Thursday, August 12, 2010

ਚੋਰਾਂ ਬਿਨਾਂ ਵੀ ਸਜਦਾ ਨਹੀਂ, ਇਹ ਮੇਲਾ ਦੁਨੀਆਂ ਦਾ

ਚੋਰਾਂ ਬਿਨਾਂ ਵੀ ਸਜਦਾ ਨਹੀਂ, ਇਹ ਮੇਲਾ ਦੁਨੀਆਂ ਦਾ
ਅਮਰਜੀਤ ਢਿੱਲੋਂ
ਚਿੱਟੇ ਚੋਲੇ ਪਾ ਕੇ ਹੁੰਦੇ ਸੰਤ ਜੇ ਸਾਰੇ ਜੀ,
ਕੀਹਨੂੰ ਸਿੱਖਿਆ ਦਿੰਦੇ ਫਿਰ ਬਾਬੇ ਵਿਚਾਰੇ ਜੀ।
ਬਘਿਆੜਾਂ ਤੋਂ ਬਿਨਾਂ ਹੀ ਰਹਿੰਦਾ ਲੇਲਾ ਦੁਨੀਆਂ ਦਾ।
ਚੋਰਾਂ ਬਿਨਾਂ ਵੀ ਸਜਦਾ ਨਹੀਂ ਇਹ ਮੇਲਾ ਦੁਨੀਆਂ ਦਾ।
ਜੇ ਦੁਨੀਆਂ ਵਿੱਚ ਸਾਰੇ ਬੰਦੇ ਸਾਊ ਹੋ ਜਾਂਦੇ।
ਸਭ ਦੇ ਸਭ ਹੀ ਇੱਥੇ ਅੱਗ ਬੁਝਾਊ ਹੋ ਜਾਂਦੇ।
ਕਰਦਾ ਫਿਰ ਕੌਣ ਗਰਮ ਗਜਰੇਲਾ ਦੁਨੀਆ ਦਾ। ਚੋਰਾਂ ਬਿਨਾਂ. .
ਰਾਤਾਂ ਕਰਕੇ ਇੱਛਾ ਹੁੰਦੀ ਹੈ ਦਿਨ ਮਾਨਣ ਦੀ,
ਨੇਰ•ੇ ਕਰਕੇ ਹੀ ਪੈਂਦੀ ਹੈ ਕਦਰ ਵੀ ਚਾਨਣ ਦੀ।
ਝੂਠ ਬਿਨਾਂ ਰਹਿ ਜਾਂਦਾ ਸੱਚ ਅਕੇਲਾ ਦੁਨੀਆਂ ਦਾ। ਚੋਰਾਂ ਬਿਨਾਂ . .
ਜੇ ਨਾ ਹੁੰਦਾ ਇਸ਼ਕ, ਇਸ਼ਕ ਦੀਆਂ ਮਰਜ਼ਾਂ ਨਾ ਹੁੰਦੀਆਂ,
Ðਰੰਗ ਰੰਗੀਲੇ ਗੀਤ ਸੁਹਣੀਆਂ ਤਰਜ਼ਾਂ ਲਾ ਹੁੰਦੀਆਂ।
ਆਸ਼ਕਾਂ ਨਾਲ ਹੈ ਹੁੰਦਾ ਰੰਗ ਨਵੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਜੇ ਨਫਰਤ ਨਾ ਹੁੰਦੀ ਕਰਨਾ ਪਿਆਰ ਵੀ ਕੀਹਣੇ ਸੀ,
ਵਿਛੜਣ ਬਾਝੋਂ ਕਰਨਾ ਇੰਤਜ਼ਾਰ ਵੀ ਕੀਹਣੇ ਸੀ।
ਝੱਖੜ ਹਨੇ•ਰੀ ਬਿਨਾ ਹੀ ਲੰਘਦਾ ਰੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਕੌੜੀਆਂ ਮਿਰਚਾਂ ਦੇ ਨਾਲ ਲੋੜ ਹੈ ਮਿੱਠੇ ਗੰਨੇ ਦੀ,
ਜੇ ਨਾ ਲਾਏ ਹੋਣ ਤੋਰੀਆਂ, ਕੱਦੂ ਬੰਨ•ੇ ਜੀ,
ਰਹਿ ਜਾਂਦੀ ਬੱਸ ਸਬਜ਼ੀ ਕੌੜ ਕਰੇਲਾ ਦੁਨੀਆ ਦਾ। ਚੋਰਾ ਬਿਨਾਂ. .
