Monday, April 5, 2010

ਮੋਤੀ ਮੁੜ੍ਹਕੇ ਦੇ

ਮੋਤੀ ਮੁੜ੍ਹਕੇ ਦੇ ਮੰਡੀਏਂ ਪਏ ਰੁਲਦੇ, ਲੱਗੇ ਜਿਣਸਾਂ ਦੇ ਪਏ ਨੇ ਢੇਰ ਬੇਲੀ।
ਅਦਲੀ ਰਾਏ ਦਾ ਦਰ ਹੈ ਬਹੁਤ ਉੱਚਾ, ਨਿਆਂ ਲਈ ਹੈ ਲੱਗਦੀ ਦੇਰ ਬੇਲੀ।
ਚਾਰੇ ਪਾਸੇ ਹੀ ਸ਼ਾਮ ਦਾ ਘੁਸਮੁਸਾ ਹੈ, ਨੇੜਲੇ ਦਿਸੇ ਨਾ ਕਿਤੇ ਸਵੇਰ ਬੇਲੀ।
ਟਿਊਬਾਂ ਜਗਦੀਆਂ ਨੇ ਰਾਜਧਾਨੀਆਂ ਵਿੱਚ, ਬੜਾ ਖੇਤਾਂ ਦੇ ਵਿੱਚ ਹਨੇਰ ਬੇਲੀ।
ਅਸੀਂ ਜੁਗਨੂੰ ਦੀ...
ਅਸੀਂ ਜੁਗਨੂੰ ਦੀ ਲੋਅ ਵਿੱਚ ਰਹੇ ਪੜ੍ਹਦੇ, ਸ਼ੋਰ ਕਪਟ ਦਾ ਮੁੱਦਤਾਂ ਜਰ ਲਿਆ ਹੈ।
ਮਿੱਠੇ ਰੂਹ ਦੇ ਅਸੀਂ ਕਮਾਦ ਤਾਈਂ, ਗਿੱਦੜ ਦੀ ਹਵਾਂਕ ਨਾਲ ਭਰ ਲਿਆ ਹੈ।
ਅਸੀਂ ਵੈਲੀ ਦੀ ਖੰਘ ਤੋਂ ਰਹੇ ਡਰਦੇ, ਬੂਹਾ ਬੰਦ ਸਦੇਹਾਂ ਹੀ ਕਰ ਲਿਆ ਹੈ।
ਕੋਮਲ ਗੰਦਲਾਂ ਜਿਹੇ ਸਾਡੇ ਜ਼ਜ਼ਬਿਆਂ ਨੂੰ, ਲੋਕ ਰਾਜ ਦੇ ਬੋਤੇ ਨੇ ਚਰ ਲਿਆ।
ਮੀਆਂ ਬੀਵੀ ਦਾ...
ਮੀਆਂ ਬੀਵੀ ਦਾ ਇੱਥੇ ਨਾ ਜੋੜ ਕੋਈ, ਥਿਆਏ ਖੰਡ ਦ ਖੇਡਣੇ ਮੂਰਿਆਂ ਨੂੰ।
ਕਿਵੇਂ ਭੇਤ ਜ਼ਮਾਨੇ ਦਾ ਪਾਉਣਗੇ ਉਹ, ਜਿਹੜੇ ਅੱਧੇ ਹੀ ਦੱਸਦੇ ਪੂਰਿਆਂ ਨੂੰ।
ਮਕਸਦ ਜ਼ਿੰਦਗੀ ਦਾ ਕੁਝ ਵੀ ਪਤਾ ਹੈ ਨਹੀਂ, ਇੱਥੇ ਵਿਹਲੜਾਂ ਤੇ ਖਾਣ ਸੂਰਿਆਂ ਨੂੰ।
ਮਿਹਨਤਕਸ਼ ਨੂੰ ਇੱਥੇ ਨਾ ਮਿਲੇ ਰੋਟੀ, ਸੇਠ ਬਿਸਕੁਟ ਪਾਉਣ ਕਤੂਰਿਆਂ ਨੂੰ
ਸਦਾ ਝੂਠ ਦੀ...
