Monday, April 5, 2010

ਹਰ ਕੋਈ ਅਪਨੇ...

ਹਰ ਕੋਈ ਅਪਨੇ ਬਾਰੇ ਹੀ ਸੋਚਦਾ ਹੈ, ਕੇਹੀ ਚੰਦਰੀ ਵਗੀ ਹੈ ਵਾਅ ਪਿਆਰੇ।
ਜਲਦੇ ਸ਼ਹਿਰ ਦਾ ਫਿਕਰ ਨਾ, ਹਰ ਕੋਈ, ਘਰ ਆਪਣਾ ਰਿਹਾ ਬਚਾ ਪਿਆਰੇ।
ਰੀਂਘ ਰਹੀ ਇਸ ਜਿੰਦ ਦਾ ਕੀ ਕਰੀਏ, ਦੱਸੇ ਵੈਦ ਨਾ ਕੋਈ ਉਪਾਅ ਪਿਆਰੇ।
ਵਿਹਲੜ ਐਸ਼ ਕਰਦੇ ਸਾਡੀ ਕਿਰਤ ਉੱਤੇ, ਸਾਨੂੰ ਕਿਸਮਤਾਂ ਵਿੱਚ ਉਲਝਾ ਪਿਆਰੇ।
ਚੁੜੇਲ ਫਿਰੇ ਮਹਿੰਗਾਈ...
ਚੁੜੇਲ ਫਿਰੇ ਮਹਿੰਗਾਈ ਦੀ ਦਨਦਨਾਉਂਦੀ, ਭ੍ਰਿਸ਼ਟਾਚਾਰ ਦਾ ਦੈਂਤ ਬਣ ਗਿਆ ਹੀਰੋ।
ਸਾਡਾ ਦੇਸ਼ ਰੋਮ ਜਲ ਰਿਹੈ, ਪਰ ਬੇਫਿਕਰ ਹੋਕੇ, ਰਾਜੇ ਬੰਸਰੀ ਰਹੇ ਵਜਾ ਨੀਰੋ।
ਰਾਹਜਨਾਂ ਦੇ ਭੇਸ 'ਚ ਫਿਰਨ ਰਹਿਬਰ, ਜ਼ਰਾ ਸੰਭਲ ਕੇ ਚਲਣਾ ਰਾਹਗੀਰੋ।
ਅੱਜ ਸਭ ਤੋਂ ਹੋਇਆ ਇਨਸਾਨ ਸਸਤਾ, ਨੈਤਿਕ ਕੀਮਤ ਸੂਚਕ ਅੰਕ ਹੋ ਗਿਆ ਜ਼ੀਰੋ।
ਫੁੱਲ ਖਿੜ੍ਹੇ 'ਤੇ...
ਫੁੱਲ ਖਿੜ੍ਹੇ 'ਤੇ ਚਿਹਰੇ ਮੁਰਝਾਏ ਹੋਏ ਨੇ, ਕਿਹੋ ਜਿਹੀ ਇਹ ਰੁੱਤ ਬਹਾਰ ਬਾਬਾ।
ਪੰਡ ਟੈਕਸਾਂ ਦੀ ਨਵੀਂ ਹੋਰ ਪਾਉਂਦੀ, ਨਵੀਂ ਆਉਂਦੀ ਹੈ ਜਿਹੜੀ ਸਰਕਾਰ ਬਾਬਾ।
ਨਹੀਂ ਸਾਡੇ ਵਜ਼ੀਰ ਤਨਖਾਹ ਲੈਂਦੇ, ਨਿੱਤ ਬਦਲਦੇ ਨਵੀਂ ਨੇ ਕਾਰ ਬਾਬਾ।
ਪੜ੍ਹੀ ਲਿਖੀ ਜਵਾਨੀ ਦਾ ਬਣੂਗਾ ਕੀ, ਫੌਜ ਵੱਧਦੀ ਜਾਵੇ ਬੇਰੁਜ਼ਗਾਰ ਬਾਬਾ।
ਲਗਦੈ ਭੇਤ ਜ਼ਮਾਨੇ...