ਨੇਤਾ, ਜੇਬ• ਕਤਰਿਆਂ ਦੀਆਂ ਨੇ ਮੇੜ•ਾਂ ਫਿਰ ਰਹੀਆਂ,
ਤਾਹੀਏਂ ਥਾਂ ਥਾਂ ਸਾਧਾਂ ਦੀਆਂ ਨੇ ਹੇੜ•ਾਂ ਫਿਰ ਰਹੀਆਂ।
ਭਰ ਕੇ ਜੇਬ•ਾਂ ਕਰਦੇ ਜਨਮ ਸੁਹੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਪੁੰਨ ਨਾਲ ਹੈ ਪਾਪ ਤੇ ਮੂਰਖ ਨਾਲ ਗਿਆਨੀ ਜੀ,
ਬਿਜਨਿਸ ਦੇ ਵਿੱਚ ਲਾਭ, ਤੇ ਲਾਭ ਨਾਲ ਹੈ ਹਾਨੀ ਜੀ।
ਗੁਟਕੂੰ ਕਰੇ ਕਬੂਤਰ ਸਹੇ ਗੁਲੇਲਾ ਦੁਨੀਆਂ ਦਾ। ਚੋਰਾਂ ਬਿਨਾਂ . .
ਸਦਕੇ ਜਾਈਏ ਬੇਈਮਾਨਾਂ ਦੀ ਸਰਦਾਰੀ ਦੇ,
ਲੈਣ ਇਹ ਘੋੜੇ ਜੀ ਇਨਾਮ 'ਚ ਇਮਾਨਦਾਰੀ ਦੇ,
ਇਨ•ਾਂ ਬਾਝੋਂ ਖਾਲੀ ਰਹੇ ਤਬੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਪੁਲਿਸ ਫੌਜ ਤੇ ਨਾ ਕੋਈ ਪਹਿਰੇਦਾਰ ਹੀ ਹੋਣਾ ਸੀ,
ਕੇਵਲ ਸਜਣ ਪੁਰਖਾਂ ਦਾ ਦੀਦਾਰ ਹੀ ਹੋਣਾ ਸੀ
ਢਿਚਕੂੰ ਢਿਚਕੂੰ ਕਰਦਾ ਰਹਿੰਦਾ ਠੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਕੁੱਤੇ ਤਾਈਂ ਕੋਈ ਨਾ ਆਖੇ ਕੁੱਤਾ ਬਣ ਕੁੱਤਿਆ,
ਕਹਿਣ ਬੰਦੇ ਨੂੰ ਬੰਦਾ ਬਣ ਤੂੰ ਐ ਪਾਪੀ ਸੁੱਤਿਆ,
ਠੱਗਾ ਕਰਕੇ ਹੈ ਰੁਜਗਾਰ ਗਿਆਨੀ ਗੁਨੀਆ ਦਾ। ਚੋਰਾਂ ਬਿਨਾਂ. .
ਕਿੰਨੇ ਇੱਥੇ ਧਰਮ ਅਤੇ ਕਿੰਨੇ ਧਰਮ ਦੁਆਰੇ ਨੇ,
ਪਾਪਾਂ ਦੇ ਡਰ ਕਰਕੇ ਹੀ ਚਲਦੇ ਇਹ ਸਾਰੇ ਨੇ,
ਵਿਹਲਣ ਲੁੱਟਦੇ ਸਦਾ ਹੀ ਪੈਸਾ ਧੇਲਾ ਦੁਨੀਆਂ ਦਾ। ਚੋਰਾਂ ਬਿਨਾਂ . .
