ਜਦ ਵੀ ਇਸ਼ਕ ਝਨਾਂ ਦਾ ਪੱਤਨ ਲੰਘਦੇ ਹਾਂ
ਹੁਸਨ ਦੀਆਂ ਸੱਤੇ ਹੀ ਖੈਰਾਂ ਮੰਗਦੇ ਹਾਂ
ਰੰਗ ਜਦੋਂ ਦੇ ਲੋਕਾਂ ਨੇ ਕੀਤੇ ਬਦਨਾਮ
ਤੇਰੇ ਤਨ ਵਰਗੀ ਆਪਣੀ ਪੱਗ ਰੰਗਦੇ ਹਾਂ।
ਘਰ ਤੋਂ ਬਾਹਰ ਘਰ ਦੀ ਯਾਦ ਸਤਾਉਂਦੀ ਹੈ,
ਘਰ ਪਰਤਣ 'ਤੇ ਅੰਦਰ ਜਾਣੋਂ ਸੰਗਦੇ ਹਾਂ।
ਸਾਨੂੰ ਪਤਾ ਨਹੀਂ ਕਿਹੜੀ ਕੌਮ ਅਸਾਡੀ ਹੈ,
ਅਸੀਂ ਤਾਂ ਬੰਦਿਆਂ ਵਾਂਗੂ ਜੀਣਾ ਮੰਗਦੇ ਹਾਂ।
ਜ਼ਹਿਰ ਖੋਰ ਜ਼ਜ਼ਬਾਤ ਨੇ ਦਿਲ ਵਿੱਚ ਪਾਲ ਲਏ
ਖੁਦ ਸੱਪ ਬਣਕੇ ਆਪਣੀ ਹਸਤੀ ਡੰਗਦੇ ਹਾਂ।
ਸਰਫੇ-ਖੋਰੀ ਇੱਕ ਮਜ਼ਾਜਣ ਜਿੰਦ ਕੋਲੋਂ
ਲੱਪ ਕੁ ਹਾਸੇ ਜੀਣ ਲਈ ਬੱਸ ਮੰਗਦੇ ਹਾਂ।
ਬੇਹੀ ਸਬਜ਼ੀ ਵਰਗੇ ਰਿਸ਼ਤੇ ਹੋ ਚੱਲੇ,
ਟੁੱਟੇ ਟੁਕੜੇ ਜਿਉਂ ਵਿਧਵਾ ਦੀ ਵੰਗ ਦੇ ਹਾਂ।
ਮੁੱਢ ਤੋਂ ਹੁਸਨਾਂ ਨਾਲ ਹੈ ਰਿਹਾ ਸਹੇਲਪੁਣਾ
ਦੋਸਤ ਭਾਵੇਂ ਢਿੱਲੋਂ ਵਰਗੇ ਨੰਗ ਦੇ ਹਾਂ।
2
ਕਿੰਨੀ ਉਦਾਸ ਹੋ ਗਈ ਆਪਣੀ ਸੁਰਮਈ ਸ਼ਾਮ ਲਿਖ
ਤਨਹਾਈ ਵਿੱਚ ਗ਼ਮਾਂ ਦਾ ਕਿੰਨਾਂ ਹੈ ਲਸ਼ਕਰ ਲਾਮ ਲਿਖ।
ਕੇਹੀ ਚੰਦਰੀ 'ਵਾ ਹੈ ਸਾਰੇ ਚਮਨ ਵਿੱਚ ਵਗ ਗਈ,
ਕਿੰਜ ਮਸੀਤਾਂ ਉਜੜੀਆਂ ਦੇ ਗਾਲ•ੜ ਬਣੇ ਅਮਾਮ ਲਿਖ।
ਕੀ ਅਜੇ ਵੀ ਉਸ ਦੇ ਲਬਾ 'ਤੇ ਹੈ ਆਉਂਦਾ ਮੇਰਾ ਨਾਮ,
ਕੀ ਜ਼ਿਕਰ ਮੇਰਾ ਉਹਨੂੰ ਕਰਦਾ ਹੈ ਬੇ-ਅਰਾਮ ਲਿਖ।
ਪਹਿਲਾਂ ਜਿਹੀ ਰੌਣਕ ਨਹੀਂ ਹੁਣ ਮੈਅਕਦੇ ਦੇ ਦੁਆਰ 'ਤੇ
