Sunday, April 18, 2010

ਪਹਿਲੀ ਵਾਰ ਹੀ...

ਪਹਿਲੀ ਵਾਰ ਹੀ ਬਣ ਕੇ ਐਮ.ਐਲ.ਏ.,ਜਿਹੜਾ ਬਣ ਗਿਆ ਵੱਡਾ ਵਜ਼ੀਰ ਹੋਵੇ।

ਓਸ ਬੰਦੇ ਦਾ ਫਿਰ ਦਿਮਾਗ ਜਾਂਦਾ, ਰਾਤੋ ਰਾਤ ਹੀ ਜਿਹੜਾ ਅਮੀਰ ਹੋਵੇ।

ਭਾਈ ਲਾਲੋਆਂ 'ਚੋਂ ਉਹ ਨੂੰ ਮੁਸ਼ਕ ਆਉਂਦਾ, ਜੀਹਦਾ ਭਾਗੋਆਂ ਦੇ ਨਾਲ ਸੀਰ ਹੋਵੇ।

ਇਹੋ ਜਿਹਾ ਨਾ ਕੋਈ ਜਹਾਨ ਅੰਦਰ, ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।

ਤੈਨੂੰ ਲੈ ਗਏ...

ਤੈਨੂੰੰ ਲੈ ਗਏ ਜਿੰਨ੍ਹਾਂ ਨੇ ਦਮ ਤਾਰੇ, ਟਿਕਟੇ ਪੰਥ ਦੀਏ ਕਰਮਾ ਮਾਰੀਏ ਨੀ।

ਐਨ ਮੌਕੇ 'ਤੇ ਆਣ ਕੇ ਸਿੰਘ ਸਜ ਗਏ, ਭਰੂਣ ਹੱਤਿਆ ਦੇ ਵਿਉਪਾਰੀਏ ਨੀ।

ਪੋਸਤ, ਭੁੱਕੀ, ਸ਼ਰਾਬ ਤੇ ਨਸ਼ੇ ਵੰਡ ਕੇ, ਆਖਰ ਜਿੱਤ ਗਏ ਧਰਮਚਾਰੀਏ ਨੀ।

ਸਾਡੇ ਗੁਰਾਂ ਨੇ ਪੰਥ ਤੋਂ ਸਿਰ ਵਾਰੇ, ਅਸੀਂ ਸਿਰਾਂ ਤੋਂ ਪੰਥ ਨੂੰ ਵਾਰੀਏ ਨੀ।

ਹੁਸੀਨ ਆਦਤਾਂ ਦਾ...

ਹੁਸੀਨ ਆਦਤਾਂ ਦਾ ਸੰਗ੍ਰਹਿ ਹੁੰਦਾ, ਹੁਸ਼ਨ ਜਿਵੇਂ ਗੁਲਾਬ ਦਾ ਫੁੱਲ ਬੀਬਾ।

ਖੂਬਸੂਰਤ ਗਦਰਾਏ ਜਿਸਮ ਤੇ ਤਾਂ, ਜਣਾ ਖਣਾ ਹੀ ਜਾਂਦਾ ਹੈ ਡੁੱਲ੍ਹ ਬੀਬਾ।

ਮਹਿਕ ਕਦੇ ਵੀ ਨਹੀਂ ਬਾਜ਼ਾਰ ਵਿਕਦੀ ਹੁੰਦਾ ਹੁਸਨ ਦਾ ਕੋਈ ਨਾ ਮੁੱਲ ਬੀਬਾ।

ਮਿਹਨਤੀ ਖੁਰਦਰੇ ਹੱਥਾਂ ਦੇ ਨਹੀਂ ਸਾਥੀ ਵਿਹਲੜ ਕੋਮਲ ਹੱਥ ਹੁੰਦੇ ਤੁਲ ਬੀਬਾ।

ਕੋਰਾ ਕੋਰਾ ਕੁੱਜਾ...

ਕੋਰਾ ਕੋਰਾ ਕੁੱਜਾ ਠੰਡਾ ਠਾਰ ਪਾਣੀ, ਸਾਡੇ ਗਲੇ ਅਟਕਦਾ ਜਾਂਵਦਾ ਈ।

ਸਰਸਾ ਨਦੀ ਵਗੇ ਭ੍ਰਿਸ਼ਟਾਚਾਰ ਵਾਲੀ ਸਾਨੂੰ ਤਰਨਾ ਮੂਲ ਨਾ ਆਂਵਦਾ ਈ।

ਹਰ ਰੋਜ ਮਹਿੰਗਾਈ ਦੀ ਚਰਖੜੀ 'ਤੇ ਬੰਦ ਬੰਦ ਸਾਡਾ ਕੱਟਿਆ ਜਾਂਵਦਾ ਈ।

ਹਾਕਮ ਵਕਤ ਦਾ ਸਾਡਿਆਂ ਜ਼ਜ਼ਬਿਆਂ ਨੂੰ ਰੋਜ ਨੀਹਾਂ ਦੇ ਵਿੱਚ ਚਿਣਾਂਵਦਾ ਈ।

ਅੱਖਰ ਲਈ ਫਿਰਦੇ...

