Wednesday, April 7, 2010

ਸਮਝ ਆਉਂਦਾ ਹੈ...

ਸਮਝ ਆਉਂਦਾ ਹੈ ਕੁਝ ਇਹ ਨਹੀਂ ਆਉਂਦਾ, ਜ਼ਿੰਦਗੀ ਮੈਅਕਦੇ ਦਾ ਹੈ ਸ਼ੋਰ ਮੀਆਂ।

ਚੁੱਪ, ਸ਼ਾਂਤ ਇਹ ਕਦੇ ਖਾਮੋਸ ਹੁੰਦੀ, ਕਦੇ ਹੋਂਵਦੀ ਬੜੀ ਮੂੰਹ ਜ਼ੋਰ ਮੀਆਂ।

ਉਹ ਬੰਦੇ ਨਾ ਕਦੇ ਵੀ ਰਹਿਣ ਫਾਡੀ, ਜਿਹੜੇ ਸਮਝਦੇ ਸਮੇਂ ਦੀ ਤੋਰ ਮੀਆਂ।

ਇੱਥੇ ਅਸਲੀ ਮੋਰ ਹੀ ਨੱਚ ਸਕਦੇ, ਖੁਰ ਜਾਂਵਦੇ ਮਿੱਟੀ ਦੇ ਮੋਰ ਮੀਆਂ।

ਜਿਹੋ ਜਿਹੀ ਹੋਂਵਦੀ...

ਜਿਹੋ ਜਿਹੀ ਹੋਂਵਦੀ ਹੈ ਕੋਕੋ, ਬੱਚੇ ਉਹੋ ਜਿਹੇ ਹੋਂਵਦੇ ਨੇ ਅਕਸਰ।

ਸਦਾ ਸੱਚ ਹੈ ਰੜੇ ਪਟੱਕ ਰਹਿੰਦਾ, ਝੂਠੇ ਗੱਲ ਲੁਕੋਂਵਦੇ ਨੇ ਅਕਸਰ।

ਜਿਹੜੇ ਸਮੇਂ ਦਾ ਮੌਜੂ ਉਡਾਂਵਦੇ ਨੇ, ਦੇਖੇ ਉਹ ਮੈਂ ਰੋਂਵਦੇ ਨੇ ਅਕਸਰ।

ਕੀਤਾ ਮਾਖੋ ਇਕੱਠਾ ਮਿਹਨਤਾਂ ਦਾ, ਇੱਥੇ ਵਿਹਲੜ ਹੀ ਚੋਂਵਦੇ ਨੇ ਅਕਸਰ।

ਉਲਟੀ ਗੰਗਾ ਪਹੋਏ...

ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ, ਨਿੱਤ ਚੁੰਘਦੀ ਲੇਲੇ ਨੂੰ ਭੇਡ ਇੱਥੇ।

ਕਾਲੇ ਧਨ ਦੇ ਚਿੱਟਿਆਂ ਸਿੱਕਿਆਂ ਦੀ, ਪ੍ਰਗਟ ਹੋਂਵਦੀ ਨਹੀਂ ਹੈ ਖੇਡ ਇੱਥੇ।

ਤਿਆਗੀ ਮਾਇਆ ਦੇ ਕੱਟਣ ਦੇ ਲਈ ਖੀਸੇ, ਰਖਦੇ ਜੇਬ ਦੇ ਵਿੱਚ ਬਲੇਡ ਇੱਥੇ।

ਅੱਗ ਲੱਗੀ ਹੈ ਮੁਲਕ ਦੀ ਸ਼ਾਂਤੀ ਨੂੰ ਕੋਈ ਦਿਸੇ ਨਾ ਫਾਇਰ ਬਰਗੇਡ ਇੱਥੇ।

ਨਿੰਦਿਆ ਸੰਤ ਜੀ...

ਨਿੰਦਿਆ ਸੰਤ ਜੀ ਕਹਿੰਦੇ ਨੇ ਬਹੁਤ ਮਾੜੀ, ਸੰਤ ਨਿੰਦਣ ਤਾਂ ਉਨ੍ਹਾਂ ਨੂੰ ਮਾਫ ਹੈ ਜੀ।

ਖਾਂਦੇ ਗ੍ਰਿਹਿਸਥੀ ਤੋਂ ਉਸੇ ਨੂੰ ਕਹਿਣ ਮਾੜਾ, ਅੰਦਰ ਰਿਝਦੀ ਕੱਢਣ ਨਾ ਭਾਫ ਹੈ ਜੀ।

ਨਿੰਦਕ ਸੰਤ ਦੇ ਨੂੰ ਸੰਤ ਦੇਣ ਗਾਲ੍ਹਾਂ, ਵਿਹਲੜ ਖਾਣ ਚੰਗਾ ਪਹਿਨਣ ਸਾਫ ਹੈ ਜੀ।

ਨੇਤਾ, ਸਾਧ ਇੱਕ ਦੂਜੇ ਦੇ ਹੈਨ ਪੂਰਕ ਕੋਈ ਇਨ੍ਹਾਂ 'ਚ ਨਾ ਇਖਤਲਾਫ ਹੈ ਜੀ।

ਅਸੀਂ ਕੀ ਮੁਸੀਬਤਾਂ...

ਅਸੀਂ ਕੀ ਮੁਸੀਬਤਾਂ ਤੋਂ ਡਰਨਾ, ਸਾਡੇ ਸਿਰਾਂ ਤੋਂ ਲੰਘ ਜਹਾਜ਼ ਜਾਂਦੇ।

ਯਾਰ ਪੁੱਛਦੇ ਹਾਲ ਦਿਲਲਗੀ ਦੇ ਲਈ, ਤੁਰੇ ਜਾਂਦੇ ਨੇ ਦੇ ਆਵਾਜ ਜਾਂਦੇ।

ਲੋਕਾਂ ਤਾਈਂ ਨਸੀਹਤਾਂ ਕਰਨ ਵਾਲੇ, ਖੁਦ ਲਈ ਅਤੇ ਦੇਈ ਦਾਜ ਜਾਂਦੇ।

ਰਿਸ਼ਤੇ ਨਾਤੇ ਸਭ ਤਿੜਕ ਗਏ ਹੁਣ ਲੋਕੀਂ, ਟੁੱਟੇ ਭਾਂਡਿਆਂ ਨੂੰ ਲਾਈ ਪਾਜ ਜਾਂਦੇ।

ਉਨ੍ਹਾਂ ਡੁਬਣਾ ਹੁੰਦਾ...

