Tuesday, December 8, 2009

ਤੀਰਥ ਇਸ਼ਨਾਨ

ਕਹਾਣੀ
ਅਮਰਜੀਤ ਢਿੱਲੋਂ
ਜ਼ੈਲਦਾਰ ਪਾਖਰ ਸਿਹੁੰ ਤਲਾਅ ਦੇ ਕੰਢੇ ਨਗਨ ਅਵਸਥਾ ਵਿੱਚ ਖੜ•ਾ ਸੀ। ਇੱਕ ਮੈਲੀ ਜਿਹੀ ਚਾਦਰ ਉਸ ਦੇ ਲੱਕ ਦੁਆਲੇ ਲਪੇਟੀ ਹੋਈ ਸੀ। ਕਿਉਂ ਨਾ ਤਲਾਅ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਵਾਂ? ਉਹ ਬਾਰ-ਬਾਰ ਸੋਚਦਾ। ਇਹੋ ਜਿਹੀ ਸ਼ਰਮਨਾਕ ਘਟਨਾ ਤੋਂ ਬਾਅਦ ਹੁਣ ਜਿਉਣ ਲਈ ਰਹਿ ਵੀ ਕੀ ਗਿਆ ਸੀ। ਪਰ ਧੀਆਂ ਪੁੱਤਾਂ ਤੇ ਪੋਤਰੀਆਂ ਪੋਤਰਿਆਂ ਦਾ ਖਿਆਲ ਆਉਂਦਿਆਂ ਹੀ ਉਹ ਦੇ ਕਦਮ ਰੁਕ ਜਾਂਦੇ। ਲੱਖਾਂ ਦੀ ਇਸ ਭੀੜ 'ਚ ਉਹ ਬਿਲਕੁਲ ਇਕੱਲਾ ਸੀ। ਅਚਾਨਕ ਕੁਝ ਜਾਣੇ ਪਹਿਚਾਣੇ ਬੋਲ ਉਸ ਦੇ ਕੰਨੀ ਪਏ। ਉਹ ਆ ਰਹੇ ਪਿੰਡ ਦੇ ਲੋਕਾਂ ਵੱਲ ਡੌਰ-ਭੌਰ ਹੋਇਆ ਝਾਕੀ ਗਿਆ। ਪਿੰਡ ਦੇ ਲੋਕ ਉਸ ਨੂੰ ਧਰਮਸ਼ਾਲਾ 'ਚ ਲੈ ਗਏ। ਮੈਨੂੰ ਕਿਸੇ ਕੁਝ ਸੁੰਘਾ ਦਿੱਤਾ ਸੀ ਬਾਈ ਮੇਰਾ ਮੋਬਾਇਲ, ਸੋਨੇ ਦੀ ਚੈਨੀ, 20 ਹਜ਼ਾਰ ਰੁਪਏ ਅਤੇ ਕੱਪੜੇ ਸਭ ਲੁਟੇਰੇ ਲੈ ਗਏ। ਪਾਖਰ ਸਿਹੁੰ ਮਸਾਂ ਹੀ ਐਨਾ ਕਹਿ ਸਕਿਆ। ਪਿੰਡ ਵਾਲਿਆਂ ਨੇ ਉਸ ਨੂੰ ਕੱਪੜੇ ਪਾਉਣ ਲਈ ਦਿੱਤੇ। ਚਾਹ ਨਾਲ ਬਿਸਕੁਟ ਖਾ ਕੇ ਉਹ ਕੰਬਲ ਦੀ ਬੁੱਕਲ ਮਾਰ ਕੇ ਇੱਕ ਪਾਸੇ ਟੇਢਾ ਜਿਹਾ ਹੋ ਗਿਆ। ਅਤੀਤ ਉਸ ਦੇ ਮਨ 'ਚ ਫਿਲਮ ਦੀ ਰੀਲ ਵਾਂਗ ਘੁੰਮ ਗਿਆ। ਜ਼ੈਲਦਾਰ ਪਾਖਰ ਸਿਹੁੰ ਮੁੱਢ ਤੋਂ ਹੀ ਸ਼ਰਾਬ ਅਤੇ ਕਬਾਬ ਦਾ ਸ਼ੌਕੀਨ ਸੀ। ਕਬਾਬ (ਮਾਸ) ਪੱਕਾ ਭਾਵੇਂ ਨਾ ਮਿਲੇ ਪਰ ਕੱਚਾ ਤਾਂ ਲੱਭ ਹੀ ਲੈਂਦਾ ਸੀ। ਖੁੱਲ•ੀ ਜਾਇਦਾਦ ਅਤੇ ਘਰ ਦਾ ਮੁਖੀ ਹੋਣ ਕਾਰਨ ਉਸ ਨੂੰ ਪੈਸੇ ਦੀ ਕੋਈ ਤੋਟ ਨਹੀਂ ਸੀ। ਉਂਝ ਉਹ ਕਿਸੇ ਲੋੜਵੰਦ ਜਾਂ ਦੋਸਤ ਨੂੰ ਫੁੱਟੀ ਕੌਡੀ ਵੀ ਨਹੀਂ ਸੀ ਦਿੰਦਾ। ਨਾ ਹੀ ਸਮਾਜਿਕ ਕੰਮਾਂ 'ਚ ਕੋਈ ਯੋਗਦਾਨ ਪਾਉਂਦਾ ਸੀ ਪਰ ਕਬਾਬ ਸ਼ਬਾਬ 'ਤੇ ਖਰਚ ਕਰਨ ਵੇਲੇ ਪਰਵਾਹ ਨਹੀਂ ਸੀ ਕਰਦਾ। ਭਾਵੇਂ ਹੁਣ ਕਈ ਸਾਲਾਂ ਤੋਂ ਉਸ ਦੀ ਜੀਵਨ ਸਾਥਣ ਨਹੀਂ ਸੀ ਰਹੀ, ਪਰ ਉਸ ਦੇ ਹੁੰਦੇ ਵੀ ਉਹ ਹਰੀਆਂ ਅੰਗੂਰੀਆਂ ਹੀ ਚਰਦਾ ਰਿਹਾ ਸੀ। ਜਦ ਅੱਧੀ ਰਾਤ ਤੱਕ ਘਰ ਨਾ ਆਉਂਦਾ ਤਾਂ ਉਸ ਦੀ ਬੁੱਢੀ ਮਾਂ ਉਸ ਨੂੰ ਭਾਲ ਦੀ ਫਿਰਦੀ। ਤੀਹ ਸਾਲ ਪਹਿਲਾਂ ਜਦ ਉਹ ਵੀ ਤੀਹਾਂ ਕੁ ਸਾਲਾਂ ਦਾ ਭਰ ਜਵਾਨ ਸੀ ਤਾਂ ਨਰਮਾ ਚੁਗਣ ਆਈਆਂ ਚੋਣੀਆਂ 'ਚੋਂ ਇੱਕ ਮੁਟਿਆਰ 'ਤੇ ਉਸ ਦਾ ਦਿਲ ਆ ਗਿਆ। ਉਹ ਸਾਰਾ ਸਾਰਾ ਦਿਨ ਉਸ ਦੇ ਨਾਲ ਨਰਮਾ ਚੁਗਦਾ ਠਰਕ ਭੋਰੀ ਜਾਂਦਾ। ਫਿਰ ਉਸ ਨੇ ਕੁੜੀ ਦੇ ਘਰ ਜਾ ਕੇ ਉਸ ਦੇ ਪਿਓ ਨੂੰ ਦਾਰੂ ਦੀ ਚਾਟ 'ਤੇ ਲਾ ਲਿਆ। ਉਸ ਨੂੰ ਲੰਡੇ ਜਿਹੇ ਪੈੱਗ ਪਾ ਕੇ ਉਹ ਜਲਦੀ ਹੀ ਸ਼ਰਾਬੀ ਕਰ ਦਿੰਦਾ ਅਤੇ ਫਿਰ ਹੱਡਾਂ ਰੋੜੀ ਦੇ ਕੁੱਤੇ ਵਾਂਗ ਕੱਚਾ ਮਾਸ ਢੂੰਡਦਾ ਰਹਿੰਦਾ। ਮਹੀਨੇ ਕੁ ਬਾਅਦ ਇੱਕ ਦਿਨ ਸਾਰੇ ਪਿੰਡ 'ਚ ਲਾ ਲਾ ਹੋ ਗਈ। ਲੋਕ ਇੱਕ ਦੂਜੇ ਨੂੰ ਮਸਾਲਾ ਲਾ ਲਾ ਸੁਣਾਉਂਣ ਲੱਗੇ। ਬਾਈ ਸਿਹਾਂ ਰਾਤ ਤਾਂ ਖਿਲ ਬਿਲੀਆਂ ਹੋ ਗਈਆਂ ਖਿਲਬਿਲੀਆਂ। ਜ਼ੈਲਦਾਰ ਪਾਖਰ ਸਿੰਹੁ ਚਾਨਣ ਮੱਲ ਦੇ ਘਰੋਂ ਨੰਗਾ ਭੱਜ ਕੇ ਆਇਐ ਜਮਾਂ ਨੰਗਾ! ਹੋਇਆ ਕੀ, ਦੂਜਾ ਪੁੱਛਦਾ। ਹੋਣਾ ਕੀ ਸੀ ਰੋਜ ਵਾਲਾ ਕਿੱਤਾ ਕਰੀ ਜਾਂਦਾ ਸੀ ਕਿ ਚਾਨਣ ਮੱਲ ਦਾ ਭਰਾ ਖਜ਼ਾਨ ਆ ਗਿਆ। ਉਸ ਨੇ ਨੰਗੇ ਪਏ ਦੇ ਡਾਗਾਂ ਵਰ•ਾ ਤੀਆਂ। ਮਿਰਜ਼ਾ ਆਪਣੇ ਕੱਪੜੇ, ਲੋਈ ਅਤੇ ਬਾਟਾ ਦੇ ਬੂਟ ਛੱਡ ਕੇ ਭੱਜ ਆਇਆ। ਕਹਿੰਦੇ ਆਪਣੇ ਸੀਰੀ ਤੋਂ ਚਾਦਰ ਲੈ ਕੇ ਗਿਐ ਘਰੇ ਰਾਤ ਨੂੰ। ਜੇ ਕੋਈ ਮਸਖਰਾ ਪੁੱਛ ਲੈਂਦਾ ਜ਼ੈਲਦਾਰਾਂ! ਬਾਟਾ ਦੇ ਬੂਟ ਨੀ ਪਾਏ ਦੇਖੇ ਹੁਣ ਕਦੇ? ਤਾਂ ਪਾਖਰ ਸਿਹੁੰ ਹੀਂ ਹੀਂ ਕਰਕੇ ਖਚਰੀ ਹਾਸੀ ਹੱਸਦਾ। ਖੁੱਲ• ਕੇ ਤਾਂ ਉਹ ਵੈਸੇ ਵੀ ਨਹੀਂ ਸੀ ਹੱਸਦਾ। ਬੱਸ ਮੂੰਹ ਬੰਦ ਕਰਕੇ ਹੀਂ ਹੀਂ ਹੀਂ ਕਰਦਾ। ਪਿੰਡ 'ਚ ਕਈਆਂ ਨੇ ਉਸ ਦਾ ਨਾਂਅ ਹੀਂ ਹੀਂ ਕਈਆਂ ਨੇ ਬਗਲਾ ਅਤੇ ਕਈਆਂ ਨੇ ਲੂੰਬੜ ਰੱਖਿਆ ਹੋਇਆ ਸੀ। ਜੋ ਕੰਮ ਕਰਨਾ ਹੋਵੇ ਚੁੱਪ ਕਰਕੇ ਕਰੀਏ, ਐਵੇਂ ਬਾਂ ਬਾਂ ਨਹੀਂ ਕਰੀਦੀ ਹੁੰਦੀ। ਉਹ ਅਕਸਰ ਨਾਲਦਿਆਂ ਨੂੰ ਮੱਤਾਂ ਦਿੰਦਾ। ਉਹ ਪਿਓ ਪੁੱਤ ਘਰੇ ਸ਼ਰਾਬ ਦਾ ਡਰੰਮ ਕੱਢਦੇ, ਤਾਂ ਮਜਾਲ ਕੀ ਉਨ•ਾਂ ਦੇ ਸੀਰੀ ਨੂੰ ਵੀ ਪਤਾ ਲੱਗ ਜਾਵੇ। ਹੁਣ ਤਾਂ ਵੱਡਾ ਮੁੰਡਾ ਵੀ ਉਸ ਦੇ ਨਕਸ਼ੇ ਕਦਮ 'ਤੇ ਚੱਲ ਪਿਆ ਸੀ। ਕਈ ਵਾਰੀ ਦੋਵਾਂ ਪਿਓ ਪੁੱਤਾਂ ਦੀ ਸਵਾਰੀ ਵੀ ਇੱਕੋ ਹੁੰਦੀ। ਤੀਰਥ ਅਸਥਾਨ 'ਤੇ ਅੱਜ ਫਿਰ ਨੰਗਾ ਭੱਜਣ ਕਾਰਨ ਜ਼ੈਲਦਾਰ ਪਾਖਰ ਸਿਹੁੰ ਦੀ ਤੀਹ ਸਾਲ ਵਾਲੀ ਘਟਨਾ ਫਿਰ ਤਾਜ਼ੀ ਹੋ ਗਈ ਸੀ। ਪਿਛਲੇ ਕਈ ਸਾਲਾਂ ਤੋਂ ਉਸ ਦੀ ਨੇੜਲੇ ਪਿੰਡ ਦੀ ਇੱਕ ਵਿਧਵਾ ਪੰਚਾਇਤ ਮੈਂਬਰ ਨਾਲ ਨੇੜਤਾ ਹੋ ਗਈ ਸੀ। ਇਸ ਮੈਂਬਰਨੀ ਦੇ ਦੋ ਲੜਕੇ ਸਨ। ਦੋਵੇਂ ਹੀ ਪੂਰੇ ਉਲੱਥ। ਇੱਕ ਤਾਂ ਜਨਾਨੀ ਬਾਜ਼ੀ ਅਤੇ ਚੋਰੀ ਦੇ ਕੇਸ 'ਚ ਕਈ ਸਾਲਾਂ ਤੋਂ ਜੇਲ• ਵਿੱਚ ਸੀ। ਛੋਟਾ ਪਿੰਡ 'ਚ ਹੀ ਮੋਬਾਇਲਾਂ ਦੀ ਦੁਕਾਨ ਕਰਦਾ ਸੀ। ਪਾਖਰ ਸਿਹੁੰ ਛੋਟੇ ਮੁੰਡੇ ਨੂੰ ਆਪਣੇ ਹੱਥ ਹੇਠ ਰੱਖਦਾ ਅਤੇ ਮੈਂਬਰਨੀ ਕੋਲ ਜਾ ਕੇ ਆਪਣੀ ਹਵਸ ਪੂਰੀ ਕਰ ਆਉਂਦਾ। ਪਰ ਹੁਣ ਕਈ ਦਿਨਾਂ ਦੇ ਹਾਲਾਤ ਵਿਗੜ ਗਏ ਸਨ। ਵੱਡਾ ਮੁੰਡਾ ਜੇਲ• 'ਚੋਂ ਬਾਹਰ ਆ ਗਿਆ ਸੀ। ਉਸ ਨੇ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਜ਼ੈਲਦਾਰ ਨੂੰ ਘਰੇ ਆਉਣਾ ਬੰਦ ਕਰ ਦੇ। ਮੈਂਬਰਨੀ ਨੇ ਕਈ ਵਾਰ ਜ਼ੈਲਦਾਰ ਨੂੰ ਕਿਹਾ ਵੀ ਪਰ ਉਹ ਹੋਊ ਪਰ•ੇ ਕਹਿ ਛੱਡਦਾ। ਵੱਡਾ ਮੁੰਡਾ ਕਚੀਚੀਆਂ ਵੱਟਦਾ ਉਸ ਕੋਲ ਦੀ ਲੰਘ ਜਾਂਦਾ।