ਅੱਖਰ ਲਈ ਫਿਰਦੇ ਬਸਤੀ ਮੂਰਿਆਂ ਦੀ, ਦਾਨਸ਼ਿਵਰਾਂ ਨੂੰ ਇੱਥੇ ਕੀ ਥਿਆਊ ਮੀਆਂ।

ਨੰਗੇ, ਭੁੱਖੇ, ਗਰੀਬ ਨੇ ਮੱਤਦਾਤਾ, ਤਾਹੀਏਂ ਇਨ੍ਹਾਂ ਦੀ ਮੱਤ ਵਿਕਾਊ ਮੀਆਂ।

ਰਾਜਨੀਤੀ ਇਹ ਮੌਕਾ ਪ੍ਰਸਤੀਆਂ ਦੀ ਪਤਾ ਨਹੀਂ ਕੀ ਗੁਲ ਖਿਲਾਊ ਮੀਆਂ।

ਨੇਤਾ ਸਿਆਸਤ ਦਾ ਨੇ ਕਰਨ ਵਣਜ ਲੱਗ ਪਏ, ਸਿਆਸਤ ਹੋ ਗਈ ਬੜੀ ਕਮਾਊ ਮੀਆਂ।

ਜਦੋਂ ਜਾਂਦੇ ਨੇ...

ਜਦੋਂ ਜਾਂਦੇ ਨੇ ਘੜੇ 'ਚੋਂ ਮੁੱਕ ਦਾਣੇ, ਸਿੰਘ ਸਭੀਏ ਜਾਂ ਮਹੰਤ ਬਣਦੇ।

ਅਕਾਲੀ ਵਿਗੜ ਕੇ ਬਣਦੇ ਕਾਂਗਰਸੀਏ, ਰਿਸ਼ਵਤਖੋਰ ਨੇ ਉਸ ਉਪਰੰਤ ਬਣਦੇ।

ਜਨਸੰਘੀ ਅਤੇ ਮੁਸਲਿਮ ਲੀਗ ਵਾਲੇ, ਵਿਗੜੇ ਹੋਏ ਜਾਨੂੰਨੀ ਨੇ ਅੰਤ ਬਣਦੇ।

ਮਜ਼ਹਬਾਂ ਵਾਲੇ ਜੋ ਕੁਝ ਵੀ ਬਣ ਜਾਵਣ, ਇਨਸਾਨ ਨਾ ਪਰ ਕਦੰਤ ਬਣਦੇ।

ਆਖਿਰ ਨੇਕੀ ਤੇ...

ਆਖਿਰ ਨੇਕੀ ਤੇ ਬਦੀ ਦੀ ਜਿੱਤ ਹੋਈ, ਦਰਾਵੜ ਸੂਰਮਾ ਆਰੀਅਨਾਂ ਮਾਰ ਦਿੱਤਾ।

ਮਰਿਯਾਦਾ ਪ੍ਰਸ਼ੋਤਮ ਕਹਿਲਾਉਂਦੇ ਇੱਕ ਸ਼ਹਿਜ਼ਾਦੇ, ਮਕਰ, ਝੂਠ ਦਾ ਜਾਲ ਪਸਾਰ ਦਿੱਤਾ।

ਘਰ ਦੇ ਭੇਤੀ ਨੂੰ ਰਾਜ ਦਾ ਲੋਭ ਦੇ ਕੇ, ਲੰਕਾ ਸਾੜ ਦਿੱਤੀ ਰਾਵਣ ਮਾਰ ਦਿੱਤਾ।

ਦਰਾਵੜ ਕੌਮ ਹਰਾ ਕੇ ਬ੍ਰਹਿਮਣਾਂ ਨੇ, ਮਨੂੰ ਸਿਮਰਤੀ ਤਾਈਂ ਪ੍ਰਚਾਰ ਦਿੱਤਾ।

ਗਰਭਵਤੀ ਪਤਨੀ ਉੱਤੇ...

ਗਰਭਵਤੀ ਪਤਨੀ ਉੱਤੇ ਸ਼ੱਕ ਕਰਕੇ, ਘਰੋਂ ਕੱਢ ਕੇ ਮਨੋਂ ਵਿਸਾਰ ਦਿੱਤਾ।

ਹਰੀ ਕੌਮ ਨੂੰ ਕਿਹਾ ਅਛੂਤ, ਸ਼ੂਦਰ, ਉਨ੍ਹਾਂ ਨੂੰ ਕੁੱਤਿਆਂ ਵਾਂਗ ਦੁਰਕਾਰ ਦਿੱਤਾ।

ਪੜ੍ਹਨ ਲੱਗਾ ਸੀ ਇੱਕ ਸ਼ੰਭੂਕ ਸ਼ੂਦਰ, ਉਹਦਾ ਰਾਮ ਨੇ ਕਰ ਸੰਘਾਰ ਦਿੱਤਾ।

ਜਿਵੇਂ ਵਿੱਚ ਗੁਜਰਾਤ ਦੇ ਅੱਗ ਲਾ ਕੇ, ਤੋਹਫਾ ਦੇਸ਼ ਨੂੰ ਸੰਘ ਪਰਿਵਾਰ ਦਿੱਤਾ।

ਭਵਜਲ ਤਰਨ ਦੇ...

