Wednesday, April 7, 2010

ਉਲਝਿਆ ਕਿਸ ਜੰਜਾਲ ....

ਉਲਝਿਆ ਕਿਸ ਜੰਜਾਲ ਵਿੱਚ ਭੋਲਿਆ, ਉਇ, ਸੋਚੀ ਕੀ ਜਾਵੇਂ ਤੇ ਕੀ ਕਰੀ ਜਾਵੇਂ।

ਕਰੀ ਜ਼ਿੰਦਗੀ ਬੇਤਰਤੀਬ ਫਿਰਦੈਂ, ਖਿੱਚੀ ਖੇਸ ਜਾਵੇਂ ਲਈ ਦਰੀ ਜਾਵੇਂ।

ਜਿਉਂਦਾ ਉੱਚੀਆਂ ਕਦਰਾਂ ਵਾਸਤੇ ਨਹੀਂ ਕੀਮਤਾਂ ਨੀਵੀਆਂ ਖਾਤਰ ਹੀ ਮਰੀਂ ਜਾਵੇਂ।

ਬੜ੍ਹਕਾਂ ਮਾਰਦਾ ਏਂ ਮੂਹਰੇ ਬੰਦਿਆਂ ਦੇ ਮੂਰਤੀ ਮਿੱਟੀ ਦੀ ਕੋਲੋਂ ਪਰ ਡਰੀ ਜਾਵੇਂ।

ਹੱਥੀਂ ਆਪ ਬਣਾ...

ਹੱਥੀਂ ਆਪ ਬਣਾ ਕੇ ਮੂਰਤੀ ਤੂੰ, ਖੁਦ ਉਸ ਦੇ ਕੋਲੋਂ ਹੀ ਡਰੀ ਜਾਵੇਂ।

ਭੁੱਲ ਕੇ ਜਿਉਂਦੇ ਇਨਸਾਨ, ਬੇਜਾਨ ਅੱਗੇ, ਬਾਟੇ ਦੁੱਧ ਦੇ ਭਰਕੇ ਧਰੀ ਜਾਵੇਂ।

ਤਪਸ਼ ਕੋਲ ਤੇਰੇ ਲੱਖਾਂ ਸੂਰਜਾਂ ਦੀ, ਦੇਖ ਜੁਗਨੂੰ ਕਾਸਤੋਂ ਡਰੀ ਜਾਵੇਂ।

ਗਿਆ ਮੰਗਲ 'ਤੇ ਪਹੁੰਚ ਇਮਾਨ ਤੇਰਾ, ਹਰ ਹਰ ਤੋਂ ਖਾਹ-ਮ-ਖਾਹ ਹਰੀ ਜਾਵੇਂ।

ਹੀਰ ਆਖਦੀ ਜੋਗੀਆ...

ਹੀਰ ਆਖਦੀ ਜੋਗੀਆ ਸੱਚ ਆਖੇਂ, ਮਿਲਦਾ ਲੋਕਾਂ ਨੂੰ ਨਹੀਂ ਨਿਆਂ ਅੱਜ ਕੱਲ੍ਹ।

ਮਿਹਨਤਕਸ਼ ਦੇ ਹਿੱਸੇ ਬੱਸ ਆਉਣ ਫਾਕੇ, ਰੋਟੀ ਡੰਗ ਦੀ ਜੁੜੇ ਮਸਾਂ ਅੱਜ ਕੱਲ੍ਹ।

ਕਾਲਾ ਧਨ ਬਣਾਉਂਦਾ ਹੈ ਗੌਰਮਿੰਟਾਂ, ਚੋਰ ਬਜ਼ਾਰੀ ਦੀ ਅਹਿਮ ਹੈ ਥਾਂ ਅੱਜ ਕੱਲ੍ਹ।

ਭਾਰਤ ਕਦੇ ਸੀ ਸੋਨੇ ਦੀ ਚਿੜੀ ਹੁੰਦਾ, ਬਣ ਕੇ ਰਹਿ ਗਿਆ ਲੋਹੇ ਦਾ ਕਾਂ ਅੱਜ ਕੱਲ੍ਹ।

ਚੁੰਨੀ ਰੇਸ਼ਮੀ ਧਾਰੀਆਂ...