ਮੈਅਕਸ਼ਾਂ ਦੇ ਕੋਲ ਨੇ ਤਿੜਕੇ, ਉਦਾਸ ਜਾਮ ਲਿਖ।
ਸੁਣਿਐਂ ਕਿ ਹੁਣ ਤਾਂ ਹਰ ਘਰੇ ਹਰ ਜੀਅ ਸਿਆਸਤ ਖੇਡਦੈ,
ਕਿੰਨੇ ਕੁ ਚੁਸਤ ਹੋ ਗਏ ਪਿੰਡਾਂ ਦੇ ਹੁਣ ਅਵਾਮ ਲਿਖ।
ਬਣ ਗਏ ਨੇ ਸੁਰਖੀਆਂ ਸਭ ਧੜਕਦੇ ਦਿਲਾਂ ਦੀਆਂ
ਜਿੰਨੇ ਵੀ ਭੇਜੇ ਗੀਤ ਸਨ ਯਾਰਾ ਮੈਂ ਤੇਰੇ ਨਾਮ ਲਿਖ।
ਜਿਸਦੀ ਛਾਵੇਂ ਬੈਠ ਕੇ ਪਾਈ ਸੀ ਬਾਤ ਪਿਆਰ ਦੀ,
ਢਿੱਲੋਂ ਉਸ ਗੁਲਮੋਹਰ ਨੂੰ ਅੱਜ ਫਿਰ ਤੋਂ ਮੇਰਾ ਸਲਾਮ ਲਿਖ।
3
ਗੁੰਡਿਆਂ ਦੀ ਸਲਤਨ ਵਿੱਚੋਂ ਨਿਆਂ ਲੱਭਦਾ ਰਿਹਾ,
ਕਿੰਨਾ ਭੋਲਾ ਆਦਮੀ ਸੂਲਾਂ ਦੀ ਛਾਂ ਲੱਭਦਾ ਰਿਹਾ।
ਵਰਗਲਾਈ ਆਪਣੇ ਅਹਿਸਾਸ ਹੀ ਫਿਰਦੇ ਰਹੇ,
ਮੂਰਿਆਂ ਦੀ ਪਰੇ• ਵਿੱਚ ਮੈਂ ਮਹਿਫਲਾਂ ਲੱਭਦਾ ਰਿਹਾ।
ਜ਼ਿੰਦਗੀ ਵਿੱਚ ਜਿੰਨੇ ਵੀ ਹਿੰਦਸੇ ਮਿਲੇ ਮਨਫੀ ਮਿਲੇ,
ਉਮਰ ਭਰ ਪਰ ਮੈਂ ਕੋਈ ਹਿੰਦਸਾ ਜਮ•ਾਂ ਲੱਭਦਾ ਰਿਹਾ।
ਕਿਸ ਤਰ•ਾਂ ਦੇ ਤੌਰ ਬਦਲੇ ਨੇ ਅਚਾਨਕ ਵਕਤ ਨੇ,
ਡੌਰ ਭੌਰਾ ਹੋਇਆ ਮੈਂ ਆਪਣਾ ਗਿਰਾਂ ਲੱਭਦਾ ਰਿਹਾ।
ਰੱਬ ਮੇਰੇ ਕੋਲੋ ਆ ਕੇ ਹੌਲੇ ਦੇਣੇ ਬੋਲਿਆ,
“ਕਿੱਥੇ ਸੈਂ ਤੂੰ ਬੰਦਿਆ? ਮੈਂ ਥਾਂ ਕੁ ਥਾਂ ਲੱਭਦਾ ਰਿਹਾ।
ਜੋ ਮਿਲੇ ਡਾਕੂ ਮਿਲੇ ਸਭ ਰਹਿਬਰਾਂ ਦੇ ਭੇਸ ਵਿੱਚ,
ਆਸ ਨਾ ਛੱਡੀ ਮੈਂ ਫਿਰ ਵੀ ਰਹਿਨੁਮਾ ਲੱਭਦਾ ਰਿਹਾ।
ਚਿਹਰਿਆਂ ਦੀ ਭੀੜ ਵਿੱਚ ਲੱਭਦਾ ਰਿਹਾ ਚਿਹਰਾ ਤੇਰਾ,
ਢਿੱਲੋਂ ਵਰਤਮਾਨ 'ਚੋਂ ਲੰਘਿਆ ਸਮਾਂ ਲੱਭਦਾ ਰਿਹਾ।