ਉਨ੍ਹਾਂ ਡੁੱਬਣਾ ਹੁੰਦਾ ਮੰਝਧਾਰ ਦੇ ਵਿੱਚ, ਲੜਦੇ ਰਹਿੰਦੇ ਨੇ ਜਿਹੜੇ ਮਲਾਹ ਦੇ ਨਾਲ।

ਕਰਦੇ ਚੁਗਲੀਆਂ ਲੀਡਰਾਂ ਕੋਲ ਜਾ ਕੇ ਲੈ ਲੈ ਕੇ ਚੁਸਕੀਆਂ ਚਾਹ ਦੇ ਨਾਲ।

ਕੋਈ ਦੱਸ ਦਿਓ ਜਾ ਕੇ ਚਮਚਿਆਂ ਨੂੰ ਲਿਬੜੇ ਰਹਿੰਦੇ ਨੇ ਜਿਹੜੇ ਕੜਾਹ ਦੇ ਨਾਲ।

ਹਸ਼ਰ ਇਨ੍ਹਾਂ ਦਾ ਬੁਰਾ ਹੈ ਇਹ ਸਭ ਤੋਂ ਪਹਿਲਾਂ ਜਾਂਦੇ ਨੇ ਮਾਂਜੇ ਸਵਾਹ ਦੇ ਨਾਲ।

ਗੱਲ ਸੁਨਣ ਦੀ...

ਗੱਲ ਸੁਨਣ ਦੀ ਕਿਸੇ ਨੂੰ ਜਾਚ ਹੈ ਨਹੀਂ, ਕੋਈ ਕਲਾ ਸੁਣਾਉਣ ਦੀ ਜਾਣਦਾ ਨਾ।

ਬੰਦਾ ਬੋਲਦਾ ਰੋਜ਼ ਕੁਝ ਸ਼ਬਦ ਐਸੇ, ਜਿਹੜੇ ਸ਼ਬਦਾਂ ਦੇ ਹੁੰਦਾ ਉਹ ਹਾਣ ਦਾ ਨਾ।

ਪਈ ਅੰਬਰ 'ਤੇ ਪੀਂਘ ਹੈ ਸਤਰੰਗੀ ਇਹਦੇ ਰੰਗਾਂ ਨੂੰ ਕੋਈ ਹੁਣ ਮਾਣਦਾ ਨਾ।

ਲਿਆ ਬੰਦੇ ਨੇ ਫੋਲ ਬ੍ਰਹਿਮੰਡ ਸਾਰਾ ਪਰ ਖੁਦ ਨੂੰ ਅਜੇ ਪਹਿਚਾਣਦਾ ਨਾ।

ਮਨੁੱਖ ਦੀਵੇ ਦੇ...

ਮਨੁੱਖ ਦੀਵੇ ਦੇ ਵਾਂਗ ਹੈ ਬੁਝ ਜਾਂਦਾ, ਕਾਇਮ ਜ਼ਿੰਦਗੀ ਦਾ ਐਪਰ ਕਿਲਾ ਰਹਿੰਦਾ।

ਸਿਰਫ ਨਾਵਾਂ ਅਤੇ ਘਟਨਾਵਾਂ ਦਾ ਇਹ, ਜਾਰੀ ਉਸ ਤਰ੍ਹਾਂ ਹੀ ਸਿਲਸਿਲਾ ਰਹਿੰਦਾ।

ਜੱਗ ਨੂੰ ਮਾਣਦੇ ਸਦਾ ਸਿਰਲੱਥ ਯੋਧੇ, ਐਵੇਂ ਝੂਰਦਾ ਹੈ ਕਮਦਿਲਾ ਰਹਿੰਦਾ।

ਨਿਰਾਸ਼ ਅਤੇ ਦਰਿਦਰੀ ਬੰਦਿਆਂ ਨੂੰ, ਸਦਾ ਦੁਨੀਆਂ ਉੱਤੇ ਹੈ ਗਿਲਾ ਰਹਿੰਦਾ।

ਤਿੰਨ ਸ਼ਬਦ ਹੀ...

ਤਿੰਨ ਸ਼ਬਦ ਹੀ ਬੰਦੇ ਦੇ ਦੱਸ ਦਿੰਦੇ, ਕਿੰਨੇ ਪਾਣੀ 'ਚ ਹੈ ਇਹ ਆਪ ਸਖੀਏ।

ਅਸਲ ਵਿੱਚ ਆਵਾਜ਼ ਹੀ ਹੈ ਹੁੰਦੀ, ਸਾਡੀ ਰੂਹ ਦੀ ਉਘੜਵੀਂ ਛਾਪ ਸਖੀਏ।

ਸਾਡੇ ਸ਼ਬਦ ਸਾਰੇ ਹੋਣੇ ਚਾਹੀਦੇ ਨੇ, ਸੁੰਦਰ ਕਵਿਤਾ ਦਾ ਜਿਵੇਂ ਅਲਾਪ ਸਖੀਏ।

ਚੰਗੀ ਵਾਰਤਕ ਜਿਹੇ ਵੀ ਨਾ ਹੁੰਦੇ, ਕਈ ਤਾਂ ਆਦਮੀ ਹੁੰਦੇ ਸਰਾਪ ਸਖੀਏ।

ਜ਼ਿੰਦਗੀ ਹੈ ਤਾਂ...