ਸਦਾ ਝੂਠ ਦੀ ਰਹੀ ਦੁਕਾਨ ਫਲਦੀ, ਕਾਲੇ ਕਾਂ ਕਹਿੰਦੇ ਹੁੰਦੇ ਰਹੇ ਬੱਗੇ।
ਸਾਥੋਂ ਦਸਵੇਂ ਦਸੌਂਧ ਦੀ ਮੰਗ ਕਰਦੇ, ਕਹਿੰਦੇ ਫਲੂਗਾ ਸੱਤਰ ਗੁਣਾ ਅੱਗੇ।
ਅਗਲੇ ਜਨਮ ਤੇ ਸੁਰਗ ਦੇ ਲਾਲਚਾਂ ਵਿੱਚ, ਮਿਹਨਤਕਸ਼ ਨੇ ਸਦਾ ਹੀ ਗਏ ਠੱਗੇ।
ਚੋਲੇ ਰੇਸ਼ਮੀ ਬਦਲ ਕੇ ਪਾਉਣ ਭਾਈ, ਪਾਟੇ ਸਿੱਖਾਂ ਦੇ ਗਲਾਂ 'ਚ ਹਨ ਝੱਗੇ।

ਪਾਣੀ ਅੱਗ ਦਾ...
ਪਾਣੀ ਅੱਗ ਦਾ ਵੀ ਇਹਨੂੰ ਆਖਦੇ ਹਨ, ਅਸੀਂ ਵੇਖੀ ਹੈ ਆਬੇ ਹਰਾਮ ਪੀ ਕੇ।
ਸ਼ਰ ਆਬ ਹੈ ਪਾਣੀ ਸ਼ਰਾਰਤਾਂ ਦਾ, ਰੰਗ ਬੱਝ ਜਾਂਦਾ ਦੋ ਕੁ ਜਾਮ ਪੀ ਕੇ।
ਜਿਹੜੇ ਵੇਖਣ ਨੂੰ ਹੁੰਦੇ ਸ਼ਰੀਫ ਬਹੁਤੇ, ਉਹੀਓ ਲੜਦੇ ਵੇਖੇ ਨੇ ਆਮ ਪੀ ਕੇ।
ਮੂਧਾ ਠੀਕਰਾ ਵੱਜਦਾ ਅਕਲ ਉੱਤੇ, ਜਲਦੀ ਜ਼ਿੰਦਗੀ ਦੀ ਢਲੇ ਸ਼ਾਮ ਪੀ ਕੇ।
ਕੰਘੀ ਤੇਰੇ ਵੀ...
ਕੰਘੀ ਤੇਰੇ ਵੀ ਵਾਲਾਂ ਤੋਂ ਤ੍ਰਭਕਦੀ ਹੈ, ਤੇਰੀ ਅੱਖ ਨਾ ਸੁਰਮਾ ਝੱਲਦੀ ਨੀ।
ਗਦਰਾਏ ਜਿਸਮ ਦੀ ਕੋਈ ਵੀ ਮਹਿਕ ਨਾ ਹੁਣ, ਰਾਜ ਮੇਰਿਆਂ ਗੀਤਾਂ ਦਾ ਮੱਲਦੀ ਨੀ।
ਰੋਟੀ ਹੀਰ ਨੇ ਲਿਆ ਉਧਾਲ ਮੈਨੂੰ, ਪੇਸ਼ ਮੇਰੀ ਨਾ ਕੋਈ ਵੀ ਚੱਲਦੀ ਨੀ।
ਘੇਰੀ ਹੋਈ ਸਿਆਸਤ ਹੈ ਕੈਦੋਆਂ ਦੀ, ਪੈਰ-ਪੈਰ 'ਤੇ ਅਸਾਂ ਨੂੰ ਛਲਦੀ ਨੀ।
ਭਾਣਾ ਮੰਨਣ ਦੀਆਂ...
