ਤੀਆਂ ਸਾਉਣ ਦੀਆਂ
ਭੁੱਲ ਗਏ ਨੇ ਸਾਰੇ ਤੀਆਂ ਸਾਉਣ ਦੀਆਂ
ਕਿਧਰ ਗਏ ਨਜ਼ਾਰੇ, ਤੀਆਂ ਸਾਉਣ ਦੀਆਂ।
ਉੱਚੇ ਰੁੱਖਾਂ ਉੱਤੇ ਪੀਂਘਾਂ ਪਾ ਕੁੜੀਆਂ,
ਲੈਂਦੀਆਂ ਸੀ ਹੁਲਾਰੇ ਤੀਆਂ ਸਾਉਣ ਦੀਆਂ।
ਤੈਨੂੰ ਹੁਣ ਗਿੱਧਾ ਅਤੇ ਬੋਲੀਆਂ ਭੁੱਲ ਗਈਆਂ,
ਪੰਜਾਬ ਦੀਏ ਮੁਟਿਆਰੇ ਤੀਆਂ ਸਾਉਣ ਦੀਆਂ।
ਸਾਉਣ ਮਿਲਾਉਂਦਾ ਸੀ ਪੇਕੇ ਵਿੱਚ ਕੁੜੀਆ ਨੂੰ,
ਭਾਦੋਂ ਕਹਿਰ ਗੁਜ਼ਾਰੇ ਤੀਆਂ ਸਾਉਣ ਦੀਆਂ।
ਖੀਰਾਂ ਪੂੜੇ ਘਰ-ਘਰ ਦੇ ਵਿੱਚ ਪੱਕਦੇ ਸਨ,
ਦੁੱਧ ਉੱਬਲਦਾ ਹਾਰੇ ਤੀਆਂ ਸਾਉਣ ਦੀਆਂ।
ਉਹ ਮਸਤੀ ਦੇ ਦਿਨ ਕੁੜੀਆਂ ਨੂੰ ਲੱਗਦੇ ਸਨ,
ਬਿਲਕੁਲ ਤਖਤ ਹਜ਼ਾਰੇ ਤੀਆਂ ਸਾਉਣ ਦੀਆਂ।
ਲੈਣ ਤਰੌਜਾ ਆਈਂ ਵੇ ਪੰਜ ਭਾਦੋਂ ਨੂੰ,
ਹੁਣ ਨਾ ਕੋਈ ਪੁਕਾਰੇ ਤੀਆਂ ਸਾਉਣ ਦੀਆਂ।
ਢਿੱਲੋਂ ਸੱਭਿਆਚਾਰ ਸਿਮਟ ਗਿਆ ਟੀ.ਵੀ. ਵਿੱਚ,
ਭੁੱਲ ਗਏ ਨੇ ਸਾਰੇ ਤੀਆਂ ਸਾਉਣ ਦੀਆਂ।
ਗ਼ਜ਼ਲ
ਇੱਜੜ ਮਾਨਸਿਕਤਾ ਨਾਲ ਹੀ ਭਰਿਆ ਚਾਰ-ਚੁਫੇਰਾ ਹੈ
ਜਿਧਰ ਨਜ਼ਰ ਦੁੜਾਵਾਂ ਉਧਰੇ ਲਾਈ ਲੱਗ ਹਨ•ੇਰਾ ਹੈ
ਇਸ ਸਦੀ ਵਿੱਚ ਵੀ ਹੈ ਤੇਰੇ ਹੋਠਾਂ ਉੱਤੇ ਮੁਸਕਰਾਹਟ
ਹੱਸਣ ਵਾਲੇ ਲੱਗਦੈ ਤੇਰਾ ਪੱਧਰ ਵਰਗਾ ਜੇਰਾ ਹੈ।
ਸੂਰਜ ਅਤੇ ਸਮੁੰਦਰ ਨਹੀਂ ਤੁਆਰਫ਼ ਦੇ ਹੁੰਦੇ ਮੁਹਤਾਜ਼,
ਜਿੱਧਰ ਵੀ ਤੁਰਦਾ ਹਾਂ ਬੱਸ ਉਹ ਬਣ ਜਾਂਦਾ ਰਾਹ ਮੇਰਾ ਹੈ।
ਭੌਰਾ ਭਰ ਵੀ ਝੂਠ ਨਹੀਂ ਇਹ ਜੱਗ ਹੈ ਯਾਰੋਂ ਕੋਰਾ ਸੱਚ,
ਜੱਗ ਨੂੰ ਝੂਠਾ ਆਖਣ ਵਾਲਾ ਝੂਠਾ ਖੁਦ ਹਰ ਡੇਰਾ ਹੈ।
ਕੁਝ ਲੋਕਾਂ ਲਈ ਜ਼ਿੰਦਗੀ ਰਸਮ ਨਿਭਾਵਣ ਵਰਗੀ ਹੀ ਹੁੰਦੀ,
ਹਰ ਵਾਰੀ ਕਹਿੰਦੇ ਉਹ ਸਾਡਾ ਜੋਗੀ ਵਾਲਾ ਫੇਰਾ ਹੈ।
ਐ ਕਿਰਤੀ ਕਾਮੇ ਕਿਸਾਨ ਨਹੀਂ ਕਿਸਮਤ ਨਹੀਂ ਹੈ ਤੇਰੀ ਮਾੜੀ,
ਕਿਸਮਤ ਵਿੱਚ ਉਲਝਾਉਂਦਾ ਇਹ ਤੈਨੂੰ ਇਹ ਪ੍ਰਬੰਧ ਲੁਟੇਰਾ ਹੈ।
ਅੱਜ ਕੱਲ• ਦੇ ਸਭ ਰਿਸ਼ਤੇ ਕਾਗਜ਼ੀ ਫੁੱਲਾਂ ਵਰਗੇ ਬਣ ਗਏ ਨੇ,
ਉਂਝ ਨਿਰਮੋਹੀ ਧਰਤੀ 'ਤੇ ਢਿੱਲੋਂ ਪੈਸੇ ਲਈ ਮੋਹ ਬਥੇਰਾ ਹੈ।
ਗ਼ਜ਼ਲ-2
ਬੜੇ ਤਸੀਹੇ ਜ਼ਿੰਦ ਮੇਰੀ ਨੇ ਝੱਲੇ ਨੇ
ਕਿਉਂਕਿ ਸਾਡੇ ਮੁਢ ਤੋਂ ਸ਼ੌਂਕ ਅਵੱਲੇ ਨੇ।
ਦੁਨੀਆਂ ਦੇ ਇਸ ਭੀੜ-ਭੜੱਕੇ ਜੰਗਲ ਵਿੱਚ
ਮੇਰੇ ਮਨ ਦੇ ਪੰਛੀ ਸਦਾ ਇਕੱਲੇ ਨੇ।
ਅਸੀਂ ਹਮੇਸ਼ਾ ਹੀ ਉਨ•ਾਂ 'ਤੇ ਤੁਰਦੇ ਹਾਂ,
ਜਿਹੜੇ ਹੁੰਦੇ ਰਾਹ ਪੀੜਾਂ ਨੇ ਮੱਲੇ ਨੇ।
ਕੁਝ ਲੋਕਾਂ ਨੂੰ ਦੇਖ ਕੇ ਤਾਂ ਇੰਜ ਲੱਗਦਾ ਹੈ,
ਜਿਉਂ ਪੱਥਰਾਂ ਦੀ ਜੂਨ ਹੰਢਾ ਕੇ ਚੱਲੇ ਨੇ।
ਸੰਘਣੀ ਆਬਾਦੀ ਵਿੱਚ ਵੀ ਹੈ ਸੁੰਨ-ਸਰਾਂ,
ਇਸ ਸ਼ਹਿਰ ਵਿੱਚ ਇੰਜ ਦੇ ਕਈ ਮਹੱਲੇ ਨੇ।
ਆਪਣੇ ਹੀ ਹੰਕਾਰ ਦੇ ਹੇਠਾਂ ਹੈ ਹਾਕਿਮ,
ਸਮਝ ਰਿਹੈ ਕਿ ਸਾਰੇ ਉਸ ਦੇ ਥੱਲੇ ਨੇ।
