Wednesday, December 16, 2009

ਕੰਮ ਹੀ ਪੂਜਾ ਹੈ, ਪੂਜਾ ਕੋਈ ਕੰਮ ਨਹੀਂ

ਅਮਰਜੀਤ ਢਿੱਲੋਂ

ਕੰਮ ਹੀ ਪੂਜਾ ਹੈ ਪਰ ਪੂਜਾ ਕੋਈ ਕੰਮ ਨਹੀਂ।। ਪੂਜਾ ਸਿਰਫ ਵਿਹਲੜਾਂ ਦੀ ਉਦਰ ਪੂਰਤੀ, ਐਸ਼-ਪ੍ਰਸਤੀ ਦਾ ਸਾਧਨ ਹੈ। ਲਾਈਲੱਗ ਬੰਦਿਆਂ ਦੇ ਮਨਾਂ ਦਾ ਡਰ। ਪੁਜਾਰੀ ਹੀ ਕਹਾਣੀਆਂ ਸੁਣਾਉਂਦੇ ਹਨ ਕਿ ਦੋ ਸਾਧ (ਮੰਗਤੇ) ਇੱਕ ਪਿੰਡ ਵਿੱਚ ਇਕੱਠੇ ਹੋ ਗਏ। ਇੱਕ ਕਹਿੰਦਾ ਤੇਰਾ ਗੁਰੂ ਦੱਸ ਕਿਹੜਾ ਹੈ? ਦੂਜਾ ਕਹਿੰਦਾ ਗੁਰੂ ਦਾ ਨੀ ਪਤਾ ਤੂੰ ਆਟਾ ਦੇਖ ਲੈ ਕੀਹਦੇ ਝੋਲੇ ਵਿੱਚ ਵੱਧ ਐ? ਮਸਲਾ ਤਾਂ ਆਟੇ ਦਾ ਈ ਹੈ ਨਾ। ਆਟਾ ਪੈਦਾ ਕਰਨ ਲਈ ਕਿਰਤੀ ਕਿਸਾਨਾਂ ਨੂੰ ਕਿਵੇਂ ਚਕਾਚੌਂਧ ਕੀਤਾ ਜਾਵੇ? ਬੱਸ ਇਹੀਓ ਮਕਸਦ ਹੈ ਮੁੱਢ ਕਦੀਮ ਤੋਂ ਲੈ ਕੇ ਅੱਜ ਤੱਕ ਸਾਰੇ ਪੁਜਾਰੀਆਂ ਦਾ। ਸਭ ਤੋਂ ਪਹਿਲਾਂ ਪਿਛਲੇ ਜਨਮ ਦਾ ਡਰਾਵਾ ਕਿ ਪਿਛਲੇ ਜਨਮ ਮਾੜੇ ਕਰਮ ਕਰਕੇ ਹੀ ਬੰਦਾ ਇਸ ਜਨਮ ਵਿੱਚ ਦੁੱਖ ਭੋਗ ਰਿਹਾ ਹੈ। ਫਿਰ ਅਖੌਤੀ ਕਲਪਿਤ ਚੁਰਾਸੀ ਲੱਖ ਜੂਨ ਦਾ ਡਰ ਕਿ ਐਂਤਕੀ ਵੀ ਜੇ ਧਰਮ ਕਰਮ ਨਾ ਕੀਤਾ ਤਾਂ ਚੁਰਾਸੀ ਲੱਖ ਜੂਨ ਫਿਰ ਭੁਗਤਣੀ ਪਊ। ਚੁਰਾਸੀ ਲੱਖ ਜੂਨ ਭੁਗਤ ਕੇ ਹੀ ਪਹਿਲਾਂ ਮਨੁੱਖ ਦੇਹੀ ਮਿਲੀ ਹੈ। ਇੱਕ ਪਾਸੇ ਚੁਰਾਸੀ ਲੱਖ ਜੂਨ ਦੂਜੇ ਪਾਸੇ ਨਰਕਾਂ ਦਾ ਡਰ। ਕਿ ਜੇ ਤੂੰ ਧਰਮ ਦਾ ਕਰਮ ਨਾ ਕੀਤਾ ਭਾਵ ਆਪਣੀ ਕਮਾਈ ਵਿੱਚੋਂ ਅੱਧਾ ਹਿੱਸਾ ਸੰਤਾਂ ਨੂੰ ਨਾ ਦਿੱਤਾ ਤਾਂ ਚੁਰਾਸੀ ਲੱਖ ਜੂਨ ਭੁਗਤੇਂਗਾ, ਅੱਗੇ ਨਰਕਾਂ ਦੀ ਅੱਗ ਵਿੱਚ ਵੀ ਸੜੇਂਗਾ। ਜੇ ਦਾਨ ਕਰਦਾ ਰਿਹਾ ਤੇ ਜੂਨਾਂ ਦੇ ਚੱਕਰਾਂ ਤੋਂ ਵੀ ਬਚੇਂਗਾ, ਅੱਗੇ ਸਵਰਗ ਵੀ ਮਿਲਣਗੇ। ਇਹ ਦੂਹਰਾ ਡਰ ਅਤੇਲਾਲਚ ਦਿਖਾ ਕੇ ਮਨੁੱਖ ਦੀ ਮਾਨਸਿਕ ਅਤੇ ਆਰਥਿਕ ਲੁੱਟ ਕੀਤੀ ਜਾਂਦੀ ਹੈ। ਫਿਰ ਸਾਧ ਹੀ ਇਹ ਕਹਿੰਦੇ ਹਨ ਕਿ ਸਾਧਾਂ ਦੀ ਨਿੰਦਾ ਬਹੁਤ ਮਾੜੀ ਹੈ। ਸਾਧ ਖੁਦ ਕਿਸੇ ਦੀ ਨਿੰਦਾ ਕਰੀ ਜਾਣ, ਗਾਲ•ਾਂ ਕੱਢੀ ਜਾਣ, ਔਰਤਾਂ ਉਧਾਲ ਕੇ ਲੈ ਜਾਣ, ਉਨ•ਾਂ ਨੂੰ ਸਭ ਮਾਫ ਹੈ ਕਿਉਂਕਿ ਉਹ ਸਾਧ ਹਨ। ਵਿਹਲੇ ਰਹਿਣਾ, ਛੱਤੀ ਪ੍ਰਕਾਰ ਦੇ ਪਕਵਾਨ ਖਾਣਾ, ਵੱਡੀਆਂ ਕਾਰਾਂ ਰੱਖਣੀਆਂ, ਵਿਦੇਸ਼ਾਂ ਵਿੱਚ ਘੁੰਮਣਾ ਉਨ•ਾਂ ਦਾ ਜਨਮ ਸਿੱਧ ਅਧਿਕਾਰ ਹੈ। ਪ੍ਰਮਾਤਮਾ ਨੇ ਧੁਰੋਂ ਲਿਖ ਕੇ ਭੇਜਿਆ ਹੈ। ਕੰਮ ਕਰਨ ਵਾਲੇ ਆਦਮੀ ਦੀ ਮਾੜੀ ਕਿਸਮਤ ਹੈ, ਉਸ ਦੇ ਲੇਖ ਧੁਰੋਂ ਮਾੜੇ ਲਿਖੇ ਹਨ। ਜੋਤਸ਼ੀ ਦੱਸਦੇ ਹਨ ਕਿ ਗ੍ਰਹਿ ਚੱਕਰ ਬੜੀ ਮਾੜੀ ਹੈ। ਵਿਹਲੜ ਸਾਧ, ਮਦਾਰੀ, ਜੋਤਸ਼ੀ ਅਤੇ ਸਿਆਸਤਦਾਨਾਂ ਦਾ ਨਾਪਾਕ ਗੱਠਜੋੜ ਰਲ ਕੇ ਇਸ ਸਾਰੇ ਜੰਗ ਪੁਲੰਗੇ ਨੂੰ ਅੱਗੇ ਤੋਰਦਾ ਹੈ। ਸਿਆਸਤਦਾਨ ਆਪਣੀਆਂ ਵੋਟਾਂ ਲੈਣ ਖਾਤਰ ਸਾਧਾਂ ਦਾ ਆਸਰਾ ਤੱਕਦੇ ਹਨ। ਉਨ•ਾਂ ਨੂੰ ਇੱਕ ਸਾਧ ਕੋਲ ਇਕੱਠੀ ਭੀੜ ਮਿਲ ਜਾਂਦੀ ਹੈ ਅਤੇ ਦਰ ਦਰ ਨਹੀਂ ਜਾਣਾ ਪੈਂਦਾ। ਜਦ ਵੱਡਾ ਲੀਡਰ ਕਿਸੇ ਸਾਧ, ਚੇਲੇ, ਜੋਤਸ਼ੀ ਨੂੰ ਮੱਥਾ ਟੇਕਦਾ ਹੈ ਤਾਂ ਲੋਕ ਹੋਰ ਵੱਧ ਉਥੇ ਜਾਂਦੇ ਹਨ। ਆਪਣਾ ਦੋ ਨੰਬਰ ਦਾ ਕੰਮ ਛੁਪਾਉਣ ਅਤੇ ਆਪਣੀ ਭਟਕਣ ਮਿਟਾਉਣ ਲਈ ਜਾਂ ਕਿਸੇ ਵਿਭਚਾਰ ਕਰਨ ਦੀ ਖਾਤਰ ਜਦ ਕੋਈ ਵੱਡਾ ਅਫਸਰ, ਸੈਸ਼ਨ ਜੱਜ, ਡੀ.ਸੀ. ਜਾਂ ਡੀ.ਜੀ.ਪੀ. ਕਿਸੇ ਡੇਰੇ ਵਿਸ਼ੇਸ਼ ਵਿੱਚ ਆਉਂਦਾ ਹੈ ਤਾਂ ਉਸ ਡੇਰੇ ਵਿੱਚ ਲੋਕਾਂ ਦੀ ਭੀੜ ਹੋਰ ਵੱਧ ਜਾਂਦੀ ਹੈ। ਕੁਝ ਲੋਕ ਆਪਣਾ ਕੰਮ ਕਰਾਉਣ ਦੀ ਖਾਤਰ ਹੀ ਡੇਰੇ ਮੁਖੀ ਕੋਲ ਆਉਣ ਲੱਗ ਪੈਂਦੇ ਹਨ ਕਿ ਬਾਬੇ ਦੀ ਨੇਤਾ ਜਾਂ ਅਫਸਰ ਨਾਲ ਸਿੱਧੀ ਗੱਲਬਾਤ ਹੈ। ਬਦਲੇ 'ਚ ਸਾਧ ਨੇਤਾਵਾਂ ਨੂੰ ਵੋਟਾਂ ਅਤੇ ਅਫਸਰਾਂ ਦੇ ਕੁਕਰਮਾਂ 'ਤੇ ਪਰਦਾ ਪਾਉਣ ਦਾ ਕੰਮ ਕਰਦੇ ਹਨ। ਜਦ ਇਨ•ਾਂ ਧਰਮਾਂ ਦੇ ਪੈਰੋਕਾਰਾਂ ਨੂੰ ਕੋਈ ਖਤਰਾ ਹੋਵੇ ਤਾਂ ਨੇਤਾ ਅਫਸਰ ਇਨ•ਾਂ ਦੀ ਪਿੱਠ 'ਤੇ ਹੁੰਦੇ ਹਨ। ਮਤਲਬ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਰਾਜ ਬਿਨਾ ਨਹਿੰ ਧਰਮ ਚਲੇ ਹੈ।ਲੋਕਾਂ ਨੂੰ ਅਗਲੇ ਜਨਮ ਦਾ ਲਾਰਾ ਲਾਉਣ ਵਾਲੇ ਸਾਰੇ ਧਰਮ ਪ੍ਰਚਾਰਕਾਂ ਨੂੰ ਇਸੇ ਜਨਮ ਵਿੱਚ ਹੀ ਰਾਜਾ ਬਣਨ ਦੀ ਲਾਲਸਾ ਸਤਾਉਂਦੀ ਰਹਿੰਦੀ ਹੈ। ਇਸੇ ਲਈ ਸਾਰੇ ਐਮ.