Monday, April 5, 2010

ਮੁੱਠੀ ਵਿੱਚ ਨਾ ...

ਮੁੱਠੀ ਵਿੱਚ ਨਾ ਜੁਗਨੂੰ ਘੁੱਟ ਐਵੇਂ,ਇਸ ਮੌਤ ਨਾ ਇਸ ਨੂੰ ਮਾਰ ਪਿਆਰੇ।
ਇਸ਼ਕ ਕਰਨਾ ਸਿੱਖ ਲੈ ਫੁੱਲ ਕੋਲੋਂ, ਮਹਿਕ ਆਪਣੀ ਦੇਹ ਖਿਲਾਰ ਪਿਆਰੇ।
ਆਪੇ ਤਿਤਲੀਆਂ ਆਉਣਗੀਆਂ ਚੱਲ ਕੇ, ਖਾਹ-ਮਖਾਹ ਅਵਾਜ ਨਾ ਮਾਰ ਪਿਆਰੇ।
ਸਿਰਫ ਫੁੱਲ ਹੀ ਕਰ ਮਹਿਸੂਸ ਸਕਦੈ, ਮੋਈ ਤਿਤਲੀ ਦਾ ਕਿੰਨਾ ਭਾਰ ਪਿਆਰੇ।
ਕਾਹਤੋਂ ਰਿਸ਼ਤਿਆਂ ਦਾ ਚੁੱਕੀ ਬੋਝ ਫਿਰਦੈਂ, ਅੱਜ ਕੱਲ੍ਹ ਲੈਂਦੇ ਲੋਕੀਂ ਸਾਰ ਪਿਆਰੇ।
ਲੋਕ ਵੇਚਦੇ ਰੱਦੀ ਦੇ ਭਾਅ ਜਿਸ ਨੂੰ, ਜ਼ਿੰਦਗੀ ਨਹੀਂ ਪੁਰਾਣਾ ਅਖਬਾਰ ਪਿਆਰੇ।
ਪੜ੍ਹਿਆ ਪੁੱਤ ਪਟਵਾਰੀ..
ਪੜ੍ਹਿਆ ਪੁੱਤ ਪਟਵਾਰੀ ਦਾ ਵੇਖ ਕਿੱਦਾਂ, ਸੋਲਾਂ ਦੂਣੀ ਆਖਦਾ ਅੱਠ ਅੜੀਏ।
ਹੱਸਦੇ ਰਹਿਣ ਗੰਵਾਰ ਤੇ ਮਰਨ ਚਿੜੀਆਂ, ਸਦਾ ਕਾਮੇ ਦੀ ਭੂਰੀ 'ਤੇ ਕੱਠ ਅੜੀਏ।
ਲੋਕ ਰਾਜ ਦਾ ਅਰਥ ਹੈ ਮੱਝ ਉਹਦੀ, ਜੀਹਦੇ ਹੱਥ ਹੈ ਸੋਨੇ ਦੀ ਲੱਠ ਅੜੀਏ।
ਵਿਹਲੜ ਲੋਕਾਂ ਨੇ ਇਹ ਸ਼ੈਤਾਨ ਘੜਿਆ, ਕੀ ਕਰੇਂਗੀ ਪੂਜ ਕੇ ਮੱਠ ਅੜੀਏ।
ਖੱਟਿਆ ਕੀ ਉਜਾੜ..
.ਖੱਟਿਆ ਕੀ ਉਜਾੜ ਦੇ ਵਿੱਚ ਜਾ ਕੇ? ਚੰਗੇ ਰਹਿੰਦੇ ਜੇ ਵੱਸਦੇ ਘਰੇ ਰਹਿੰਦੇ।
ਆਹ ਚੰਦਰਾ ਵੇਲਾ ਸੀ ਨਹੀਂ ਆਉਣਾ, ਖੁਦਗਰਜ਼ ਸਿਆਸਤ ਤੋਂ ਪਰ੍ਹੇ ਰਹਿੰਦੇ।
ਨਿੱਘ ਉੱਡਿਆ ਪਤਾ ਨਹੀਂ ਕਿਸ ਪਾਸੇ, ਹੱਥ ਦੋਸਤਾਂ ਦੇ ਠਰੇ-ਠਰੇ ਰਹਿੰਦੇ।
ਵਿਰਲੇ ਮਿਲਣਗੇ ਜਗਤ ਵਿੱਚ ਅਮਰਜੀਤਾ, ਸੱਚੀਂਮਿੱਚੀਂ ਜੋ ਆਦਮੀ ਖਰੇ ਰਹਿੰਦੇ।
ਜੁੱਤੀ ਟੁੱਟ ਗਈ...