ਚੁੰਨੀ ਰੇਸ਼ਮੀ ਧਾਰੀਆਂ ਸੱਤ ਵਾਲੀ, ਪਹਿਨਣ ਦੇਵੇ ਨਾ ਸਾਨੂੰ ਕਬੀਲਦਾਰੀ।

ਖਾਦ, ਤੇਲ ਦੇ ਰੇਟ ਸੀ ਵਧੇ ਪਹਿਲਾਂ, ਰਹਿੰਦੀ ਆਫਤਾਂ ਮਾਰਤੀ ਫਸਲ ਸਾਰੀ।

ਸਾਨੂੰ ਦਫਤਰਾਂ ਵਿੱਚ ਕਲਰਕ ਲੁੱਟਦੇ, ਵਾਰੀ ਵਾਰੀ ਨੇ ਪੱਟਦੇ ਪਟਵਾਰੀ।

ਅਮਨ ਸ਼ਾਂਤੀ ਤੇਰੀ ਨੂੰ ਕੀ ਕਰੀਏ, ਮਾਰੀ ਜਾਂਦੀ ਮਹਿੰਗਾਈ ਹੈ ਹੈਂਸਿਆਰੀ।

ਸੀਨਾ ਤਪਦਾ ਜੇਠ...

ਸੀਨਾ ਤਪਦਾ ਜੇਠ ਦੀ ਧੁੱਪ ਵਾਂਗੂ, ਉਤੋਂ ਆ ਗਿਆ ਸੌਣ ਪ੍ਰਦੇਸੀਆ ਵੇ।

ਸਾਨੂੰ ਦੇਖ ਰੋਵੇ ਸਾਡੀ ਮੰਦਹਾਲੀ, ਟੁੱਟੀ ਮੰਜੀ ਤੇ ਦੌਣ ਪ੍ਰਦੇਸੀਆ ਵੇ।

ਸਾਡੇ ਘਗਰੇ ਹੀ ਹੋ ਗਏ ਬੋਦੇ, ਕਿੱਥੋਂ ਭਿੱਜੂਗੀ ਲੌਣ ਪ੍ਰਦੇਸੀਆ ਵੇ।

ਸੀਤਾ ਹਰਨ ਹੁੰਦਾ ਰੋਜ਼ ਜ਼ਿੰਦਗੀ ਦਾ, ਥਾਂ ਥਾਂ ਬੈਠੇ ਨੇ ਰੌਣ ਪ੍ਰਦੇਸੀਆ ਵੇ।

ਖੜ੍ਹੀ ਹਰੀ ਕਚਾਰ..

ਖੜ੍ਹੀ ਹਰੀ ਕਚਾਰ ਸੀ ਨਿੰਮ ਵਿਹੜੇ, ਅਸੀਂ ਛਾਂਗ ਕੇ ਦਿੱਤਾ ਬਿਠਾ ਘੋਗੜ।

ਬਾਗਾਂ ਵਾਲੇ ਉਡੀਕਦੇ ਰਹੇ ਬੁਲਬੁੱਲ, ਵਿੱਚ ਚਮਨ ਦੇ ਗਿਆ ਪਰ ਆ ਘੋਗੜ।

ਲੋਕ ਰਾਜ ਦੇ ਵਿੱਚੋਂ ਇਨਸਾਫ ਲਭਦੈਂ? ਬਸ ਸਰ ਗਿਆ ਤੇਰਾ ਵੀ ਜਾਹ! ਘੋਗੜ।

ਹੋਕਾ ਰਾਜੇ ਰਣਜੀਤ ਦੇ ਰਾਜ ਦਾ ਸੀ, ਖੇਡੇ ਵਾਲਾ ਪਰ ਗਿਆ ਵਿਖਾ ਘੋਗੜ।

ਕੁਝ ਆਦਮੀ ਦੇਂਵਦੇ...

