ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ----16-4-12
ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ ਨਿੱਤ ਚੰਘਦੀ ਹੈ ਲੇਲੇ ਨੂੰ ਭੇਡ ਇਥੇ।
ਕਾਲੇ ਧਨ ਦੇ ਚਿਟਿਆਂ ਸਿਕਿਆਂ ਦੀ ਪਰਗਟ ਹੋਂਵਦੀ ਨਹੀਂ ਹੈ ਖੇਡ ਇਥੇ।
ਤਿਆਗੀ ਮਾਇਆ ਦੇ ਕਟਣ ਲਈ ਖੀਸਾ ਰੱਖਣ ਜੇਬ• 'ਚ ਹੀ ਬਲੇਡ ਇਥੇ।
ਅੱਗ ਲਗੀ ਹੋਈ ਮੁਲਕ ਦੀ ਸ਼ਾਂਤੀ ਨੂੰ ਕੋਈ ਦਿਸੇ ਨਾ ਫਾਇਰ ਬ੍ਰਗੇਡ ਇਥੇ ।
---
ਸਮਝ ਆਉਂਦਾ ਹੈ ਕੁਝ ਨਹੀਂ ਆਉਂਦਾ ਜ਼ਿੰਦਗੀ ਮੈਅਕਦੇ ਦਾ ਹੈ ਸ਼ੋਰ ਮੀਆਂ।
ਚੁਪ ਚਾਪ ਇਹ ਕਦੇ ਖ਼ਾਮੋਸ਼ ਹੋ ਜਾਂਦੀ ਤੇ ਕਦੇ ਹੋ ਜਾਂਵਦੀ ਹੈ ਮੂੰਹਜੋਰ ਮੀਆਂ।
ਉਹ ਆਦਮੀ ਨਾ ਕਦੇ ਵੀ ਰਹਿਣ ਫਾਡੀ ਜਿਹੜੇ ਸਮਝਦੇ ਸਮੇਂ ਦੀ ਤੋਰ ਮੀਆਂ।
ਇਥੇ ਸਚੀਂਮੁਚੀਂ ਦੇ ਮੋਰ ਹੀ ਨੱਚ ਸਕਦੇ ਖੁਰ ਜਾਂਵਦੇ ਨੇ ਮਿੱਟੀ ਦੇ ਮੋਰ ਮੀਆਂ।
----
ਜਿਹੋ ਜਿਹੀ ਹੋਂਵਦੀ ਹੈ ਕੋਕੋ ਬੱਚੇ ਵੀ ਉਹੋ ਜਿਹੇ ਹੋੰਂਵਦੇ ਨੇ ਅਕਸਰ।
ਸੱਚ ਤਾਂ ਸਦਾ ਹੈ ਰੜੇ ਪਟੱਕ ਰਹਿੰਦਾ ਝੂਠੇ ਗੱਲ ਲੁਕੋਂਵਦੇ ਨੇ ਅਕਸਰ।
ਜਿਹੜੇ ਸਮੇਂ ਦਾ ਮੌਜੂ ਉਡਾਂਵਦੇ ਨੇ ਦੇਖੇ ਉਹ ਵੀ ਰੋਂਵਦੇ ਨੇ ਅਕਸਰ।
ਕੀਤਾ ਮਾਖੋਂ ਇਕੱਠਾ ਮਿਹਨਤਾਂ ਦਾ ਇਥੇ ਵਿਹਲੜ ਚੋਂਵਦੇ ਨੇ ਅਕਸਰ।
---
ਉਹਨਾਂ ਡੁਬਣਾ ਹੁੰਦਾ ਮੰਝਧਾਰ 'ਚ ਲੜਦੇ ਰਹਿੰਦੇ ਜਿਹੜੇ ਮਲਾਹ ਦੇ ਨਾਲ ।
ਕਰਦੇ ਚੁਗਲੀਆਂ ਨੇਤਾਵਾਂ ਕੋਲ ਜਾਕੇ ਲੈ ਲੈ ਕੇ ਚੁਸਕੀਆਂ ਚਾਹ ਦੇ ਨਾਲ।
ਕੋਈ ਦੱਸ ਦਿਓ ਜਾਕੇ ਚਮਚਿਆਂ ਨੂੰ ਲਿਬੜੇ ਰਹਿੰਦੇ ਜਿਹੜੇ ਕੜਾਹ ਦੇ ਨਾਲ।
ਹਸ਼ਰ ਇਹਨਾਂ ਦਾ ਹੁੰਦਾ ਸਦਾ ਮਾੜਾ ਮਾਂਝੇ ਜਾਂਦੇ ਨੇ ਪਹਿਲਾਂ ਸਵਾਹ ਦੇ ਨਾਲ।
-----
ਬਿਨਾਂ ਸੋਚ ਜੋ ਨਿਰਛਲ ਹਨ ਪਏ ਰਹਿੰਦੇ ਮਨ ਵਿਚ ਚਿੰਤਾ ਅਤੇ ਤਨਾਬ ਹੈ ਨਹੀਂ।
ਉਹ ਤਾਂ ਬੰਦੇ ਦੀ ਜੂਨ ਵਿਚ ਹੈਨ ਕੱਦੂ ਮਨ 'ਚ ਉਡਣ ਦਾ ਜਿੰਨਾਂ ਦੇ ਖ਼ਾਬ ਹੈ ਨਹੀਂ।
ਚੱਕੀ ਗ਼ਮਾਂ ਦੀ ਹੈ ਰੂਹ ਤਾਈਂ ਨਿਖ਼ਾਰ ਦਿੰਦੀ ਬਿਨਾਂ ਸੋਚ ਦੇ ਇਨਕਲਾਬ ਹੈ ਨਹੀਂ।
ਚੰਗੇ ਅਤੇ ਮੰਦੇ ਅਨੁਭਵ ਬਿਨਾਂ ਬੰਦਾ ਇਥੇ ਕਦੇ ਵੀ ਬਣਦਾ ਲਾਜਵਾਬ ਹੈ ਨਹੀਂ।
---
ਗੱਲ ਸੁਨਣ ਦੀ ਕਿਸੇ ਨੂੰ ਜਾਚ ਹੈ ਨਹੀਂ ਕੋਈ ਕਲਾ ਸੁਨਾਉਣ ਦੀ ਜਾਣਦਾ ਨਾ।
ਬੰਦਾ ਸ਼ਬਦ ਅਜਿਹੇ ਵੀ ਕੁਝ ਬੋਲਦਾ ਹੈ ਹੁੰਦਾ ਜਿੰਨਾਂ ਦੇ ਆਪ ਉਹ ਹਾਣਦਾ ਨਾ।
ਪੈਂਦੀ ਅੰਬਰ 'ਤੇ ਪੀਂਘ ਹੈ ਸਤਰੰਗੀ ਪਰ ਇਹਦੇ ਰੰਗਾਂ ਨੂੰ ਕੋਈ ਹੁਣ ਮਾਣਦਾ ਨਾ।
ਲਿਆ ਬੰਦੇ ਨੇ ਫਰੋਲ ਬ੍ਰਹਿਮੰਡ ਸਾਰਾ ਪਰ ਖ਼ੁਦ ਤਾਈਂ ਇਹ ਅਜੇ ਪਹਿਚਾਣਦਾ ਨਾ।
-----
Converted from Satluj
Sunday, April 15, 2012
Subscribe to:
Post Comments (Atom)
No comments:
Post a Comment