ਜੁੱਤੀ ਟੁੱਟ ਗਈ ਤੇ ਪਾਟ ਗਿਆ ਭੋਥਾ, ਰਾਂਝੇ ਫਿਰਦੇ ਨੰਗ ਮੁਨੰਗ ਹੀਰੇ।
ਸਾਡੇ ਨਾਲ ਜੋ ਕੀਤੀ, ਆਉਂਦੀ ਦੱਸਦਿਆਂ ਨੂੰ ਡਾਹਢੀ ਸੰਗ ਹੀਰੇ।
ਚਾਰਾ ਮੱਝਾਂ ਦੇ ਨੇਤਾ ਖਾ ਗਏ ਕੈਦੋਂ, ਉੱਜੜ ਗਏ ਨੇ ਬੇਲੇ ਤੇ ਝੰਗ ਹੀਰੇ।
ਖਪਤ ਕਲਚਰ ਨੇ ਬੰਦੇ ਮਰੋੜ ਦਿੱਤੇ, ਲੋੜਾਂ ਝੂਠੀਆਂ ਦੀ ਵਧੀ ਮੰਗ ਹੀਰੇ।
ਖੁਸ਼ੀ ਵੰਡਣੀ ਸਾਰੇ...
ਖੁਸ਼ੀ ਵੰਡਣੀ ਸਾਰੇ ਸਮਾਜ ਅੰਦਰ, ਖੂਬਸੂਰਤੀ ਦੀ ਸਲਤਨਤ ਹੁੰਦੀ।
ਜ਼ਾਲਮ ਦਿਲ ਵੰਡਦੇ ਸਦਾ ਪੀੜਾਂ, ਚੁੱਕੀ ਉਨ੍ਹਾਂ ਨੇ ਸਦਾ ਹੈ ਅੱਤ ਹੁੰਦੀ।
ਭਲੇ ਲੋਕ ਨੇ ਖੁਸ਼ੀਆਂ ਬੀਜ ਦਿੰਦੇ, ਧਰਤ ਸੁਪਨਿਆਂ ਦੀ ਜਦੋਂ ਵੱਤ ਹੁੰਦੀ।
ਲਗਦੀ ਗ਼ਮ ਦੀ ਬਹੁਤ ਬਰਸਾਤ ਭੈੜੀ, ਚਿਉਂਦੀ ਮਨ ਦੀ ਜਦੋਂ ਹੈ ਛੱਤ ਹੁੰਦੀ।
ਕਾਹਦਾ ਅਸਾਂ ਨੂੰ ...
ਕਾਹਦਾ ਅਸਾਂ ਨੂੰ ਹੈ ਮਾਣ ਵਤਨਾਂ ਦਾ, ਸੁਪਨਾ ਸਾਡਾ ਅਜ਼ਾਦੀ ਦਾ ਚੂਰ ਹੋਇਆ।
ਸਾਧੂ, ਨੇਤਾ ਤੇ ਗਾਇਕਾਂ ਕੋਲ ਕੱਠਾ, ਢੇਰ ਮਾਇਆ ਦਾ ਦੇਖ ਹਜ਼ੂਰ ਹੋਇਆ।
ਸਾਨੂੰ ਕਹਿੰਦੇ ਨੇ ਕਰੋ ਹਰਿ ਭਜਨ ਬਾਬੇ, ਪਿਛਲੇ ਜਨਮ 'ਚ ਤੁਹਾਥੋਂ ਕਸੂਰ ਹੋਇਆ।
ਕੀਤਾ ਕਿਸੇ ਦਾ ਮਨੋਂ ਭੁਲਾ ਦੇਣਾ, ਭਲੇਮਾਣਸਾਂ ਦਾ ਅੱਜ ਦਸਤੂਰ ਹੋਇਆ।
ਆਪੇ ਆਵਣੇ ਮੇਮਣੇ...
ਆਪੇ ਆਵਣੇ ਮੇਮਣੇ ਨਹੀਂ ਚਰਕੇ, ਰੱਬ ਉੱਤੇ ਇਹ ਝੂਠੀਆਂ ਡੋਰੀਆਂ ਨੇ।
ਰਾਹਾਂ ਵਿੱਚ ਨੇ ਬੜੇ ਬਘਿਆੜ ਬੈਠੇ, ਜਿਨ੍ਹਾਂ ਫਸਲਾਂ ਤੇਰੀਆਂ ਭੋਰੀਆਂ ਨੇ।
ਗਧੀਗੇੜ ਪਾ ਕੇ ਤੈਨੂੰ ਕਿਸਮਤਾਂ ਦੇ, ਤੋਰੀ ਫੁਲਕੀਆਂ ਵਿਹਲੜਾਂ ਤੋਰੀਆਂ ਨੇ।
ਡੇਰਾ ਡਾਂਗ 'ਤੇ ਰੱਖਣਾ ਸਿੱਖ ਲੈ ਹੁਣ, ਤੈਨੂੰ ਮਾਰਿਆ ਸਿਰਫ ਕਮਜ਼ੋਰੀਆਂ ਨੇ।
ਬੰਦਾ ਸੋਚਦਾ ਨਹੀਂ...