ਮੇਰੇ ਕੋਲੇ ਨਾ ਪੈਸਾ ਨਾ ਕਾਰ ਹੈ ਪਰ,
ਕੁਝ ਸੋਹਣੇ ਅਲਫਾਜ਼ ਪਰ ਮੇਰੇ ਪੱਲੇ ਨੇ।
ਜਿੰਨ•ੀ ਦਿਨੀਂ ਹਮਰਾਹ ਹੁੰਦਾ ਹੈ ਦਰਦ ਮੇਰਾ,
ਇੰਜ ਲੱਗਦੈ ਕਿ ਉਹੀ ਦਿਨ ਸਵੱਲੇ ਨੇ।
ਜਿਹੜੇ ਲੀਹਾਂ ਪਾੜ ਕੇ ਰਾਹ ਬਣਾਉਂਦੇ ਨੇ,
ਦੁਨੀਆਂ ਵਾਲੇ ਕਹਿਣ ਉਨ•ਾਂ ਨੂੰ ਝੱਲੇ ਨੇ।
ਮੈਂ ਉਡੀਕ ਰਿਹਾ ਹਾਂ, ਪਰ ਤੂੰ ਆਉਣਾ ਨਹੀਂ,
ਰੋਜ ਹਵਾਵਾਂ ਹੱਥੀਂ ਮੈਂ ਲੱਖ ਸੁਨੇਹੇ ਕੱਲੇ ਨੇ।
ਸੱਚ ਤੇ ਸੂਰਜ ਰਹਿੰਦੇ ਆਏ ਇਸੇ ਤਰ•ਾਂ,
ਮੁਢ ਕਦੀਮ ਤੋਂ ਯਾਰੋ ਕੱਲ-ਮੁਕੱਲੇ ਨੇ।
ਇਸ਼ਕ ਨਦੀ ਵਿੱਚ ਕੁੱਦਿਆਂ ਉਮਰਾਂ ਬੀਤ ਗਈ,
ਢਿੱਲੋਂ ਲੱਗਦੈ ਜ਼ਖਮ ਅਜੇ ਵੀ ਅੱਲ•ੇ ਨੇ।
ਗ਼ਜ਼ਲ-3
ਤੇਰੇ ਬੂਹੇ ਉੱਤੇ ਸਾਡਾ ਕਰੂ ਸਵਾਗਤ ਕੌਣ ਹੁਣ।
ਉਹੀਓ ਘਰ ਵਿੱਚ ਰੁੱਖੀ ਰੁੱਖੀ ਲੱਗਦੀ ਸਾਨੂੰ ਪੌਣ ਹੁਣ।
ਲੰਮੀਆਂ ਬਾਤਾਂ ਦੇ ਸੰਗ ਪਲ ਵਿੱਚ ਰਾਤ ਗੁਜ਼ਰ ਜਾਂਦੀ ਸੀ ਜੋ,
ਆਉਂਦੇ ਯਾਦ ਹੁੰਗਾਰੇ ਤੇਰੇ ਦੇਣ ਨਾ ਸਾਨੂੰ ਸੌਣ ਹੁਣ।
ਵੈਣਾਂ ਦੇ ਕੰਨ ਆਦੀ ਹੋ ਗਏ ਵੈਣ ਹੀ ਅਕਸਰ ਸੁਣਦੇ ਨੇ,
ਭਾਵੇਂ ਕਿਧਰੇ ਲੱਗਿਆ ਹੋਵੇ ਕਿਹੋ ਜਿਹਾ ਵੀ ਗੌਣ ਹੁਣ।
ਫੇਰ ਦੁਸਹਿਰਾ ਲੰਘ ਗਿਆ ਹੈ, ਮੱਚ ਗਏ ਰਾਵਣ ਗੱਤੇ ਦੇ,
ਉੱਚੀ ਉੱਚੀ ਹੱਸ ਰਹੇ ਨੇ ਐਪਰ ਭੇਖੀ ਰੌਣ ਹੁਣ।
ਆ ਰਹੇ ਨੇ ਕਾਤਿਲ ਨੇੜੇ ਲੈ ਕੇ ਛਵ•ੀਆਂ ਹੱਥਾਂ ਵਿੱਚ,