ਜੇ ਨਾ ਹੁੰਦੇ ਚੋਰ ਤਾਂ ਇਹ ਚਤੁਰਾਈਆਂ ਨਾ ਹੁੰਦੀਆਂ,
ਆਸ਼ਕਾਂ ਬਾਝੋਂ ਇੱਥੇ ਚੋਰ ਭਲਾਈਆਂ ਨਾ ਹੁੰਦੀਆ,
ਫਿਰ ਨਾ ਕਿਸੇ ਕਾਲਜੇ ਵੱਜਦਾ ਸੇਲਾ ਦੁਨੀਆਂ ਦਾ। ਚੋਰਾਂ ਬਿਨਾਂ. .
ਠੱਗ ਤੇ ਆਸ਼ਕ ਬੱਝੇ ਆਪਸ ਦੇ ਵਿੱਚ ਡੋਰਾ ਦੇ,
ਢਿੱਲੋਂ ਕਦੇ ਨਾ ਗੁਝੇ ਰਹਿੰਦੇ ਨੇਤਰ ਚੋਰਾਂ ਦੇ,
ਰੋਜ ਬਦਲਦੇ ਰਹਿੰਦੇ ਰੰਗ ਨਵੇਲਾ ਦੁਨੀਆਂ ਦਾ।
ਚੋਰਾਂ ਬਿਨਾਂ ਵੀ ਸਜਦਾ ਨਾ ਇਹ ਮੇਲਾ ਦੁਨੀਆਂ ਦਾ।

ਗੀਤ (ਬਾਪ ਮਰੇ ਤਾਂ)
ਪਿੰਡੇ ਉੱਤੇ ਪੈਣ ਹੰਢਾਉਣੀਆਂ ਧੁੱਪਾਂ ਕਹਿਰ ਦੀਆਂ।
ਬਾਪ ਮਰੇ ਤਾਂ ਉੱਠ ਜਾਂਦੀ ਹੈ ਸਿਰ ਤੋਂ ਸੰਘਣੀ ਛਾਂ।
ਛੋਟੀ ਉਮਰੇ ਬਾਪ ਮਰੇ ਤਾਂ ਬਾਲ ਨਿਥਾਵੇਂ ਹੋਂਦੇ,
ਕਰਕੇ ਯਾਦ ਲਾਡ ਬਾਬਲ ਦੇ ਹੁਬਕੀ ਹੁਬਕੀ ਰੋਂਦੇ।
ਉਨ•ਾਂ ਤਾਈਂ ਵਰਾਉਂਦੀ ਹੋਈ ਖੁਦ ਰੋ ਪੈਂਦੀ ਮਾਂ। ਬਾਪ ਮਰੇ ਤਾਂ. .
ਜੋਬਨ ਰੁੱਤੇ ਬਾਪ ਜੇ ਤੁਰਜੇ ਤਾਂ ਰੁੱਸ ਜਾਣ ਬਹਾਰਾਂ,
ਸੁੰਨੀਆਂ ਸੁੰਨੀਆਂ ਲੱਗਣ ਵਿਆਹ ਦੀ ਡੋਲੀ ਵਾਲੀਆਂ ਕਾਰਾਂ,
ਬਾਬਲ ਬਾਝੋਂ ਕਾਹਦੇ ਭੰਗੜੇ, ਕਾਹਦੀਆਂ ਨੇ ਖੁਸ਼ੀਆ। ਬਾਪ ਮਰੇ ਤਾਂ. .
ਧੀਆਂ ਰਹਿਣ ਲੁੱਛਦੀਆਂ, ਦੇਖਣ ਲਈ ਬਾਬਲ ਦੀ ਘੋੜੀ,
ਜਾ ਧੀਆਂ ਦੇ ਸਹੁਰੀ ਵੰਡੇ ਕੌਣ ਦੀਵਾਲੀ ਲੋਹੜੀ,
ਧੀ ਦਾ ਹਾਉਕਾ ਨਿਕਲੇ ਬੋਲੇ ਜਦੋਂ ਬਨੰਰੇ ਕਾਂ। ਬਾਪ ਮਰੇ ਤਾਂ. . .
