Wednesday, August 11, 2010

ਨਾ ਇਹ ਗੁੰਝਲਦਾਰ ਬੁਝਾਰਤ

ਨਾ ਇਹ ਗੁੰਝਲਦਾਰ ਬੁਝਾਰਤ
ਅਮਰਜੀਤ ਢਿੱਲੋਂ
ਨਾ ਇਹ ਗੁੰਝਲਦਾਰ ਬੁਝਾਰਤ, ਨਾ ਇਹ ਗੋਰਖਧੰਦਾ।
ਆਪਣੇ ਮਨ ਦੇ ਡਰ 'ਚੋਂ ਹੀ ਰੱਬ ਸਿਰਜ ਲੈਂਦਾ ਹੈ ਬੰਦਾ।
ਭਾਈ, ਪੰਡਿਤ, ਮੁਲਾਂ ਇਹ ਡਰ ਹੋਰ ਵਧਾਉਂਦੇ ਰਹਿੰਦੇ,
ਇਸੇ ਆਸਰੇ ਚੱਲਦਾ, ਵਿਹਲੜ ਸ਼ੈਤਾਨਾਂ ਦਾ ਧੰਦਾ।

ਗ਼ਜ਼ਲ
ਮੁਨਾਸਿਬ ਤਾਂ ਨਹੀਂ ਸੀ ਕਹਿਣਾ, ਪਰ ਚੁੱਪ ਕਰ ਨਹੀਂ ਹੁੰਦਾ।
ਕੋਈ ਉੱਚੇ ਮਕਾਨਾਂ ਨਾਲ ਹੀ ਬੰਦਾ ਮੋਹਤਬਰ ਨਹੀਂ ਹੁੰਦਾ।
ਬੜਾ ਹੀ ਜੋਰ ਲਾਉਂਦੇ ਹਾਂ ਕਿ ਔਹ ਹੋਵੇ ਤੇ ਆਹ ਹੋਵੇ।
ਜੋ ਆਪਾਂ ਸੋਚਦੇ ਹਾਂ ਯਾਰੋ ਉਹ ਅਕਸਰ ਨਹੀਂ ਹੁੰਦਾ।
ਜਿੱਥੇ ਵੀ ਜਾਣਗੇ ਉੱਥੇ ਹੀ ਇਹ ਚਾਨਣ ਬਿਖੇਰਣਗੇ।
ਕਿਉਂਕਿ ਦੀਵਿਆਂ ਦਾ ਆਪਣਾ ਕੋਈ ਘਰ ਨਹੀਂ ਹੁੰਦਾ।
ਜਿਸ ਘਰ ਅੱਗੇ ਜਾ ਕੇ ਝਿਝਕ ਹੋਵੇ ਅੰਦਰ ਜਾਵਣ ਦੀ,
ਉਹ ਆਪਣਾ ਘਰ ਨਹੀਂ ਹੁੰਦਾ, ਉਹ ਆਪਣਾ ਦਰ ਨਹੀਂ ਹੁੰਦਾ।
ਉਨ•ਾਂ ਨੇ ਬਾਗ ਪੁੱਟਿਆ ਮੈਂ ਲਗਾ ਲੀਤਾ ਹੈ ਦਿਲ ਅੰਦਰ,
ਮਾਤਮ ਮੈਥੋਂ ਯਾਰੋਂ ਬੂਟਿਆਂ ਦਾ ਕਰ ਨਹੀਂ ਹੁੰਦਾ।
ਬੜਾ ਜੀਅ ਕਰਦਾ ਹੈ ਮੇਰਾ ਹਮੇਸ਼ਾ ਸੱਚ ਹੀ ਬੋਲਾਂ,
ਸੱਚ ਬੋਲਣ ਦਾ ਯਾਰੋ ਹੌਂਸਲਾ ਐਪਰ ਨਹੀਂ ਹੁੰਦਾ।
ਕੋਈ ਵੀ ਸ਼ਹਿਰ ਸੜਦਾ ਹੈ ਤਾਂ ਦਿੱਲੀ ਹੱਸਦੀ ਕਾਹਤੋਂ ਹੈ,
ਸਿਆਸਤ ਤੇ ਤਬਾਹੀ ਦਾ ਰਿਸ਼ਤਾ ਜੇਕਰ ਨਹੀਂ ਹੁੰਦਾ।
ਬਣੇ ਨੇ ਸੂਰਜ ਜੋ ਬੱਸ ਅੱਗ ਹੀ ਉਨ•ਾਂ ਦਾ ਮੁਕੱਦਰ ਹੈ,
ਕਿ ਪੂਛਲ ਤਾਰਿਆਂ ਵਾਂਗੂ ਉਨ•ਾਂ ਤੋਂ ਠਰ ਨਹੀਂ ਹੁੰਦਾ।
ਜ਼ਿੰਦਗੀ ਦਾ ਇਹ ਅਮੁੱਕ ਸਫਰ ਇਉਂ ਹੀ ਚੱਲਦਾ ਰਹਿਣਾ ਹੈ,
ਜਿਉਂਦਿਆਂ ਤੋਂ ਮਰ ਗਿਆਂ ਦੇ ਨਾਲ ਮਰ ਨਹੀਂ ਹੁੰਦਾ।
ਹੈ ਬੱਸ ਦੀ ਭੀੜ ਜਿਹੀ ਜ਼ਿੰਦਗੀ ਹੁਣ ਬਣ ਗਈ ਢਿੱਲੋਂ,
ਇਕੱਠੇ ਸਫਰ ਕਰਦਿਆਂ ਵੀ ਕੋਈ ਹਮਸਫਰ ਨਹੀਂ।

ਵੱਗ ਸਾਧਾਂ ਦੇ
ਕਿਸ ਕਿਸ ਦੇ ਪੈਰੀ ਹੱਥ ਲਾਈਏ, ਥਾਂ-ਥਾਂ ਫਿਰਦੇ ਵੱਗ ਸਾਧਾਂ ਦੇ,
ਚਿੱਪੀ ਦੇ ਵਿੱਚ ਠੰਢਾ ਪਾਣੀ, ਹੋਠਾਂ ਉੱਤੇ ਅੱਗ ਸਾਧਾਂ ਦੇ।
ਵਿਹਲੜ ਅਤੇ ਨਿਖੱਟੂ ਕਿਦਾਂ ਬੁੱਲੇ ਲੁੱਟਦੇ, ਮੌਜ ਉਡਾਉਂਦੇ,
ਕਿਰਤੀ ਕਾਮੇ, ਅਨਪੜਤਾ ਵੱਸ ਪਿੱਛੇ ਜਾਂਦੇ ਲੱਗ ਸਾਧਾਂ ਦੇ।
ਪੜ•ੇ ਲਿਖੇ ਲਾਈਲੱਗ ਬੰਦੇ, ਭ੍ਰਿਸ਼ਟ ਚੋਰ, ਨੇਤਾ ਤੇ ਅਫਸਰ,
ਲੋਕਾਂ ਤਾਈਂ ਦਿਖਾਵਣ ਖਾਤਿਰ ਪੈਰੀਂ ਧਰਦੇ ਪੱਗ ਸਾਧਾਂ ਦੇ।
ਤੰਗੀ ਤੁਰਸ਼ੀ, ਪੈਸਾ ਧੇਲਾ ਅਤੇ ਕਮੀਨਾਪਣ ਬੰਦਿਆਂ ਦਾ,
ਪਹਿਲਾਂ ਸਾਧ ਦੀ ਨਿੰਦਿਆ ਕਰਦੇ ਪਿੱਛੋਂ ਰਲਦੇ ਸੱਗ ਸਾਧਾਂ ਦੇ।
ਧਰਮਸ਼ਾਲਾ ਦਾ ਕਮਰਾ ਪਾਉਂਦੇ, ਕੁੜੀਆਂ ਦਾ ਕਾਲਜ ਖੁੱਲ•ਵਾਉਂਦੇ,
ਨਾਲੇ ਆਮਦਨ, ਨਾਲੇ ਦੁੱਗਣਾ ਪਿੱਛੇ ਲੱਗਦਾ ਜੱਗ ਸਾਧਾਂ ਦੇ।
ਪੂੰਜੀਪਤ ਸਰਕਾਰ ਇਹ ਚਾਹੁੰਦੇ, ਅੰਧ-ਵਿਸ਼ਵਾਸ਼ ਰਹੇ ਇੰਜ ਕਾਇਮ,
ਨਾ ਕੋਈ ਲੱਗੇ, ਹਿੰਗ ਫੱਟਕੜੀ ਆਈ ਲੋਟ ਹੈ ਢੱਗ ਸਾਧਾਂ ਦੇ।
ਜੇ ਚੋਰਾਂ ਦੇ ਦਰਸ਼ਨ ਕਰਨੇ, ਆ ਚੱਲੀਏ ਸਾਧਾਂ ਦੇ ਡੇਰੇ,
ਦੁੱਧ ਘਿਓ ਦੇ ਨਾਲ ਪਾਲ ਪਾਲ ਕੇ ਰੱਖੇ ਵੱਡੇ ਠੱਗ ਸਾਧਾਂ ਦੇ।
ਸੂਟ ਸੁਨਹਿਰੀ ਪਾ ਕੇ ਚੱਲੀਆਂ, ਵੱਡੇ ਘਰਾਂ ਦੀਆਂ ਬੀਬਾ ਕੱਲੀਆਂ,
ਇਨ•ਾਂ ਦਾ ਮਨਮੋਹਨ ਲਈ ਪਾਏ, ਛਾਪਾਂ ਦੇ ਵਿੱਚ ਨਗ ਸਾਧਾਂ ਦੇ।
ਚਿਹਰੇ ਪੀਲੇ ਭੂਕ ਅਸਾਡੇ ਢਿੱਲੋਂ ਸ਼ਾਇਦ ਖੂਨ ਦੀ ਥੁੜ ਹੈ,
ਪੀ ਕੇ ਖੂਨ ਲੋਕਾਂ ਦਾ ਕਰਦੇ ਚਿਹਰੇ ਨੇ ਦਗ ਦਗ ਸਾਧਾਂ ਦੇ।