ਰਾਤ ਦੀ ਘਟਨਾ ਯਾਦ ਕਰਕੇ ਉਸ ਨੂੰ ਫਿਰ ਜਿਵੇਂ ਕਾਂਬਾ ਛਿੜ ਗਿਆ। ਇਸ ਤੀਰਥ ਅਸਥਾਨ 'ਤੇ ਮੈਂਬਰਨੀ ਦੇ ਕਹਿਣ 'ਤੇ ਹੀ ਆਇਆ ਸੀ। ਉਨ•ਾਂ ਭੀੜ ਤੋਂ ਪਾਸੇ ਇੱਕ ਟੈਂਟ ਕਿਰਾਏ 'ਤੇ ਲੈ ਲਿਆ। ਜ਼ੈਲਦਾਰ ਨੇ ਅਜੇ ਕੱਪੜੇ ਉਤਾਰੇ ਹੀ ਸਨ ਕਿ ਦੋ ਮੁੰਡੇ ਅਚਾਨਕ ਅੰਦਰ ਵੜ ਕੇ ਉਸ 'ਤੇ ਟੁੱਟ ਪਏ। ਆਪਣੇ ਨਾਲ ਹੋਈ ਜੱਗੋਂ ਤੇਰਵੀਂ ਯਾਦ ਕਰਕੇ ਉਸ ਦਾ ਲੂੰ ਲੂੰ ਕੰਬਣ ਲੱਗ ਪਿਆ। ਉਹ ਮੁੰਡਿਆਂ ਤੋਂ ਛੁੱਟ ਕੇ ਨੰਗ ਧੜੰਗਾ ਹੀ ਮੇਲੇ 'ਚ ਭੱਜ ਪਿਆ ਸੀ। ਫਿਰ ਕੋਈ ਪੁਰਾਣੀ ਜਿਹੀ ਚਾਦਰ ਤੇੜ ਲਪੇਟ ਕੇ ਉਸ ਨੇ ਸਾਧਾਂ ਦੇ ਇੱਕ ਧੂਣੇ 'ਤੇ ਹੀ ਸਾਰੀ ਰਾਤ ਗੁਜ਼ਾਰੀ ਸੀ। “ਜ਼ੈਲਦਾਰਾ! ਤੂੰ ਯਾਰ ਕੱਲਾ ਹੀ ਆ ਗਿਆ, ਸਾਡੇ ਨਾਲ ਆ ਜਾਂਦਾ”। ਕਿਸੇ ਨੇ ਝੰਜੋੜ ਕਿ ਪੁੱਛਿਆ ਤਾਂ ਉਹ ਮਸਾਂ ਹੀ ਬੋਲਿਆ, ਬੱਸ ਯਾਰ ਮੈਂ ਸੋਚਿਆਂ ਤੀਰਥ ਅਸ਼ਨਾਨ ਕਰਨ ਬੰਦਾ ਇਕੱਲਾ ਹੀ ਜਾਵੇ ਤਾਂ ਜ਼ਿਆਦਾ ਪੁੰਨ ਲੱਗਦੈ ਹੀਂ ਹੀਂ ਹੀਂ ਕਰਕੇ ਉਸ ਨੇ ਹੱਸਣ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਹੱਸਿਆ ਨਾ ਗਿਆ।
ਦਬੜ•ੀਖਾਨਾ (ਫਰੀਦਕੋਟ)
ਮੋਬਾਇਲ 94171-20427

No comments:

Post a Comment