Thursday, December 23, 2010

ਗ਼ਜ਼ਲ 23 ਦਸੰਬਰ

ਦੋ ਪੈੱਗ ਦਾਰੂ ਪੀ ਕੇ ਉੱਤੋਂ ਖਾਧੇ ਗਰਮ ਪਕੌੜੇ।
ਰੋਜ ਹੀ ਰਾਤੀਂ ਜ਼ਿੰਦਗੀ ਕੋਲੋਂ ਹੁੰਦੇ ਰਹੇ ਭਗੌੜੇ।
ਕੀ ਕਿਸੇ ਨੂੰ ਨਿੱਘ ਦੇਣਗੇ, ਉਹ ਗਫ਼ਲਤ ਦੇ ਮਾਰੇ,
ਸੁੱਤੇ ਰਹਿੰਦੇ ਜਾਂ ਪਰਛਾਵਿਆਂ ਪਿੱਛੇ ਰਹਿੰਦੇ ਦੌੜੇ।
ਆਪਣੇ ਕੰਮ ਬਿਨਾ ਸਭ ਹੋਰ ਨੇ ਇਸ਼ਕ ਫਜ਼ੂਲ ਹੀ ਹੁੰਦੇ,
ਏਸ ਅਮਲ ਦੇ ਵਿੱਚ ਅਸਾਡੇ ਬੜੇ ਤਜੱਰਬੇ ਕੌੜੇ।
ਸੁੱਖ ਮਾਨਣ ਦੀ ਇੱਛਾ ਹੈ ਤਾਂ ਦੁੱਖ ਵੀ ਸਹਿਣਾ ਪੈਣਾ,
ਸੁੱਖ-ਦੁੱਖ ਦੋਵੇਂ ਸਕੇ ਭਰਾ ਨੇ ਉਹ ਵੀ ਬਿਲਕੁੱਲ ਜੌੜੇ।
ਮਜ਼ਹਬਾਂ, ਜਾਤਾਂ ਭਰਮ ਦੀਆਂ ਦੀਵਾਰਾਂ ਅੰਦਰ ਘਿਰ ਕੇ,
ਆਪਣੇ ਆਪਣੇ ਮਨ ਦੇ ਵਿਹੜੇ ਰੋਜ ਹਾਂ ਕਰਦੇ ਸੌੜੇ।
ਸਦਾ ਹੀ ਸੁੱਤੀਆਂ ਸੱਸੀਆਂ ਦੇ ਨੇ ਸ਼ਹਿਰ ਭੰਬੋਰ ਲੁਟੀਦੇ,
ਬੇਖਬਰ ਸੋਹਣੀ ਡੁੱਬਦੀ ਹੈ, ਤਰਕੇ ਕੱਚੇ ਤੌੜੇ।
ਜ਼ਿੰਦਗੀ ਚਿੰਤਨ ਕਰਨ ਦੇ ਲਈ ਹੈ ਤੇ ਸਿਰਜਣ ਲਈ ਢਿੱਲੋਂ,
ਜ਼ਿੰਦਗੀ ਦੇ ਰਾਹ ਭੀੜੇ, ਪਰ ਦਰਵਾਜੇ ਬੜੇ ਹੀ ਚੌੜੇ।

No comments:

Post a Comment