਸਭ ਕੁਝ ਨੂੰ ਸੱਚ ਮੰਨੀ ਜਾ ਰਹੇ ਹਨ। ਜਦ ਉਹ ਤਰਕਸ਼ੀਲਾਂ ਨੂੰ ਕਹਿੰਦੇ ਹਨ ਕਿ ਤੁਸੀਂ ਰੱਬ ਨੂੰ ਕਿਉਂ ਨਹੀਂ ਮੰਨਦੇ ਤਾਂ ਤਰਕਸ਼ੀਲ ਅੱਗੇ ਜਵਾਬ ਦਿੰਦੇ ਹਨ “ਸਾਡਾ ਕਿਹੜਾ ਰੱਬ ਨਾਲ ਪਾਣੀ ਦੀ ਵਾਰੀ ਦਾ ਰੌਲਾ”। ਸਗੋਂ ਅਸੀਂ ਤਾਂ ਕਹਿੰਦੇ ਹਾਂ ਕਾਸ਼ ! ਰੱਬ ਹੁੰਦਾ ਤਾਂ ਸਮਾਜ 'ਚ ਕਾਣੀ ਵੰਡ ਅਤੇ ਜਾਤ, ਪਾਤ ਨਾ ਹੁੰਦੀ। ਬੇ-ਇਨਸਾਫੀ ਅਤੇ ਬਲਾਤਕਾਰ ਨਾ ਹੁੰਦੇ। ਮਾਦਾ ਭਰੂਣ ਹੱਤਿਆ ਨਾ ਹੁੰਦੀ, ਮਾੜੇ ਕੰਮ ਕਰਨ ਵਾਲਿਆਂ ਨੂੰ ਰੱਬ ਮੌਕੇ 'ਤੇ ਹੀ ਸਜ਼ਾ ਦੇਦਿਆ ਕਰਦਾ, ਪਰ ਹੁਣ ਤਾਂ ਰੱਬ ਦੇ ਪੈਰੋਕਾਰ ਉਲਟੀ ਗੰਗਾ ਵਹਾ ਰਹੇ ਹਨ ਬੁਰੇ ਕੰਮ ਕਰਕੇ ਸ਼ਾਮ ਨੂੰ ਬਖਸ਼ਾਂ ਲੈਂਦੇ ਹਨ ਉਨ•ਾਂ ਰੱਬ ਨੂੰ ਭ੍ਰਿਸ਼ਟਾਚਾਰੀ ਥਾਣੇਦਾਰ ਦਾ ਦਰਜ਼ਾ ਦੇ ਦਿੱਤਾ ਹੈ, ਕਿ ਦੋ ਨੰਬਰ ਰਾਹੀਂ ਕਾਲਾ ਧਨ ਕਮਾਓ ਉਸ ਵਿੱਚੋਂ ਕੁਝ ਹਿੱਸਾ ਰੱਬ ਨੂੰ ਦਿਓ ਅਤੇ ਸੁਰਖਰੂ ਹੋ ਜਾਓ। ਹਿੰਦੁਸਤਾਨ ਵਿੱਚ ਹਸਪਤਾਲ ਅਤੇ ਸਕੂਲ 14 ਲੱਖ ਹਨ ਜਦੋਂ ਕਿ ਧਾਰਮਿਕ ਸਥਾਨਾਂ ਦੀ ਗਿਣਤੀ 16 ਲੱਖ ਹੈ। ਹੁਣ ਕੀਹਦੇ-ਕੀਹਦੇ ਪੈਰੀਂ ਹੱਥ ਲਾਈਏ, ਸਾਧਾਂ ਦੇ ਵੱਗ ਫਿਰਦੇ। ਬਕੌਲ ਸ਼ਾਇਰ “ਬੰਦੇ ਨਾ ਹੋਂਗੇ, ਜਿਤਨੇ ਖੁਦਾ ਹੈਂ ਖੁਦਾਈ ਮੇਂ, ਕਿਸ-ਕਿਸ ਖੁਦਾ ਕੇ ਸਾਹਮਣੇ ਸਜ਼ਦਾ ਕਰੇ ਕੋਈ।

ਸਭ ਤੋਂ ਖਤਰਨਾਕ ਹੈ ਤਿਉਹਾਰਾਂ ਦਾ ਪ੍ਰਦੂਸ਼ਣ

ਅਮਰਜੀਤ ਢਿੱਲੋਂ
ਜਿਵੇਂ-ਜਿਵੇਂ ਦੀਵਾਲੀ ਨੇੜੇ ਆ ਰਹੀ ਹੈ ਉਵੇਂ ਉਵੇਂ ਪ੍ਰਦੂਸ਼ਣ ਦਾ ਸਾਮਾਨ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਧਰਤੀ ਦਾ ਸਭ ਤੋਂ ਸਿਆਣਾ ਸਮਝਿਆ ਜਾਣ ਵਾਲਾ ਮਨੁੱਖ ਆਪਣੇ ਨਾਲ ਦੇ ਬਾਕੀ ਦੇ 8,70,00 ਬੇਕਸੂਰ ਜੀਵਾਂ ਨੂੰ ਅਤੇ 2,80,000 ਕਿਸਮ ਦੇ ਰੁੱਖਾਂ ਅਤੇ ਪੌਦਿਆਂ ਨੂੰ ਖਤਮ ਕਰਨ ਦੇ ਰਸਤੇ ਤੁਰ ਪਿਆਹੈ। ਤਿਉਹਾਰਾਂ ਵਾਲੇ ਦਿਨ ਮੋਮਬੱਤੀਆਂ ਦਾ ਮੋਮ, ਤੇਲ ਤੇ ਘਿਓ ਜਲਕੇ ਵਾਤਾਵਰਣ 'ਚ ਰਲ ਜਾਂਦਾ ਹੈ। ਇਹ ਸਭ ਕਾਰਬਨਿਕ ਯੌਗਿਕ ਹਨ ਜਿਨ•ਾਂ ਦੀ ਜਲਣ ਕਿਰਿਆ ਬਹੁਤ ਤੇਜ਼ ਹੁੰਦੀ ਹੈ। ਆਕਸੀਜਨ ਦੀ ਘਾਟ ਵਿੰਚ ਤੇਜ ਕਿਰਿਆ ਦੇ ਕਾਰਨ ਕਾਰਬਨ-ਮੋਨੋਆਕਸਾਈਡ ਅਤੇ ਹੋਰ ਕਾਰਬਨਿਕ ਯੋਗਿਕ ਹਵਾ ਵਿੱਚ ਰਲ ਜਾਂਦੇ ਹਨ। ਸਭ ਤੋਂ ਵੱਧ ਨੁਕਸਾਨਦਾਇਕ ਪਟਾਖੇ ਹੁੰਦੇ ਹਨ। ਪਟਾਖਿਆਂ ਵਿੱਚ ਮੁੱਖ ਤੌਰ 'ਤੇ ਪੋਟਾਸ਼ ਅਤੇ ਸਲਫਰ ਦੇ ਯੋਗਿਕ ਹੁੰਦੇ ਹਨ ਜਿਸ ਦੇ ਜਲਣ ਨਾਲ ਬੇਅੰਤ ਊਰਜਾ ਪੈਦਾ ਹੁੰਦੀ ਹੈ ਅਤੇ ਫਟਣ ਨਾਲ ਧਮਾਕਾ ਹੁੰਦਾ ਹੈ। ਇਸ ਕਾਰਨ ਪੈਦਾ ਹੁੰਦੀਆਂ ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਸੋਡੀਅਮ ਅਤੇ ਪੋਟਾਸ਼ੀਅਮ ਦੇ ਬਹੁਤ ਸਾਰੇ ਹਾਨੀਕਾਰਕ ਯੋਗਿਕ ਅਤੇ ਗੈਸਾਂ ਸਾਡੇ ਜੀਵਨ 'ਤੇ ਬਹੁਤ ਭੈੜਾ ਅਸਰ ਪਾਉਂਦੀਆਂ ਹਨ। ਇਨ•ਾਂ ਨਾਲ ਹੁੰਦੇ ਵਾਤਾਵਰਣ ਦੇ ਗੰਧਲੇਪਣ ਕਾਰਨ ਦਮਾ, ਕੈਂਸਰ, ਟੀ.ਬੀ. ਅਤੇ ਚਮੜੀ ਦੇ ਰੋਗ ਫੈਲਦੇ ਹਨ। ਦਰਖਤਾਂ, ਪੌਦਿਆਂ ਅਤੇ ਪਸ਼ੂ-ਪੰਛੀਆਂ 'ਤੇ ਵੀ ਇਸ ਦਾ ਬਹੁਤ ਭੈੜਾ ਅਸਰ ਪੈਂਦਾ ਹੈ। ਆਤਿਸ਼ਬਾਜ਼ੀਆਂ ਦਾ ਧੂੰਆਂ, ਪ੍ਰਕਾਸ਼ ਅਤੇ ਬਾਰੂਦ ਦੀ ਬਦਬੋ ਅੱਖਾਂ, ਕੰਨਾਂ ਆਦਿ ਨੂੰ ਅਨੇਕਾਂ ਬਿਮਾਰੀਆਂ ਲਾਉਂਦੇ ਹਨ। ਦਿੱਲੀ ਦੇ ਇੱਕ ਪ੍ਰਸਿੱਧ ਹਸਪਤਾਲ ਦੇ ਨੱਕ, ਗਲੇ ਅਤੇ ਕੰਨਾਂ ਦੇ ਮਾਹਿਰ ਡਾਕਟਰਾਂ ਨੇ ਦੱਸਿਆ ਕਿ ਹਰ ਸਾਲ ਦੀਵਾਲੀ ਤੋਂ ਬਾਅਦ ਉਨ•ਾਂ ਦੇ ਵਿਭਾਗ ਦੇ ਮਰੀਜਾਂ ਦੀ ਗਿਣਤੀ ਤਿੰਨ ਗੁਣਾਂ ਤੋਂ ਵੀ ਟੱਪ ਜਾਂਦੀ ਹੈ। ਇਨ•ਾਂ ਵਿੱਚ ਅੱਖਾਂ ਦੇ ਜਲਣ, ਦਮਾ, ਕੰਨ ਦਾ ਪਰਦਾ ਜਾਂ ਸੁਨਣ ਦੀ ਨਸ ਫਟਣ ਵਾਲੇ ਮਰੀਜ ਬਹੁਤੇ ਹੁੰਦੇ ਹਨ। ਪਟਾਖੇ ਚਲਾਉਣ ਨਾਲ ਪੈਦਾ ਹੋਈ ਜ਼ਹਿਰੀਲੀ ਗੈਸ ਨੱਕ ਦੇ ਰਾਹ ਅੰਦਰ ਚਲੀ ਜਾਂਦੀ ਹੈ ਜਿਸ ਦੇ ਮਾੜੇ ਅਸਰ ਨਾਲ ਨੱਕ ਬੰਦ ਹੋ ਜਾਂਦਾ ਹੈ। ਐਲਰਜੀ ਦੇ ਮਰੀਜਾਂ ਵਾਸਤੇ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ। ਮਾਹਿਰਾਂ ਅਨੁਸਾਰ ਆਮ ਤੌਰ 'ਤੇ 70 ਤੋਂ 80 ਡੈਸੀਬਲ ਤੱਕ ਦੀ ਆਵਾਜ਼ ਦਾ ਕੰਨਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਜਦੋਂ ਕਿ 90 ਡੈਸੀਬਲ ਤੋਂ ਵੱਧ ਆਵਾਜ਼ ਦਾ ਪੱਧਰ ਖਤਰਨਾਕ ਸਾਬਤ ਹੋ ਸਕਦਾ ਹੈ। ਕੰਨਾਂ 'ਤੇ ਬੁਰੇ ਪ੍ਰਭਾਵ ਦੇ ਕਾਰਨ ਆਦਮੀ ਦਾ ਮਾਨਸਿਕ ਸੰਤੁਲਨ ਵੀ ਵਿਗੜ ਸਕਦਾ ਹੈ। ਡਰ ਕਾਰਨ ਗਰਭਵਤੀ ਔਰਤਾਂ ਦੇ ਗਰਭ ਡਿੱਗ ਸਕਦੇ ਹਨ ਅਤੇ ਦਿਲ ਦੇ ਮਰੀਜਾਂ ਨੂੰ ਦੌਰਾ ਪੈ ਸਕਦਾ ਹੈ। ਪਟਾਖਿਆਂ ਦੀ ਆਵਾਜ਼ ਤੋਂ ਪੈਦਾ ਹੋਣ ਵਾਲੀ ਆਵਾਜ਼ ਦਾ ਪੱਧਰ 120 ਤੋਂ 130 ਡੈਸੀਬਲ ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ। ਪ੍ਰੈਸ਼ਰ ਹਾਰਨਾਂ ਅਤੇ ਲਾਊਡ ਸਪੀਕਰਾਂ ਦੀ ਆਵਾਜ਼ ਵੀ ਇਸੇ ਤਰ•ਾਂ ਖਤਰਨਾਕ ਹੈ। ਦਿੱਲੀ ਸਰਕਾਰ ਦੇ ਵਾਤਾਵਰਣ ਵਿਭਾਗ ਦੇ ਸੀਨੀਅਰ ਵਿਗਿਆਨੀ ਐਮ. ਦਿਵਾਰਕਾ ਨਾਥ ਨੇ ਇਹ ਤੱਥ ਸਾਹਮਣੇ ਲਿਆਂਦੇ ਹਨ ਕਿ ਦੀਵਾਲੀ ਵਾਲੇ ਦਿਨ ਹਵਾ ਵਿੱਚ ਨਾਈਟਰੋਸਆਕਸਾਈਡ, ਸਲਫਰ ਡਾਇਆਕਸਾਈਡ ਅਤੇ ਛੋਟੇ ਜ਼ਹਿਰੀਲੇੇ ਕਣਾਂ ਦੀ ਮਾਤਰਾ ਆਮ ਦਿਨਾਂ ਦੀ ਤੁਲਨਾ ਵਿੱਚ ਦਸ ਬਾਰਾਂ ਗੁਣਾਂ ਜ਼ਿਆਦਾ ਹੋ ਜਾਂਦੀ ਹੈ। ਜ਼ਹਿਰੀਲੇ ਧੂੰਏਂ ਅਤੇ ਪਟਾਖਿਆਂ ਦੀ ਆਵਾਜ਼ ਨਾਲ ਵਾਤਾਵਰਣ 8 ਤੋਂ 10 ਗੁਣਾਂ ਜ਼ਿਆਦਾ ਪ੍ਰਦੂਸ਼ਿਤ ਹੁੰਦਾ ਹੈ। ਸ਼ਹਿਰਾਂ ਵਿੱਚ ਪਟਾਖਿਆਂ ਦੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਅਨੇਕਾਂ ਮਨੁੱਖੀ ਜਾਨਾਂ ਦੇ ਨਾਲ-ਨਾਲ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੁੰਦਾ ਹੈ ਅਤੇ ਜ਼ਹਿਰੀਲਾ ਧੂੰਆਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਦੇ ਘੇਰੇ 'ਚ ਲਿਆਉਂਦਾ ਹੈ। ਦੀਵਾਲੀ ਤੋਂ ਕਈ ਦਿਨ ਪਹਿਲਾਂ ਅਤੇ ਕਈ ਦਿਨ ਬਾਅਦ ਤੱਕ ਪਟਾਖਿਆਂ ਨਾਲ ਜਖਮੀ ਹੋਏ ਲੋਕਾਂ ਨਾਲ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਭਰ ਜਾਂਦੇ ਹਨ। ਅਨੇਕਾਂ ਲੋਕ ਅਪਾਹਿਜ ਹੋ ਜਾਂਦੇ ਹਨ। ਸਾਰੇ ਦੇਸ਼ ਵਿੱਚ ਅਰਬਾਂ ਰੁਪਏ ਅੱਗ ਦੀ ਭੇਂਟ ਚੜ• ਜਾਂਦੇ ਹਨ ਜਿਸ ਦੇਸ਼ ਦੇ ਕਰੋੜਾਂ ਲੋਕ ਦੋ ਡੰਗ ਦੀ ਰੋਟੀ ਅਤੇ ਕੁੱਲੀ ਜੁੱਲੀ ਨੂੰ ਤਰਸਦੇ ਹੋਣ, ਉੱਥੇ ਪੈਸੇ ਦੀ ਇਸ ਤਰ•ਾਂ ਦੀ ਬਰਬਾਦੀ ਬਿਲਕੁੱਲ ਅਸਹਿਣਯੋਗ ਹੈ।

ਮੁੰਡੇ ਵਾਲਾ ਟੀਕਾ

ਅਮਰਜੀਤ ਢਿੱਲੋਂ
ਸਾਧ ਔਰਤਾਂ ਨੂੰ ਮੁੰਡਾ ਹੋਣ ਦਾ ਹੀ ਵਰ ਦਿੰਦੇ ਹਨ। ਪਹਿਲਾਂ ਅਲਟਰਾ ਸਾਊਂਡ ਰਾਹੀਂ ਪਤਾ ਕਰਕੇ ਕੁੜੀ ਹੋਣ 'ਤੇ ਭਰੂਣ ਹੱਤਿਆ ਕਰ ਦਿੱਤੀ ਜਾਂਦੀ ਸੀ (ਹਾਲਾਂਕਿ ਇਹ ਹੁਣ ਵੀ ਚੋਰੀ ਛਿਪੇ ਜਾਰੀ ਹੈ) ਪਰ ਜ਼ਿਆਦਾ ਸਖਤੀ ਹੋਣ ਕਰਕੇ ਹੁਣ ਕਈ ਡਾਕਟਰਾਂ ਨੇ ਮੁੰਡੇ ਵਾਲੇ ਟੀਕੇ ਲਾ ਕੇ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਜਦ ਤਰਕਸ਼ੀਲ ਖਿਆਲਾਂ ਵਾਲੇ ਇੱਕ ਡਾਕਟਰ ਬਲਤੇਜ ਸਿੰਘ ਵਾਂਦਰ ਸੁਖਾਨੰਦ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਜਦ ਅਜਿਹੇ ਇੱਕ ਡਾਕਟਰ ਨਾਲ ਵਿਚਾਰ ਚਰਚਾ ਹੋਈ ਤਾਂ ਉਸ ਨੇ ਕਿਹਾ ਕਿ ਠੱਗੀ ਕੌਣ ਨਹੀਂ ਮਾਰਦਾ, ਸਾਰੇ ਹੀ ਠੱਗ ਹਨ। ਨਾਲੇ ਅਸੀਂ ਤਾਂ ਸ਼ਰਤੀਆ ਮੁੰਡਾ ਹੋਣ ਦਾ ਦਾਅਵਾ ਵੀ ਨਹੀਂ ਕਰਦੇ। ਤਾਕਤ ਦਾ (ਬੀ.ਕੰਪਲੈਕਸ) ਟੀਕਾ ਲਾ ਦਿੰਦੇ ਹਾਂ ਅਤੇ ਆਇਰਨ ਦੀਆਂ ਗੋਲੀਆਂ ਦੇ ਦਿੰਦੇ ਹਾਂ। ਔਰਤ ਨੂੰ ਕਹਿ ਦਿੰਦੇ ਹਾਂ ਕਿ ਭਾਈ ਟੀਕਾ ਤੇਰੇ ਮੁੰਡੇ ਵਾਲਾ ਲਾ ਤਾ, ਹੁਣ ਅੱਗੇ ਤੇਰੀ ਕਿਸਮਤ ਹੈ। ਜਦ ਡਾਕਟਰ ਸਾਹਿਬ ਨੂੰ ਦੱਸਿਆ ਮਨੁੱਖੀ ਸਰੀਰ ਵਿੱਚ 26 ਕਰੋਮੋਸੋਮਜ਼ ਹੁੰਦੇ ਹਨ ਇਨ•ਾਂ 'ਚੋਂ ਦੋ ਸੈਕਸ ਨਾਲ ਸਬੰਧਤ ਹਨ। ਆਦਮੀ ਵਿੱਚ ਇਹ ਕਰੋਮੋਸੋਮਜ਼ ਐਕਸ ਅਤੇ ਵਾਈ ਦੇ ਰੂਪ 'ਚ ਹੁੰਦੇ ਹਨ। ਔਰਤ ਵਿੱਚ ਇਹ ਦੋਵੇਂ ਹੀ ਐਕਸ ਐਕਸ ਹੁੰਦੇ ਹਨ। ਜਦ ਐਕਸ ਅਤੇ ਐਕਸ ਕਰੋਮੋਸੋਮਜ਼ ਦਾ ਮੇਲ ਹੁੰਦਾ ਹੈ ਤਾਂ ਲੜਕੀ ਪੈਦਾ ਹੁੰਦੀ ਹੈ, ਕਿ ਮੁੰਡਾ ਸਿਰਫ ਐਕਸ ਵਾਈ ਕਰੋਮੋਸੋਮਜ਼ ਦੇ ਮੇਲ ਨਾਲ ਹੀ ਹੋ ਸਕਦਾ ਹੈ ਅਤੇ ਇਨ•ਾਂ ਕਰੋਮੋਸੋਮਜ਼ ਨੂੰ ਵੱਖ ਕਰਨਾ ਸੰਭਵ ਹੀ ਨਹੀਂ, ਤਾਂ ਡਾਕਟਰ ਸਾਹਿਬ ਨੇ ਕਿਹਾ ਕਿ ਜੇ ਅਸੀਂ ਇਨ•ਾਂ ਗੱਲਾਂ ਨੂੰ ਸਮਝ ਕੇ ਟੀਕਾ ਲਾਉਣ ਤੋਂ ਜਵਾਬ ਦੇ ਦੇਈਏ ਤਾਂ ਲੋਕ ਨਿਰਾਸ਼ ਹੋ ਜਾਂਦੇ ਹਨ। ਉਹ ਟੀਕਾ ਲਾਉਣ ਲਈ ਮਿੰਨਤਾਂ ਤਰਲੇ ਕਰਦੇ ਹਨ। ਉਨ•ਾਂ ਕਿਹਾ ਕਿ ਸਾਇੰਸ ਪੜ•ਾਉਣ ਵਾਲੇ ਵੀ ਆਪਣੀਆਂ ਘਰਵਾਲੀਆਂ ਦੇ ਟੀਕੇ ਲਗਵਾਉਣ ਆਉਂਦੇ ਹਨ। ਅਸੀਂ ਉਨ•ਾਂ ਤੋਂ ਪੈਸਿਆਂ ਦੀ ਮੰਗ ਵੀ ਨਹੀਂ ਕਰਦੇ ਪਰ ਵਿਸਕੀ ਦੀ ਬੋਤਲ ਮੱਲੋਮੱਲੀ ਦੇ ਜਾਂਦੇ ਹਨ। ਡਾ. ਬਲਤੇਜ ਸਿੰਘ ਨੇ ਦੱਸਿਆ ਕਿ ਸੁਖਾਨੰਦ ਦਾ ਇੱਕ ਵਿਅਕਤੀ ਮਾਨਸਾ ਤੋਂ ਮੁੰਡੇ ਵਾਲਾ ਟੀਕਾ ਲਗਵਾ ਕੇ ਲਿਆਇਆ ਸੀ। ਜਦ ਉਸ ਦੇ ਕੁੜੀ ਹੋ ਗਈ ਤਾਂ ਉਸ ਨੇ ਡਾਕਟਰ ਨੂੰ ਉਲਾਂਭਾ ਦਿੱਤਾ, ਤਾਂ ਡਾਕਟਰ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਕਿ ਅਗਲੀ ਵਾਰ ਤੁਹਾਡੇ ਟੀਕਾ ਮੁਫਤ ਲਗਾ ਦੇਵਾਂਗੇ।
ਮਾਨਸਾ ਵਿਖੇ ਹੀ ਹਰਿਆਣੇ ਦਾ ਇੱਕ ਡਾਕਟਰ ਮੁੰਡੇ ਵਾਲੇ ਟੀਕੇ ਲਾਉਣ ਹਫਤੇ 'ਚ ਇੱਕ ਦਿਨ ਆਉਂਦਾ ਹੈ। ਉਸ ਕੋਲ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਸ਼ਾਮ ਨੂੰ ਉਹ ਨੋਟਾਂ ਦਾ ਬੈਗ ਭਰ ਕੇ ਲੈ ਜਾਂਦਾ ਹੈ। ਤਰਕਸ਼ੀਲ ਸੁਸਾਇਟੀ ਦੇ ਇੱਕ ਆਗੂ ਸੁਖਰਾਜ ਸਿੰਘ ਗੋਂਦਾਰਾ ਨੇ ਦੱਸਿਆ ਕਿ ਕੋਟਕਪੂਰੇ ਇੱਕ ਕੜਿਆਂ ਵਾਲਾ ਸਾਧ ਹੁੰਦਾ ਸੀ, ਜਿਸ ਦੇ ਆਪਣੇ 5 ਲੜਕੀਆਂ ਸਨ ਪਰ ਉਹ ਲੋਕਾਂ ਨੂੰ ਮੁੰਡੇ ਵੰਡਦਾ ਹੁੰਦਾ ਸੀ। ਉਸ ਦੇ ਛੱਡੇ ਹੋਏ ਦਲਾਲ ਦੂਰ-ਦੁਰਾਡਿਓਂ ਬੱਸਾਂ ਭਰ ਕੇ ਲਿਆਉਂਦੇ ਸਨ। ਬਾਬੇ ਦੇ ਸੇਵਾਦਾਰ ਆਵਾਜ਼ਾਂ ਮਾਰਦੇ, “ਬਾਬੇ ਕੋਲੇ ਮੁੰਡੇ ਥੋੜ•ੇ ਹੀ ਰਹਿ ਗਏ ਐ ਭਾਈ! ਛੇਤੀ ਲੈ ਲਓ ਜੀਹਨੇ ਲੈਣੇ ਐ।” ਲੋਕ ਸੌ-ਸੌ, ਪੰਜ-ਪੰਜ ਸੌ ਦਾ ਮੱਥਾ ਟੇਕੀ ਜਾਂਦੇ ਬਾਬੇ ਦਾ ਕੜਾ ਲੈ ਕੇ ਖੁਸ਼ ਹੋ ਜਾਂਦੇ। ਫਿਰ ਤਰਕਸ਼ੀਲ ਸੁਸਾਇਟੀ ਨੇ ਉਸ ਬਾਬੇ ਨੂੰ ਚੈਲਿੰਜ ਕੀਤਾ ਤਾਂ ਉਹ ਕੋਟਕਪੂਰਾ ਛੱਡ ਕੇ ਮਲੇਰਕੋਟਲੇ ਜਾ ਬੈਠਾ। ਇੱਕ ਚਰਚਿਤ ਸੰਤ ਨੇ ਆਪਣੀ ਘਰਵਾਲੀ ਨੂੰ ਨਹਿਰ 'ਚ ਧੱਕਾ ਦੇ ਦਿੱਤਾ ਸੀ, ਅਖੇ ਇਹ ਮੁੰਡਾ ਨਹੀਂ ਜੰਮਦੀ। ਕੁੜੀਆਂ ਹੀ ਜੰਮੀ ਜਾਂਦੀ ਐ। ਕੁਝ ਚਿਰ ਜੇਲ• 'ਚ ਰਹਿ ਕੇ ਉਹ ਬਾਬਾ ਅੱਜ ਕੱਲ• ਫਿਰ ਸਰਗਰਮ ਹੈ ਅਤੇ ਲੋਕਾਂ ਨੂੰ ਮੁੰਡੇ ਵੰਡ ਰਿਹਾ ਹੈ।
ਇਸ ਇਲਾਕੇ ਦੇ ਇੱਕ ਪਿੰਡ ਦਾ ਸਾਬਕਾ ਸਰਪੰਚ ਸਰਦਾ ਪੁੱਜਦਾ ਜਿੰਮੀਦਾਰ ਹੈ ਉਹ ਵੀ ਹਰ ਵੀਰਵਾਰ ਹੱਥਾਂ 'ਤੇ ਮਹਿੰਦੀ ਲਾ ਕੇ ਪੁੱਛਾਂ ਦੇਣ ਦਾ ਕੰਮ ਕਰਦਾ ਹੈ। ਜ਼ਮੀਨ ਠੇਕੇ 'ਤੇ ਦੇ ਦਿੱਤੀ ਹੈ ਅਤੇ ਏ.ਸੀ. ਕਮਰੇ 'ਚ ਠਾਠ ਨਾਲ ਬਹਿੰਦਾ ਹੈ। ਪਿੰਡ ਦਬੜ•ੀਖਾਨੇ ਦੇ ਇੱਕ ਪੁੱਛਾਂ ਦੇਣ ਵਾਲੇ ਚੇਲੇ ਨੇ ਦੱਸਿਆ ਕਿ ਪਹਿਲਾਂ ਉਹ ਜੱਟਾਂ ਨਾਲ ਸੀਰੀ ਰਲ ਕੇ ਚੰਮ ਪਟਾਉਂਦਾ ਸੀ ਪਰ ਜਦੋਂ ਦਾ ਆਹ ਪੁੱਛਾਂ ਦੇਣ ਵਾਲਾ ਕੰਮ ਸ਼ੁਰੂ ਕੀਤੈ, ਉਦੋਂ ਦੀਆਂ ਲਹਿਰਾਂ ਬਹਿਰਾਂ ਹਨ, ਕਿਸੇ ਚੀਜ਼ ਦੀ ਕਮੀ ਨਹੀਂ। ਉਸ ਨੇ ਹੌਲੀ ਜਿਹੀ ਅਵਾਜ਼ 'ਚ ਰਾਜ਼ ਦੀ ਗੱਲ ਦੱਸਦਿਆਂ ਕਿਹਾ ਕਿ ਇਹ ਦੁਨੀਆਂ ਤਾਂ ਲੁੱਟਣ ਵੱਲੋਂ ਪਈ ਐ। ਇੱਥੇ ਥੋਡੇ ਵਰਗੇ ਪੜਾਕੂ ਤਾਂ ਭੁੱਖੇ ਮਰਦੇ ਐ। ਉਹ ਕਹਿੰਦੇ ਹੁੰਦੇ ਐ ਨਾ ਕਿ ਦੁਨੀਆਂ ਲੂਟੋ ਮਕਰ ਸੇ, ਰੋਟੀ ਖਾਓ ਸ਼ੱਕਰ ਸੇ। ਐਨਾ ਕਹਿ ਕੇ ਉਹ ਪੁੱਛਾਂ ਦੇਣ ਵਾਲੇ ਕਮਰੇ 'ਚ ਚਲਾ ਗਿਆ।

ਬਾਬੇ ਦਾ ਕੁੱਕੜ

ਅਮਰਜੀਤ ਢਿੱਲੋਂ
ਆਖਰ ਕੁੱਕੜ ਗਿਆ ਕਿੱਥੇ? ਕੁੱਕੜ ਦੀ ਚੋਰੀ ਨੂੰ ਲੈ ਕੇ ਹਜ਼ਰੈਤ ਕੱਢਣ ਵਾਲਾ ਬਾਬਾ ਡਾਢ•ਾ ਪ੍ਰੇਸ਼ਾਨ ਸੀ। ਉਹ ਤਾਂ ਹਜ਼ਰੈਤ ਰਾਹੀਂ ਲੋਕਾਂ ਦੀਆਂ ਚੋਰੀਆਂ ਦੱਸਣ ਦਾ ਦਾਅਵਾ ਕਰਦਾ ਸੀ, ਪਰ ਅੱਜ ਉਸ ਦਾ ਕੁੱਕੜ. . .
ਬਾਬਾ ਸੁਣਿਐਂ ਤੇਰਾ ਕੁੱਕੜ ਚੋਰੀ ਹੋ ਗਿਆ, ਬਾਬੇ ਦੇ ਗਆਂਢ 'ਚ ਰਹਿੰਦੇ ਦੋ ਨੌਜਵਾਨਾਂ ਨੇ ਆਉਂਦਿਆਂ ਹੀ ਕਿਹਾ। ਬਾਬਾ ਕੱਢ ਖਾਂ ਫਿਰ ਕੁੱਕੜ ਦੀ ਹਜ਼ਰੈਤ. . ਬਾਬੇ ਨੇ ਅਣਮੰਨੇ ਜਿਹੇ ਮਨ ਨਾਲ ਆਪਣੇ ਰੋਜ਼ ਵਾਲੇ ਸਿਖਾਂਦਰੂ ਬੱਚੇ ਨੂੰ ਆਵਾਜ਼ ਮਾਰੀ ਅਤੇ ਉਹ ਆਉਂਦਿਆਂ ਹੀ ਬਾਬੇ ਦੇ ਹੱਥ ਦੇ ਅੰਗੂਠੇ ਵੱਲ ਵੇਂਹਦਾ ਸ਼ੁਰੂ ਹੋ ਗਿਆ. . . . ਔਹ ਆ ਗਿਆ ਪਾਣੀ ਵਾਲਾ . . . ਝਾੜੂ ਵਾਲਾ! ਔਹ ਕਾਲੀ ਪੱਗ ਵਾਲਾ ਮੁੰਡਾ ਤੁਰਿਆ ਆਉਂਦੈ. . .ਔਹ ਪਾ 'ਤੇ ਕੁੱਕੜ ਨੂੰ ਦਾਣੇ, ਕੁੱਕੜ ਚੁੱਕ ਕੇ ਦੇ ਲਿਆ ਕੱਛ ਵਿੱਚ ਤੇ ਪੈ ਗਿਆ ਡੇਲਿਆਂ ਵਾਲੀ ਦੇ ਰਾਹ. . . .
ਅੱਛਾ! ਅੱਛਾ! ਇਹ ਡੇਲਿਆਂ ਵਾਲੀ ਆਲਾ ਗੁਰਮਾ ਅਮਲੀ ਐ, ਲੈ ਫੜ• ਲਿਆ ਚੋਰ। ਬਾਬੇ ਨੇ ਮੁੰਡਿਆਂ ਵੱਲ ਜੇਤੂ ਅੰਦਾਜ਼ 'ਚ ਦੇਖਦਿਆਂ ਕਿਹਾ। ਦੋਵੇਂ ਮੁੰਡੇ ਇੱਕ ਦੂਜੇ ਵੱਲ ਦੇਖ ਕੇ ਗੁੱਝਾ ਜਿਹਾ ਮੁਸਕਰਾਏ ਅਤੇ ਘਰ ਵੱਲ ਚੱਲ ਪਏ। ਘਰ ਆ ਕੇ ਉਨ•ਾਂ ਪਤੀਲੇ 'ਚ ਰਿੱਝ ਰਹੇ ਮੁਰਗੇ ਦਾ ਢੱਕਣ ਚੁੱਕ ਕੇ ਦੇਖਿਆ ਅਤੇ ਕਹਿ ਕਹੇ ਲਾਉਣ ਲੱਗੇ।

ਪੁਜਾਰੀ (ਮਿਥਿਹਾਸਕ ਲੋਕ ਕਥਾ)

ਭਗਵਾਨ ਰਾਜਾ ਰਾਮ ਚੰਦਰ ਦੇ ਦਰਬਾਰ ਵਿੱਚ ਇੱਕ ਦੁਖੀ ਕੁੱਤਾ ਫਰਿਆਦ ਲੈ ਕੇ ਹਾਜ਼ਰ ਹੋਇਆ। “ਮਹਾਰਾਜ ਮੇਰੇ ਬੇਕਸੂਰ ਦੇ ਇੱਕ ਬ੍ਰਹਿਮਣ ਨੇ ਡਾਂਗ ਮਾਰੀ” ਕੁੱਤੇ ਨੇ ਫਰਿਆਦ ਕੀਤੀ।
ਬ੍ਰਹਿਮਣ ਨੂੰ ਬੁਲਾ ਕੇ ਪੁੱਛਿਆ ਗਿਆ। ਬ੍ਰਹਿਮਣ ਨੇ ਕਿਹਾ ਹਾਂ ਮਹਾਰਾਜ ਇਹ ਕੁੱਤਾ ਬੇਕਸੂਰ ਹੈ ਦਰਅਸਲ ਮੈਂ ਆਪਣੀ ਘਰਵਾਲੀ ਨਾਲ ਲੜ ਰਿਹਾ ਸੀ ਕਿ ਕੁੱਤਾ ਨਜ਼ਦੀਕ ਆ ਗਿਆ, ਮੈਂ ਗੁੱਸੇ ਵਿੱਚ ਇਹ ਦੇ ਹੀ ਡਾਂਗ ਕੱਢ ਮਾਰੀ। ਇਸ ਬ੍ਰਹਿਮਣ ਨੂੰ ਕੀ ਸਜ਼ਾ ਦਿੱਤੀ ਜਾਵੇ ਭਗਵਾਨ ਰਾਮ ਨੇ ਕੁੱਤੇ ਨੂੰ ਪੁੱਛਿਆ। ਮਹਾਰਾਜ ਇਸ ਨੂੰ ਵੱਡੇ ਮੰਦਰ ਦਾ ਪੁਜਾਰੀ ਬਣਾ ਦਿਓ, ਕੁੱਤਾ ਬੋਲਿਆ। “ਹੈਂ ਇਹ ਕੀ ਸਜ਼ਾ, ਵੱਡੇ ਮੰਦਰ ਦਾ ਪੁਜਾਰੀ? ਉੱਥੇ ਤਾਂ ਰਾਜੇ ਮਹਾਰਾਜੇ ਮੱਥਾ ਟੇਕਦੇ ਹਨ ਅਤੇ ਬੇਅੰਤ ਚੜ•ਾਵਾ ਹੁੰਦਾ ਹੈ। ਤੇਰਾ ਦਿਮਾਗ ਠੀਕ ਹੈ? ਭਗਵਾਨ ਰਾਮ ਨੇ ਕੁੱਤੇ ਨੂੰ ਫਿਰ ਪੁੱਛਿਆ।
ਕੁੱਤਾ ਨਿਮਰਤਾ ਨਾਲ ਬੋਲਿਆ, ਹਾਂ ਮਹਾਰਾਜ ਬਿਲਕੁੱਲ ਠੀਕ। ਮੈਂ ਵੀ ਉਸੇ ਮੰਦਰ ਦਾ ਪੁਜਾਰੀ ਹੁੰਦਾ ਸੀ ਅਤੇ ਹੁਣ ਤੱਕ ਸੌ ਜਨਮ ਕੁੱਤੇ ਦੇ ਰੂਪ ਵਿੱਚ ਕੱਟ ਚੁੱਕਿਆ ਹਾਂ।

ਬੇਇਤਫ਼ਾਕੀ (ਪੁਨਰਕਥਨ)
ਇਹ ਉਸ ਸਮੇਂ ਦੀ ਗੱਲ ਹੈ ਜਦ ਸਕੂਲਾਂ ਨੂੰ ਮਦਰੱਸੇ ਕਿਹਾ ਜਾਂਦਾ ਸੀ। ਮਾਸਟਰ ਜੀ ਦਾ ਪਜਾਮਾ ਚਾਰ ਉਂਗਲਾਂ ਨੀਵਾਂ ਸਿਉਂਤਾ ਗਿਆ ਸੀ। ਅਗਲੇ ਦਿਨ ਸਕੂਲ 'ਚ ਡੀ.ਈ.ਓ. ਨੇ ਆਉਣਾ ਸੀ ਅਤੇ ਮਾਸਟਰ ਜੀ ਨੇ ਇਹੀਓ ਪਜਾਮਾ ਪਾ ਕੇ ਸਕੂਲ 'ਚ ਜਾਣਾ ਸੀ।
ਉਨ•ਾਂ ਘਰਵਾਲੀ ਨੂੰ ਕਿਹਾ, “ਭਾਗਵਾਨੇ ਮੇਰਾ ਪਜਾਮਾ ਚਾਰ ਉਂਗਲਾਂ ਨੀਵਾਂ ਏ, ਇਸ ਨੂੰ ਕੱਟ ਕੇ ਉੱਚਾ ਕਰਦੇ।” ਮੈਂ ਵਿਹਲੀ ਨੀ ਤੇਰੀ ਖਾਤਿਰ ਘਰਵਾਲੀ ਕੜਕ ਕੇ ਬੋਲੀ। ਫਿਰ ਉਨ•ਾਂ ਨੂੰਹ ਰਾਣੀ ਨੂੰ ਕਿਹਾ, ਬੇਟਾ ਮੇਰਾ ਪਜਾਮਾ ਚਾਰ ਉਂਗਲਾਂ ਕੱਟ ਕੇ ਉੱਚਾ ਕਰਦੇ। “ਮੈਥੋਂ ਨੀ ਹੁੰਦਾ”, ਨੂੰਹ ਨੇ ਰੁੱਖਾ ਜਵਾਬ ਦਿੱਤਾ। ਫਿਰ ਉਸ ਧੀ ਨੂੰ ਕਿਹਾ ਕਿ ਪਜਾਮਾ ਉੱਚਾ ਕਰ ਦੇਵੇ ਪਰ ਉਸ ਨੇ ਵੀ ਜਵਾਬ ਦੇ ਦਿੱਤਾ।
ਰਾਤ ਨੂੰ ਤਿੰਨਾਂ ਨੂੰ ਹੀ ਪਛਤਾਵਾ ਹੋਇਆ ਕਿ ਉਨ•ਾਂ ਨੂੰ ਇਸ ਤਰ•ਾਂ ਜਵਾਬ ਨਹੀਂ ਦੇਣਾ ਚਾਹੀਦਾ ਸੀ। ਉਹ ਤਿੰਨੇ ਵਾਰੋ ਵਾਰੀ ਉੱਠੀਆਂ ਅਤੇ ਪਜਾਮਾ ਚਾਰ-ਚਾਰ ਉਂਗਲਾਂ ਕੱਟ ਕੇ ਸਿਉਣ ਮਾਰ ਆਈਆਂ। ਸਵੇਰੇ ਮਾਸਟਰ ਜੀ ਪਜਾਮਾ ਪਾਉਣ ਲੱਗੇ ਮੱਥਾ ਫੜ• ਕੇ ਬੈਠ ਗਏ। ਉਧਰੋਂ ਬੱਚਿਆਂ ਨੇਆ ਆਵਾਜ਼ ਮਾਰੀ ਕਿ ਮਾਸਟਰ ਜੀ ਆ ਜੋ, ਡੀ.ਈ.ਓ. ਸਾਹਿਬ ਆਏ ਬੈਠੇ ਨੇ। ਮਾਸਟਰ ਜੀ ਨੇ ਦੁਖੀ ਆਵਾਜ਼ 'ਚ ਕਿਹਾ “ ਓ ਬੱਚਿਓ ਆ ਤਾਂ ਜਾਵਾਂ ਪਰ ਘਰ ਦੀ ਬੇਇਤਫਾਕੀ ਨਹੀਂ ਆਉਣ ਦਿੰਦੀ।

ਕਿਸਾਨ ਖੁਦਕਸ਼ੀਆਂ, ਕਾਰਨ ਅਤੇ ਇਲਾਜ

ਅਮਰਜੀਤ ਢਿੱਲੋਂ
1991 'ਚ ਆਂਧਰਾ ਪ੍ਰਦੇਸ਼ ਦੇ ਵਾਰੰਗਲ ਜ਼ਿਲ•ੇ ਦੇ ਪਿੰਡ ਇਨਾਬਾਬੀ 'ਚ ਕਰਜੇ ਦੇ ਸਤਾਏ, ਦੇਸ਼ ਦੇ ਪਹਿਲੇ ਕਿਸਾਨ ਨੇ ਖੁਦਕਸ਼ੀ ਕੀਤੀ। ਫਿਰ ਉੱਥੇ ਕਿਸਾਨਾਂ ਵੱਲੋਂ ਖੁਦਕਸ਼ੀਆਂ ਦਾ ਦੌਰ ਚੱਲ ਪਿਆ। ਉਦੋਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਅਪੀਲਾਂ ਕਰਿਆ ਕਰਦੀਆਂ ਸਨ ਕਿ ਉਹ ਖੁਦਕਸ਼ੀਆਂ ਨਾ ਕਰਨ ਸਗੋਂ ਸੰਘਰਸ਼ ਕਰਨ। ਉਦੋਂ ਪੰਜਾਬ 'ਚ ਉਸ ਸਮੇਂ ਹਰਾ ਇਨਕਲਾਬ ਭਰ ਜੋਬਨ 'ਤੇ ਸੀ। ਆਂਧਰਾ ਪ੍ਰਦੇਸ਼ 'ਚ ਹਰਾ ਇਨਕਲਾਬ ਦਮ ਤੋੜ ਚੁੱਕਿਆ ਸੀ। ਹੁਣ ਆਂਧਰਾ ਦੇ ਕਿਸਾਨ ਸੰਭਲ ਰਹੇ ਹਨ। ਮਹਾਂਰਾਸ਼ਟਰ ਦੇ ਕਿਸਾਨਾਂ ਨੂੰ ਵੀ ਉਨ•ਾਂ ਦੀ ਜਾਗ ਲੱਗ ਚੁੱਕੀ ਹੈ। ਅੱਜ ਵਾਰੰਗਲ ਜ਼ਿਲ•ੇ ਉਹੀਓ ਪਿੰਡ ਇਨਾਬਾਬੀ ਦੇਸ਼ ਦਾ ਪਹਿਲਾ ਜ਼ਹਿਰ ਮੁਕਤ ਅਤੇ ਰਸਾਇਣ ਮੁਕਤ ਪਿੰਡ ਹੈ। ਪਿਛਲੇ 10 ਸਾਲ ਤੋਂ ਪੰਜਾਬ ਦਾ ਦੁੱਲਾ ਕਿਸਾਨ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ। ਰਸਾਇਣਕ ਖੇਤੀ ਚਰਮ ਸੀਮਾ 'ਤੇ ਪਹੁੰਚ ਚੁੱਕੀ ਹੈ। ਕੀਟਨਾਸ਼ਕ ਛਿੜਕਣ 'ਚ ਪੰਜਾਬ ਦਾ ਪਹਿਲਾ ਨੰਬਰ ਹੈ। ਸਬ ਮਰਸੀਅਲ ਬੋਰ 500 ਫੁੱਟ ਤੋਂ ਧਰਤੀ ਹੇਠਲਾ ਪਾਣੀ ਧੜਾ-ਧੜ ਖਿੱਚ ਰਹੇ ਹਨ। ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਗਈ ਹੈ। ਇਹ ਧਰਤੀ ਮਾਤਾ ਹੁਣ ਰਸਾਇਣਕ ਖਾਦਾਂ ਦੀ ਅਮਲੀ ਬਣ ਕੇ ਰਹਿ ਗਈ ਹੈ। ਜਿਸ ਤਰ•ਾਂ ਅਮਲੀ ਅਫੀਮ ਖਾਧੇ ਬਿਨਾਂ ਨਹੀਂ ਉੱਠਦਾ ਉਸੇ ਤਰ•ਾਂ ਰਸਾਇਣਕ ਖਾਦ ਦੇ ਅਮਲ ਬਿਨਾ ਧਰਤੀ ਉਪਜ ਨਹੀਂ ਦਿੰਦੀ। ਮਿੱਟੀ ਵਿਚਲੇ ਸੂਖਮ ਜੀਵ ਖਤਮ ਹੋ ਚੁੱਕੇ ਹਨ।
ਦੇਸ਼ ਨੂੰ ਭਿੱਖ ਮੰਗੇ ਤੋਂ ਅੰਨਦਾਤਾ ਬਣਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਠੂਠਾ ਫੜ•ੀ ਫਿਰਦਾ ਹੈ ਅਤੇ ਦਰਜੇ ਦਾ ਸਤਾਇਆ ਖੁਦਕਸ਼ੀਆਂ ਕਰ ਰਿਹਾ ਹੈ। ਆਖਿਰ ਇਹ ਸਭ ਕਿਉਂ ਹੋਇਆ। ਆਓ ਇਸ ਵੱਲ ਝਾਤ ਮਾਰੀਏ। ਪੰਜਾਬ 1967 'ਚ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ। ਜਿਸ ਵਿੰਚ ਕਾਮਰੇਡ ਸੱਤਪਾਲ ਡਾਂਗ ਖੁਰਾਕ ਮੰਤਰੀ ਸਨ। ਕੇਂਦਰ ਵੱਲੋਂ ਕਣਕ ਦਾ ਮੁੱਲ 70 ਰੁਪਏ ਪ੍ਰਤੀ ਕੁਇੰਟਲ ਮੁਕੱਰਰ ਕੀਤਾ ਗਿਆ। ਉਦੋਂ 45 ਹਾਰਸ ਪਾਵਰ ਦੇ ਟਰੈਕਟਰ ਦੀ ਕੀਮਤ 20 ਹਜ਼ਾਰ ਰੁਪਏ ਸੀ। ਅੱਜ ਉਹ ਟਰੈਕਟਰ 8 ਲੱਖ ਰੁਪਏ ਦਾ ਹੋ ਗਿਆ ਹੈ। ਕਣਕ 1100 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਇਸ ਤਰ•ਾਂ ਕਣਕ ਦੇ ਭਾਅ 'ਚ 14 ਗੁਣਾ ਵਾਧਾ ਹੋਇਆ। ਜਦੋਂ ਕਿ ਟਰੈਕਟਰ ਦਾ ਮੁੱਲ 40 ਗੁਣਾ ਵੱਧ ਗਿਆ ਹੈ। ਇਹੋ ਹਾਲ ਡੀਜਲ, ਬੀਜ, ਖਾਦ ਅਤੇ ਕੀਟਨਾਸ਼ਕਾਂ ਦਾ ਹੈ। ਕਿਸਾਨ ਝਾੜ ਵਧਾਉਂਦਾ ਗਿਆ ਪਰ ਉਸ ਦੇਲਾਗਤ ਖਰਚੇ ਵੱਧਦੇ ਗਏ। ਮੁਲਾਜ਼ਮਾਂ ਦੀਆਂ ਤਨਖਾਹਾਂ ਥੋਕ ਕੀਮਤ ਸੂਚਕ ਅੰਕ ਅਨੁਸਾਰ ਵੱਧਦੀਆਂ ਗਈਆਂ ਪਰ ਕਿਸਾਨ ਦੀ ਜਿਣਸ ਦੇ ਭਾਅ ਥੋਕ ਕੀਮਤ ਸੂਚਕ ਅੰਕ ਨਾਲ ਨਾ ਜੋੜੇ ਗਏ। ਫਸਲ ਬੀਮਾ ਸਕੀਮ ਲਾਗੂ ਨਾ ਹੋਣ ਕਾਰਨ ਕੁਦਰਤੀ ਆਫਤਾਂ ਵੀ ਕਿਸਾਨ ਦਾ ਲੱਕ ਤੋੜਦੀਆਂ ਰਹੀਆਂ।
ਸਰਕਾਰੀ ਬੈਂਕਾਂ ਸਨਅਤਾਂ ਨੂੰ 4 ਫੀਸਦੀ 'ਤੇ ਪਰ ਕਿਸਾਨ ਨੂੰ 12 ਤੋਂ 18 ਫੀਸਦੀ ਵਿਆਜ 'ਤੇ ਕਰਜਾ ਦਿੰਦੀਆਂ ਰਹੀਆਂ। ਸਨਅਤਕਾਰ ਦੀਵਾਲੀਆ ਹੋ ਕੇ ਆਪਣੇ ਅਰਬਾਂ ਰੁਪਈਆ ਦੇ ਕਰਜੇ ਵੱਟੇ ਖਾਤੇ ਪਾਉਂਦੇ ਰਹੇ। ਭਾਵ ਮੁਆਫ ਕਰਵਾਉਂਦੇ ਰਹੇ। ਪੰਜਾਬ ਦੀ ਸਹਿਕਾਰੀ ਬੈਂਕ ਹਾਲੇ ਵੀ ਕਿਸਾਨੀ ਲਿਮਟਾਂ 'ਤੇ 18 ਫੀਸਦੀ ਵਿਆਜ ਵਸੂਲ ਕਰਦੀ ਹੈ। ਅਨਪੜ• ਹੋਣ ਕਾਰਨ ਕਿਸਾਨ ਨੂੰ ਸ਼ਾਹੂਕਾਰਾਂ ਨੇ ਵੀ ਖੂਬ ਲੁੱਟਿਆ। ਉਸ ਤੋਂ 24 ਤੋਂ 36 ਫੀਸਦੀ ਤੱਕ ਦਾ ਵਿਆਜ ਵਸੂਲ ਕੀਤਾ ਗਿਆ। ਉਸ ਨੁੰ ਗੁੰਮਰਾਹ ਕਰਕੇ ਜਬਰਦਸਤੀ ਘਟੀਆ ਕੀਟਨਾਸ਼ਕ ਅਤੇ ਬੀਜ ਉਸ 'ਤੇ ਥੋਪੇ ਗਏ। ਸਹਿਕਾਰੀ ਸਭਾਵਾਂ 'ਚ ਖੇਤੀ ਮਸ਼ੀਨਰੀ ਦਾ ਇੰਤਜ਼ਾਮ ਨਾ ਹੋਣ ਕਾਰਨ ਪੰਜ-ਪੰਜ ਏਕੜ ਵਾਲੇ ਕਿਸਾਨਾਂ ਨੇ ਵੀ ਟਰੈਕਟ0ਰ ਰੀਦ ਲਏ। ਸਾਂਝੇ ਪਰਿਵਾਰ ਟੁੱਟਣ ਨਾਲ ਵੀ ਟਰੈਕਟਰਾਂ ਦੀ ਗਿਣਤੀ 'ਚ ਵਾਧਾ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਦੀ ਅਗਾਵਾਈ ਕਰਨ 'ਚ ਪੂਰੀ ਤਰ•ਾਂ ਨਾਕਾਮ ਰਹੀ। ਕਿਸਾਨ ਵੀ ਪੈਸੇ ਦੀ ਅੰਨ•ੀ ਹਵਸ ਕਾਰਨ ਅਤੇ ਛੇਤੀ ਕਰਜਾ ਮੁਕਤ ਹੋਣ ਦੇ ਲਾਲਚ ਕਾਰਨ ਯੂਨੀਵਰਸਿਟੀ ਦੇ ਦੱਸਣ ਨਾਲੋਂ ਕਈ ਗੁਣਾ ਵੱਧ ਖਾਦ ਅਤੇ ਕੀਟਨਾਸ਼ਕ ਦੀ ਵਰਤੋਂ ਕਰਦਾ ਰਿਹਾ। ਖੇਤੀ ਵਿਭਿੰਨਾ ਖਤਮ ਹੋ ਗਈ। ਕਿਸਾਨ ਸਿਰਫ ਝੋਨੇ ਅਤੇ ਕਣਕ 'ਤੇ ਹੀ ਨਿਰਭਰ ਹੋਣ ਲੱਗੇ। ਇਨ•ਾਂ ਦੀ ਕਟਾਈ ਕੰਬਾਇਨਾਂ ਕਰਨ ਲੱਗੀਆਂ। ਬਿਹਾਰ ਦੇ ਭਈਏ ਝੋਨਾ ਲਗਾਉਣ ਲੱਗੇ। ਫਸਲਾਂ ਦੇ ਰਹਿੰਦ-ਖੂੰਹਦ ਨੁੰ ਅੱਗ ਲਾਉਣ ਨਾਲ ਰੁੱਖਾਂ ਅਤੇ ਪੰਛੀਆਂ ਦਾ ਸਫਾਇਆ ਹੋਣ ਲੱਗਾ।
ਸਾਰੀਆ ਸਰਕਾਰਾਂ ਨੇ ਵੋਟਾਂ ਕਾਰਨ ਸਿਰਫ ਡੰਗ ਟਪਾਊ ਨੀਤੀ ਹੀ ਅਪਣਾਈ। ਜਲਵਾਯੂ ਅਤੇ ਧਰਤੀ ਦੀ ਰੱਖਿਆ ਲਈ ਕੋਈ ਨੀਤੀ ਨਹੀਂ ਅਪਣਾਈ ਗਈ। ਪੰਜਾਬ ਦੀ ਜਵਾਨੀ ਵਿਦੇਸ਼ਾਂ ਵਿੱਚ ਜਾ ਰਹੀ ਹੈ ਜਾਂ ਨਸ਼ਿਆਂ ਵਿੱਚ ਗੁਲਤਾਨ ਹੋ ਰਹੀ ਹੈ। ਖੇਤੀਬਾੜੀ ਵਿਭਾਗ ਦੇ ਸਾਰੇ ਦੇ ਸਾਰੇ ਖੇਤੀ ਵਿਕਾਸ ਅਫਸਰ ਛੁੱਟਿਆਂ ਲੈ ਕੇ ਕੈਨੇਡਾ ਜਾ ਵਸੇ ਹਨ। ਕੰਮ ਸੱਭਿਆਚਾਰ ਖਤਮ ਹੋ ਕੇ ਰਹਿ ਗਿਆ ਹੈ। ਪੰਜਾਬ ਦੀ ਧਰਤੀ ਦੇਸ਼ ਦਾ ਡੇਢ ਫੀਸਦੀ ਹੈ, ਪਰ ਇੱਥੇ ਦੇਸ਼ ਦਾ ਸਭ ਤੋਂ ਵੱਧ ਭਾਅ 4 ਲੱਖ ਟਰੈਕਟਰ ਹਨ। ਜਦੋਂ ਕਿ ਇੱਥੋਂ ਦੀ 30 ਲੱਖ ਹੈਕਟੇਅਰ ਵਾਹੀ ਯੋਗ ਜ਼ਮੀਨ ਲਈ ਸਿਰਫ 50 ਹਜ਼ਾਰ ਟਰੈਕਟਰਾਂ ਦੀ ਹੀ ਜ਼ਰੂਰਤ ਹੈ। ਖੇਤੀ ਮਾਹਿਰਾਂ ਅਨੁਸਾਰ ਇੱਕ ਟਰੈਕਟਰ ਸਾਲ 'ਚ 1 ਹਜ਼ਾਰ ਘੰਟਾ ਚੱਲਣਾ ਜ਼ਰੂਰੀ ਹੈ ਪਰ ਇੱਥੇ ਤਾਂ ਕੋਈ ਟਰੈਕਟਰ 100 ਘੰਟਾ ਵੀ ਨਹੀਂ ਚੱਲਦਾ। ਇਸ ਲਈ ਇੱਥੇ ਖੜ•ੇ ਟਰੈਕਟਰ ਨੂੰ ਹੀ ਵਿਆਜ ਪਈ ਜਾਂਦਾ ਹੈ। ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਧਾਧੁੰਦ ਵਰਤੋਂ ਕਾਰਨ ਪੰਜਾਬ ਕੈਂਸਰ ਪੱਟੀ ਬਣ ਕੇ ਰਹਿ ਗਿਆ ਹੈ। ਮਾਂ ਦੇ ਦੁੱਧ ਵਿੱਚ ਵੀ ਜ਼ਹਿਰ ਪਹੁੰਚ ਗਿਆ ਹੈ। ਜਿਸ ਕਾਰਨ ਬੰਦ ਬੁੱਧੀ ਬੱਚੇ ਪੈਦਾ ਹੋ ਰਹੇਹਨ। 10-12 ਸਾਲ ਦੇ ਅੱਤਵਾਦ ਕਾਰਨ ਪੰਜਾਬ ਦਾ ਕੋਈ ਵੀ ਆਈ.ਏ.ਐਸ. ਜਾਂ ਪੀ.ਸੀ.ਐਸ. ਅਫਸਰ ਨਹੀਂ ਬਣ ਸਕਿਆ। ਸਾਰੀ ਅਫਰਸ਼ਾਹੀ 'ਤੇ ਯੂ.ਪੀ. ਅਤੇ ਬਿਹਾਰੀਆਂ ਦਾ ਕਬਜਾ ਹੈ ਮਹਾਂਰਾਸ਼ਟਰ 'ਚੋਂ ਪੰਜਾਬ ਵਿੱਚ ਅਕਸਰ ਗੇੜਾ ਲਾਉਂਦੇ ਰਹਿੰਦੇ ਕੁਦਰਤੀ ਖੇਤੀ ਦੇ ਮੋਢੀ ਸੁਭਾਸ ਪਾਲੇਕਰ ਕਹਿੰਦੇ ਹਨ ਕਿ ਪੰਜਾਬ ਦਾ ਕਿਸਾਨ ਆਪਣੇ ਲਈ ਨਹੀਂ ਸਗੋਂ ਬਹੁ-ਕੌਮੀ ਕੰੰਪਨੀਆਂ ਦੇ ਕਰਜੇ ਲਾਹੁਣ ਲਈ ਕੰਮ ਕਰ ਰਿਹਾ ਹੈ।
ਦੁਨੀਆਂ ਦਾ ਛੋਟਾ ਜਿਹਾ ਦੇਸ਼ ਕਿਊਬਾ ਇਸ ਵਕਤ ਕਿਸਾਨੀ ਲਈ ਰਾਹ ਦਸੇਰਾ ਬਣਿਆ ਹੋਇਆ ਹੈ। 1960 ਤੋਂ 1989 ਤੱਕ ਉੱਥੇ ਰਸਾਇਣਕ ਖੇਤੀ ਹੁੰਦੀ ਰਹੀ, ਪਰ ਸੋਵੀਅਤ ਯੂਨੀਅਨ ਦੇ ਟੁੱਟ ਜਾਣ ਕਾਰਨ ਜਦ ਉਸ ਨੂੰ ਤੇਲ ਮਿਲਣਾ ਬੰਦ ਹੋ ਗਿਆ ਤਾਂ ਉੱਥੋਂ ਦੇ ਰਾਸ਼ਟਰਪਤੀ ਫੀਡੇਲ ਕਾਸਟਰੋ ਦੇ ਹੁਕਮ ਅਨੁਸਾਰ ਲੋਕਾਂ ਨੇ ਬਲਦਾਂ ਨਾਲ ਕੁਦਰਤੀ ਖੇਤੀ ਕਰਨੀ ਸ਼ੁਰੂ ਕੀਤੀ। ਰਸਾਇਣਕ ਖਾਦਾਂ ਦੀ ਥਾਂ ਪਸ਼ੂਆਂ ਦਾ ਗੋਹਾ ਅਤੇ ਮਲ ਮੂਤਰ ਵਰਤਿਆ। ਨੁਕਸਾਨਦਾਇਕ ਕੀੜਿਆਂ ਦਾ ਕੁਦਰਤੀ ਢੰਗ ਨਾਲ ਕਾਬੂ ਕੀਤਾ। ਅੱਜ ਇਹ ਦੇਸ਼ ਅਨਾਜ ਪੱਖੋਂ ਸਿਰਫ ਆਤਮਨਿਰਭਰ ਹੀ ਨਹੀਂ ਸਗੋਂ ਅਮਰੀਕਾ ਵਰਗੇ ਦੇਸ਼ ਉਸ ਤੋਂ ਕਈ ਗੁਣਾ ਵੱਧ ਰੇਟ 'ਤੇ ਅਨਾਜ ਖਰੀਦਣ ਲਈ ਤਰਲੇ ਕਰਦੇ ਹਨ। ਕਿਊਬਾ ਵਾਸੀ 90 ਫੀਸਦੀ ਜ਼ਹਿਰ ਮੁਕਤ ਫਲ ਸਬਜ਼ੀਆਂ ਪੈਦਾ ਕਰਦੇ ਹਨ। ਪੰਜਾਬ ਵਿੱਚ ਵੀ ਸੁਲਤਾਨਪੁਰ ਲੋਧੀ, ਖਡੂਰ ਸਾਹਿਬ, ਹਰਗੋਬਿੰਦਪੁਰਾ, ਪਿੰਗਲਵਾੜਾ ਅੰਮ੍ਰਿਤਸਰ ਦੇ ਫਾਰਮਾਂ ਵਿਖੇ ਕਿਊਬਾ ਦੀ ਤਰਜ 'ਤੇ ਹੀ ਕਾਮਯਾਬ ਖੇਤੀ ਹੋ ਰਹੀ ਹੈ। ਆਂਧਰਾ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿੱਚ ਕੁਦਰਤੀ ਖੇਤੀ ਹੇਠਲਾ ਰਕਬਾ 30 ਲੱਖ ਏਕੜ 'ਤੇ ਪਹੁੰਚਣ ਵਾਲਾ ਹੈ। ਸ੍ਰੀ ਉਮੇਂਦਰ ਦੱਤ ਦੀ ਅਗਵਾਈ ਹੇਠ ਖੇਤੀ ਵਿਰਾਸਤ ਮਿਸ਼ਨ ਕਈ ਹੋਰ ਸੰਸਥਾਵਾਂ ਨੂੰ ਨਾਲ ਲੇ ਕੇ ਕੁਦਰਤੀ ਖੇਤੀ ਲਈ ਹੰਭਲੇ ਮਾਰ ਰਹੀਆਂ ਹਨ। ਪੰਜਾਬ ਦੇ ਕਿਸਾਨ ਨੂੰ ਕੁਦਰਤੀ ਖੇਤੀ ਅਪਣਾਅ ਕੇ ਹੀ ਖੁਦਕਸ਼ੀਆਂ ਵਰਗੀ ਲਾਹਨਤ ਤੋਂ ਛੁਟਕਾਰਾ ਮਿਲ ਸਕਦਾ ਹੈ।

ਆਪਣੇ ਬੱਚੇ ਨੂੰ ਆਸਤਕ ਬਨਣ ਤੋਂ ਬਚਾਓ

ਅਮਰਜੀਤ ਢਿੱਲੋਂ
ਆਸਤਕ ਦਾ ਭਾਵ ਕਿਸੇ ਦੀ ਆਸ ਤੱਕਣ ਵਾਲਾ। ਹਮੇਸ਼ਾ ਕਿਸੇ ਦੀ ਆਸ (ਸਹਾਰਾ) ਜਾਂ ਆਸਰਾ ਤੱਕਣ ਵਾਲੇ ਨੂੰ ਹੀ ਆਸਤਕ ਕਹਿੰਦੇ ਹਨ। ਧਿੱਗ ਤਿਨਾ ਦਾ ਜੀਵਿਆ ਜਿੰਨਾਂ ਪਰਾਈ ਆਸ। ਤੱਕੇ ਜੋ ਸਹਾਰਾ ਉਹਦੀ ਕੀ ਹੈ ਜ਼ਿੰਦਗਾਨੀ ਆਦਿ ਲਾਈਨਾਂ ਆਸਤਕਾਂ 'ਤੇ ਪੂਰੀਆਂ ਢੁਕਦੀਆਂ ਹਨ। ਨਾਸਤਕ ਦਾ ਮਤਲਬ ਨਾ ਆਸ ਤੱਕਣ ਵਾਲਾ। ਜੋ ਹਮੇਸ਼ਾ ਆਪਣੇ ਪੈਰਾਂ 'ਤੇ ਖੜ•ਾ ਹੋਣਾ ਲੋਚਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਸਮੁੱਚੇ ਬ੍ਰਹਿਮੰਡ 'ਚ ਕੋਈ ਅਦਿੱਖ ਸ਼ਕਤੀ ਨਹੀਂ। ਇਹ ਸਾਰੀ ਕਾਇਨਾਤ 'ਚ ਖਰਬਾਂ ਸਾਲਾਂ 'ਚ ਆਪਣੇ ਆਪ ਬਣੇ ਨਿਯਮਾਂ ਤਹਿਤ ਚੱਲ ਰਹੀ ਹੈ। ਜਿਸ ਨੂੰ ਅਸੀਂ ਕੁਦਰਤੀ ਨਿਯਮ ਕਹਿੰਦੇ ਹਾਂ, ਪਰ ਆਸਤਕਾਂ ਨੂੰ ਇਸ ਕਿਸਮ ਦੀ ਕੋਈ ਸੋਝੀ ਨਹੀਂ ਹੁੰਦੀ। ਜਾਂ ਆਪਣੇ ਲਾਈ ਲੱਗ ਪੁਣੇ ਕਾਰਨ ਉਹ ਸੋਝੀ ਕਰਨਾ ਹੀ ਨਹੀਂ ਚਾਹੁੰਦੇ। ਉਹ ਹਮੇਸ਼ਾ ਕਿਸੇ ਨਾ ਕਿਸੇ ਅਦਿੱਖ ਸ਼ਕਤੀ ਅੱਗੇ ਨਤਮਸਤਕ ਹੁੰਦੇ ਰਹਿੰਦੇ ਹਨ। ਹਮੇਸ਼ਾ ਕਹਿੰਦੇ ਹਨ ਸੱਚੇ ਪਾਤਸ਼ਾਹ ਸੁੱਖ ਰੱਖੀਂ। ਗੱਡੀ ਚਲਾਉਣ ਤੋਂ ਪਹਿਲਾਂ ਸਟੇਰਿੰਗ ਨੂੰ ਮੱਥਾ ਟੇਕਦੇ ਹਨ। ਕੰਨਾਂ ਨੂੰ ਹੱਥ ਲਾਉਂਦੇ ਹਨ ਤੇ ਫਿਰ ਬੁਲ•ਾਂ 'ਚ ਕੋਈ ਫੁਸਫੁਸਾਹਟ ਜਿਹੀ ਕਰਕੇ ਗੱਡੀ ਸਟਾਰਟ ਕਰਦੇ ਹਨ। ਸ਼ਾਇਦ ਉਨ•ਾਂ ਨੂੰ ਆਪਣੀ ਗੱਡੀ ਡਰਾਈਵਿੰਗ 'ਤੇ ਵਿਸ਼ਵਾਸ਼ ਨਹੀਂ ਹੁੰਦਾ। ਰਾਹ 'ਚ ਆਉਂਦੇ ਧਾਰਮਿਕ ਸਥਾਨਾਂ 'ਤੇ ਮੱਥੇ ਟੇਕਦੇ ਜਾਂਦੇ ਹਨ। ਹਾਲਾਂਕਿ ਮੱਥਾ ਟੇਕਣ ਵੇਲੇ ਧਿਆਨ ਪਾਸੇ ਹੋ ਜਾਣ ਕਾਰਨ ਹਾਦਸਾ ਵਾਪਰ ਸਕਦਾ ਹੈ।
ਨਾਸਤਕ ਸਵੇਰੇ ਉਠਣਸਾਰ ਆਪਣੇ ਆਪ ਨਾਲ ਜਵਾਬ ਸਵਾਲ ਕਰਦਾ ਹੈ। ਦਿਨ ਦੇ ਕੰਮ ਦੀ ਯੋਜਨਾ ਬਣਾਉਂਦਾ ਹੈ। ਵਿਦਿਆਰਥੀ ਪੜ•ਣਾ ਸ਼ੁਰੂ ਕਰਦੇ ਹਨ। ਜਦੋਂ ਕਿ ਆਸਤਕ ਵਿਦਿਆਰਥੀ ਪਾਸ ਹੋਣ ਲਈ ਸੁਖਣਾ ਸੁਖਦੇ ਹਨ। ਕਈ ਸਕੂਲਾਂ 'ਚ ਵਿਦਿਆਰਥੀਆਂ ਨੇ ਪੈਸੇ 'ਕੱਠੇ ਕਰਕੇ, ਇਮਤਿਹਾਨਾਂ ਤੋਂ ਪਹਿਲਾਂ ਪਾਠ ਕਰਵਾਏ ਹਨ। ਆਸਤਕ ਮਾਪੇ ਬੱਚਿਆਂ ਨੂੰ ਸੁਰਤ ਸੰਭਾਲਣ ਸਾਰ ਹੀ ਡਰਾਉਣਾ ਸ਼ੁਰੂ ਕਰ ਦਿੰਦੇ ਹਨ। ਕੋਕੋ, ਮਾਊਂ ਤੋਂ ਲੈ ਕੇ ਦੇਵੀ ਦੇਵਤਿਆਂ ਅਤੇ ਕਿਸੇ ਅਦਿੱਖ ਸ਼ਕਤੀ ਦਾ ਡਰਾਵਾ ਬੱਚੇ ਦੇ ਮਨ ਦੀ ਕੋਰੀ ਸਲੇਟ ਤੇ ਵਾਰ-ਵਾਰ ਉਕਾਰਿਆ ਜਾਂਦਾ ਹੈ। ਬੱਚੇ ਦੇ ਮਨ 'ਚ ਰੱਬ ਦਾ ਡਰ ਕੁੱਟ-ਕੁੱਟ ਭਰਿਆ ਜਾਂਦਾ ਹੈ। ਬੱਚਿਆਂ ਨੂੰ ਅਲਫ ਲੈਲਾ ਅਤੇ ਆਦਮ ਬੋ-ਆਦਮ ਬੋ ਕਰਦੇ ਰਾਖਸ਼ਾਂ ਦੀਆਂ ਕਹਾਣੀਆਂ ਸੁਣਾ ਕੇ ਉਨ•ਾਂ ਦੀ ਸੋਚ ਖੁੰਢੀ ਕੀਤੀ ਜਾਂਦੀ ਹੈ। ਨਾਸਤਕ ਆਪਣੇ ਬੱਚਿਆਂ ਨੂੰ ਵਿਗਿਆਨ ਦੀਆਂ ਗੱਲਾਂ ਦੱਸਦੇ ਹਨ। ਬਿਨਾਂ ਕਿਸੇ ਕਲਪਿਤ ਡਰ ਦੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ•ਾਉਂਦੇ ਹਨ। ਉਹ ਇਹ ਨਹੀਂ ਕਹਿੰਦੇ ਕਿ ਝੂਠ ਬੋਲਣਾ ਪਾਪ ਹੈ। ਉਹ ਕਹਿੰਦੇ ਹਨ ਕਿ ਝੂਠ ਬੋਲਣ ਨਾਲ ਆਦਮੀ ਦੀ ਸ਼ਖਸ਼ੀਅਤ ਬੌਣੀ ਹੋ ਜਾਂਦੀ ਹੈ। ਸੱਚ ਬੋਲਣ ਨਾਲ ਆਦਮੀ ਦੀ ਸ਼ਖਸ਼ੀਅਤ ਨਿਖਰਦੀ ਅਤੇ ਤਾਕਤਵਰ ਹੁੰਦੀ ਹੈ। ਚੰਗਾ ਆਦਮੀ ਹਮੇਸ਼ਾ ਸੱਚ ਬੋਲਦਾ ਹੈ। ਆਸਤਕ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਕਿਸੇ ਮਹਾਰਾਜ ਦੀਆਂ ਸੌਹਾਂ ਖਾਂਦੇ ਹਨ ਜਦੋਂਕਿ ਨਾਸਤਕ ਨੂੰ ਕੋਈ ਸੌਂਹ ਖਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਆਸਤਕ ਮਾਪੇ ਬੱਚਿਆਂ ਨੂੰ ਮਨੋਕਲਪਿਤ ਕਰਾਮਾਤੀ ਕਹਾਣੀਆਂ ਸੁਣਾਉਂਦੇ ਹਨ ਪਰ ਨਾਸਤਕ ਮਾਪੇ ਹਮੇਸ਼ਾ ਬੱਚਿਆਂ ਨੂੰ ਗੈਰ ਕੁਦਰਤੀ ਵਰਤਾਰੇ ਤੋਂ ਸਾਵਧਾਨ ਕਰਦੇ ਹਨ। ਉਹ ਬੱਚਿਆਂ ਨੂੰ ਵਾਰ-ਵਾਰ ਇੱਕੋ ਪਾਠ ਕਰਨ ਜਾਂ ਨਾਮ ਜਪਣ ਦੀ ਸਲਾਹ ਦੇਣ ਦੀ ਬਜਾਏ ਕੰਮ ਕਰਨ ਅਤੇ ਸਖਤ ਮਿਹਨਤ ਕਰਨ ਦੀ ਸਿੱਖਿਆ ਦਿੰਦੇ ਹਨ। ਉਸਾਰੂ ਸਮਾਜ ਸਿਰਜਣ ਦੀ ਪ੍ਰੇਰਨਾ ਦਿੰਦੇ ਕਹਿੰਦੇ ਹਨ, “ਸਹਾਰਾ ਕਿਸ ਤੋਂ ਮੰਗਦੇ ਹੋ, ਸਹਾਰਾ ਕੌਣ ਦਿੰਦਾ ਹੈ, ਇਹ ਤਾਂ ਇੱਕ ਸੁਪਨਾ ਹੈ, ਭਲਾ ਸੁਪਨਾ ਉਧਾਰਾ ਕੋਣ ਦਿੰਦਾ ਹੈ?”
ਅਮਰਜੀਤ ਢਿੱਲੋਂ
ਦਬੜ•ੀਖਾਨਾ ਵਾਇਆ ਬਾਜਾਖਾਨਾ ਪਿੰਨ ਕੋਡ 151205
94171-20427
ਈ. ਮੇਲ ਐਡਰੈਸ :-
bajakhanacity0gmail.com

ਭਗਤ ਸਿੰਘ ਜੰਮੇ ਤਾਂ ਜ਼ਰੂਰ ਪਰ. . . .

ਅਮਰਜੀਤ ਢਿੱਲੋਂ
'ਸਮਾਜ ਦੀ ਖਾਤਿਰ ਕੁਰਬਾਨ ਹੋਣ ਵਾਲੇ ਸ਼ਹੀਦ ਭਗਤ ਸਿੰਘ ਵਰਗੇ ਸੂਰਮੇਂ ਜੰਮਣ ਤਾਂ ਜ਼ਰੂਰ, ਪਰ ਜੰਮਣ ਗਵਾਂਢੀਆਂ ਦੇ ਘਰ।' ਅਜੋਕੀ ਮਾਨਸਿਕਤਾ ਇਸ ਕਿਸਮ ਦੀ ਬਣੀ ਹੋਈ ਹੈ। ਸਭ ਆਪਣੇ ਬੱਚਿਆਂ ਨੂੰ ਡਾਲਰ ਕਮਾਉਣ ਵਾਲੀਆਂ ਮਸ਼ੀਨਾ 'ਚ ਤਬਦੀਲ ਕਰ ਰਹੇ ਹਨ। ਜਦ ਕੋਈ ਆਦਮੀ ਭਗਤ ਸਿੰਘ ਦੇ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕਰਨ ਲੱਗਦਾ ਹੈ ਤਾਂ ਪਰਿਵਾਰ ਵਾਲੇ ਕਹਿੰਦੇ ਹਨ, ਛੱਡ ਪਰ•ੇ, ਆਪਾ ਕੀ ਲੈਣਾ। ਅੱਜ ਸਮਾਜ 'ਚ ਬੇਹੱਦ ਗੰਧਲਾਪਣ ਹੈ। ਕੁਰੀਤੀਆਂ, ਅੰਧ ਵਿਸ਼ਵਾਸ਼, ਭੈੜੀਆਂ ਰਸਮਾਂ, ਜ਼ਹਿਰੀਲਾ ਵਾਤਾਵਰਣ ਸਾਡੇ ਚਾਰ ਚੁਫੇਰੇ ਫੈਲ ਰਿਹਾ ਹੈ। ਅਸੀਂ ਸੱਭ ਦੇਖ ਕੇ ਅਣਡਿੱਠ ਕਰ ਰਹੇ ਹਾਂ। ਮਨੁੱਖ ਇੱਕ ਸਮਾਜਿਕ ਪਰਾਣੀ ਹੈ। ਦੂਸਰੇ ਜਾਨਵਰਾਂ ਤੋਂ ਇਹ ਇਸੇ ਲਈ ਵੱਖਰਾ ਹੈ ਕਿ ਇਸ ਕੋਲ ਸਮਾਜਿਕ ਸੋਝੀ ਹੈ। ਜਾਨਵਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਸ ਦੇ ਕਿੱਲੇ 'ਤੇ ਖੜ•ੇ ਹਨ। ਜਿਹੜੇ ਮਨੁੱਖ ਜਾਨਵਰਾਂ ਵਾਂਗ ਹੀ ਜੰਮਦੇ, ਵੱਡੇ ਹੁੰਦੇ, ਬੱਚੇ ਪੈਦਾ ਕਰਦੇ, ਖਾਂਦੇ ਪੀਂਦੇ ਅਤੇ ਬਿਨਾ ਕਿਸੇ ਸਮਾਜਿਕ ਯੋਗਦਾਨ ਦੇ ਮਰ ਜਾਂਦੇ ਹਨ, ਉਨ•ਾਂ ਤੇ ਜਾਨਵਰਾਂ 'ਚ ਬਹੁਤਾ ਫਰਕ ਨਹੀਂ ਹੁੰਦਾ। ਕੁਝ ਲੋਕ ਕਹਿੰਦੇ ਹਨ 'ਉਹ ਤਾਂ ਜੀ ਸੈਲਫ ਮੇਡ ਹਨ। ਭਾਵ ਜੋ ਵੀ ਉਹ ਹਨ ਉਹ ਆਪਣੇ ਬਣੇ ਹਨ। ਇੱਥੇ ਉਹ ਬਹੁਤ ਵੱਡਾ ਟੱਪਲਾ ਖਾ ਜਾਂਦੇ ਹਨ। ਉਹ ਭੁੱਲ ਜਾਂਦੇ ਹਨ ਕਿ ਉਨ•ਾਂ ਸਿਰ ਮਾਂ, ਬਾਪ, ਭੈਣ-ਭਰਾ, ਆਂਢ-ਗੁਵਾਂਢ, ਦੋਸਤ ਮਿੱਤਰ, ਅਧਿਆਪਕਾਂ ਅਤੇ ਅਨੇਕਾਂ ਹੋਰਾਂ ਦੇ ਕਰਜ ਹਨ। ਉਹ ਦੁਪਹਿਰ ਦੀ ਲੰਮੀ ਵਾਟ ਤੈਅ ਕਰਕੇ ਉਨ•ਾਂ ਬਿਰਖਾਂ ਦਾ ਧੰਨਵਾਦ ਕਰਨਾ ਭੁੱਲ ਜਾਂਦੇ ਹਨ, ਜਿਨ•ਾਂ ਦੀ ਛਾਵੇਂ ਬੈਠ ਬੈਠ ਕੇ ਉਨ•ਾਂ ਨੇ ਲੰਮਾ ਪੈਂਡਾ ਤੈਅ ਕੀਤਾ ਸੀ।
ਤੁਹਾਡੇ ਪਿੰਡ ਉੱਚੀ ਆਵਾਜ਼ 'ਚ ਲਾਊਡ ਸਪੀਕਰ ਵੱਜ ਰਹੇ ਹਨ। ਚੇਲੇ ਤਾਂਤਰਿਕ ਅੰਧ-ਵਿਸ਼ਵਾਸ਼ ਫੈਲਾ ਰਹੇ ਹਨ। ਜਲ ਵਾਯੂ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਤੁਸੀਂ ਦੁਖੀ ਤਾਂ ਹੋ ਪਰ ਇਹ ਸਭ ਹਟਾਉਣ ਲਈ ਕਿਸੇ ਹੋਰ ਦੀ ਉਡੀਕ ਕਰਦੇ ਹੋ। ਭ੍ਰਿਸ਼ਟਾਚਾਰ, ਮਹਿੰਗਾਈ, ਜਬਰਜ਼ੁਲਮ ਦੇ ਖਿਲਾਫ ਬੋਲਣ ਲਈ ਤੁਸੀਂ ਕਿਸੇ ਭਗਤ ਸਿੰਘ ਦੀ ਉਡੀਕ ਤਾਂ ਕਰਦੇ ਹੋ ਪਰ ਖੁਦ ਕੁਝ ਨਹੀਂ ਕਰਨਾ ਚਾਹੁੰਦੇ। ਇੱਕ ਸਮਾਜ ਸੇਵੀ ਵਿਅਕਤੀ ਨੇ ਦੱਸਿਆ ਕਿ ਉਸ ਨੇ ਸਿਹਤ ਵਿਭਾਗ ਦੀ ਮੱਦਦ ਨਾਲ 20 ਸਾਲ ਪਿੰਡ ਦੇ ਆਵਾਰਾ ਕੁੱਤੇ ਮਰਵਾ ਕੇ ਦੱਬੇ। ਪਰ ਦੋ ਕੁ ਬੰਦਿਆਂ ਤੋਂ ਬਿਨਾਂ ਕੋਈ ਵੀ ਉਸ ਨਾਲ ਨਹੀਂ ਸੀ ਤੁਰਦਾ। ਹੁਣ ਜਦ ਮੇਨਕਾ ਗਾਂਧੀ ਨੇ ਆਵਾਰਾ ਕੁੱਤੇ ਨਾ ਮਾਰਨ ਦਾ ਕਾਨੂੰਨ ਬਣਾਵਾ ਦਿੱਤਾ ਤਾਂ ਪਿੰਡ 'ਚ ਆਵਾਰਾ ਕੁੱਤਿਆਂ ਦੀਆਂ ਹੇੜਾਂ ਫਿਰਦੀਆਂ ਹਨ। ਹੁਣ ਲੋਕ ਉਸ ਵਿਅਕਤੀ ਕੋਲ ਆ ਕੇ ਕਹਿੰਦੇ ਹਨ 'ਬਾਈ ਜੀ ਆਵਾਰਾ ਕੁੱਤੇ ਮਰਵਾਉਣ ਦਾ ਪ੍ਰਬੰਧ ਕਰੋ, ਅਸੀਂ ਤੁਹਾਡੇ ਨਾਲ ਲਗਾਂਗੇ।' ਹੁਣ ਕਾਨੂੰਨ ਕਾਰਨ ਉਸ ਵਿਅਕਤੀ ਦੇ ਹੱਥ ਖੜ•ੇ ਹਨ। ਉਹੀ ਵਿਅਕਤੀ ਗੁਰਦੁਆਰੇ ਦੀ ਲਾਊਡ ਸਪੀਕਰ ਦੀ ਉੱਚੀ ਅਵਾਜ ਬੰਦ ਕਰਵਾਉਣ ਲਈ 10 ਸਾਲ ਕਾਨੂੰਨੀ ਲੜਾਈ ਲੜਦਾ ਹੈ। ਸਾਰੇ ਉਸ ਨੂੰ ਨਾਸਤਿਕ ਕਹਿ ਕੇ ਭੰਡਦੇ ਹਨ। ਜਦ ਉਹ ਆਪਣੀ ਲੜਾਈ ਜਿੱਤਣ 'ਚ ਸਫਲ ਹੋ ਗਿਆ ਤਾਂ ਹੁਣ ਪਿੰਡ ਦੇ ਲੋਕ ਕਹਿ ਰਹੇ ਹਨ 'ਆਹ ਤਾਂ ਵਧੀਆ ਹੋ ਗਿਆ, ਗੁਰਦੁਆਰੇ ਵਾਲੇ ਵੀ ਖੁਸ਼ ਹਨ, ਕਿਉਂਕਿ ਸਪੀਕਰ ਦੀ ਅਵਾਜ਼ ਬੰਦ ਹੋ ਜਾਣ ਕਾਰਨ ਗੁਰਦਵਾਰੇ ਜਾਣ ਵਾਲਿਆਂ ਦੀ ਗਿਣਤੀ ਵੱਧ ਗਈ ਹੈ। ਜ਼ਹਿਰੀਲੇ ਭੋਜਨ ਅਤੇ ਆਬੋ ਹਵਾ ਕਾਰਨ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਲੋਕ ਧੜਾ-ਧੜ ਮਰ ਰਹੇ ਹਨ। ਕੁਝ ਸਮਾਜ ਸੇਵੀ ਜੱਥੇਬੰਦੀਆਂ ਨੇ ਇਸ ਪਾਸੇ ਸੰਘਰਸ਼ ਵਿੱਢਿਆ ਹੋਇਆ ਹੈ। ਅੱਜ ਬੇਸ਼ੱਕ ਇਨ•ਾਂ ਨਾਲ ਥੋੜ•ੇ ਲੋਕ ਹਨ ਪਰ ਹੌਲੀ-ਹੌਲੀ ਇਹ ਕਾਫਿਲਾ ਲੰਬਾ ਹੁੰਦਾ ਜਾਵੇਗਾ। ਵਣ ਬਚਾਓ ਅੰਦੋਲਨ ਦੇ ਮੋਹਰੀ ਸੁੰਦਰ ਲਾਲ ਬਹੁਗੁਣਾ ਨੂੰ ਕਿਸੇ ਵੇਲੇ ਭੰਡਿਆ ਜਾਂਦਾ ਸੀ ਪਰ ਅੱਜ ਉਸ ਨੂੰ ਪਦਮ ਵਿਭੂਸ਼ਨ ਸਨਮਾਨ ਮਿਲ ਰਹੇ ਹਨ। ਭਗਤ ਪੂਰਨ ਸਿੰਘ (ਪਿੰਗਲਵਾੜਾ) ਦਾ ਪਰਿਵਾਰ ਦਿਨੋ-ਦਿਨ ਵੱਡਾ ਹੋ ਰਿਹਾ ਹੈ। ਮੁਕਦੀ ਗੱਲ 'ਸਮਾਜ ਲਈ ਕੁਝ ਕਰੋਗੇ ਤਾਂ ਸਮਾਜ ਤੁਹਾਨੂੰ ਯਾਦ ਰੱਖੇਗਾ ਜੇ ਸਮਾਜ ਨੂੰ ਭੁਲਾ ਦਿਓਗੇ ਤਾਂ ਸਮਾਜ ਵੀ ਤੁਹਾਨੂੰ ਜਲਦੀ ਭੁੱਲ ਜਾਵੇਗਾ।

ਖੂਬਸੂਰਤੀ ਦੀ ਸਲਤਨਤ

ਅਮਰਜੀਤ ਢਿੱਲੋਂ
ਚਾਰਪਾਈ ਹਮੇਸ਼ਾ ਉਸੇ ਦੀ ਹੁੰਦੀ ਹੈ ਜਿਹੜਾ ਉਸ ਉਪਰ ਸੌਂ ਰਿਹਾ ਹੋਵੇ। ਕਈ ਵਾਰ ਜ਼ਿੰਦਗੀ ਜਿਉਣ ਲਈ ਜ਼ਿੰਦਗੀ 'ਚ ਕਿਸੇ ਗਲਤ ਫਹਿਮੀ ਦਾ ਹੋਣਾ ਵੀ ਜ਼ਰੂਰੀ ਹੁੰਦੀ ਹੈ ਪਰ ਅਸਲੀ ਜ਼ਿੰਦਗੀ ਉਹੀਓ ਹੁੰਦੀ ਹੈ। ਜਿਸ ਵਿੱਚ ਕਿਸੇ ਕਿਸਮ ਦੀ ਗਲਤ ਫਹਿਮੀ ਦੀ ਗੁੰਜ਼ਾਇਸ ਨਾ ਹੋਵੇ। ਕਈ ਵਾਰੀ ਇੱਕ ਨਜ਼ਰ ਦੀ ਵਾਕਫੀਅਤ ਹੀ ਸਾਲਾਂ ਦੀ ਵਾਕਫੀਅਤ ਨਾਲੋਂ ਵਧੇਰੇ ਵਿਸ਼ਵਾਸ਼ਜਨਕ ਹੋ ਸਕਦੀ ਹੈ। ਪੀੜ•ਾਂ ਦੇਣਾ ਜ਼ਾਲਮ ਦਿਲ ਦੀ ਨਿਸ਼ਾਨੀ ਹੈ। ਖੁਸ਼ੀ ਦੇਣਾ ਖੂਬਸੂਰਤੀ ਦੀ ਸਲਤਨਤ ਹੈ। ਅਸੀਂ ਹਮੇਸ਼ਾ ਕਿਸੇ ਨੂੰ ਦੇਖ ਕੇ ਇੰਜ ਮਹਿਸੂਸ ਕਰਦੇ ਹਾਂ ਜਿਵੇਂ ਕਿ ਪਹਿਲਾਂ ਮਿਲੇ ਹੋਈਏ ਦਰ ਅਸਲ ਅਸੀਂ ਕਿਸੇ ਨੂੰ ਵੀ ਮਿਲੇ ਨਹੀਂ ਹੁੰਦੇ ਕਿਉਂਕਿ ਅਸੀਂ ਤਾਂ ਮਿਲ ਕੇ ਵੀ ਅਜ਼ਨਬੀ ਰਹਿੰਦੇ ਹਾਂ। “ਜੇ ਕਦੇ ਮੈਂ ਖੁਦ ਨੂੰ ਮਿਲਿਆ ਕਿੱਦਾਂ ਆਵੇਗੀ ਪਹਿਚਾਣ, ਮੁੱਦਤ ਹੋਈ ਮੈਂ ਤਾਂ ਆਪਣੇ ਆਪ ਨੂੰ ਮਿਲਿਆ ਨਹੀਂ।” ਬਕੌਲ ਉਰਦੂ ਸ਼ਾਇਰ “ਸਾਰੀ ਉਮਰ ਗੁਜ਼ਾਰ ਦੀ ਖੁਦਾ ਕੀ ਤਲਾਸ਼ ਮੇਂ, ਆਪਣੀ ਨਾ ਕੀ ਤਲਾਸ਼ ਯਹੀ ਭੂਲ ਗਈ।” ਜਿਨ•ਾ ਪਾਸ ਦਿਲ ਦੀ ਦੌਲਤ ਹੁੰਦੀ ਹੈ ਉਸ ਦੇ ਨਾ ਖਰਚੇ ਜਾਣ ਦਾ ਦਰਦ ਸਿਰਫ ਉਹੀਓ ਜਾਣਦੇ ਹਨ। ਅੱਜ ਕੱਲ• ਅਸੀਂ ਬੱਚਿਆਂ ਨੂੰ ਪੈਸੇ ਕਮਾਉਣ ਵਾਲੀਆਂ ਇਹ ਬੌਣੀਆਂ ਸਖਸ਼ੀਅਤਾਂ ਦਿਲ ਦੀ ਦੌਲਤ ਤੋਂ ਸਖਣੀਆਂ ਹਨ। ਇਨ•ਾਂ 'ਚ ਸੰਵੇਦਨਸ਼ੀਲਤਾ ਨਹੀਂ। ਇਹ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ। ਸਮਾਜ ਨੂੰ ਉਸਾਰੂ ਸੋਚ ਵਾਲਾ, ਖੂਬਸੂਰਤ ਬਣਾਉਣ ਲਈ ਇਨ•ਾਂ 'ਚ ਚਿੰਤਾ ਬਿਲਕੁੱਲ ਹੀ ਨਹੀਂ। ਸਮਾਜ 'ਚ ਜੋ ਵੀ ਗਲਤ ਹੋ ਰਿਹਾ ਹੈ ਉਸ ਬਾਰੇ ਇਨ•ਾਂ ਦੇ ਮਨ 'ਚ ਕਿਸੇ ਕਿਸਮ ਦਾ ਗੁੱਸਾ ਨਹੀਂ। ਅਸੀਂ ਇਨ•ਾਂ ਨੂੰ ਭਾਣਾ ਮੰਨਣ ਵਾਲੇ, ਨਿਰਮੋਹੀ ਮਨੁੱਖ ਬਣਾ ਦਿੱਤਾ ਹੈ। ਸ਼ੋਰ ਪ੍ਰਦੂਸ਼ਣ ਚਰਮ ਸੀਮਾ 'ਤੇ ਪਹੁੰਚ ਚੁੱਕਿਆ ਹੈ। ਜਲ ਵਾਯੂ, ਵਾਤਾਵਰਣ ਪ੍ਰਦੂਸ਼ਣ ਕਾਰਨ ਧਰਤੀ ਬਦਸੂਰਤ ਹੋ ਰਹੀ ਹੈ। ਹਰਿਆਲੀ ਖਤਮ ਹੋ ਰਹੀ ਹੈ। ਨੌਜਵਾਨ ਨਸ਼ਿਆ 'ਚ ਗਲਤਾਨ ਹਨ। ਅੰਧ-ਵਿਸ਼ਵਾਸ਼ ਦਿਨੋਂ ਦਿਨ ਵੱਧ ਰਿਹਾ ਹੈ। ਪੁੱਛਾਂ ਦੇਣ ਵਾਲੇ ਚੇਲੇ, ਤਾਂਤਰਿਕ, ਡੇਰੇਦਾਰਾਂ ਦੀ ਫੌਜ ਵੱਧ ਰਹੀ ਹੈ। ਕੰਮ ਸੱਭਿਆਚਾਰ ਖਤਮ ਹੋ ਰਿਹਾ ਹੈ। ਵਿਹਲੜ ਮਨੁੱਖ, ਕਿਰਤੀਆਂ ਨੂੰ ਲੁੱਟਣ ਦੇ ਨਵੇਂ ਤੋਂ ਨਵੇਂ ਢੰਗ ਈਜਾਦ ਕਰ ਰਹੇ ਹਨ। ਪਰ ਬੌਣੀਆਂ ਸਖਸ਼ੀਅਤਾਂ ਕਹਿੰਦੀਆਂ ਹਨ 'ਚੱਲ ਹੋਊ, ਆਪਾਂ ਕੀ ਲੈਣਾ ਪਰ ਉਹ ਇਹ ਨਹੀਂ ਜਾਣਦੇ ਕਿ ਇਹ ਅੱਗ ਇੱਕ ਦਿਨ ਆਪਣੇ ਘਰ ਤੱਕ ਵੀ ਪਹੁੰਚ ਜਾਵੇਗੀ। ਇਹ ਜੋ ਰੌਲਾ ਗੌਲਾ ਤੈਥੋਂ ਅਜੇ ਤਾਂ ਪੈਂਦਾ ਦੂਰ, ਤੇਰੇ ਘਰ ਤੱਕ ਵੀ ਆ ਜਾਣੈ ਰਖੀਂ ਰਤਾ ਖਿਆਲ। ਕੀਟਨਾਸ਼ਕਾਂ, ਰਸਾਇਣਾਂ ਦੀ ਅੰਨ•ੀ ਵਰਤੋਂ, ਨਹਿਰਾਂ 'ਚ ਆ ਰਿਹਾ ਤੇਜ਼ਾਬੀ ਪਾਣੀ, ਦਿਨੋ-ਦਿਨ ਵੱਧ ਰਹੀਆਂ ਭਿਆਨਕ ਬਿਮਾਰੀਆਂ, ਕੈਂਸਰ ਦੇ ਉਸਰ ਰਹੇ ਹਸਪਤਾਲ, ਅਸੀਂ ਇਨ•ਾਂ ਤੋਂ ਅਛੂਤੇ ਕਿਵੇਂ ਰਹਿ ਸਕਦੇ ਹਾਂ। ਮਾਦਾ ਭਰੂਣ ਹੱਤਿਆ ਵਰਗੇ ਜ਼ਾਲਿਮ ਵਰਤਾਰੇ, ਦਾਜ ਜਿਹੀਆਂ ਭੈੜੀਆਂ ਕਰੀਤੀਆਂ ਇਹ ਸਭ ਸਾਡੀ ਸੋਚ ਦਾ ਹੀ ਤਾਂ ਹਿੱਸਾ ਹਨ। ਇਸ ਸਮਾਜ 'ਚ ਤੁਹਾਨੂੰ ਜ਼ਿੰਦਗੀ ਦੇਣ ਕੋਈ ਨਹੀਂ ਆਵੇਗਾ। ਇਹ ਸਭ ਤੁਹਾਡਾ ਆਪਣਾ ਹੀ ਜਤਨ ਹੈ। ਜੇ ਤੁਸੀਂ ਇਸ ਸਮਾਜ ਨੂੰ ਸੋਹਣਾ ਬਣਾਉਣ ਲਈ ਜਤਨ ਕਰਦੇ ਹੋ ਤਾਂ ਆਪਣੇ ਲਈ 'ਖੂਬਸੂਰਤੀ ਦੀ ਸਲਤਨਤ' ਸਿਰਜ ਸਕਦੇ ਹੋ।

ਸਮੇਂ ਦੀ ਮੁੱਖ ਲੋੜ-ਕੁਦਰਤੀ ਖੇਤੀ

ਅਮਰਜੀਤ ਢਿੱਲੋਂ
ਜ਼ਹਿਰ-ਮੁਕਤ ਕੁਦਰਤੀ ਖੇਤੀਸਮੇਂ ਦੀ ਮੁੱਖ ਜ਼ਰੂਰਤ ਹੈ। ਇਹ ਕੋਈ ਕੁਦਰਤੀ ਕਲਪਨਿਕ ਗੱਲਾਂ ਨਹੀਂ ਸਗੋਂ ਇਤਿਹਾਸਕ ਦਸਤਾਵੇਜ ਹੈ। 1959 'ਚ ਫੀਡੇਲ ਕਾਸਟਰੋ ਦੀ ਅਗਵਾਈ 'ਚ ਜਦ ਕਿਊਬਾ 'ਚ ਇਨਕਲਾਬ ਆਇਆ ਤਾਂ ਅਮਰੀਕਾ ਲਈ ਇਹ ਸਭ ਤੋਂ ਵੱਡੀ ਚੁਣੌਤੀ ਸੀ। ਉਸ ਦੀ ਬੁੱਕਲ 'ਚ ਵਸੇ ਇਸ ਦੇਸ਼ ਲਈ ਅਮਰੀਕਾ ਨੇ ਹਰ ਤਰ•ਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ। ਕਿਊਬਾ ਨੂੰ ਡੀਜ਼ਲ ਪੈਟਰੌਲ ਅਤੇ ਹੋਰ ਸਹਾਇਤਾ ਸੋਵੀਅਤ ਯੂਨੀਅਨ (ਰੂਸ) ਤੋਂ ਮਿਲਣ ਲੱਗੀ। 1990 'ਚ ਜਦ ਸੋਵੀਅਤ ਯੂਨੀਅਨ ਬਿਖਰ ਗਿਆ ਤਾਂ ਕਿਊਬਾ ਨੂੰ ਤੇਲ ਮਿਲਣਾ ਅਤੇ ਰਸਾਇਣਕ ਖਾਦਾਂ ਮਿਲਣੀਆਂ ਬੰਦ ਹੋ ਗਈਆਂ। ਫੀਡੇਲ ਕਾਸਟਰੋ ਨੇ ਲੋਕਾਂ ਨੂੰ ਪਹਿਲਾਂ ਵਾਲੀ ਬਲਦਾਂ ਨਾਲ ਰਵਾਇਤੀ ਖੇਤੀ ਕਰਨ ਲਈ ਪ੍ਰੇਰਿਆ। 1995 ਤੱਕ ਤਾਂ ਦੇਸ਼ 'ਚ ਅਨਾਜ ਦੀ ਥੁੜ• ਰਹੀ ਪਰ ਉਸ ਤੋਂ ਬਾਅਦ ਕਿਊਬਾ ਅਨਾਜ ਪੱਖੋਂ ਆਤਮ ਨਿਰਭਰ ਹੋ ਗਿਆ। ਸੰਨ 2001 ਤੋਂ ਬਾਅਦ ਉਹ ਅਨਾਜ ਬਾਹਰਲੇ ਮੁਲਕਾਂ ਨੂੰ ਭੇਜਣ ਲੱਗਾ। ਅੱਜ ਉਸ ਦਾ ਦੁਸ਼ਮਣ ਅਮਰੀਕਾ ਵੀ ਉਸ ਤੋਂ ਦੁੱਗਣੇ ਮੁੱਲ 'ਤੇ ਜ਼ਹਿਰ-ਰਹਿਤ ਅਨਾਜ ਦੀ ਮੰਗ ਕਰਦਾ ਹੈ। ਕਿਊਬਾ ਦੀ ਰਾਜਧਾਨੀ ਹਵਾਨਾ 'ਚ ਹੀ ਇਸ ਸਮੇਂ ਪੰਜ ਹਜ਼ਾਰ ਬਲਦਾਂ ਦੀ ਜੋੜੀ ਹੈ। ਕਿਊਬਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਰਸਾਇਣਕ ਖੇਤੀ ਦਾ ਬਦਲ ਸੰਭਵ ਹੈ। ਧਰਤੀ ਪਾਲਣਹਾਰ ਹੈ। ਇਸ ਨੂੰ ਰਸਾਇਣਕ ਖਾਦਾਂ ਦੇ ਨਸ਼ਿਆਂ 'ਤੇ ਲਾਉਣ ਦੀ ਬਜਾਏ ਜੇ ਇਸ 'ਚ ਭਰਪੂਰ ਮਾਤਰਾ 'ਚ ਜੈਵਿਕ ਮਾਤਾ ਪਾਇਆ ਜਾਵੇ ਤਾਂ ਇਸ ਤੋਂ ਅੱਜ ਨਾਲੋਂ ਚਾਰ ਗੁਣਾ ਵੱਧ ਤੱਕ ਝਾੜ ਲਿਾ ਜਾ ਸਕਦਾ ਹੈ। ਆਂਧਰਾ ਅਤੇ ਮਹਾਂਰਾਸ਼ਟਰ ਦੇ ਕਿਸਾਨਾ ਨੇ ਇਹ ਕ੍ਰਿਸ਼ਮਾ ਕਰਕੇ ਦਿਖਾਇਆ ਹੈ। ਆਂਧਰਾ 'ਚ 5 ਲੱਖ ਹੈਕਟੇਅਰ 'ਤੇ ਕੁਦਰਤੀ ਖੇਤੀ ਹੋ ਰਹੀ ਸੀ ਪਰ ਪਿਛਲੇ ਸਾਲ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉੱਥੋਂ ਦੀਆਂ ਸਮਾਜਸੇਵੀ ਸੰਸਥਾਵਾਂ ਲਈ 282 ਕਰੋੜ ਦੀ ਰਕਮ ਜਾਰੀ ਕਰਕੇ ਇਹ ਰਕਬਾ 30 ਲੱਖ ਏਕੜ ਕਰਨ ਲਈ ਕਿਹਾ ਹੈ। ਜੂਨ 2007 'ਚ ਪੰਜਾਬ 'ਚੋਂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾ ਦਾ ਵਫਦ ਵਾਰਧਾ (ਮਹਾਂਰਾਸ਼ਟਰ) ਦੇ ਪਿੰਡ ਡੋਰਲੀ ਪਹੁੰਚਿਆ। ਉੱਥੇ ਕੁਦਰਤੀ ਖੇਤੀ ਕਰ ਰਹੇ ਸੁਭਾਸ਼ ਸ਼ਰਮਾ ਦਾ ਸਬਜ਼ੀ ਫਾਰਮ ਦੇਖਿਆ ਜਿੱਥੇ ਇੱਕ ਪੇਠਾ 47 ਕਿਲੋ ਦਾ ਸੀ। ਸ਼ਰਮਾ ਨੇ ਦੱਸਿਆ ਕਿ ਸਬਜ਼ੀ ਮੰਡੀ ਉਸ ਦੀ ਸਬਜ਼ੀ ਨੂੰ ਲੋਕ ਉਡੀਕਦੇ ਹਨ ਅਤੇ ਇਹ ਵਿਕਦੀ ਵੀ ਮਹਿੰਗੇ ਭਾਅ ਹੈ। ਟਰੈਕਟਰ ਉਸ ਨੇ ਸਿਰਫ ਸਬਜ਼ੀ ਢੋਣ ਲਈ ਰੱਖਿਆ ਹੈ। ਦੋ ਬਲਦਾਂ ਨਾਲ 30 ਏਕੜ ਦੀ ਖੇਤੀ ਕਰ ਰਿਹਾ ਹੈ। ਬਲਦ ਵੀ ਤਿੰਨ ਹਲ ਲੈ ਕੇ ਬੜੇ ਆਰਾਮ ਨਾਲ ਉਗਾਲੀ ਕਰਦੇ ਤੁਰੇ ਜਾਂਦੇ ਹਨ। ਧਰਤੀ ਰੇਸ਼ਮ ਵਰਗੀ ਕੂਲੀ ਤੇ ਪੋਲੀ ਹੈ। ਅਸੀਂ ਝੋਨੇ ਲਈ ਕੱਦੂ ਕਰਕੇ ਪੰਜਾਬ ਦੀ ਧਰਤੀ ਨੂੰ ਪੱਥਰ ਬਣਾ ਦਿੱਤਾ ਹੈ। ਸਾਡੀ ਧਾਰਨਾ ਹੈ ਕਿ ਇੱਕ ਵਾਰੀ ਵਾਹ ਬੀਜ਼ ਕੇ ਬਲਦ ਵਿਹਲੇ ਖੜ•ੇ ਰਹਿੰਦੇ ਹਨ ਜੋ ਕਿ ਮੁਢੋਂ ਹੀ ਗਲਤ ਹੈ। ਬਲਦ ਤਾਂ ਪੱਠੇ ਖਾ ਕੇ ਉਨੇ ਮੁੱਲ ਦੀ ਖਾਦ ਵੀ ਦਿੰਦੇ ਹਨ ਪਰ 6-7 ਲੱਖ ਦਾ ਟਰੈਕਟਰ ਰਾਤ ਦਿਨ ਵਿਆਜ ਪੁਆਈ ਜਾਂਦਾ ਹੈ। ਖੇਤੀ ਮਾਹਿਰ ਕਹਿੰਦੇ ਹਨ ਕਿ ਟਰੈਕਟਰ ਸਾਲ 'ਚ ਇੱਕ ਹਜ਼ਾਰ ਘੰਟਾ ਚਲੇ ਤਾਂ ਆਪਣੀ ਕਿਸ਼ਤ ਮੋੜਦਾ ਹੈ। ਪਰ ਸਾਡੇ ਤਾਂ 100 ਘੰਟਾ ਚੱਲ ਕੇ ਖੜ• ਜਾਂਦਾ ਹੈ। ਫਿਰ ਟਰੈਕਟਰ ਦਾ ਡੀਜ਼ਲ ਦਾ ਤੇ ਹੋਰ ਖਰਚਾ ਵੀ ਹੈ। ਬਲਦ ਤਾਂ ਵਿਚਾਰੇ ਪੱਠਾ ਟੋਕਰਿਆਂ ਦਾ ਹੀ ਖਾਂਦੇ ਹਨ। ਕੁਦਰਤੀ ਖੇਤੀ ਦੇ ਅਲੰਬਰਦਾਰ ਸ੍ਰੀ ਸੁਭਾਸ਼ ਪਾਲੇਕਰ ਕਹਿੰਦੇ ਹਨ ਕਿ ਇੱਕ ਦੇਸੀ ਗਾਂ ਨਾਲ ਤੀਹ ਏਕੜ ਖੇਤੀ ਕੀਤੀ ਜਾ ਸਕਦੀ ਹੈ। ਦੇਸੀ ਗਾਂ ਦੇ ਕਿਉਂਕਿ ਬੰਨ (ਘੁਆਂਟ) ਹੁੰਦੀ ਹੈ। ਇਹ ਧੁੱਪੇ ਖੜ•ਦੀ ਹੈ। ਸੂਰਜ ਦੀਆਂ ਕਿਰਨਾਂ ਰਾਹੀਂ ਇਸ ਦੇ ਗੋਹੇ 'ਚ ਖਰਬਾਂ ਸੂਖਮ ਜੀਵ ਪੈਦਾ ਹੋ ਜਾਂਦੇ ਹਨ। ਇਸ ਦਾ 10 ਕਿਲੋ ਗੋਹਾ, 10 ਕਿਲੋ ਮੂਤਰ ਵਿੱਚ ਦੋ ਕਿਲੋ ਗੁੜ ਅਤੇ ਦੋ ਕਿਲੋ ਬੇਸਣ ਪਾਉਣ ਨਾਲ 7 ਦਿਨਾ 'ਚ ਜੀਵ ਅੰਮ੍ਰਿਤ ਤਿਆਰ ਹੋ ਜਾਂਦਾ ਹੈ ਜੋ ਕਿ ਇੱਕ ਏਕੜ 'ਚ ਇੱਕ ਮਹੀਨੇ ਲਈ ਕਾਫੀਹੈ। ਇਹ ਜੀਵ ਅੰਮ੍ਰਿਤ ਸ਼ਰਾਬ ਦੀ ਲਾਹਣ ਵਾਂਗ ਉਫਨ-ਉਫਨ ਕਿ ਤਿਆਰ ਹੁੰਦਾ ਹੈ। ਇਸ ਦੇ ਖਰਬਾਂ ਜੀਵ ਜਦ ਖੇਤ 'ਚ ਜਾਂਦੇ ਹਨ ਤਾਂ ਖੇਤ 'ਚ ਕਾਫੀ ਡੂੰਘਾਈ ਤੇ ਸਮਾਧੀ ਲਾਈ ਬੈਠੇ ਗੰਡੋਏ ਕ੍ਰਿਆਸ਼ੀਲ ਹੋ ਜਾਂਦੇ ਹਨ। ਇੱਕ ਏਕੜ 'ਚ ਗੰਡੋਇਆਂ ਦੀ ਗਿਣਤੀ ਢਾਈ ਤੋਂ ਤਿੰਨ ਲੱਖ ਹੁੰਦੀ ਹੈ। ਇੱਕ ਗੰਡੋਆ ਦਿਨ 'ਚ 10-12 ਵਾਰੀ ਚਾਰ ਪੰਜ ਫੁੱਟ ਹੇਠਾਂ ਜਾ ਕੇ ਉੱਪਰ ਆਉਂਦਾ ਹੈ। ਇਸ ਤਰ•ਾਂ ਜਿੱਥੇ ਧਰਤੀ ਦੇ ਮੁਸਾਮ ਖੁੱਲ•ਦੇ ਹਨ ਉੱਥੇ ਗੰਡੋਆ ਧਰਤੀ ਹੇਠਲੇ ਜ਼ਰੂਰੀ ਖਣਿਜ ਪਦਾਰਥ ਵੀ ਉੱਪਰ ਲਿਆਉਂਦਾ ਰਹਿੰਦਾ ਹੈ। ਕੁਦਰਤੀ ਖੇਤੀ ਦਾ ਦੂਜਾ ਮੁੱਖ ਅੰਗ ਹਨ ਰੁੱਖ ਅਤੇ ਪੰਛੀ। ਪੰਛੀ ਨੁਕਸਾਨਦਾਇਕ ਸੁੰਡੀਆਂ ਖਾਂਦੇ ਹਨ ਜਿਸ ਨਾਲ ਫਸਲ ਤੇ ਕੀਟਨਾਸ਼ਕਾਂ ਦੀ ਜ਼ਰੂਰਤ ਨਹੀਂ ਰਹਿੰਦੀ। ਜੇ ਫਿਰ ਵੀ ਦੁਸ਼ਮਣ ਕੀੜੇ ਵੱਧ ਜਾਣ ਤਾਂ ਨਿੰਮ ਦੇ ਰੁੱਖ ਦੇ ਪੱਤਿਆਂ ਅਤੇ ਨਿਮੋਲੀਆਂ ਤੋਂ ਬਣਿਆ ਕਾਹੜਾ ਇਨ•ਾਂ ਨੂੰ ਕੰਟਰੋਲ ਕਰ ਲੈਂਦਾ ਹੈ। ਅੱਜ ਕਾਹਲੀ ਨਾਲ ਅਮੀਰ ਬਣਨ ਅਤੇ ਪੈਸਾ ਕਮਾਉਣ ਦੀ ਅੰਨ•ੀ ਹੋੜ• 'ਚ ਕਿਸਾਨ ਖੇਤੀ ਯੂਨੀਵਰਸਿਟੀ ਦੀ ਸਿਫਾਰਸ਼ ਨਾਲੋਂ ਵੀ ਕਈ ਗੁਣਾ ਵੱਧ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਵਰਤ ਰਹੇ ਹਨ। ਜਲਵਾਯੂ, ਅਨਾਜ, ਸਬਜ਼ੀਆਂ ਸਭ ਜ਼ਹਿਰੀਲੇ ਹੋ ਚੁਕੇ ਹਨ। ਇਹ ਜ਼ਹਿਰ ਮਾਤਾ ਦੇ ਦੁੱਧ ਤੱਕ ਪਹੁੰਚ ਗਿਆ ਹੈ। ਜਮਾਂਦਰੂ ਜ਼ਹਿਰੀਲਾ ਦੁੱਧ ਚੁੰਘਣ ਕਾਰਨ ਮੰਦ ਬੁੱਧੀ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਝਾੜ ਵੱਧਣ ਦੇ ਨਾਲ-ਨਾਲ ਕਿਸਾਨ ਖੁਦਕਸ਼ੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਕਰਜ਼ੇ ਦੀ ਪੰਡ ਵੀ ਭਾਰੀ ਹੋ ਰਹੀ ਹੈ। ਆਖਿਰ ਕਿਉਂ? ਕਿਉਂਕਿ ਕਿਸਾਨ ਆਪਣੇ ਲਈ ਕਮਾਈ ਨਹੀਂ ਕਰ ਰਿਹਾ। ਉਹ ਕੈਂਸਰ ਹਸਪਤਾਲਾਂ ਦੇ ਡਾਕਟਰਾਂ, ਖੇਤੀ ਮਸ਼ੀਨਰੀ ਅਤੇ ਕੀਟਨਾਸ਼ਕ,ਰਸਾਇਣਕ ਖਾਦਾਂ ਵਾਲੀਆਂ ਬਹੁਕੌਮੀ ਕੰਪਨੀਆਂ ਲਈ ਕਮਾਈ ਕਰ ਰਿਹਾ ਹੈ। ਸੁਭਾਸ਼ਪਾਲੇਕਰ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਅਸੀਂ ਸਭ ਗਧੇ ਹਾਂ ਜੋ ਹੋਰਾਂ ਲਈ ਭਾਰ ਢੋਅ ਰਹੇ ਹਾਂ।

ਆਪਣੀ ਤਲਾਸ਼ ਵਿੱਚ

ਅਮਰਜੀਤ ਢਿੱਲੋਂ
ਇੱਕ ਵਾਰ ਘਰੇ ਮੁਰਗੇ ਦੀ ਦਾਲ (ਪਿੰਡਾਂ 'ਚ ਇੰਜ ਹੀ ਕਹਿੰਦੇ ਐ) ਬਣਾ ਰਿਹਾ ਸਾਂ ਕਿ ਮੇਰਾ ਇੱਕ ਅੰਮ੍ਰਿਤਧਾਰੀ ਰਿਸ਼ਤੇਦਾਰ ਆ ਗਿਆ। ਵਾਰਤਾਲਾਪ ਇਉਂ ਸ਼ੁਰੂ ਹੋਈ। ਕਾਹਦੀ ਸਬਜ਼ੀ ਬਣਾ ਰਹੇ ਹੋ? Îਮੁਰਗੇ ਦੀ, ਮੈਂ ਕਿਹਾ! ਇਹ ਤਾਂ ਬਹੁਤ ਮਾੜੀ ਗੱਲ ਹੈ ਜੀ। ਪਾਪ ਹੁੰਦੈ! ਅਗਲੇ ਜਨਮ 'ਚ ਭੁਗਤਣਾ ਪੈਂਦੈ। ਮੈਂ ਕਿਹਾ ਇਹ ਤਾਂ ਮਨੁੱਖ ਦੀ ਖੁਰਾਕ ਹੈ। ਵੈਸੇ ਵੀ ਹਰ ਛੋਟੇ ਜੀਵ ਨੂੰ ਵੱਡੇ ਜੀਵ ਛੱਕ ਰਹੇ ਐ। ਜੇ ਮਨੁੱਖ ਮੁਰਗੇ ਨਾ ਖਾਣ ਤਾਂ ਇਨ•ਾਂ ਨੂੰ ਬਿੱਲੀਆਂ ਨੇ ਖਾ ਜਾਣੈ। ਭਾਈ ਸਾਹਿਬ ਬਿੱਲੀਆਂ ਨੂੰ ਗਿਆਨ ਨਹੀਂ ਪਰ ਮਨੁੱਖ ਗਿਆਨਵਾਨ ਹੈ, ਉਹ ਸੱਜਣ ਬੋਲੇ। ਅੱਛਾ! ਜਿਸ ਨੂੰ ਗਿਆਨ ਨਾ ਹੋਵੇ ਉਸ ਨੂੰ ਪਾਪ ਨਹੀਂ ਲੱਗਦਾ।
ਹਾਂ ਜੀ, ਉਸ ਨੂੰ ਨਹੀਂ ਲੱਗਦਾ ਪਾਪ। ਫਿਰ ਭਾਈ ਸਾਹਿਬ ਮੈਂ ਤਾਂ ਆਪ ਅਗਿਆਨੀ ਹਾਂ। ਮੈਨੂੰ ਵੀ ਗਿਆਨ ਨਹੀਂ। ਗਿਆਨ ਨਹੀਂ ਤਾਂ ਗਿਆਨ ਪ੍ਰਾਪਤ ਕਰੋ ਜੀ। ਇਹ ਮਨੁੱਖਾਦੇਹੀ ਗਿਆਨ ਪ੍ਰਾਪਤ ਕਰਨ ਲਈ ਹੈ। “ਨਹੀਂ ਭਾਈ ਸਾਹਿਬ, ਮੈਂ ਤਾਂ ਅਗਿਆਨੀ ਹੀ ਚੰਗਾ। ਇਹੋ ਜਿਹੇ ਗਿਆਨ ਤੋਂ ਕੀ ਕਰਵਾਉਣੈ। ਜਿਸ ਨਾਲ ਬੰਦੇ ਦੇ ਮਨ 'ਚ ਡਰ ਪੈਦਾ ਹੋਵੇ। ਮਾਫ ਕਰਨਾ ਭਾਈ ਸਾਹਿਬ ! ਤੁਸੀਂ ਸਾਰੇ ਧਾਰਮਿਕ ਮਨੁੱਖ ਲੋਕਾਂ ਦੇ ਮਨ 'ਚ ਹਮੇਸ਼ਾ ਡਰ ਭਰਦੇ ਰਹਿੰਦੇ ਹੋ! ਅਸਲ ਵਿੱਚ ਜੇ ਮਨੁੱਖ ਦੇ ਮਨ 'ਚ ਡਰ ਨਾ ਹੋਵੇ ਤਾਂ ਸਾਰੀਆਂ ਧਾਰਮਿਕ ਦੁਕਾਨਾਂ ਹੀ ਫੇਲ• ਹੋ ਜਾਣ।” ਮੇਰਾ ਰਿਸ਼ਤੇਦਾਰ ਮੇਰੇ ਨਾਲ ਨਾਰਾਜ਼ ਹੋ ਕੇ ਚਲਾ ਗਿਆ ਪਰ ਮੇਰੇ ਮਨ 'ਚ ਇੱਕ ਅਜੀਬ ਜਿਹਾ ਸਵਾਲ ਛੱਡ ਗਿਆ ਕਿ ਗਿਆਨਵਾਨ ਮਨੁੱਖ ਭਟਕਦੇ ਕਿਉਂ ਹਨ? ਮੈਨੂੰ ਪ੍ਰੋ. Îਮੋਹਨ ਸਿੰਘ ਦੀ ਕਵਿਤਾ ' ਖਾਨਗਾਹੀਂ ਦੀਵਾ ਬਾਲਦੀਏ, ਚੇਤੇ ਆਈ। ਜਿਸ ਵਿੱਚ ਸ਼ਾਇਰ ਕਹਿੰਦਾ ਹੈ ਕਿ ਉਸ ਅੰਧ ਵਿਸ਼ਵਾਸੀ ਔਰਤ ਦੇ ਚਿਹਰੇ ਤੇ ਇੱਕ ਸੰਤੋਸ਼ ਦੀ ਝਲਕ ਹੈ। ਕਵੀ ਕਹਿੰਦਾ ਹੈ। ਪਰ ਪੜ•-ਪੜ• ਪੁਸਤਕ ਢੇਰ ਕੁੜੇ, ਮੇਰਾ ਵੱਧਦਾ ਜਾਏ, ਹਨੇ•ਰ ਕੁੜੇ। ਗੱਲ ਸੁਣਜਾ ਭਟਕੇ ਰਾਹੀਂ ਦੀ, ਇੱਕ ਚਿਣਗ ਮੈਨੂੰ ਵੀ ਚਾਹੀਦੀ।' ਕਵੀ ਇੱਥੇ ਇੱਕ ਨਿਸਚੈ 'ਵਿਸ਼ਵਾਸ਼' ਦੀ ਗੱਲ ਕਰ ਰਿਹਾ ਹੈ। “ਮੈਂ ਨਿਸਚੇ ਬਾਝੋਂ ਭਟਕ ਰਿਹਾ, ਜੰਨਤ ਦੋਜਖ ਵਿੱਚ ਲਟਕ ਰਿਹਾ।” ਗੱਲ ਮੁਰਗੇ ਦੀ ਦਾਲ ਤੋਂ ਸ਼ੁਰੂ ਹੋਈ ਸੀ। ਮੈਂ ਮੁਰਗਾ ਖਾਣ ਦੀ ਵਕਾਲਤ ਨਹੀਂ ਕਰ ਰਿਹਾ। ਇੱਕ ਨਿਸਚੇ ਦੀ ਗੱਲ ਕਰ ਰਿਹਾ ਹਾਂ। ਵੱਡੇ-ਵੱਡੇ ਤਰਕਸ਼ੀਲ ਵੀ ਨਿਸਚੇ ਤੋਂ ਬਿਨਾ ਅਕਸਰ ਡੋਲ ਜਾਂਦੇ ਹਨ। ਧਾਰਮਿਕ ਲੋਕ ਤਾਂ ਡੋਲਦੇ ਹੀ ਰਹਿੰਦੇ ਹਨ। ਇੱਕੋ ਪਾਠ ਨੂੰ ਵਾਰ-ਵਾਰ ਪੜ•ਦੇ ਹਨ ਪਰ ਅਮਲ ਨਹੀਂ ਕਰਦੇ। ਸੈਂਕੜੇ ਤੀਰਥ ਅਸਥਾਨਾਂ ਤੇ ਜਾਂਦੇ ਹਨ। ਜੇ ਨਿਸਚਾ ਹੋਵੇ ਤਾਂ ਉਹ ਗੁਰਬਾਣੀ ਦੀ ਇੱਕੋ ਤੁਕ ਨਾਲ ਹੀ ਸਾਰ ਸਕਦੇ ਹਨ 'ਮਨ ਮੰਦਰ, ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵੈ'। ਇਸ ਤੋਂ ਅੱਗੇ ਤਾਂ ਪੜ•ਨ ਸੁਨਣ ਦੀ ਕੋਈ ਜਰੂਰਤ ਹੀ ਨਹੀਂ ਰਹਿ ਜਾਂਦੀ। ਸ਼ਾਇਦ ਮਨੁੱਖ ਦੀ ਫਿਤਰਤ 'ਚ ਜਮਾਂਦਰੂ ਹੀ ਭਗੌੜਾਪਨ ਹੈ। ਉਹ ਮਿਰਗ ਦੀ ਤਰ•ਾਂ ਰੇਗਿਸਤਾਨ ਦੀ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਸਰਪਟ ਦੌੜਦਾ ਰਹਿੰਦਾ ਹੈ। ਬਕੌਲ ਸ਼ਾਇਰ “ਸਾਰੀ ਉਮਰ ਗੁਜ਼ਾਰਦੀ, ਖੁਦਾ ਕੀ ਤਲਾਸ਼ ਮੇ, ਅਪਨੀ ਨਾ ਕੀ ਤਲਾਸ਼ ਯਹੀ ਭੂਲ ਹੋ ਗਈ।”
ਅਮਰਜੀਤ ਢਿੱਲੋਂ
Ê ਦਬੜ•ੀਖਾਨਾ ਵਾਇਆ ਬਾਜਾਖਾਨਾ ਪਿੰਨ ਕੋਡ 151205
94171-20427

ਮਿਰਤਕ ਵੀ ਕਈ ਕਾਜ ਸਵਾਰੇ

ਅਮਰਜੀਤ ਢਿੱਲੋਂ
ਆਮ ਤੌਰ 'ਤੇ ਮਿਰਤਕ ਸਰੀਰ ਬਾਰੇ ਕਿਹਾ ਜਾਂਦਾ ਹੈ ਕਿ ਇਹ ਤਾਂ ਮਿੱਟੀ ਹੈ, ਇਹ ਨੂੰ ਜਿਵੇਂ ਮਰਜੀ ਕਿਉਂਟ ਦਿਓ ਅਤੇ ਇਹ ਵੀ ਕਿ ਤੇਰਾ ਚੰਮ ਨਹੀਂ ਕਿਸੇ ਕੰਮ ਆਉਂਣਾ, ਪਸ਼ੂਆਂ ਦੇ ਹੱਡ ਵਿਕਦੇ। ਪਰ ਮਿਰਤਕ ਸਰੀਰ ਮਿੱਟੀ ਨਹੀਂ, ਮੈਡੀਕਲ ਖੋਜ ਵਾਸਤੇ ਇੱਕ ਅਨਮੋਲ ਹੀਰਾ ਹੁੰਦਾ ਹੈ। 15 ਸਿੱਖਿਅਤ ਡਾਕਟਰਾਂ ਲਈ ਇੱਕ ਮਿਰਤਕ ਸਰੀਰ ਹੋਣਾ ਜਰੂਰੀ ਹੈ। ਪਰ ਸਾਡੇ ਦੇਸ਼ ਵਿੱਚ 50 ਸਿੱਖਿਅਤ ਡਾਕਟਰਾਂ ਦੇ ਹਿੱਸੇ ਮਸਾਂ ਇੱਕ ਮਿਰਤਕ ਮਨੁੱਖੀ ਸਰੀਰ ਹੀ ਆਉਂਦਾ ਹੈ। ਦਿਮਾਗੀ ਤੌਰ 'ਤੇ ਮਰ ਚੁੱਕਿਆ ਇੱਕ ਚੱਲਦੇ ਦਿਲ ਵਾਲਾ ਮਿਰਤਕ ਸਰੀਰ 8 ਮਨੁੱਖੀ ਜਾਨਾਂ ਬਚਾ ਸਕਦਾ ਹੈ। ਇਸ ਤਰ•ਾਂ ਇਸ ਦੀ ਕੀਮਤ ਕਿਸੇ ਵੀ ਤਰ•ਾਂ ਪੈਸਿਆਂ 'ਚ ਨਹੀਂ ਗਿਣੀ ਜਾ ਸਕਦੀ। ਪਹਿਲਾਂ ਗਿਆਨ ਦੀ ਘਾਟ ਕਾਰਨ ਹੀ ਕਿਹਾ ਜਾਂਦਾ ਸੀ ਕਿ “ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ”। ਪਰ ਅੱਜ ਇਹ ਧਾਰਨਾਵਾਂ ਗਲਤ ਸਾਬਤ ਹੋ ਗਈਆਂ ਹਨ।
25 ਜਨਵਰੀ 2009 ਤੋਂ ਚੈਨਈ ਦੀ ਇੱਕ ਖਬਰ ਅਨੁਸਾਰ ਤਿੰਨ ਸਾਲਾ ਬੱਚੀ ਵੱਲੋਂ ਤਿੰਨ ਜਣਿਆਂ ਨੂੰ ਜੀਵਨ ਦਾਨ ਦਿੱਤਾ ਗਿਆ। ਕੇਰਲਾ ਵਾਸੀ ਰੇਨਿਲਸਨ ਆਪਣੀ ਪਤਨੀ ਨਿਸ਼ਾ ਅਤੇ ਤਿੰਨ ਸਾਲਾ ਬੱਚੀ ਨਾਲ ਕਾਰ 'ਚ ਜਾ ਰਿਹਾ ਸੀ ਕਿ 20 ਜਨਵਰੀ ਨੂੰ ਬੰਗਲੌਰ 'ਚ ਕਾਰ ਹਾਦਸਾ ਗ੍ਰਸਤ ਹੋ ਗਈ। ਜਿਸ 'ਚ ਉਸ ਦੀਆਂ ਹੱਡੀਆਂ ਟੁੱਟ ਗਈਆਂ। ਪਤਨੀ ਨਿਸ਼ਾ ਮਾਰੀ ਗਈ ਅਤੇ ਬੱਚੀ ਤਮੰਨਾ ਦੀ ਦਿਮਾਗੀ ਮੌਤ ਹੋ ਗਈ। ਰੇਨਿਲਸਨ ਵੱਲੋਂ ਬੱਚੀ ਦਾ ਸਰੀਰ ਦਾਨ ਕਰ ਦਿੱਤਾ ਗਿਆ। ਡਾਕਟਰਾਂ ਵੱਲੋਂ ਦਿਲ ਰੋਗ ਤੋਂ ਪੀੜਤ 21 ਮਹੀਨੇ ਦੇ ਬੱਚੇ ਦੇ ਇਸ ਬੱਚੀ ਦਾ ਦਿਲ ਲਗਾ ਦਿੱਤਾ ਗਿਆ। ਉਸ ਦਾ ਜਿਗਰ ਚੇਨਈ ਦੇ ਇੱਕ ਢਾਈ ਸਾਲਾ ਬੱਚੇ ਦੇ ਲਾਇਆ ਗਿਆ ਅਤੇ ਗੁਰਦੇ 60 ਸਾਲਾ ਬਜੁਰਗ ਦੇ ਲਾਏ ਗਏ। ਇਸ ਤਰ•ਾਂ ਇਹ ਮਿਰਤਕ ਬੱਚੀ ਤਿੰਨ ਜਣਿਆਂ ਨੂੰ ਜੀਵਨ ਬਖਸ਼ ਗਈ। ਸੰਨ 2000 'ਚ ਚੇਨਈ ਦੇ ਸੀ.ਐਮ.ਸੀ. ਹਸਪਤਾਲ 'ਚ ਇੱਕ ਵਿਅਕਤੀ 40 ਸਾਲਾ ਬੋਥਨ ਜੀ ਫਿਲਿਪ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ ਸੀ। ਇਸੇ ਹਸਪਤਾਲ 'ਚ ਕੰਮ ਕਰਦੀ ਉਸ ਦੀ ਸਾਲੀ ਡਾ. ਐਮਨੀ ਦੇਵਸੀਆ ਨੇ ਬੋਥਨ ਦੀ ਮਾਂ ਸ੍ਰੀਮਤੀ ਰੋਜਾ ਫਿਲਿਪ ਨੂੰ ਪ੍ਰੇਰਿਤ ਕਰਕੇ ਬੋਥਨ ਦਾ ਸਰੀਰ ਦਾਨ ਕਰਵਾ ਦਿੱਤਾ। ਉਸ ਦਾ ਦਿਲ ਮਰਨ ਕਿਨਾਰੇ ਪਏ ਇੱਕ ਦਿਲ ਦੇ ਮਰੀਜ ਦੇ ਲਾ ਦਿੱਤਾ ਗਿਆ। ਦੋ ਵਿਅੱਕਤੀਆਂ ਦੇ ਉਸ ਦਾ ਇੱਕ ਇੱਕ ਗੁਰਦਾ ਲਗਾ ਦਿੱਤਾ ਗਿਆ। ਉਸ ਦੀਆਂ ਅੱਖਾਂ ਦੋ ਅੰਨ•ੈ ਵਿਅਕਤੀਆਂ ਦੇ ਲਗਾ ਦਿੱਤੀਆਂ ਗਈਆਂ। ਉਸ ਦੀ ਚਮੜੀ ਇੱਕ ਪੂਰੀ ਤਰ•ਾਂ ਸੜ ਚੁੱਕੇ ਆਦਮੀ ਦੇ ਲਾ ਕੇ ਉਸ ਨੂੰ ਬਚਾ ਲਿਆ। ਇਸ ਤਰ•ਾਂ ਉਹ ਛੇ ਵਿਅਕਤੀਆਂ ਨੂੰ ਜੀਵਨ ਦਾਨ ਦੇਣ ਵਾਲਾ ਬਣ ਗਿਆ।
ਸੰਨ 2000 'ਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ 14 ਮੈਂਬਰਾਂ ਨੇ ਕ੍ਰਿਸ਼ਨ ਬਰਗਾੜੀ ਅਤੇ ਐਡਵੋਕੇਟ ਅਵਤਾਰ ਗੋਂਦਾਰਾ ਦੀ ਅਗਵਾਈ 'ਚ ਸਰੀਰ ਦਾਨ ਕਰਨ ਲਈ ਫਰੀਦਕੋਟ ਕਚਹਿਰੀਆਂ 'ਚ ਫਾਰਮ ਭਰੇ (ਜਿਹਨਾਂ 'ਚ ਲੇਖਕ ਵੀ ਸ਼ਾਮਿਲ ਸੀ) 2002 'ਚ ਬਲੱਡ ਕੈਂਸਰ ਨਾਲ ਮੌਤ ਹੋ ਜਾਣ ਕਾਰਨ ਕ੍ਰਿਸ਼ਨ ਬਰਗਾੜੀ ਉੱਤਰੀ ਭਾਰਤ ਦਾ ਸਭ ਤੋਂ ਪਹਿਲਾ ਸਵੈ ਇੱਛਤ ਸਰੀਰਦਾਨੀ ਬਣਿਆ। ਤਰਕਸ਼ੀਲ ਵਿਚਾਰਾਂ ਵਾਲੇ ਲੋਕ ਹੁਣ ਤੱਕ 48 ਮਿਰਤਕ ਸਰੀਰ ਮੈਡੀਕਲ ਖੋਜ ਲਈ ਦਾਨ ਕਰ ਚੁੱਕੇ ਹਨ। ਪੰਜਾਬ 'ਚ ਹੁਣ ਇਹ ਇੱਕ ਲਹਿਰ ਦਾ ਰੂਪ ਧਾਰਨ ਕਰ ਗਈ ਹੈ। ਅਗਲੇ ਪਿਛਲੇ ਜਨਮਾਂ ਦੇ ਮਿੱਥਿਆ ਪ੍ਰਚਾਰ ਅਤੇ ਰੂਹਾਂ ਦੇ ਜੰਜਾਲ 'ਚੋਂ ਨਿਕਲ ਕੇ ਸਾਨੂੰ ਮਿਰਤਕ ਸਰੀਰ ਦਾਨ ਕਰਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਬਕੌਲ ਸ਼ਾਇਰ “ ਕਿ ਜਬ ਤੂੰ ਨਾ ਚੱਲ ਸਕੇ ਤੋਂ ਤੇਰੀ ਦਾਸਤਾਂ ਚਲੇ।”
ਅਮਰਜੀਤ ਢਿੱਲੋਂ
Ê ਦਬੜ•ੀਖਾਨਾ ਵਾਇਆ ਬਾਜਾਖਾਨਾ ਪਿੰਨ ਕੋਡ 151205
94171-20427