ਭਵਜਲ ਤਰਨ ਦੇ ਲਿਖੇ ਸੀ ਗੁਰ ਜਿਸ ਵਿੱਚ, ਪੋਥੀ ਡੁੱਬ ਗਈ ਸੀ ਵਿੱਚ ਪਾਣੀਆਂ ਜੀ।

ਸ਼ਰਧਾਵਾਨਾਂ ਦੇ ਦਿਲਾਂ ਨੂੰ ਠੇਸ ਲੱਗੀ, ਉਨ੍ਹਾਂ ਲੱਭੀ ਬਣਾ ਬਣਾ ਢਾਣੀਆਂ ਜੀ।

ਠੰਢ ਲੱਗੀ ਨਿਮੋਨੀਆਂ ਸਖਤ ਹੋਇਆ, ਲਿਖੀਆਂ ਮੌਤ ਨੇ ਕਈ ਕਹਾਣੀਆਂ ਜੀ।

ਉਹੀਓ ਪੋਥੀ ਫਿਰ ਜਲ ਪ੍ਰਵਾਹ ਕੀਤੀ, ਐਪਰ ਪੜ੍ਹੀਆਂ ਪਹਿਲਾਂ ਕਈ ਬਾਣੀਆਂ ਜੀ।

ਇੱਕਸੁਰਤਾ ਹੈ ਜਦੋਂ...

ਇੱਕਸੁਰਤਾ ਹੈ ਜਦੋਂ ਗੁਆਚ ਜਾਂਦੀ, ਤੁਹਾਡੀ ਆਪਣੇ ਨਾਲ ਵਿਚਾਰ ਅੜਿਆ।

ਤੁਸੀਂ ਖੋਹਲਦੇ ਉਦੋਂ ਜੁਬਾਨ ਤਾਈਂ, ਬੋਲਣ ਲਈ ਹੋ ਜਾਂਦੇ ਤਿਆਰ ਅੜਿਆ।

ਤੇਰੇ ਸਾਹਵੇਂ ਖਾਮੋਸ਼ੀ, ਇਕੱਲ ਦਿੰਦੀ, ਨੰਗਾ ਆਪਾ ਹੈ ਤੇਰਾ ਖਲ੍ਹਾਰ ਅੜਿਆ।

ਉੱਜਲੇ ਸੀਸ਼ੇ ਦੇ ਸਨਮੁੱਖ ਖੜ੍ਹ ਕਿਹੜਾ, ਕਰੇ ਖੁਦ ਨਾਲ ਅਖਾਂ ਚਾਰ ਅੜਿਆ।

ਨਫਰਤ ਅਤੇ ਗਿਲਾਨੀ...

ਨਫਰਤ ਅਤੇ ਗਿਲਾਨੀ ਵਿੱਚ ਫਰਕ ਹੁੰਦਾ, ਕੁਝ ਲੋਕਾਂ ਨੂੰ ਦੇਖ ਕੇ ਘਿਣ ਹੁੰਦੀ।

ਕੁਝ ਲੋਕਾਂ ਦਾ ਆਚਰਨ ਇਸ ਤਰ੍ਹਾਂ ਦਾ ਜਿਵੇਂ ਮੱਖੀਆਂ ਦੀ ਭਿਣ ਭਿਣ ਹੁੰਦੀ।

ਮਿਆਰ ਦੁਸ਼ਮਣੀ ਦੇ ਹੁੰਦੇ ਬਹੁਤ ਉੱਚੇ ਸੱਚੀ ਦੁਸ਼ਮਣੀ ਜਿਵੇਂ ਕਿਣਮਿਣ ਹੁੰਦੀ।

ਝੂਠੀ ਮਿਤਰਤਾ ਸਾਡੇ ਚੁਫੇਰੇ ਪੱਸਰੀ, ਸੱਚੀ ਦੁਸ਼ਮਣੀ ਕਦੇ ਪਲ ਛਿਣ ਹੁੰਦੀ।

ਸਿੱਧਾ ਜ਼ਿੰਦਗੀ ਨਾਲ...