ਜ਼ਿੰਦਗੀ ਹੈ ਤਾਂ ਹੋਣਗੇ ਹਾਦਸੇ ਵੀ, ਹੈ ਇਹ ਕਸ਼-ਮ-ਕਸ਼ਾਂ ਦੀ ਭੀੜ ਬਾਬਾ।

ਹਾਥੀ ਆਪਣੀ ਚਾਲ ਨਿੱਤ ਰਹਿਣ ਤੁਰਦੇ, ਪਿੱਛੇ ਭੌਂਕਦੀ ਰਹੇ ਕੁਤ੍ਹੀੜ ਬਾਬਾ।

ਹਰ ਵਕਤ ਖੁਸ਼ਾਮਦਾਂ ਕਰਨ ਜਿਹੜੇ, ਹੁੰਦੀ ਉਨ੍ਹਾਂ ਦੇ ਹੱਡੀ ਨਾ ਰੀੜ੍ਹ ਬਾਬਾ।

ਹੁੰਦਾ ਬੰਦਾ ਉਹ ਕਾਹਦਾ ਹੈ ਜਿਉਣਯੋਗਾ, ਜੋ ਨਾ ਸਮਝੇ ਕਿਸੇ ਦੀ ਪੀੜ ਬਾਬਾ।

ਸ਼ੋਰ ਕਪਟ ਦੇ....

ਸ਼ੋਰ ਕਪਟ ਦੇ ਵਿੱਚ ਕੰਨ ਬੰਦ ਕਰਕੇ, ਅਸੀਂ ਦੇਖ ਅਣਡਿੱਠ ਹਾਂ ਕਰੀ ਜਾਂਦੇ।

ਭਾਣਾ ਮੰਨਣ ਦੇ ਸੁਣ ਉਪਦੇਸ਼ ਇੱਥੇ, ਬਿਨਾ ਆਈ ਤੋਂ ਲੋਕ ਨੇ ਮਰੀ ਜਾਂਦੇ।

ਕਹਿੰਦੇ ਹੋਰ ਤੇ ਕਰਦੇ ਕੁਝ ਹੋਰ ਬਾਬੇ ਖਿੱਚੀ ਖੇਸ ਜਾਂਦੇ ਲਈ ਦਰੀ ਜਾਂਦੇ।

ਕੇਹਾ! ਵਕਤ! ਸ਼ਤੀਰ ਨੇ ਡੁੱਬ ਚੱਲੇ, ਇੱਥੇ ਗਾਡਰ ਨੇ ਲੋਹੇ ਦੇ ਤਰੀ ਜਾਂਦੇ।

ਖੁਦ ਉੱਤੇ ਹਕੂਮਤ....

ਖੁਦ ਉੱਤੇ ਹਕੂਮਤ ਜੋ ਕਰ ਸਕਦੇ, ਕਰਨ ਦੂਜਿਆਂ ਉੱਤੇ ਉਹੀਓ ਰਾਜ ਇੱਥੇ।

ਝੂਠ ਬੋਲਦੇ ਸਦਾ ਕਮਜ਼ੋਰ ਬੰਦੇ ਨਿੱਕੀ ਉਨ੍ਹਾਂ ਦੀ ਹੁੰਦੀ ਪਰਵਾਜ ਇੱੱਥੇ।

ਉੱਚੇ ਕਪਟ ਨਗਾਰੇ ਦੇ ਸ਼ੋਰ ਅੰਦਰ ਸੁਣੇ ਤੂਤੀ ਦੀ ਕੌਣ ਆਵਾਜ਼ ਇੱਥੇ।

ਚੇਲੇ ਸਾਧ ਜੋ ਖੁਦ ਨੇ ਮਨੋਰੋਗੀ, ਕਰਦੇ ਲੋਕਾਂ ਦਾ ਫਿਰਨ ਇਲਾਜ ਇੱਥੇ।

ਕੁਰਸੀ ਦਾ ਇੱਥੇ...

ਕੁਰਸੀ ਦਾ ਹੈ ਇੱਥੇ ਅਨਾਰ ਇੱਕੋ, ਸੌ ਹੋ ਗਿਆ ਦੇਖ ਬਿਮਾਰ ਸਾਥੀ।

ਪੜ੍ਹ ਲਿਖ ਕੇ ਅਸੀਂ ਬੇਕਾਰ ਫਿਰਦੇ, ਅਨਪੜ੍ਹ ਨੇਤਾ ਬਣਾਂਵਦੇ ਕਾਰ ਸਾਥੀ।

ਪੰਡਤ, ਮੌਲਵੀ, ਭਾਈ ਤੇ ਬਾਬਿਆਂ ਦੇ ਨਿੱਤ ਨਵੇਂ ਹੁੰਦੇ ਤਿਉਹਾਰ ਸਾਥੀ।

ਛੇ ਦਿਨ ਠੱਗੀਆਂ ਮਾਰ ਕੇ ਆਖਦੇ ਅੱਜ, ਵਾਹਿਗੁਰੂ ਤੇਰਾ ਸ਼ੁਕਰਵਾਰ ਸਾਥੀ।

ਜੀਹਨੂੰ ਹੋਰ ਨਾ...

ਜੀਹਨੂੰ ਹੋਰ ਨਾ ਦਾਖਲਾ ਮਿਲੇ ਕਿਧਰੇ ਕੋਰਸ ਕਰ ਲੈਂਦਾ ਉਹ ਲਾਅ ਦਾ ਜੀ।

ਰਿਹਾ ਕਿਸੇ ਦਾ ਕੋਈ ਸਟੈਂਡ ਹੈ ਨਾ, ਰੁੱਖ ਦੇਖਦੇ ਸਭ ਹਵਾ ਦਾ ਜੀ।

ਚਟਨੀ ਕਰਨ ਦਾ ਹੱਕ ਵੀ ਖੁੱਸ ਗਿਆ ਏ, ਪਿਆਜ ਬਣ ਗਏ ਰੰਗ ਖੁਦਾ ਦਾ ਜੀ।

ਵਾਰਸ ਸ਼ਾਹ ਦਿਖਾ ਕੇ ਜੱਗ ਤਾਈਂ, ਗੁੜ ਖਾਂਵਦੇ ਹਾਂ ਮਹਿੰਗੇ ਭਾਅ ਦਾ ਜੀ।

ਪੂਰਾ ਹੋ ਨਹੀਂ...

ਪੂਰਾ ਹੋ ਨਹੀਂ ਸਕਿਆ ਦੋਸਤੋ ਜੋ ਉਸ ਅਧੂਰੇ ਖਵਾਬ ਦੀ ਗੱਲ ਕਰੀਏ।

ਢਾਈ ਆਬ ਵੀ ਵੰਡਿਆ ਜਾ ਰਿਹਾ ਹੈ ਅਸੀਂ ਅਜੇ ਪੰਜਾਬ ਦੀ ਗੱਲ ਕਰੀਏ।

ਸਾਂਝੀਵਾਲਤਾ ਦੀ ਸੀ ਪ੍ਰਤੀਕ ਜਿਹੜੀ ਆਓ ਉਸ ਰਬਾਬ ਦੀ ਗੱਲ ਕਰੀਏ।

ਖੜ੍ਹੀ ਸਿਆਸਤ ਹੈ ਲੋਕਾਂ ਦੀ ਗੰਢਿਆਂ 'ਤੇ ਅਸੀਂ ਸੰਸਾਰ ਇਨਕਲਾਬ ਦੀ ਗੱਲ ਕਰੀਏ।

ਹੀਰ ਆਖਦੀ ਜੋਗੀਆ...

ਹੀਰ ਆਖਦੀ ਜੋਗੀਆ ਝੂਠ ਬੋਲੇਂ, ਟੁੱਟੀਆਂ ਸੜਕਾਂ ਨੂੰ ਕੌਣ ਬਣਾਂਵਦਾ ਈ।

ਕਿਧਰੇ ਪਾਣੀ ਦਾ ਨਹੀਂ ਨਿਕਾਸ ਦਿਸਦਾ, ਸਾਡਾ ਪਿੰਡ ਹੀ ਡੁੱਬਦਾ ਜਾਂਵਦਾ ਈ।

ਵੱਡਾ ਸਾਹਿਬ ਵਜ਼ੀਰਾਂ ਦੀ ਧਾੜ ਲੈ ਕੇ, ਸਾਨੂੰ ਭਾਸ਼ਨਾਂ ਨਾਲ ਵਰਾਂਵਦਾ ਈ।

ਲੱਗਾ ਫੋਕਲ ਪੁਆਇੰਟ ਦਾ ਨੀਂਹ ਪੱਥਰ, ਸਾਨੂੰ ਦੰਦੀਆਂ ਰੋਜ ਚਿੜਾਂਵਦਾ ਈ।

ਜਿੰਮੇਵਾਰ ਸਮਾਨ ਦੀ...

ਜਿੰਮੇਵਾਰ ਸਮਾਨ ਦੀ ਖੁਦ ਹੁੰਦੀ, ਪਤਾ ਲੱਗਾ ਨਾ ਅਜੇ ਸਵਾਰੀਆਂ ਨੂੰ।

ਲਾਂਘੇ ਘਰਾਂ ਦੇ ਲੰਘਣੇ ਹੋਏ ਔਖੇ, ਹੁਣ ਛੱਡ ਦੇਈਏ ਵੈਲਦਾਰੀਆਂ ਨੂੰ।

ਭੁੱਖ ਕੁਰਸੀ ਦੀ ਲੈ ਗਈ ਕਿੱਥੇ ਦੇਖੋ ਵੋਟਾਂ ਦੇ ਇਨ੍ਹਾਂ ਜੁਆਰੀਆਂ ਨੂੰ।

ਥੋਡੀ ਖੇਡ ਨੇ ਬੱਚੇ ਵਿਗਾੜ ਦਿੱਤੇ ਜਾ ਕੇ ਦੱਸੋ ਸਿਆਸੀ ਮਦਾਰੀਆਂ ਨੂੰ।

ਚੜ੍ਹ ਆਈਆਂ ਸ਼ਾਮ....

ਚੜ੍ਹ ਆਈਆਂ ਸ਼ਾਮ ਘਟਾ ਮਿੱਤਰਾ, ਰੂਹ ਭਿੱਜੀ ਨਹੀਂ ਸਿਰਫ ਸਰੀਰ ਭਿੱਜਿਆ।

ਡਰ ਲਗਦੈ ਟੁੱਟ ਕੇ ਡਿੱਗ ਨਾ ਪਏ, ਛੱਤ ਚਿਉਂਦੀ ਹੈ ਅਤੇ ਸ਼ਤੀਰ ਭਿੱਜਿਆ।

ਕੋਈ ਭੈਣ ਹੁਣ ਦੂਰੋਂ ਆਖਦੀ ਨਹੀਂ, ਆਉਂਦਾ ਬੋਤੇ ਉੱਤੇ ਮੇਰਾ ਵੀਰ ਭਿੱਜਿਆ।

ਮਹਿਲਾਂ ਵਾਲੇ ਆਨੰਦ ਪਏ ਮਾਣਦੇ ਨੇ, ਬਿਨਾਂ ਛਤਰੀ ਦੇ ਰਾਹਗੀਰ ਭਿੱਜਿਆ।

ਜੋ ਨਹੀਂ ਸੱਚ...

ਜੋ ਨਹੀਂ ਸੱਚ ਦਾ ਸਾਹਮਣਾ ਕਰ ਸਕਦੇ, ਉਹੀਓ ਲੋਕ ਨੇ ਕਰਦੇ ਸ਼ਰਮ ਸਾਈਂ।

ਸੱਚ ਮੰਨਣ ਦੀ ਜਿਨ੍ਹਾਂ ਵਿੱਚ ਹੋਏ ਜੁਰਅੱਤ, ਫੋਕੇ ਪਾਲਦੇ ਨਹੀਂ ਉਹ ਭਰਮ ਸਾਈਂ।

ਜਿਹੜੇ ਲੋਕ ਸਮਾਜ ਦੀ ਕਰਨ ਸੇਵਾ, ਵੱਡਾ ਇਸ ਤੋਂ ਨਹੀਂ ਕੋਈ ਧਰਮ ਸਾਈਂ।

ਅਸੀਂ ਖੁਦ ਖੁਦਾ ਬਣ ਦੇਖਦੇ ਹਾਂ, ਕਰਦੇ ਜਿਹੜੇ ਵੀ ਅਸੀਂ ਹਾਂ ਕਰਮ ਸਾਈਂ।

ਸ਼ੀਰੀਂ ਆਖਦੀ ਸੁਣ....

ਸ਼ੀਰੀਂ ਆਖਦੀ ਸੁਣ ਫਰਿਹਾਦ ਪਿਆਰੇ! ਤੇਸੇ ਨਾਲ ਨਾ ਕੱਟੇ ਪਹਾੜ ਜਾਣੇ।

ਠੇਕਾ ਹੋਊਗਾ ਟੈਂਡਰਾਂ ਨਾਲ ਇਹਦਾ, ਅੱਧੇ ਅਫਸਰਾਂ ਨੇ ਪੈਸੇ ਚਾੜ੍ਹ ਜਾਣੇ

ਨਹਿਰ ਕਾਗਜਾਂ ਵਿੱਚ ਹੀ ਜਾਊ ਪੁੱਟੀ, ਵਿੱਚ ਕਾਗਜਾਂ ਹੀ ਪੂਰੇ ਪਾੜ ਜਾਣੇ।

ਕਿਵੇਂ ਲੇਲਿਆਂ ਨੂੰ ਖੁਸ਼ ਕਰੀਦਾ ਹੈ, ਸਾਡੇ ਮੁਲਕ ਵਿੱਚ ਖੂਬ ਬਘਿਆੜ ਜਾਣੇ।

ਜਿੱਥੇ ਚੂਹਿਆਂ ਦੀ...

ਜਿੱਥੇ ਚੂਹਿਆਂ ਦੀ ਲੋਕੀ ਕਰਨ ਪੂਜਾ ਅਤੇ ਲੱਛਮੀ ਦੀ ਉੱਲੂ ਸਵਾਰੀ ਹੈ ਜੀ।

ਜਿੱਥੇ ਅਗਲੇ ਜਨਮ ਦੇ ਫਿਕਰ ਅੰਦਰ ਇਸ ਜਨਮ ਦੀ ਹੁੰਦੀ ਖਵਾਰੀ ਹੈ ਜੀ।

ਜਿੱਥੇ ਤਿੰਨ ਕਰੋੜ ਨੇ ਸਾਧ ਵਿਹਲੜ, ਪ੍ਰਦੂਸ਼ਣ ਰੋਜ਼ ਫੈਲਾਉਂਦੇ ਪੁਜਾਰੀ ਹੈ ਜੀ।

ਅੱਧੀ ਅਰਬ ਜਿੱਥੇ ਅਨਪੜ੍ਹ ਹੈ ਜਨਤਾ, ਭਾਰਤ ਵਰਸ਼ ਉਹ ਭੂਮੀ ਨਿਆਰੀ ਹੈ ਜੀ।

ਸੱਚਮੁੱਚ ਜੋ ਨੇਕ...

ਸੱਚਮੁੱਚ ਜੋ ਨੇਕ ਇਨਸਾਨ ਹੁੰਦੇ, ਕਦੇ ਨੰਗੇ ਦਾ ਪਰਖਦੇ ਕੱਜ ਹੈ ਨਹੀਂ।

ਭੁੱਖੀ ਮਹਿੰ ਨੂੰ ਹੁੰਦੀ ਹੈ ਖਿੱਪ ਧਾਮਣ, ਭੁੱਖੀ ਬੱਕਰੀ ਦਾ ਹੁੰਦਾ ਰੱਜ ਹੈ ਨਹੀਂ।

ਜਿਹੜੇ ਪਿੰਡ ਦੀ ਹੋਵੇ ਪੰਚਾਇਤ ਮਾੜੀ ਉੱਥੇ ਸਾਊਆਂ ਦੇ ਰਹਿਣ ਦਾ ਹੱਜ ਹੈ ਨਹੀਂ।

ਸਦਾਚਾਰ ਨਹੀਂ ਜਿਹੜੇ ਸਮਾਜ ਅੰਦਰ ਉਹ ਕੱਲ੍ਹ ਵੀ ਨਹੀਂ ਤੇ ਅੱਜ ਹੈ ਨਹੀਂ।

ਭ੍ਰਿਸ਼ਟਾਚਾਰ ਦੀ ਭਰੀ...

ਭ੍ਰਿਸ਼ਟਾਚਾਰ ਦੀ ਭਰੀ ਹੈ ਨਦੀ ਵਗਦੀ, ਇੱਥੇ ਨਹਾਉਣ ਦਾ ਕੋਈ ਵੀ ਪੁੰਨ ਨਾ ਵੇ।

ਪੰਡ ਟੈਕਸਾਂ ਦੀ ਪਹਿਲਾਂ ਬਹੁਤ ਭਾਰੀ, ਬੱਸ ਕਰ ਨਾਈਆ ਹੋਰ ਮੁੰਨ ਨਾ ਵੇ।

ਜੌਂ ਉਗਣਹਾਰੇ ਸਾਡੇ ਜਜ਼ਬਿਆਂ ਦੇ ਮਹਿੰਗਾਈ ਦੀ ਭੱਠੀ ਵਿੱਚ ਭੁੰਨ ਨਾ ਵੇ।

ਜ਼ਿੰਦਗੀ ਰਹਿਣ ਦੇ ਰਤਾ ਕੁ ਜਿਉਣ ਜੋਗੀ, ਲਾਹ ਸਾਰੀ ਦੀ ਸਾਰੀ ਹੀ ਹੁਣ ਉੱਨ ਨਾ ਵੇ।

ਲੋਕ ਇਨ੍ਹਾਂ ਦੇ...