ਅੰਦਰਲੀ ਅੱਗ

ਅਮਰਜੀਤ ਢਿੱਲੋਂ
ਪੰਛੀ ਵਸੀਹਤਾਂ ਨਹੀਂ ਕਰਦੇ, ਬੱਦਲ ਆਹਲਣੇ ਨਹੀਂ ਪਾਉਂਦੇ। ਕੋਈ ਭਟਕੇ ਲੋਕਾਂ ਨੂੰ ਜਾ ਕੇ ਕਹੋ ਕਿ ਜ਼ਿੰਦਗੀ ਮੌਤ ਦੇ ਰਾਹੋਂ ਗੁਜ਼ਰਦੀ ਹੈ। ਦਾਨਿਸ਼ਵਰ ਇਹ ਵੀ ਕਹਿੰਦੇ ਹਨ ਕਿ ਸੂਰਜ ਨੂੰ ਜਾ ਕੇ ਕਹੋ, ਸਿਰਫ ਉਹ ਹੀ ਇਕੱਲਾ ਨਹੀਂ। ਉਹ ਹਰ ਕੋਈ ਇਕੱਲਾ ਹੈ, ਜਿਸ ਦੀ ਅੰਦਰਲੀ ਅੱਗ ਕਿਸੇ ਨੂੰ ਨੇੜੇ ਨਹੀਂ ਢੁਕਣ ਦਿੰਦੀ। ਆਪਣੀ ਅੰਦਰਲੀ ਅੱਗ ਬੁਝਾ ਦਿਓ, ਜਾਂ ਫਿਰ ਸੂਰਜ ਬਣਕੇ ਜੀਓ, ਕੱਲੇ ਕਾਰੇ। ਸੂਰਜ ਵਰਗੇ ਮਨੁੱਖ ਹਮੇਸ਼ਾ ਇਕੱਲੇ ਹੀ ਹੁੰਦੇ ਹਨ ਕਿਉਂਕਿ ਇੱਜੜ ਤਾਂ ਭੇਡਾਂ ਦਾ ਹੀ ਹੋਇਆ ਕਰਦਾ ਹੈ।
ਝੜੇ ਪੱਤਿਆ ਨੂੰ ਰੁੱਖ ਨਹੀਂ ਰੋਂਦੇ। ਚਾਹੇ ਉਹ ਹਰੇ ਹੀ ਕਿਉਂ ਨਾ ਹੋਣ। ਮਿੱਟੀ 'ਚੋਂ ਉੱਗੀ ਹਰਿਆਵਲ, ਆਖਿਰ ਮਿੱਟੀ ਵਿੱਚ ਕਿਰਦੀ ਹੈ। ਬੱਸ ਐਨੀ ਹੀ ਕਹਾਣੀ ਸਾਰੀ ਹੈ। ਜ਼ਿੰਦਗੀ ਨਿਰੰਤਰ ਜਾਰੀ ਹੈ। ਗੱਲ ਬੱਸ ਤੁਰਦੇ ਜਾਣ ਦੀ ਹੈ। ਜਿਧਰ ਦੀ ਵੀ ਲੰਘੋਗੇ, ਰਾਹ ਆਪਣੇ ਆਪ ਬਣ ਜਾਣਗੇ। ਬਕੌਲ ਸ਼ਾਇਰ ਪਾਤਰ “ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਯੁੱਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ।
ਰਾਹ ਹਮੇਸ਼ਾ ਗੁੰਮਰਾਹ ਹੋ ਕੇ ਹੀ ਮਿਲਦੇ ਹਨ। ਗੁਣ ਹਮੇਸ਼ਾ ਨਿਰਗੁਣ ਹੋਕੇ ਹੀ ਮਿਲਦੇ ਹਨ। ਮਨ ਦੀ ਮੌਜ ਤੋਂ ਵੱਡੀ ਹੋਰ ਕੋਈ ਮੌਜ ਨਹੀਂ ਹੁੰਦੀ। ਮਰ ਕੇ ਕੁਝ ਨਹੀਂ ਵੀ ਰਹਿੰਦਾ ਤਾਂ ਵੀ ਗਨੀਮਤ ਹੈ। ਸਿਰਫ ਕੁਝ ਨਹੀਂ ਦੇ ਅਰਥ ਹੀ ਸਾਨੂੰ ਆਉਣੇ ਚਾਹੀਦੇ ਹਨ ਕਿਉਂਕਿ ਕੁਝ ਨਹੀਂ ਦੇ ਵਿੱਚ ਹੀ ਸਭ ਕੁਝ ਹੈ। ਜਿਸ ਤਰ•ਾਂ ਮਿੱਟੀ ਦੇ ਘੜੇ ਵਿਚਕਾਰ ਕੁਝ ਨਹੀਂ ਹੁੰਦਾ ਤੇ ਇਹ ਕੁਝ ਨਹੀਂ ਹੀ ਅਸੀਂ ਹਮੇਸ਼ਾ ਵਰਤਦੇ ਹਾਂ। ਅੱਗ ਦਾ ਦਰਿਆ ਦੀ ਲੇਖਕ ਕਰਤੁਲ ਐਨ ਹੈਦਰ ਅਨੁਸਾਰ ਮਨੁੱਖ ਦਾ ਮਰ ਮਰ ਕੇ ਵੀ ਕੁਝ ਮਰਨੋ ਬਚ ਜਾਂਦਾ ਹੈ। ਕਹਾਣੀ ਕਹਿਣ ਵਾਲੇ ਦਾ ਕਹਿ ਕਹਿ ਕੇ ਵੀ ਕੁਝ ਅਣਕਿਹਾ ਰਹਿ ਜਾਂਦਾ ਹੈ ਤੇ ਉਹ ਵੀ ਇਹ ਵੀ ਕਹਿੰਦੀ ਹੈ ਕਿ ਜਿਹੜੇ ਬੂਹੇ ਅੱਗੇ ਅੰਦਰ ਜਾਣ ਦੀ ਝਿਜਕ ਹੋਵੇ ਉਹ ਘਰ ਆਪਣਾ ਨਹੀਂ ਹੁੰਦਾ ਅਤੇ ਹੁਸਨ ਨਕਸ਼ਾਂ ਦੀ ਇਤਫਾਕੀਆਂ ਸੁਡੌਲਤਾ ਨਹੀਂ ਸਗੋਂ ਹੁਸਨ ਤਾਂ ਹੁਸੀਨ ਆਦਤਾਂ ਦਾ ਸੰਗ੍ਰਿਹ ਹੈ।
ਦਿਲ ਦੀ ਦੌਲਤ ਨਾ ਖਰਚੇ ਜਾਣ ਦਾ ਦਰਦ ਸਿਰਫ ਦਿਲ ਵਾਲੇ ਹੀ ਜਾਣਦੇ ਹਨ। ਅਸੀਂ ਹਮੇਸ਼ਾ ਕਿਸੇ ਨੂੰ ਦੇਖ ਕੇ ਇਹ ਮਹਿਸੂਸ ਕਰਦੇ ਹਾਂ ਜਿਵੇਂ ਕਿ ਪਹਿਲਾਂ ਮਿਲੇ ਹੋਈਏ। ਐਪਰ ਅਸੀਂ ਤਾਂ ਮਿਲ ਕੇ ਵੀ ਅਜਨਬੀ ਰਹਿੰਦੇ ਹਾਂ। ਇੱਥੋਂ ਤੱਕ ਕਿ ਆਪਣੇ ਆਪ ਤੋਂ ਵੀ ਅਜਨਬੀ, ਕਈ ਵਾਰੀ ਜਿਉਣ ਲਈ ਜ਼ਿੰਦਗੀ 'ਚ ਇੱਕ ਗਲਤਫਹਿਮੀ ਵੀ ਜਰੂਰਤ ਬਣ ਜਾਂਦੀ ਹੈ।
ਕਈ ਵਾਰ ਇੱਕ ਨਜਰ ਦੀ ਵਾਕਫੀਅਤ ਸਾਲਾਂ ਦੀ ਵਾਕਫੀ ਨਾਲੋਂ ਵੀ ਵਧੇਰੇ ਵਿਸ਼ਵਾਸ਼ ਜਨਕ ਹੋ ਸਕਦੀ ਹੈ। ਸ਼ਾਕਯਮੁਨੀ ਇਹ ਵੀ ਕਹਿੰਦੇ ਹਨ “ਪੀੜਾਂ ਦੇਣਾ ਜ਼ਾਲਿਮ ਦਿਲ ਦੀ ਨਿਸ਼ਾਨੀ ਹੈ ਜਦੋਂ ਕਿ ਖੁਸ਼ੀ ਵੰਡਣਾ ਖੂਬਸੂਰਤੀ ਦੀ ਸਲਤਨਤ। “ਸਿੱਖ ਲੈ ਹੁਨਰ ਆਸ਼ਕੀ ਦਾ ਫੁੱਲ ਤੋਂ, ਆਉਣਗੀਆਂ ਬਿਨਾ 'ਵਾਜ ਮਾਰਿਆਂ ਤਿਤਲੀਆਂ।”

ਜੰਗਲੀ ਬੂਟੀ

ਅਮਰਜੀਤ ਢਿੱਲੋਂ
ਮੇਰੇ ਇੱਕ ਮਿੱਤਰ ਦਾ ਕਹਿਣਾ ਹੈ ਕਿ 'ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ। ਜਦੋਂ ਕਿ ਝੂਠੇ ਆਦਮੀ ਨੂੰ ਆਪਣੇ ਬਿਆਨ (ਕਥਨ) ਵਾਰ-ਵਾਰ ਆਪਣੇ ਮਨ ਵਿੱਚ ਦੁਹਰਾਉਣੇ ਪੈਂਦੇ ਹਨ, 'ਮੇਰਾ ਦਗਿਸਤਾਨ' 'ਚ ਲੇਖਕ ਰਸੂਲ ਹਮਜਾਤੋਵ ਕਹਿੰਦਾ ਹੈ ਕਿ ਸੱਚ ਦਾ ਰਾਹ ਫੜ•ਨ ਵਾਲੇ ਯੋਧੇ ਥੋੜ•ੇ ਹੁੰਦੇ ਹਨ ਪਰ ਇਹ ਉਹ ਯੋਧੇ ਹੁੰਦੇ ਹਨ ਜਿਨ•ਾਂ ਨੂੰ ਕਵੀ ਆਪਣੇ ਗੀਤ ਸਮਰਪਿਤ ਕਰਦੇ ਹਨ।
ਝੂਠ ਕੋਈ ਗਲਤੀ ਜਾਂ ਦੁਰਘਟਨਾ ਨਹੀਂ ਬਲਕਿ ਇਹ ਆਚਰਨ ਦਾ ਹੀ ਇੱਕ ਲੱਛਣ ਹੁੰਦਾ ਹੈ। ਜਿਹੜਾ ਡੂੰਘੀਆਂ ਜੜਾਂ ਫੜ• ਸਕਦਾ ਹੈ। ਝੂਠ ਇੱਕ ਭਿਆਨਕ ਜੰਗਲੀ ਬੂਟੀ ਹੈ ਜਿਸ ਨੂੰ ਜੇ ਜਲਦੀ ਜੜ•ੋ ਨਾ ਪੁੱਟਿਆ ਜਾਵੇ ਤਾਂ ਇਹ ਸਾਰੇ ਖੇਤ ਵਿੱਚ ਪਸਰ ਜਾਂਦੀ ਹੈ ਤਾਂ ਫਿਰ ਕਿਸੇ ਵੀ ਹੋਰ ਬੀਜ ਨੂੰ ਉਗਣ ਵਿਗਸਣ ਨਹੀਂ ਦਿੰਦੀ।
ਝੂਠ ਬੋਲਣ ਤੋਂ ਭੈੜੀ ਕੋਈ ਚੀਜ਼ ਨਹੀਂ ਅਤੇ ਇਸ ਤੋਂ ਛੁਟਕਾਰਾ ਪਾਉਣਾ ਸਭ ਤੋਂ ਮੁਸ਼ਕਿਲ ਹੈ। ਝੂਠ ਸ਼ਰਮਨਾਕ ਗੰਦਾ ਤੇ ਘਿਨਾਉਣਾ ਹੈ। ਸਿਧਾਰਥ ਗੌਤਮ ਬੁੱਧ ਨੇ ਆਪਣੇ ਭਿਖਸ਼ੂਆਂ ਨੂੰ ਕਿਹਾ ਸੀ ਕਿ ਕਦੇ ਭੁੱਲ ਕੇ ਵੀ ਹਾਸੇ ਠੱਠੇ 'ਚ ਵੀ ਝੂਠ ਨਾ ਬੋਲੋ। ਸੱਚ ਦਾ ਮਤਲਬ ਹੈ ਖੂਬਸੂਰਤੀ, ਸਵੱਛਤਾ ਅਤੇ ਸੁੰਦਰਤਾ! ਝੂਠ ਬੁਜ਼ਦਿਲੀ ਅਤੇ ਸੱਚ ਬਹਾਦਰੀ ਹੈ। ਤੁਸੀਂ ਦੋਵਾਂ 'ਚੋਂ ਸਿਰਫ ਇੱਕ ਹੀ ਰਸਤਾ ਚੁਣ ਸਕਦੇ ਹੋ ਕਿਉਂਕਿ ਵਿੱਚ ਵਿਚਾਲੇ ਦਾ ਕੋਈ ਵੀ ਰਾਹ ਨਹੀਂ ਹੁੰਦਾ।
ਬਹਾਦਰ, ਦਲੇਰ ਲੋਕ ਕਦੇ ਵੀ ਆਪਣੇ ਵਿਸ਼ਵਾਸ਼ ਨਹੀਂ ਬਦਲਦੇ। ਅਖੀਰ ਵਿੱਚ ਮਨ ਅਤੇ ਜ਼ਮੀਲ ਦੀ ਚਾਬਕ ਝੂਠੇ 'ਤੇ ਦੰਭੀ ਆਦਮੀ ਨੂੰ ਨੀਵਾਂ ਦਿਖਾਉਂਦੀ ਹੈ। ਬਕੌਲ ਸ਼ਾਇਰ 'ਸੱਚ ਕਭੀ ਬੜੇ ਨਾ ਘਟੇ, ਝੂਠ ਦੀ ਕੋਈ ਇੰਤਹਾ ਹੀ ਨਹੀਂ।
ਦਾਗਿਸਤਾਨ ਦਾ ਲੇਖਕ ਇਹ ਵੀ ਕਹਿੰਦਾ ਹੈ। ਲੇਖਕ ਸਿਰਫ ਆਪਣੀਆਂ ਅੱਖਾਂ ਉਪਰ ਹੀ ਭਰੋਸਾ ਨਹੀਂ ਕਰ ਸਕਦਾ। ਉਹ ਜ਼ਿੰਦਗੀ ਨੂੰ ਆਪਣੀ ਤੀਜੀ ਅੱਖ ਨਾਲ ਦੇਖਦਾ ਪਰਖਦਾ ਹੈ। ਬੁੱਧੀ ਤੇ ਗਿਆਨ ਤੋਂ ਬਿਨਾਂ ਬੰਦਾ ਉਸ ਚੀਜ਼ ਉੱਪਰ ਵੀ ਭਰੋਸਾ ਨਹੀਂ ਕਰ ਸਕਦਾ, ਜਿਹੜੀ ਉਸ ਨੇ ਅੱਖਾਂ ਨਾਲ ਦੇਖੀ ਹੁੰਦੀ ਹੈ। ਬੁੱਧੀ ਸੁੰਦਰਤਾ ਨੂੰ ਵੱਸ ਵਿੱਚ ਕਰ ਲੈਂਦੀ ਹੈ। ਲੇਖਕ ਆਪਣੇ ਲਈ ਕਲਾ ਕੌਸ਼ਲਤਾ ਮੰਗਦਾ ਹੈ। ਜਵਾਨੀ ਦਾ ਸੱਚਾ ਤੇ ਉਤਸ਼ਾਹੀ ਦਿਲ ਮੰਗਦਾ ਹੈ ਅਤੇ ਬੁਢਾਪੇ ਦੀ ਸੁਲਝੀ ਹੋਈ ਸਿਆਣਪ ਮੰਗਦਾ ਹੈ। ਇਸੇ ਲਈ ਕਹਿੰਦੇ ਹਨ ਕਿ ਬੱਚਿਆਂ ਵਾਂਗ ਹੱਸਣਾ, ਕਵੀਆਂ ਵਾਂਗ ਮਹਿਸੂਸ ਕਰਨਾ ਅਤੇ ਬਜ਼ੁਰਗਾਂ ਵਾਂਗ ਸੋਚਣਾ ਕਿਸੇ-ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਮਹਾਨ ਚਿੰਤਕ ਖਲੀਲ ਜ਼ਿਬਰਾਨ ਕਹਿੰਦਾ ਹੈ 'ਪੰਖੇਰੂ ਦਿਲ ਲੈ ਕੇ ਤੜਕਸਾਰ ਜਾਗੋ ਅਤੇ ਸ਼ੁਕਰ ਕਰੋ ਕਿ ਪਿਆਰ ਮੁਹੱਬਤ ਲਈ ਇੱਕ ਦਿਨ ਹੋਰ ਮਿਲਿਆ ਹੈ। ਸ਼ਾਮ ਪੈਣ 'ਤੇ ਸ਼ੁਕਰਾਨੇ ਨਾਲ ਭਰੇ ਘਰ ਮੁੜੋ। ਫਿਰ ਆਪਣੇ ਮਨ ਵਿਚਲੇ ਮਹਿਬੂਬ ਦੀ ਖਾਤਿਰ ਦੁਆ ਮੰਗ ਕੇ, ਆਪਣੇ ਬੁੱਲ•ਾਂ ਉੱਪਰ ਵਡਿੱਤਣ ਦਾ ਇੱਕ ਗੀਤ ਲੈ ਕੇ ਸੌਂ ਜਾਓ।
ਇੱਕ ਦੂਜੇ ਨੂੰ ਪਿਆਰ ਕਰੋ ਪਰ ਪਿਆਰ ਨੂੰ ਬੰਧਨ ਨਾ ਬਣਨ ਦਿਓ। ਇੱਕ ਦੂਜੇ ਦੇ ਅੰਗ-ਸੰਗ ਖਲੋਵੋ, ਪਰ ਲੋੜੋਂ ਬਹੁਤਾ ਨੇੜ ਵੀ ਠੀਕ ਨਹੀਂ। ਇੱਕਮਿੱਕ ਹੋਵੋ ਪਰ ਇੱਕਮਿਕਤਾ ਵਿੱਚ ਥੋੜ•ੀ ਵਿੱਥ ਵੀ ਰਹਿਣ ਦਿਓ। ਨਾ ਪਿਆਰ ਕਬਜ਼ਾ ਕਰਦਾ ਹੈ ਅਤੇ ਨਾ ਕਿਸੇ ਦੇ ਕਬਜ਼ੇ ਹੇਠ ਆਉਂਦਾ ਹੈ ਕਿਉਂਕਿ ਪਿਆਰ ਨੂੰ ਪਿਆਰ ਦਾ ਰਜੇਵਾਂ ਹੀ ਕਾਫੀ ਹੁੰਦਾ ਹੈ। ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਮੁੱਖ ਫਲਸਫਾ ਹੀ ਇਹ ਹੈ ਕਿ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ। ਪਿਆਰ ਕਾਰਨ ਅੱਜ-ਕੱਲ• ਹੋ ਰਹੀ ਕਤਲੋ ਗਾਰਤ ਕਬਜੇ ਦੀ ਭਾਵਨਾ ਕਾਰਨ ਹੀ ਹੈ। ਇੱਕ ਭਾਣਜੇ ਨੇ ਆਪਣਾ ਸਕਾ ਮਾਮਾ ਸਿਰਫ ਇਸ ਲਈ ਕਤਲ ਕਰ ਦਿੱਤਾ ਕਿ ਉਹ ਆਪਣੀ ਮਾਮੀ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਲੋਕ ਗੀਤਾਂ ਵਿੱਚ ਕਬਜ਼ੇ ਦੀ ਭਾਵਨਾ ਇਸ ਤਰ•ਾਂ ਦਰਸਾਈ ਗਈ ਹੈ 'ਮੁੰਡਾ ਦੇਖ ਕੇ ਕਬੂਤਰ ਵਰਗਾ, ਕੋਠੇ ਤੇ ਲਵਾ 'ਲੀ ਛਤਰੀ।

ਗ਼ਜ਼ਲ

ਅਮਰਜੀਤ ਢਿੱਲੋਂ
ਕੁਝ ਚਿਰ ਮਨ ਪਰਚਾ ਕੇ ਆਪਣਾ ਤੇ ਦਿਲਲਗੀਆਂ ਕਰਕੇ।
ਤੂੰ ਵੀ ਤੁਰ ਜਾਏਂਗਾ ਯਾਰਾ ਸਾਡੀ ਤਲੀ 'ਤੇ ਅੱਥਰੂ ਧਰ ਕੇ।

ਅਸੀਂ ਕੁਠਾਲੀ ਬਿਰਹੋਂ ਦੀ ਵਿੱਚ ਤਿਲ-ਤਿਲ ਕਰਕੇ ਮੋਏ
ਫੇਰ ਬਣੇ ਹਾਂ ਯਾਰਾ ਕੁੰਦਨ ਸੇਕ ਗ਼ਮਾਂ ਦਾ ਜ਼ਰਕੇ।

ਸਾਡੀਆਂ ਹੀ ਆਵਾਰਾ ਸੋਚਾਂ ਅਜੇ ਨਾ ਵਾਪਸ ਮੁੜੀਆਂ
ਆਹਲਣਿਆਂ ਵਿੱਚ ਆ ਗਏ ਪੰਛੀ, ਪਸ਼ੂ ਵੀ ਆ ਗਏ ਚਰਕੇ।

ਸਭ ਕੁਝ ਤਾਂ ਹੈ ਫਿਰ ਵੀ ਕਿਉਂ ਇਹ ਭਟਕ ਰਹੀਆਂ ਨੇ ਨਜ਼ਰਾਂ
ਰੋਜ਼ ਘਰਾਂ ਨੂੰ ਜਾਂਦੇ ਹਾਂ ਕਿਉਂ ਅਸੀਂ ਕੁਵੇਲਾ ਕਰਕੇ।

ਕਈ ਬੇੜੀਆਂ ਤਾਈਂ ਵੀ ਨਾ ਮਿਲਦਾ ਕਦੇ ਕਿਨਾਰਾ
ਕੱਚੇ ਘੜੇ ਕਈ ਜਿੱਤ ਜਾਂਦੇ ਨੇ ਪਾਣੀ ਵਿੱਚ ਵੀ ਖਰ ਕੇ।

ਅਸੀਂ ਪਿਘਲ ਕੇ ਦਰਿਆ ਬਨਣੈ, ਇੱਕ ਦਿਨ ਬੇੜੀ ਖਾਤਿਰ
ਕੀ ਹੋਇਆ ਜੇ ਅੱਜ ਗਲੇਸ਼ੀਅਰ ਬਣੇ ਪਏ ਹਾਂ ਠਰ ਕੇ।

ਢਿੱਲੋਂ ਤੂੰ ਨਹੀਂ ਆਉਣਾ ਫਿਰ ਵੀ ਇੱਕ ਉਡੀਕ ਜਿਹੀ ਹੈ
ਬੈਠੇ ਹੋਏ ਹਾਂ ਰਾਹ ਤੇਰੇ ਵਿੱਚ ਅੱਖਾਂ ਵਿੱਚ ਹੰਝੂ ਭਰਕੇ।

ਗ਼ਜ਼ਲ. . . .

ਅਮਰਜੀਤ ਢਿੱਲੋਂ
ਲੱਖਾਂ ਹੀ ਆਕਾਰ ਬਣਾ ਕੇ ਫਿਰ ਉਸਨੂੰ ਨਿਰਆਕਾਰ ਕਹੇ।
ਭਗਤ ਜਨਾਂ ਦੀ ਇਸ ਮਾਇਆ ਦਾ ਕਿੰਝ ਕੋਈ ਵਿਸਥਾਰ ਕਹੇ।
ਆਪਣਾ ਆਪਣਾ ਮਾਲ ਸਜ਼ਾ ਕੇ ਸਭ ਬਾਜ਼ਾਰ 'ਚ ਆ ਬੈਠੇ
ਕੋਈ ਇਹ ਨੂੰ ਮਜ਼ਬੂਰੀ ਆਖੇ ਅਤੇ ਕੋਈ ਕਾਰੋਬਾਰ ਕਹੇ।
ਇੱਕ ਬੰਦੇ ਵਿੱਚ ਵੀਹ-ਵੀਹ ਬੰਦੇ, ਕਈ ਜਨੌਰ, ਦਰਿੰਦੇ ਵੀ
ਪਰ ਬੰਦਾ ਮਾਸੂਮ ਪਾਰਿੰਦਿਆਂ ਨੂੰ ਹੀ ਸਦਾ ਖੂੰਖਾਰ ਕਹੇ।
ਸਾਰੀ ਰਾਤ ਖਿਆਲਾਂ ਵਿੱਚ ਇੱਕ ਚੰਨ ਚਾਨਣੀ ਰਹਿੰਦੀ ਹੈ
“ਚਾਹ ਦੇ ਕੱਪ ਵਿੱਚ ਡੁੱਬ ਚੱਲੀ ਹਾਂ”ਤੜਕੇ ਉੱਠਣ ਸਾਰ ਕਹੇ।
ਮੇਰੇ ਵੀ ਅੱਖਾਂ ਤੇ ਕੰਨ ਨੇ ਤੱਕਦੀ ਵੀ ਸੁਣਦੀ ਵੀ ਹਾਂ ਮੈਂ
ਹਰ ਪਲ ਮੈਨੂੰ ਮੇਰੇ ਘਰ ਦੀ ਹਰ ਇੱਕ ਹੀ ਦੀਵਾਰ ਕਹੇ।
Ðਰੋਜ਼ਾਨਾ ਹੀ ਬਿਖਰੇ ਤੱਕਦਾ ਹਾਂ ਮੈਂ ਖੰਭ ਸੁਪਨਿਆਂ ਦੇ
ਪਰ ਨਹੀਂ ਕੋਈ ਆਲਣ•ਾ ਸੜਿਆ, ਇੱਥੋਂ ਦਾ ਅਖਬਾਰ ਕਹੇ।
ਇਸ਼ਕ ਵਿਸ਼ਕ ਤੇ ਦਿਲ ਟੁੱਟੇ ਦੀ ਖ਼ਤਮ ਕਹਾਣੀ ਕਰ ਹੁਣ ਯਾਰ
ਕਿਹੜਾ ਇੱਕੋ ਗੱਲ ਨੂੰ ਇੱਥੇ ਰੋਜ਼ ਹੀ ਵਾਰੋ-ਵਾਰ ਕਹੇ।
ਪੱਤਰਕਾਰੀ ਹੁਣ ਤਾਂ ਚਲਦੇ ਫਿਰਦੇ ਨਾਕੇ ਬਣ ਗਈ ਹੈ
ਮੇਰੀ ਕਵਿਤਾ ਇੱਕ ਮੁੱਦਤ ਤੋਂ ਮੇਰੇ 'ਤੇ ਫਿਟਕਾਰ ਕਹੇ।
ਹੋ ਚੱਲੇ ਨੇ ਵੀਹ ਸਾਲ ਖਬਰਾਂ ਨਾਲ ਮੱਥਾ ਮਾਰਦਿਆਂ
ਢਿੱਲੋਂ ਸਾਰੀ ਉਮਰ ਹੀ ਖੁਦ ਨੂੰ ਕਿਹੜਾ ਪੱਤਰਕਾਰ ਕਹੇ?
ਲੱਖਾਂ ਹੀ ਆਕਾਰ ਬਣਾ ਕੇ ਫਿਰ ਉਸਨੂੰ ਨਿਰਆਕਾਰ ਕਹੇ।
ਭਗਤ ਜਨਾਂ ਦੀ ਇਸ ਮਾਇਆ ਦਾ ਕਿੰਝ ਕੋਈ ਵਿਸਥਾਰ ਕਹੇ।

ਕਵੀ ਤੇ ਕਵਿਤਾ

ਅਮਰਜੀਤ ਢਿੱਲੋਂ
ਕਵਿਤਾ ਕਿਸੇ ਸੁਗਾਤ ਵਾਂਗ, ਆਉਂਦੀ ਹੈ ਬਿਨ ਐਲਾਨਿਆਂ, ਬਹੁਤ ਕਰੜੇ ਨਿਯਮ ਹੁੰਦੇ ਕਵੀਆਂ 'ਤੇ ਲਾਗੂ ਨਹੀਂ। ਇਹ ਇੱਕ ਲੋਹਾਰ ਕਵੀ ਦੀ ਗੱਲ ਹੈ। ਜਿਸ ਨੂੰ 'ਮੇਰਾ ਦਾਗਿਸਤਾਨ' ਦੇ ਲੇਖਕ ਰਸੂਲ ਹਮਜ਼ਾਤੋਵ ਨੇ ਲਿਖਿਆ ਹੈ ਕਿ ਖੂਬਸੂਰਤ ਔਰਤ ਉਸ ਲੁਹਾਰ ਕਵੀ ਕੋਲ ਆਪਣਾ ਬਰਤਨ ਠੀਕ ਕਰਵਾਉਣ ਜਾਂਦੀ ਹੈ। ਉਹ ਉਸ ਦੀ ਖੂਬਸੂਰਤੀ ਮਾਨਣ ਦਾ ਮਾਰਾ ਹਰ ਵਾਰ ਬਰਤਨ 'ਚ ਇੱਕ ਛੇਕ ਕਰ ਦਿੰਦਾ ਹੈ ਅਤੇ ਔਰਤ ਨੂੰ ਵਾਰ-ਵਾਰ ਉਸ ਕੋਲ ਜਾਣਾ ਪੈਂਦਾ ਹੈ। ਬਹੁਤ ਸਾਲ ਬਾਅਦ ਜਦ ਫਿਰ ਉਹ ਔਰਤ ਉਸ ਕਵੀ ਨੂੰ ਮਿਲ ਕੇ ਪੁੱਛਦੀ ਹੈ ਕਿ ਤੂੰ ਮੈਨੂੰ ਪਹਿਚਾਣਿਆਂ ਨਹੀਂ ਤਾਂ ਕਵੀ ਨਾਂਹ 'ਚ ਜਵਾਬ ਦਿੰਦਾ ਹੈ। ਉਹ ਕਹਿੰਦੀ ਤੈਨੂੰ ਕਵੀ ਬਣਾਉਣ ਵਾਲੀ ਮੈਂ ਹਾਂ। ਤੂੰ ਮੈਨੂੰ ਦੇਖਣ ਦਾ ਮਾਰਾ ਮੇਰੇ ਬਰਤਨ 'ਚ ਛੇਕ ਕਰ ਦਿੰਦਾ ਸੀ ਤਾਂ ਕਿ ਮੇਰੀ ਖੂਬਸੂਰਤੀ 'ਤੇ ਕਵਿਤਾ ਲਿਖ ਸਕੇਂ। ਕਵੀ ਨੇ ਕਿਹਾ 'ਤੇਰੇ ਕਿੰਨੇ ਵਿਆਹ ਨੇ, ਔਰਤ ਬੋਲੀ ਤਿੰਨ'। ਤੇ ਤੇਰੇ ਤਿੰਨਾਂ ਪਤੀਆਂ 'ਚੋਂ ਕਵੀ ਕਿੰਨੇ ਨੇ? ਔਰਤ ਕਹਿੰਦੀ ਕੋਈ ਵੀ ਨਹੀਂ। ਜਦ ਤੂੰ ਉਨ•ਾਂ ਨੂੰ ਕਵੀ ਨਹੀਂ ਬਣਾ ਸਕੀ ਤਾਂ ਫਿਰ ਮੈਨੂੰ ਕਿਵੇਂ ਬਣਾ ਤਾ। ਕਵੀ ਨੇ ਕਿਹਾ, ਕੋਈ ਕਿਸੇ ਨੂੰ ਕਵੀ ਨਹੀਂ ਬਣਾ ਸਕਦਾ, ਕਵਿਤਾ ਤਾਂ ਝਰਨੇ ਵਾਂਗ ਅੰਦਰੋਂ ਹੀ ਫੁਟਦੀ ਹੈ। ਚੰਗੀ ਕਵਿਤਾ ਵਿੱਚ ਕੋਈ ਰਹੱਸਮਈ ਤਾਕਤ ਹੁੰਦੀ ਹੈ, ਜਿਹੜੀ ਨਸ਼ਾ ਦਿੰਦੀ ਹੈ ਅਤੇ ਮਨ ਨੂੰ ਖੁਸ਼ ਕਰਦੀ ਹੈ। ਇਸ ਪੱਖੋਂ ਸ਼ਰਾਬ ਤੇ ਕਵਿਤਾ ਵਿੱਚ ਬੜੀ ਸਾਂਝ ਹੈ। ਸ਼ਰਾਬ ਵਾਂਗ ਕਵਿਤਾ ਨੂੰ ਮਨ 'ਚ ਖਮੀਰ ਚੜ•ਾਉਣਾ ਤੇ ਪਕਾਉਣਾ ਪੈਂਦਾ ਹੈ। ਪੰਛੀਆਂ ਲਈ ਕਿੰਨਾ ਸੌਖਾ ਹੈ ਸਾਰੀ ਉਮਰ ਇੱਕੋ ਗੀਤ ਗਾਈ ਜਾਣਾ। ਦਰਿਆ ਲਈ ਕਿੰਨਾ ਸੌਖਾ ਹੈ ਸਾਰੀ ਉਮਰ ਸਾਂ-ਸਾਂ ਦਾ ਇੱਕੋ ਗੀਤ ਕਹਿਣਾ ਪਰ ਕਵੀ ਲਈ ਇਹ ਸੰਭਵ ਨਹੀਂ। ਕਵਿਤਾ ਹਰ ਪਲ ਨਵੇਂ ਰੰਗ ਬਦਲਦੀ ਹੈ।
ਇਸੇ ਲਈ ਕਹਿੰਦੇ ਹਨ ਕਿ ਕਵੀਆਂ ਵਾਂਗ ਮਹਿਸੂਸ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਣਾ। ਇੱਕ ਦਾਰਸ਼ਨਿਕ ਅਨੁਸਾਰ ਕਵੀ ਇਸ ਦੁਨੀਆਂ ਤੋਂ ਹਜ਼ਾਰ ਸਾਲ ਪਹਿਲਾਂ ਪੈਦਾ ਹੋਇਆ ਸੀ ਭਾਵ ਇਹ ਕਿ ਸੱਭਿਅਤਾ ਦੇ ਹੋਂਦ 'ਚ ਆਉਣ ਤੋਂ ਪਹਿਲਾਂ ਵੀ ਧਰਤ ਤੇ ਕਵਿਤਾ ਮੌਜ਼ੂਦ ਸੀ। ਰੁੱਖਾਂ ਦੇ ਪੱਤਿਆਂ ਦੀ ਸਰਸਰਾਹਟ, ਪੰਛੀਆਂ ਦੀ ਚਹਿਚਹਾਹਟ, ਝਰਨੇ ਦੀ ਕਲਕਲ, ਨਦੀਆਂ ਦਰਿਆਵਾਂ ਦੇ ਵਹਿਣ ਦੀ ਆਵਾਜ, ਚੰਨ, ਸੂਰਜ ਦਾ ਚੜ•ਣਾ ਛਿਪਣਾ ਇਹ ਸਭ ਕਵਿਤਾ ਹੀ ਤਾਂ ਹੈ। ਮਨੁੱਖ ਦੇ ਪੈਦਾ ਹੋਣ ਸਮੇਂ ਉਸ ਦੀ ਪਹਿਲੀ ਕਿਲਕਾਰੀ ਕਵਿਤਾ ਹੀ ਤਾਂ ਹੁੰਦੀ ਹੈ। ਮਾਂ ਇਸ ਕਵਿਤਾ ਨੂੰ ਆਪਣੇ ਗਰਭ 'ਚ ਹੀ ਮਹਿਸੂਸ ਕਰਦੀ ਹੈ। ਭਰੂਣ ਦੇ ਰੂਪ 'ਚ ਪੁੰਗਰਦੀ ਕਵਿਤਾ ਹਮੇਸ਼ਾ ਮਾਤਾ ਦੀ ਛੋਹ ਮਹਿਸੂਸ ਕਰਦੀ ਹੈ। ਇਸੇ ਲਈ ਕਹਿੰਦੇ ਹਨ ਕਿ ਗਰਭਵਤੀ ਮਾਤਾ ਨੁੰ ਕਰੋਧ ਨਹੀਂ ਕਰਨਾ ਚਾਹੀਦਾ ਅਤੇ ਹਮੇਸ਼ਾਂ ਸੰਗੀਤ ਦੇ ਅੰਗ-ਸੰਗ ਰਹਿਣਾ ਚਾਹੀਦਾ ਹੈ।
ਆਪਣੇ ਤੋਂ ਵੱਡੇ ਸੁਪਨੇ ਨਾ ਲਓ, ਉਸ ਨਦੀ ਵਾਂਗ ਜਿਸ ਨੇ ਦਰਿਆ ਬਣਨ ਦਾ ਸੁਪਨਾ ਲਿਆ ਸੀ ਅਤੇ ਰੇਤ ਤੋਂ ਪਾਣੀ ਉਛਾਲਦੀ ਸੁੱਕ ਗਈ ਸੀ। ਉਹ ਕਹਦੇ ਕਵੀ ਹੁੰਦੇ ਹਨ ਜਿੰਨੇ ਦੇ ਨਾਲ ਉਨ•ਾਂ ਦੀਆਂ ਕਵਿਤਾਵਾਂ ਠੁਮਕ-ਠੁਮਕ ਕੇ ਨਹੀਂ ਤੁਰਦੀਆਂ। ਕਵੀ ਨੂੰ ਕਵਿਤਾ ਲਿਖਣੀ ਹੀ ਨਹੀਂ ਕਵਿਤਾ ਜਿਉਣੀ ਵੀ ਚਾਹੀਦੀ ਹੈ। ਕੁਝ ਲੋਕ ਇਸ ਲਈ ਨਹੀਂ ਬੋਲਦੇ ਕਿ ਉਨ•ਾਂ ਦੇ ਅੰਦਰ ਵਿਚਾਰਾਂ ਦੀ ਭੀੜ ਉਨ•ਾਂ ਨੂੰ ਬੋਲਣ ਲਈ ਮਜ਼ਬੂਰ ਕਰਦੀ ਹੈ ਸਗੋਂ ਇਸ ਲਈ ਬੋਲਦੇ ਹਨ ਕਿ ਉਨ•ਾਂ ਦੀ ਜੀਭ 'ਤੇ ਖੁਜ਼ਲੀ ਹੋ ਰਹੀ ਹੁੰਦੀ ਹੈ। ਇਹੋ ਗੱਲ ਅਨੇਕਾਂ ਲੇਖਕਾਂ ਅਤੇ ਕਵੀਆਂ ਬਾਰੇ ਵੀ ਕਹੀ ਜਾ ਸਕਦੀ ਹੈ। ਕਹਿੰਦੇ ਹਨ ਕਿ ਜਿੰਨ•ਾਂ ਚਿਰ ਕੋਈ ਲਫਜ਼ (ਸ਼ਬਦ) ਤੁਹਾਡੇ ਅੰਤਹਕਰਨ 'ਚੋਂ ਹੋ ਕੇ ਨਹੀਂ ਆਉਂਦਾ ਉਸ ਨੂੰ ਉਨ•ਾਂ ਚਿਰ ਦੁਨੀਆਂ 'ਚ ਨਹੀਂ ਛੱਡਿਆ ਜਾਣਾ ਚਾਹੀਦਾ। ਆਮ ਕਰਕੇ ਅਕਸਰ ਹੀ ਕਸਮਾਂ, ਸੌਹਾਂ ਖਾਣ ਵਾਲੇ ਲੋਕ ਝੂਠੇ ਹੁੰਦੇ ਹਨ ਅਤੇ ਝੂਠ ਹਮੇਸ਼ਾ ਕਮਜ਼ੋਰ ਆਦਮੀ ਬੋਲਦੇ ਹਨ। ਝੂਠ ਇੱਕ ਜੰਗਲੀ ਬੂਟੀ ਵਾਂਗ ਹੈ ਜਿਸ ਦਾ ਕੋਈ ਅੰਤ ਨਹੀਂ। ਗਾਇਕ ਦਾ ਦਿਲ ਲੈ ਕੇ ਜੰਮਣ ਵਾਲਾ ਆਦਮੀ ਜੇ ਗੂੰਗਾ ਹੈ ਤਾਂ ਚੰਗਾ ਹੈ ਕਿ ਉਹ ਨਾ ਹੀ ਜੰਮਦਾ ਤਾਂ ਚੰਗਾ ਸੀ।
ਜਿਹੜੇ ਲਿਖਾਰੀ ਬਹੁਤੇ ਵਿਸ਼ਿਆਂ ਮਗਰ ਭੱਜੇ ਫਿਰਦੇ ਹਨ ਉਹ ਉਸ ਆਦਮੀ ਵਾਂਗ ਹਨ ਜਿਸ ਨੇ 28 ਵਾਰ ਵਿਆਹ ਕਰਵਾਇਆ ਪਰ ਅਖੀਰ ਉਸ ਕੋਲ ਇੱਕ ਵੀ ਔਰਤ ਨਾ ਰਹੀ। ਇਹ ਵੀ ਕਹਿੰਦੇ ਹਨ ਕਿ ਜਿਹੜੇ ਪੰਛੀ ਆਲ•ਣੇ ਬਦਲਣ 'ਚ ਰਹਿੰਦੇ ਹਨ ਅਖੀਰ ਉਨ•ਾਂ ਨੂੰ ਆਲ•ਣੇ ਤੋਂ ਬਗੈਰ ਹੀ ਰਹਿਣਾ ਪੈਂਦਾ ਹੈ। ਲੇਖਕ ਨੂੰ ਆਪਣੇ ਦਿਲ ਦੀ ਪੀੜ ਜਾਂ ਖੁਸ਼ੀ ਦੀ ਭਾਵਨਾ ਨਾਲ ਕਲਮ ਫੜ•ਨੀ ਚਾਹੀਦੀ ਹੈ। ਕਿਸੇ ਦੀ ਰੀਸ ਨਾਲ ਨਹੀਂ। ਅਸਲੀ ਕਵੀ ਉਹ ਹੈ ਕਿ ਜਦ ਉਹ ਆਪਣੇ ਦਰਦ ਦੀ ਗੱਲ ਕਰੇ ਤਾਂ ਸਾਰੇ ਲੋਕਾਂ ਨੂੰ ਉਸ ਦਾ ਦਰਦ ਮਹਿਸੂਸ ਹੋਵੇ।

ਤਿਲ ਚੌਲੀ

ਅਮਰਜੀਤ ਢਿੱਲੋਂ
ਬਾਜਾਖਾਨਾ ਨੇੜਲੇ ਪਿੰਡ ਦੇ ਇੱਕ 60 ਸਾਲਾਂ ਕਿਸਾਨ ਨੂੰ ਦਲਿਤਾਂ ਸਿੱਖਾਂ ਦੇ ਵਿਹੜੇ ਬਾਹਰ ਵਾਰ ਪਾਏ ਘਰ 'ਚ ਖੰਭੇ ਨਾਲ ਬੰਨ• ਲਿਆ। ਰੌਲਾ ਪੈ ਜਾਣ ਕਾਰਨ ਲੋਕ ਇਕੱਠੇ ਹੋ ਗਏ। ਕਾਫੀ ਘੁਸਰ-ਮੁਸਰ ਤੋਂ ਬਾਅਦ ਪੁਲਿਸ ਦਾ ਡਰਾਵਾ ਦੇ ਕੇ ਉਸ ਬੰਦੇ ਨੂੰ ਛੁਡਾ ਲਿਆ ਗਿਆ। ਜਦ ਪਿੰਡ ਦੇ ਸਰਪੰਚ ਨੇ ਉਸ ਕਿਸਾਨ ਨੂੰ ਪੁੱਛਿਆ ਕਿ ਤੂੰ ਸਵੇਰੇ ਮੂੰਹ ਹਨੇ•ਰੇ ਕੀ ਲੈਣ ਆਇਆ ਸੀ, ਤਾਂ ਉਸ ਨੇ ਕਿਹਾ ਕਿ ਮੈਂ ਤਾਂ ਇੱਥੇ ਕੀੜਿਆਂ ਦੇ ਭੌਣ 'ਤੇ ਤਿਲ ਚੌਲੀ ਪਾਉਣ ਆਇਆ ਸੀ। ਉਸ ਨੂੰ ਕਿਸੇ ਪੰਡਿਤ ਨੇ ਦੱਸਿਆ ਕਿ ਜੇ ਉਹ ਸਵਾ ਮਹੀਨਾ ਕੀੜਿਆਂ ਦੇ ਭੌਣ 'ਤੇ ਤਿਲ ਚੌਲੀ ਪਾਵੇਗਾ ਤਾਂ ਰਾਜਸਥਾਨ ਵਾਲੀ ਜ਼ਮੀਨ ਦਾ ਇੰਤਕਾਲ ਉਸ ਦੇ ਨਾਂਅ ਹੋ ਜਾਵੇਗਾ। ਸਰਪੰਚ ਨੇ ਕਿਹਾ ਕਿ ਭਲਿਆ ਮਾਣਸਾਂ ਜੇ ਤਿਲ ਚੌਲੀਆਂ ਪਾਉਣ ਨਾਲ ਇੰਤਕਾਲ ਹੁੰਦੇ ਹੋਣ ਤਾਂ ਲੋਕ ਪਟਵਾਰੀਆਂ, ਤਹਿਸੀਲਦਾਰਾਂ ਦੇ ਘਰ ਕਿਉਂ ਭਰਣ। ਇਸ ਕਿਸਾਨ ਦਾ ਪਰਿਵਾਰ ਵਾਹ ਲੱਗੀ ਕਿਸੇ ਮੰਗਤੇ ਨੂੰ ਜੁਆਬ ਨਹੀਂ ਦਿੰਦਾ। ਹਰ ਪੁੰਨਿਆਂ, ਮੱਸਿਆ ਮਟੀ 'ਤੇ ਲੱਸੀ ਪਾਉਣੀ ਵੀ ਨਹੀਂ ਭੁੱਲਦਾ। ਸਾਧਾਂ, ਸੰਤਾਂ, ਤਾਂਤਰਿਕਾਂ ਕੋਲ ਵੀ ਜਾਂਦਾ ਹੈ ਅਤੇ ਤੀਰਥਾਂ 'ਤੇ ਨਹਾਉਣ ਵੀ ਪਰ ਪਿਛਲੇ 40 ਸਾਲ ਤੋਂ ਉਸ ਦੇ ਘਰ ਦੀ ਹਾਲਤ ਨਿਘਰਦੀ ਹੀ ਗਈ। ਇਸ ਜ਼ਮੀਨ ਨਾਲ ਸਬੰਧਤ ਇੱਕ ਹੋਰ ਕਿਸਾਨ ਨੇ ਦੱਸਿਆ ਕਿ ਉਸ ਨੂੰ 30 ਸਾਲ ਪਹਿਲਾਂ ਹੀ ਵਕੀਲ ਨੇ ਦੱਸ ਦਿੱਤਾ ਸੀ ਕਿ ਬੀਕਾਨੇਰ ਵਾਲੀ ਸਰਪਲੱਸ ਜ਼ਮੀਨ ਵਿੱਚ ਤੁਹਾਡਾ ਇੱਕ ਪੈਸਾ ਵੀ ਹੱਕ ਨਹੀਂ ਬਣਦਾ, ਤਾਂ ਉਸ ਨੇ ਉਦੋਂ ਤੋਂ ਹੀ ਉਸ ਦਾ ਖਹਿੜਾ ਛੱਡ ਦਿੱਤਾ ਸੀ, ਪਰ ਇਸ ਤਿਲ ਚੌਲੀ ਵਾਲੇ ਸੱਜਣ ਨੇ ਉਹ ਜ਼ਮੀਨ ਨਾਂਅ ਕਰਵਾਉਂਦਿਆਂ ਕਰਵਾਉਂਦਿਆਂ ਇਧਰਲੀ ਵੀ ਵੇਚ ਲਈ।
ਕਿਸ ਤਰ•ਾਂ ਦਾ ਦੌਰ ਆ ਗਿਆ ਹੈ ਕਿ ਹੁਣ ਮੰਗਤੇ ਵੀ ਭਾਣ ਨਹੀਂ ਲੈਂਦੇ। ਇਸ ਸਨਅਤੀ ਦੌਰ ਵਿੱਚ ਵਿਹਲੜਾ ਅਤੇ ਮੰਗਤਿਆਂ ਦੀ ਗਿਣਤੀ 'ਚ ਵੱਡਾ ਵਾਧਾ ਹੋਇਆ ਹੈ। ਇੱਕ ਗੁਰਦੁਆਰੇ ਦੇ ਗੰ੍ਰਥੀ ਨੇ ਦੱਸਿਆ ਕਿ ਅੱਗੇ ਲੋਕ ਉਨ•ਾਂ ਤੋਂ ਰੁਪਇਆ ਦੀ ਭਾਣ ਲੈ ਜਾਂਦੇ ਸਨ ਅਤੇ ਫਿਰ ਰੋਜ਼ਾਨਾਂ ਪੰਜ-ਪੰਜ ਦਸ-ਦਸ ਪੈਸੇ ਟੇਕਦੇ ਰਹਿੰਦੇ ਸਨ। ਹੁਣ ਉਹ ਸਾਰੀ ਭਾਣ ਹੀ ਤਲਾਅ ਵਿੱਚ ਸੁੱਟ ਦਿੰਦੇ ਹਨ, ਤਾਂ ਕਿ ਲੋਕ ਰੁਪਈਏ ਤੋਂ ਘੱਟ ਟੇਕ ਹੀ ਨਾ ਸਕਣ। ਉਸ ਗੰ੍ਰਥੀ ਨੇ ਦੱਸਿਆ ਕਿ ਅੱਗੇ ਲੋਕ ਵਿਆਹ ਵਿੱਚ 5 ਜਾਂ 10 ਰੁਪਏ ਦਾ ਸ਼ਗਨ ਦਿੰਦੇ ਸਨ। ਹੁਣ ਕੋਈ ਵੀ 100 ਰੁਪਏ ਤੋਂ ਘੱਟ ਸ਼ਗਨ ਨਹੀਂ ਦਿੰਦਾ ਪਰ ਗੰ੍ਰਥ ਸਾਹਿਬ ਨੂੰ ਲੋਕ ਹਾਲੇ ਵੀ ਇੱਕ ਰੁਪਈਆ ਹੀ ਮੱਥਾ ਟੇਕਦੇ ਹਨ।
ਇਸ ਇਲਾਕੇ ਦੇ ਇੱਕ ਸਮਾਜ ਸੇਵੀ ਨੂੰ ਅਖਬਾਰਾਂ ਦੀਆਂ ਖਬਰਾਂ ਵਿੱਚ ਰਹਿਣ ਦਾ ਬਹੁਤ ਜ਼ਿਆਦਾ ਚਾਅ ਹੈ। ਇੱਕ ਦਿਨ ਉਸ ਦੀ ਪਤਨੀ ਨੂੰ ਪੁੱਛਿਆ ਕਿ ਭਾਈ ਸਾਹਿਬ ਦਾ ਕੀ ਹਾਲ ਹੈ। ਤਾਂ ਉਹ ਕਹਿਣ ਲੱਗੀ ਕਿ ਸਵੇਰੇ ਸਵੱਖਤੇ ਹੀ ਅਖਬਾਰਾਂ ਦੀ ਦੁਕਾਨ 'ਤੇ ਜਾਂਦੇ ਹਨ ਜੇ ਅਖਬਾਰ 'ਚ ਉਨ•ਾਂ ਦਾ ਨਾਂਅ ਨਾ ਹੋਵੇ ਤਾਂ ਉੱਥੋਂ ਹੀ ਠੇਕੇ ਤੋਂ ਪਊਆ ਲੈ ਕੇ ਪੀ ਲੈਂਦੇ ਹਨ ਅਤੇ ਬੱਚਿਆਂ ਨੂੰ ਵਡੂੰ ਖਾਊਂ ਕਰਦੇ ਰਹਿੰਦੇ ਹਨ। ਜਿਸ ਦਿਨ ਅਖਬਾਰ ਵਿੱਚ ਉਨ•ਾਂ ਦਾ ਨਾਂਅ ਹੋਵੇ ਉਸ ਦਿਨ ਚੁਟਕੀਆਂ ਮਾਰਦੇ ਘਰੇ ਆਉਂਦੇ ਹਨ ਅਤੇ ਆ ਕੇ ਬੱਚਿਆਂ ਨਾਲ ਲਾਡ-ਪਿਆਰ ਕਰਦੇ ਹਨ। ਪਰ ਖੁਸ਼ੀ 'ਚ ਸ਼ਰਾਬ ਦਾ ਪਊਆ ਉਸ ਦਿਨ ਵੀ ਪੀਤਾ ਹੁੰਦਾ ਹੈ।