ਉਮਰ ਬਜ਼ੁਰਗੀ ਦੇ ਵਿੱਚ ਜੇਕਰ, ਬਾਪੂ ਜੀ ਤੁਰ ਜਾਵੇ,
ਔਝੜ ਰਾਹੀਂ ਪਿਆਂ ਨੂੰ ਕੋਈ ਸਿੱਧਾ ਰਾਹ ਨਾ ਥਿਆਵੇ,
ਢਿੱਲੋਂ ਰੌਣਕ ਭਰਿਆ ਵਿਹੜਾ ਕਰਦਾ ਏ ਭਾਂ ਭਾਂ।
ਬਾਪ ਮਰੇ ਤਾਂ ਉੱਠ ਜਾਂਦੀ ਹੈ ਸਿਰ ਤੋਂ ਸੰਘਣੀ ਛਾਂ।
ਗ਼ਜ਼ਲ
ਜ਼ਿੰਦਗੀ ਇਉਂ ਹੀ ਸਦਾ ਇਹ ਖਿਲਖਿਲਾ ਕੇ ਮੁਸਕਰਾਉ, ਮੈਂ ਨਹੀਂ ਹੋਣਾ।
ਖਿਲਣਗੇ ਫੁੱਲ 'ਤੇ ਹਵਾ ਵੀ ਇਸ ਤਰ•ਾਂ ਹੀ ਗੀਤ ਗਾਉ, ਮੈਂ ਨਹੀਂ ਹੋਣਾ।
ਮਹਿਫਲਾਂ ਵਿੱਚ ਜਾਮ ਵਰਤਾਉ ਜਦੋਂ ਸਾਕੀ ਅਚਾਨਕ
ਚੁੱਪ ਪਸਰੀ ਦੇਖ ਉਸ ਨੂੰ ਮੇਰੇ ਨਾਂਅ ਦਾ ਚੇਤਾ ਆਉ, ਮੈਂ ਨਹੀਂ ਹੋਣਾ।
ਭਿੰਨੀ ਤਾਰਿਆਂ ਭਰੀ ਰਾਤ ਵਿੱਚ ਜਦ ਕੋਈ ਯਾਦ ਕਰਕੇ,
ਮਨ ਦਾ ਮਹਿਰਮ ਕੋਈ ਮਨ ਹੀ ਮਨ ਮੈਨੂੰ ਬੁਲਾਉ, ਮੈਂ ਨਹੀਂ ਹੋਣਾ।
ਮੌਨਸੂਨ ਦੀ ਜਦੋਂ ਕਾਲੀ ਘਟਾ ਬਰਸੂ ਘਣਘੋਰ,
ਮੈਨੂੰ ਕਰਕੇ ਚੇਤੇ ਹੋਊ ਅੱਖ ਕਿਸੇ ਦੀ ਵੀ ਵਰ•ਾਊ, ਮੈਂ ਨਹੀਂ ਹੋਣਾ।
ਮਜਹਬਾਂ ਦੇ ਨਾਂਅ 'ਤੇ ਹੋਣਗੇ, ਜਦ ਵੀ ਕਦੇ ਦੰਗੇ ਫਸਾਦ,
ਮੌਜ ਪੰਡਿਤ, ਭਾਈ ਤੇ ਮੁੱਲਾ ਉਠਾਉ, ਮੈਂ ਨਹੀਂ ਹੋਣਾ।
ਹੱਕ, ਸੱਚ ਤੇ ਤਰਕਸ਼ੀਲਤਾ ਦੀ ਜਦ ਕਦੇ ਪੈਣੀ ਬਾਤ,
ਉਦੋਂ ਇੱਥੇ ਲੋਕਾਂ ਨੂੰ ਬੜੀ ਹੀ ਮੇਰੀ ਯਾਦ ਆਉ, ਮੈਂ ਨਹੀਂ ਹੋਣਾ।
ਜਦ ਫੁੱਲਾਂ ਦੇ ਗਿਰਦ ਭੰਵਰੇ ਅਤੇ ਤਿਤਲੀਆਂ ਕਰਨਗੇ ਨਾਚ,
ਢਿੱਲੋਂ ਜਿਹੇ ਫੁੱਲ ਉਦੋਂ ਹੋਵਣਗੇ ਬਹੁਤੇ ਹੀ ਸੰਗਾਊ, ਮੈਂ ਨਹੀਂ ਹੋਣਾ।

No comments:

Post a Comment