Wednesday, April 7, 2010

ਸੱਚ ਬੋਲਣਾ ਲਾਜ਼ਮੀ...

ਸੱਚ ਬੋਲਣਾ ਲਾਜ਼ਮੀ ਹੈ ਐਪਰ ਅਸੀਂ ਇੱਥੇ ਜੀਣਾਂ ਵੀ ਹੈ ਜ਼ਰੂਰ ਸਾਥੀ।
ਸੱਚ ਬੋਲਣ ਦੀ ਧੁੰਨ ਵਿੱਚ ਨਹੀਂ ਬਨਣਾ ਅਸੀਂ ਈਸਾ, ਸੁਕਰਾਤ, ਮਨਸੂਰ ਸਾਥੀ।
ਕਬੀਲਦਾਰ ਮਨੁੱਖਾਂ ਦੇ ਲਈ ਨੇ ਹੁੰਦੇ ਥੋੜ੍ਹੇ ਲਚਕਵੇਂ ਕੁਝ ਦਸਤੂਰ ਸਾਥੀ।
ਬਹੁਤਾ ਨੇੜੇ ਨਾ ਦੋਸਤੀ ਵਿੱਚ ਹੋਈਏ, ਐਪਰ ਬਹੁਤਾ ਵੀ ਜਾਈਏ ਨਾ ਦੂਰ ਸਾਥੀ।
ਅਜ਼ੀਬ ਸੁਰਖੀਆਂ ਖਬਰਾਂ...
ਅਜ਼ੀਬ ਸੁਰਖੀਆਂ ਖਬਰਾਂ ਬਨਣ ਲੱਗੀਆਂ, ਛਪਣ ਜ਼ਿਹਨ 'ਚ ਜਿਵੇਂ ਅਖਬਾਰ ਲੱਗੇ।
ਦਿਨੋ ਦਿਨ ਹੋ ਰਹੇ ਹਾਂ ਅਸੀਂ ਹੌਲੇ, ਬੜਾ ਜ਼ਿੰਦਗੀ ਦਾ ਹੁਣ ਤਾਂ ਭਾਰ ਲੱਗੇ।
ਜਦੋਂ ਜੇਬ੍ਹ ਦੇ ਵੱਲ ਧਿਆਨ ਜਾਵੇ, ਖਾਲੀ ਭਰਿਆ ਪਿਆ ਸਾਰਾ ਬਾਜ਼ਾਰ ਲੱਗੇ।
ਮਿਹਨਤਕਸ਼ਾਂ ਦੇ ਘਰੇ ਨਾ ਇੱਕ ਦਾਣਾ, ਜ਼ਖੀਰੇਬਾਜਾਂ ਕੋਲ ਰਹਿਣ ਅੰਬਾਰ ਲੱਗੇ
ਕਬਰ ਆਖਦੀ ਬੰਦੇ...
ਕਬਰ ਆਖਦੀ ਬੰਦੇ ਗੁਮਾਨ ਨਾ ਕਰ, ਮੇਰੇ ਵਿੱਚ ਨੇ ਖਾਸ-ਓ-ਆਮ ਠਹਿਰੇ।
ਤੁਰ ਜਾਂਦੇ ਨੇ ਕਾਫਲੇ ਬੰਦਿਆਂ ਦੇ, ਰਹਿਣ ਰਸਤੇ ਉਵੇਂ ਤਮਾਮ ਠਹਿਰੇ।
ਸ਼ਾਮਾਂ ਲੰਘੀਆਂ ਲੱਖਾਂ ਇਹ ਚਾਹੁੰਦਿਆਂ ਕਿ, ਸਾਡੇ ਕੋਲ ਕੋਈ ਆਣ ਕੇ ਸ਼ਾਮ ਠਹਿਰੇ।
ਰੀਝਾਂ ਸਾਡੀਆਂ ਤੜਪ ਕੇ ਕਹਿੰਦੀਆਂ ਨੇ, ਅਜ਼ਾਦ ਮੁਲਕ ਦੇ ਅਸੀਂ ਗੁਲਾਮ ਠਰਿਰੇ।
ਰਿਸ਼ਵਤ ਦੇ ਕੇ ...
ਰਿਸ਼ਵਤ ਦੇ ਕੇ ਫੇਰ ਬਹਾਲ ਹੁੰਦੇ, ਰਿਸ਼ਵਤਖੋਰ ਜੇਕਰ ਸਸਪੈਂਡ ਹੁੰਦੇ।
ਵਿਆਹ ਤੋਂ ਬਾਅਦ ਵੀ ਤਿਤਲੀਆਂ ਰਹਿਣ ਫੜਦੇ ਵੱਢਣ ਜੋਗੇ ਨੇ ਉਹ ਹਸਬੈਂਡ ਹੁੰਦੇ।
ਯਾਰ-ਮਾਰ ਹੀ ਕਰਨ ਦੀ ਸੋਚਦੇ ਜੋ, ਹੁੰਦੇ ਦੁਸ਼ਮਣ ਉਹ ਕਾਹਦੇ ਫਰੈਂਡ ਹੁੰਦੇ।
ਨੋਟ ਸੌ ਦੇ ਦੋ ਸ਼ਹੀਦ ਹੋ ਜਾਂਦੇ, ਰੋਜ ਰੋਜ ਨਹੀਂ ਵਿਆਹ ਅਟੈਂਡ ਹੁੰਦੇ।
ਲੋਕ ਰਾਜ ਵਿੱਚ...
ਲੋਕ ਰਾਜ ਵਿੱਚ ਰਾਜ ਤਾਂ ਕਰਨ ਸ਼ਾਤਿਰ ਐਵੇਂ ਲੋਕਾਂ ਦਾ ਤਾਂ ਭਾਜੀ ਨਾ ਹੁੰਦੈ।
ਚਿੜੀਆਂ ਘਰ ਵਿੱਚ ਜਿਸ ਤਰ੍ਹਾਂ ਚਿੜੀਆਂ ਲਈ ਐਵੇਂ ਬੇਮਾਲੂਮ ਜਿਹਾ ਥਾਂ ਹੁੰਦੈ।
ਮਨਫੀ ਸਿਆਸਤ 'ਚੋਂ ਪਿਆਰ ਦੇ ਸ਼ਬਦ ਹੁੰਦੇ ਹਿੰਦਸਾ ਨਫਰਤ ਦਾ ਰੋਜ਼ ਜਮ੍ਹਾਂ ਹੁੰਦੈ।
ਰਾਜਨੇਤਾ, ਪ੍ਰੋਹਿਤ ਹੀ ਅਸਲ ਦੇ ਵਿੱਚ ਇੱਥੇ ਸਾਰੀ ਲੁੱਟ ਖਸੁੱਟ ਦੀ ਮਾਂ ਹੁੰਦੈ।
ਆਬੇ ਸ਼ੀਰੀਂ ਹੈ...
ਆਬੇ ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।
ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ ਅਸੀਂ ਰਹਿੰਦੇ ਹਾਂ ਲੱਦ ਪਲੱਦ ਕਰਦੇ।ਸਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ਼ ਮਹਿੰਗਾਈ ਨੇ ਵੱਧ ਕਰਦੇ।ਅਸੀਂ ਦਿਨੋਂ ਦਿਨ ਹੁੰਦੇ ਜਾਈਏ ਬੌਣੇ, ਲੋਟੂ ਮਿਹਨਤਾਂ ਦੇ ਜਾਣ ਕੱਦ ਕਰਦੇ।

No comments:

Post a Comment