ਗ਼ਜ਼ਲ
ਤਲਵਾਰਾਂ, ਤ੍ਰਿਸ਼ੂਲ ਤੇ ਖੰਜਰ ਲਈ ਫਿਰਦੇ ਰਹੇ।
ਮੂੰਹ ਵਿੱਚ ਰਹੀਮ, ਵਾਖਰੂ, ਹਰ-ਹਰ ਲਈ ਫਿਰਦੇ ਰਹੇ।
ਯਾਦਾਂ 'ਚ ਖਿੜੀ ਬਹਾਰ ਦਾ ਮੰਜ਼ਰ ਲਈ ਫਿਰਦੇ ਰਹੇ।
ਪਰ ਮਨ ਵਿੱਚ ਕਾਲੇ ਮੌਸਮਾਂ ਦਾ ਡਰ ਲਈ ਫਿਰਦੇ ਰਹੇ।
ਦਰ ਹਕੀਕਤ ਸਾੜ ਬੈਠੇ ਆਪਣਾ ਹੀ ਆਲ•ਣਾ ਅਸੀਂ,
ਅੱਗ ਨੂੰ ਮਿੱਤਰ ਸਮਝ ਘਰ ਘਰ ਲਈ ਫਿਰਦੇ ਰਹੇ।
ਚਿਹਰਿਆਂ 'ਤੇ ਲੇਪ ਕਰਕੇ ਨਾਹਰਿਆਂ ਦੇ ਜੋਸ਼ ਦਾ,
ਮਨਾਂ ਅੰਦਰ ਸਹਿਮ, ਸ਼ੰਕੇ, ਡਰ ਲਈ ਫਿਰਦੇ ਰਹੇ।
ਸਾਡਿਆਂ ਹੀ ਸਿਰਾਂ ਲਈ ਉਹ ਵਰਤੇ ਗਏ ਅਖੀਰ ਵਿੱਚ,
ਪੱਥਰਾਂ ਦੇ ਜੋ ਅਸੀਂ ਠਾਕੁਰ ਲਈ ਫਿਰਦੇ ਰਹੇ।
ਮੂਰਿਆਂ ਦੀ ਪਰੇ• ਵਿੱਚ ਜਾ ਕੇ ਕੀ ਢਿੱਲੋਂ ਖੱਟਿਆ,
ਖਾਹ-ਮਖਾਹ ਸਾਂ ਗਿਆਨ ਦੇ ਅੱਖਰ ਲਈ ਫਿਰਦੇ ਰਹੇ।

ਗ਼ਜ਼ਲ
ਇਸ ਤਰ•ਾਂ ਦੇ ਹਾਦਸੇ ਵੀ ਸੰਗ ਸੰਗ ਚਲਦੇ ਰਹੇ।
ਸਾਨੂੰ ਸਦਾ ਹੀ ਆਪਣੇ ਪਰਛਾਵੇਂ ਹੀ ਨੇ ਛਲਦੇ ਰਹੇ।
ਖੁਸ਼ਰੰਗ ਧਾਰੀਆਂ ਨੂੰ ਹੀ ਦੇਖ ਅਸੀਂ ਮੋਹਿਤ ਹੋ ਗਏ।
ਸਾਡੀ ਆਸਤੀਨ ਵਿੱਚ ਹੀ ਜ਼ਹਿਰੀ ਸੱਪ ਪੱਲਦੇ ਰਹੇ।
Ðਰੋਹੀ ਬੀਆਬਾਨ ਵਿੱਚ ਹੁੰਦੀ ਰਹੀ ਬਰਸਾਤ ਰੋਜ਼,
ਕੋਮਲ ਸ਼ਗੂਫੇ ਚਮਨ ਦੇ ਰਹੇ ਝੁਲਸਦੇ ਜਲਦੇ ਰਹੇ।
ਉਨ•ਾਂ ਦੀ ਦੌੜ ਤੇਜ਼ ਸੀ ਉਹ ਦੂਰ ਜਾ ਕੇ ਸੌ ਗਏ,
ਪਰ ਅਸੀਂ ਤੁਰਦੇ ਰਹੇ ਅਤੇ ਨਾਲ ਜਾ ਰਲਦੇ ਰਹੇ।
ਭਾਵੇਂ ਸਾਂ ਜੁਗਨੂੰ ਅਸੀਂ ਤੇ ਸੇਕ ਵੀ ਬਹੁਤਾ ਨਾ ਸੀ,
ਪਰ ਸੁਨੇਹਾ ਰੌਸ਼ਨੀ ਦਾ ਰਾਤਾਂ ਵਿੱਚ ਕੱਲਦੇ ਰਹੇ।
ਕੀ ਭਰੋਸਾ ਚੰਦ ਦਾ ਕੋਈ ਬੱਦਲੀ ਢੱਕ ਲਏ ਉਸ ਨੂੰ,
ਤਾਹੀਓਂ ਰਾਤੀਂ ਦੀਪ ਸਾਡੀ ਦੇਹਲੀ 'ਤੇ ਜੱਲਦੇ ਰਹੇ।

No comments:

Post a Comment