ਦੀਵਾਲੀ ਦੇ ਦੀਵੇ

ਅਮਰਜੀਤ ਢਿੱਲੋਂ
ਰਾਜਾ ਰਾਮ ਹੋਵੇ ਚਾਹੇ ਹੋਵੇ ਰਾਵਣ, ਜੰਤਾ ਸੀਤਾ ਹੈ ਸਦਾ ਸਤਾਈ ਜਾਂਦੀ। ਇੱਕ ਜ਼ਬਰੀ ਕੱਢ ਕੇ ਲੈ ਜਾਂਦਾ ਹੈ, ਦੂਜੇ ਵੱਲੋਂ ਹੈ ਕੱਢ ਵਹਾਈ ਜਾਂਦੀ। ਹਰਿਆ ਬਦੀ ਦਾ ਬਣ ਪ੍ਰਤੀਕ ਜਾਂਦਾ, ਨੇਕੀ ਜਿੱਤੇ ਦੇ ਨਾਂਅ ਲਗਾਈ ਜਾਂਦੀ। ਬਲਿਆ ਗਿਆਨ ਦਾ ਅਜੇ ਨਾ ਦੀਪ ਕਿਧਰੇ ਜੰਤਾ ਤੇਲ ਦੇ ਦੀਵੇ ਜਗਾਈ ਜਾਂਦੀ। ਇਤਿਹਾਸ ਪ੍ਰਮਾਣਾਂ 'ਤੇ ਆਧਾਰਿਤ ਹੁੰਦਾ ਹੈ, ਪਰ ਮਿਥਿਹਾਸ ਦਾ ਕੋਈ ਪ੍ਰਮਾਣ ਨਹੀਂ ਹੁੰਦਾ। ਇਹ ਸਭ ਕਲਪਨਾ 'ਤੇ ਅਧਾਰਿਤ ਹੁੰਦਾ ਹੈ। ਸ੍ਰੀ ਰਾਮ ਚੰਦਰ ਅਤੇ ਰਾਵਣ ਦੀ ਕਹਾਣੀ ਵੀ ਬਹੁਤੀ ਮਿਥਿਹਾਸ ਨਾਲ ਹੀ ਸਬੰਧਤ ਹੈ। ਚੱਲੋ ਕੁਝ ਚਿਰ ਲਈ ਅਸੀਂ ਇਸ ਨੂੰ ਇਤਿਹਾਸ ਮੰਨ ਕੇ ਚੱਲਦੇ ਹਾਂ। ਰਮਾਇਣ ਮੁਤਾਬਕ ਜਦੋਂ ਸ੍ਰੀ ਰਾਮ ਲੰਕਾ ਫਤਿਹ ਕਰਕੇ ਅਯੁੱਧਿਆ ਪੁਸ਼ਪਕ ਵਿਮਾਨ (ਜਹਾਜ਼) ਰਾਹੀ ਪਹੁੰਚੇ ਤਾਂ ਉਸ ਸਮੇਂ ਲੋਕਾਂ ਵੱਲੋਂ ਦੀਵੇ ਜਗਾਏ ਗਏ। ਉਸ ਸਮੇਂ ਪਟਾਖੇ ਨਹੀਂ ਸਨ ਹੁੰਦੇ, ਲੋਕਾਂ ਨੇ ਢੋਲ-ਢਮੱਕਾ ਕਰ ਲਿਆ ਹੋਵੇਗਾ। ਕਿਸੇ ਧੋਬੀ ਦੇ ਮਿਹਣਾ ਮਾਰਨ 'ਤੇ ਸ੍ਰੀ ਰਾਮ ਨੇ ਆਪਣੀ ਗਰਭਵਤੀ ਪਤਨੀ ਸੀਤਾ ਨੂੰ ਘਰੋਂ ਕੱਢ ਦਿੱਤਾ, ਉਹ ਜੰਗਲ ਵਿੱਚ ਜਾ ਕੇ ਰਹਿਣ ਲੱਗੀ, ਜਿੱਥੇ ਉਸ ਦੇ ਦੋ ਪੁੱਤਰ ਲਵ ਅਤੇ ਕੁਸ਼ ਹੋਏ। ਜਦੋਂ ਲੜਾਈ ਵਿੱਚ ਸ੍ਰੀ ਰਾਮ ਆਪਣੇ ਪੁੱਤਰਾਂ ਹੱਥੋਂ ਹਾਰ ਗਏ ਤਾਂ ਉਹ ਸਰਿਊ ਨਦੀ ਵਿੱਚ ਅਲੋਪ ਹੋ ਗਏ। ਇਸ ਨੂੰ ਸਿੱਧਾ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਉਹ ਖੁਦਕੁਸ਼ੀ ਕਰ ਗਏ, ਉਨ•ਾਂ ਦੇ ਪਿੱਛੇ ਹੀ ਉਨ•ਾਂ ਦੇ ਸ਼ਰਧਾਲੂਆਂ ਨੇ ਛਾਲਾਂ ਮਾਰ ਦਿੱਤੀਆਂ। ਬਕੌਲ ਗੁਰੂ ਗੋਬਿੰਦ ਸਿੰਘ ਜੀ “ਸੁਰਗਵਾਸ ਰਘੁਵਰ ਕਰਾ ਸਗਲੀ ਪੁਰੀ ਸਮੇਤ” ਸਵਾਲ ਪੈਦਾ ਹੁੰਦਾ ਹੈ ਉਨ•ਾਂ ਦੇ ਇਸ ਤਰ•ਾਂ ਸਰੀਰ ਤਿਆਗ ਜਾਣ ਦੇ ਦਿਨ 'ਤੇ ਕੋਈ ਸ਼ੋਕ ਸਮਾਗਮ ਕਿਉਂ ਨਹੀਂ ਕੀਤਾ ਜਾਂਦਾ। ਇਹ ਦੁਆਪਰ ਯੁੱਗ ਦੀ ਗੱਲ ਸੀ। ਹੁਣ ਤਰੇਤੇ ਯੁੱਗ ਦੇ ਭਗਵਾਨ ਕ੍ਰਿਸ਼ਨ ਦੀ ਗੱਲ ਕਰੀਏ। ਸ੍ਰੀ ਮੱਧ ਭਗਵਤ ਪੁਰਾਣ ਮੁਤਾਬਿਕ ਸ੍ਰੀ ਕ੍ਰਿਸ਼ਨ ਲੱਤ 'ਤੇ ਲੱਤ ਰੱਖ ਕੇ ਲੰਮੇ ਪਏ ਸਨ। ਉਨ•ਾਂ ਦੇ ਪੈਰ ਵਿਚਲੀ ਪਦਮ ਨੂੰ ਹਿਰਨੀ ਦੀ ਅੱਖ ਸਮਝ ਕੇ ਸ਼ਿਕਾਰੀ ਨੇ ਤੀਰ ਚਲਾ ਦਿੱਤਾ ਅਤੇ ਸ੍ਰੀ ਕ੍ਰਿਸ਼ਨ ਦਾ ਦੇਹਾਂਤ ਹੋ ਗਿਆ। ਪੰਜੇ ਪਾਂਡਵ ਸਣਦੇਹੀ ਸਵਰਗ ਜਾਣ ਲੱਗੇ। ਉੱਤਰਾਂਚਲ ਹਿਮਾਲਿਆ ਪਰਬਤ ਨੂੰ ਜਾਂਦੇ ਇੱਕ ਰਸਤੇ ਨੂੰ ਹੁਣ ਵੀ ਸਵਰਗ ਦਾ ਰਾਹ ਕਿਹਾ ਜਾਂਦਾ ਹੈ। ਇਸੇ ਰਸਤੇ ਪਾਂਡਵ ਤੁਰਦੇ ਗਏ ਅਤੇ ਇੱਕ-ਇੱਕ ਕਰਕੇ ਡਿੱਗਦੇ ਗਏ। ਅਖੀਰ ਵਿੱਚ ਲਿਖਿਆ ਹੈ ਕਿ ਯੁਧਿਸਟਰ ਅਤੇ ਉਸ ਦਾ ਕੁੱਤਾ ਹੀ ਸਵਰਗ ਤੱਕ ਪਹੁੰਚੇ। ਹੁਣ ਸੋਚੋ ਹਿਮਾਲਿਆ ਪਰਬਤ ਤੋਂ ਅੱਗੇ ਕਿਹੜਾ ਸਵਰਗ ਹੈ ਜਿੱਥੇ ਉਹ ਜਾ ਬਰਾਜੇ ਹੋਣਗੇ। ਸਾਖੀਆਂ ਮੁਤਾਬਕ ਜਦ ਗੁਰੂ ਨਾਨਕ ਦੇਵ ਜੀ ਨੇ ਸਰੀਰ ਤਿਆਗਿਆ ਤਾਂ ਹਿੰਦੂ ਮੁਸਲਮਾਨ ਦੇਹ ਪ੍ਰਾਪਤ ਕਰਨ ਪਿੱਛੇ ਝਗੜ ਪਏ। ਪਰ ਜਦ ਚਾਦਰ ਚੱਕ ਕੇ ਦੇਖੀ ਤਾਂ ਉੱਥੇ ਸਿਰਫ ਫੁੱਲ ਹੀ ਪਏ ਸਨ ਜੋ ਹਿੰਦੂ ਮੁਸਲਮਾਨਾਂ ਨੇ ਅੱਧੋ ਅੱਧ ਵੰਡ ਲਏ। ਸਾਖੀਆਂ ਮੁਤਾਬਕ ਹੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਸਮੇਤ ਬੈਕੁੰਠ ਨੂੰ ਚਲੇ ਗਏ। ਜਦ ਉਨ•ਾਂ ਦਾ ਅੰਗੀਠਾ ਫਰੋਲ ਕੇ ਦੇਖਿਆ ਤਾਂ ਉੱਥੇ ਸਿਰਫ ਇੱਕ ਕ੍ਰਿਪਾਨ ਹੀ ਪਈ ਸੀ। ਇਸਾਈਆਂ ਦੇ ਯਸ਼ੂ ਮਸੀਹ ਸਲੀਬ 'ਤੇ ਚੜ•ਾਉਣ ਤੋਂ ਬਾਅਦ ਤੀਜੇ ਦਿਨ ਫਿਰ ਪ੍ਰਗਟ ਹੋ ਗਏ। ਇਨ•ਾਂ ਕਹਾਣੀਆਂ ਨੂੰ ਇਤਿਹਾਸ ਦੇ ਕਿਸ ਖਾਨੇ 'ਚ ਰੱਖਿਆ ਜਾਵੇ। ਚੱਲੋ ਖੈਰ! ਦੀਵਾਲੀ ਦੇ ਦੀਵੇ ਜਗਾਓ, ਤੇਲ ਸਾੜੋ, ਮੋਮਬੱਤੀਆਂ ਦੀ ਮੋਮ ਰਾਹੀਂ ਕਾਰਬਨ ਗੈਸਾਂ ਪੈਦਾ ਕਰੋ, ਬਾਰੂਦੀ ਪਟਾਖਿਆਂ ਦਾ ਜ਼ਹਿਰ ਹਵਾ ਵਿੱਚ ਘੋਲੋ, ਨਕਲੀ ਖੋਏ ਵਾਲੀ ਮਠਿਆਈ ਖਾਓ ਅਤੇ ਮਸਤ ਹੋ ਕੇ ਸੌ ਜਾਓ। ਆਪਾਂ ਕੀ ਲੈਣਾ ਹੈ ਅਜਿਹੀ ਮਗਜ਼ ਖਪਾਈ ਕਰਕੇ। ਖੁਸ਼ ਕਰ ਆਪਣਾ ਜੀਅ! ਸੁਥਰਿਆ ਤੈਨੂੰ ਕਿਸੇ ਨਾਲ ਕੀ?

Monday, October 19, 2009

ਕੱਚ ਦਾ ਗਿਲਾਸ (ਧੀ ਦਾ ਗੀਤ)

ਅਮਰਜੀਤ
ਸੋਹਲ ਹੱਥਾਂ ਵਿੱਚੋਂ ਪਤਾ ਨਹੀਂ ਕਿੰਜ ਛੁਟਿਆ।
ਮਾਏ! ਮੈਥੋਂ ਅੱਜ ਕੱਚ ਦਾ ਗਿਲਾਸ ਟੁੱਟਿਆ।
ਮਾਏ ਮੇਰੀਏ ! ਗਿਲਾਸ ਉੱਤੇ ਝੂਰਦੀ ਫਿਰੇਂ
ਮੇਰੀ ਤੱਤੜੀ ਜਿਹੀ ਜਿੰਦ ਤਾਈਂ ਘੂਰਦੀ ਫਿਰੇਂ।
ਦੱਸ ਕੀਹਦੀਆਂ ਮੈਂ ਸੱਧਰਾਂ ਦਾ ਗੱਲ ਘੁੱਟਿਆ? ਮਾਏ ਮੈਥੋਂ . ..
ਮਾਏ! ਜੇ ਮੈਂ ਹੁੰਦੀ ਪੁੱਤ ਤੂੰ ਸੀ ਨਹੀਂ ਘੂਰਨਾ
ਇਸ ਟੁੱਟੇ ਹੋਏ ਗਿਲਾਸ ਦਾ ਸੀ ਪੱਖ ਪੂਰਨਾ
ਪਰ ਧੀ ਉੱਤੇ ਗਮਾਂ ਦਾ ਪਹਾੜ ਟੁੱਟਿਆ। ਮਾਏ ਮੈਥੋਂ. . .
ਤੂੰ ਤਾਂ ਕੁੱਖ ਵਿੱਚ ਮੈਨੂੰ ਬੜੇ ਵਾਰੀ ਮਾਰਿਆ
ਹੁਣ ਬਚ ਗਈ ਤਾਂ ਤੈਥੋਂ ਜਾਵੇ ਨਾ ਸਹਾਰਿਆ।
ਮੇਰਾ ਹਰ ਵੇਲੇ ਰਹੇ ਇੱਥੇ ਦਮ ਘੁੱਟਿਆ। ਮਾਏ ਮੈਥੋਂ. . .
ਲੋਕੀ ਰੋਜ ਇੱਥੇ ਸਾਡੇ ਅਰਮਾਨ ਲੁੱਟਦੇ
ਤੈਨੂੰ ਪਤਾ ਨਹੀਓਂ ਹੋਣਾ ਦਿਲ ਕਿਵੇਂ ਟੁੱਟਦੇ।
ਰੋਜ਼ ਕੂੜੇ ਵਿੱਚ ਜਾਂਦਾ ਹੈ ਹੁਸਨ ਸੁੱਟਿਆ। ਮਾਏ ਮੈਥੋਂ.. .
ਜਿੰਨਾ ਚਿਰ ਰਹਿਣਾ ਧੀਆਂ ਨੇ ਗੁਲਾਮ ਅੰਮੀਏਂ
ਰਹਿਣੀ ਉਨਾਂ ਚਿਰ ਗਮ ਦੀ ਹੈ ਸ਼ਾਮ ਅੰਮੀਏਂ।
ਇਹ ਦੇਸ਼ ਓਨਾ ਚਿਰ ਰਹਿਣਾ ਹੈ ਨਿਖੁੱਟਿਆ।
ਮੈੱਥੋਂ ਅੱਜ ਕੱਚ ਦਾ ਗਿਲਾਸ ਟੁੱਟਿਆ।

ਥੱਲੇ ਕੋਈ ਪਾਤਾਲ ਨਹੀਂ ਉੱਪਰ ਕੋਈ ਆਕਾਸ਼ ਨਹੀਂ

ਅਮਰਜੀਤ ਢਿੱਲੋਂ

ਧਾਰਮਿਕ ਲੋਕਾਂ ਨੇ ਆਪਣੇ ਬੁੱਧੀ ਵਿਵੇਕ ਰਾਹੀਂ ਇਸ ਬ੍ਰਹਿਮੰਡ ਦੀ ਵਿਆਖਿਆ ਕੀਤੀ ਹੈ। ਮੁਸਲਮਾਨ ਮਜ਼ਹਬ ਦੇ ਮੁਖੀ ਨੇ ਆਪਣੀ ਕਲਪਨਾ ਰਾਹੀਂ ਸੱਤ ਆਕਾਸ਼ ਤੇ ਸੱਤ ਪਾਤਾਲ ਕਹੇ। ਗੁਰੂ ਨਾਨਕ ਦੇਵ ਜੀ ਨੇ ਉਸ ਦੀ ਵਿਆਖਿਆ ਕੱਟ ਕੇ ਕਿਹਾ ਕਿ ਲੱਖ ਆਕਾਸ਼ ਤੇ ਲੱਖ ਪਾਤਾਲ ਹਨ। ਈਸਾਈਆਂ ਦੀ ਧਾਰਮਿਕ ਪੁਸਤਕ ਬਾਈਬਲ 'ਚ ਅਜੇ ਵੀ ਧਰਤੀ ਨੂੰ ਚਪਟੀ ਤੇ ਖੜ•ੀ ਦੱਸਿਆ ਗਿਆ ਹੈ। ਹਿੰਦੂ ਗਰੰਥਾਂ ਮੁਤਾਬਕ ਧਰਤੀ ਸ਼ੇਸ਼ਨਾਗ ਨੇ ਆਪਣੇ ਕਲਾਵੇ 'ਚ ਲਈ ਹੋਈ ਹੈ। ਸ਼ੇਸ਼ਨਾਗ ਦੇ ਥੱਲੇ ਇੱਕ ਵੱਡੇ ਕੱਛੂ ਨੇ ਆਸਰਾ ਦਿੱਤਾ ਹੋਇਆ ਹੈ।
ਲਕੀਰ ਦੇ ਫਕੀਰ ਅਤੇ ਲਾਈਲੱਗ ਮਨੁੱਖ ਬਿਨਾਂ ਸੋਚੇ ਸਮਝੇ ਸਤ ਸਤ ਕਰੀ ਜਾਰਹੇ ਹਨ। ਵਿਗਿਆਨਕ ਸੋਚ ਰਾਹੀਂ ਹੀ ਅਸਲ ਵਿੱਚ ਇਸ ਸਭ ਕਾਸੇ ਬਾਰੇ ਸਹੀ ਨਿਰਣਾ ਲਿਆ ਜਾ ਸਕਦਾ ਹੈ।
ਵਿਗਿਆਨ ਦੇ ਬਣਾਏ ਹੋਏ ਉਪਗ੍ਰਹਿ ਹੁਣ ਹਰ ਵਕਤ ਧਰਤੀ ਦੇ ਚਾਰ-ਚੁਫੇਰੇ (ਹੇਠੋਂ ਉੱਪਰ) ਗੇੜੇ ਕੱਢ ਰਹੇ ਹਨ। ਅਮਰੀਕਾ ਵਰਗੇ ਦੇਸ਼ ਸਾਡੇ ਥੱਲੇ ਹਨ ਅਤੇ ਅਸੀਂ ਉਨ•ਾਂ ਦੇ ਥੱਲੇ ਹਾਂ। ਅਸਲ ਵਿੱਚ ਥੱਲੇ ਕੁਝ ਵੀ ਨਹੀਂ ਸਭ ਕੁਝ ਉੱਪਰ ਹੀ ਹੈ। ਪਾਤਾਲ ਨਾਂਅ ਦੀ ਕੋਈ ਚੀਜ਼ ਇਸ ਧਰਤੀ ਤੋਂ ਥੱਲੇ ਨਹੀਂ। ਜਿਹੜਾ ਆਸਮਾਨ ਸਾਨੂੰ ਰਾਤ ਸਮੇਂ ਨਜ਼ਰ ਆਉਂਦਾ ਹੈ ਅਗਲੇ ਬਾਰਾਂ ਘੰਟਿਆਂ ਬਾਅਦ ਉਹੀ ਅਮਰੀਕਾ ਵਰਗੇ ਦੇਸ਼ਾਂ ਨੂੰ ਨਜ਼ਰ ਆਉਂਦਾ ਹੈ। ਧਰਤੀ ਘੁੰਮੀ ਜਾ ਰਹੀ ਹੈ। ਸਾਨੂੰ ਲੱਗਦਾ ਹੈ ਕਿ ਅਮਰੀਕਾ ਵਰਗੇ ਦੇਸ਼ ਸਾਡੇ ਥੱਲੇ ਹਨ ਤੇ ਉਨ•ਾਂ ਨੂੰ ਲੱਗਦਾ ਹੈ ਕਿ ਭਾਰਤ ਵਰਗੇ ਦੇਸ਼ ਉਨ•ਾਂ ਦੇੇ ਥੱਲੇ ਹਨ। ਅਸਲ ਵਿੱਚ ਅਸੀਂ ਹਵਾ (ਖਲਾਅ) ਵਿੱਚ ਲਟਕੇ ਹੋਏ ਹਾਂ। ਧਰਤੀ ਸੂਰਜ ਤੋਂ ਨਿਸ਼ਚਿਤ ਦੂਰੀ 'ਤੇ ਸੂਰਜ ਦੀ ਖਿੱਚ 'ਚ ਬੱਝੀ ਹੋਈ ਲਗਾਤਾਰ ਘੁੰਮੀ ਜਾ ਰਹੀ ਹੈ। ਧਰਤੀ ਆਪਣੀ ਧੁਰੀ ਦੁਆਲੇ ਵੀ ਅਤੇ ਸੂਰਜ ਦੀ ਪ੍ਰਕਰਮਾ ਵੀ ਕਰੀ ਜਾਰਹੀ ਹੈ। ਧਰਤੀ ਦਾ ਉਪਗ੍ਰਹਿ ਚੰਨ ਅਤੇ ਵਾਯੂ ਮੰਡਲ (ਜਿਸ ਨੂੰ ਅਸੀਂ ਆਕਾਸ਼ ਕਹਿੰਦੇ ਹਾਂ) ਵੀ ਧਰਤੀ ਦੇ ਨਾਲ ਹੀ ਘੁੰਮੀ ਜਾ ਰਿਹਾ ਹੈ। ਭਾਵੇਂ ਸੂਰਜ ਦੇ ਬਾਕੀ ਗ੍ਰਹਿ ਵੀ ਸੂਰਜ ਵਾਗੂੰ ਆਪਣੀ ਧੁਰੀ ਦੁਆਲੇ ਸੂਰਜ ਦੀ ਪ੍ਰਕਰਮਾ ਕਰੀ ਜਾਰਹੇ ਹਨ ਪਰ ਉਨ•ਾਂ ਦਾ ਕੋਈ ਵਾਯੂਮੰਡਲ ਨਹੀਂ। ਵਾਯੂ ਮੰਡਲ ਨਾ ਹੋਣ ਕਾਰਨ ਉੱਥੇ ਕੋਈ ਸਵੇਰ ਜਾਂ ਸ਼ਾਮ ਨਹੀਂ ਹੁੰਦੀ। ਸਿੱਧਾ ਹੀ ਦਿਨ ਚੜ•ਦਾ ਹੈ ਜਿਵੇਂ ਸਿਖਰ ਦੁਪਹਿਰ ਦਾ ਸੂਰਜ ਇੱਕਦਮ ਚਮਕਣ ਲੱਗ ਜਾਵੇ ਅਤੇ ਇੱਕਦਮ ਹੀ ਸੂਰਜ ਡੁੱਬਣ ਨਾਲ ਹਨੇਰਾ ਹੋ ਜਾਂਦਾ ਹੈ। ਧਰਤੀ ਤੇ ਵਾਯੂਮੰਡਲ ਹੋਣ ਕਾਰਨ ਸੂਰਜ ਹੌਲੀ-ਹੌਲੀ ਚੜ•ਦਾ ਤੇ ਡੁੱਬਦਾ ਨਜ਼ਰ ਆਉਂਦਾ ਹੈ। ਇਹ ਵਾਯੂ ਮੰਡਲ ਹੀ ਆਕਾਸ਼ (ਗਗਨ) ਹੈ ਜਿਸ ਨੂੰ ਧਾਰਮਿਕ ਪੁਸਤਕਾਂ 'ਚ ਬਿਨਾਂ ਥੰਮ•ਾਂ ਤੋਂ ਛੱਤ ਬਣਾਉਣ 'ਤੇ ਰੱਬ ਦੀ ਪ੍ਰਸ਼ੰਸਾ ਕੀਤੀ ਗਈ ਹੈ।
ਜਿਵੇਂ ਸਾਨੂੰ ਧਰਤੀ ਤੋਂ ਚੰਨ ਨਜ਼ਰ ਆਉਂਦਾ ਹੈ, ਇਸੇ ਤਰ•ਾਂ ਹੀ ਧਰਤੀ ਚੰਨ ਤੋਂ ਉੱਪਰ ਵੱਲ ਨਜ਼ਰ ਆਵੇਗੀ। ਪਰ ਨਾ ਹੀ ਚੰਨ ਉੱਪਰ ਹੈ ਅਤੇ ਨਾ ਹੀ ਧਰਤੀ, ਨਾ ਹੀ ਸੂਰਜ ਧਰਤੀ ਦੇ ਉੱਪਰ ਵਾਲੇ ਪਾਸੇ ਹੈ। ਇਹ ਸਾਰਾਸਾਡੀ ਨਜ਼ਰ ਦਾ ਧੋਖਾ ਹੈ। ਚੰਨ, ਸੂਰਜ, ਧਰਤੀ ਗ੍ਰਹਿ ਸਾਰੇ ਇੱਕੋ ਲਾਈਨ ਵਿੱਚ ਹਨ ਅਤੇ ਆਪੋ-ਆਪਣੇ ਪ੍ਰਕਰਮਾ ਪੰਧ 'ਤੇ ਘੁੰਮਦੇ ਰਹਿੰਦੇ ਹਨ। ਨਾ ਥੱਲੇ ਅਤੇ ਨਾ ਹੀ ਉੱਪਰ ਕਿਸੇ ਤਰ•ਾਂ ਦਾ ਕੋਈ ਆਕਾਸ਼ ਹੈ ਅਤੇ ਨਾ ਹੀ ਕੋਈ ਪਾਤਾਲ। ਸਾਨੂੰ ਦਿਸਦੇ ਆਕਾਸ਼ ਦੇ ਚਾਰ ਚੁਫੇਰੇ ਕਾਲਾ ਘੁੰਪ ਹਨੇ•ਰਾ ਅਤੇ ਠੰਢ ਪਸਰੀ ਹੋਈ ਹੈ।

ਹਰੀ ਕ੍ਰਾਂਤੀ ਲੈ ਕੇ ਆਈ. .

ਅਮਰਜੀਤ ਢਿੱਲੋਂ

ਧਰਤੀ ਮਾਤਾ ਤੇ ਜਲਵਾਯੂ ਤਾਈਂ ਪੈਂਦੀਆਂ ਗਸ਼ੀਆਂ
ਹਰੀ ਕ੍ਰਾਂਤੀ ਲੈ ਕੇ ਆਈ ਕੈਂਸਰ ਤੇ ਖੁਦਕਸ਼ੀਆਂ।
ਸ਼ਰਮਾਏ ਦੀ ਅੰਨ•ੀ ਹਵਸ ਨੇ ਕੀ ਭਾਣਾ ਵਰਤਾਇਆ
ਹਸਦਾ-ਵਸਦਾ, ਰੰਗਲਾ ਸੂਬਾ, ਕੰਗਲਾ ਜਮਾਂ ਬਣਾਇਆ।
ਭੁੱਖ ਮਰੀ ਨਾਲ ਅੰਨ ਦਾਤੇ ਦੀਆਂ ਗੱਲ•ਾਂ ਅੰਦਰ ਧੱਸੀਆਂ. . .ਹਰੀ ਕ੍ਰਾਂਤੀ
ਰੇਹਾਂ ਤੇ ਸਪਰੇਆਂ ਸਾਡਾ ਲਹੂ ਇਸ ਤਰ•ਾਂ ਪੀਤਾ
ਧਰਤੀ ਮਾਤਾ ਦੇ ਰੋਮਾਂ ਨੂੰ ਸਾਹ ਆਉਣਾ ਬੰਦ ਕੀਤਾ।
ਅੰਤਾਂ ਦੇ ਕਰਜ਼ਿਆਂ ਜੱਟਾਂ ਦੀਆਂ ਲਗਾਮਾਂ ਕਸੀਆਂ. . .ਹਰੀ ਕ੍ਰਾਂਤੀ
ਨਾ ਕੋਈ ਮੋਰ, ਪਪੀਹਾ ਬੋਲੇ, ਨਾ ਕੋਈ ਕੋਇਲ ਗਾਵੇ
ਪੰਜ ਦਰਿਆਵਾਂ ਦੀ ਧਰਤੀ ਅੱਜ ਬੰਜਰ ਹੁੰਦੀ ਜਾਵੇ।
ਮਾਂ ਦੇ ਦੁੱਧ 'ਚ ਜ਼ਹਿਰ ਆ ਗਿਆ ਕੌੜੀਆਂ ਹੋਈਆ ਲੱਸੀਆਂ. . .ਹਰੀ ਕ੍ਰਾਂਤੀ
ਚਾਰ ਚੁਫੇਰੇ ਅੱਗਾਂ, ਧੂੰਆਂ, ਝੁਲਸੇ ਰੁੱਖ ਹਰਿਆਲੇ।
ਗੈਸ ਚੈਂਬਰ ਪੰਜਾਬ ਹੈ ਬਣਿਆ, ਨੀਲੇ ਅੰਬਰ ਕਾਲੇ।
ਧਰਤੀ ਵਿੱਚ ਗੰਡੋਏ ਸਹਿਕਣ, ਸੁੱਕੇ ਸੂਏ ਕੱਸੀਆਂ. . . ਹਰੀ ਕ੍ਰਾਂਤੀ
ਡੁੱਲ•ੇ ਬੇਰ ਅਜੇ ਵੀ ਚੁੱਕ ਕੇ ਝੋਲੀ ਦੇ ਵਿੱਚ ਪਾਈਏ।
ਛੱਡ ਜ਼ਹਿਰਾਂ ਦਾ ਖਹਿੜਾ ਕੁਦਰਤ ਖੇਤੀ ਹੀ ਅਪਣਾਈਏ।
ਲੁੱਟੇ ਜਾਣੇ ਸ਼ਹਿਰ ਭੰਬੋਰ ਜੇ ਸੁੱਤੀਆਂ ਰਹੀਆਂ ਸੱਸੀਆਂ. . .ਹਰੀ ਕ੍ਰਾਂਤੀ
ਕੁਝ ਵੀ ਪਾਉਣ ਦੀ ਲੋੜ ਨਾ ਇਸ ਵਿੱਚ ਧਰਤੀ ਪਾਲਣ ਹਾਰੀ।
ਗਊ ਗੋਬਰ ਦਾ ਜੀਵਨ ਅੰਮ੍ਰਿਤ ਲੋੜ ਪੂਰਦਾ ਸਾਰੀ।
ਢਿੱਲੋਂ ਜ਼ੀਰੋ ਬੱਜਟ ਖੇਤੀ ਨੇ ਇਹ ਗੱਲਾਂ ਦੱਸੀਆਂ . . .
ਹਰੀ ਕ੍ਰਾਂਤੀ ਲੈ ਕੇ ਆਈ, ਕੈਂਸਰ ਤੇ ਖੁਦਕਸ਼ੀਆਂ।

ਧੰਧਾ ਹੋਰ ਕਮਾਈਆਂ ਹੋਰ

ਅਮਰਜੀਤ ਢਿੱਲੋਂ
ਸਾਡਾ ਦੇਸ਼ ਭਾਰਤ ਗਰੀਬ ਮੁਲਕ ਨਹੀਂ। ਇਹ ਵਾਕਿਆ ਹੀ ਸੋਨੇ ਦੀ ਚਿੜੀ ਹੈ, ਪਰ ਇਹ ਸੋਨੇ ਦੀ ਚਿੜੀ ਕੁਝ ਕੁ ਸ਼ਿਕਾਰੀਆਂ ਦੇ ਪਿੰਜਰੇ 'ਚ ਹੀ ਬੰਦ ਹੈ। ਪੈਦਾਵਾਰ, ਨਿਰਮਾਣ ਅਤੇ ਸੇਵਾ ਨੂੰ ਹੀਣ ਕਾਰਜ ਸਮਝਣ ਵਾਲਾ ਲੁਟੇਰਾ ਹਿੰਦੂਤਵ (ਇਸ 'ਚ ਉਨ•ਾਂ ਦੇ ਸਾਥੀ ਮੁਸਲਮ, ਪਾਰਸੀ ਅਤੇ ਸਿੱਖ ਵੀ ਹੋ ਸਕਦੇ ਹਨ) ਪੂਰੀ ਤਰ•ਾਂ ਐਯਾਸ਼ ਜ਼ਿੰਦਗੀ ਜਿਉਂਦਾ ਹਿੰਦੂਆਂ (ਭਾਰਤੀਆਂ) 'ਚ ਸਰਵਉੱਚ ਸਥਾਨ ਪ੍ਰਾਪਤ ਕਰਤਾ ਹੈ। ਸਾਮੰਤਸ਼ਾਹੀ, ਰਜਵਾੜਾਸ਼ਾਹੀ ਅਤੇ ਜੰਗੀਰਦਾਰੀ ਆਜ਼ਾਦੀ ਤੋਂ ਬਾਅਦ ਖਤਮ ਹੋ ਗਈ ਤਾਂ ਇਸ ਲੁਟੇਰੀ ਜਮਾਤ ਦੀ ਰੱਖਿਆ ਕਰਨ ਦੀ ਜਿੰਮੇਵਾਰੀ ਕਾਲੇ ਧਨ ਨੇ ਆਪਣੇ ਮੋਢਿਆਂ 'ਤੇ ਲੈ ਲਈ। ਕਾਲੇ ਧਨ ਦਾ ਦਾਨ ਲੈ ਕੇ ਪੁਜਾਰੀ ਵਰਗ, ਧਰਮ ਦਾ ਅਤਿ ਲਾਭਦਾਇਕ ਧੰਧਾ ਕਰਦਾ ਹੈ। (ਹਿੰਗ ਲੱਗੇ, ਨਾ ਫਟਕੜੀ ਰੰਗ ਚੋਖਾ ਹੋਵੇ) ਕਾਲੇ ਧਨ ਦੇ ਬਦਲੇ 'ਚ ਪੁਜਾਰੀ ਵਰਗ ਦੋ ਨੰਬਰ ਦਾ ਕੰਮ ਕਰਨ ਵਾਲੇ ਬਲੈਕ ਮਾਰਕੀਟੀਆਂ ਅਤੇ ਦੇਸ਼ ਧਰੋਹੀਆਂ ਨੂੰ ਦਾਨ ਕਰਨ ਵਾਲੇ ਧਰਮਾਤਮਾਵਾਂ ਦਾ ਸਰਟੀਫਿਕੇਟ ਮੁਹੱਈਆ ਕਰਦਾ ਹੈ। ਕਾਲੇ ਧਨ ਦਾ ਧੰਧਾ ਕਰਨ ਵਾਲੇ ਖਰਬਾਂ ਪਤੀਆਂ ਦੇ ਨਾਂਅ 'ਤੇ ਵੱਡੇ-ਵੱਡੇ ਮੰਦਰ ਉਸਾਰੇ ਜਾਂਦੇ ਹਨ। ਭਾਰਤ 'ਚ ਸਿਰਫ ਦੋ ਟਨ ਸੋਨੇ ਦੀ ਸਾਲਾਨਾ ਪੈਦਾਵਾਰ ਹੁੰਦੀ ਹੈ ਜੋ ਸਰਕਾਰ ਕੋਲ ਰਹਿੰਦੀ ਹੈ, ਪਰ ਕਾਲਾ ਧੰਧਾ ਕਰਨ ਵਾਲਿਆਂ ਕੋਲ 20 ਹਜ਼ਾਰ ਟਨ ਸੋਨੇ ਤੋਂ ਵੀ ਜ਼ਿਆਦਾ ਹੈ। ਇਸੇ ਸੋਨੇ 'ਚੋਂ ਕਈ ਸਾਲ ਪਹਿਲਾਂ ਭਾਜਪਾ ਆਗੂ ਵਾਜਪਾਈ ਜੀ ਨੇ ਕੇਂਦਰ ਸਰਕਾਰ ਨੂੰ ਦੋ ਹਜ਼ਾਰ ਟਨ ਸੋਨਾ ਕਰਜੇ ਦੇ ਰੂਪ 'ਚ ਦਿਵਾਉਣ ਦੀ ਗੱਲ ਕੀਤੀ ਸੀ। ਇਸ ਵਕਤ ਜਿੰਨੇ ਸਰਕਾਾਰੀ ਕਰਮਚਾਰੀ ਹਨ ਉਨ•ਾਂ ਤੋਂ ਕਿਤੇ ਜ਼ਿਆਦਾ ਨੌਕਰ ਕਾਲਾ ਧੰਧਾ ਕਰਨ ਵਾਲਿਆਂ ਕੋਲ ਹਨ। ਜੋ ਕਾਲੇ ਧਨ ਰਾਹੀਂ ਐਸ਼ ਪ੍ਰਸ਼ਤੀ ਕਰ ਰਹੇ ਹਨ।
ਸਾਡੇ ਦੇਸ਼ 'ਚ ਸ਼ਹਿਰਾਂ 'ਚ 500 ਰੁਪਏ ਕਮਰਾ ਕਿਰਾਏ 'ਤੇ ਲੈ ਕੇ ਫੈਕਟਰੀ ਦਾ ਮਜ਼ਦੂਰ ਮਸਾਂ 1500 ਰੁਪਏ ਮਹੀਨਾ ਕਮਾਉਂਦਾ ਹੈ, ਪਰ ਦਿੱਲੀ 'ਚ ਦੇਹ ਵਪਾਰ ਦਾ ਧੰਧਾ ਕਰਦੀਆਂ ਫੜ•ੀਆਂ ਗਈਆਂ ਲੜਕੀਆਂ ਨੇ ਦੱਸਿਆ ਸੀ ਕਿ ਉਨ•ਾਂ ਦੀ ਇੱਕ ਰਾਤ ਦੀ ਫੀਸ 10 ਤੋਂ 15 ਹਜ਼ਾਰ ਰੁਪਏ ਹੈ। ਇਸ ਤਰ•ਾਂ ਦੀ ਅਯਾਸ਼ੀ ਕਰਨ ਲਈ ਫੀਸ ਕਾਲੇ ਧੰਧੇ 'ਚੋਂ ਹੀ ਦਿੱਤੀ ਜਾ ਸਕਦੀ ਹੈ। ਭਾਰਤ ਦੀ 12 ਕਰੋੜ ਆਬਾਦੀ ਕਾਲੇ ਧਨ ਦੀ ਬਦੌਲਤ ਅਮਰੀਕੀਆਂ ਵਰਗਾ ਸ਼ਾਹਾਨਾ ਜੀਵਨ ਬਤੀਤ ਕਰਦੀ ਹੈ। 12 ਕਰੋੜ ਮਾਧਿਅਮ ਵਰਗ (ਮਿਡਲ ਵਰਗ) ਉਨ•ਾਂ (ਉਪਰਲਿਆਂ) ਦੀ ਰੀਸੋ-ਰੀਸ ਆਪਣਾ ਬੱਜਟ ਖਰਾਬ ਕਰਦੇ ਹਨ। 12 ਕਰੋੜ ਨਿਮਨ ਮੱਧ ਵਰਗ ਦਾਜ ਦੇ ਆਸਰੇ ਆਪਣਾ ਜੀਵਨ ਕਰਜ਼ੇ 'ਚ ਡੁਬੋਈ ਰੱਖਦੇ ਹਨ। ਬਾਕੀ ਬਚੀ 70 ਕਰੋੜ ਤੋਂ ਉੱਪਰ ਜਨਤਾ ਕੁੱਲੀ, ਗੁੱਲੀ ਅਤੇ ਜੁੱਲੀ ਨੂੰ ਤਰਸਦੀ ਹੈ। ਇਨ•ਾਂ 'ਚੋਂ ਅੱਧਿਆਂ ਲਈ ਕਾਲਾ ਅੱਖਰ ਭੈਂਸ ਬਰਾਬਰ ਹੈ। ਭਾਰਤ ਵਾਸੀਆਂ ਦਾ ਮਕਸਦ ਨੰਬਰ ਇੱਕ ਤੇ ਅਮੀਰ ਹੋਣਾ, ਨੰਬਰ ਦੋ ਤੇ ਸ਼ੌਕੀਨ (ਭੋਗਵਾਦੀ) ਹੋਣ ਅਤੇ ਨੰਬਰ ਤਿੰਨ ਕਿਸਮਤ ਨੂੰ ਰੋ ਕੇ ਦਰਿਦਰੀ ਹੰਢਾਉਣਾ ਹੀ ਰਹਿ ਗਿਆ ਹੈ। ਗੈਰ ਜਥੇਬੰਦਕ ਸਿਆਸੀ ਪਾਰਟੀਆਂ ਕਾਲੇ ਧਨ ਦੇ ਆਸਰੇ ਹੀ ਚਲਦੀਆਂ ਹਨ। ਬਦਲੇ 'ਚ ਇਹ ਪਾਰਟੀਆਂ ਧਨ ਕੁਬੇਰਾਂ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਧਰਮ ਦਾ ਧੰਧਾ ਕਾਲੇ ਧਨ ਨਾਲ ਹੀ ਚੱਲਦਾ ਹੈ ਅਤੇਕਾਲੇ ਧਨ ਦਾ ਹੀ ਸਤਿਕਾਰ ਕਰਦਾ ਹੈ। ਬਕੌਲ ਸ਼ਾਇਰ ਪਾਤਰ “ਕਾਲੇ ਧਨ ਦੇ ਚਿੱਟੇ ਸਿੱਕੇ ਚਾੜ• ਗਏ ਵਿਉਪਾਰੀ। ਮੰਦਰ ਵਿੱਚ ਮੁਸਕਾਈ ਜਾਵੇ, ਫਿਰ ਵੀ ਕ੍ਰਿਸ਼ਨ ਮੁਰਾਰੀ।” ਕਾਲਾ ਧੰਧਾ ਕਰਨ ਵਾਲੇ, ਗੈਰ ਜਥੇਬੰਦਕ ਸਿਆਸਤਦਾਨ, ਅਫਸਰਸ਼ਾਹੀ ਅਤੇ ਪੁਜ਼ਾਰੀ ਇਹ ਚਾਰੇ ਹੀ ਦੇਸ਼ ਦੇ ਵਿਨਾਸ਼ ਦਾ ਕਾਰਨ ਹਨ। “ਨੇਤਾ, ਸਾਧ, ਵਿਉਪਾਰੀ, ਅਫਸਰ ਤੇ ਹੋਵੇ ਵਿਸ਼ਵਾਸ਼ ਕਿਵੇਂ ਕਹਿਣੀ ਹੋਰ ਤੇ ਕਰਨੀ ਹੋਰ, ਧੰਧਾ ਹੋਰ ਕਮਾਈਆਂ ਹੋਰ।

