Monday, April 5, 2010

ਕਿਹੜੇ ਯਾਰ ਦਾ..

ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ, ਲੱਗੀ ਮਛਲੀ 'ਤੇ ਦਿਸੇ ਝੱਗ ਅੜੀਏ।

ਰਹੀਂ ਬਚ ਕੇ ਹਵਸ ਦੇ ਭੁੱਖਿਆਂ ਤੋਂ, ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ।

ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ ਰੋਜ, ਰੁਲਦੀ ਇੱਥੇ ਸ਼ਰੀਫਾਂ ਦੀ ਪੱਗ ਅੜੀਏ।

'ਰਾਣੀ ਝਾਂਸੀ' ਬਣ ਸਿੱਖ ਸੰਘਰਸ਼ ਕਰਨਾ, ਮਿਰਜੇ ਵਿਹਲੜਾਂ ਪਿੱਛੇ ਨਾ ਲੱਗ ਅੜੀਏ।

ਅਕਾਲੀ ਵਿਗੜ ਕੇ...

ਅਕਾਲੀ ਵਿਗੜ ਕੇ ਹੈ ਕਾਂਗਰਸੀ ਬਣਦਾ, ਜਦੋਂ ਟਿਕਟ ਦੀ ਰਹੇ ਨਾ ਆਸ ਮੀਆਂ।

ਕਾਂਗਰਸੀ ਵਿਗੜ ਕੇ ਬਣਦਾ ਭਾਜਪਈਆ, ਨਿੱਕਰ ਪਾਉਣ ਦਾ ਕਰੇ ਅਭਿਆਸ ਮੀਆਂ।

ਸ਼ਾਇਰ ਵਿਗੜ ਕੇ ਹੈ ਪੱਤਰਕਾਰ ਬਣਦਾ, ਕਵਿਤਾ ਆਵੇ ਨਾ ਖਬਰ ਨੂੰ ਰਾਸ ਮੀਆਂ।

ਕਾਮਰੇਡ ਹੈ ਵਿਗੜ ਕੇ ਸਾਧ ਬਣਦਾ, ਸਾਧ ਵਿਗੜ ਕੇ ਬਣੇ ਬਦਮਾਸ਼ ਮੀਆਂ।

ਸਿਆਸਤਦਾਨ ਨੇ ਬੜੇ...

ਸਿਆਸਤਦਾਨ ਨੇ ਬੜੇ ਹੀ ਟੁੱਟ ਪੈਣੇ, ਸਾਡੇ ਹੱਸਦਿਆਂ ਦੇ ਗਿਣਦੇ ਦੰਦ ਰਹਿੰਦੇ।

ਕੁਰੱਪਸ਼ਨ ਲਈ ਨੇ ਰੱਖਦੇ ਬਾਰ ਖੁੱਲ੍ਹੇ, ਜੰਤਾ ਲਈ ਕਿਵਾੜ ਪਰ ਬੰਦ ਰਹਿੰਦੇ।

ਸਾਧ ਲੁੱਟਦੇ ਨੇ ਬੁੱਲੇ ਡੇਰਿਆ ਵਿੱਚ, ਕਿਰਤੀ ਉਮਰ ਭਰ ਪਿਟਦੇ ਧੰਦ ਰਹਿੰਦੇ।

ਛੋਪ ਜ਼ਿੰਦਗੀ ਦਾ ਉਹੀਓ ਕੱਤ ਸਕਦਾ, ਜੀਹਦੇ ਹੌਂਸਲੇ ਸਦਾ ਬੁਲੰਦ ਰਹਿੰਦੇ।

ਪਤਾ ਨਹੀਂ ਇਹ..

ਪਤਾ ਨਹੀਂ ਇਹ ਕਿਵੇਂ ਬਣ ਗਈ ਪਾਣੀ, ਮਿਸ਼ਰੀ ਬੰਨ੍ਹੀ ਸੀ ਅਸੀਂ ਰੁਮਾਲ ਦੇ ਵਿੱਚ।

ਪਿਆਰ, ਵਿਆਰ ਨਾ ਸੁਝਦਾ ਹੁਣ ਸਾਨੂੰ, ਰੋਟੀ ਘੁੰਮਦੀ ਰਹੇ ਖਿਆਲ ਦੇ ਵਿੱਚ।

ਭ੍ਰਿਸ਼ਟਾਚਾਰ ਹਟਾਉਣ ਦਾ ਸੀ ਨਾਹਰਾ, ਆ ਗਏ ਕੋਕੜੂ ਨਿਰੇ ਹੀ ਦਾਲ ਦੇ ਵਿੱਚ।

ਕਿੱਥੇ ਵਰ੍ਹਦੇ ਰਾਜਿਓ, ਬੱਦਲ ਓਏ, ਪਤਾ ਲੱਗਦਾ ਨਹੀਂ ਪੰਜ ਸਾਲ ਦੇ ਵਿੱਚ।

ਜੰਤਾ ਸਦਾ ਸਤਾਈ..

ਰਾਜਾ ਰਾਮ ਹੋਵੇ ਚਾਹੇ ਹੋਵੇ ਰਾਵਣ, ਜੰਤਾ ਸੀਤਾ ਹੈ ਸਦਾ ਸਤਾਈ ਜਾਂਦੀ।

ਇੱਕ ਜਬਰੀ ਕੱਢ ਕੇ ਲੈ ਜਾਂਦਾ, ਦੂਜੇ ਵੱਲੋਂ ਹੈ ਘਰੋਂ ਭਜਾਈ ਜਾਂਦੀ।

ਹਰਿਆ ਬਦੀ ਦਾ ਬਣ ਪ੍ਰਤੀਕ ਜਾਂਦਾ, ਨੇਕੀ ਜਿੱਤੇ ਦੇ ਨਾਂਅ ਲਗਾਈ ਜਾਂਦੀ।

ਬਲਦੇ ਗਿਆਨ ਦੇ ਦਿਸਣ ਨਾ ਦੀਪ ਕਿਧਰੇ, ਜੰਤਾ ਤੇਲ ਦੇ ਦੀਵੇ ਜਗਾਈ ਜਾਂਦੀ।

ਮਹਿੰਗਾਈ ਹੈ ਸ਼ਾਮ ਨੂੰ...

ਮਹਿੰਗਾਈ ਹੈ ਸ਼ਾਮ ਨੂੰ ਨਾ ਜਾਈਏ ਬਣ ਕੇ ਕਿਸੇ ਦੇ ਐਵੇਂ ਵਟਾਊ ਮੀਆਂ।

ਅੱਖਰ ਲਈ ਫਿਰਦੇ ਬਸਤੀ ਮੂਰਿਆਂ ਦੀ, ਦਾਨਿਸ਼ਵਰਾਂ ਨੂੰ ਇੱਥੇ ਕੀ ਥਿਆਊ ਮੀਆਂ।

ਦਿਨ ਕਟੀਆਂ ਨੇਤਾ ਜੀ ਕਰਨ ਲੁਕ ਕੇ, ਭਾਸ਼ਣ ਦੇਂਵਦੇ ਬੜੇ ਭੜਕਾਊ ਮੀਆਂ।

ਹੇਰਾ ਫੇਰੀਆਂ ਲੱਖ ਕਰੋੜ ਕਰਲੈ, ਤੈਨੂੰ ਤੇਰਾ ਹੀ ਭੂਤ ਡਰਾਊ ਮੀਆਂ।

No comments:

Post a Comment