ਕੁਝ ਆਦਮੀ ਦੇਂਵਦੇ ਬਦਲ ਮੌਸਮ, ਕੁਝ ਲੋਕ ਨੇ ਰੁੱਤ ਅਨੁਸਾਰ ਢਲਦੇ।

ਜਲਦੀ ਮੌਕਾਪ੍ਰਸਤ ਨੇ ਥੱਕ ਜਾਂਦੇ, ਰਹਿੰਦੇ ਮਰਦ ਮੁਜ਼ਾਹਿਦ ਸਦਾ ਚਲਦੇ।

ਜਿਸ ਘਰ 'ਚ ਸ਼ੱਕ ਦੀ ਸਲਤਨਤ ਹੈ, ਉੱਥੇ ਪਿਆਰ ਦੇ ਰਿਸ਼ਤੇ ਨਹੀਂ ਫਲਦੇ।

ਕਦੇ ਬਣਦੇ ਗੁਲ-ਓ-ਗੁਲਜ਼ਾਰ ਹੈ ਨਾ, ਜਿਹੜੇ ਦਾਣੇ ਜ਼ਮੀਨ ਵਿੱਚ ਨਹੀਂ ਗਲਦੇ।

ਬੰਜ਼ਰ ਦੇਖ ਕੇ...

ਬੰਜ਼ਰ ਦੇਖ ਕੇ ਧਰਤ ਉਦਾਸ ਨਾ ਹੋ, ਮਿੱਟੀ ਹੈ ਇਹ ਬੜੀ ਉਪਜਾਊ ਮੀਆਂ।

ਉਸ ਪਿੰਡ ਵਿੱਚ ਰਹਿਣ ਦਾ ਹੱਜ ਕੀ ਏ, ਜਿੱਥੇ ਹੋਵੇ ਪੰਚਾਇਤ ਨਾ ਸਾਊ ਮੀਆਂ।

ਹੋੜ੍ਹ ਲੱਗੀ ਹੈ ਮੌਕਾ ਪ੍ਰਸਤੀਆਂ ਦੀ, ਸਰਕਾਰ ਹੋਵੇ ਕੋਈ ਕਿਵੇਂ ਟਿਕਾਊ ਮੀਆਂ।

ਜਿਸ ਨੇ ਸਿੱਖਿਆ ਨਹੀਂ ਕੁਝ ਵੀ ਜ਼ਿੰਦਗੀ ਤੋਂ, ਉਸ ਨੂੰ ਹੋਰ ਕੋਈ ਕੀ ਸਮਝਾਊ ਮੀਆਂ?

ਕੁਰਸੀ ਬਹੁਤ ਸਿਆਸਤ..

..ਕੁਰਸੀ ਬਹੁਤ ਸਿਆਸਤ ਦੀ ਹੈ ਕੁੱਤੀ ਮਗਰ ਕੁੱਤਿਆਂ ਦੀ ਇਹ ਦੇ ਹੇੜ੍ਹ ਪਿਆਰੇ।

ਲੁੱਚੇ, ਭੜੂਏ ਅਤੇ ਬੇਈਮਾਨ ਸਾਰੇ ਕੱਠੇ ਫਿਰਨ ਹੋ ਕੇ ਮਾਈ ਮੇੜ੍ਹ ਪਿਆਰੇ।

ਲਾਹਕੇ ਅਸਾਂ ਦਾ ਕੁੱਲ ਲਿਬਾਸ ਲੈ ਗਏ ਸਾਡੇ ਮੂਕਾ ਵੀ ਰਿਹਾ ਨਾ ਤੇੜ ਪਿਆਰ।

ਮੱਝ ਲਿਬੜੀ ਜੇ ਇੱਕ ਵਿੱਚ ਵੜਜੇ, ਮੱਝਾਂ ਸਾਰੀਆਂ ਦਿੰਦੀ ਲਬੇੜ ਪਿਆਰੇ।

ਪਾਣੀ ਅੱਗ ਦਾ...