ਅੱਗ ਦਾ ਪਾਣੀ

ਅਮਰਜੀਤ ਢਿੱਲੋਂ
ਸ਼ਰ ਆਬ= ਸ਼ਰਾਬ। ਸ਼ਰ ਮਾਅਨੇ ਸ਼ਰਾਅਤ, ਆਬ ਮਾਅਨੇ ਪਾਣੀ, ਸ਼ਰਾਰਤ ਦਾ ਪਾਣੀ। ਪਾਣੀ ਅੱਗ ਦਾ ਵੀ ਇਹਨੂੰ ਆਖਦੇ ਨੇ ਅਸੀਂ ਦੇਖੀ ਆਬ-ਏ-ਹਰਾਮ ਪੀ ਕੇ। ਸ਼ਰ ਆਬ ਹੈ ਪਾਣੀ ਸ਼ਰਾਰਤਾਂ ਦਾ ਰੰਗ ਬੱਝ ਜਾਂਦੈ ਦੋ ਕੁ ਜਾਮ ਪੀ ਕੇ। ਗੱਲ ਲੁਕ ਕੇ ਹੁੰਦੀ ਜੋ ਕਰਨ ਵਾਲੀ ਉਹ ਕਰੇ ਬੰਦਾ ਸ਼ਰੇਆਮ ਪੀ ਕੇ। ਸ਼ਰਾਬ ਦਾ ਸ਼ਰਮ ਦਾ ਆਪਸ 'ਚ ਕੋਈ ਰਿਸ਼ਤਾ ਨਹੀਂ। ਸ਼ਰਾਬ ਸੰਗ ਸ਼ਰਮ ਅਤੇ ਸਤਿਕਾਰ ਖਤਮ ਕਰ ਦਿੰਦੀ ਹੈ। ਇੱਕ ਲੇਖਕ ਦਾ ਕਹਿੰਣਾ ਹੈ ਕਿ ਸਿਆਣਾ ਬੋਤਲ ਪੀ ਕੇ ਵੀ ਚੁੱਪ ਰਹਿੰਦਾ ਹੈ, ਪਰ ਮੂਰਖ ਇੱਕ ਪੈੱਗ ਪੀ ਕੇ ਹੀ ਚੀਕਾਂ ਮਾਰਨ ਲੱਗ ਜਾਂਦਾ ਹੈ। ਪਰ ਅੱਜ ਇਹ ਗੱਲ ਕਿਸੇ ਵਿਰਲੇ ਟਾਵੇਂ 'ਤੇ ਹੀ ਲਾਗੂ ਹੁੰਦੀ ਹੈ। ਅੱਜ ਕੱਲ• ਤਾਂ ਸਾਰੇ ਹੀ ਪੀਣ ਸਾਰ ਚੀਕਾਂ ਮਾਰਨ ਲੱਗ ਜਾਂਦੇ ਹਨ। ਸਭ ਸ਼ਰਾਬੀ ਇੱਕ ਦੂਜੇ ਤੋਂ ਪਹਿਲਾਂ ਬੋਲਣ ਦੀ ਕਾਹਲੀ 'ਚ ਹੁੰਦੇ ਹਨ। ਕਾਵਾਂ ਰੌਲੀ ਦਾ ਮਾਹੌਲ ਹੁੰਦਾ ਹੈ। ਇਸ ਨੂੰ ਦੇਖ ਕੇ ਹੀ ਕਿਸੇ ਸ਼ਾਇਰ ਨੇ ਕਿਹਾ ਸੀ। “ਜ਼ਿੰਦਗੀ ਹੈ ਮੈਅਕਦੇ ਕਾ ਸ਼ੋਰ, ਕੁਛ ਸਮਝ ਆਇਆ, ਕੁਛ ਨਹੀਂ ਆਇਆ”। ਸ਼ਰਾਬ (ਅਲਕੋਹਲ) ਸਭ ਤੋਂ ਸਿੱਧਾ ਹਮਲਾ ਦਿਮਾਗ 'ਤੇ ਕਰਦੀ ਹੈ। ਸ਼ਰਾਬੀ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਉਹ ਰਾਤ ਵਾਲੀ ਗੱਲ ਦਿਨੇ ਯਾਦ ਨਹੀਂ ਕਰ ਸਕਦਾ। ਦਿਮਾਗ 'ਤੇ ਹਮਲਾ ਹੋਣ ਕਾਰਨ ਹੀ ਸ਼ਰਾਬ ਨਾਲ ਹਰਟਅਟੈਕ ਅਤੇ ਅਧਰੰਗ ਦੇ ਹਮਲੇ ਦਾ ਖਤਰਾ ਬਣਿਆ ਰਹਿੰਦਾ ਹੈ। ਬਕੌਲ ਸ਼ਾਇਰ ਹਰਟ ਫੇਲ• ਹੋ ਜਾਣ ਸ਼ਰਾਬੀਆਂ ਦੇ ਜਾਂ ਫਿਰ ਹੁੰਦਾ ਹੈ ਆਮ ਅਧਰੰਗ ਪੀ ਕੇ। ਕੀਤੀ ਸਿਫਤ ਸ਼ਰਾਬ ਦੀ ਸ਼ਾਇਰਾਂ ਨੇ ਐਵੇਂ ਕਰ ਗਏ ਕਿਤੇ ਮਲੰਗ ਪੀ ਕੇ।
ਜੇ ਸ਼ਾਇਰ ਸ਼ਰਾਬ ਦੀ ਸਿਫਤ ਕਰਦੇ ਹਨ ਤਾਂ ਸ਼ਾਇਰ ਹੀ ਇਸ ਦੇ ਨੁਕਸਾਨ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦੇ ਹਨ। ਇਸੇ ਲਈ ਉਹ ਕਹਿੰਦੇ ਹਨ “ਲਾਲ ਕਾਲੀਆਂ ਦਾਰੂ ਦੀਆਂ ਬੋਤਲਾਂ ਵਿੱਚ ਸਾਡੀ ਰੁੱਤ ਜਵਾਨੀ ਦੀ ਬੰਦ ਹਾਏ! ਹਰ ਪੀਣ ਵਾਲਾ ਡਰ ਕੇ ਸੋਚਦਾ ਹੈ, ਪੀਣ ਲੱਗੇ ਨਾ ਮੇਰਾ ਫਰਜੰਦ ਹਾਏ! ਹਰ ਸ਼ਰਾਬੀ ਹਰ ਵਕਤ ਡਰਦਾ ਰਹਿੰਦਾ ਹੈ ਕਿ ਕਿਤੇ ਉਸ ਦਾ ਪੁੱਤਰ ਸ਼ਰਾਬ ਪੀਣ ਨਾ ਲੱਗ ਜਾਵੇ। ਉਹ ਖੁਦ ਤਾਂ ਇਸ ਬਿਮਾਰੀ 'ਚ ਘਿਰ ਚੁੱਕਿਆ ਹੁੰਦਾ ਹੈ। ਬਹੁਤੇ ਸ਼ਰਾਬੀ ਸ਼ਰਾਬ ਨੂੰ ਨਫਰਤ ਕਰਦੇ ਹਨ, ਪਰ ਪੀਣ ਦੇ ਆਦੀ ਹੋਣ ਕਾਰਨ ਮਜ਼ਬੂਰੀ ਵੱਸ ਪੀਂਦੇ ਹਨ। ਬਹੁਤੇ ਲੋਕਾਂ ਦੀ ਸੁਸਾਇਟੀ ਇਸ ਕਿਸਮ ਦੀ ਬਣ ਚੁੱਕੀ ਹੁੰਦੀ ਹੈ ਕਿ ਬਹੁਤ ਮਿੱਤਰ ਸਿਰਫ ਸ਼ਰਾਬ ਪੀਣ ਖਾਤਰ ਹੀ ਇਕੱਠੇ ਹੁੰਦੇ ਹਨ। ਪਹਾੜਾਂ ਦੇ ਟੂਰ ਸਿਰਫ ਸ਼ਰਾਬ ਪੀਣ ਖਾਤਰ ਹੀ ਕੀਤੇ ਜਾਂਦੇ ਹਨ। ਜਦ ਸ਼ਰਾਬੀ ਹਜ਼ਾਰਾਂ ਰੁਪਏ ਖਰਚ ਕੇ ਵਾਪਸ ਮੁੜਦੇ ਹਨ ਤਾਂ ਉਨ•ਾਂ ਕੋਲ ਦੱਸਣ ਲਈ ਕੁਝ ਨਹੀਂ ਹੁੰਦਾ। ਇਨ•ਾਂ ਟੂਰਾਂ 'ਤੇ ਜਾਣ ਵਾਲੇ ਕਈ ਲੇਖਕ ਸਫਰਨਾਮਾ ਲਿਖਣ ਦੀ ਗੱਲ ਕਰਦੇ ਹਨ ਪਰ ਸ਼ਰਾਬ ਕਾਰਨ ਉਨ•ਾਂ ਦੀ ਕਲਮ ਖਾਲੀ ਹੀ ਪਰਤਦੀ ਹੈ। ਇਹ ਸ਼ਰਾਬ ਅਨੇਕਾਂ ਲੇਖਕਾਂ ਨੂੰ ਸਬੂਤੇ ਨਿਗਲ ਚੁੱਕੀ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਸਮੇਂ ਦੀ ਬਰਬਾਦੀ ਹੈ। ਘਰੇਲੂ ਕਲੇਸ਼ ਆਮ ਤੌਰ 'ਤੇ ਸ਼ਰਾਬ ਕਾਰਨ ਹੀ ਹੁੰਦੇ ਹਨ। ਬਿਨ•ਾਂ ਵਜ•ਾ ਹੀ ਲੜਾਈਆਂ ਅਤੇ ਕਤਲ ਤੱਕ ਸ਼ਰਾਬ ਕਰਵਾ ਦਿੰਦੀ ਹੈ। ਸ਼ਰਾਬ ਛੱਡਣੀ ਕੋਈ ਬਹੁਤੀ ਮੁਸ਼ਕਿਲ ਨਹੀਂ ਬੱਸ ਸ਼ਰਾਬ ਵਾਲੀ ਸੁਸਾਇਟੀ ਛੱਡਣੀ ਹੀ ਮੁਸ਼ਕਿਲ ਹੈ। ਵੈਸੇ ਵਧੀਆ ਗੱਲ ਇਹ ਹੈ ਕਿ ਸ਼ਰਾਬ ਦੀ ਸ਼ੁਰੂਆਤ ਹੀ ਨਾ ਕੀਤੀ ਜਾਵੇ ਨਹੀਂ ਤਾਂ ਬਕੌਲ ਸ਼ਾਇਰ ਗਾਲਿਬ ਛੁਟਤੀ ਨਹੀਂ ਯੇਹ ਕਾਫਿਰ ਮੂੰਹ ਪੇ ਲਗੀ ਹੂਈ” ਫਿਰ ਸ਼ਰਾਬੀ ਉਪਦੇਸ਼ਕਾਂ ਨੂੰ ਇੱਥੋਂ ਤੱਕ ਕਹਿ ਦਿੰਦਾ ਹੈ, “ਮਜ਼ਾ ਸ਼ਰਾਬ ਕਾ ਤੁਝੇ ਕਿਆ ਕਹੂੰ ਵਾਇਜ਼ (ਉਪਦੇਸ਼ਕ) ਹਾਏ! ਕੰਬਖਤ ਤੂਨੇ ਪੀ ਹੀ ਨਹੀਂ। ਅੱਜ ਕੱਲ• ਤਾਂ ਸ਼ਰਾਬਾਂ ਵੈਸੇ ਵੀ ਬਹੁਤ ਹੀ ਮਾੜੀਆਂ ਹਨ। ਹੁਣ ਨਾ ਉਹ ਸ਼ਰਾਬਾਂ ਹਨ ਅਤੇ ਨਾ ਹੀ ਉਹ ਸ਼ਰਾਬੀ ਹਨ, ਲੋਕ ਖੂਨ ਪੀਂਦੇ ਹਨ ਹੁਣ ਸ਼ਰਾਬਖਾਨੇ ਵਿੱਚ। ਆਪਣੇ ਤਜੱਰਬੇ 'ਚੋਂ ਇਹ ਗੱਲ ਕਹੀ ਜਾ ਸਕਦੀ ਹੈ ਕਿ “ਦਾਰੂ ਪੀਣ ਦਾ ਨਿਕਲਦੈ ਬੁਰਾ ਸਿੱਟਾ ਅਸੀਂ ਦੇਖੀਂ ਹੈ ਕਈ ਡਰੰਮ ਪੀ ਕੇ। ਰੂੜੀ ਮਾਰਕਾ, ਸੰਤਰਾ, ਸੌਂਫੀਆ ਵੀ, ਦੇਖੀ ਵਿਸਕੀ, ਸਕਾਚ ਤੇ ਰੰਮ ਪੀ ਕੇ। ਭਾਂਵੇਂ ਹੁੰਦੈ ਸ਼ਰਾਬੀ ਅਸਮਾਨ ਚੜਿ•ਆ, ਡਿੱਗੂ ਨਾਲੀ ਦੇ ਵਿੱਚ ਘੜੰਮ ਪੀ ਕੇ। ਨਾਲੇ ਪੈਸਿਆ ਦੀ ਮਿੱਟੀ ਬਣੇ ਢਿੱਲੋਂ, ਨਾਲੇ ਕਰੇ ਬੰਦਾ ਪੁੱਠੇ ਕੰਮ ਪੀ ਕੇ।

ਪਹਾੜੀ ਟੂਰ ਦੇ ਬਹਾਨੇ ਸ਼ਰਾਬ ਦੇ ਦਰਿਆ 'ਚ ਡੁੱਬਕੀ

ਅਮਰਜੀਤ ਢਿੱਲੋਂ
ਉਹ ਪਿਛਲੇ 12 ਸਾਲ ਤੋਂ ਪਹਾੜੀ ਟੂਰ 'ਤੇ ਜਾ ਰਹੇ ਸਨ। ਵਕੀਲ, ਪੱਤਰਕਾਰ, ਕਹਾਣੀਕਾਰ ਅਤੇ ਸ਼ਾਇਰ। ਡਲਹੌਜੀ ਤੋਂ ਸ਼ੁਰੂ ਹੋਇਆ ਇਹ ਟੂਰ ਇਸ ਵਾਰ ਦਾਰਜੀਲਿੰਗ ਨੇਪਾਲ ਤੱਕ ਜਾ ਪਹੁੰਚਿਆ ਸੀ। ਇਸ ਵਾਰ ਦੋ ਨਵੇਂ ਚਿਹਰੇ ਇੱਕ ਟਰੈਵਲ ਏਜੰਟ ਅਤੇ ਇੱਕ ਸਿਆਸੀ ਨੇਤਾ ਵੀ ਇਸ ਟੂਰ ਵਿੱਚ ਸ਼ਾਮਿਲ ਹੋ ਗਏ ਸਨ। ਟਰੈਵਲ ਏਜੰਟ ਸ਼ਰਾਬ ਨਹੀਂ ਸੀ ਪੀਂਦਾ, ਪਰ ਉਸ ਨੇ ਸਾਰਿਆਂ ਲਈ ਇੱਕ ਪੇਟੀ ਵਿਸਕੀ ਦੀ ਲੈ ਕੇ ਜ਼ਰੂਰ ਦੇ ਦਿੱਤੀ ਸੀ। ਜੈਤੋ ਮੰਡੀ ਤੋਂ ਤੁਰਨ ਸਮੇਂ ਹੀ ਚਾਰਾਂ ਜਾਣਿਆਂ ਨੇ ਵਿਸਕੀ ਦੀ ਇੱਕ ਬੋਤਲ ਖਾਲੀ ਕੀਤੀ ਅਤੇ ਸਿਆਸੀ ਨੇਤਾ ਦੇ ਘਰ ਬਠਿੰਡਾ ਜਾ ਪਹੁੰਚੇ। ਨੇਤਾ ਜੀ ਕੋਲ ਦੋ ਬੋਤਲਾਂ ਹੋਰ ਖਾਲੀ ਕੀਤੀਆਂ ਅਤੇ 23 ਬੋਤਲਾਂ ਬੈੱਗ 'ਚ ਪਾ ਕੇ ਪੰਜਾਬ ਮੇਲ 'ਚ ਜਾ ਸਵਾਰ ਹੋਏ। ਅੱਗੇ 25 ਜੂਨ ਨੂੰ ਰਾਜਧਾਨੀ ਐਕਸਪ੍ਰੈੱਸ ਦੇ ਵਾਤਾਨਕੂਲ ਡੱਬਿਆਂ ਵਿੱਚ ਸੀਟਾਂ ਮੱਲ ਲਈ ਸਾਰੀਆਂ ਸੀਟਾਂ ਦੁਆਲੇ ਪਰਦੇ ਲੱਗੇ ਹੋਏ ਸਨ। ਇਨ•ਾਂ ਉਹਲੇ 23 ਬੋਤਲਾਂ ਲੁਕਾ ਕੇ ਰੱਖ ਦਿੱਤੀਆਂ। ਜਦ ਸ਼ਾਮ ਨੂੰ ਰੇਲਵੇ ਦਾ ਖਾਨਸਾਮਾ ਖਾਣੇ ਦਾ ਆਰਡਰ ਲੈ ਕੇ ਗਿਆ ਤਾਂ ਪੰਜਾਂ ਜਣਿਆਂ ਨੇ ਪੈੱਗ ਲਗਾਉਣੇ ਸ਼ੁਰੂ ਕਰ ਦਿੱਤੇ। ਟਰੈਵਲ ਏਜੰਟ ਪੀਂਦਾ ਨਹੀਂ ਸੀ, ਪਰ ਚੁੱਟਕਲੇ ਅਤੇ ਗੱਲਾਂ ਬਹੁਤ ਸੁਣਾਉਂਦਾ ਸੀ। ਕਦੇ-ਕਦੇ ਉੱਚੀ-ਉੱਚੀ ਗੀਤ ਗਾਉਂਣ ਲੱਗ ਪੈਂਦਾ “ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਤਾਂ ਡਿੱਗ ਜਾਂਦੀਆਂ”। ਜਦ ਰੋਟੀ ਖਾ ਕੇ ਸਾਰੇ ਆਪੋ-ਆਪਣੀਆਂ ਸੀਟਾਂ 'ਤੇ ਪੈ ਗਏ ਤਾਂ ਸ਼ਾਇਰ ਉਰਦੂ ਦੇ ਸ਼ੇਅਰ ਗੁਣਗਨਾਉਣ ਲੱਗਾ। “ ਦਿਲੇ ਨਾਦਾਨ ਤੁਝੇ ਹੂਆ ਕਿਆ ਹੈ”। ਨਜਾਇਜ਼ ਸ਼ਰਾਬ ਹੋਣ ਕਾਰਨ ਵਕੀਲ ਸਾਹਿਬ ਡਰ ਰਹੇ ਸਨ। ਜਦ ਸ਼ਾਇਰ ਚੁੱਪ ਨਾ ਹੋਇਆ ਤਾਂ ਉਨ•ਾਂ ਨੇ ਪੁਲਿਸ ਲਿਆਉਣ ਦਾ ਡਰਾਵਾ ਦਿੱਤਾ ਤਾਂ ਸ਼ਾਇਰ ਸਾਹਿਬ ਚੁੱਪ ਕਰਕੇ ਸੌਂ ਗਏ। ਨੇਤਾ ਜੀ ਕਦੇ-ਕਦੇ ਕੋਈ ਗੰਭੀਰ ਚੁਟਕਲਾ ਸੁਣਾਉਂਦੇ। ਸ਼ਾਇਰ ਵੀ ਚੁਟਕਲੇਬਾਜ਼ੀ 'ਚ ਹਿੱਸਾ ਲੈ ਲੈਂਦਾ, ਪਰ ਪੱਤਰਕਾਰ ਸਾਹਿਬ ਗਹਿਰ ਗੰਭੀਰ ਬਣੇ ਰਹਿੰਦੇ। ਵਕੀਲ ਸਾਹਿਬ ਨਸ਼ੇ ਦੀ ਲੋਰ 'ਚ ਉੱਚੀ-ਉੱਚੀ ਹੱਸਣ ਲੱਗਦੇ। ਕਹਾਣੀਕਾਰ ਮਰੀ ਜਿਹੀ ਆਵਾਜ਼ 'ਚ ਮਸਾ ਹੀ ਕਦੇ-ਕਦੇ ਬੋਲਦਾ। 26 ਜੂਨ 5 ਵਜੇ ਪੱਛਮੀ ਬੰਗਾਲ ਦੇ ਸਟੇਸ਼ਨ ਸਿਲੀਗੂੜੀ ਪਹੁੰਚੇ, ਉੱਥੋਂ ਟੈਕਸੀ ਕਰਵਾਕੇ ਦਾਰਜੀਲਿੰਗ ਚੱਲ ਪਏ। ਕਹਾਣੀਕਾਰ ਨੂੰ ਉਸ ਦੇ ਬੇਟੇ ਦਾ ਫੋਨ ਆ ਗਿਆ, ਜਿਸ ਕਾਰਨ ਉਹ ਕਾਫੀ ਤਨਾਅ ਵਿੱਚ ਸੀ, ਪਰ ਸਾਰਿਆਂ ਨੇ ਉਸ ਨੂੰ ਹੌਂਸਲਾ ਦਿੱਤਾ ਅਤੇ ਪੈੱਗ ਲਾਉਣ ਲਈ ਕਿਹਾ। ਟਿਸਟਾ ਦਰਿਆ ਦੇ ਪੁਲ 'ਤੇ ਪਹੁੰਚ ਕੇ ਫਿਰ ਵਿਸਕੀ ਦੀ ਇੱਕ ਬੋਤਲ ਖਾਲੀ ਕੀਤੀ ਅਤੇ ਫਿਰ ਅੱਗੇ ਚੱਲ ਪਏ। ਸੜਕ ਦੇ ਦੋਵੇਂ ਪਾਸੇ ਚਾਹ ਦੇ ਬਾਗ ਸਨ। ਜਿਨ•ਾਂ ਵਿੱਚ ਸੁਹਾਜਣਾਂ, ਬਰਮਾਂ ਡੇਕ ਆਦਿ ਰੁੱਖ ਲੱਗੇ ਹੋਏ ਸਨ। ਔਰਤਾਂ ਝੋਲੀ ਬੰਨ• ਕੇ ਚਾਹ ਦੇ ਪੱਤੇ ਤੋੜ ਰਹੀਆਂ ਸਨ। ਸਾਰਿਆਂ ਨੇ ਚਾਹ ਦੇ ਬਾਗਾਂ 'ਚ ਖੜ• ਕੇ ਫੋਟੋ ਖਿਚਵਾਈਆਂ ਪੈੱਗ ਲਾਏ ਅਤੇ ਲਾਵਾ ਹਿੱਲ ਸਟੇਸ਼ਨ ਪਹੁੰਚ ਗਏ। ਟਰੈਵਲ ਏਜੰਟ ਤੋਂ ਕਿਸੇ ਨੂੰ ਵੀ ਬੀਤੇ ਕੱਲ• ਬਾਰੇ ਕੁਝ ਵੀ ਯਾਦ ਨਹੀਂ ਸੀ। 27 ਸ਼ਾਮ ਨੂੰ ਦਾਰਜੀਲਿੰਗ ਜਾ ਪਹੁੰਚੇ। ਚਾਰ-ਚੁਫੇਰੇ ਬਹੁਤ ਜ਼ਿਆਦਾ ਹਰਿਆਵਲ ਸੀ। ਐਨੀ ਹਰਿਆਵਲ ਹਿਮਾਚਲ ਵਿੱਚ ਵੀ ਕਿਤੇ ਨਹੀਂ ਸੀ। ਸਿਵਾਏ ਡਲਹੌਜੀ ਦੇ ਖਜਿਆਰ ਦੇ। ਦਾਰਜੀਲਿੰਗ ਵਿਖੇ ਇੱਕ ਰਾਤ ਬਿਤਾ ਕੇ ਵਿਸਕੀ ਦੀਆਂ 3-4 ਬੋਤਲਾਂ ਖਾਲੀ ਕਰਕੇ ਅਗਲੇ ਦਿਨ ਸਿਕਮ ਦੀ ਰਾਜਧਾਨੀ ਗੰਗਟੋਕ ਪਹੁੰਚ ਗਏ। 29 ਜੂਨ ਨੂੰ ਗੰਗਟੋਕ ਤੋਂ ਸਿਲੀਗੂੜੀ ਵਾਪਸੀ ਸਮੇਂ ਸ਼ਾਇਰ ਅਤੇ ਕਹਾਣੀਕਾਰ ਦੀ ਤਬੀਅਤ ਵਿਗੜਨ ਲੱਗੀ, ਸ਼ਾਇਰ ਨੂੰ ਉਲਟੀਆਂ ਲੱਗ ਗਈਆਂ ਅਤੇ ਕਹਾਣੀਕਾਰ ਦੀ ਦਿਲ ਦੀ ਧੜਕਣ ਵੱਧਣ ਲੱਗੀ। ਕਹਾਣੀਕਾਰ ਕਹਿਣ ਲੱਗਾ ਕਿ ਮੈਨੂੰ ਹੁਣੇ ਹੀ ਹਵਾਈ ਟਿਕਟ ਲੈ ਕੇ ਵਾਪਸ ਭੇਜੋ। ਸਿਲੀਗੁੜੀ ਮਿਲਟਰੀ ਕੈਂਪ ਰਿਹਾਇਸ਼ ਸਮੇਂ ਜਦ ਉਸ ਦਾ ਚੈੱਕਅੱਪ ਕਰਵਾਇਆ ਗਿਆ ਤਾਂ ਡਾਕਟਰ ਨੇ ਮੁਕੰਮਲ ਆਰਾਮ ਦੀ ਸਲਾਹ ਦਿੱਤੀ। ਹੁਣ ਵਿਸਕੀ ਪੀਣ ਵਾਲੇ ਤਿੰਨ ਹੀ ਰਹਿ ਗਏ ਸਨ। ਜਦ ਕਿ ਲਾਗਤ ਹਾਲੇ ਵੀ ਉਨੀ ਹੀ ਸੀ। 1 ਜੁਲਾਈ ਤੱਕ ਪੰਜਾਬ ਤੋਂ ਲਿਆਂਦੀਆਂ 23 ਦੀਆਂ 23 ਬੋਤਲਾਂ ਖਤਮ ਹੋ ਚੁੱਕੀਆਂ ਸਨ। ਹੁਣ ਨੇਤਾ ਜੀ ਅਤੇ ਪੱਤਰਕਾਰ 2-2 ਲੀਟਰ ਵਾਲੀ ਵਿਸਕੀ ਦੀ ਬੋਤਲ ਪੀਣ ਖਰੀਦਣ ਲੱਗੇ। ਸਿਲੀਗੁੜੀ ਵਿੱਚ ਰੋਟੀ ਬਹੁਤ ਘੱਟ ਮਿਲਦੀ ਸੀ। ਇਸ ਲਈ ਕਈ ਵਾਰ ਚਾਵਲ ਅਤੇ ਮੱਛੀ ਨਾਲ ਹੀ ਡੰਗ ਲਾਹੁਣਾ ਪਿਆ। 2 ਜੁਲਾਈ ਨੂੰ ਸਿਲੀਗੁੜੀ ਤੋਂ 35 ਕਿਲੋਮੀਟਰ ਦੂਰ ਨੇਪਾਲ ਚਲੇ ਗਏ। ਨੇਪਾਲ ਵਿਖੇ ਕੱਪੜੇ, ਬੂਟ ਆਦਿ ਖਰੀਦ ਕੇ ਸ਼ਾਮ ਨੂੰ ਵਾਪਸ ਫਿਰ ਸਿਲੀਗੁੜੀ ਆ ਗਏ। 3 ਦੀ ਸ਼ਾਮ ਨੂੰ 5 ਵਜੇ ਵਾਪਸੀ ਸੀ ਇਸ ਲਈ ਸੁਭਾ ਹੀ ਸਿਲੀਗੁੜੀ ਦੀ ਮਾਰਕਿਟ ਵਿੱਚ ਚੱਲੇ ਗਏ ਅਤੇ ਕਾਫੀ ਸਮਾਨ ਦੀ ਖਰੀਦੋ-ਫਰੋਖਤ ਕੀਤੀ। ਗਰਮੀ ਕਾਰਨ ਸਾਰੇ ਹੀ ਪਸੀਨੋ-ਪਸੀਨੀ ਹੋਏ ਪਏ ਸਨ, ਕਿਉਂਕਿ ਇੱਥੇ ਰਾਤ ਨੂੰ ਮੀਂਹ ਪੈਂਦਾ ਰਹਿੰਦਾ ਹੈ ਅਤੇ ਦਿਨੇ ਹੁੰਮਸ ਹੋ ਜਾਂਦਾ ਹੈ। ਜਦ 5 ਵਜੇ ਗੱਡੀ ਆਈ ਤਾਂ ਨੇਤਾ ਜੀ ਨੂੰ ਸਭ ਤੋਂ ਵੱਧ ਫਿਕਰ ਵਿਸਕੀ ਵਾਲੀਆਂ ਬੋਤਲਾਂ ਦੇ ਬੈੱਗ ਦਾ ਸੀ। 24 ਘੰਟਿਆਂ ਵਿੱਚ ਤਿੰਨਾਂ ਜਣਿਆਂ ਵੱਲੋਂ 6 ਕੁ ਬੋਤਲਾਂ ਹੋਰ ਖਾਲੀ ਕਰ ਦਿੱਤੀਆਂ ਗਈਆਂ ਸਨ ਅਤੇ ਨਵੀਂ ਦਿੱਲੀ ਆ ਪਹੁੰਚੇ। ਇੱਥੇ ਪੰਜਾਬ ਮੇਲ 3 ਘੰਟੇ ਲੇਟ ਸੀ। ਜਿਸ ਕਾਰਨ ਸ਼ਰਾਬ ਪੀਣ ਵਾਲਿਆਂ ਨੂੰ ਖੁੱਲ•ਾ ਸਮਾਂ ਮਿਲ ਗਿਆ। ਵਕੀਲ ਸਾਹਿਬ ਲੋਕਾਂ ਦੀ ਭੀੜ ਤੋਂ ਬੇਖਬਰ ਆਪਣੀ ਮਸਤੀ 'ਚ ਕਲੀਆਂ ਲਾ ਰਹੇ ਸਨ ਅਤੇ ਨੇਤਾ ਜੀ ਉਨ•ਾਂ ਦਾ ਸਾਥ ਦੇ ਰਹੇ ਸਨ। ਸ਼ਰਾਬ ਨਾ ਪੀਣ ਵਾਲੇ ਤਿਨੇ ਜਾਣੇ ਉਨ•ਾਂ ਦੀਆਂ ਹਰਕਤਾਂ ਦੇਖ ਕੇ ਆਪਣੇ-ਆਪ ਸ਼ਰਮਸਾਰ ਹੋ ਰਹੇ ਸਨ। ਪੰਜਾਬ ਮੇਲ ਆਈ ਤਾਂ ਟੀ.ਟੀ. ਨੂੰ 6 ਹਜ਼ਾਰ ਰੁਪਏ ਦੇ ਕੇ ਏ.ਸੀ. ਸੀਟਾਂ ਬੁੱਕ ਕਰਵਾਈਆਂ ਗਈਆਂ ਕਿਉਂਕਿ ਪੀਣ ਵਾਲਿਆਂ ਦੀ ਜਿਦ ਸੀ ਕਿ ਉਹ ਏ.ਸੀ. ਸੀਟਾਂ ਬਗੈਰ ਨਹੀਂ ਜਾਣਗੇ। ਇਸ ਤਰ•ਾਂ ਇਸ ਪਹਾੜੀ ਸਫਰ ਦੇ ਬਹਾਨੇ 11 ਦਿਨਾਂ ਵਿੱਚ 36 ਬੋਤਲਾਂ ਵਿਸਕੀ ਦੀਆਂ ਪੀਤੀਆਂ ਗਈਆਂ। ਸਾਰਿਆਂ ਦੇ ਸਰੀਰ ਟੁੱਟ ਰਹੇ ਸਨ, ਜਦ ਜੈਤੋ ਸਟੇਸ਼ਨ 'ਤੇ ਉੱਤਰ ਕੇ ਟਰੈਵਲ ਏਜੰਟ ਸ਼ਾਇਰ ਨੂੰ ਉਸ ਦੇ ਪਿੰਡ ਛੱਡਣ ਗਿਆ ਤਾਂ ਉਸ ਨੇ ਪੁੱਛਿਆ ਕਿ ਅਗਲੇ ਟੂਰ 'ਤੇ ਕਦੋਂ ਜਾਣਾ ਹੈ ਤਾਂ ਸ਼ਾਇਰ ਨੇ ਕੰਨਾਂ ਨੂੰ ਹੱਥ ਲਾ ਕੇ ਕਿਹਾ “ਨੱਕ ਨਾਲ ਸੱਤ ਕੱਢੀਆਂ, ਮੁੜ ਭੂੰਦੜ ਨਹੀਂ ਜਾਣਾ”।
ਬਾਜਾਖਾਨਾ 9-1
ਨੇਪਾਲ ਤੋਂ ਸਿਲੀਗੁੜੀ ਦੇ ਰਸਤੇ ਆਉਂਦੇ ਚਾਹ ਦੇ ਬਾਗਾਂ ਵਿੱਚ ਖੜ•ੇ ਟੂਰਿਸਟ ਸੱਜਣ।

ਮੁਕਤੀ ਦੀ ਇੱਛਾ ਨਹੀਂ

ਅਮਰਜੀਤ ਢਿੱਲੋਂ
'ਮੁਕਤੀ' ਤੇ ਨਿਰਵਾਣ ਪਦ 'ਚ ਕਾਫੀ ਅੰਤਰ ਹੈ। ਗੌਤਮ ਬੁੱਧ ਦੇ ਨਿਰਵਾਣ ਪਦ ਦਾ ਅਰਥ ਹੈ ਜਿਉਂਦੇ ਜੀ ਚਿੰਤਾ ਮੁਕਤ ਹੋ ਜਾਣਾ। ਆਪਣੀਆਂ ਖਾਹਿਸ਼ਾਂ ਘਟਾ ਕੇ ਮਧ ਮਾਰਗ ਦਾ ਰਸਤਾ ਚੁਨਣਾ। ਕਿਉਂਕਿ ਬਕੌਲ ਸ਼ਾਇਰ “ਖਾਹਿਸ਼ੇਂ ਕੱਦ ਸੇ ਜਬ ਬੜੀ ਹੋਂਗੀ, ਨਿੱਤ ਨਈਂ ਮੁਸ਼ਕਿਲੇਂ ਖੜ•ੀ ਹੋਂਗੀ।” ਇਹਨੂੰ ਸਿੱਧੀ ਸਾਦੀ ਭਾਸ਼ਾ 'ਚ ਇਹ ਵੀ ਕਹਿ ਸਕਦੇ ਹਾਂ ਕਿ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਵਿਅਕਤੀ ਹੀ ਨਿਰਵਾਣ ਪੱਦ ਨੂੰ ਪ੍ਰਾਪਤ ਹੋ ਸਕਦਾ ਹੈ। ਦੂਜੇ ਪਾਸੇ ਸਾਡੇ ਧਰਮਾਂ (ਹਿੰਦੂ, ਸਿੱਖ ਆਦਿ) 'ਚ ਮੁਕਤੀ ਦਾ ਅਰਥ ਹੈ ਹਮੇਸ਼ਾਂ ਲਈ ਆਪਣੇ ਵਜੂਦ ਦਾ ਖਾਤਮਾ “ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ” ਉਹ ਇਸ ਸੰਸਾਰ ਨੂੰ ਭਵਜਲ (ਡਰ ਦਾ ਸਮੁੰਦਰ) ਕਹਿੰਦੇ ਹਨ ਕਿ ਹੇ ਰੱਬਾ ਐਂਤਕੀ ਬਖਸ਼ ਦੇ ਮੈਂ ਮੁੜਕੇ ਨਹੀਂ ਇਸ ਦੁਨੀਆਂ 'ਤੇ ਆਉਂਦਾ। ਕਿੰਨੀ ਤਰਸਯੋਗ ਹਾਲਤ ਹੈ। ਜਿਸ ਰੰਗਲੇ ਸੰਸਾਰ ਤੋਂ ਜਾਣ ਨੂੰ ਦਿਲ ਨਹੀਂ ਕਰਦਾ। ਵਾਰ-ਵਾਰ ਇੱਥੇ ਆਉਣ ਨੂੰ ਜੀਅ ਕਰਦਾ ਹੈ। ਉਸ ਨੂੰ ਧਾਰਮਿਕ ਲੋਕ ਝੂਠ ਕਹਿੰਦੇ ਹਨ, ਪਰ ਤਰਕਸ਼ੀਲ ਸ਼ਾਇਰ ਕਹਿੰਦਾ ਹੈ “ਮੁਕਤੀ ਦੀ ਇੱਛਾ ਨਹੀਂ, ਆਵਾਗਵਣ ਦੀ ਲਾਲਸਾ ਹੈ। ਮੇਰੇ ਮਨ ਵਿੱਚ ਯੁੱਗ ਯੁਗੰਤਰ ਤੱਕ ਭ੍ਰਮਣ ਦੀ ਲਾਲਸਾ ਹੈ। ਆਖਿਰ ਧਾਰਮਿਕ ਲੋਕ ਜ਼ਿੰਦਗੀ ਤੋਂ ਐਨਾ ਕਿਉਂ ਡਰਦੇ ਹਨ। ਉਹ ਮਰਨਾ ਸੱਚ ਅਤੇ ਜਿਉਣਾ ਝੂਠ ਕਿਉਂ ਕਹਿੰਦੇ ਹਨ। ਜਦੋਂ ਕਿ ਇਹ ਸੰਸਾਰ ਇੱਕ ਅਟੱਲ ਸੱਚਾਈ ਹੈ। ਇਹ ਜੱਗ ਰਚਨਾ ਸਭ ਸੱਚੀ ਹੈ। ਮੌਤ ਜ਼ਿੰਦਗੀ ਦਾ ਇੱਕ ਪਰਿਵਰਤਣ ਹੈ ਅੰਤ ਨਹੀਂ “ਜ਼ਿੰਦਗੀ ਇੱਕ ਹਾਦਸਾ ਹੈ, ਔਰ ਐਸਾ ਹਾਦਸਾ, ਮੌਤ ਸੇ ਭੀ ਖਤਮ ਜਿਸਕਾ ਸਿਲਸਿਲਾ ਹੋਤਾ ਨਹੀਂ” ਧਾਰਮਿਕ ਲੋਕ ਅਰਦਾਸ ਕਰਦੇ ਹਨ ਕਿ ਇਸ ਨੂੰ (ਮਰ ਗਏ) ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਆਵਾਗਵਣ ਦੇ ਚੱਕਰ 'ਚੋਂ ਮੁਕਤ ਕਰੀਂ, ਤਾਂ ਉਨ•ਾਂ ਦੇ ਮਨ 'ਚ ਇੱਕ ਭਿਆਨਕ ਡਰ ਹੁੰਦਾ ਹੈ। ਜੋ ਉਨ•ਾਂ ਦੇ ਜੰਗਲੀ ਸੰਸਕਾਰਾਂ ਨੇ ਉਨ•ਾਂ 'ਚ ਭਰਿਆ ਹੁੰਦਾ ਹੈ। ਹਿੰਦੂ ਗੰ੍ਰਥ ਭਗਵਤ ਪੁਰਾਣ 'ਚ ਲਿਖਿਆ ਹੈ ਕਿ ਜਦੋਂ ਬੱਚਾ ਗਰਭ 'ਚ 6 ਮਹੀਨਿਆਂ ਦਾ ਹੁੰਦਾ ਹੈ ਉਦੋਂ ਇਹਦੇ ਸਰੀਰ 'ਚ ਬਾਹਰੋਂ ਰੂਹ ਪ੍ਰਵੇਸ਼ ਕਰਦੀ ਹੈ। ਅੱਜ ਦੇ ਵਿਗਿਆਨਕ ਯੁੱਗ 'ਚ ਕੋਈ ਮਹਾਂ ਮੂਰਖ ਹੀ ਇਸ ਗੱਲ ਨੂੰ ਮੰਨ ਸਕਦਾ ਹੈ। ਰੂਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ। ਜਿਸ ਦਾ ਭਾਵ ਹੈ ਸਾਹ। ਸਾਹ ਤਾਂ ਬੱਚਾ ਆਪਣੇ ਮਾਤਾ ਪਿਤਾ ਦੇ ਸਰੀਰ 'ਚ ਪਹਿਲਾਂ ਹੀ ਟੁਕੜਿਆਂ 'ਚ ਲੈ ਰਿਹਾ ਹੁੰਦਾ ਹੈ। ਜਦ ਮਾਤਾ ਦਾ ਅੰਡਾ ਅਤੇ ਪਿਤਾ ਦਾ ਸ਼ੁਕਰਕੀਟ (ਸਪਰਮ) ਆਪਸ 'ਚ ਮਿਲਦੇ ਹਨ ਜਰਖੇਜ਼ ਧਰਤੀ 'ਚ ਬੀਜ ਦੇ ਪੁੰਗਰਨ ਵਾਂਗ ਪੌਦਾ ਉੱਗ ਪੈਂਦਾ ਹੈ। ਅੱਜ ਕੱਲ• ਕਲੋਨ ਵਿਧੀ ਰਾਹੀਂ ਸਿਰਫ ਨਰ ਜਾਂ ਮਾਦਾ ਦੇ ਮਾਸ ਦੇ ਟੁਕੜੇ ਤੋਂ ਹੀ ਬੱਚਾ ਤਿਆਰ ਕਰ ਲਿਆ ਜਾਂਦਾ ਹੈ। ਕਿਉਂਕਿ ਸਰੀਰ ਦਾ ਹਰ “ਸੈੱਲ” ਹੀ ਆਪਣੇ ਆਪ 'ਚ ਸੰਪੂਰਨ ਹੁੰਦਾ ਹੈ। ਜ਼ਿੰਦਗੀ ਕਦੇ ਵੀ ਖਤਮ ਨਹੀਂ ਹੁੰਦੀ। ਸਿਰਫ ਰੂਪ ਬਦਲਦੀ ਹੈ। ਸਾਡੇ ਦਾਦੇ, ਪੜਦਾਦੇ, ਨਕੜਦਾਦੇ ਸਾਡੇ 'ਚ ਵਿਚਰ ਰਹੇ ਹਨ। ਵਿਗਿਆਨ ਅਨੁਸਾਰ ਤੇਰਵੀਂ ਪੀੜ•ੀ ਤੱਕ ਜਾ ਕੇ ਵੀ ਮਨੁੱਖ ਦੇ ਨੈਣ ਨਕਸ਼ ਆਪਣੇ ਤੇਰਵੀਂ ਪੀੜ•ੀ ਵਾਲੇ ਦਾਦੇ ਦਾਦੀ ਨਾਲ ਮਿਲ ਸਕਦੇ ਹਨ। ਮੁਕਤੀ ਦੀ ਮੰਗ ਕਰਨ ਵਾਲੇ ਅਸਲ 'ਚ ਭਾਂਜਵਾਦੀ ਹੁੰਦੇ ਹਨ। ਉਨ•ਾਂ ਨੂੰ ਸੰਘਰਸ਼ ਕਰਨਾ ਕਿਸੇ ਸਿਖਾਇਆ ਨਹੀਂ ਹੁੰਦਾ। ਪਰਲੋਕ ਅਤੇ ਅਗਲੇ ਪਿਛਲੇ ਜਨਮ ਦੀ ਕਲਪਨਾ ਵੀ ਮਨੁੱਖ ਦੇ ਮਨ ਦੇ ਡਰ ਦੀ ਕਾਢ ਹੈ। ਮਨੁੱਖ ਚੂਹੇ ਤੋਂ ਲੈ ਕੇ ਸ਼ੇਰ, ਹਾਥੀ ਤੱਕ ਦੀਆਂ ਜੂਨਾਂ ਇਸੇ ਜਨਮ 'ਚ ਭੋਗ ਜਾਂਦਾ ਹੈ। ਮਨੁੱਖ ਹਰ ਪਲ ਇੱਕ ਨਵੇਂ ਜਾਨਵਰ ਦੇ ਰੂਪ 'ਚ ਹੁੰਦਾ ਹੈ ਕਦੇ ਖਰਗੋਸ਼ ਵਰਗਾ ਸਾਊ ਅਤੇ ਬਘਿਆੜ ਵਰਗਾ ਖੂੰਖਾਰ। ਕਿਰਤੀ ਮਨੁੱਖ ਦੇ ਮਨ 'ਚ ਕਦੇ ਮੁਕਤੀ ਵਰਗੇ ਸੰਕਲਪ ਪੈਂਦਾ ਨਹੀਂ ਹੁੰਦੇ। ਇਹ ਸਿਰਫ ਸ਼ੈਤਾਨ ਅਤੇ ਵਿਹਲੜ ਲੋਕਾਂ ਦੇ ਹੀ ਫੁਰਨੇ ਹਨ। ਕਿਉਂਕਿ ਵਿਹਲਾ ਮਨ ਸਦਾ ਹੀ ਸ਼ੈਤਾਨ ਦਾ ਚਰਖਾ ਹੁੰਦਾ ਹੈ।

ਬੰਦਾ ਹਮਲਾਵਰ ਕਿਉਂ ਹੈ?