ਬੰਦਾ ਸੋਚਦਾ ਨਹੀਂ ਕੁਝ ਵੀ ਮਰਨ ਤੋਂ ਬਾਅਦ, ਕੁਝ ਨਾ ਸੋਚਣ 'ਤੇ ਵੀ ਬੰਦਾ ਮਰ ਜਾਂਦਾ
ਚੁੱਪ ਰਹਿਣ ਦੀ ਆਦਤ ਹੈ ਪੈ ਜਾਂਦੀ, ਸ਼ੋਰ ਕਪਟ ਦੇ ਤੋਂ ਬੰਦਾ ਡਰ ਜਾਂਦਾ।
ਖਤਮ ਜ਼ਿੰਦਗੀ ਦੀ ਹੁੰਦੀ ਗਰਮਜੋਸ਼ੀ, ਬੰਦਾ ਠਰਦਿਆਂ ਠਰਦਿਆਂ ਠਰ ਜਾਂਦਾ।
ਪਸ਼ੂ ਚਰ ਕੇ ਜਿਸ ਤਰ੍ਹਾਂ ਪਰਤਦੇ ਨੇ, ਘਰੋਂ ਦਫਤਰ ਤੇ ਦਫਤਰੋਂ ਘਰ ਜਾਂਦਾ।
ਸੁਕ ਪਕੇ ਦੀ...
ਸੁਕ ਪਕੇ ਦੀ ਨਹੀਂ ਹੈ ਰੀਸ ਹੁੰਦੀ, ਐਪਰ ਮੀਂਹ ਦੇ ਬਿਨਾਂ ਨਾ ਸਰੇ ਬੇਲੀ।
ਰਾਜ ਭਾਗ ਜੋ ਕਰਦੇ ਨੇ ਉਨ੍ਹਾਂ ਦੇ ਲਈ ਕੋਈ ਜੀਵੇ ਤੇ ਭਾਵੇਂ ਕੋਈ ਮਰੇ ਬੇਲੀ।
ਪੰਜ ਸਾਲਾਂ ਦੇ ਬਾਅਦ ਖੜਕਾਉਣ ਡੌਰੂ ਲੀਡਰ ਸਾਰੇ ਹੀ ਨੇ ਮਸਖਰੇ ਬੇਲੀ।
ਜਾਗ੍ਰਿਤੀ ਨਾ ਲੋਕਾਂ ਵਿੱਚ ਆਈ ਤਾਹੀਏ ਗਧਾ ਹਰੀ ਅੰਗੂਰੀ ਨਿਤ ਚਰੇ ਬੇਲੀ।
ਨੇਕੀ ਕਰਕੇ ਸੁੱਟ ....
ਨੇਕੀ ਕਰਕੇ ਸੁੱਟ ਦਰਿਆ ਦੇ ਵਿੱਚ ਜਿਕਰ ਤੱਕ ਨਾ ਇਸ ਦਾ ਕਰ ਪਿਆਰੇ।
ਨੇਕੀ ਸ਼ੋਰ ਮਚਾਂਵਦੀ ਹੈ ਹੁੰਦੀ, ਗੂੰਗੀ ਬਦੀ ਤੋਂ ਵੀ ਬਦਤਰ ਪਿਆਰੇ।
ਜੀਂਦੇ ਬੰਦਿਆਂ ਵਿੱਚ ਉਹ ਰਹਿਣ ਜਿਉਂਦੇ ਜਿਹੜੇ ਆਦਮੀ ਜਾਂਦੇ ਨੇ ਮਰ ਪਿਆਰੇ।
ਇਹ ਜੀਵਨ ਨਾ ਕਦੇ ਵੀ ਖਤਮ ਹੁੰਦਾ ਚਲਦਾ ਰਹਿੰਦਾ ਹੈ ਨਿਰੰਤਰ ਪਿਆਰੇ।
ਪਿਆਰ ਕਬਜ਼ਾ ਕਿਸੇ....
ਪਿਆਰ ਕਬਜ਼ਾ ਕਿਸੇ 'ਤੇ ਨਹੀਂ ਕਰਦਾ, ਨਾ ਹੀ ਆਂਵਦਾ ਕਬਜ਼ੇ ਹੇਠ ਸੁਆਮੀ।
ਪਿਆਰ ਸਿਰਫ ਪਹਿਚਾਣ ਕਰਾਂਵਦਾ ਏ ਬੋਲੀ ਪਿਆਰ ਦੀ ਚੁੱਪ ਤੇ ਠੇਠ ਸੁਆਮੀ।
ਤਬੀਅਤ ਜਿਸ ਦੀ ਹੁੰਦੀ ਹੈ ਸ਼ਾਇਰਾਨਾ ਉਹ ਨੂੰ ਸਾਉਣ ਹੀ ਲਗਦਾ ਜੇਠ ਸੁਆਮੀ
।ਦੌਲਤ ਪਿਆਰ ਦੀ ਕੋਲ ਅਥਾਹ ਜਿਸ ਦੇ ਉਹੀਉ ਦੁਨੀਆਂ ਦਾ ਵੱਡਾ ਸੇਠ ਸੁਆਮੀ।

No comments:

Post a Comment