ਪਾਣੀ ਅੱਗ ਦਾ ਵੀ ਇਹ ਨੂੰ ਆਖਦੇ ਨੇ, ਅਸੀਂ ਦੇਖੀ ਹੈ ਆਬੇ ਹਰਾਮ ਪੀ ਕੇ।

ਸ਼ਰ-ਆਬ ਹੈ ਪਾਣੀ ਸ਼ਰਾਰਤਾਂ ਦਾ, ਰੰਗ ਬੱਝ ਜਾਂਦਾ ਦੋ ਕੁ ਜਾਮ ਪੀ ਕੇ।

ਪੈੱਗ ਲਾ ਕੇ ਮੁੱਲਾਂ ਕਈ ਬਾਂਗ ਦਿੰਦੇ, ਕਈ ਭਗਤ ਵੀ ਜਪਦੇ ਨਾਮ ਪੀ ਕੇ।

ਜੀਹਦੇ ਸਾਹ 'ਚੋਂ ਲੰਘੀ ਇੱਕ ਵਾਰ ਕਾਫਰ, ਉਹਦੇ ਛੱਡਦੀ ਸਾਹ ਦੇ ਦਾਮ ਪੀ ਕੇ।

ਬੇਖਬਰ ਜੋ ਸੁਤੀਆਂ..

.ਬੇਖਬਰ ਜੋ ਸੁਤੀਆਂ ਰਹਿਣ ਸੱਸੀਆਂ, ਲੁੱਟੇ ਉਨ੍ਹਾਂ ਦੇ ਸ਼ਹਿਰ ਭੰਬੋਰ ਜਾਂਦੇ।

ਜਿਹੜੇ ਬੰਦੇ ਨਾ ਆਪਣੇ ਹੱਕ ਜਾਨਣ, ਸੰਨ੍ਹ ਉਨ੍ਹਾਂ ਨੂੰ ਲਾਈ ਨੇ ਚੋਰ ਜਾਂਦੇ।

ਇੱਥੇ ਕੋਈ ਨਾ ਕਿਸੇ ਦਾ ਦਰਦ ਜਾਣੇ, ਚੀਕਾਂ ਚੂਸ ਕਹਿਕਹੇ ਕਠੋਰ ਜਾਂਦੇ।

ਸਿਰਫ ਆਪਣੀ ਗੱਲ ਸੁਨਾਉਣ ਲੀਂ ਐਪਰ ਸੁਨਣ ਵੇਲੇ ਹੋਈ ਬੋਰ ਜਾਂਦੇ।

ਆਈ ਨੇਹਰੀ ਤਾਂ...

ਆਈ ਨੇਹਰੀ ਤਾਂ ਡਿੱਗ ਪਈ ਕੰਧ ਕੱਚੀ, ਜਖਮੀ ਬੁਲਬੁਲ ਨੂੰ ਮਿਲੇ ਗੁਲਾਬ ਹੈ ਨਾ।

ਗੱਲ ਉਹ ਵੀ ਮਿਹਰ ਦੀ ਕਰਨ ਲੱਗਾ, ਜੀਹਦੇ ਜ਼ੁਲਮ ਦਾ ਕੋਈ ਹਿਬਾਬ ਹੈ ਨਾ।

ਅੰਦਰ ਬੈਠਿਆਂ ਨੂੰ ਹੀ ਡਰ ਲੱਗਦਾ ਹੈ, ਮੌਸਮ ਐਨਾ ਵੀ ਬਾਹਰ ਖਰਾਬ ਹੈ ਨਾ।

ਕਿੰਨੀ ਜਿੰਦ ਇੱਕਲੀ ਹੈ ਅੱਜ ਢਿੱਲੋਂ ਨਾ ਕੋਈ ਸੁਹਣਾ ਨਾ ਗ਼ਮ ਸ਼ਰਾਬ ਹੈ ਨਾ।

ਕੁੱਤੀ ਭੌਂਕਦੀ ਡੇਰੇ....