ਤੂੰ ਨਾ ਸੀਸ ਝੁਕਾਈਂ ਆਪਣਾ ਸਿੱਧੀ ਰੱਖੀਂ ਧੌਣ ਹੁਣ।
ਜਿਉਂ ਪੱਤਝੜ ਵਿੱਚ ਟਾਵੇਂ ਟਾਵੇਂ ਫੁੱਲ ਕਿਧਰੇ ਖਿੜ ਪੈਂਦੇ ਨੇ,
ਤੇਰੀਆਂ ਯਾਦਾਂ ਅਟਕ ਅਟਕ ਕੇ ਇਉਂ ਮੇਰੇ ਘਰ ਆਉਣ ਹੁਣ।
ਢਿੱਲੋਂ ਨਫਰਤ ਦੇ ਲਈ ਕਿਧਰੋਂ ਕੱਢ ਲੈਂਦੇ ਨੇ ਵਕਤ ਇਹ ਲੋਕ,
ਪਿਆਰ ਲਈ ਹੀ ਥੋੜ•ਾ ਲੱਗਦਾ ਇਹ ਜ਼ਿੰਦਗੀ ਦਾ ਭੌਣ ਹੁਣ।
ਗ਼ਜ਼ਲ-4
ਇਹੀਓ ਇੱਛਾ ਰਹਿੰਦੀ ਹੈ ਦਿਲ 'ਚ ਸਦਾ,
ਕਰਜ਼ ਵਾਂਗੂ ਰੋਜ਼ ਹੁੰਦਾ ਜਾਵਾਂ ਮੈਂ ਅਦਾ।
ਚੀਸ ਜੇਹੀ ਦਿਲ ਮੇਰੇ 'ਚੋਂ ਨਿਕਲਦੀ,
ਦੇਖਦਾਂ ਇਨਸਾਨ ਜਦ ਕੋਈ ਤੜਪਦਾ।
ਮੈਂ ਉਨ•ਾਂ ਵਿੱਚ ਸ਼ਾਮਿਲ ਹੋ ਸਕਦਾ ਨਹੀਂ,
ਜੋ ਆਖਦੇ ਨੇ ਇਸ ਗਰੀਬੀ ਨੂੰ ਗਦਾ।
ਛਾਂਗਿਆ ਹਰ ਰੁੱਖ ਹੈ ਮੇਰੇ ਪਿੰਡ ਦਾ,
ਰÐੋਜ ਮੈਨੂੰ ਜੀ ਆਇਆਂ ਨੂੰ ਆਖਦਾ।
ਜਾਪਦੈ ਕਿ ਤੈਨੂੰ ਭੁੱਲ ਚੁੱਕਿਆ ਹਾਂ ਮੈਂ,
ਯਾਦ ਮੈਨੂੰ ਆਉਂਦੀ ਪਰ ਤੇਰੀ ਸਦਾ।
ਰਿੰਦ ਕਰਦੇ ਫਿਰਦੇ ਨੇ ਮੈਨੂੰ ਸਲਾਮ,
ਜਦ ਤੋਂ ਮੈਂ ਇਹ ਦਿਲ ਬਣਾਇਐ ਮੈਅਕਦਾ।
ਹਵਾ ਪਿਆਜ਼ੀ ਸ਼ਾਮ ਢਿੱਲੀ ਹੋ ਗਈ,
ਦਿਨ ਦਿਆਂ ਫਿਕਰਾਂ ਨੂੰ ਕਹਿਣ ਹੁਣ ਅਲਵਿਦਾ।
Ðਗ਼ਜ਼ਲ-5
ਡੁਗਡੁਗੀ ਵਾਲਾ ਵਜਾ ਕੇ ਡੁਗਡੁਗੀ ਚਲਾ ਗਿਆ।
ਪੈੜਾਂ ਦੇ ਝੁਰਮਟ ਦਾ ਬੱਸ ਖਾਮੋਸ਼ ਚਰਚਾ ਰਹਿ ਗਿਆ।
