Friday, April 29, 2016

ਆਤਮਾ ਜੇ ਜੰਮਦੀ ਜਾਂ ਮਰਦੀ ਹੀ ਨਹੀਂ ਤਾਂ ਫਿਰ ਆਵਾਗਵਨ ਕੌਣ ਭੋਗਦੈ ?

ਆਤਮਾ ਜੇ ਜੰਮਦੀ ਜਾਂ ਮਰਦੀ ਹੀ ਨਹੀਂ ਤਾਂ ਫਿਰ ਆਵਾਗਵਨ ਕੌਣ ਭੋਗਦੈ ?
ਹਿੰਦੂ ਧਾਰਮਿਕ ਗ੍ਰੰਥਾਂ (ਸ਼੍ਰੀਮਦ ਭਗਵਤ ਗੀਤਾ) ਵਿੱਚ ਲਿਖਿਆ ਹੈ ਕਿ ਆਤਮਾ ਨਾ ਜੰਮਦੀ ਹੈ ਅਤੇ ਨਾ ਹੀ ਮਰਦੀ ਹੈ। ਇਸਨੂੰ ਨਾ ਅੱਗ ਸਾੜ ਸਕਦੀ ਹੈ ਅਤੇ ਨਾ ਪਾਣੀ ਡੋਬ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਜੇ ਆਤਮਾ ਜੰਮਦੀ ਜਾਂ ਮਰਦੀ ਨਹੀਂ ਤਾਂ ਫਿਰ 84 ਲੱਖ ਜੂਨ (ਆਵਾਗਵਨ) ਕੌਣ ਭੋਗਦੈ ? ਕਹਿੰਦੇ ਆਦਮੀ ਨੂੰ 84 ਲੱਖ ਜੂਨ ਭੋਗਣ ਤੋਂ ਬਾਅਦ ਹੀ ਮਨੁੱਖੀ ਦੇਹੀ ਮਿਲਦੀ ਹੈ। ਉਹ ਵੀ ਤਾਂ ਜੇ ਉਸਨੇ ਦੂਜੀਆਂ ਜੂਨਾਂ ਵਿੱਚ ਚੰਗੇ ਕੰਮ ਕੀਤੇ ਹੋਣ, ਨਹੀਂ ਤਾਂ ਫਿਰ ਵਾਰੀ ਕੱਟੀ ਜਾਂਦੀ ਹੈ ਅਤੇ ਉਹ ਆਵਾਗਵਨ ਦਾ ਚੱਕਰ (84 ਲੱਖ ਜੂਨ) ਫਿਰ ਸ਼ੁਰੂ ਹੋ ਜਾਂਦਾ ਹੈ। ਮਨੁੱਖੀ ਜੂਨੀ ਵਿੱਚ ਨਾਮ ਜਪ ਕੇ ਮਨੁੱਖ ਆਵਾਗਵਨ ਤੋਂ ਰਹਿਤ ਹੋ ਜਾਂਦਾ ਹੈ ਭਾਵ  ਉਸ ਦਾ ਨਾਮੋ ਨਿਸ਼ਾਨ ਹੀ ਮਿਟ ਜਾਂਦਾ ਹੈ। ਜੇ ਭਲਾ ਨਾਮ ਜਪਣ ਨਾਲ ਮਨੁੱਖ ਦਾ ਨਾਮੋ ਨਿਸ਼ਾਨ ਹੀ ਮਿਟ ਜਾਣਾ ਹੈ ਅਤੇ ਉਸਨੇ ਫਿਰ ਕਿਸੇ ਜੂਨ ਵਿੱਚ (ਜਾਂ ਮਨੁੱਖ ਬਣਕੇ) ਇਹ ਧਰਤੀ ਹੀ ਨਹੀਂ ਦੇਖਣੀ ਤਾਂ ਫਿਰ ਅਜਿਹੇ ਨਾਮ ਜਪਣ ਦਾ ਕੀ ਫਾਇਦਾ। ਕੌਣ ਇਹ ਚਾਹੁੰਦਾ ਹੈ ਕਿ ਉਸਦਾ ਨਾਮੋ ਨਿਸ਼ਾਨ ਹੀ ਮਿਟ ਜਾਵੇ। ਹਰ ਜਿਉਂਦੀ ਹਸਤੀ (ਇੱਥੋਂ ਤੱਕ ਕਿ ਬਨਸਪਤੀ ਵੀ) ਇੱਥੇ ਜਿਉਂਦੇ ਰਹਿਣ ਲਈ ਆਪਣੀ ਪੂਰੀ ਸ਼ਕਤੀ ਲਾਉਂਦੀ ਹੈ। ਕੱਟਿਆ ਦਰੱਖਤ ਵਾਰ ਵਾਰ ਫੁੱਟਦਾ ਹੈ। ਮਰਿਆ ਸੱਪ ਵੀ ਦੁਬਾਰਾ ਜਿਉਂਦਾ ਹੋਣ ਲਈ ਵਾਰ ਵਾਰ ਜ਼ਹਿਰ ਘੋਲ ਕੇ ਜਿਉਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਮਨੁੱਖ ਹੀ ਕਿਉਂ ਆਪਣਾ ਆਪ ਮਿਟਾਉਣ ਲਈ ਮੁਕਤੀ ਦੀ ਕਾਮਨਾ ਕਰਦਾ ਹੈ। ਅਖੇ ਚੰਗੇ ਕੰਮ ਕਰਨ ਕਰਕੇ ਮਨੁੱਖੀ ਦੇਹੀ ਮਿਲਦੀ ਹੈ, ਜੇ ਭਲਾ ਕੋਈ ਮਨੁੱਖ ਪਿਛਲੇ ਜਨਮ ਵਿੱਚ ਮੱਖੀ,ਮੱਛਰ,ਬਿੱਛੂ ਜਾਂ ਸੱਪ ਆਦਿ ਸੀ ਤਾਂ ਉਸਨੇ ਕਿਹੜੇ ਚੰਗੇ ਕੰਮ ਕਰ ਲਏ ਜਿਸ ਕਰਕੇ ਉਸਨੂੰ ਮਾਨਸ ਜਨਮ ਮਿਲਿਆ। ਹਾਂ ਗਧੇ ਨੂੰ ਭਾਰ ਢੋਣ ਬਦਲੇ ਜ਼ਰੂਰ ਮਾਨਸ ਜਨਮ ਮਿਲ ਸਕਦਾ ਹੋਵੇ। ਉਂਜ ਜੇ ਗਧੇ ਨੂੰ ਵੀ ਇਹ ਗਿਆਨ ਹੋ ਜਾਵੇ ਕਿ ਉਸਨੂੰ ਮਨੁੱਖ ਬਣਾਇਆ ਜਾ ਰਿਹੈ ਤਾਂ ਸ਼ਾਇਦ ਉਹ ਇਨਕਾਰ ਕਰ ਦੇਵੇ। ਕਿਸੇ ਵੀ ਪਾਲਤੂ ਜਾਨਵਰ ਜਾਂ ਪਸ਼ੂ ਨੂੰ ਕੀ ਲੋੜ ਹੈ ਮਨੁੱਖ ਬਨਣ ਦੀ। ਮਨੁੱਖ ਉਹਨਾਂ ਦੀ ਕਿੱਲੇ ਤੇ ਖੜਿਆਂ ਦੀ ਟਹਿਲ ਸੇਵਾ ਕਰਦਾ ਹੈ।
ਹੁਣ 84 ਲੱਖ ਜੂਨਾਂ ਦਾ ਸੰਕਲਪ ਵੀ ਅਜੀਬ ਹੈ। ਵਿਗਿਆਨੀਆਂ ਨੇ 6 ਕਰੋੜ ਤੋਂ ਉਪੱਰ ਜੂਨਾਂ ਦਾ ਪਤਾ ਲਗਾ ਲਿਐ ਪਰ ਧਾਰਮਿਕ ਗ੍ਰੰਥ ਅਜੇ ਵੀ 84 ਲੱਖ ਤੇ ਹੀ ਖੜੇ ਹਨ। ਕਰੋੜਾਂ ਜੀਵ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ ਅਤੇ ਲੱਖਾਂ ਨਵੀਆਂ ਬਣ ਰਹੀਆਂ ਹਨ। ਫਿਰ ਆਤਮਾਵਾਂ ਦੇ ਕੋਟੇ ਦੀ ਗਿਣਤੀ ਦਾ ਵੀ ਕੋਈ ਪਤਾ ਨਹੀਂ। ਮਨੁੱਖ ਤਾਂ ਧਰਤੀ ਉਪੱਰ ਛੇ ਅਰਬ ਤੋਂ ਵੀ ਵਧ ਗਏ ਹਨ ਫਿਰ ਨਵੀਆਂ ਆਤਮਾਵਾਂ ਕਿੱਥੋਂ ਆ ਰਹੀਆਂ ਹਨ। ਜਦੋਂ ਕਹਿੰਦੇ ਕਿ ਆਤਮਾ ਨਾ ਜੰਮਦੀ ਹੈ ਅਤੇ ਨਾ ਹੀ ਮਰਦੀ ਹੈ। ਗਰੁੜ ਪੁਰਾਣ ਵਿੱਚ ਭਿਆਨਕ ਨਰਕਾਂ ਦਾ ਵਰਨਣ ਕੀਤਾ ਗਿਆ ਹੈ। ਦਾਨ ਪੁੰਨ ਨਾ ਕਰਨ ਵਾਲੇ ਦੀ ਆਤਮਾ ਨੂੰ ਭਿਆਨਕ ਨਰਕਾਂ ਵਿੱਚ ਸੜਣਾ ਪੈਂਦਾ ਹੈ। ਅਖੇ ਉਥੇ ਆਤਮਾ ਨੂੰ ਨਵਾਂ ਸਰੀਰ ਮਿਲਦਾ ਹੈ ਜਿਵੇਂ ਰੈਡੀਮੇਡ ਕੱਪੜੇ ਮਿਲਦੇ ਹਨ। ਕੋਈ ਪੁੱਛਣ ਵਾਲਾ ਹੋਵੇ ਕਿ ਕਿਵੇਂ ਬੱਚਾ ਗਰਭ ਕਾਲ ਤੋਂ ਲੈ ਕੇ ਵਧਦਾ ਵਧਦਾ ਪੂਰਾ ਮਨੁੱਖ ਬਣਦਾ ਹੈ। ਸਰੀਰ ਦੀ ਕਿੰਨੀ ਦੇਖਭਾਲ ਕਰਨੀ ਪੈਂਦੀ ਹੈ। ਫਿਰ ਅਗਾਂਹ ਨਰਕ ਵਿੱਚ ਜਾਣ ਲਈ ਕਿਵੇਂ ਰੈਡੀਮੇਡ ਸਰੀਰ ਮਿਲ ਜਾਂਦੇ ਹਨ। ਚਲੋ ਜੇ ਮਿਲ ਵੀ ਜਾਂਦੇ ਹੋਣਗੇ ਤਾਂ ਜਮਦੂਤ ਕੁੱਟੀ ਜਾਣ ਉਸ ਸਰੀਰ ਨੂੰ। ਜਦੋਂ ਅਸਲੀ ਸਰੀਰ ਤਾਂ ਇੱਥੇ ਧਰਤੀ ਤੇ ਹੀ ਸੜ ਗਿਆ। ਜਦੋਂ ਸਰੀਰ ਹੀ ਨਾ ਰਿਹਾ ਫਿਰ ਨਰਕ,ਸੁਰਗ ਜਾਂ ਅਗਲੇ ਜਨਮਾਂ ਦੀਆਂ ਗੱਲਾਂ ਵਿੱਚ ਕੀ ਸੱਚਾਈ ਹੋ ਸਕਦੀ ਹੈ। ਅਸਲ ਵਿੱਚ ਇਹ ਸਾਰੇ ਡਰਾਵੇ, ਲਾਲਚ ਵਿਹਲੜ ਲੋਕਾਂ ਵੱਲੋਂ ਕਿਰਤੀਆਂ ਦੀ ਲੁੱਟ ਕਰਨ ਲਈ ਹੀ ਬਣਾਏ ਗਏ ਹਨ। ਬੰਦ ਬੋਤਲ ਵਿੱਚ ਕਿੰਨੀਆਂ ਮੱਖੀਆਂ,ਮੱਛਰ ਜਾਂ ਹੋਰ ਜਾਨਵਰ ਡੱਟ ਲਾ ਕੇ ਮਾਰ ਦਿਓ। ਉਹਨਾਂ ਦੀ ਆਤਮਾ ਕਿਤੇ ਨਹੀਂ ਜਾਣੀ। ਬੋਤਲ ਨਹੀਂ ਟੁੱਟਣੀ। ਸਾਡੇ ਸਰੀਰ ਵਿੱਚ ਲੱਖਾਂ ਕਰੋੜਾਂ ਜੀਵ ਰੋਜ਼ ਦਾਖਿਲ ਹੁੰਦੇ ਹਨ ਅਤੇ ਉਹਨਾਂ ਨੂੰ ਮਾਰਨ ਵਾਲੇ ਜੀਵ ਲੱਖਾਂ ਦੀ ਗਿਣਤੀ ਵਿੱਚ ਸਾਡੇ ਸਰੀਰ ਵਿੱਚ ਮੌਜੂਦ ਹਨ। ਮ੍ਰਿਤਕ ਦੇਹ ਵਿੱਚ ਪੈਣ ਵਾਲੇ ਕੀੜੇ ਅਸਲ ਵਿੱਚ ਪਹਿਲਾਂ ਹੀ ਜਿਉਂਦੇ ਸਰੀਰ ਵਿੱਚ ਮੌਜੂਦ ਹੁੰਦੇ ਹਨ। ਸਰੀਰ ਦੇ ਨਾਲ ਹੀ ਮਨ ਦਾ ਵਿਕਾਸ ਹੁੰਦਾ ਹੈ ਅਤੇ ਸਰੀਰ (ਦਿਮਾਗ) ਦੇ ਖਾਤਮੇ ਦੇ ਨਾਲ ਹੀ ਮਨ (ਆਤਮਾ) ਮਰ ਜਾਂਦਾ ਹੈ। ਜਿਸ ਤਰ੍ਹਾਂ ਰਗੜ ’ਚੋਂ ਅੱਗ ਪੈਦਾ ਹੁੰਦੀ ਹੈ ਅਤੇ ਅੱਗ ਨਾਲ ਮੋਮਬੱਤੀ ਬਲਦੀ ਹੈ। ਮੋਮ ਖਤਮ ਹੋਣ ਤੇ ਜਾਂ ਹਵਾ ਦੇ ਤੇਜ ਝੋਂਕੇਂ ਨਾਲ ਮੋਮਬੱਤੀ ਬੁਝ ਜਾਂਦੀ ਹੈ। ਇਸੇ ਤਰ੍ਹਾਂ ਹੀ ਮਾਂ ਪਿਉ ਦੇ ਮਿਲਣ ਨਾਲ (ਹੁਣ ਕਲੋਨ ਵਿਧੀ ਜਾਂ ਟੈਸਟ ਟਿਊਬ ਨਾਲ ਵੀ) ਬੱਚੇ ਦਾ ਜਨਮ ਹੁੰਦਾ ਹੈ। ਸੈੱਲ ਬਣਦੇ ਬਣਦੇ ਸਰੀਰ ਵਿਗਸਦਾ ਹੈ ਫਿਰ ਸੈੱਲ ਟੁੱਟਣ ਨਾਲ ਸਰੀਰ ਘਟਣਾ ਸ਼ੁਰੂ ਹੁੰਦਾ ਹੈ। ਉਮਰ ਭੋਗ ਕੇ (ਸੈੱਲਾਂ ਦੇ ਮਰਨ ਨਾਲ) ਕੁਦਰਤੀ ਮੌਤ ਜਾਂ ਹਾਦਸੇ ਵਿੱਚ ਗੈਰ ਕੁਦਰਤੀ ਮੌਤ ਨਾਲ ਸਰੀਰ ਦਾ ਖਾਤਮਾ ਹੋ ਜਾਂਦਾ ਹੈ। ਇਸ ਤੋਂ ਅਗਾਂਹ ਮਨੁੱਖ ਆਪਣੀ ਅੌਲਾਦ ਵਿੱਚ ਆਪਣੇ ਜੀਨਜ਼ ਰਾਹੀਂ ਫਿਰ ਜਿਉਂਦਾ ਰਹਿੰਦਾ ਹੈ। ਛੜੇ ਮਨੁੱਖ ਦੀ ਵੀ ਆਪਣੇ ਭਾਈ,ਭਤੀਜਿਆਂ,ਭਾਣਜਿਆਂ ਵਿੱਚ ਅਣਸ ਕਾਇਮ ਰਹਿੰਦੀ ਹੈ ਅਤੇ ਜ਼ਿੰਦਗੀ ਕਦੇ ਵੀ ਖਤਮ ਨਹੀਂ ਹੁੰਦੀ। ਆਤਮਾ ਦਾ ਰੌਲਾ ਭੰਬਲਭੂਸੇ ਤੋਂ ਵੱਧ ਕੁੱਝ ਵੀ ਨਹੀਂ।
                                           ਅਮਰਜੀਤ ਢਿੱਲੋਂ ਦਬੜ੍ਹੀਖਾਨਾ 

No comments:

Post a Comment