.ਲੋਕ ਇਨ੍ਹਾਂ ਦੇ ਤਾਈਂ ਨੇ ਭਗਤ ਕਹਿੰਦੇ ਇੱਕ ਲੱਤ ਦੇ ਉੱਤੇ ਹੀ ਖੜ੍ਹਨ ਬਗਲੇ।

ਡੱਡਾਂ ਖਾਣੀਆਂ ਸ਼ੌਕ ਹੈ ਮਨ ਭਾਉਂਦਾ ਉਂਜ ਮੱਛੀਆਂ ਤਾਈਂ ਵੀ ਫੜਨ ਬਗਲੇ।

ਡੱਡਾਂ ਮੱਛੀਆਂ ਖਾਣ ਦਾ ਦੋਸ਼ ਐਪਰ ਸਦਾ ਹੰਸਾਂ ਦੇ ਉੱਤੇ ਹੀ ਮੜ੍ਹਨ ਬਗਲੇ।

ਪਾ ਕੇ ਚਿੱਟਾ ਲਿਬਾਸ ਇਹ ਭਗਤ ਦੇਖੋ ਸੁਬ੍ਹਾ ਉੱਠ ਕੇ ਪੋਥੀਆਂ ਪੜ੍ਹਨ ਬਗਲੇ।

ਗਿੱਦੜ ਵਿੱਚ ਕਮਾਦ...

ਗਿੱਦੜ ਵਿੱਚ ਕਮਾਦ ਹਵਾਂਕਦੇ ਨੇ, ਖੇਤ ਆਪਣੇ ਤਾਈਂ ਹੁਣ ਵਾੜ ਕਰੀਏ।

ਲੰਘੇ ਜਿਨ੍ਹਾਂ ਵਿੱਚੋਂ ਪੌਣ ਦੁਸ਼ਮਣੀ ਦੀ, ਬੰਦ ਮਨਾਂ ਦੇ ਸਾਰੇ ਕਵਾੜ ਕਰੀਏ।

ਰਜਾਈ ਕਦਰਾਂ ਦੀ ਪਹਿਲਾਂ ਹੀ ਹੈ ਬੋਦੀ, ਇਹ ਨੂੰ ਹੋਰ ਨਾ ਐਵੇਂ ਭਰਾੜ ਕਰੀਏ।

ਫੇਰ ਮਨ ਦੀ ਕੱਢ ਭੜਾਸ ਲਾਂਗੇ, ਪਹਿਲਾਂ ਬਹਿਣ ਦਾ ਕਿਤੇ ਜੁਗਾੜ ਕਰੀਏ।

ਦੱਬੜੂ ਘੁਸੜੂ ਦੇ...

ਦੱਬੜੂ ਘੁਸੜੂ ਦੇ ਨਾਲ ਨਹੀਂ ਕੰਮ ਚੱਲਣਾ ਇੰਜ ਕਰ ਬੇਤਰਤੀਬ ਨਾ ਜ਼ਿੰਦਗੀ ਨੂੰ।

ਇਹਦੇ ਵਿੱਚ ਅਮੀਰੀਆਂ ਬਹੁਤ ਛੁਪੀਐਂ, ਐਵੇਂ ਸਮਝ ਗਰੀਬ ਨਾ ਜ਼ਿੰਦਗੀ ਨੂੰ।

ਇਹ ਹੈ ਤੇਰੀ ਪਿਆਰੀ ਮਹਿਬੂਬ ਚੰਨਾ, ਕਿਹਾ ਕਰ ਰਕੀਬ ਨਾ ਜ਼ਿੰਦਗੀ ਨੂੰ।

ਸੰਜਮ, ਸਹਿਜ, ਪਿਆਰ ਜੇ ਕੋਲ ਹੋਵੇ, ਮਿਲਦੀ ਕਦੇ ਸਲੀਬ ਨਾ ਜ਼ਿੰਦਗੀ ਨੂੰ

ਡਰਦੇ ਲੋਕ ਨੇ...

ਡਰਦੇ ਲੋਕ ਨੇ ਸਦਾ ਇਕਾਂਤ ਕੋਲੋਂ, ਫਿਰਦੇ ਭਾਲਦੇ ਗਾਲੜੀ ਬੰਦਿਆਂ ਨੂੰ।

ਨਵੇਂ ਕੰਮਾਂ ਤੋਂ ਸਦਾ ਹੀ ਰਹਿਣ ਡਰਕੇ, ਛੱਡਦੇ ਨਹੀਂ ਪੁਰਾਣੇ ਧੰਦਿਆਂ ਨੂੰ।

ਨਹੀਂ ਚੱਲਦਾ ਦਿਸਦਾ ਕੰਮ ਜਦ ਤਾਂ, ਲੱਗ ਦੇ ਫਿਰ ਉਗਰਾਹੁਣ ਨੇ ਚੰਦਿਆਂ ਨੂੰ।

ਖੁਦਗਰਜ਼ੀ ਤਿਆਰ ਹੈ ਕਰੀ ਜਾਂਦੀ, ਸਾਡੇ ਗਲਾਂ 'ਚ ਪਾਉਣ ਲਈ ਫੰਦਿਆਂ ਨੂੰ।

ਸਾਡੇ ਮਨਾ 'ਚ...