ਆਪਣੀ ਤਸਵੀਰ ਉੱਤੇ ਨਾਜ਼ ਕਰਦੇ ਸਾਂ ਕਦੇ,
ਅੱਜ ਮੈਂ ਸ਼ੀਸ਼ੇ 'ਚ ਆਪਣਾ ਕਾਰਟੂਨ ਦੇਖਿਆ।
ਬਹੁਤ ਅੱਛਾ ਜੀਣ ਦਾ ਹੋਇਆ ਤਜ਼ੱਰਬਾ ਉਸ ਵਕਤ
ਜ਼ਿੰਦਗੀ ਵਿੱਚ ਜੀਣ ਲਈ ਜਦ ਬਾਕੀ ਨਾ ਕੁਝ ਵੀ ਰਿਹਾ।
ਜਦ ਭਰੀ ਮਹਿਫਲ ਨੇ ਉਸ ਦੀ ਖੂਬ ਪਰਸੰਸਾ ਕਰੀ,
ਸਾਗਰ ਵਰਗਾ ਸ਼ਖਸ਼ ਸੁੱਕੀ ਰੇਤ ਬਣ ਕੇ ਰਹਿ ਗਿਆ।
ਜੇ ਜਿਉਂਦੇ ਰਹੇ ਤਾਂ ਮਿਲਦੇ ਰਹਾਂਗੇ ਫੇਰ ਵੀ,
ਤਰਲੇ ਵਰਗੇ ਬੋਲ ਸੀ ਇਹ ਮਰਨ ਵਾਲਾ ਕਹਿ ਗਿਆ।
ਇਸ਼ਕ ਸੀ ਜਾਂ ਸੀ ਕੋਈ ਤੂਫਾਨ ਜਾਂ ਪਾਣੀ ਦਾ ਹੜ•,
ਕੁਝ ਪਲ ਦੇ ਕੇ ਜੀਣ ਦੇ ਸਭ ਚਾਅ ਵਹਾ ਕੇ ਲੈ ਗਿਆ।
ਤੇਰੇ ਨਕਸ਼ ਚਿਤਵ ਢਿੱਲੋਂ ਲੋਰ ਵਿੱਚ ਰਹਿੰਦਾ ਸਾਂ ਮੈਂ,
ਹੁਣ ਤੇਰਾ ਚੇਤਾ ਦੁਖਾਵੀਂ ਯਾਦ ਬਣ ਕੇ ਰਹਿ ਗਿਆ।
ਗ਼ਜ਼ਲ-6
ਏਦਾਂ ਹੰਢਾਏ ਦੌਰ ਕਈ ਮੇਰੀ ਪਿਆਸ ਨੇ।
ਰੇਤੇ ਨੂੰ ਪਾਣੀ ਸਮਝ ਸੀ ਭਰ ਲਏ ਗਿਲਾਸ ਨੇ।
ਤੇਰੇ ਬਿਨ ਹੁਣ ਜ਼ਿੰਦਗੀ ਇਹ ਬੀਤਦੀ ਹੈ ਰੋਜ,
ਤੇਰੇ ਬਿਨ ਪਰ ਮੇਰੀਆ ਗ਼ਜ਼ਲਾਂ ਉਦਾਸ ਨੇ।
ਖਾਮੋਸ਼ ਕੰਧਾਂ, ਸੰਨਾਟੇ, ਸੁੰਝ ਰਾਤ ਦੀ,
ਹਰ ਵਕਤ ਇਹੀਓ ਸਾਥੀ ਮੇਰੇ ਪਾਸ ਨੇ।
ਕਦਰਾਂ ਤੇ ਕੀਮਤਾਂ ਨੇ ਕਿਦਾਂ ਰੁੱਖ ਹੈ ਬਦਲਿਆ,
ਬੰਦੇ ਦੀ ਪਹਿਚਾਣ ਹੁਣ ਬਣ ਗਏ ਲਿਬਾਸ ਨੇ।
ਦੁੱਖ ਦਾਰੂ ਸੁੱਖ ਰੋਗ ਦਾ ਕਿਸੇ ਨੂੰ ਨਹੀਂ ਪਤਾ