ਸਿੱਧਾ ਜ਼ਿੰਦਗੀ ਨਾਲ ਮਿਲਾ ਅੱਖਾਂ ਬੰਦਾ ਦਿੰਦਾ ਹੈ ਜਦੋਂ ਲਲਕਾਰ ਢਿੱਲੋਂ।

ਨਿੱਕੇ ਬੰਦੇ ਨੂੰ ਵਾਹਣੀ ਇਹ ਪਾਈ ਫਿਰਦੀ, ਮੰਨ ਜਾਂਦੀ ਹੈ ਜ਼ਿੰਦਗੀ ਹਾਰ ਢਿੱਲੋਂ।

ਬਹਾਦਰ ਮਨੁੱਖ ਨੂੰ ਚਾਹੀਦੈ ਪਤਾ ਹੋਣਾ ਚੁਕਣੀ ਕਿਸ ਲਈ ਹੈ ਤਲਵਾਰ ਢਿੱਲੋਂ।

ਸੱਚੀ ਨਫਰਤ ਦੇ ਵੀ ਕੋਈ ਨਾ ਜੇ ਮਿਲੇ ਕਾਬਲ, ਤਾਂ ਦੱਬ ਆਪਣੇ ਦਿਓ ਹਥਿਆਰ ਢਿੱਲੋਂ।

ਪੈਰੀਂ ਰਸਮ ਰਿਵਾਜ...

ਪੈਰੀਂ ਰਸਮ ਰਿਵਾਜ ਦੀਆਂ ਬੇੜੀਆਂ ਨੇ, ਕਿਹੜੇ ਵੇਲੇ ਹਾਂ ਅਸੀਂ ਆਜ਼ਾਦ ਹੁੰਦੇ।

ਕੰਪਿਊਟਰ ਯੁੱਗ ਹੈ ਇਕੀਵੀਂ ਸਦੀ ਆਈ, ਸਾਥੋਂ ਅਜੇ ਪਹਾੜੇ ਨਾ ਯਾਦ ਹੁੰਦੇ।

ਸਾਡੇ ਦੇਸ਼ ਵਿੱਚ ਮਜ਼ਹਬ ਦੇ ਨਾਮ ਉੱਤੇ, ਰਹਿੰਦੇ ਰੋਜ ਹੀ ਦੰਗੇ ਫਸਾਦ ਹੁੰਦੇ।

ਡੇਰਾ ਸਾਧ ਦਾ, ਸੱਟਾ, ਸ਼ਰਾਬ ਠੇਕਾ, ਇਨ੍ਹਾਂ ਪਿੱਛੇ ਨੇ ਘਰ ਬਰਬਾਦ ਹੁੰਦੇ।

ਕੂੰਜਾਂ ਉੱਡ ਗਈਆਂ...

ਕੂੰਜਾਂ ਉੱਡ ਗਈਆਂ ਤੇ ਆ ਗਈ ਕੋਇਲ, ਕੁਹੂ ਕੁਹੂ ਦਾ ਰਾਗ ਅਲਾਪਦੀ ਏ।

ਕਣਕਾਂ ਵੱਢੀਆਂ ਬੂਰ ਪਿਆ ਅੰਬੀਆਂ ਨੂੰ, ਬਨਸਪਤੀ ਪਈ ਧੂਣੀਆਂ ਧਾਪਦੀ ਏ।

ਵਰਖਾ ਰੁੱਤ ਦਾ ਸੈਸ਼ਨ ਏ ਆਉਣ ਵਾਲਾ, ਪੀੜ ਸਾਡੀ ਨਾ ਘਟਦੀ ਜਾਪਦੀ ਏ।

ਬਾਬਰ ਜ਼ੁਲਮ ਦਾ ਦਿੱਲੀਓਂ ਰੋਜ ਚੜ੍ਹਦਾ, ਸਾਡੇ ਵਾਸਤੇ ਜੰਝ ਲੈ ਪਾਪ ਦੀ ਏ।

ਦੇਖੋਂ ਸਾਧ ਵੀ...

ਦੇਖੋਂ ਸਾਧ ਵੀ ਕਿੰਨੇ ਸ਼ੌਕੀਨ ਹੋ ਗਏ, ਡੇਰੀਂ ਡਿਸ਼ ਐਂਟੀਨੇ ਨੇ ਲਾਉਣ ਲੱਗ ਪਏ।

ਡੇਰੇ ਆਉਂਦੀਆਂ ਸੋਹਣੀਆਂ ਤੀਵੀਆਂ ਨੂੰ, ਮੰਗਵੇਂ ਆਟੇ ਦੇ ਲੌਂਗ ਕਰਵਾਉਣ ਲੱਗ ਪਏ।

ਲੱਤਾਂ ਘੁੱਟਣ ਲਈ ਆਪਣੀਆਂ ਬੂਬਨੇ ਇਹ, ਭਰਿੰਡ ਰੰਗੀਆਂ ਤਾਈਂ ਭਰਮਾਉਣ ਲੱਗ ਪਏ।

ਰਾਤੀਂ ਭੀੜ 'ਚ ਕਰਨ ਲਈ ਮਨ ਆਈਆਂ, 'ਖੰਡ ਪਾਠਾਂ ਦੀ ਲੜੀ ਕਰਵਾਉਣ ਲੱਗ ਪਏ

ਢੋਅ ਲਾ ਕੇ...