ਅਮਰਜੀਤ ਢਿੱਲੋਂ
ਲਾਉਂਦੇ ਨੇ ਗਰਮ ਨਾਅਰੇ ਅਤੇ ਸੋਚਦੇ ਨੇ ਕਿ ਹਾਂ ਰੰਗ ਲਿਆਏਗੀ ਸਾਡੀ ਫਿਰਕਾਪ੍ਰਸਤੀ ਇੱਕ ਦਿਨ। ਜੇ ਮਿਰਜ਼ਾ ਗਾਲਿਬ ਅੱਜ ਮੌਜ਼ੂਦ ਹੁੰਦੇ ਤਾਂ ਸਿਆਸਤਦਾਨਾਂ ਦੀ ਅਜਿਹੀ ਸੋਚ ਨੂੰ ਦੇਖ ਕੇ ਸ਼ਾਇਦ ਇਸ ਤਰ•ਾਂ ਹੀ ਲਿਖਦੇ। ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਨੇ ਇੱਕ ਵਾਰ ਉੱਘੇ ਮਨੋਵਿਗਿਆਨੀ ਡਾ. ਸਿੰਗਮੰਡ ਫਰਾਇਡ ਨੂੰ ਚਿੱਠੀ ਲਿਖ ਕੇ ਪੁੱਛਿਆ ਸੀ ਕਿ ਮਨੁੱਖ 'ਚ ਹਰ ਵਕਤ ਹੀ ਹਮਲਾਵਰ ਰੁਚੀ ਕਿਉਂ ਰਹਿੰਦੀ ਹੈ? ਤਾਂ ਡਾ. ਫਰਾਇਡ ਨੇ ਜਵਾਬ ਦਿੱਤਾ ਸੀ ਕਿ ਜਿਸ ਜਾਨਵਰ ਤੋਂ ਆਦਮੀ ਵਿਕਸਤ ਹੋਇਆ ਹੈ ਉਹ ਬਹੁਤ ਜ਼ਿਆਦਾ ਖੂੰਖਾਰ ਸੀ। ਇਸ ਲਈ ਸਾਰੇ ਸੰਤ ਮਹਾਂਤਮਾ ਹਰ ਵਕਤ ਉਪਦੇਸ਼ ਦਿੰਦੇ ਕਹਿੰਦੇ ਹਨ “ਰਹਿ ਬੰਦਿਆ ਬਣ ਕੇ ਬੰਦਾ ਤੂੰ, ਪਰ ਉਪਦੇਸ਼ ਦੇਣ ਵਾਲੇ ਕੀ ਖੁਦ ਬੰਦੇ ਬਣ ਗਏ ਹਨ? ਜੇ ਪੰਜਾਬ ਦੇ ਅਜੋਕੇ ਹਾਲਾਤ 'ਤੇ ਝਾਤ ਮਾਰੀਏ ਤਾਂ ਤਸਵੀਰ ਕੁਝ ਹੋਰ ਤਰ•ਾਂ ਹੀ ਨਜ਼ਰ ਆਉਂਦੀ ਹੈ। ਇੱਥੋਂ ਦੀ ਫਿਰਕਾਪ੍ਰਸਤੀ ਵੱਖਰੀ ਕਿਸਮ ਦੀ ਹੈ। ਇੱਕੋ ਫਿਰਕੇ ਦੇ ਲੋਕ ਹੀ ਆਪਸ 'ਚ ਦੰਗੇ ਫਸਾਦ ਕਰਦੇ ਹਨ। ਵੱਡੇ ਚੋਲਿਆਂ ਵਾਲੇ ਬਾਬੇ ਹਥਿਆਰਾਂ ਨਾਲ ਲੈੱਸ ਹੋ ਕੇ ਦੀਵਾਨ ਸਜਾਉਂਦੇ ਹਨ। ਬਾਣੀ ਦੀ ਕਥਾ ਕਰਦੇ ਉਹ ਤਿਲਕਦੇ ਤਿਲਕਦੇ ਇੱਕ ਬਾਬੇ 'ਤੇ ਆ ਕੇ ਰੁੱਕ ਜਾਂਦੇ ਹਨ ਜੋ ਕਿ ਅੱਜ ਕੱਲ• ਕਚਹਿਰੀਆਂ 'ਚ ਤਰੀਕਾਂ ਭੁਗਤ ਰਿਹਾ ਹੈ। ਜਦ ਬਾਬੇ ਉਸ ਬਾਬੇ ਦੇ ਖਿਲਾਫ ਕੁਝ ਜ਼ਿਆਦਾ ਹੀ ਜ਼ਹਿਰ ਭਰੇ ਬਾਨ ਛੱਡ ਜਾਂਦੇ ਹਨ ਤਾਂ ਉਸ ਬਾਬੇ ਦੇ ਪੈਰੋਕਾਰ ਆ ਕੇ ਜਿੰਦਾਬਾਦ ਮੁਰਦਾਬਾਦ ਕਰਨ ਲੱਗ ਜਾਂਦੇ ਹਨ। ਪੁਲਿਸ ਆਉਂਦੀ ਹੈ ਅਤੇ ਦੋਵਾਂ ਧਿਰਾਂ ਦੇ ਬੰਦਿਆਂ 'ਤੇ ਕੇਸ ਬਣਾ ਦਿੰਦੀ ਹੈ। ਪੰਜਾਬ ਦੀ ਹਾਕਮ ਧਿਰ ਇਸ ਸਮੇਂ ਬਹੁਤ ਕੜਿਕੀ 'ਚ ਫਸੀ ਹੋਈ ਹੈ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਗੱਲ ਹੈ। ਸਿਆਸਤਦਾਨ ਅਤੇ ਚੋਲਿਆਂ ਵਾਲੇ ਬਾਬੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਕੋਈ ਮਰਜੀਵੜਿਆਂ ਦੇ ਜੱਥੇ ਤਿਆਰ ਕਰ ਰਿਹਾ ਹੈ। ਇਸ ਤਰ•ਾਂ ਦੇ ਮਰਜੀਵੜੇ 1984 ਤੋਂ ਪਹਿਲਾਂ ਵੀ ਤਿਆਰ ਕੀਤੇ ਗਏ ਸਨ। ਜਿਵੇਂ ਅਲਕਾਇਦਾ ਵਾਲੇ ਜਹਾਦ ਦੇ ਨਾਂਅ 'ਤੇ ਮਰਜੀਵੜੇ ਪੈਦਾ ਕਰਦੇ ਹਨ। ਉਹੀ ਹਾਲਤ ਇੱਥੇ ਬਣਾਏ ਜਾ ਰਹੇ ਹਨ। ਵਿਰੋਧੀ ਧਿਰ ਦੇ ਦੋਵੇਂ ਹੱਥੀਂ ਲੱਡੂ ਹਨ ਕਿਉਂਕਿ ਹਾਕਮ ਧਿਰ ਨੂੰ ਡਬਾਉਣ ਲਈ ਉਸ ਦੇ ਆਪਣੇ ਮਲਾਹ ਹੀ ਕਾਫੀ ਹਨ। 1977 'ਚ ਦੋ ਤਿਹਾਈ ਬਹੁ-ਮੱਤ ਲੈ ਕੇ ਪੰਜਾਬ ਦੀ ਹੁਣ ਵਾਲੀ ਹਾਕਮ ਧਿਰ ਹੀ ਅਜਿਹੇ ਹਾਲਾਤਾਂ ਕਾਰਨ ਆਪਣੀ ਕੁਰਸੀ ਗੁਆ ਬੈਠੀ ਸੀ। ਅਤੇ ਤਿੰਨ ਸਾਲ ਬਾਅਦ 1980 'ਚ ਵਿਰੋਧੀ ਧਿਰ ਤੋਂ ਹਾਰ ਗਈ ਸੀ। ਉਦੋਂ ਵੀ ਉਸ ਨੂੰ ਹਰਾਉਣ ਲਈ ਇਨ•ਾਂ ਗਰਮ ਨਾਅਰਿਆਂ ਦਾ ਹੀ ਵਿਸ਼ੇਸ਼ ਰੋਲ ਸੀ। ਜਦੋਂ ਸਿਆਸਤ ਦਾਨ ਇਨ•ਾਂ ਬਾਬਿਆਂ ਦੇ ਡੇਰਿਆਂ 'ਚ ਜਾ ਮੱਥੇ ਰਗੜ•ਦੇ ਹਨ ਤਾਂ ਦੁਖਾਂਤ ਦੇ ਬੀਜ਼ ਉਦੋਂ ਹੀ ਬੀਜੇ ਜਾਂਦੇ ਹਨ। ਬਾਬੇ ਵੋਟਾਂ ਪੁਆ ਕੇ ਉਸ ਦਾ ਸਿਲਾ ਵੀ ਮੰਗਦੇ ਹਨ। ਸਿਆਸਤ ਦਾਨ ਉਨ•ਾਂ ਨੂੰ ਵਿਸ਼ੇਸ਼ ਰਿਆਇਤਾਂ ਦਿੰਦੇ ਹਨ। ਇਸ ਤਰ•ਾਂ ਇੱਕ ਵਿਹਲੜ ਪਰਜੀਵੀ ਵਰਗ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਰਹਿੰਦਾ ਹੈ। ਮੰਦਰ ਮਸਜਿਦ ਦੇ ਰਾਮ ਰੌਲੇ 'ਚ ਭੁੱਖ, ਨੰਗ, ਮਹਿੰਗਾਈ, ਬੇਰੁਜਗਾਰੀ ਆਦਿ ਮਸਲੇ ਦੱਬੇ ਜਾਂਦੇ ਹਨ। ਪੰਜਾਬ ਦੇ ਸੰਘਰਸ਼ਸੀਲ ਲੋਕ ਇਨ•ਾਂ ਬਾਬਿਆਂ ਦੇ ਫਿਰਕਾਪ੍ਰਸਤੀ ਦੇ ਨਾਗ 'ਚ ਇਸ ਤਰ•ਾਂ ਲਪੇਟ ਲਏ ਗਏ ਹਨ ਕਿ ਹੁਣ ਉਹ ਕੁਸਕਦੇ ਤੱਕ ਨਹੀਂ। ਬਾਬਿਆਂ ਤੋਂ ਬਿਨਾ ਹਾਕਮ ਧਿਰ ਨੌਜਵਾਨਾਂ ਅੱਗੇ ਨਸ਼ੇ ਪਰੋਸਦੀ ਹੈ। ਸਸਤੀ ਸ਼ਰਾਬ ਦੇ ਨਾਂਅ 'ਤੇ ਲੋਕਾਂ ਨੂੰ ਜ਼ਹਿਰ ਪਿਲਾਈ ਜਾ ਰਹੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਦਿਹਾੜੀਦਾਰ ਕਾਮੇ ਵੀ ਸ਼ਾਮ ਨੂੰ ਸ਼ਰਾਬ ਦੇ ਠੇਕੇ ਅੱਗੇ ਲਾਇਨਾਂ 'ਚ ਖੜ•ੇ ਹੁੰਦੇ ਹਨ। ਇੱਕ ਪਾਸੇ ਨਾਮ ਦੀ ਖੁਮਾਰੀ ਦਾ ਪ੍ਰਚਾਰ, ਦੂਜੇ ਪਾਸੇ ਜਾਮ ਦੀ ਖੁਮਾਰੀ, ਭੁੱਕੀ, ਡੋਡੇ, ਪੋਸਤ ਅਤੇ ਡਰਾਗਜ਼ ਆਦਿ ਨੇ ਪੰਜਾਬੀਆਂ ਨੂੰ ਨਿਕੰਮੇ ਬੰਦਿਆਂ 'ਚ ਸ਼ਾਮਿਲ ਕਰ ਦਿੱਤਾ ਹੈ। ਭਈਆਂ ਦੇ ਆਸਰੇ ਹੱਥੀਂ ਕੰਮ ਕਰਨਾ ਤਾਂ ਉਹ ਪਹਿਲਾਂ ਹੀ ਛੱਡ ਚੁੱਕੇ ਹਨ। ਹੁਣ ਉਨ•ਾਂ ਨੂੰ ਭਗਵੇ, ਨੀਲੇ, ਚਿੱਟੇ ਅਤੇ ਹਰੇ ਰੰਗਾਂ 'ਚ ਉਲਝਾ ਲਿਆ ਗਿਆ ਹੈ। ਬਾਬੇ ਅਤੇ ਵਿਰੋਧੀ ਬਾਬੇ ਦੋਵੇਂ ਧਿਰਾਂ ਹੀ ਨਾਮ ਜਪਣ ਅਤੇ ਸ਼ਾਂਤੀ ਦਾ ਉਪਦੇਸ਼ ਦਿੰਦੀਆਂ ਹਨ ਪਰ ਦੋਵਾਂ ਧਿਰਾਂ ਦੇ ਪੈਰੋਕਾਰਾਂ ਕੋਲ ਆਧੁਨਿਕ ਹਥਿਆਰ ਅਤੇ ਡਾਗਾਂ ਸੋਟੇ ਹੁੰਦੇ ਹਨ। ਜਿਹੜਾ ਬੰਦਾ ਉਨ•ਾਂ ਵਾਲਾ ਨਾਮ ਨਹੀਂ ਜਪਦਾ ਭਾਵ ਵਿਰੋਧੀ ਬਾਬੇ ਦੀ ਦੁਕਾਨ 'ਤੇ ਜਾਂਦੇ ਹੈ ਉਸ ਦੀ ਭੁਗਤ ਸਵਾਰੀ ਜਾਂਦੀ ਹੈ। ਇਸ ਵਕਤ ਪੰਜਾਬ ਦੇ ਸਾਰੇ ਬਾਬੇ ਇੱਕ ਖਾਸ ਬਾਬੇ ਦੇ ਖਿਲਾਫ ਇਕੱਠੇ ਹਨ। ਜਦ ਹੜ• ਆਉਂਦਾ ਹੈ ਤਾਂ ਇੱਕ ਦੂਜੇ ਦੇ ਦੁਸ਼ਮਣ ਜਾਨਵਰ ਸੱਪ, ਨਿਓਲੇ ਆਦਿ ਲੜਨਾ ਭੁੱਲ ਕੇ ਇੱਕੋ ਦਰੱਖਤ 'ਤੇ ਬੈਠੇ ਹਨ ਪਰ ਜਦੋਂ ਹੜ• ਲੰਘ ਜਾਂਦਾ ਹੈ ਤਾਂ ਆਪਸ 'ਚ ਲੜਣ ਲੱਗ ਜਾਂਦੇ ਹਨ। ਇਸ ਤਰ•ਾਂ ਦਾ ਹਾਲ ਹੀ ਇੱਥੇ ਹੈ। ਕਿਰਤ ਕਰਨ ਦਾ ਉਪਦੇਸ਼ ਦੇਣ ਵਾਲੇ ਬਾਬੇ ਮਹਾਂਪੁਰਸ਼ ਖੁਦ ਕਿਸੇ ਕਿਸਮ ਦੀ ਕਿਰਤ ਨਹੀਂ ਕਰਦੇ। ਇਹ ਸਿਰਫ ਫਿਰਕਾਪ੍ਰਸਤੀ ਦੀ ਫਸਲ ਹੀ ਬੀਜਦੇ ਹਨ। ਬੀਜ਼ ਬੀਜਦੇ ਹਨ ਅਤੇ ਚੋਖਾ ਝਾੜ ਲੈਂਦੇ ਹਨ। ਇਸੇ ਲਈ ਮਨ ਹੀ ਮਨ ਸਕੀਮਾਂ ਬਣਾਉਂਦੇ ਸੋਚਦੇ ਰਹਿੰਦੇ ਹਨ ਕਿ ਰੰਗ ਲਿਆਏਗੀ ਸਾਡੀ ਫਿਰਕਾਪ੍ਰਸਤੀ ਇਕ ਦਿਨ।

ਜੰਨਤ ਦੀ ਹਕੀਕਤ

ਅਮਰਜੀਤ ਢਿੱਲੋਂ
“ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ।” ਸ਼ੋ੍ਰਮਣੀ ਕਵੀਸ਼ਰ ਮਰਹੂਮ ਕਰਨੈਲ ਸਿੰਘ ਪਾਰਸ ਨੇ ਬਹੁਤ ਹੀ ਸਾਦੀ ਭਾਸ਼ਾ ਵਿੱਚ ਇਸ ਜ਼ਿੰਦਗੀ ਦੀ ਸੱਚਾਈ ਦੱਸ ਦਿੱਤੀ। ਸ੍ਰੀ ਪਾਰਸ ਜੀਂਦ ਦੇ ਰੇਲਵੇ ਜੰਕਸ਼ਨ 'ਤੇ ਖੜ•ੇ ਸਨ ਤਾਂ ਇੱਕ ਬਰਾਤ ਰੇਲ ਵਿੱਚ ਚੜ• ਰਹੀ ਸੀ। ਉਸੇ ਵਕਤ ਦੂਸਰੇ ਡੱਬੇ ਵਿੱਚ ਚੜ• ਰਹੀਆਂ ਔਰਤਾਂ ਦਾ ਘੱਗਰਾ ਥੱਲੇ ਡਿੱਗ ਪਿਆ। ਉਨ•ਾਂ ਸਮਿਆਂ ਵਿੱਚ ਕਿਸੇ ਮਰ ਗਈ ਦੀ ਮਕਾਨ ਘੱਗਰਾਂ ਪਾ ਕੇ ਜਾਂਦੀਆਂ ਸਨ। ਇਹ ਦੋਵੇਂ ਘਟਨਾਵਾਂ ਦੇਖ ਕੇ ਪਾਰਸ ਨੂੰ ਇਹ ਗੀਤ ਲਿਖਣ ਦਾ ਫੁਰਨਾ ਫੁਰਿਆ। ਭਾਵ ਆਦਮੀ ਰੇਲ ਗੱਡੀ ਦੀ ਤਰ•ਾਂ ਹੈ। ਇੱਕ ਆਉਂਦਾ ਹੈ ਇੱਕ ਜਾਂਦਾ। ਇੱਕ ਪਾਸੇ ਜਨਮ ਹੈ, ਇੱਕ ਪਾਸੇ ਮੌਤ ਹੈ। ਹੋਰ ਆਉਣ ਜਾਣ ਦਾ ਭਾਵ ਇਹ ਨਹੀਂ ਕਿ ਆਦਮੀ ਕਿਸੇ ਬਾਹਰੀ ਸੰਸਾਰ 'ਚੋਂ ਆਉਂਦਾ ਹੈ ਅਤੇ ਫਿਰ ਬਾਹਰੀ ਸੰਸਾਰ 'ਚ ਚਲਾ ਜਾਂਦਾ ਹੈ। ਉਹ ਧਰਤੀ 'ਚ ਬੀਜੇ ਬੀਜ ਦੀ ਤਰ•ਾਂ ਪੁੰਗਰਦਾ, ਰੁੱਖ ਬਣਦਾ ਅਤੇ ਫਿਰ ਆਪਣੇ ਬੀਜ ਇੱਥੇ ਖਿੰਡਾ ਕੇ ਨਾਸ਼ਮਾਨਤਾ ਵਿੱਚ ਲੀਨ ਹੋਜਾਂਦਾ ਹੈ। ਝਰਨੇ ਨਦੀ 'ਚ ਮਿਲਦੇ ਹਨ। ਨਦੀਆਂ ਦਰਿਆਵਾਂ ਵਿੱਚ ਅਤੇ ਫਿਰ ਦਰਿਆ ਮਹਾਂਸਾਗਰ 'ਚ ਅਭੇਦ ਹੋ ਜਾਂਦੇ ਹਨ। ਇਨ•ਾਂ ਸਾਗਰਾਂ 'ਤੇ ਸੂਰਜ ਦੀ ਧੁੱਪ ਨਾਲ ਜਲ ਵਾਸ਼ਪ ਉੱਡਦੇ ਹਨ। ਹਵਾ ਇਨ•ਾਂ ਜਲਵਾਸ਼ਪਾਂ ਨੂੰ ਦੂਰ ਦੁਰਾਡੇ ਪਹਾੜਾਂ 'ਤੇ ਲੈ ਜਾਂਦੀ ਹੈ। ਜਿੱਥੇ ਇਹ ਬਰਫ ਦੇ ਤੋਦੇ ਬਣ ਕੇ ਗਲੇਸ਼ੀਅਰਾਂ ਉੱਪਰ ਜੰਮਦੇ ਰਹਿੰਦੇ ਹਨ। ਕਰੋੜਾਂ ਸਾਲ ਤੋਂ ਜੰਮੇ ਬਰਫ ਦੇ ਗਲੇਸ਼ੀਅਰ ਹੇਠੋਂ ਆਪਣੀ ਗਰਮੀ ਨਾਲ ਪਿਘਲਦੇ ਰਹਿੰਦੇ ਹਨ। ਇਸ ਤਰ•ਾਂ ਨਦੀਆਂ ਦਾ ਜਨਮ ਹੁੰਦਾ ਹੈ ਅਤੇ ਨਦੀਆਂ ਫਿਰ ਆਪਣੇ ਜਨਮਦਾਤਾ ਸਾਗਰ ਦਾ ਰੁੱਖ ਕਰਦੀਆਂ ਹਨ। ਭਾਵੇਂ ਹੁਣ ਮਨੁੱਖ ਨੇ ਡੈਮ ਬਣਾ ਕੇ ਨਹਿਰਾਂ ਰਾਹੀਂ ਇਹ ਪਾਣੀ ਸਿੰਚਾਈ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ, ਪਰ ਪਹਾੜ ਤੋਂ ਇਸ ਪਾਣੀ ਦਾ ਰੁੱਖ ਹਮੇੇਸ਼ਾ ਸਾਗਰ ਵਲ ਹੀ ਹੁੰਦਾ ਹੈ।
ਮਨੁੱਖ ਜੋ ਇਸ ਧਰਤੀ 'ਤੇ ਪ੍ਰਾਪਤ ਨਹੀਂ ਕਰ ਸਕਿਆ ਉਹ ਜੰਨਤ ਵਿੱਚ ਪੂਰੀ ਹੁੰਦੀ ਵੇਖਦਾ ਹੈ। ਇਸੇ ਲਈ ਧਰਤੀ ਦੇ ਹਰ ਖਿੱਤੇ ਦੇ ਮਨੁੱਖ ਦੀ ਕਲਪਨਾ ਦੀ ਜੰਨਤ ਵੱਖੋ ਵੱਖਰੀ ਹੈ। ਮਾਰੂਥਲ ਦੇ ਲੋਕਾਂ ਨੇ ਜੰਨਤ (ਸਵਰਗ) ਵਿੱਚ ਠੰਢੀਆਂ ਛਾਵਾਂ, ਦੁੱਧ, ਸ਼ਹਿਦ ਦੀਆਂ ਵਗਦੀਆਂ ਨਦੀਆਂ ਅਤੇ ਹੂਰਾਂ ਪਰੀਆਂ ਦੀ ਕਲਪਨਾ ਕੀਤੀ। ਔਰਤ ਵਾਸਤੇ ਕੋਈ ਜੰਨਤ ਨਹੀਂ ਚਿਤਵੀ ਗਈ ਕਿਉਂਕਿ ਇਹ ਸਾਰਾ ਕੁਝ ਮਰਦ ਵੱਲੋਂ ਲਿਖਿਆ ਗਿਆ, ਨਹੀਂ ਤਾਂ ਔਰਤਾਂ ਵਾਸਤੇ ਵੀ ਜੰਨਤ 'ਚ ਸੋਹਣੇ ਦਿਲ ਫਰੇਬ ਮਰਦ ਦੀ ਕਲਪਨਾ ਕੀਤੀ ਜਾ ਸਕਦੀ ਸੀ। ਬਸ਼ੱਰਤੇ ਜੇ ਕਿਤੇ ਇਹ ਔਰਤਾਂ ਲਿਖਦੀਆਂ। ਉਹ ਲਿਖਦੀਆਂ ਕਿ ਉੱਥੇ ਸੋਹਣੇ ਸੋਹਣੇ ਨੌਜਵਾਨ ਮਰਦ ਔਰਤਾਂ ਦੀਆਂ ਲੱਤਾਂ ਦਬਾਉਣਗੇ। ਉਨ•ਾਂ ਦੇ ਸਿਰ 'ਚ ਬਦਾਮ ਰੋਗਣ ਦੀ ਮਾਲਸ਼ ਕਰਨਗੇ। ਔਰਤ ਅੱਗੇ ਗੁਲਾਮ ਬਣ ਕੇ ਖੜ•ੇ ਰਹਿਣਗੇ। ਉਸ ਨੂੰ ਗਰਮ ਪਾਣੀ ਦੇ ਟੱਬ 'ਚ ਮਲ ਮਲ ਕੇ ਨਹਾਉਣਗੇ। ਪਰ ਨਹੀਂ ਇੰਜ ਨਹੀਂ ਹੋਇਆ। ਹੁਣ ਤੱਕ ਔਰਤਾਂ ਜੰਨਤ 'ਚ ਹੂਰਾਂ ਪਰੀਆਂ ਬਣੀਆਂ ਮਰਦ ਦੇ ਲਈ ਵਧੀਆ ਸ਼ਰਾਬ ਦੇ ਪਿਆਲੇ ਲਈ ਖੜ•ੀਆਂ ਹਨ। ਮਰਦ ਨੇ ਰੱਬ ਵੀ ਮਰਦ ਹੀ ਚਿਤਵਿਆ। ਜੇ ਔਰਤ ਕਲਪਨਾ ਕਰਦੀ ਤਾਂ ਰੱਬ ਇੱਕ ਔਰਤ ਹੋਣੀ ਚਾਹੀਦੀ ਸੀ, ਕਿਉਂਕਿ ਔਰਤ ਇੱਕ ਸਿਰਜਣਹਾਰ ਹੈ। ਇਸ ਲਈ ਰੱਬ ਦੀ ਮਾਂ ਵੀ ਔਰਤ ਹੀ ਹੋਣੀ ਸੀ। ਜਿਸ ਤਰ•ਾਂ ਯਿਸ਼ੂ ਮਸੀਹ ਦੀ ਮਾਤਾ ਇਬਨੇ ਮਰੀਅਮ ਸੀ।
ਗਰਮ ਮੁਲਕਾਂ ਦੇ ਮੁਕਾਬਲੇ ਠੰਢੇ ਮੁਲਕਾਂ ਵਿੱਚ ਜੰਨਤ ਦੀ ਕਲਪਨਾ ਉਲਟ ਹੈ। ਉਨ•ਾਂ ਦੀ ਕਲਪਨਾ ਹੈ ਕਿ ਜੰਨਤ ਵਿੱਚ ਅੱਗ ਸੇਕਣ ਲਈ ਹਰ ਵਕਤ ਗਰਮ ਭੱਠੀਆਂ ਦੱਗਦੀਆਂ ਰਹਿੰਦੀਆਂ ਹਨ ਅਤੇ ਨਿੱਘੀ ਧੁੱਪ ਰਹਿੰਦੀ ਹੈ। ਅਸਲ ਵਿੱਚ ਜੰਨਤ ਸਿਰਫ ਇੱਕ ਮਨ ਲੁਭਾਉਣ ਦਾ ਹੀ ਜਰੀਆ ਹੈ ਹੋਰ ਕੁਝ ਨਹੀਂ। ਬਕੌਲ ਮਿਰਜ਼ਾ ਗਾਲਿਬ “ ਹਮੇ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ, ਦਿਲ ਕੇ ਬਹਿਲਾਨੇ ਕੋ ਗਾਲਿਬ ਯੇਹ ਖਿਆਲ ਅੱਛਾ ਹੈ।”

ਹਾਰੇ ਬੰਦੇ ਗ਼ਜ਼ਲ

ਜ਼ਿੰਦਗੀ ਦੇ ਵਿੱਚ ਹਾਰੇ ਬੰਦੇ, ਮਜ਼ਹਬ ਦੀ ਪਨਾਹ ਲੈਂਦੇ ਨੇ।
ਦੁਨੀਆਂ ਤੋਂ ਭਗੌੜੇ ਸੰਤਾਂ ਕੋਲੋਂ ਜਾ ਸਲਾਹ ਲੈਂਦੇ ਨੇ।
ਇੱਕ ਹੀ ਘਰ ਬਣਾਉਂਦਿਆਂ ਬੰਦੇ ਦੀ ਉਮਰ ਬੀਤ ਜਾਂਦੀ ਹੈ।
ਮਜ਼ਹਬ ਦੇ ਜਾਨੂੰਨੀ ਪਲਾਂ 'ਚ ਘਰਾਂ ਦੇ ਘਰ ਜਲਾ ਦਿੰਦੇ ਨੇ।
ਕਿਸੇ ਦੀ ਆਸ ਤੱਕਣ ਵਾਲੇ ਹੀ ਆਸਤਿਕ ਰਹਿਣ ਮੱਥੇ ਰਗੜਦੇ।
ਨਾ-ਆਸਤਿਕ ਵਿਹਲੜ ਸਾਧ ਨੂੰ ਦੂਰੋਂ ਹੱਥ ਹਿਲਾ ਦਿੰਦੇ ਨੇ।
ਮੰਦਰ, ਮਸਜਿਦ ਜਾਂ ਗੁਰਦੁਆਰੇ ਜਾਣ ਲਈ ਜੇ ਮਨ ਕਰੇ ਤਾਂ
ਭਲੇ ਲੋਕ ਕੁਝ ਰੋਂਦੇ ਹੋਏ ਬੱਚਿਆਂ ਤਾਈਂ ਹਸਾ ਦਿੰਦੇ ਨੇ।
ਮਰਨ ਉਪਰੰਤ ਦੀ ਫਰਜ਼ੀ ਦੁਨੀਆਂ ਖਾਤਿਰ ਸਾਰੇ ਦੇਵ ਪੁਰਸ਼ ਹੀ,
ਇਸ ਧਰਤੀ ਦੀ ਅਸਲੀ ਦੁਨੀਆਂ/ਜ਼ਿੰਦਗੀ ਤਾਈਂ ਦਗਾ ਦਿੰਦੇ ਨੇ।
ਉਹ ਸਾਨੂੰ ਨਫਰਤ ਕਰਦੇ ਨੇ ਰੋਜ਼ ਹੀ ਕਾਫਿਰ ਕਾਫਿਰ ਕਹਿ ਕੇ
ਪਰ ਕਾਫਿਰ ਤਾਂ ਥਾਂ-ਥਾਂ ਰੁੱਖ ਮੁਹੱਬਤ ਦੇਲਗਾ ਦਿੰਦੇ ਨੇ।
ਝੁਠੇ ਸੁਰਗ ਦੇ ਸੁਪਨੇ ਵੇਚ ਕੇ ਸਾਡੀ ਮਿਹਨਤ ਦੇ ਲੁਟੇਰੇ
ਸੁਰਗ ਭੋਗਦੇ, ਸਾਡੀ ਜ਼ਿੰਦਗੀ ਤਾਈਂ ਨਰਕ ਬਣਾ ਦਿੰਦੇ ਨੇ।
ਜਿਹੜੇ ਮਾਪੇ ਬੱਚਿਆਂ ਨੂੰ ਲਾਈ ਲੱਗ ਬਣਨ ਨਹੀਂ ਦਿੰਦੇ,
ਉਹ ਹੀ ਨਵੇਂ ਤਲਾਸ਼ ਕੇ ਰਸਤੇ, ਨਵੀਆਂ ਪਿਰਤਾਂ ਪਾ ਦਿੰਦੇ ਨੇ।

ਸਮੇਂ ਦਾ ਗੀਤ

ਹਟੀਂ ਮਾਰਨੋ ਨਾ ਪਿਆਰ ਗਲੀ ਵਿੱਚ ਫੇਰੀਆਂ।
ਭਾਵੇਂ ਵਗਦੀਆਂ ਅਜੇ ਕਾਲੀਆਂ ਹਨ•ੇਰੀਆਂ।
ਦੇਖੀਂ ਹੋ ਕੇ ਖਾਮੋਸ਼ ਘਰੇ ਬੈਠ ਜਾਈਂ ਨਾ
ਜਲ ਰਹੇ ਸਿਵਿਆਂ ਤੋਂ ਪਰ•ੇ ਬੈਠ ਜਾਈਂ ਨਾ।
ਲਾਸ਼ਾਂ ਕਬਰਾਂ ਨੇ ਦਫਨਾਈਆਂ ਨੇ ਬਥੇਰੀਆਂ. . .ਹਟੀ ਮਾਰਨੋ.
ਪਾਈ ਇਨਸਾਨੀਅਤ ਵਿੱਚ ਹੈ ਜੋ ਪਾੜ ਰੋਕਣੀ।
ਆਪਾਂ ਹੱਦਾਂ ਤੋਂ ਬਾਰੂਦ ਦੀ ਹਵਾੜ• ਰੋਕਣੀ।
ਤਾਰ ਕੰਡਿਆਲੀ ਥਾਵੇਂ ਲਾਉਣੀਆਂ ਨੇ ਬੋਰੀਆਂ. . .ਹਟੀ ਮਾਰਨੋ.
ਚੁੱਪ ਕਰ ਨਾ ਜੇ ਕਰਦੈ ਬਾਰੂਦ ਖੇਖਣੇ।
ਮਾਂਗ ਉਜੱੜੀ ਦੇ ਹੋਰ ਨਾ ਦ੍ਰਿਸ਼ ਦੇਖਣੇ।
ਬੈਠ ਜਾਈਂ ਦਿਲਦਾਰਾ ਨਾ ਤੂੰ ਢਾਹ ਕੇ ਢੇਰੀਆਂ. . .ਹਟੀ ਮਾਰਨੋ.
ਜੰਗ ਬੀਜਦੀ ਹੈ ਬੀਜ ਇੱਕ ਹੋਰ ਜੰਗ ਦਾ
ਦੋਵਾਂ ਦੇਸ਼ ਵਾਸੀਆਂ 'ਚੋਂ ਨਾ ਕੋਈ ਜੰਗ ਮੰਗਦਾ।
ਇਹ ਤਾਂ ਹਾਕਮਾਂ ਦੀਆਂ ਨੇ ਸਭ ਹੇਰਾ ਫੇਰੀਆਂ. . .ਹਟੀ ਮਾਰਨੋ.
ਬੂਟੇ ਘ੍ਰਿਣਾ ਦੀ ਮਿਰਚ ਦੇ ਪੁਟਾ ਦੇ ਸੋਹਣਿਆਂ
ਗੰਨੇ ਪਿਆਰ ਵਾਲੇ ਮਜ਼ਹਬਾਂ 'ਚ ਲਾ ਦੇ ਸੋਹਣਿਆਂ।
ਦੋਵੇਂ ਰਾਮ ਤੇ ਰਹੀਮ ਚੂਪਣ ਗੰਨੇਰੀਆਂ. . .ਹਟੀ ਮਾਰਨੋ.
ਸੁੱਤੇ ਰਹਿਣ ਦੇ ਨਾ ਦੇਸ਼ ਦੇ ਤੂੰ ਭਾਗ ਚੰਨਿਆ
ਬਾਲੀ ਚੱਲ ਜਿੰਨੇ ਬਲਦੇ ਚਿਰਾਗ ਚੰਨਿਆ
ਚੁਗੀ ਚੱਲ ਬੂਹੇ ਅੱਗੇ ਕਿਰਚਾਂ ਖਲੇਰੀਆਂ. . .ਹਟੀ ਮਾਰਨੋ.
ਹੁਣ ਮੰਦਰਾਂ ਮਸੀਤਾਂ ਦੇ ਕਲੇਸ਼ ਛੱਡਦੇ
ਬੰਦੇ ਵਿੱਚ ਜਾਨਵਰ ਵਾਲਾ ਭੇਸ ਛੱਡਦੇ
ਢਿੱਲੋਂ ਪੂਜ ਇਨਸਾਨੀਅਤ ਮਨ ਮੇਰੀਆਂ। ਹਟੀਂ ਮਾਰਨੋ ਨਾ ਪਿਆਰ ਗਲੀ ਵਿੱਚ ਫੇਰੀਆਂ

ਕਿੱਥੋਂ ਭਾਲਦੈਂ ਬਨੇਰੇ ਉੱਤੇ ਕਾਗ, ਕਾਗ ਨਾ ਪੰਜਾਬ 'ਚ ਰਹੇ।

ਦੇਸੀ ਛੋਲਿਆਂ ਤੇ ਸਰੋਂਆਂ ਦੇ ਸਾਗ, ਨਾ ਪੰਜਾਬ 'ਚ ਰਹੇ।
ਗਿਰਝਾਂ ਅਲੋਪ ਹੋਈਆਂ ਮੁੜ ਕੇ ਨਾ ਲੌਟੀਆਂ,
ਮੁੱਦਤਾਂ ਤੋਂ ਦੇਖੀਆਂ ਨਾ ਅਸੀਂ ਚੀਚ ਵਹੁਟੀਆਂ।
ਚੱਕੀ ਰਾਹਿਆਂ ਦੇ ਨਿਖੁੱਟ ਗਏ ਨੇ ਭਾਗ. . .ਕਾਗ ਨਾ..
ਮੋਰ ਮੋਰਨੀਆਂ ਰੁਣ-ਝੁਣ ਨਹੀਂ ਲਗਾਉਂਦੀਆਂ,
ਕੂੰਜਾਂ ਦੀਆਂ ਡਾਰਾਂ ਨਾ ਪੰਜਾਬ ਹੁਣ ਆਉਂਦੀਆਂ।
ਹੁਣ ਗਾਉਣ ਨਾ ਪਪੀਹੇ ਇੱਥੇ ਰਾਗ. .ਕਾਗ ਨਾ..
ਡੀ.ਏ.ਪੀ. ਤੇ ਯੂਰੀਆ ਨੇ ਗੋਬਰ ਵਿਸਾਰ 'ਤੇ,
ਸੂਖਮ ਜੀਵਾਣੂ ਸਾਰੇ ਧਰਤੀ ਦੇ ਮਾਰਤੇ।
ਕਿੱਥੋਂ ਤਿੱਤਲੀਆ ਭਾਲਣ ਪਰਾਗ. .ਕਾਗ ਨਾ. .
ਬਹੁ ਕੌਮੀ ਕੰਪਨੀਆਂ ਐਸਾ ਹੱਲਾ ਬੋਲਿਆ,
ਕੀਟਨਾਸ਼ਕਾਂ ਦਾ ਜ਼ਹਿਰ ਹਵਾ ਵਿੱਚ ਘੋਲਿਆ
ਫਲ ਕੌੜੇ, ਜ਼ਹਿਰੀਲੇ ਹੋ ਗਏ ਬਾਗ. .ਕਾਗ ਨਾ.
ਜ਼ਹਿਰ ਬੀਜਦੇ ਹਾਂ ਅਸੀਂ ਜ਼ਹਿਰ ਖਾਈ ਜਾਂਦੇ ਹਾਂ,
ਵਾਜਾਂ ਮਾਰ-ਮਾਰ ਮੌਤ ਨੂੰ ਬੁਲਾਈ ਜਾਂਦੇ ਹਾਂ।
ਕਾਲੇ ਕੈਂਸਰਾਂ ਦੇ ਫਨੀਅਰ ਨਾਗ. .ਕਾਗ ਨਾ. .
ਹੱਥੀਂ ਕੰਮ ਕਰਨ ਦੇ ਸੁਭਾਅ ਹੀ ਵਿਸਾਰ 'ਤੇ,
ਨਿਰਭਰ ਹੋ ਗਿਆ ਕਿਸਾਨ ਹੈ ਬਾਜ਼ਾਰ 'ਤੇ
ਬੱਚੇ ਜਾਨਣ ਕਮਾਦ ਦੇ ਨਾ ਆਗ. . ਕਾਗ ਨਾ ..
ਧਰਤੀ ਮਾਤਾ ਨੂੰ ਸਾਹ ਲੈਣ ਜੋਗੀ ਕਰੀਏ,
ਮਰ ਚੁੱਕੀ ਮਿੱਟੀ ਵਿੱਚ ਫਿਰ ਜਾਨ ਭਰੀਏ।
ਕੁਲ ਕਰਕੇ ਰਸਾਇਣਾਂ ਦਾ ਤਿਆਗ. . ਕਾਗ ਨਾ..
ਇਉਂ ਹੀ ਜੇ ਪਰਿੰਦਿਆਂ ਨੂੰ ਅਲਵਿਦਾ ਕਹਾਂਗੇ,
ਬਹੁਤਾ ਚਿਰ ਧਰਤੀ 'ਤੇ ਅਸੀਂ ਵੀ ਨਾ ਰਹਾਂਗੇ।
ਢਿੱਲੋਂ ਸੁੱਤਿਆਂ ਨੂੰ ਨਹੀਂ ਆਉਣੀ ਨਹੀਓਂ ਜਾਗ।
ਕਾਗ ਨਾ ਪੰਜਾਬ 'ਚ ਰਹੇ, ਕਿੱਥੋਂ ਭਾਲਦੈਂ ਬਨੇਰੇ ਉੱਤੇ ਕਾਗ।

ਬੱਸ, ਅੱਜ ਤੋਂ ਬੰਦ

ਅਖਬਾਰ 'ਚ ਸ਼ਰਾਬ ਦੇ ਔਗੁਣਾ ਬਾਰੇ ਆਰਟੀਕਲ ਛਪਿਆ ਸੀ। ਪਤਨੀ ਨੇ ਇਹ ਲੇਖ ਪੜ• ਕੇ ਨਿੱਤ ਦੇ ਸ਼ਰਾਬੀ ਆਪਣੇ ਪਤੀ ਨੂੰ ਇਹ ਲੇਖ ਪੜ•ਨ ਲਈ ਕਿਹਾ। ਪਤੀ ਨੇ ਬੜੇ ਧੀਰਜ ਨਾਲ ਲੇਖ ਪੜ•ਨ ਤੋਂ ਬਾਅਦ ਕਿਹਾ, “ਬੱਸ ਅੱਜ ਤੋਂ ਬੰਦ” ਪਤਨੀ ਨੇ ਖੁਸ਼ ਹੋ ਕੇ ਕਿਹਾ ਕੀ ਸ਼ਰਾਬ? ਪਤੀ ਕਹਿੰਦਾ ਨਹੀਂ ਅਖਬਾਰ। ਇਹ ਸ਼ਰਾਬ ਵੀ ਬੜੀ ਅਜੀਬ ਚੀਜ਼ ਹੈ। ਹਰ ਸ਼ਰਾਬੀ ਸਵੇਰੇ ਸਰੀਰਕ ਅਤੇ ਮਾਨਸਿਕ ਪੱਖੋਂ ਬੇਹੱਦ ਤੰਗ ਹੁੰਦਾ ਹੈ। ਉਹ ਕਸਮਾਂ ਪਾਉਂਦਾ ਹੈ ਕਿ ਬੱਸ ਅੱਜ ਸ਼ਰਾਬ ਨਹੀਂ ਪੀਣੀ ਪਰ ਸ਼ਾਮ ਹੁੰਦਿਆਂ ਹੀ ਉਸ ਦਾ ਮਨ ਫਿਰ ਡਿੱਕ ਡੋਲੇ ਖਾਣ ਲੱਗ ਜਾਂਦਾ ਹੈ। ਉਹ ਮਨ 'ਚ ਕਹਿੰਦਾ ਹੈ ਕਿ ਚੱਲੋ ਥੋੜ•ੀ ਜਿਹੀ ਪੀ ਲੈਂਦੇ ਹਾਂ। ਕੱਲ• ਬਿਲਕੁੱਲ ਬੰਦ ਕਰ ਦਿਆਂਗੇ, ਪਰ ਜਦੋਂ ਲੋਰ ਜਿਹੀ ਆਉਣ ਲੱਗਦੀ ਹੈ ਤਾਂ ਇਹ ਥੋੜ•ੀ ਜਿਹੀ ਮਾਤਰਾ ਫਿਰ ਪਹਿਲਾਂ ਵਾਲੀ ਥਾਂ 'ਤੇ ਹੀ ਜਾ ਪਹੁੰਚਦੀ ਹੈ।
ਕਿਸੇ ਨੇ ਸ਼ਰਾਬੀ ਨੂੰ ਕਿਹਾ ਸ਼ਰਾਬ ਹੌਲੀ-ਹੌਲੀ ਮਾਰਨ ਵਾਲਾ ਜ਼ਹਿਰ (ਸਲੋਅ ਪੁਆਇਜ਼ਨ) ਹੈ। ਸ਼ਰਾਬੀ ਨੇ ਆਪਣੀ ਹੀ ਲੋਰ 'ਚ ਕਿਹਾ ਕਿ ਆਪਾਂ ਨੂੰ ਮਰਨ ਦੀ ਕਿਹੜੀ ਕਾਹਲ ਹੈ। ਇੱਕ ਸ਼ਾਇਰ ਨੇ ਸ਼ਰਾਬ ਦੇ ਖਿਲਾਫ ਬੜੀ ਸੋਹਣੀ ਕਵਿਤਾ ਲਿਖੀ “ਦਾਰੂ ਪੀਣ ਦਾ ਨਿੱਕਲਦਾ ਬੁਰਾ ਸਿੱਟਾ, ਅਸੀਂ ਦੇਖੀ ਹੈ ਕਈ ਡਰੱਮ ਪੀ ਕੇ। ਰੂੜੀ ਮਾਰਕਾ, ਸੰਤਰਾ, ਸੌਫੀਂਆ ਵੀ ਦੇਖੀ ਵਿਸਕੀ, ਸਕਾਚ ਤੇ ਰੰਮ ਪੀ ਕੇ। ਭਾਵੇਂ ਹੁੰਦੈ ਸ਼ਰਾਬੀ ਉਹ ਅਸਮਾਨ ਚੜਿ•ਆ ਡਿੱਗੂ ਨਾਲੀ ਦੇ ਵਿੱਚ ਘੜੰਮ ਪੀ ਕੇ. . .। ਇਹ ਕਾਫੀ ਲੰਮੀ ਕਵਿਤਾ ਸੀ ਜਿਸ ਨੂੰ ਪੜ• ਕੇ ਕਈ ਵਧਾਈ ਸੰਦੇਸ਼ ਮਿਲੇ ਤਾਂ ਸ਼ਾਇਰ ਨੇ ਕਿਹਾ ਕਿ ਲਿਖੀ ਇਹ ਵੀ ਮੈਂ ਸ਼ਰਾਬ ਪੀ.ਕੇ. ਹੀ ਹੈ। ਇੱਕ ਮੰਤਰੀ ਨੇ ਸਟੇਜ 'ਤੇ ਸ਼ਰਾਬ ਦੇ ਖਿਲਾਫ ਭਾਸ਼ਣ ਦਿੱਤਾ। ਲੋਕਾਂ ਨੇ ਭਾਸ਼ਣ ਸੁਣ ਕੇ ਤਾੜੀਆਂ ਮਾਰੀਆਂ। ਸ਼ਾਮ ਨੂੰ ਕੁਝ ਲੋਕ ਨੇਤਾ ਜੀ ਨੂੰ ਮਿਲਣ ਗਏ, ਤਾਂ ਨੇਤਾ ਜੀ ਸ਼ਰਾਬ ਦੇ ਪੈੱਗ ਦੀਆਂ ਚੁਸਕੀਆਂ ਲੈ ਰਹੇ ਸਨ। ਲੋਕਾਂ ਨੇ ਕਿਹਾ ਮੰਤਰੀ ਜੀ ਇਹ ਕੀ ਤੁਸੀਂ ਹੁਣੇ ਹੀ ਸ਼ਰਾਬ ਦੇ ਖਿਲਾਫ ਭਾਸ਼ਣ ਦੇ ਕੇ ਆਏ ਹੋ। ਮੰਤਰੀ ਜੀ ਨੇ ਮਿੰਨਾ-ਮਿੰਨਾ ਮੁਸਕਰਾਉਂਦੇ ਹੋਏ ਕਿਹਾ ਅਸਲ ਵਿੱਚ ਮੈਂ ਇਸ ਦੇ ਔਗੁਣਾਂ ਦੀ ਤਹਿ ਤੱਕ ਜਾਣਾ ਚਾਹੁੰਦਾ ਹਾਂ। ਦੇਖੋ ਲੋਕਾਂ ਦੀ ਖਾਤਰ ਮੈਂ ਆਪਣਾ ਜੀਵਨ ਵੀ ਦਾਅ 'ਤੇ ਲਾ ਦਿੱਤਾ ਹੈ। ਸਿਆਣੇ ਆਦਮੀਆਂ ਨੂੰ ਹਮੇਸ਼ਾ ਸ਼ਰਾਬ ਪੀ ਕੇ ਗਵਾਏ ਸਮੇਂ ਦਾ ਪਛਤਾਵਾ ਰਹਿੰਦਾ ਹੈ। ਇਸੇ ਲਈ ਉਹ ਕਹਿੰਦੇ ਹਨ ਲਾਲ, ਕਾਲੀਆਂ, ਦਾਰੂ ਦੀਆਂ ਬੋਤਲਾਂ ਵਿੱਚ ਪਈ ਰੁੱਤ ਜਵਾਨੀ ਦੀ ਬੰਦ ਹਾਏ! ਹਰ ਪੀਣ ਵਾਲਾ ਡਰ ਕੇ ਸੋਚਦਾ ਹੈ ਪੀਣ ਲੱਗੇ ਨਾ ਮੇਰਾ ਫਰਜ਼ੰਦ ਹਾਏ! ਕੋਈ ਵੀ ਸ਼ਰਾਬੀ ਇਹ ਨਹੀਂ ਚਾਹੁੰਦਾ ਕਿ ਉਸ ਦੀ ਔਲਾਦ ਸ਼ਰਾਬ ਪੀਣ ਲੱਗੇ।
ਅਸਲ ਵਿੱਚ ਸ਼ਰਾਬ ਪੀਣ ਦੀ ਲੱਥ ਭੈੜੀ ਸੰਗਤ ਕਾਰਨ ਹੀ ਲੱਗਦੀ ਹੈ। ਜਦ ਇੱਕ ਵਾਰ ਇਹ ਹਲਕ ਤੋਂ ਉੱਤਰ ਜਾਏ ਤਾਂ ਫਿਰ ਬਕੌਲ ਮਿਰਜਾ ਗਾਲਬ “ਛੁਟਤੀ ਨਹੀਂ ਯੇ ਕਾਫਿਰ ਮੂੰਹ ਪੇ ਲੱਗੀ ਹੂਈ।” ਗਾਲਿਬ ਨੇ ਧਾਰਮਿਕ ਉਪਦੇਸ਼ ਵਾਲੇ ਨੂੰ ਕੁਝ ਏਦਾਂ ਵੀ ਕਿਹਾ “ਤੈਨੂੰ ਸ਼ਰਾਬ ਪੀਣ ਦਾ ਲੁਤਫ ਕੀ ਦੱਸਾਂ, ਹਾਏ ਕੰਬਖਤ ਤੂੰ ਤਾਂ ਪੀਤੀ ਹੀ ਨਹੀਂ। ਬਹੁਤ ਸ਼ਰਾਬੀ ਕਿਸੇ ਸਾਧੂ ਸੰਤ ਜਾਂ ਧਾਰਮਿਕ ਡੇਰੇ ਦਾ ਆਸਰਾ ਲੈ ਕੇ ਸ਼ਰਾਬ ਛੱਡਦੇ ਹਨ। ਭਾਵੇਂ ਕਿ ਹਸਪਤਾਲਾਂ ਵਿੱਚ ਨਸ਼ਾ ਛਡਾਊ ਕੇਂਦਰ ਹਨ ਫਿਰ ਵੀ ਆਦਮੀ ਦੀ ਆਪਣੀ ਇੱਛਾ ਸ਼ਕਤੀ (ਵਿੱਲ ਪਾਵਰ) ਨਾਲ ਹੀ ਸ਼ਰਾਬ ਛੱਡੇ ਤਾਂ ਇਹ ਸਭ ਤੋਂ ਵਧੀਆ ਹੈ। ਸ਼ਰਾਬ ਪੀਣ ਦੀ ਆਦਤ ਕਦੇ ਵੀ ਇੰਤਹਾ ਤੱਕ ਨਹੀਂ ਪਹੁੰਚਣੀ ਚਾਹੀਦੀ। ਕਿ ਆਦਮੀ ਇਹ ਕਹੇ “ਨਸ਼ਾ ਹੋ ਤੋਂ ਕਿਆ ਗਮ ਹੈ ਮਰਨੇ ਕਾ ਆਦਮ, ਹਮ ਕਬਰ ਮੇਂ ਵੀ ਗਏ ਪੀਤੇ-ਪੀਤੇ।”