ਪੜ•ਦੇ ਨੇ ਲੋਕ ਰੋਜ ਹੀ ਉਝ ਤਾਂ ਰਹਿਰਾਸ ਨੇ।
ਗ਼ਜ਼ਲ-5
ਮੇਰਾ ਤਿੜਕਿਆ ਹੋਇਆ ਅੰਬਰ ਮੈਨੂੰ ਰੋਜ਼ ਸਵਾਲ ਕਰੇ,
ਇਹ ਸੁਪਨਿਆਂ ਦੇ ਤਾਰੇ ਕਿਉਂ ਨਹੀਂ ਰਹਿੰਦੇ ਤੇਰੇ ਨਾਲ ਘਰੇ।
ਬੋਤਲ ਵਿੱਚ ਬੰਦ ਕੀਤੇ ਜੁਗਨੂੰ ਟਿਮਟਿਮਾਉਂਦੇ ਤੱਕ ਕੇ ਵੀ,
ਦਿਲ ਤੇਰਾ ਉਹ ਸੇਕ ਕਿਸ ਤਰ•ਾਂ ਚੁੱਪ ਚੁਪੀਤਾ ਪਿਆ ਜਰੇ।
ਉਹ ਛਿਣ ਕੀਕਣ ਫੜਿਆ ਜਾਵੇ ਜਦ ਫੁੱਲ ਖਿੜਦਾ ਡੋਡੀ 'ਚੋ,
ਜਦ ਹੁੰਦਾ ਹੈ ਜਨਮ ਮਹਿਕ ਦਾ ਅਤੇ ਖਾਮੋਸ਼ੀ ਰੁਦਨ ਕਰੇ।
ਦੇਖ ਨਹੀਂ ਸਕਿਆ ਮੈਂ ਤੈਨੂੰ ਬੱਸ ਮਹਿਸੂਸ ਹੀ ਕੀਤਾ ਹੈ,
ਰੂਹ ਦੇ ਚਾਨਣ ਦੀ ਫੁਲਕਾਰੀ ਉੱਤੇ ਤੋਪਾ ਕੌਣ ਭਰੇ।
ਵਕਤ ਦੇ ਹਾਕਿਮ ਉਹ ਮਾਲੀ ਨਾ ਭੇਜੀ ਸਾਡੇ ਬਾਗ ਦੇ ਵਿੱਚ,
ਜਿਸ ਦੇ ਲਈ ਇਹ ਹੋਊ, ਤਿਤਲੀ ਮਰਦੀ ਹੈ ਤਾਂ ਮਰੇ ਪਰੇ।
ਇਸ ਅਕਾਸ਼ ਗੰਗਾ ਵਿੱਚ ਕਿਧਰੇ ਮੇਰਾ ਵੀ ਇੱਕ ਸੂਰਜ ਹੈ,
Ðਰੋਜ ਉਪ ਗ੍ਰਹਿ ਸੁਰਤ ਮੇਰੀ ਦਾ ਉਸ ਵੱਲ ਇੱਕ ਉਡਾਣ ਭਰੇ।
ਮੈਂ ਪ੍ਰਵਾਸੀ, ਪੰਛੀ ਆਪਣੀ ਡਾਰ 'ਚੋਂ ਵਿਛੜਿਆ ਹੋਇਆ ਹਾਂ,
ਮਨ ਦੇ ਸੁੰਨੇ ਖੇਤ 'ਚ ਅਵਾਰਾ ਸੋਚਾਂ ਦਾ ਵੱਗ ਚਰੇ।
ਅਹਿਸਾਸਾਂ ਦੀ ਝੀਲ 'ਚ ਭਾਵਾਂ ਦੇ ਪਰਿੰਦੇ ਚਹਿਕ ਰਹੇ,
ਪਰ ਵਹਿਸ਼ੀ ਮੌਸਮ ਤੋਂ ਤ੍ਰਹਿ ਕੇ ਰਹਿੰਦੇ ਸਹਿਮੇ ਅਤੇ ਡਰੇ।
ਵੀਰਾਨੇ ਵਿੱਚ ਸ਼ੂਕ ਰਿਹਾ ਹਾਂ ਢਿੱਲੋਂ ਮੈਂ ਫਰਮਾਂਹ ਦਾ ਰੁੱਖ,