ਸਾਡੇ ਮਨਾ 'ਚ ਪਸਰਿਆ ਹੈ ਸੋਕਾ, ਮਾਰਚ, ਜੂਨ ਹੋਵੇ ਭਾਵੇਂ ਮਈ ਹੋਵੇ।

ਕੋਈ ਪਾਰਟੀ ਅਜੇ ਤੱਕ ਬਣੀ ਹੈ ਨਹੀਂ, ਸਾਰ ਜਿਸ ਨੇ ਲੋਕਾਂ ਦੀ ਲਈ ਹੋਵੇ।

ਭੇਡ, ਬੱਕਰੀ ਸਮਝ ਕੇ ਵੋਟਰਾਂ ਨੂੰ, ਨੇਤਾ ਆਉਂਦੇ ਨੇ ਜਿਵੇਂ ਝਟਕਈ ਹੋਵੇ।

ਸਾਡੀ ਧੌਣ 'ਤੇ ਪੰਜਾ ਹੈ ਸਦਾ ਰਹਿਣਾ, ਕਾਂਗਰਸ ਆਈ ਹੋਵੇ ਭਾਵੇਂ ਗਈ ਹੋਵੇ।

ਆਪਣੇ ਆਪ 'ਤੇ...

ਆਪਣੇ ਆਪ 'ਤੇ ਹੀ ਤਰਸ ਆਉਣ ਲੱਗੇ ਐਨਾ ਹੋਵੇ ਨਾ ਕੋਈ ਮਜ਼ਬੂਰ ਸਾਈਂ।

ਔਖਾ ਪਰਤਣਾ ਸ਼ਾਮ ਨੂੰ ਘਰੇ ਹੋ ਜੇ ਐਨਾ ਘਰੋਂ ਵੀ ਜਾਈਏ ਨਾ ਦੂਰ ਸਾਈਂ।

ਬੰਦਾ ਦੇਖ ਹਰਿੱਕ ਨਾ ਧਿੱਜ ਜਾਈਂ ਬੰਦਾ ਹੋ ਗਿਐ ਬੜਾ ਕਰੂਰ ਸਾਈਂ।

ਜਦੋਂ ਮੋਹ ਮੁਹੱਬਤਾਂ ਸੀ ਕਿਧਰੇ ਹੋ ਗਈ ਉਹ ਰੁੱਤ ਕਾਫੂਰ ਸਾਈਂ।

ਭੁੱਖ ਨੰਗ ਦੇ...

.ਭੁੱਖ ਨੰਗ ਦੇ ਹੁੰਦੇ ਨੇ ਨਾਮ ਤਿੰਨੇ ਲੁੱਚਾ, ਭੜੂਆ ਅਤੇ ਬੇਈਮਾਨ ਮੀਆਂ।

ਪੈਸੇ ਵਾਲਿਆਂ ਵਿੱਚ ਐਬ ਹੋਣ ਕਿੰਨੇ ਉਹ ਵੀ ਬਣਦੇ ਉਨ੍ਹਾਂ ਦੀ ਸ਼ਾਨ ਮੀਆਂ।

ਨੇਤਾ, ਸਾਧ ਨਾ ਜੇਕਰ ਝੂਠ ਬੋਲਣ, ਬੰਦਾ ਹੁੰਦਾ ਹੈ ਬੜਾ ਹੈਰਾਨ ਮੀਆਂ।

ਮਹਿੰਗੀ ਹੁੰਦੀ ਹੈ ਜ਼ਿੰਦਗੀ ਰੋਜ਼ ਇੱਥੇ ਸਸਤਾ ਹੁੰਦਾ ਹੈ ਰੋਜ਼ ਇਨਸਾਨ ਮੀਆਂ।

ਕਈ ਸੰਤ ਵੀ...

ਕਈ ਸੰਤ ਵੀ ਬਣ ਗਏ ਐਮ.ਐਲ.ਏ., ਝੰਡੀ ਵਾਲੀ ਹੈ ਕਈਆਂ ਨੂੰ ਕਾਰ ਮਿਲ ਗਈ।

ਲਿਆ ਆਪਣਾ ਜਨਮ ਸੰਵਾਰ ਉਨ੍ਹਾਂ, ਐਸ਼-ਓ-ਇਸ਼ਰਤ ਬੇਸ਼ੁਮਾਰ ਮਿਲ ਗਈ।

ਕਾਬਜ਼ ਸੱਤਾ 'ਤੇ ਹੋਣ ਦੀ ਲਾਲਸਾ ਸੀ, ਜਿਹੜੀ ਬਾਬਿਆਂ ਨੂੰ ਆਖਰਕਾਰ ਮਿਲ ਗਈ।

ਸੁਹੇਲੇ ਲੋਕ ਪਰਲੋਕ ਹੋ ਗਏ ਦੋਵੇਂ, ਨਾਲੇ ਨੂਰ ਮਿਲਿਆ ਨਾਲੇ ਨਾਰ ਮਿਲ ਗਈ।

ਸਾਧ ਬਣ ਕੇ....

ਸਾਧ ਬਣ ਕੇ ਸਾਂਭ ਲੈ ਕੋਈ ਡੇਰਾ, ਤਕੜਾ ਨਾਲ ਇੱਕ ਤੇਰੇ ਗੜਵਈ ਹੋਵੇ।

ਚਾਰ ਲਾਈਂ ਮੁਰੀਦ ਪ੍ਰਚਾਰ ਉੱਤੇ, ਪੀਰ ਪੀਰ ਦੇਖੀਂ ਕਿਵੇਂ ਪਈ ਹੋਵੇ।

ਕਿਲੋ ਛਾਣ ਕੇ ਕੋਲ ਸੁਆਹ ਰਖੀਂ, ਪੁੜੀ ਦੇਈਂ ਕੈਂਸਰ ਭਾਵੇਂ ਖਈਂ ਹੋਵੇ।

ਭੀੜ ਹੀਰਾਂ ਦੀ ਰਹੂ ਚੁਫੇਰ ਤੇਰੇ, ਭਾਵੇਂ ਫਰਵਰੀ ਤੇ ਭਾਵੇਂ ਮਈ ਹੋਵੇ।

ਹੀਰ ਆਖਦੀ ਮੇਰੇ...

