Wednesday, April 7, 2010

ਕੱਲਾ ਖੇਤ ਨੂੰ...

ਕੱਲਾ ਖੇਤ ਨੂੰ ਜਾਈਂ ਨਾ ਮੱਖਣਾ ਵੇ ਉੱਥੇ ਕਿੱਕਰਾਂ 'ਤੇ ਰਹਿੰਦੀ ਇੱਕ ਹੈ ਕਾਟੋ।

ਕਿੱਕਰ ਤੇਰੇ ਹੈ ਖੇਤ ਵਿਚਕਾਰ ਲੱਗੀ ਤੈਨੂੰ ਕੱਲੇ ਨੂੰ ਜਾਏ ਨਾ ਪੈ ਕਾਟੋ।

ਰਿਹਾ ਗਹਿਣੇ ਤੂੰ ਸਦਾ ਜ਼ਮੀਨ ਕਰਦਾ ਖੇਤ ਤੇਰੇ ਸਭ ਲੈ ਗਈ ਬੈ ਕਾਟੋ।

ਸਾਡੀ ਮਹਿਕ ਚੁਰਾਵਣ ਵਾਲਿਆਂ ਦੀ ਸਦਾ ਫੁੱਲਾਂ 'ਤੇ ਖੇਡਦੀ ਹੈ ਕਾਟੋ।

ਰੋਟੀ ਪਿੱਛੇ ਦੋ....

ਰੋਟੀ ਪਿੱਛੇ ਦੋ ਬਿੱਲੀਆਂ ਲੜਦੀਆਂ ਨੂੰ ਦੇਖ, ਆਣ ਕੇ ਬੈਠਾ ਸੀ ਕੋਲ ਬਾਂਦਰ।

ਪਤਾ ਸਾਰਿਆਂ ਨੂੰ ਕਿਵੇਂ ਕਰ ਗਿਆ ਸੀ ਰੋਟੀ ਸਾਰੀ ਦੀ ਸਾਰੀ ਉਹ ਗੋਲ ਬਾਂਦਰ।

ਵਾਂਗ ਬਿੱਲੀਆਂ ਸਾਨੂੰ ਲੜਾ ਕੇ ਤੇ ਨੇਤਾ ਕਰਦੇ ਰਹਿਣ ਕਲੋਲ ਬਾਂਦਰ।

ਹੱਕ ਸੱਚ ਦੀ ਖੱਟੀ ਕਮਾਈ ਸਾਡੀ ਪੈਰਾਂ ਹੇਠ ਨੇ ਰਹੇ ਮਧੋਲ ਬਾਂਦਰ।

ਦੇਖੋ ਫਿਰਦੇ ਖੇਹ...

ਦੇਖੋ ਫਿਰਦੇ ਖੇਹ ਉਡਾਂਵਦੇ ਨੇ ਕਿੱਦਾਂ ਰੂੜੀਆਂ ਰਹੇ ਫਰੋਲ ਕੁੱਕੜ।

ਜਾਣੇ ਬੰਦੇ ਜਾਂ ਬਿੱਲੀ ਦੇ ਢਿੱਡ ਅੰਦਰ ਕਿੱਦਾਂ ਕਰਦੇ ਫਿਰਨ ਕਲੋਲ ਕੁੱਕੜ।

ਮਾਸਟਰ ਬੱਚੇ ਨੂੰ ਕਹੇ ਬਣ ਜਾਹ ਮੁਰਗਾ, ਬਣ ਜਾਂਦਾ ਹੈ ਉਹ ਅਣਭੋਲ ਕੁੱਕੜ।

ਸਾਨੂੰ ਨੇਤਾ ਸ਼ਿਕਾਰੀਆਂ ਖਾ ਜਾਣਾ ਅਸੀਂ ਸਕਦੇ ਨਹੀਂ ਕੁਝ ਬੋਲ ਕੁੱਕੜ।

ਡੱਡੂ ਜਦੋਂ ਗੜੈਂ...