ਢੋਅ ਲਾ ਕੇ ਨੋਟਾਂ ਦੀਆਂ ਬੋਰੀਆਂ ਸੰਗ, ਤਪ ਕਰਦੇ ਬੈਠ ਵਿੱਚ ਭੋਰਿਆਂ ਦੇ।

ਇਹੋ ਜਿਹੇ ਵੀ ਕਈ ਸੰਤ ਮਹੰਤ ਦੇਖੇ, ਰੱਖਦੇ ਫਰਕ ਵਿੱਚ ਕਾਲਿਆਂ ਗੋਰਿਆਂ ਦੇ।

ਮਨ ਵਿੱਚ ਸੁਖ ਆਨੰਦ ਦੀ ਲਾਲਸਾ ਲੈ ਕੇ ਉੱਤੋਂ ਪਾਉਂਦੇ ਲਿਬਾਸ ਨੇ ਬੋਰਿਆਂ ਦੇ।

ਰੁੱਖੀ ਸੁੱਖੀ ਦਾ ਦੇ ਉਪਦੇਸ਼ ਸਾਨੂੰ ਦੁੱਧ ਪੀਂਦੇ ਨੇ ਨਾਲ ਕਟੋਰਿਆਂ ਦੇ।

ਭੋਰਾ ਛੱਡ ਚੁਬਾਰੇ....

ਭੋਰਾ ਛੱਡ ਚੁਬਾਰੇ ਵਿੱਚ ਜਾ ਬੈਠਾ, ਰੱਖੀਆਂ ਵਿੱਚ ਚੁਬਾਰੇ ਦੇ ਮੋਰੀਆਂ ਨੀ।

ਕਬੂਤਰ ਰੱਖੇ ਚੁਬਾਰੇ ਵਿੱਚ ਸੀ ਜਿਹੜੇ, ਦੂਰ ਛੱਡ ਆਂਦੇ ਭਰ ਕੇ ਵਿੱਚ ਬੋਰੀਆਂ ਨੀ।

ਸਾਰੀ ਉਮਰ ਜੋ ਦੇਖਦਾ ਰਿਹਾ ਰਾਂਝਾ ਉਹ ਭੁੱਲਣ ਨਾ ਸ਼ਕਲਾਂ ਗੋਰੀਆਂ ਨੀ।

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਨੀ।

ਕਿਰਤੀ ਕਿਰਤ ਕਰਕੇ...

ਕਿਰਤੀ ਕਿਰਤ ਕਰਕੇ ਸਦਾ ਰਹਿਣ ਭੁੱਖੇ ਵਿਹਲੇ ਬੈਠੇ ਪਰ ਰੱਜ ਕੇ ਖਾਣ ਚਮਚੇ।

ਕੜਛੀ ਸੜਦੀ ਹੈ ਵਿੱਚ ਪਤੀਲਿਆਂ ਦੇ, ਐਪਰ ਬੁੱਲ੍ਹਾਂ ਦਾ ਲੁਤਫ ਉਠਾਣ ਚਮਚੇ।

ਚਮਚਾਗਿਰੀ ਖੁਸ਼ਾਮਦ ਤੇ ਚੁਗਲੀਆਂ ਨਾਲ, ਉਲਟੀ ਗੰਗਾ ਇਹ ਸਦਾ ਵਹਾਣ ਚਮਚੇ।

ਹਸ਼ਰ ਇਨ੍ਹਾਂ ਦਾ ਹੁੰਦਾ ਹੈ ਸਦਾ ਮਾੜਾ ਪਹਿਲਾਂ ਸਾਰਿਆਂ ਤੋਂ ਮਾਜੇ ਜਾਣ ਚਮਚੇ।

ਮੋਤੀ ਮੁੜ੍ਹਕੇ ਦੇ...

ਮੋਤੀ ਮੁੜ੍ਹਕੇ ਦੇ ਮੰਡੀਏਂ ਪਏ ਰੁਲਦੇ, ਕੋਈ ਚੁੱਕੇ ਨਾ ਜਿਣਸਾਂ ਦੇ ਢੇਰ ਬਾਬਾ।

ਪੈਰਾਂ ਹੇਠ ਰੁਲਦੀ ਮਿਹਨਤ ਦੇਖ ਆਪਣੀ, ਸਾਡੇ ਸੀਨੇ 'ਚੋਂ ਨਿਕਲਦੀ ਲੇਰ ਬਾਬਾ।

ਮਾਂ ਸਮਝ ਕੇ ਅਸੀਂ ਸਰਕਾਰ ਚੁਣੀਏਂ, ਹਰ ਵਾਰ ਹੀ ਬਣੇ ਮਤੇਰ ਬਾਬਾ।

ਟਿਊਬਾਂ ਜਗਦੀਆਂ ਨੇ ਰਾਜਧਾਨੀਆਂ ਵਿੱਚ, ਬੜਾ ਖੇਤਾਂ ਦੇ ਵਿੱਚ ਹਨੇਰ ਬਾਬਾ।

ਜਿੰਨਾ ਚਿਰ ਨਾ...