ਭਾਣਾ ਮੰਨਣ ਦੀਆਂ ਹੀ ਨਸੀਹਤਾਂ ਨੇ, ਰੱਖਿਆ ਸਦੀਆਂ ਤਾਈਂ ਗੁਲਾਮ ਸਾਨੂੰ।
ਸਾਡੇ ਧਰਮ ਗੰ੍ਰਥ ਹੀ ਦੱਸਦੇ ਰਹੇ, ਮਾਇਆ ਨਾਗਣੀ ਅਤੇ ਹਰਾਮ ਸਾਨੂੰ।
ਕਿਸਮਤ ਆਸਰੇ ਬੰਦ ਕਰਵਾ ਅੱਖਾਂ, ਸਦਾ ਰਹੇ ਜਪਾਉਂਦੇ ਨੇ ਨਾਮ ਸਾਨੂੰ।
ਆਪ ਮਾਣਦੇ ਨੇ ਸੇਜ ਜ਼ਿੰਦਗੀ ਦੀ, ਕਹਿੰਦੇ ਬੁਰਾ ਹੈ ਲੋਭ ਤੇ ਕਾਮ ਸਾਨੂੰ।
ਕੋਰਾ ਕੋਰਾ ਕੁੱਜਾ...
ਕੋਰਾ-ਕੋਰਾ ਕੁੱਜਾ ਠੰਡਾ ਠਾਰ ਪਾਣੀ, ਸਾਡੇ ਗਲੇ ਅਟਕਦਾ ਜਾਂਵਦਾ ਈ।
ਲੋਕੋ ਵਰਜੋ ਵੇ ਹਾਕਮ ਆਪਣੇ ਨੂੰ, ਇਹ ਕੀਮਤਾਂ ਰੋਜ਼ ਵਧਾਂਵਦਾ ਈ।
ਸਾਡੇ ਖੂਨ 'ਚੋਂ ਕਰ ਕਸ਼ੀਦ ਖੁਸ਼ੀਆਂ, ਇਹ ਆਪਣੇ ਮਹਿਲ ਸਜਾਂਵਦਾ ਈ।
ਆਈਆਂ ਵੇਖ ਨੇੜੇ ਹੁਣ ਫਿਰ ਚੋਣਾਂ, ਸਾਨੂੰ ਲਾਰਿਆਂ ਨਾਲ ਪਰਚਾਂਵਦਾ ਈ।
ਹੀਰ ਆਖਦੀ ਜੋਗੀਆ...
ਹੀਰ ਆਖਦੀ ਜੋਗੀਆ ਝੂਠ ਬੋਲੇਂ, ਹੋਇਆ ਖੇਤ ਨਾ ਅਜੇ ਵੀ ਵੱਤ ਹੈ ਵੇ।
ਜੀਹਨੂੰ ਤੂੰ ਜਮਹੂਰੀਅਤ ਆਖਦਾ ਏਂ, ਇਹ ਤਾਂ ਗੁੰਡਿਆਂ ਦੀ ਸਲਤਨੱਤ ਹੈ ਵੇ।
ਡਾਕੇ, ਕਤਲ ਹੁੰਦੇ ਇੱਥੇ ਦਿਨ ਦੀਵੀਂ, ਲੁੱਟੀ ਕੰਜਕਾਂ ਦੀ ਜਾਂਦੀ ਪੱਤ ਹੈ ਵੇ।
ਲਹੂ ਕਿਰਤੀਆਂ ਦਾ ਵਿਹਲੜ ਪੀ ਜਾਂਦੇ, ਅੰਨ ਦਾਤੇ ਵਿੱਚ ਸਾਹ ਨਾ ਸੱਤ ਹੈ ਵੇ।
ਜੁੜੀਆਂ ਬਾਂਕਾਂ ਨਾ...