ਡੱਡੂ ਜਦੋਂ ਗੜੈਂ ਗੜੈਂ ਕਰਨ ਲੱਗਦੇ ਉਦੋਂ ਗਾਉਣਾ ਕਰ ਦਿੰਦੀ ਹੈ ਬੰਦ ਕੋਇਲ।

ਬਿਰਹਾ ਪ੍ਰੀਤਮ ਦੇ ਵਿੱਚ ਹੋ ਗਈ ਕਾਲੀ ਕੁਹੂ- ਕੁਹੂ ਦਾ ਗਾਉਂਦੀ ਏ ਛੰਦ ਕੋਇਲ।

ਅੰਡੇ ਦਿੰਦੀ ਹੈ ਆਹਲਣੇ ਕਾਉਣੀ ਦੇ ਵਿੱਚ ਆਪ ਮਾਣਦੀ ਪਰਮ ਆਨੰਦ ਕੋਇਲ।

ਢੇਡਰ ਕਾਵਾਂ ਦੇ ਛੱਕੇ ਛੁਡਾ ਦੇਵੇ ਤਿਆਗ ਦੇਵੇ ਜੇ “ਜੰਤਾ” ਦਵੰਦ ਕੋਇਲ।

ਤੇਰੇ ਘਰ ਤੱਕ...

ਤੇਰੇ ਘਰ ਤੱਕ ਵੀ ਆ ਜਾਏਗਾ ਇਹ, ਇਹ ਨਾ ਸਮਝ ਕਿ ਭਾਂਬੜ ਦੂਰ ਮਚਦੈ?

ਬਲਦੇ ਸਮੇਂ ਤਾਈਂ ਕੋਈ ਵੀ ਦੇਖਦਾ ਨਹੀਂ, ਕਿੰਨੀ ਦੇਰ ਤੋਂ ਇਹ ਬਾਦਸਤੂਰ ਮਚਦੈ।

ਮੋਤੀ ਮਚ ਕੇ ਬਣ ਮਨੂਰ ਜਾਂਦੈ, ਹੁਣ ਕੀ ਕਰੀਏ ਹੁਣ ਮਨੂਰ ਮਚਦੈ।ਨਾ ਹੀ ਮਚਦੇ

ਹੱਥ ਹਤਿਆਰਿਆਂ ਦੇ, ਨਾ ਹੀ ਹਾਕਮਾਂ ਤੇਰਾ ਗਰੂਰ ਮਚਦੈ।

ਮਾਰੂ ਮੀਂਹ ਦੇ...

ਮਾਰੂ ਮੀਂਹ ਦੇ ਨਾਲ ਨਾ ਤ੍ਰਿਪਤ ਹੁੰਦੇ ਕਦੇ ਅੱਗਾਂ ਦੀ ਲਹੇ ਨਾ ਭੁੱਖ ਮੀਆਂ।

ਟਿੱਡੀ ਦਲ ਨੇਤਾਵਾਂ ਦੇ ਚੱਟ ਜਾਂਦੇ ਹਰੇ ਸੱਚ ਆਚਾਰ ਦੇ ਰੁੱਖ ਮੀਆਂ।

ਪਹਿਲਾਂ ਆਪਣੇ ਦੁੱਖ ਫਰੋਲ ਲੈਂਦਾ ਜਿਸ ਦੇ ਕੋਲ ਜਾ ਕੇ ਰੋਈਏ ਦੁੱਖ ਮੀਆਂ।

ਰਹਿੰਦਾ ਦਿਲ ਹੀ ਸਦਾ ਉਦਾਸ ਹੈ ਜੀ, ਹੋਰ ਚਾਰ ਚੁਫੇਰੇ ਹੈ ਸੁੱਖ ਮੀਆਂ।

ਸੂਰਜ ਚੜ੍ਹਦੈ ਰੋਜ਼...

