Tuesday, December 15, 2009

ਪਿੰਜਰਾ

ਮੋਬਾਇਲ ਫੋਨ ਦੀ ਘੰਟੀ ਵੱਜੀ ਅਤੇ ਬੰਦ। ਮੈਂ ਸਮਝ ਗਿਆ ਕਿ ਇਹ ਸੁਰਿੰਦਰ ਦੀ ਹੀ ਮਿਸ ਕਾਲ ਸੀ। ਪਿਛਲੇ ਵੀਹ ਦਿਨਾਂ ਤੋਂ ਇਹ ਹੀ ਸਿਲਸਿਲਾ ਚੱਲਦਾ ਆ ਰਿਹਾ ਸੀ। ਉਹ ਮਿਸ ਕਾਲ ਕਰਦੀ। ਫਿਰ ਮੈਂ ਇਧਰੋਂ ਫੋਨ ਕਰਦਾ ਤੇ ਅਸੀਂ ਲੰਮੀ ਗੱਲਬਾਤ ਕਰਦੇ ਰਹਿੰਦੇ ਗੱਲਾਂ ਐਨੀਆਂ ਕਿ ਮੁਕਣ 'ਚ ਹੀ ਨਾ ਆਉਂਦੀਆਂ। ਨਾ ਉਸ ਨੇ ਮੈਨੂੰ ਦੇਖਿਆ ਸੀ ਨਾ ਮੈਂ ਉਸ ਨੂੰ! ਬੱਸ ਆਵਾਜ ਦਾ ਹੀ ਰਿਸ਼ਤਾ ਬਣ ਗਿਆ ਸੀ। ਉਂਝ ਮੈਂ ਅਖਬਾਰ 'ਚ ਉਸ ਦੀ ਫੋਟੋ ਜ਼ਰੂਰ ਦੇਖੀ ਸੀ। ਉਸ ਦੀ ਛਪੀ ਕਵਿਤਾ ਹੇਠ ਉਸ ਦਾ ਮੋਬਾਇਲ ਫੋਨ ਨੰਬਰ ਸੀ। ਇਸ ਨੰਬਰ 'ਤੇ ਹੀ ਮੈਂ ਉਸ ਨੂੰ ਮੋਬਾਇਲ ਫੋਨ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਪਰ ਇਹ ਫੋਨ ਅਸਲ 'ਚ ਉਸ ਦੇ ਪਤੀ ਦਾ ਸੀ। ਇੱਕ ਦਿਨ ਉਸ ਦੇ ਪਤੀ ਦੀ ਝਿੜਕ ਭਰੀ ਕੁਰੱਖਤ ਆਵਾਜ਼ ਸੁਣਾਈ ਦਿੱਤੀ ਤਾਂ ਮੈਂ ਫੋਨ 'ਚੋਂ ਉਸ ਦਾ ਨੰਬਰ ਹੀ ਮਿਟਾ ਦਿੱਤਾ। ਮੈਂ ਸੋਚਿਆ ਕਿ ਅਸਲ 'ਚ ਲੇਖਕ ਉਸ ਦਾ ਪਤੀ ਹੋਵੇਗਾ ਜੋ ਪਤਨੀ ਦੇ ਨਾਂਅ 'ਤੇ ਰਚਨਾਵਾਂ ਭੇਜਦਾ ਹੋਵੇਗਾ। ਮੈਂ ਉਸ ਨੂੰ ਭੁੱਲ ਗਿਆ ਸਾਂ ਕਿ ਵੀਹ ਕੁ ਦਿਨਾਂ ਬਾਅਦ ਕਿਸੇ ਹੋਰ ਨੰਬਰ ਤੋਂ ਉਹ ਹੀ ਮਿੱਠੀ ਆਵਾਜ ਸੁਣਾਈ ਦਿੱਤੀ। ਮੈਂ ਕਿਹਾ ਲੇਖਕ ਤੂੰ ਹੈਂ ਕਿ ਤੇਰਾ ਪਤੀ। ਉਹ ਕਹਿੰਦੀ ਉਹ ਨਾ ! ਲੇਖਕ ਹੈ ਕਿਤੇ। ਉਹ ਇਮਾਰਤਾਂ ਬਣਾਉਣ ਵਾਲਾ ਠੇਕੇਦਾਰ ਹੈ। ਮੈਂ ਕਿਹਾ ਉਸ ਨੇ ਮੈਨੂੰ ਫੋਨ 'ਤੇ ਝਿੜਕ ਦਿੱਤਾ ਸੀ, ਕਹਿੰਦੀ ਮੈਨੂੰ ਪਤੈ। ਪਰ ਹੁਣ ਮੈਂ ਉਸ ਤੋਂ ਵੱਖਰਾ ਆਪਣੀ ਕੋਠੀ ਵਿੱਚ ਹਾਂ, ਮੈਂ ਉਹ ਦਾ ਘਰ ਛੱਡ ਦਿੱਤੈ। ਉਸ ਨੇ ਮੈਨੂੰ ਬਹੁਤ ਕੁੱਟਿਆ ਹੈ। ਮੈਨੂੰ ਦੁੱਖ ਭਰੀ ਹੈਰਾਨੀ ਹੋਈ। ਫਿਰ ਉਹ ਮੈਨੂੰ ਆਪਣੀ ਜੀਵਕ ਕਹਾਣੀ, ਸੁਣਾਉਣ ਲੱਗੀ। ਮੇਰੇ ਪਿਤਾ ਮਾਤਾ ਦੀ ਆਪਸ 'ਚ ਨਹੀਂ ਸੀ ਬਣਦੀ। ਪਿਤਾ ਅੱਡ ਕੋਠੀ 'ਚ ਸ਼ਰਾਬ ਪੀਂਦਾ ਰਹਿੰਦਾ। ਮੈਨੂੰ ਤੇ ਮੇਰੇ ਦੋ ਭਰਾਵਾਂ ਨੂੰ ਮੇਰੀ ਮਾਂ ਨੇ ਹੀ ਪਾਲਿਆ ਪੜ•ਾਇਆ। ਮੇਰਾ ਇਹ ਪਤੀ ਠੇਕੇ ਤੇ ਸਾਡੀ ਕੋਠੀ ਬਣਾ ਰਿਹਾ ਸੀ ਕਿ ਮੇਰੀ ਮਾਂ ਨੂੰ ਇਹ ਪਸੰਦ ਆ ਗਿਆ। ਉਸ ਨੇ 17 ਸਾਲ ਦੀ ਉਮਰ 'ਚ ਹੀ ਇਸ ਨਾਲ ਮੇਰਾ ਵਿਆਹ ਕਰ ਦਿੱਤਾ। ਇਹ ਮੈਥੋਂ 10 ਸਾਲ ਵੱਡਾ ਸੀ। ਮੇਰੇ ਵਿਆਹ ਤੋਂ ਕੁਝ ਸਮਾਂ ਬਾਅਦ ਮੇਰੇ ਪਿਤਾ ਜੀ ਗੁਜਰ ਗਏ। ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਇੱਕ ਸਕੂਲ 'ਚ ਨੌਕਰੀ ਕਰਨ ਲੱਗ ਪਈ ਪਰ ਉਸ ਨੇ ਇਹ ਕਹਿ ਕੇ ਮੈਨੂੰ ਹਟਾ ਲਿਆ ਕਿ ਜਨਾਨੀਆਂ ਨਹੀਂ ਨੌਕਰੀ ਕਰਦੀਆਂ ਹੁੰਦੀਆਂ। ਸਾਡਾ ਇੱਕ ਬਹੁਤ ਪਿਆਰਾ ਬੇਟਾ ਹੈ ਜੋ ਹੋਸਟਲ 'ਚ ਦਾਖਲ ਕਰਵਾ ਦਿੱਤਾ। ਪਤੀ ਸਾਰਾ ਸਾਰਾ ਦਿਨ ਬਾਹਰ ਰਹਿੰਦਾ। ਘਰ 'ਚ ਮੇਰਾ ਇਕੱਲੀ ਦਾ ਦਮ ਘੁਟਦਾ। ਮੈਂ ਕਿਤਾਬਾਂ ਪੜ•ਦੀ ਰਹਿੰਦੀ। ਫਿਰ ਪਤਾ ਨਹੀਂ ਕਿੰਜ ਮੇਰੇ ਅੰਦਰਲਾ ਜਵਾਲਾਮੁਖੀ ਫਟ ਗਿਆ। ਮੈਂ ਕਲਮ ਚੁੱਕ ਲਈ ਅਤੇ ਲਿਖਣ ਲੱਗ ਪਈ। ਮੇਰੀ ਰੂਹ ਹਰ ਵਕਤ ਅੰਬਰ 'ਚ ਉਡਾਰੀਆਂ ਲਾਉਣ ਲਈ ਉਤਾਵਲੀ ਹੋਣ ਲੱਗੀ। ਮੇਰੀਆਂ ਕਵਿਤਾਵਾਂ ਅਖਬਾਰਾਂ ਰਸਾਲਿਆਂ 'ਚ ਛਪਣ ਲੱਗੀਆਂ। ਮੈਨੂੰ ਮੇਰੇ ਪਰਸੰਸਕਾਂ ਦੀਆਂ ਚਿੱਠੀਆਂ ਅਤੇ ਫੋਨ ਆਉਣ ਲੱਗੇ। ਪਰ ਮੇਰੇ ਪਤੀ ਦੀ ਖਿਝ ਵੱਧਣ ਲੱਗੀ। ਉਹ ਮੈਨੂੰ ਆਨੀਂ ਬਹਾਨੀਂ ਕੁੱਟਣ ਲੱਗਾ। ਮੈਂ ਆਪਣੇ ਪਤੀ ਨਾਲ ਇੱਕ ਕਵੀ ਦਰਬਾਰ 'ਚ ਗਈ। ਜਿੱਥੇ ਮੇਰੀ ਬੇਹੱਦ ਪਰਸੰਸਾ ਹੋਈ ਪਰ ਉਸ ਰਾਤ ਮੇਰੇ ਪਤੀ ਨੇ ਆਕੇ ਫਿਰ ਮੈਨੂੰ ਬੇਰਹਿਮੀ ਨਾਲ ਕੁੱਟਿਆ। ਕਹਿੰਦਾ ਸਾਲੇ ਲੇਖਕਾਂ ਦੇ ਕੰਜਰ, ਕਿਵੇਂ ਤੈਨੂੰ ਘੂਰ-ਘੂਰ ਦੇਖਦੇ ਸੀ। ਬੱਸ ਅੱਜ ਤੋਂ ਬਾਅਦ ਨਹੀਂ ਜਾਣਾ ਕਿਸੇ ਸਮਾਗਮ 'ਚ। ਮੈਂ ਫਿਰ ਘੁਟਨ ਦਾ ਸ਼ਿਕਾਰ ਹੋ ਗਈ। ਇੱਕ ਵਾਰ ਤਾਂ ਖੁਦਕਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਇੱਕ ਦਿਨ ਚੋਰੀਓ ਆਪਣੇ ਪੁਰਾਣੇ ਦੋਸਤ ਕੋਲ ਪਟਿਆਲੇ ਚਲੀ ਗਈ। ਉਸ ਰਾਤ ਮੈਨੂੰ ਪਹਿਲੀ ਵਾਰ ਜ਼ਿੰਦਗੀ ਦਾ ਪਰਮਅਨੰਦ ਮਿਲਿਆ। ਪਤੀ ਤਾਂ ਮੈਨੂੰ ਭੋਗ ਦੀ ਇੱਕ ਵਸਤੂ ਹੀ ਸਮਝਦਾ ਸੀ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਉਹ ਹਮੇਸ਼ਾ ਲਈ ਮੈਨੂੰ ਅਪਨਾ ਲਵੇ। ਪਰ ਉਹ ਡਰ ਗਿਆ ਅਤੇ ਮੈਨੂੰ ਜਲੰਧਰ ਵਾਲੀ ਬੱਸ ਚੜ•ਾ ਗਿਆ। ਘਰ ਆਈ ਤਾਂ ਭਰਾ ਨੇ ਝਿੜਕਾਂ ਦਿੱਤੀਆਂ। ਮੈਂ ਕਿਹਾ ਮੈਂ ਤਾਂ ਪਟਿਆਲੇ ਦੂਖ ਨਿਵਾਰਨ ਗੁਰਦੁਆਰੇ ਗਈ ਸੀ। ਮੇਰੇ ਪਰਿਵਾਰ ਵਾਲੇ ਮੈਨੂੰ ਫਿਰ ਪਤੀ ਦੇ ਘਰ ਛੱਡ ਗਏ। ਇਸ ਸਮਝੌਤੇ ਤਹਿਤ, ਉਹ ਮੈਨੂੰ ਲਿਖਣ ਤੋਂ ਨਹੀਂ ਰੋਕੇਗਾ। ਮੈਂ ਫਿਰ ਲਿਖਣ ਲੱਗੀ ਅਤੇ ਛਪਣ ਲੱਗੀ। ਮੇਰੀ ਪ੍ਰਸੰਸਾ ਫੈਲਣ ਤੇ ਮੇਰੇ ਪਤੀ ਦੀ ਖਿਝ ਫਿਰ ਵੱਧਣ ਲੱਗੀ। ਵੀਹ ਦਿਨ ਪਹਿਲਾਂ ਜਦ ਉਸ ਨੇ ਮੈਨੂੰ ਡੰਡਿਆਂ ਨਾਲ ਕੁੱਟਿਆ ਤਾਂ ਮੈਂ ਵੀ ਉਸ ਦਾ ਮੂੰਹ ਨੋਚ ਲਿਆ ਅਤੇ ਵਾਪਸ ਆਪਣੇ ਘਰ ਆ ਗਈ। ਹੁਣ ਮੈਂ ਇੱੱਥੇ ਕੈਦ ਹਾਂ ਅਤੇ ਉਹ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਰਿਹੈ। ਬੱਸ ਹੁਣ ਨਹੀਂ ਮੈਂ ਜਾਣਾ ਉਸ ਜਾਨਵਰ ਕੋਲ। ਐਨਾ ਕਹਿ ਕੇ ਉਹ ਚੁੱਪ ਕਰ ਗਈ। ਮੈਂ ਕਿਹਾ ਮੈਨੂੰ ਤੇਰੇ ਨਾਲ ਬੇਹੱਦ ਹਮਦਰਦੀ ਹੈ। ਮੈਂ ਆਪ ਤੇਰੀ ਤਰ•ਾਂ ਤਨਹਾਈ ਦੀ ਜੂਨ ਹੰਢਾ ਰਿਹਾ ਹਾਂ। ਮੈਂ ਉਸ ਦੀ ਮਿਸ ਕਾਲ ਉਡੀਕਦਾ ਰਹਿੰਦਾ। ਉਸ ਦੀ ਮਾਖਿਓਂ ਮਿੱਠੀ ਆਵਾਜ ਸੁਣ ਕੇ ਮੇਰੇ ਮਨ ਦੀਆਂ ਬੈਟਰੀਆਂ ਚਾਰਜ ਹੋ ਜਾਂਦੀਆਂ। ਕੋਈ ਗੀਤ ਗੁਣਗੁਣਾਉਂਦੀ। ਮੈਂ ਉਸ ਨੂੰ ਸੁਨੇਹੇ ਲਿਖ ਕੇ ਭੇਜਦਾ। ਮਹਿਕਾਂ ਵੰਡਦੀ ਰਹਿ ਤੂੰ ਕਲੀਏ ਚਮਨ ਦੀਏ, ਝਰਨੇ ਵਾਂਗੂ ਵਹਿ ਤੂੰ ਕਲੀਏ ਚਮਨ ਦੀਏ। ਬੇਸ਼ੱਕ ਤੇਰੇ ਚਾਰ ਚੁਫੇਰੇ ਕੰਡੇ ਨੇ ਕੁੰਡਿਆਂ ਨਾਲ ਖਹਿ ਤੂੰ ਕਲੀਏ ਚਮਨ ਦੀਏ।