ਹੀਰ ਆਖਦੀ ਮੇਰੇ ਹੁਣ ਚਾਕ ਨੇ ਨੀ, ਖੋਲ੍ਹੀ ਕੋਤਰੀ ਨਵੀਂ ਗਪੌੜਿਆਂ ਦੀ।

ਸਾਧ ਬਣ ਕੇ ਟਿੱਲੇ 'ਤੇ ਕਰੇ ਮੌਜਾਂ ਲਾਈਨ ਲੱਗੀ ਹੈ ਮਾਇਆ ਦੇ ਤੌੜਿਆਂ ਦੀ।

ਮੱਝਾਂ ਛੱਡ ਕੇ ਬੰਦੇ ਉਹ ਚਾਰਦੈ ਹੁਣ ਦੱਸਾਂ ਸਿਫਤ ਕੀ ਮੋਢਿਆਂ ਚੌੜਿਆਂ ਦੀ।

ਪਾਠ ਪੜ੍ਹੇ ਪੜ੍ਹਾਏ ਹੈ ਵੇਚ ਦਿੰਦਾ ਹੱਟ ਹੁੰਦੀ ਹੈ ਜਿਵੇਂ ਪਕੌੜਿਆਂ ਦੀ।

ਠੁੰਗ ਉਨ੍ਹਾਂ ਨੂੰ...

ਠੁੰਗ ਉਨ੍ਹਾਂ ਨੂੰ ਸਦਾ ਜਨੌਰ ਮਾਰਨ, ਫਲ ਭਰੇ ਹੁੰਦੇ ਜਿਹੜੇ ਰਸਦੇ ਨੀ।

ਕਈ ਬੰਦੇ ਨੇ ਕਾਕੜੇ ਬੇਰ ਹੁੰਦੇ, ਨਾ ਕੁਝ ਪੁੱਛਦੇ ਅਤੇ ਨਾ ਹੀ ਦੱਸਦੇ ਨੀ

ਸਭਾ ਹੁੰਦੀ ਬੇਜਾਨ ਹੈ ਮੂਰਿਆਂ ਦੀ, ਸਿੰਗ ਵਿਦਵਤਾ ਦੇ ਰਹਿੰਦੇ ਫਸਦੇ ਨੀ।

ਝੱਲਣਾ ਔੜ ਦਾ ਕਦੇ ਸੰਤਾਪ ਪੈਂਦਾ, ਬੱਦਲ ਮਿਹਰਾਂ ਦੇ ਸਦਾ ਨਾ ਵੱਸਦੇ ਨੀ।

ਚੰਨ ਚਾਂਦਨੀ ਰਾਤ...

ਚੰਨ ਚਾਂਦਨੀ ਰਾਤ ਨਾ ਮੂਲ ਚਾਹੁੰਦੇ, ਆਸ਼ਕ ਚੋਰ ਤੇ ਸਾਧ-ਮਹੰਤ ਤਿੰਨੇ।

ਉੱਲੂ, ਉੱਠ ਤੇ ਭੱਸਰਾ ਭੁੱਲ ਕੇ ਵੀ, ਮੀਂਹ ਮੰਗਦੇ ਮੂਲ ਨਾ ਜੰਤ ਤਿੰਨੇ।

ਪੱਤਰਕਾਰ, ਡਰਾਈਵਰ ਤੇ ਉੱਪ ਗ੍ਰਹਿ ਨੇ, ਰਹਿੰਦੇ ਸਫਰ ਦੇ ਵਿੱਚ ਚਲੰਤ ਤਿੰਨੇ।

ਲਾਉਣ ਧਨ ਦੀ ਨਦੀ ਵਿੱਚ ਚੁੱਭੀਆਂ ਜੀ, ਲੀਡਰ ਮੰਤਰੀ, ਗਾਇਕ ਤੇ ਸੰਤ ਤਿੰਨੇ।

ਲਾਈ ਆਪਣੀ ਅੱਗ ਵਿੱਚ ਆਪ ਸੜ ਗਏ, ਇੰਦਰਾਂ ਗਾਂਧੀ, ਰਾਜੀਵ, ਬੇਅੰਤ ਤਿੰਨੇ।

ਥਾਹ ਰੂਹ ਦੀ...

ਥਾਹ ਰੂਹ ਦੀ ਕਿਸ ਤਰ੍ਹਾਂ ਪਾਉਣਗੇ ਉਹ, ਵੇਂਹਦੇ ਪੈਂਟ ਦੀ ਜਿਹੜੇ ਕਰੀਜ਼ ਰਹਿ ਗਏ।

ਹੱਟੇ ਕੱਟੇ ਸਰੀਰ ਨੇ ਬਹੁਤ ਐਥੇ, ਐਪਰ ਮਨ ਦੇ ਬਣ ਕੇ ਲੋਕ ਮਰੀਜ ਰਹਿ ਗਏ।

ਬੂਟੇ ਫਲਣਗੇ ਫੇਰ ਕੁਝ ਸਮਾਂ ਪਾ ਕੇ, ਮਨ ਵਿੱਚ ਨਫਰਤਾਂ ਦੇ ਜੇਕਰ ਬੀਜ ਰਹਿ ਗਏ।

ਜਿਹੜੇ ਲੋਕ ਮੁਸੀਬਤ ਵਿੱਚ ਸਹਿਜ ਰਹਿੰਦੇ, ਕਈ ਇਹੋ ਜੇ ਨੇ ਬੜੀ ਚੀਜ਼ ਰਹਿ ਗਏ।

No comments:

Post a Comment