ਜਿੰਨਾ ਚਿਰ ਨਾ ਜਾਬ੍ਹਾਂ ਦਾ ਭੇੜ ਕਰੀਏ, ਵਕਤ ਵਿਹਲਿਆਂ ਦਾ ਸਾਡਾ ਲੰਘਦਾ ਨਾ।

ਸੰਸਾਰ ਅੰਨ ਸਮੱਸਿਆ ਤੇ ਬਹਿਸ ਕਰੀਏ, ਆਟਾ ਘਰੇ ਭਾਂਵੇਂ ਸਾਡੇ ਡੰਗ ਦਾ ਨਾ।

ਅਸੀਂ ਲੋਕਾਂ ਨੂੰ ਦਿੰਦੇ ਉਪਦੇਸ਼ ਰਹੀਏ, ਕਈ ਮੰਗਦਾ ਭਾਂਵੇਂ ਕੋਈ ਮੰਗਦਾ ਨਾ।

ਸਾਡਾ ਕੰਮ ਵਿਆਖਿਆ ਕਰੀ ਜਾਣਾ, ਪਤਾ ਅਸਾਂ ਨੂੰ ਭਾਵੇਂ ਪ੍ਰਸੰਗ ਦਾ ਨਾ।

ਕੋਈ ਕਿਸੇ ਦੇ...

ਕੋਈ ਕਿਸੇ ਦੇ ਕਹੇ ਨਾ ਸੈਰ ਕਰਦਾ, ਨਾ ਕੋਈ ਆਖੇ ਤੋਂ ਛੱਡੇ ਸ਼ਰਾਬ ਬੰਦਾ।

ਪਤੈ ਮਾੜਾ ਹੈ ਸਿਹਤ ਲਈ ਵੱਧ ਖਾਣਾ, ਫਿਰ ਵੀ ਖਾਂਦਾ ਹੈ ਬੇਹਿਸਾਬ ਬੰਦਾ।

ਘੱਟ ਸੁਲਝਦਾ ਤੇ ਘੱਟ ਸੰਵਰਦਾ ਹੈ, ਅਸਲ ਵਿੱਚ ਹੈ ਬੜਾ ਖਰਾਬ ਬੰਦਾ।

ਜਿਹੜਾ ਸਿੱਖਦਾ ਨਹੀਂ ਕੁਝ ਵੀ ਜ਼ਿੰਦਗੀ ਤੋਂ, ਹੁੰਦਾ ਕਦੇ ਵੀ ਨਹੀਂ ਕਾਮਯਾਬ ਬੰਦਾ।

ਦਾਰੂ ਪੀਣ ਦਾ...

ਦਾਰੂ ਪੀਣ ਦਾ ਬੁਰਾ ਅੰਜ਼ਾਮ ਹੁੰਦੈ, ਅਸੀਂ ਦੇਖੀ ਹੈ ਜੱਗਾਂ ਦੇ ਜੱਗ ਪੀ ਕੇ।

ਇੱਕ ਰੁੱਤ ਜਵਾਨੀ ਦੀ ਅੱਗ ਵਾਲੀ, ਬੰਦਾ ਅੱਗ ਹੀ ਉਗਲਦਾ ਅੱਗ ਪੀ ਕੇ।

ਗੱਲ੍ਹ ਹੁੰਦੀ ਨਾ ਜਿਨ੍ਹਾਂ ਦੀ ਸੁਨਣ ਵਾਲੀ, ਆਖੇ ਉਨ੍ਹਾਂ ਦੇ ਜਾਂਦਾ ਹੈ ਲੱਗ ਪੀ ਕੇ।

ਜੁੱਤੀ, ਘੜੀ ਗੁਵਾਚਣੀ ਆਮ ਗੱਲਾਂ, ਬੰਦਾ ਸੁੱਟ ਵੀ ਆਉਂਦਾ ਪੱਗ ਪੀ ਕੇ।

ਗੱਡੇ ਬਲਦ ਸੱਭ...