ਇੱਕ ਦਿਨ ਉਹ ਫਿਰ ਰੋਣ ਲੱਗ ਪਈ। ਕਹਿੰਦੀ ਅੱਜ ਮੈਨੂੰ ਮੇਰੇ ਭਰਾ ਨੇ ਥੱਪੜ ਮਾਰਿਆ। ਉਸ ਨੇ ਮੇਰਾ ਮੋਬਾਇਲ ਫੋਨ ਚੁੱਕ ਕੇ ਉਸ 'ਚ ਤੁਹਾਡੇ ਸੁਨੇਹੇ ਪੜ• ਲਏ ਸਨ। ਮੈਂ ਵੀ ਉਸ ਦਾ ਫੋਨ ਖੋਹ ਕੇ ਪੜ•ਨ ਲੱਗੀ ਕਿ ਦੱਸ ਆਹ ਔਰਤਾਂ ਤੇਰੀਆਂ ਕੀ ਲੱਗਦੀਆਂ ਹਨ। ਤਾਂ ਕਹਿਣ ਲੱਗਾ ਮਰਦ ਜੋ ਮਰਜੀ ਕਰਨ। ਖਬਰਦਾਰ ਜੇ ਅੱਜ ਤੋਂ ਬਾਅਦ ਕਿਸੇ ਨੂੰ ਫੋਨ ਕੀਤਾ। ਉਸ ਨੇ ਤੁਹਾਡਾ ਨੰਬਰ ਲੈ ਲਿਆ ਹੈ। ਸ਼ਾਇਦ ਉਹ ਤੁਹਾਨੂੰ ਵੀ ਅਬਾ ਤਬਾ ਬੋਲੇ। ਬੱਸ ਤੁਸੀਂ ਹੁਣ ਫੋਨ ਨਾ ਕਰਿਓ। ਫੇਰ ਕਾਫੀ ਦੇਰ ਉਸ ਦਾ ਫੋਨ ਨਾ ਆਇਆ। ਮੈਂ ਕਰਦਾ ਤਾਂ ਅੱਗੋਂ ਸਵਿੱਚ ਬੰਦ ਹੁੰਦੀ। ਪਰ ਮੈਂ ਉਸ ਦੀ ਮਿੱਠੀ ਆਵਾਜ ਸੁਣਨ ਲਈ ਤਰਸਦਾ ਰਹਿੰਦਾ। ਅੱਜ ਇੱਕ ਮਹੀਨੇ ਬਾਅਦ ਅਚਾਨਕ ਉਸ ਦਾ ਫੋਨ ਮਿਲ ਗਿਆ ਸੀ। ਮੈਂ ਹਾਲ ਚਾਲ ਪੁੱਛਿਆ ਤਾਂ ਕਹਿੰਦੀ ਮੈਂ ਆਪਣੇ ਪਤੀ ਦੇ ਘਰ ਹਾਂ। ਮੈਂ ਉਸ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਹਨ। ਮੈਂ ਕਿਹਾ ਪਰ ਤੇਰੀ ਅਸਮਾਨ 'ਚ ਉਡਾਰੀਆਂ ਲਾਉਣ ਦੀ ਰੀਝ ਦਾ ਕੀ ਬਣੂੰ ਤਾਂ ਕਹਿੰਦੀ ਇੱਕ ਸਵਾਲ ਦਾ ਜਵਾਬ ਦਿਓ ਜਦ ਪਿੰਜਰੇ ਦੇ ਤੋਤੇ ਨੂੰ ਖੁੱਲ•ਾ ਛੱਡ ਦਿੱਤਾ ਜਾਂਦਾ ਹੈ ਤਾਂ ਵਾਪਸ ਪਿੰਜਰੇ 'ਚ ਦੁਬਾਰਾ ਕਿਉਂ ਪਰਤ ਆਉਂਦੈ। ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਉਸ ਨੇ ਕਿਹਾ ਕਿ ਅਸਲ ਵਿੱਚ ਗੁਲਾਮੀ ਦੀ ਵੀ ਆਪਣੀ ਹੀ ਸੁਰੱਖਿਆ ਹੁੰਦੀ ਹੈ ਮਿਸਟਰ! ਤੇ ਉਸ ਨੇ ਫੋਨ ਕੱਟ ਕੇ ਸਵਿੱਚ ਆਫ ਕਰ ਦਿੱਤੀ।

No comments:

Post a Comment