ਚੁੱਪ, ਇਕੱਲ, ਸੰਨਾਟੇ ਦੇ ਨੇ ਸਾਥੀ ਪੌਦੇ ਹਰੇ ਹਰੇ।
ਗ਼ਜ਼ਲ-7
ਰੋਜ ਹੀ ਆਪਣੇ ਆਪੇ ਸੰਗ ਗੋਸ਼ਟ ਕਰਦੇ ਰਹਿ ਜਾਈਦਾ,
ਜਦ ਵੀ ਵਕਤ ਮਿਲੇ ਸੰਨਾਟੇ ਨਾਲ ਸੰਵਾਦ ਰਚਾਈਦਾ।
ਇਸ ਬੇ-ਚਿਹਰਾ ਅੰਨ•ੀ ਭੀੜ ਤੋਂ ਬਚਣ ਦਾ ਕੋਈ ਰਸਤਾ ਨਹੀਂ,
ਕਦੇ ਕਦੇ ਕੁਝ ਚਿਰ ਲਈ ਭੀੜ ਦਾ ਹਿੱਸਾ ਹੀ ਬਣ ਜਾਈਦਾ।
ਜਦੋਂ ਕਦੇ ਵੀ ਮਨ ਵਿੱਚ ਪੈਲ•ਾਂ ਪਾਉਣ ਦੀ ਤਾਂਘ ਉਭਰਦੀ ਹੈ,
ਕੱਚੀ ਜਿਹੀ ਕੰਧੋਲੀ 'ਤੇ ਮਿੱਟੀ ਦਾ ਮੋਰ ਬਣਾਈਦਾ।
ਬੀਤੇ ਦੇ ਵਿਸਰੇ ਨਾਂ ਚੇਤੇ ਕਰ ਲਿਖਣੇ ਫਿਰ ਢਾਹ ਦੇਣੇ,
ਕਦੇ ਕਦੇ ਮਨ ਆਪਣਾ ਯਾਰੋ ਏਦਾਂ ਵੀ ਪਰਚਾਈਦਾ।
ਹੁਣ ਨਾ ਕੋਈ ਪਰਿੰਦਿਆਂ ਦੇ ਲਈ ਛੱਤ 'ਤੇ ਪਾਣੀ ਰੱਖਦਾ ਹੈ,
ਨਵੇਂ ਮਕਾਨਾਂ ਤਾਈਂ ਰਬੜ ਦੇ ਰੁੱਖਾਂ ਨਾਲ ਸਜਾਈ ਦਾ।
ਔੜ ਦੇ ਮਾਰੇ ਮੋਹ ਦੇ ਰਿਸ਼ਤੇ ਜਦ ਵੀ ਚੇਤੇ ਆਉਂਦੇ ਨੇ,
ਬਰਸਾਤਾਂ ਦੇ ਮੌਸਮ ਵਿੱਚ ਵੀ ਨੈਣੋਂ ਨੀਰ ਵਹਾਈਦਾ।
ਹਾਏ ਗਰਮੀ, ਹਾਏ ਸਰਦੀ ਬਹੁੜੀ, ਹਾਏ ਵਰਖਾ, ਆਏ ਔੜ ਬੜੀ,
ਇੱਕ ਦੂਜੇ ਨੂੰ ਮਿਲਣ 'ਤੇ ਇਉਂ ਮੌਸਮ ਦਾ ਹਾਲ ਸੁਣਾਈਦਾ।
ਕਿਸ ਦਾ ਜੀਅ ਕਰਦਾ ਹੈ ਜਾ ਕੇ ਪਰਦੇਸਾਂ ਵਿੱਚ ਭਟਕਣ ਲਈ,
ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈ ਦਾ।
ਚੀਂ ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੀ ਕੋਈ ਦੱਸ ਸਕਦਾ ਹੈ,
ਆਹਲ•ਣਿਆਂ ਦੇ ਬੋਟਾਂ ਨੂੰ ਝੱਖੜਾਂ ਤੋਂ ਕਿੰਜ ਬਚਾਈਦਾ।
ਬੇਵਫਾਈ ਵੀ ਕੁਝ ਹੱਦ ਤੱਕ ਮਜ਼ਬੂਰੀ ਹੀ ਹੁੰਦੀ ਹੈ,
ਢਿੱਲੀ ਐਵੇਂ ਯਾਰਾਂ ਤਾਈਂ ਬਹੁਤਾ ਨਹੀਂ ਅਜ਼ਮਾਈ ਦਾ।
ਗ਼ਜ਼ਲ-8
ਤੇਰੀ ਮਹਿਫਿਲ 'ਚੋਂ ਉਠ ਕੇ ਵੀ ਜਾਣਾ ਬੜਾ ਚੰਗਾ ਰਿਹਾ।
ਇੱਕੋ ਹੀ ਰੰਗ ਵਿੱਚ ਕੈਦ ਸੀ ਮਨ ਹੁਣ ਹੋ ਬਹੁ ਰੰਗਾ ਰਿਹਾ।
ਬਹੁਤ ਵਾਰੀ ਪੀਣ ਦੀ ਤੌਬਾ ਮੈਂ ਕਰ ਦਿੱਤੀ ਸੀ ਪਰ,
ਹਾਏ! ਇਸ ਬਰਸਾਤ ਦੇ ਮੌਸਮ ਦਾ ਵੀ ਪੰਗਾ ਰਿਹਾ।
ਅਸੀਂ ਸਵੈਟਰ ਜਰਸੀਆਂ ਦੇ ਨਾਲ ਤਨ ਢੱਕ ਲਏ ਜਦੋਂ,
ਪਰ ਪਰਿੰਦਾ ਮਸਤ ਪੋਹ ਦੇ ਵਿੱਚ ਵੀ ਸੀ ਨੰਗਾ ਰਿਹਾ।
ਮੈਂ ਤਾਂ ਤੇਰੇ ਨੈਣਾਂ 'ਚੋਂ ਹੀ ਪੀ ਕੇ ਰੱਜ ਗਿਆ ਸਾਂ ਬੱਸ,
ਕੋਈ ਆਸ਼ਿਕ ਹੋਰ ਸੀ ਤੇਰਾ ਜੋ ਭਿਖ ਮੰਗਾ ਰਿਹਾ।
ਅਕਲ ਕਹਿੰਦੀ ਹੀ ਰਹੀ ਇਹ ਇਸ਼ਕ ਬੁਰੀ ਚੀਜ਼ ਹੈ,
ਦਿਲ ਨਹੀਂ ਮੰਨਿਆ ਦੋਹਾਂ ਵਿੱਚ ਅਕਸਰ ਹੀ ਦੰਗਾ ਰਿਹਾ।
ਉਂਜ ਤਾਂ ਤੇਰੇ ਬਿਨਾ ਵੀ ਇਹ ਹੋ ਗਿਆ ਜੀਵਨ ਬਤੀਤ,
ਢਿੱਲੋਂ ਪਰ ਬਹੁਤ ਹੀ ਸੀ ਉਦਾਸ ਅਤੇ ਬੇਢੰਗਾ ਰਿਹਾ।
Tuesday, August 17, 2010
Subscribe to:
Post Comments (Atom)
No comments:
Post a Comment