ਗੱਡੇ ਬਲਦ ਸੱਭ ਵੇਚ ਕੇ ਖਾ ਛੱਡੇ, ਭਾਂਡੇ, ਟੀਂਡੇ ਵੀ ਵੇਚੇ ਸ਼ਰਾਬੀਆਂ ਨੇ।

ਨਹੀਂ ਹੈ ਸ਼ਰਾਬ ਵਿੱਚ ਗੁਣ ਕੋਈ, ਸੱਭ ਖਰਾਬੀਆਂ ਹੀ ਖਰਾਬੀਆਂ ਨੇ।

ਦਾਰੂ ਅਕਲ ਨੂੰ ਜਿੰਦਾ ਹੈ ਲਾ ਦਿੰਦੀ, ਗੁੰਮ ਜਾਂਦੀਆਂ ਅਕਲ ਦੀਆਂ ਚਾਬੀਆਂ ਨੇ।

ਬੰਦਾ ਨਸ਼ੇ 'ਚ ਬੜਾ ਦਲੇਰ ਹੁੰਦਾ, ਸੋਫੀ ਭੁੱਲਦਾ ਸਭ ਨਵਾਬੀਆਂ ਨੇ।

ਦਾਰੂ ਪੀਣ ਦਾ...

ਦਾਰੂ ਪੀਣ ਦਾ ਨਿਕਲਦੈ ਬੁਰਾ ਸਿੱਟਾ, ਅਸੀਂ ਦੇਖੀ ਹੈ ਘੜੇ ਦੇ ਘੜੇ ਪੀ ਕੇ।

ਜਿਹੜੇ ਆਦਮੀ ਪਰਬਤੋਂ ਹੋਣ ਭਾਰੇ, ਹੌਲੇ ਕੱਖ ਤੋਂ ਹੁੰਦੇ ਨੇ ਬੜੇ ਪੀ ਕੇ।

ਜਿਹੜਾ ਸੋਫੀ ਸਾਊ, ਮਿਲਣਸਾਰ ਹੁੰਦਾ, ਬਿਨਾ ਵਜ੍ਹਾ ਉਹ ਆਦਮੀ ਲੜੇ ਪੀ ਕੇ।

ਦਾਰੂ ਲਹਿੰਦਿਆਂ ਹੀ ਸੁੰਨਸਾਨ ਜਾਪਣ, ਅੰਬਰ ਹੁੰਦੇ ਜੋ ਮੋਤੀਆਂ ਜੜ੍ਹੇ ਪੀ ਕੇ।

ਜੀਵਨ ਜਿੰਨ੍ਹਾਂ ਨੂੰ...

ਜੀਵਨ ਜਿਨ੍ਹਾਂ ਨੂੰ ਰੇਗਿਸਤਾਨ ਲੱਗਦਾ, ਉਹੀਓ ਰਹਿੰਦੇ ਨੇ ਉੱਠ ਤੇ ਚੜ੍ਹੇ ਪੀ ਕੇ।

ਮੰਜੇ ਬਿਸਤਰੇ ਬਿਨਾਂ ਵੀ ਸਰਨ ਲੱਗਦਾ ਸੌਣ ਲੱਗਦੇ ਆਦਮੀ ਰੜੇ ਪੀ ਕੇ।

ਝੜਨਾ ਹੁੰਦਾ ਹੈ ਪੱਤੇ ਪੁਰਾਣਿਆਂ ਨੇ ਪਰ ਪੱਤੇ ਨਵੇਂ ਵੀ ਦੇਖੇ ਨੇ ਝੜੇ ਪੀ ਕੇ।

ਫਸਲ ਸੋਚਾਂ ਦੀ ਸਦਾ ਬਹਾਰ ਉੱਤੇ ਪੈ ਜਾਂਦੇ ਨੇ ਸ਼ਾਮ ਨੂੰ ਗੜ੍ਹੇ ਪੀ ਕੇ।

ਦਿਨੇ ਗਲਤੀਆਂ ਆਦਮੀ...

ਦਿਨੇ ਗਲਤੀਆਂ ਆਦਮੀ ਆਪ ਕਰਦਾ ਦੋਸ਼ ਵਹੁਟੀ ਦੇ ਸਿਰ 'ਤੇ ਮੜ੍ਹੇ ਪੀ ਕੇ।

ਦਾਰੂ ਪੀਣ ਵਾਲਾ ਡਾਵਾਂ ਡੋਲ ਹੁੰਦਾ, ਇੱਕ ਸਟੈਂਡ ਦੇ ਉੱਤੇ ਨਾ ਖੜ੍ਹੇ ਪੀ ਕੇ।

ਗਾਲ੍ਹਾਂ ਕੱਢਦਾ ਅਤੇ ਖਰੂਦ ਕਰਦਾ, ਕਦੇ ਕਦੇ ਉਹ ਸਿਮਰਨਾ ਫੜ੍ਹੇ ਪੀ ਕੇ।

ਗਾਲਿਬ ਜਿਹਾ ਹੈ ਕੋਈ ਮਹਾਨ ਹੁੰਦਾ ਜੋ ਨਾ ਦਾਰੂ ਦੇ ਹੜ੍ਹ ਵਿੱਚ ਹੜ੍ਹੇ ਪੀ ਕੇ।

ਯਾਦਗਾਰ ਨਾ ਬਣੇ...