ਸੂਰਜ ਚੜ੍ਹਦੈ ਰੋਜ਼ ਜਿਉਂ ਲਾਲ ਪੇਂਝੂ, ਹਰ ਦਿਨ ਨਹਾਤਾ ਵਿੱਚ ਖੂਨ ਆਉਂਦੈ।

ਸਾਨੂੰ ਪਤਾ ਨਹੀਂ ਇਨ੍ਹਾਂ ਸਿਆਸਤਾਂ ਦਾ ਸਾਨੂੰ ਦੋਸਤੋ ਕਿਹੜਾ ਕਾਨੂੰਨ ਆਉਂਦੈ।

ਆਮ ਬੰਦੇ ਹਾਂ ਪਤਾ ਨਹੀਂ ਧਰਮ ਕੀ ਹੈ, ਨਾ ਦਿਮਾਗ ਵਿੱਚ ਸਾਡੇ ਜਨੂੰਨ ਆਉਂਦੈ।

ਰੋਜ਼ ਸੁਣਦੇ ਹਾਂ ਥੋਕ ਵਿੱਚ ਦੰਗੇ ਅਮਨ ਆਉਂਦਾ ਤਾਂ ਵਾਂਗ ਪਰਚੂਨ ਆਉਂਦੈ।

ਗਿਰਝਾਂ ਨਾਲ ਵਿਹੜਾ...

ਗਿਰਝਾਂ ਨਾਲ ਵਿਹੜਾ ਐਵੇਂ ਨਹੀਂ ਭਰਿਆ, ਮਰ ਗਈ ਹੈ ਕੋਈ ਉਮੀਦ ਲੱਗਦੀ।

ਸੁੰਨਾ ਮਨ ਹੈ ਕਬਰਿਸਤਾਨ ਬਣਿਆ, ਹੋਈ ਰੁੱਤ ਹੈ ਕੋਈ ਸ਼ਹੀਦ ਲੱਗਦੀ।

ਸਾਡੇ ਗਏ ਨੇ ਚਾਅ ਮੁਰਝਾ ਸਾਰੇ, ਮਹਿਲਾਂ ਵਾਲਿਆਂ ਦੀ ਹੋਈ ਈਦ ਲੱਗਦੀ।

ਰਿਸ਼ਵਤ ਰੋਕਣ ਦੇ ਦਿੱਤੇ ਬਿਆਨ ਸੀ ਜੋ, ਹੋ ਗਈ ਉਨ੍ਹਾਂ ਦੀ ਹੈ ਤਰਦੀਦ ਲੱਗਦੀ।

ਉਦੋਂ ਸਿਆਸਤ ਵਿੱਚ...