ਕੁੱਤੀ ਭੌਂਕਦੀ ਡੇਰੇ ਵਿੱਚ ਸਾਧਣੀ ਦੇ ਤੁਰੇ ਸਿਖਰ ਦੁਪਹਿਰੇ ਨੇ ਚੋਰ ਫਿਰਦੇ।

ਚੋਣਾਂ ਵੇਲੇ ਸੀ ਕਰਦੇ ਬੜੇ ਤਰਲੇ, ਹੋਏ ਸੱਜਣ ਉਹ ਬੜੇ ਮੂੰਹ ਜ਼ੋਰ ਫਿਰਦੇ।

ਚੀਕਾਂ ਕੰਧਾਂ ਸਲ੍ਹਾਬੀਆਂ ਚੂਸ ਜਾਵਣ, ਇੱਥੇ ਕਹਿਕਹੇ ਬੜੇ ਕਠੋਰ ਫਿਰਦੇ।

ਰਹਿਣ ਲੱਗ ਪਏ ਆਦਮੀ ਜੰਗਲਾਂ ਵਿੱਚ, ਵਿੱਚ ਬਸਤੀਆਂ ਦੇ ਆਦਮਖੋਰ ਫਿਰਦੇ।

ਵੋਟਾਂ ਮੰਗਣ ਆਉਂਦੇ...

ਵੋਟਾਂ ਮੰਗਣ ਆਉਂਦੇ ਨੇਤਾ ਜਿਪਸੀਆਂ ਤੇ ਸਾਡੀ ਰੜੇ ਭੰਬੀਰੀ ਬੋਲਦੀ ਹੈ।

ਛਿਣ ਭੰਗਰੀ ਖੁਸ਼ੀ ਜੇ ਕਦੇ ਆਵੇ ਉਹ ਵੀ ਲੰਘ ਜਾਂਦੀ ਸਾਡੇ ਕੋਲ ਦੀ ਹੈ।

ਸਿਆਸਤ ਲੋਭ ਦੀ ਅੱਜ ਗੁਲਾਮ ਹੋ ਕੇ ਸਾਡੀ ਜ਼ਿੰਦਗੀ ਤਾਈਂ ਮਧੋਲਦੀ ਹੈ।

ਰੁੱਤ ਜੋਬਨ ਦੀ ਸਾਡੀ ਉਦਾਸ ਹੋਕੇ ਪੱਖੇ ਵਾਂਗ ਰਹਿੰਦੀ ਸਦਾ ਡੋਲਦੀ ਹੈ।

ਆਪਣੇ ਆਪ ਸੰਗ...

ਆਪਣੇ ਆਪ ਸੰਗ ਕਰਨੀ ਰੋਜ ਗੋਸ਼ਟ, ਕਰਨਾ ਨਾਲ ਸੰਨਾਟੇ ਸੰਵਾਦ ਬੀਬਾ।

ਇਸੇ ਤਾਈਂ ਨੇ ਪਰਮ ਆਨੰਦ ਕਹਿੰਦੇ, ਇਹੀਓ ਹੁੰਦਾ ਹੈ ਅਨਹਦ ਨਾਦ ਬੀਬਾ।

ਕੁਝ ਪਾਉਣ ਦਾ ਵੱਖਰਾ ਮਜ਼ਾ ਹੁੰਦਾ, ਹੈ ਗੁਆਉਣ ਦਾ ਅੱਡ ਸਵਾਦ ਬੀਬਾ।

ਕੰਠ ਬਾਣੀਆਂ ਕਰਨ ਕਰਨ ਦਾ ਫਾਇਦਾ ਕੀ, ਜੇ ਪਾਠ ਮਨੁੱਖਤਾ ਦਾ ਕੀਤਾ ਨਹੀਂਂ ਯਾਦ ਬੀਬਾ।

ਬੜਾ ਫਰਕ ਹੈ...