ਯਾਦਗਾਰੀ ਨਾ ਬਣੇ ਸ਼ਰਾਬੀਆਂ ਦੀ, ਕਦੇ ਲੱਗਣ ਨਾ ਬੁੱਤ ਜੁਆਰੀਆਂ ਦੇ।

ਮਿਹਨਤ ਬਿਨ੍ਹਾਂ ਨਾ ਸੌਰਦਾ ਕੰਮ ਕੋਈ, ਕਿਸਮਤ ਸ਼ਬਦ ਹੁੰਦੇ ਕੌਮਾਂ ਹਰੀਆ ਦੇ।

ਮਾਇਆਂ ਮੰਤਰਾਂ ਨਾਲ ਜੇ ਹੋਏ ਕੱਠੀ, ਮੰਗਦੇ ਫਿਰਨ ਕਿਉਂ ਪੁੱਤ ਮਦਾਰੀਆਂ ਦੇ।

ਭਗਵਾਂ ਪਾ ਮਖੌਟਾ ਨੇ ਜਿਬ੍ਹਾ ਕਰਦੇ ਚਿਹਰੇ ਬੜੇ ਕਰੂਪ ਪੁਜਾਰੀਆਂ ਦੇ।

ਮੂਰਖ ਲੋਕ ਨੇ...

ਮੂਰਖ ਲੋਕ ਨੇ ਸੁੱਖ ਦੀ ਨੀਂਦ ਸੌਂਦੇ, ਨਾਲੇ ਪੈਸਾ ਵੀ ਖੂਬ ਕਮਾਂਵਦੇ ਨੇ।

ਜੋ ਨੇ ਇਸ਼ਕ ਨੂੰ ਸਮਝਦੇ ਮਨੋਰੰਜਨ ਉਹ ਨਾ ਵਿਛੋੜੇ ਦਾ ਦੁੱਖ ਉਠਾਂਵਦੇ ਨੇ।

ਪਸ਼ੂਆਂ ਵਾਂਗ ਉਹ ਜੰਮ ਕੇ ਹੋਣ ਵੱਡੇ, ਬੱਚੇ ਕਰ ਪੈਦਾ ਮਰ ਜਾਂਵਦੇ ਨੇ।

ਜਿਹੜੇ ਲੋਕ ਸਮਾਜ ਦੀ ਫਿਕਰ ਕਰਦੇ ਸੋਹਣਾ ਜੱਗ ਨੂੰ ਉਹੀਉਂ ਬਣਾਂਵਦੇ ਨੇ।

ਹੁਣ ਮੇਰੇ ਇਸ....

ਹੁਣ ਮੇਰੇ ਇਸ ਪਿਆਰੇ ਪੰਜਾਬ ਅੰਦਰ, ਸਾਹ ਲੈਣਾ ਵੀ ਮੁਸ਼ਕਿਲ ਜਾਪਦਾ ਏ।

ਇਸ ਅੱਗ ਤੇ ਧੂਏਂ ਵਿੱਚ ਪੰਛੀਆਂ ਨੂੰ, ਗਾ ਲੈਣਾ ਵੀ ਮੁਸ਼ਕਿਲ ਜਾਪਦਾ ਏ।

ਜ਼ਹਿਰ ਭਰੇ ਇਸ ਧੂਏਂ ਵਿੱਚ ਰੋ ਰੋ ਕੇ, ਦੁਖੀ ਆਦਮੀ ਇਹੀਓ ਅਲਾਪਦਾ ਏ।

ਸਰਕਾਰ ਨਾਂ ਦੀ ਇੱਥੇ ਕੋਈ ਚੀਜ਼ ਹੈ ਨਾ, ਹਰ ਕੋਈ ਸਮਝਦਾ ਰਾਜ ਜਿਉਂ ਬਾਪਦਾ ਏ।

ਰਾਂਝਾ ਆਖਦਾ ਜੋਗਣੇ....

ਰਾਂਝਾ ਆਖਦਾ ਜੋਗਣੇ ਸੱਚ ਆਖਾਂ, ਨੰਗ ਰਹਿਣਗੇ ਸਦਾ ਜੁਆਰੀਏ ਨੀ।

ਉੱਦਮ ਅੱਗੇ ਹੀ ਲਛਮੀ ਨੱਚਦੀ ਹੈ, ਮਿਹਨਤ ਤਾਈਂ ਨਾ ਮਨੋਂ ਵਿਸਾਰੀਏ ਨੀ।

ਮਾਇਆ ਮੰਤਰਾਂ ਨਾਲ ਜੇ ਹੋਏ ਕੱਠੀ ਕਾਹਤੋਂ ਮੰਗਦੇ ਫਿਰਨ ਮਦਾਰੀਏ ਨੀ।

ਵਿਹਲੇ ਰਹਿਣ ਨੇ ਜੱਟਾਂ ਨੂੰ ਨੰਗ ਕੀਤਾ, ਝੋਨਾ ਆ ਕੇ ਲਾਉਣ ਬਿਹਾਰੀਏ ਨੀ।

No comments:

Post a Comment