ਐਲ.ਏ. ਅਤੇ ਐਮ.ਪੀ. ਦੀਆਂ ਸੀਟਾਂ ਲਈ ਤਾਂਘਦੇ ਰਹਿੰਦੇ ਹਨ ਕਿਉਂਕਿ ਉਨ•ਾਂ ਕੋਲ ਵੋਟਾਂ (ਲੋਕਾਂ ਦੀ ਭੀੜ) ਹੁੰਦੀਆਂ ਹਨ। ਕੁਝ ਕੁ ਕਾਮਯਾਬ ਵੀ ਹੋ ਜਾਂਦੇ ਹਨ। ਸੱਤਾ ਦਾ ਥੋੜ•ਾ ਬਹੁਤ ਹਿੱਸਾ ਦੇਣਾ ਨੇਤਾਵਾਂ ਦੇ ਵੀ ਪੱਖ ਵਿੱਚ ਹੋ ਜਾਂਦਾ ਹੈ। ਇਸ ਤਰ•ਾਂ ਲੋਕਾਂ ਨੂੰ ਮਾਇਆ ਨਾਗਣੀ ਦੱਸਣ ਵਾਲੇ ਖੁਦ ਮਾਇਆ ਦਾ ਪੂਰਾ ਸੁੱਖ ਭੋਗਦੇ ਹਨ। ਜਗ ਰਚਨਾ ਨੂੰ ਝੂਠ ਅਤੇ ਮਿਥਿਆ ਕਹਿ ਕੇ ਆਪ ਜਗ ਰਚਨਾ ਦੇ ਸਾਰੇ ਆਨੰਦ ਮਾਣ ਕੇ ਇਸ ਨੂੰ ਸੱਚ ਕਰ ਦਿਖਾਉਂਦੇ ਹਨ।ਭਾਰਤ 110 ਕਰੋੜ ਤੋਂ ਵੀ ਵੱਧ ਆਬਾਦੀ ਵਾਲਾ ਦੇਸ਼ ਹੈ। ਪਰ ਇਸ ਦੇ 60 ਤੋਂ 70 ਫੀਸਦੀ ਲੋਕ ਵਿਹਲੇ, ਨਿਖੱਟੂ, ਕੰਮ ਚੋਰ, ਕਿਸਮਤ ਆਸਰੇ, ਸਾਧਾਂ ਰਾਹੀਂ ਜਾਂ ਲਾਟਰੀਆਂ ਰਾਹੀਂ ਬਿਨਾ ਕੰਮ ਤੋਂ ਅਮੀਰ ਬਣਨਾ ਲੋਚਦੇ ਹਨ ਅਤੇ ਕੰਗਾਲ ਰਹਿੰਦੇ ਹਨ। ਦੂਜੇ ਪਾਸੇ ਸਿਰਫ 5 -5 ਕਰੋੜ ਦੀ ਆਬਾਦੀ ਵਾਲੇ ਜਪਾਨ ਵਰਗੇ ਨਿੱਕੇ ਨਿੱਕੇ ਦੇਸ਼ ਕੰਮ ਕਰਕੇ ਸੁੱਖ ਭੋਗਦੇ ਹਨ ਅਤੇ ਸਾਡੇ ਦੇਸ਼ ਦੇ ਲੋਕ ਉੱਥੇ ਜਾਣ ਲਈ ਤਰਸਦੇ ਰਹਿੰਦੇ ਹਨ। ਅਸਲ ਵਿੱਚ ਕੰਮ ਹੀ ਪੂਜਾ ਹੈ, ਕੰਮ ਹੀ ਸਵਰਗ ਹੈ ਅਤੇ ਪੂਜਾ ਕੋਈ ਕੰਮ ਨਹੀਂ।

No comments:

Post a Comment