ਬੜਾ ਫਰਕ ਹੈ ਭਾਰਤ ਤੇ ਇੰਡੀਆ ਵਿੱਚ, ਭਾਰਤ ਪਿੰਡਾਂ ਦਾ ਇੰਡੀਆ ਸ਼ਹਿਰ ਦਾ ਏ।

ਇੰਡੀਆ ਵਿੱਚ ਨੇ ਧਨ ਕੁਬੇਰ ਰਹਿੰਦੇ ਭਾਰਤ ਮਾਰਿਆ ਭੁੱਖ ਦੇ ਕਹਿਰ ਦਾ ਏ।

ਅਜੇ ਤੱਕ ਆਜ਼ਾਦੀ ਨਾ ਨਜ਼ਰ ਆਉਂਦੀ ਵਕਤ ਹੋ ਗਿਆ ਪਿਛਲੇ ਪਹਿਰ ਦਾ ਏ।

ਵਕਤ ਕੋਠੀਆਂ ਵਿੱਚ ਹੈ ਤੇਜ ਤੁਰਦਾ, ਫੁਟਪਾਥਾਂ 'ਤੇ ਆਣਕੇ ਠਹਿਰਦਾ ਏ।

ਸਦਾ ਖੋਲ੍ਹ ਕੇ...

ਸਦਾ ਖੋਲ੍ਹ ਕੇ ਰੱਖੀਏ ਅੱਖ ਤੀਜੀ ਰੁਕ ਜਾਈਏ ਜਦੋਂ ਮਿਹਰਵਾਂ ਮਿਲ ਜੇ।

ਪਤਾ ਸੱਜਣ ਦਾ ਹੁੰਦਾ ਨਹੀਂ ਇਤਫਾਕਨ ਕਿਸ ਸਮੇਂ ਅਤੇ ਕਿਸ ਥਾਂ ਮਿਲ ਜੇ।

ਰੁੱਖ ਵੱਢ ਕੇ ਲੈਂਦੇ ਬਣਾ ਬਾਲਣ ਨਾਲੇ ਚਾਹੁੰਦੇ ਨੇ ਲੋਕ ਕਿ ਛਾਂ ਮਿਲ ਜੇ।

ਮਿਲਦੀ ਨੇਤਾ ਨੂੰ ਸੱਤਾ ਦੀ ਇਉਂ ਕੁਰਸੀ ਜਿਵੇਂ ਵਿਛੜੇ ਪੁੱਤਾਂ ਨੂੰ ਮਾਂ ਮਿਲ ਜੇ।

ਕੌਣ ਘੁੰਮ ਰਿਹਾ....

ਕੌਣ ਘੁੰਮ ਰਿਹਾ ਹੈ ਮੇਰੇ ਜ਼ਿਹਨ ਦੇ ਵਿੱਚ, ਸੁਣਦੀ ਦੇਰ ਤੋਂ ਹੈ ਪਦਚਾਪ ਮੈਨੂੰ।

ਮੇਰੇ ਸ਼ਹਿਰ 'ਚੋਂ ਜਿਹੜੇ ਅਤ੍ਰਿਪਤ ਲੰਘੇ, ਭੁੱਲਦਾ ਉਨ੍ਹਾਂ ਦਾ ਨਹੀਂ ਵਿਰਲਾਪ ਮੈਨੂੰ।

ਸਾਡੀ ਜ਼ਿੰਦਗੀ ਦਾ ਆਖਰ ਕੀ ਮਕਸਦ, ਇਹੀਉ ਸੁਝਦਾ ਨਹੀਂ ਹੈ ਆਪ ਮੈਨੂੰ।

ਸੱਚ ਬੋਲਾਂ ਤਾਂ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਲਗਦਾ ਪਾਪ ਮੈਨੂੰ।

No comments:

Post a Comment