ਉਦੋਂ ਸਿਆਸਤ ਵਿੱਚ ਉਹਦੀ ਨਹੀਂ ਥਾਂ ਹੁੰਦੀ, ਨੇਤਾ ਸੱਚ ਦਾ ਜਦੋਂ ਅਵਤਾਰ ਬਣਜੇ।

ਉਹਦੀ ਸ਼ਾਹ ਸਵਾਰੀ ਹੈ ਖਤਮ ਹੁੰਦੀ, ਸਿਆਸਤਦਾਨ ਜਦੋਂ ਪੱਤਰਕਾਰ ਬਣਜੇ।

ਦਾਰੂ ਪੀ ਬੁਲਾਵੇ ਜਦ ਜੱਟ ਬੱਕਰੇ, ਉਦੋਂ ਉਹਦੀ ਜ਼ਮੀਨ ਬੇਕਾਰ ਬਣਜੇ।

ਪਹਿਲਾਂ ਕਿਰਤੀਆਂ ਦੇ ਗਲ ਦਏ ਗੂਠਾ ਜਦੋਂ ਬਾਣੀਆਂ ਦੀ ਸਰਕਾਰ ਬਣਜੇ।

ਸਾਇਕਲ ਨਵੀਂ ਦੇਸਾਇਕਲ ਨਵੀਂ ਦੇ ਚਾਲੀਆਂ ਦਿਨਾਂ ਪਿੱਛੋਂ ਲੋਕ ਰਾਜ ਵਾਂਗੂੰ ਕੁੱਤੇ ਫੇਲ੍ਹ ਹੋ ਗਏ।

ਲੋਹ ਪੁਰਸ਼ ਕੋਈ ਸ਼ੇਰੇ ਪੰਜਾਬ ਕਹਿੰਦਾ, ਜਣੇ ਖਣੇ ਰਣਜੀਤ ਪਟੇਲ ਹੋ ਗਏ।

ਦੇਖੋ ਕਿੰਨਾ ਅਜੀਬ ਹੋ ਗਿਆ ਸਾਨੂੰ, ਕੁਰੱਪਸ਼ਨ ਅਤੇ ਮਹਿੰਗਾਈ ਦੇ ਮੇਲ ਹੋ ਗਏ।

ਬਿੰਬ ਸ਼ਾਇਰੀ ਦੇ ਸਿਮਟ ਕੇ ਦੇਖ ਢਿੱਲੋਂ, ਕਿਵੇਂ ਲੜਕੀਆਂ, ਲੂਣ ਅਤੇ ਤੇਲ ਹੋ ਗਏ।

ਜੇ ਹੈ ਪੈਸੇ ਕਮਾਉਣ...

ਜੇ ਹੈ ਪੈਸੇ ਕਮਾਉਣ ਲਈ ਲਾਲਸਾ ਤਾਂ, ਲਾ ਕੇ ਲਾਟਰੀ ਦਾ ਇੱਕ ਸਟਾਲ ਬਹਿਜਾ।

ਕਿਸਮਤ ਅੰਧ-ਵਿਸ਼ਵਾਸੀ ਨੇ ਲੋਕ ਇੱਥੇ ਕਿਸੇ ਜੋਤਸ਼ੀ ਪੰਡਿਤ ਦੇ ਨਾਲ ਬਹਿਜਾ।

ਦੁਨੀਆਂ ਲੁੱਟਣ ਦੇ ਲਈ ਪਈ ਹੈ ਸਾਰੀ, ਕਿਸੇ ਸਾਧ ਦਾ ਬਣ ਭਿਆਲ ਬਹਿਜਾ।

ਪਾ ਕੇ ਝੂਠ ਦੀ ਦੇਖ ਦੁਕਾਨ ਕੇਰਾਂ, ਹੋਜੂ ਨਦਰੀਂ ਨਦਿਰ ਨਿਹਾਲ ਬਹਿਜਾ।

ਬਿਨਾਂ ਕਾਰਨ ਤੋਂ....

ਬਿਨਾਂ ਕਾਰਨ ਤੋਂ ਹੋਏ ਨਾ ਕੋਈ ਕਾਰਜ, ਰਾਤ ਦਿਨ ਦੇ ਚੱਲ ਨਹੀਂ ਨਾਲ ਸਕਦੀ।

ਸੱਚੇ ਦਿਲੋਂ ਦਿੱਤੀ ਇੱਕ ਹੱਲਾ ਸ਼ੇਰੀ, ਮਾਨਸਿਕ ਰੋਗੀਆਂ ਤਾਈਂ ਉਠਾਲ ਸਕਦੀ।

ਨਿੱਕੀ ਜਿਹੀ ਤੁਹਾਡੀ ਸ਼ਾਬਾਸ਼ ਇੱਕੋਂ ਫੇਲ੍ਹ ਬੱਚੇ ਨੂੰ ਹੋਣ ਤੋਂ ਟਾਲ ਸਕਦੀ।

ਇੱਕ ਮੁਸਕਰਾਹਟ ਕਿਸੇ ਦੇ ਦਿਲ ਵਿੱਚੋਂ ਖੁਦਕੁਸ਼ੀ ਦਾ ਕੱਢ ਖਿਆਲ ਸਕਦੀ।

No comments:

Post a Comment