ਇਹ ਬੰਦੇ ਬੁੰਦੇ ਕੁਝ ਨਹੀਂ ਹੁੰਦੇ

ਅਮਰਜੀਤ ਢਿੱਲੋਂ
ਦੰਤ ਕਥਾ:- ਰੁੱਖ 'ਤੇ ਦੋ ਭੂਤ ਬੈਠੇ ਗੱਲਾਂ ਕਰ ਰਹੇ ਸਨ। ਇੱਕ ਨੇ ਕਿਹਾ ਬੰਦੇ ਆਉਂਦੇ ਲਗਦੇ ਐ। “ਇਹ ਬੰਦੇ ਬੁੰਦੇ ਕੁਝ ਨਹੀਂ ਹੁੰਦੇ, ਐਵੇਂ ਤੇਰੇ ਮਨ ਦਾ ਵਹਿਮ ਹੈ,” ਦੂਜਾ ਭੂਤ ਬੋਲਿਆ। ਅਧਿਆਪਕ ਪੜ•ਾ ਰਿਹਾ ਸੀ ਕਿ ਆਦਮੀ ਬਾਂਦਰ ਤੋਂ ਬਣਿਆ ਹੈ। ਇੱਕ ਵਿਦਿਆਰਥੀ ਨੇ ਪੁੱਛਿਆ “ਜੀ ਹੁਣ ਬਾਂਦਰ ਤੋਂ ਬੰਦੇ ਕਿਉਂ ਨਹੀਂ ਬਣਦੇ। ਬਹਿ ਜਾ, ਬਹਿਜਾ, ਅਧਿਆਪਕ ਨੇ ਡਾਂਟ ਕੇ ਕਿਹਾ, ਜਿਹੜੇ ਪਹਿਲਾਂ ਬੰਦੇ ਬਣੇ ਐ, ਉਹ ਵੀ ਪਛਤਾ ਰਹੇ ਐ ਕਿ ਅਜਿਹੇ ਬੰਦਪੁਣੇ ਨਾਲੋਂ ਬਾਂਦਰ ਹੀ ਚੰਗੇ ਸੀ। ਉਪਦੇਸ਼ਕ ਅਕਸਰ ਕਹਿੰਦੇ ਹਨ “ ਰਹਿ ਬਣਕੇ ਬੰਦਿਆ ਬੰਦਾ ਤੂੰ।” ਕੋਈ ਕੁੱਤੇ ਨੂੰ ਇਹ ਨਹੀਂ ਕਹਿੰਦਾ ਕਿ ਕੁੱਤਾ ਬਣਕੇ ਰਹਿ। ਬੰਦਾ ਕਿਉਂਕਿ ਸਾਰੇ ਜਾਨਵਰਾਂ ਦਾ ਸੁਮੇਲ ਹੈ। ਇਹ ਕਿਤੇ ਕੁੱਤਾ, ਕਿਤੇ ਬਿੱਲਾ, ਕਿਤੇ ਸ਼ੇਰ, ਕਿਤੇ ਲੂੰਬੜ, ਕਿੱਤੇ ਗਿੱਦੜ ਅਤੇ ਕਿਤੇ ਸੱਪ, ਬਘਿਆੜ ਆਦਿ ਬਣ ਜਾਂਦਾ ਹੈ। ਇਸੇ ਲਈ ਇਸ ਨੂੰ ਵਾਰ-ਵਾਰ ਬੰਦਾ ਬਣਕੇ ਰਹਿਣ ਦੀ ਨਸੀਹਤ ਵੀ ਬੰਦੇ ਹੀ ਦਿੰਦੇ ਹਨ। ਇੱਕ ਵਾਰ ਪ੍ਰਸਿੱਧ ਵਿਗਿਆਨੀ ਆਈਨਸਟਾਈਨ ਨੇ ਮਨੋਵਿਗਿਆਨੀ ਡਾ. ਫਰਾਇਡ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਬੰਦਾ ਹਰ ਵਕਤ ਕਿਸੇ ਨੂੰ ਤਬਾਹ ਕਰਨ ਬਾਰੇ ਹੀ ਕਿਉਂ ਸੋਚਦਾ ਹੈ। ਤਾਂ ਡਾ. ਫਰਾਇਡ ਨੇ ਜਵਾਬ ਦਿੱਤਾ ਕਿ ਆਦਮੀ ਜਿਹੜੇ ਜਾਨਵਰਾਂ ਦੀ ਸ਼ੇ੍ਰਣੀ 'ਚੋਂ ਵਿਕਸਤ ਹੋਇਆ ਹੈ ਉਹ ਬਹੁਤ ਹੀ ਖੂੰਖਾਰ ਅਤੇ ਹਮਲਾਵਰ ਸੀ।
ਬੰਦੇ 'ਚ ਉਹ ਪਰਵਿਰਤੀਆਂ ਅਜੇ ਵੀ ਕਾਇਮ ਹਨ। ਬਕੌਲ ਸ਼ਾਇਰ “ਹਰ ਬੰਦੇ ਦੇ ਅੰਦਰ ਇੱਕ ਦਰਿੰਦਾ ਵਸਦਾ ਹੈ, ਜਾਗ ਪਵੇ ਮਜਹਬ ਬੋਲੀ ਜਾਤਾਂ ਤੇ ਨਾਵਾਂ ਨਾਲ।” ਆਕਸਫੋਰਡ ਯੂਨੀਵਰਸਿਟੀ 'ਚ ਜੀਵਨ ਵਿਕਾਸ ਬਾਰੇ ਚੱਲ ਰਹੀ ਗੋਸ਼ਟੀ 'ਚ ਪਾਦਰੀ ਬਿਲਬਰ ਫੋਰਸ ਨੇ ਬੁਲਾਰੇ ਹਕਸਲੇ ਤੇ ਵਿਅੰਗ ਕੀਤਾ ਕਿ ਤੁਹਾਡਾ ਸਬੰਧ ਬਾਂਦਰਾਂ ਨਾਲ ਨਾਨਕਿਆਂ ਵੱਲੋਂ ਹੈ ਕਿ ਦਾਦਕਿਆਂ ਵੱਲੋਂ। ਹਕਸਲੇ ਨੇ ਕਿਹਾ ਬਾਂਦਰ, ਬਣਮਾਨਸ ਜਾਂ ਚਿੰਪਾਜੀ ਨਾਲ ਮਨੁੱਖੀ ਸਬੰਧਾਂ ਬਾਰੇ ਮੈਨੂੰ ਕੋਈ ਨਮੋਸ਼ੀ ਨਹੀਂ ਪਰ ਗੰਭੀਰ ਵਿਸ਼ੇ ਨੂੰ ਮਜ਼ਾਕ 'ਚ ਲੈਣ ਵਾਲਿਆਂ ਬਾਰੇ ਬਹੁਤ ਨਮੋਸ਼ੀ ਹੈ। ਜਾਰਜ ਬਰਨਾਰਡ ਸ਼ਾਅ ਤੋਂ ਕਿਸੇ ਨੇ ਪੁੱਛਿਆ ਕਿ ਕੀ ਮਨੁੱਖ ਦੇ ਬਾਂਦਰ ਵਾਂਗ ਪੂਛ ਹੁੰਦੀ ਸੀ ਤਾਂ ਸ਼ਾਅ ਮੋੜਵੇਂ ਜਵਾਬ 'ਚ ਕਿਹਾ ਕਿ ਅੱਜ ਵੀ ਬਿਨਾ ਪੂਛ ਵਾਲੇ ਬਾਂਦਰ ਮੌਜ਼ੂਦ ਹਨ। ਪਿਛਲੇ 50 ਹਜ਼ਾਰ ਵਰਿ•ਆਂ 'ਚ ਨਵਾਂ ਮਨੁੱਖ ਸਾਰੇ ਸੰਸਾਰ 'ਚ ਪਸਰ ਗਿਆ ਸੀ ਪਰ ਮਨੁੱਖੀ ਸੱਭਿਅਤਾ ਦੀ ਉਮਰ ਸਿਰਫ 10 ਹਜ਼ਾਰ ਵਰ•ੇ ਹੈ। ਜਦੋਂ ਮਨੁੱਖ ਖੇਤੀ ਕਰਨ ਲੱਗਿਆ ਅਤੇ ਕੋਮਲ ਕਲਾਵਾਂ ਪੈਦਾ ਹੋਣ ਲੱਗੀਆਂ। ਅੱਠ ਹਜ਼ਾਰ ਸਾਲ ਪਹਿਲਾਂ ਇਸ ਸੰਸਾਰ 'ਚ ਕੇਵਲ ਦੋ ਕਰੋੜ ਮਨੁੱਖ ਸਨ। 1950 'ਚ ਮਨੁੱਖੀ ਵਸੋਂ ਢਾਈ ਅਰਬ (250 ਕਰੋੜ) ਹੋ ਗਈ ਅਤੇ ਅੱਜ ਇਹ 700 ਕਰੋੜ ਦੇ ਨੇੜੇ ਪਹੁੰਚ ਗਈ ਹੈ। ਇੱਕ ਅਨੁਮਾਨ ਅਨੁਸਾਰ ਹਰ ਸਾਲ 3 ਕਰੋੜ 40 ਲੱਖ ਮਾਨਵ ਇਸ ਧਰਤ 'ਤੇ ਪੈਦਾ ਹੋ ਰਹੇ ਹਨ।
1954 'ਚ ਕੁੰਭ ਦੇ ਮੇਲੇ 'ਤੇ 20 ਲੱਖ ਲੋਕਾਂ ਦੀ ਭੀੜ ਸੀ ਅਗਲੇ 12 ਵਰਿ•ਆ 'ਚ44 ਲੱਖ ਅਤੇ ਹੁਣ ਗਿਣਤੀ ਕਰੋੜਾਂ 'ਚ ਪਹੁੰਚ ਗਈ ਹੈ। ਮਨੁੱਖੀ ਸੱਭਿਅਤਾ ਦੇ ਵਿਕਾਸ ਸਮੇਂ ਚੰਗੇ ਦਿਮਾਗ ਦੇ ਨਾਲ-ਨਾਲ ਸ਼ੈਤਾਨ ਦਿਮਾਗ ਵੀ ਹੋਂਦ 'ਚ ਆ ਗਏ। ਜਿਨ•ਾਂ ਨੇ ਮਨੁੱਖ ਨੂੰ ਡਰਾਉਣ ਲਈ ਦੇਵੀ-ਦੇਵਤੇ ਅਗਲਾ ਪਿਛਲਾ ਜਨਮ ਅਤੇ 84 ਲੱਖ ਜੂਨਾਂ ਆਦਿ ਦੀ ਕਾਢਿ ਕੱਢੀ। ਉਹ ਕਿਰਤੀਆਂ ਨੂੰ ਡਰਾ-ਡਰਾ ਕੇ ਹੀ ਉਨ•ਾਂ ਦੀ ਕਮਾਈ ਲੁੱਟ ਰਹੇ ਹਨ। ਕੋਈ ਮਹਾਂਪੁਰਸ਼ ਇਹ ਉਪਦੇਸ਼ ਨਹੀਂ ਦਿੰਦਾ ਕਿ ਤੁਹਾਡਾ ਘਰ ਹੀ ਅਸਲੀ ਮੰਦਰ ਹੈ ਅਤੇ ਤੁਹਾਡੇ ਮਾਂ ਪਿਓ ਹੀ ਤੁਹਾਡੇ ਰੱਬ ਹਨ। ਸਭ ਧਰਮ ਹਿੰਦੂ, ਸਿੱਖ, ਮੁਸਲਮਾਨ, ਇਸਾਈ ਬਣਨ ਦੀ ਸਿੱਖਿਆ ਦਿੰਦੇ ਹਨ। ਇਨਸਾਨ ਬਣਨ ਦੀ ਸਿੱਖਿਆ ਕੋਈ ਧਰਮ ਨਹੀਂ ਦਿੰਦਾ। ਆਦਮੀ ਵੀ ਅੰਨ•ੀ ਹਵਸ ਵਿੱਚ ਹਰ ਜਾਇਜ ਨਜ਼ਾਇਜ ਢੰਗ ਨਾਲ ਪੈਸਾ ਇਕੱਠਾ ਕਰਨ ਲੱਗਾ ਹੋਇਆ ਹੈ। ਫਿਰ ਉਹ ਉਸ ਕਮਾਏ ਪੈਸੇ 'ਚੋਂ ਕੁਝ ਹਿੱਸਾ ਧਾਰਮਿਕ ਅਸਥਾਨਾ ਨੂੰ ਦਾਲ ਕਰ ਦਿੰਦਾ ਹੈ ਤਾਂ ਕਿ ਉਹ ਉਸ ਦੇ ਪਾਪ ਬਖਸ਼ੇ ਜਾ ਸਕਣ। ਮਾਪੇ ਆਪਣੇ ਬੱਚਿਆਂ ਨੂੰ ਪੈਸੇ ਕਮਾਉਣ ਵਾਲੀਆ ਮਸ਼ੀਨਾਂ ਬਣਾਉਣ 'ਚ ਜੁਟੇ ਹੋਏ ਹਨ। ਇਸੇ ਲਈ ਸਮਾਜ ਵਿੱਚ ਬੌਣੀਆਂ ਸਖਸ਼ੀਅਤਾਂ ਪੈਦਾ ਹੋ ਰਹੀਆਂ ਹਨ। ਲੋਕ ਗਮਲਿਆਂ ਵਿੱਚ ਬੋਹੜ ਦੇ ਬੂਟੇ ਲਗਾ ਕੇ ਛਾਂ ਦੀ ਆਸ ਕਰ ਰਹੇ ਹਨ। ਭੂਤਾਂ ਵਾਲੀ ਕਹਾੜੀ ਹੈ ਤਾਂ ਕਲਪਿਤ ਪਰ ਕਈ ਵਾਰ ਮੇਰਾ ਮਨ ਕਰਦਾ ਹੈ ਕਿ ਇਸ ਕਹਾਣੀ ਨੂੰ ਸੱਚ ਮੰਨ ਲਵਾਂ ਅਤੇ ਕਹਾ ਕਿ ਇਹ ਬੰਦੇ ਬੁੰਦੇ ਕੁਝ ਨਹੀਂ ਹੁੰਦੇ ਅਤੇ ਐਵੇਂ ਸਾਡੇ ਮਨ ਦਾ ਹੀ ਵਹਿਮ ਹੈ।

Sunday, October 18, 2009

ਗ਼ਜ਼ਲ

ਗ਼ਜ਼ਲ/ਅਮਰਜੀਤ ਢਿੱਲੋਂ

ਟਾਹਣੀ ਨਾਲੋਂ ਟੁੱਟਿਆ ਪੱਤਾ ਸੀ ਇਸ਼ਾਰਾ ਕਰ ਗਿਆ

ਬਹੁਤ ਭਟਕੇਗਾ ਉਹ ਜਿਹੜਾ ਛੱਡ ਆਪਣਾ ਘਰ ਗਿਆ।

ਫੇਰ ਹਲਚਲ ਹੋਈ ਮਨ ਦੇ ਪਾਣੀਆਂ ਵਿੱਚ ਚਾਣਚੱਕ

ਮੋਹ ਦਾ ਦੀਵਾ ਬਾਲ ਕੇ ਕੋਈ ਵਿਹੜੇ ਦੇ ਵਿੱਚ ਧਰ ਗਿਆ।

ਜ਼ਿੰਦਗੀ ਦੀ ਕਿਸ਼ਤੀ ਠਿਲਦੀ ਹੈ ਤੂਫਾਨਾਂ ਵਿੱਚ ਹੀ

ਉਹ ਨਾ ਪਹੁੰਚੇ ਪਾਰ ਜੋ ਉਲਟੀ ਹਵਾ ਤੋਂ ਡਰ ਗਿਆ।

ਰੀਝ ਮਨ ਦੀ ਓਦਰੀ ਨੇ ਕੀਤਾ ਸਿਮਰਨ ਓਸ ਦਾ

ਫਿਰ ਮੁਹੱਬਤ ਦਾ ਜਿਹਲਮ ਹੈ ਕੰਢਿਆਂ ਤੱਕ ਭਰ ਗਿਆ।

ਸਾਗਰਾਂ 'ਚੋਂ ਉੱਡ ਜੰਮਿਆਂ ਪਿਘਲਿਆ ਪੱਥਰਾਂ ਦੇ ਰਾਹ

ਤਾਂ ਕਿਤੇ ਪਾਣੀ ਦਰਿਆ ਦਾ ਦਰਜਾ ਹਾਸਲ ਕਰ ਗਿਆ।

ਗੁੰਮ ਗਏ ਸਿਰਨਾਵਿਆਂ ਦੀ ਜਦ ਕਦੇ ਵੀ ਆਈ ਯਾਦ

ਬਹਾਰ ਦੇ ਮੌਸਮ 'ਚ ਵੀ ਇਹ ਮਨ ਓਦਰ ਓਦਰ ਗਿਆ।

ਮਰਤਬਾ ਮਿਲਦਾ ਹਮੇਸ਼ ਆਪਣੀ ਹਸਤੀ ਮਿਟਾ ਕੇ ਹੀ

ਰੁੱਖ ਬਣਦਾ ਬੀਜ ਉਹ ਜੋ ਗਲ ਮਿੱਟੀ ਦੇ ਅੰਦਰ ਗਿਆ।

ਜ਼ਿੰਦਗੀ ਤੇ ਮੌਤ ਦਾ ਬੱਸ ਢਿੱਲੋਂ ਹੈ ਐਨਾ ਫਾਸਲਾ

ਹੱਸ ਰਿਹਾ ਸੀ ਹੁਣੇ ਕੋਈ ਤੇ ਹੁਣੇ ਹੀ ਮਰ ਗਿਆ।

ਕਾਵਿ ਵਿਅੰਗ

ਵਿਹਲੜ ਮਿਰਜ਼ੇ
ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ, ਲੱਗੀ ਮਛਲੀ 'ਤੇ ਦਿੱਸੇ ਝੱਗ ਅੜੀਏ।
ਰਹੀਂ ਬਚ ਕੇ ਹਵਸ ਦੇ ਭੁੱਖਿਆ ਤੋਂ, ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ।
ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ ਰੋਜ਼, ਰੁਲਦੀ ਇੱਥੇ ਸ਼ਰੀਫਾਂ ਦੀ ਪੱਗ ਅੜੀਏ।
ਰਾਣੀ ਝਾਂਸੀ ਬਣ ਸਿੱਖ ਸੰਘਰਸ਼ ਕਰਨਾ, ਵਿਹਲੜ ਮਿਰਜ਼ਿਆਂ ਪਿੱਛੇ ਨਾ ਲੱਗ ਅੜੀਏ।
ਅਮਰਜੀਤ ਢਿੱਲੋਂ

ਮਿਹਨਤਕਸ਼-ਓ-ਵਾਚ
ਆਬੇ-ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।
ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ, ਅਸੀਂ ਰਹਿੰਦੇ ਹਾਂ ਉਲੱਦ ਪਲੱਦ ਕਰਦੇ।
ਸਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ਼ ਮਹਿੰਗਾਈ ਨੇ ਵੱਧ ਕਰਦੇ।
ਅਸੀਂ ਹੁੰਦੇ ਜਾਈਏ ਦਿਨੋਂ-ਦਿਨ ਬੌਣੇ, ਲੋਟੂ ਜਾਣ ਮਿਹਨਤਾਂ ਦੇ ਕੱਦ ਕਰਦੇ।
ਅਮਰਜੀਤ ਢਿੱਲੋਂ
ਚੁੰਨੀ ਰੇਸ਼ਮੀ
ਚੁੰਨੀ ਰੇਸ਼ਮੀ 'ਚ ਸੱਤ ਧਾਰੀਆਂ ਸੀ ਹਾਏ!, ਸਾਨੂੰ ਪਹਿਨਣ ਨਾ ਦਿੰਦਿਆਂ ਕਬੀਲਦਾਰੀਆਂ ਨੀ ਮਾਏ।
ਲੂਣ, ਤੇਲ ਲੱਕੜਾਂ ਦਾ ਸੰਸਾ ਰਹੇ ਹਰ ਵੇਲੇ, ਸਾਡੀਆਂ ਤਾਂ ਇਹੀਓ ਖੁਦਮੁਖਤਿਆਰੀਆਂ ਨੀ ਮਾਏ
ਰਾਜਨੇਤਾ, ਅਫਸਰਾਂ, ਪੁਰੋਹਿਤਾਂ ਸਾਨੂੰ ਲੁੱਟਿਆ ਏ, ਰਹਿੰਦਾ ਸਾਡਾ ਖੂਨ ਚੂਸਿਆ ਵਾਪਰੀਆਂ ਨੀ ਮਾਏ।
ਪਿੰਡ ਵਿੱਚ ਭਾਵੇਂ ਸਾਡੇ ਗੱਡੇ, ਭੇਡੇ ਚੱਲਦੇ ਨੇ, ਬੱਸਾਂ ਵਾਲੇ ਸਾਨੂੰ ਆਖਦੇ ਸਵਾਰੀਆਂ ਨੀ ਮਾਏ।
ਅਮਰਜੀਤ ਢਿੱਲੋਂ
ਹੁਸਨ ਦਾ ਸੌਦਾ
ਨਕਸ਼ਾਂ ਦੀ ਨਹੀਂ ਇਤਫਾਕੀਆ ਸੁਡੌਲਤਾ ਇਹ, ਹੁਸਨ ਤਾਂ ਸੰਗ੍ਰਹਿ ਹੈ ਆਦਤਾਂ ਪਿਆਰੀਆਂ ਦਾ।
ਗੋਰੇ ਚਿਹਰੇ, ਸੋਹਣੇ ਲੀੜੇ ਪਾ ਕੇ ਵਰਗਲਾਉਣ ਏਦਾਂ, ਹੁੰਦਾ ਹੈ ਹੁਸਨ ਜਿਵੇਂ ਸੌਦਾ ਵਿਉਪਾਰੀਆਂ ਦਾ।
ਸੋਹਣੇ ਬਣ ਦਿੱਸਣਾ ਤੇ ਰਹਿਣਾ ਸਜ ਫਬ ਕੇ ਇਹ, ਮੁੱਖ ਤੋਂ ਹੀ ਸ਼ੌਕ ਇੱਥੇ ਸਾਰੇ ਨਰ ਨਾਰੀਆਂ ਦਾ।
ਸੱਚੇ ਸੁੱਚੇ ਇਸ਼ਕਾਂ ਦੇ ਲੰਘ ਗਏ ਨੇ ਦੌਰ ਯਾਰੋ, ਮੰਗਦੇ ਨੇ ਮੁੱਲ ਹੁਣ ਰਾਂਝੇ ਮੱਝਾਂ ਚਾਰੀਆਂ ਦਾ।
ਅਮਰਜੀਤ ਢਿੱਲੋਂ

ਭਲੇ ਮਾਣਸਾਂ ਦਾ ਦਸਤੂਰ

ਅਮਰਜੀਤ ਢਿੱਲੋਂ
“ਕੀਤਾ ਕਿਸੇ ਦਾ ਮਨੋਂ ਭੁਲਾ ਦੇਣਾ ਭਲੇ ਮਾਨਸਾਂ ਦਾ ਦਸਤੂਰ ਹੈ ਨਹੀਂ” ਇਹ ਸ਼ਬਦ ਕਈ ਸਾਲ ਪਹਿਲਾਂ ਪੰਜਾਬੀ ਕਲਾਕਾਰ ਤੇ ਗਾਇਕ ਹਰਭਜਨ ਮਾਨ ਨੇ ਇੱਕ ਮੁਲਾਕਾਤ ਸਮੇਂ ਕਹੇ ਸਨ। ਉਨ•ਾਂ ਕਿਹਾ ਸੀ ਕਿ ਸ਼ੋ੍ਰਮਣੀ ਕਵੀਸ਼ਰ ਬਾਬੂ ਕਰਨੈਲ ਸਿੰਘ ਪਾਰਸ ਨੇ ਉਨ•ਾਂ ਨੂੰ ਹਮੇਸ਼ਾ ਇਹ ਲਾਇਨ ਯਾਦ ਰੱਖਣ ਲਈ ਕਿਹਾ ਸੀ। ਇਹ ਜ਼ਿੰਦਗੀ ਬਿਲਾਸ ਦੇ ਵਿੱਚੋਂ ਹਨ। ਪਾਰਸ ਨੇ ਹੀ ਉਨ•ਾਂ ਨੂੰ ਕਿਹਾ ਸੀ ਕਿ ਉਹ ਮਹੀਨੇ ਦੇ 26 ਦਿਨ ਆਪਣੀ ਕਮਾਈ ਕਰੇ। ਪਰ ਚਾਰ ਦਿਨ ਮੁਫਤ ਲੋਕਾਂ ਦੇ ਲਈ ਰਾਖਵੇਂ ਜ਼ਰੂਰ ਰੱਖੇ। ਇਹ ਦੋਵੇਂ ਗੱਲਾਂ ਹੀ ਬਹੁਤ ਪ੍ਰਭਾਵਤ ਕਰਦੀਆਂ ਹਨ। ਇੱਕ ਕਿਸੇ ਦਾ ਅਹਿਸਾਨ ਨਾ ਭੁੱਲਣਾ ਅਤੇ ਦੂਜਾ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਲੋਕਾਈ ਦੇ ਹਿੱਸੇ ਲਾਉਂਣਾ। ਕੋਈ ਵੀ ਆਦਮੀ ਸੈਲਫ ਮੇਡ ਨਹੀਂ ਹੁੰਦਾ ਜਿਵੇਂ ਕਿ ਕੁਝ ਲੋਕ ਭੁਲੇਖੇ ਸਿਰਜ ਲੈਂਦੇ ਹਨ, ਹਰ ਮਨੁੱਖ ਕੁਦਰਤ ਆਪਣੇ ਆਲੇ-ਦੁਆਲੇ, ਵਾਤਾਵਰਣ, ਮਾਂ-ਪਿਓ, ਅਧਿਆਪਕ ਅਤੇ ਸਾਥੀਆਂ ਤੋਂ ਕੁਝ ਨਾ ਕੁਝ ਜ਼ਰੂਰ ਲੈਂਦਾ ਹੈ। ਅਸੀਂ ਤਾਂ ਛਾਂ ਮਾਣ ਕੇ ਹੀ ਉਨ•ਾਂ ਰੁੱਖਾਂ ਨੂੰ ਭੁੱਲ ਜਾਂਦੇ ਹਾਂ। ਬਕੌਲ ਸ਼ਾਇਰ ਕੁਹਾਰਵਾਲਾ “ਜਦ ਉਹ ਲੰਮੀ ਵਾਟ ਦੁਪਹਿਰਾ ਯਾਦ ਕਰਾਂਗੇ, ਮਨ ਹੀ ਮਨ ਕੁਝ ਬਿਰਖਾ ਦਾ ਧੰਨਵਾਦ ਕਰਾਂਗੇ” ਸਾਨੂੰ ਬਚਪਨ 'ਚ ਕਹਾਣੀਆਂ ਸੁਣਾਉਣ ਵਾਲੀਆਂ ਦਾਦੀਆਂ ਮਾਂਵਾਂ ਅਜਿਹੇ ਹੀ ਬਿਰਖ ਹੁੰਦੀਆਂ ਹਨ। ਮੇਰਾ ਦਾਗਿਸਤਾਨ ਦਾ ਲੇਖਕ ਰਸੂਲ ਹਮਜ਼ਾਤੋਵ ਇੱਕ ਅਜਿਹੇ ਆਦਮੀ ਦੀ ਕਹਾਣੀ ਦੱਸਦਾ ਹੈ ਕਿ ਉਹ ਵਿਦੇਸ਼ ਵਿੱਚ ਜਾ ਕੇ ਆਪਣੀ ਮਾਤ ਭਾਸ਼ਾ ਭੁੱਲ ਜਾਂਦਾ ਹੈ, ਪਰ ਪਤਾ ਲੱਗਣ 'ਤੇ ਉਸ ਦੀ ਬੁੱਢੀ ਮਾਂ ਕਹਿੰਦੀ ਹੈ, ਤੈਨੂੰ ਭੁਲੇਖਾ ਲੱਗਾ ਹੈ ਰਸੂਲ ਉਹ ਮੇਰਾ ਪੁੱਤ ਨਹੀਂ ਹੋ ਸਕਦਾ, ਜੋ ਮੇਰੀ ਸਿਖਾਈ ਭਾਸ਼ਾ ਭੁੱਲ ਗਿਆ। ਗੁਰਬਖਸ਼ ਸਿੰਘ ਪ੍ਰੀਤਲੜੀ ਕਹਿੰਦੇ ਰਹੇ, ਪਿਆਰ ਕਬਜ਼ਾ ਨਹੀਂ ਪਹਿਚਾਣ ਹੈ। ਅਲੋਚਕ ਅਲੋਚਨਾ ਕਰਦੇ ਰਹੇ। ਕਿਉਂਕਿ ਉਨ•ਾਂ ਦੀ ਮਾਨਸਿਕਤਾ ਉਨ•ੀ ਉੱਚੀ ਨਹੀਂ ਸੀ ਜਿਨੀ ਸ. ਪ੍ਰੀਤਲੜੀ ਦੀ। ਇਸੇ ਤਰ•ਾਂ ਖਲੀਲ ਜ਼ਿਬਰਾਨ ਕਹਿੰਦਾ ਹੈ, ਉਹ ਪ੍ਰੇਮ, ਪ੍ਰੇਮ ਨਹੀਂ ਜਿਹੜਾ ਪ੍ਰੇਮੀ ਨੂੰ ਆਪਣਾ ਦਾਸ ਬਣਾ ਲੈਂਦਾ ਹੈ, ਅਤੇ ਫਿਰ ਹੱਡ ਮਾਸ 'ਤੇ ਪਲਦਾ ਹੈ। ਬ੍ਰਹਿਮਚਾਰੀ ਉਹ ਹੁੰਦੇ ਹਨ ਜਿਨ•ਾਂ ਦੇ ਦਿਮਾਗ ਪਵਿੱਤਰ ਹੁੰਦੇ ਹਨ, ਨਾਕਿ ਭੇਖ ਧਾਰੀ। ਗਿਆਨ ਖੁਦ ਆਪਣੀ ਢਾਲ ਹੈ ਅਤੇ ਪ੍ਰੇਮ ਉਸ ਦੀ ਸ਼ਕਤੀਸ਼ਾਲੀ ਬਾਂਹ। ਪਿਆਰ ਨਾ ਕਬਜ਼ਾ ਕਰਦਾ ਹੈ ਅਤੇ ਨਾ ਹੀ ਕਿਸੇ ਦੇ ਕਬਜ਼ੇ ਹੇਠ ਆਉਂਦਾ ਹੈ, ਕਿਉਂਕਿ ਪਿਆਰ ਨੂੰ ਪਿਆਰ ਦਾ ਰਜੇਵਾਂ ਹੀ ਕਾਫੀ ਹੁੰਦਾ ਹੈ। ਪਿਆਰ ਚੁੱਪ, ਸ਼ਾਂਤ ਅਤੇ ਕੂਲਾ ਜਿਹਾ ਅਹਿਸਾਸ ਹੈ। ਆਦਮੀ ਨੂੰ ਸਭ ਤੋਂ ਪਹਿਲਾਂ ਰੋਟੀ ਚਾਹੀਦੀ ਹੈ ਉਸ ਤੋਂ ਬਾਅਦ ਪਿਆਰ, ਫਲਸਫਾ ਅਤੇ ਗਿਆਨ । ਪਰ ਅੱਜ ਕੱਲ• ਪਿਆਰ ਫਲਸਫੇ ਅਤੇ ਗਿਆਨ ਤੋਂ ਬਿਨਾਂ ਹੀ ਲੋਕ ਰੋਟੀਆਂ ਦੇ ਢੇਰ ਜਮ•ਾਂ ਕਰਨ ਵਾਲੀਆਂ ਮਸ਼ੀਨਾਂ ਬਣੇ ਹੋਏ ਹਨ। ਉਹ ਕਹਿੰਦੇ ਹਨ ਕਿ ਪਿਆਰ ਦਾ ਮੋਹਿਕ ਪਰਦਾ ਜੀਵਨ ਦੇ ਯਥਾਰਥ ਨੂੰ ਲੁਕਾ ਲੈਂਦਾ ਹੈ। ਜੀਵਨ ਦੀ ਭੌਤਿਕ ਸਮੱਰਥਾ ਅਤੇ ਸਫਲਤਾ ਦੀ ਤੱਕੜੀ 'ਚ ਇਸ ਦਾ ਵਜ਼ਨ ਕੁਝ ਵੀ ਨਹੀਂ। ਪਿਆਰ ਮਨ ਦੀ ਉਹ ਅਵਸਥਾ ਹੈ ਜਿੱਥੇ ਮਨੁੱਖ ਦੁਨੀਆਂਦਾਰੀ ਨੂੰ ਭੁੱਲ ਜਾਂਦਾ ਹੈ। ਇਹ ਵੀ ਕਹਿੰਦੇ ਹਨ ਕਿ ਪਿਆਰ ਕੇਵਲ ਜੀਵਨ ਦਾ ਪੂਰਕ ਹੈ। ਤਜ਼ਰਬਾ ਆਪ ਹੀ ਰਾਹ ਦਿਖਾ ਦਿੰਦਾ ਹੈ। ਸ੍ਰੀਮਦ ਭਗਵਤ ਗੀਤਾ 'ਚ ਕ੍ਰਿਸ਼ਨ ਨੇ ਅਰਜਨ ਨੂੰ ਇਹ ਵੀ ਕਿਹਾ ਸੀ ਖੁਦਕੁਸ਼ੀ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਤੂੰ ਆਪਣੇ ਮੂੰਹੋ ਆਪਣੀ ਹੀ ਪ੍ਰਸ਼ੰਸ਼ਾ ਕਰੀ ਚੱਲ। ਆਪਣੇ ਮੂੰਹੋਂ ਬਣੇ ਮੀਆਂ ਮਿੱਠੂ ਅਸਲ ਵਿੱਚ ਖੁਦਕੁਸ਼ੀ ਕਰ ਰਹੇ ਹੁੰਦੇ ਹਨ।

ਇੱਕ ਬੰਦੇ 'ਚ ਹੁੰਦੇ ਨੇ . . .

ਅਮਰਜੀਤ ਢਿੱਲੋਂ
ਜਿਸ ਨੂੰ ਵੀ ਦੇਖਨਾ, ਉਹਨੂੰ ਕਈ ਵਾਰ ਦੇਖਨਾ, ਇੱਕ ਆਦਮੀ 'ਚ ਹੁੰਦੇ ਨੇ ਦਸ ਵੀਹ ਆਦਮੀ'। ਇਹ ਤਾਂ ਇੱਕ ਸ਼ਾਇਰ ਦਾ ਖਿਆਲ ਹੈ ਪਰ ਹਰ ਇੱਕ ਬੰਦੇ 'ਚ ਸਿਰਫ ਦਸ ਵੀਹ ਬੰਦੇ ਹੀ ਨਹੀਂ ਹੁੰਦੇ ਸਗੋਂ ਸੈਂਕੜੇ ਹੋਰ ਜਾਨਵਰ ਵੀ ਹੁੰਦੇ ਹਨ। ਪ੍ਰਸਿੱਧ ਵਿਗਿਆਨੀ ਆਈਨਸਟਾਈਨ ਨੇ ਮਨੋਵਿਗਿਆਨੀ ਡਾ. ਫਰਾਇਡ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਆਦਮੀ ਹਮੇਸ਼ਾਂ ਹਮਲਾਵਰ ਰੁੱਖ ਹੀ ਕਿਉਂ ਅਖਤਿਆਰ ਕਰਦਾ ਹੈ। ਇਸ ਦੇ ਜਵਾਬ 'ਚ ਡਾ. ਫਰਾਇਡ ਨੇ ਕਿਹਾ ਕਿ ਜਿਸ ਜਾਨਵਰ ਤੋਂ ਇਹ (ਆਦਮੀ) ਇਹ ਵਿਕਸਤ ਹੋ ਕੇ ਬਣਿਆ ਹੈ ਉਹ ਬਹੁਤ ਹੀ ਖੂੰਖਾਰ ਸੀ। ਉਸ ਜਾਨਵਰ ਵਾਲੀਆਂ ਰੁਚੀਆਂ ਆਦਮੀ 'ਚ ਅਜੇ ਤੱਕ ਕਾਇਮ ਹਨ। ਇਸ ਲਈ ਇਹ ਹਰ ਵਕਤ ਇਹ ਹੀ ਸੋਚਦਾ ਹੈ ਕਿ ਮੈਂ ਕਿਸੇ ਨੂੰ ਅੱਗੇ ਨਾ ਵੱਧਣ ਦਿਆਂ। ਕਤਲੋ ਗਾਰਦ ਅਗਜ਼ਨੀ ਸੱਭ ਉਸੇ ਸੁਭਾਅ ਦਾ ਹੀ ਹਿੱਸਾ ਹਨ। ਜਾਤਪਾਤ, ਧਰਮ, ਨਸਲ ਆਦਿ ਦੇ ਝਗੜਿਆਂ ਨੇ ਇਸ ਦੀ ਇਸ ਰੁਚੀ ਨੂੰ ਹੋਰ ਵਿਸਥਾਰ ਦੇ ਦਿੱਤਾ ਹੈ। 'ਗੁਰਬਾਣੀ ਅਨੁਸਾਰ ਕਈ ਜਨਮ ਭਏ ਕੀਟ ਪਤੰਗਾ'
ਡਾਰਵਿਨ ਨੇ ਆਪਣੀ ਖੋਜ ਰਾਹੀਂ ਇਹ ਸਾਬਤ ਕੀਤਾ ਕਿ ਮਨੁੱਖ ਕੀਟ ਪਤੰਗਿਆਂ ਤੋਂ ਯਾਤਰਾ ਕਰਦਾ ਕਰਦਾ ਹੀ ਮਨੁੱਖ ਤੱਕ ਪਹੁੰਚਿਆ ਹੈ।ਪਰ ਕੀ ਉਹ ਸਚਮੁੱਚ ਮਨੁੱਖ ਬਣ ਗਿਆ ਹੈ? ਇਸ ਦਾ ਜਵਾਬ ਹੈ ਹਰਗਿਜ਼ ਨਹੀਂ। ਜੇ ਉਹ ਮਨੁੱਖ ਬਣ ਗਿਆ ਹੁੰਦਾ ਤਾਂ ਸਾਡੇ ਉਪਦੇਸ਼ਕਾਂ ਨੂੰ ਐਡੇ ਵੱਡੇ-ਵੱਡੇ ਗੰ੍ਰਥ ਨਾ ਲਿਖਣੇ ਪੈਂਦੇ। ਉਪਦੇਸ਼ਕ ਕਹਿੰਦੇ ਹਨ 'ਰਹਿ ਬਣਕੇ ਬੰਦਿਆ ਬੰਦਾ ਤੂੰ'। ਇਹ ਦਾ ਭਾਵ ਉਹ ਬੰਦਾ ਬਣ ਕੇ ਨਹੀਂ ਕੁਝ ਹੋਰ ਬਣ ਕੇ ਵਿਚਰ ਰਿਹਾ ਹੈ। ਕਿਸੇ ਨੇ ਕਦੇ ਕਿਸੇ ਕੁੱਤੇ ਨੂੰ ਨਹੀਂ ਕਿਹਾ ਕਿ 'ਤੂੰ ਕੁੱਤਾ ਬਣ' ਬੱਸ ਬੰਦੇ ਨੂੰ ਹੀ ਕਿਹਾ ਜਾਂਦੈ ਕਿ ਬੰਦਾ ਬਣ, ਕੁੱਤਾ ਨਾ ਬਣ। ਬੱਸ ਇਸ ਤਰ•ਾਂ ਕਹਿ ਕੇ ਵਿਚਾਰੇ ਕੁੱਤੇ ਦੀ ਬੇਇਜ਼ਤੀ ਕੀਤੀ ਜਾਂਦੀ ਹੈ। ਕਿਉਂਕਿ ਕੁੱਤਾ ਸਭ ਤੋਂ ਵੱਧ ਵਫਾਦਾਰ ਜਾਨਵਰ ਹੈ ਅਤੇ ਬੰਦਾ ਕਦੇ ਵਫਾਦਾਰ ਹੋ ਹੀ ਨਹੀਂ ਸਕਦਾ। ਜੇ ਬੰਦਾ ਵਫਾਦਾਰ ਹੁੰਦਾ ਤਾਂ ਕਿਸੇ ਸ਼ਾਇਰ ਨੂੰ ਇਹ ਲਿਖਣ ਦੀ ਜ਼ਰੂਰਤ ਨਾ ਪੈਂਦੀ 'ਕੋਈ ਲਾਖੋਂ ਮੇਂ ਏਕ ਵਫਾਦਾਰ ਨਿਕਲ ਆਤਾ ਹੈ, ਹਰ ਕਿਸੀ ਮੇਂ ਵਫਾ ਹੋ ਯੇਹ ਜ਼ਰੂਰੀ ਤੋਂ ਨਹੀਂ' ਜਾਂ 'ਕੁਛ ਤੋਂ ਮਜ਼ਬੂਰੀਆਂ ਰਹੀ ਹੋਂਗੀ ਯੂੰ ਕੋਈ ਬੇਵਫਾ ਨਹੀਂ ਹੋਤਾ। ਇਹ ਮਜ਼ਬੂਰੀ ਸਿਰਫ ਆਦਮੀ ਦੀ ਹੈ। ਕੁੱਤੇ ਜਾਂ ਪਾਲਤੂ ਜਾਨਵਰ ਨੂੰ ਬੇ-ਵਫਾਈ ਕਰਨ ਲਈ ਕਿਸੇ ਮਜ਼ਬੂਰੀ ਦਾ ਬਹਾਨਾ ਨਹੀਂ ਕਰਨਾ ਪੈਂਦਾ।
ਪਿਛੇ ਜਿਹੇ ਇੱਕ ਸਾਹਿਤਕ ਸਮਾਗਮ 'ਚ ਕਵਿਤਾ ਸੁਣੀ ਸੀ। ਕਵਿਤਾ ਦਾ ਭਾਵ ਅਰਥ ਕੁਝ ਇਸ ਤਰ•ਾਂ ਸੀ ਕਿ ਵੈਸੇ ਤਾਂ ਮੈਂ (ਬੰਦਾ) ਸ਼ੇਰ ਵਾਂਗ ਦਹਾੜਦਾ ਹਾਂ। ਪਰ ਦਫਤਰ 'ਚ ਬੌਸ ਸਾਹਮਣੇ ਚੱਡਿਆਂ 'ਚ ਪੂਛ ਲੈ ਕੇ ਕੁੱਤਾ ਬਣ ਜਾਂਦਾ ਹਾਂ। ਫਿਰ ਖਰਗੋਸ਼ ਵਾਂਗ ਉਸ ਦੇ ਪੈਰਾਂ 'ਚ ਲਿਟ ਜਾਂਦਾ ਹਾਂ ਹਰ ਸਮੇਂ ਬਾਂਦਰ ਟਪੂਸੀਆਂ ਮਾਰਦਾ ਹਾਂ, ਲੂੰਬੜ ਚਾਲਾਂ ਚੱਲਦਾ ਹਾਂ, ਲੋਕਾਂ ਨੂੰ ਉਲੂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਪਰ ਸਵੇਰੇ ਧਾਰਮਿਕ ਸਥਾਨ ਤੇ ਜਾ ਕੇ ਬਗਲਾ ਭਗਤ ਬਣ ਜਾਂਦਾ ਹਾਂ। ਇਸੇ ਤਰ•ਾਂ ਆਦਮੀ 'ਚ ਸਾਰੇ ਦੇ ਸਾਰੇ ਜਾਨਵਰ ਮੌਜ਼ੂਦ ਹਨ। ਪਤਾ ਨਹੀਂ ਕਿਹੜੇ ਵੇਲੇ ਕਿਹੜਾ ਜਾਗ ਪਵੇ। ਬਕੌਲ ਸ਼ਾਇਰ “ਹਰ ਬੰਦੇ ਦੇ ਅੰਦਰ ਇੱਕ ਦਰਿੰਦਾ ਵਸਦਾ ਹੈ, ਜਾਗ ਪਵੇ ਮਜ਼ਹਬ, ਗੋਤਾਂ, ਜ਼ਾਤਾਂ ਤੇ ਨਾਵਾਂ ਨਾਲ।” ਆਪਣੇ ਅੰਦਰਲੇ ਇਨ•ਾਂ ਦਰਿੰਦਿਆਂ ਨੂੰ ਦਬਾ ਕੇ ਰੱਖਣਾ ਹੀ ਇਨਸਾਨੀਅਤ ਹੈ। ਸਿਰਫ ਮਾਸੂਮ ਬੱਚਿਆਂ 'ਚ ਹੀ ਦਰਿੰਦਗੀ ਨਹੀਂ ਹੁੰਦੀ। ਇਸ ਲਈ ਆਪਣੇ ਮਨ 'ਚ ਮਾਸੂਮ ਬੱਚਾ ਹਮੇਸ਼ਾ ਕਾਇਮ ਰੱਖਆ ਜਾਵੇ। ਨਹੀਂ ਤਾਂ ਸ਼ਾਇਰ ਹਮੇਸ਼ਾ ਇਹ ਕਹਿੰਦਾ ਰਹੇਗਾ “ਮੇਰੇ ਦਿਲ ਦੇ ਕਿਸੇ ਕੋਨੇ 'ਚ ਇੱਕ ਮਾਸੂਮ ਜਿਹਾ ਬੱਚਾ, ਵੱਡਿਆਂ ਦੀ ਦੇਖ ਕੇ ਦੁਨੀਆਂ, ਵੱਡਾ ਹੋਣ ਤੋਂ ਡਰਦਾ ਹੈ।”