ਜੁੜੀਆਂ ਬਾਂਕਾਂ ਨਾ ਬੀਤ ਗਿਆ ਜੋਬਨ, ਰੰਨ ਅੱਡੀਆਂ ਕੂਚਦੀ ਫੌਤ ਹੋ ਗਈ।
ਜੰਤਾ ਕੋਲ ਹਨੇਰੀਆਂ ਖੁਸ਼ਕ ਆਈਆਂ, ਚਿਹਰੇ ਨੇਤਾਵਾਂ ਦੇ 'ਤੇ ਤਰੌਤ ਹੋ ਗਈ।
ਰਿਸ ਰਹੇ ਸ਼ਿਵਾਲੇ ਦੇ ਘੜੇ ਵਾਂਗੂ, ਬੂੰਦ-ਬੂੰਦ ਕਰਕੇ ਸਾਡੀ ਮੌਤ ਹੋ ਗਈ।
ਹੈ ਨਹੀਂ ਪੱਥਰਾਂ ਵਿੱਚ ਕੁਝ ਵੀ, ਛੱਡ ਖਹਿੜਾ, ਬੜੀ ਪੀਰਾਂ ਦੀ ਮੰਨ ਮੰਨੌਤ ਹੋ ਗਈ।
ਅਕਸਰ ਜ਼ਿੰਦਗੀ ਵਿੱਚ...
ਅਕਸਰ ਜ਼ਿੰਦਗੀ ਵਿੱਚ ਨੇ ਪਛੜ ਜਾਂਦੇ, ਜਿਹੜੇ ਹੁੰਦੇ ਨੇ ਲੇਟ ਲਤੀਫ ਪਿਆਰੇ।
ਖੁਦ 'ਤੇ ਕਿਸੇ ਦੀ ਕਾਠੀ ਪੁਆ ਲੈਂਦੇ, ਲੋੜੋਂ ਵੱਧ ਜੋ ਹੁੰਦੇ ਸ਼ਰੀਫ ਪਿਆਰੇ।
ਕਰ ਰਿਹਾ ਉਹ ਅਸਲ ਖੁਦਕਸ਼ੀ ਹੁੰਦਾ, ਕਰਦਾ ਆਪਣੀ ਆਪ ਜੋ ਤਾਰੀਫ ਪਿਆਰੇ।
ਬਿਨ੍ਹਾਂ ਰੀੜ੍ਹ ਦੀ ਹੱਡੀ, ਖੁਸ਼ਾਮਦੀ ਹੀ, ਆਪਣੇ ਮਹਿਕਮੇ ਦੇ ਬਣਦੇ ਚੀਫ ਪਿਆਰੇ।
ਫਾਇਦਾ ਭਟਕਣ ਦਾ...
ਫਾਇਦਾ ਭਟਕਣ ਦਾ ਇੱਕ ਤਾਂ ਹੋ ਗਿਐ ਕਿ, ਹੋਏ ਰਸਤਿਆਂ ਦੇ ਜਾਣਕਾਰ ਸੁਆਮੀ।
ਚਿਹਰੇ ਢਕੇ ਮੁਖੌਟਿਆਂ ਨਾਲ ਸਭ ਦੇ, ਕਰਨੀ ਹੈ ਪਛਾਣ ਦੁਸ਼ਵਾਰ ਸੁਆਮੀ।
ਰਿਸ਼ਤੇ ਸਭ ਬਣਾਵਟੀ ਬਣ ਗਏ ਨੇ, ਪਿਆਰ ਬਣ ਗਿਆ ਅੱਜ ਵਿਉਪਾਰ ਸੁਆਮੀ।
ਪਾ ਕੇ ਚਾਦਰਾਂ ਭਗਵੀਆਂ ਰਾਮ ਨੌਮੀ, ਕਰਦੇ ਫਿਰਦੇ ਨੇ ਲੋਕ ਸ਼ਿਕਾਰ ਸੁਆਮੀ।

No comments:

Post a Comment