ਲਗਦੈ ਭੇਤ ਜ਼ਮਾਨੇ ਦਾ ਪਾ ਲਿਆ ਤੂੰ, ਤਾਹੀਏਂ ਹੋ ਗਿਆ ਬੜਾ ਮੋਹ ਤੋੜ ਯਾਰਾ।
ਮਿੱਠੇ ਮੂੰਹਾਂ ਦੇ ਮਤਲਬ ਪ੍ਰਸਤ ਇੱਥੇ, ਰੱਖਦੇ ਦਿਲਾਂ ਦੇ ਵਿੱਚ ਘਰੋੜ ਯਾਰਾ।
ਜਿੱਥੇ ਜ਼ਰਾ ਜਿੰਨੀ ਖਾਲੀ ਥਾਂ ਮਿਲ ਜੇ, ਇਹ ਦਿੰਦੇ ਆਪਣਾ ਉਲੂ ਘਸੋੜ ਯਾਰਾ।
ਜਿਸ ਨੂੰ ਜੀਣ ਦਾ ਇੱਥੇ ਨਹੀਂ ਹੁਨਰ ਆਉਂਦਾ, ਦੁਨੀਆਂ ਦਿੰਦੀ ਹੈ ਉਸ ਨੂੰ ਮਰੋੜ ਯਾਰਾ।
ਮੇਰੀ ਮਹਿਕ ਚੁੰਮਣ...
ਮੇਰੀ ਮਹਿਕ ਚੁੰਮਣ ਦੇ ਕੰਡਿਆਂ ਨੂੰ, ਫੁੱਲ ਕਹਿੰਦਾ ਹੈ ਪਹਿਲਾਂ ਮੁਰਝਾਉਣ ਤੋਂ ਨੀ।
ਇਸ ਤਰ੍ਹਾਂ ਤਾਂ ਦੋਸਤੀ ਜਾਂਦੀ ਹੈ ਟੁੱਟ ਅਕਸਰ, ਲੋਕ ਡਰਦੇ ਨਹੀਂ ਅਜ਼ਮਾਉਣ ਤੋਂ ਨੀ।
ਖੀਸਾ ਅਕਲ ਦਾ ਕੱਟਿਆ ਹੈ ਜਾਂਦਾ, ਥੁੜਿਆ ਕੀ ਹੈ ਤੀਰਥੀਂ ਨਾਉਣ ਤੋਂ ਨੀ।
ਜਿਹੜਾ ਬੰਦਾ ਨਹੀਂ ਕਿਸੇ ਦੇ ਕੰਮ ਆਉਂਦਾ, ਲੈਣਾ ਕੀ ਹੈ ਉਸ ਦੇ ਜਿਉਣ ਤੋਂ ਨੀ।
ਨੀਰ ਭਰੇ ਉਦਾਸ...
ਨੀਰ ਭਰੇ ਉਦਾਸ ਦੋ ਨੈਣ ਕਾਲੇ, ਉਡੀਕ ਸੱਸੀ ਨੂੰ ਕਿਸੇ ਬਲੋਚ ਦੀ ਹੈ।
ਲਿੱਸੀ ਸ਼ਕਲ ਇੱਕ ਪਾ ਰਹੀਆਂ ਔਂਸੀਆਂ ਰੋਜ, ਮਾਸ ਆਪਣੇ ਜਿਗਰ ਦਾ ਨੋਚਦੀ ਹੈ।
ਉਹ ਹੈ ਕੌਣ? ਤੇ ਕਿੱਥੇ ਹੈ, ਪਤਾ ਹੈ ਨਹੀਂ, ਰੂਹ ਉਸ ਨੂੰ ਮਿਲਣਾ ਲੋਚਦੀ ਹੈ।
ਕਦੋਂ ਖਿੜਨਗੇ ਇੱਥੇ ਗੁਲਾਬ ਕਾਲੇ, ਬੁੱਲਬੁੱਲ ਦੂਰ ਕਿਤੇ ਬੈਠੀ ਸੋਚਦੀ ਹੈ।

No comments:

Post a Comment