Friday, April 29, 2016

ਪਵਨ ਗੁਰੂ ਪਾਣੀ ਪਿਤਾ

ਪਵਨ ਗੁਰੂ ਪਾਣੀ ਪਿਤਾ
ਗੁਰਦਵਾਰਾ ਦਾ ਅਰਥ ਹੈ ਗੁਰੂ ਦਾ ਦਵਾਰ। ਜੇ ਪਵਨ (ਹਵਾ) ਗੁਰੂ ਹੈ ਤਾਂ ਗੁਰੂ ਦਾ ਦਵਾਰ (ਪੌਣ ਦਾ ਅਸਥਾਨ) ਇਹ ਸਰੀਰ ਹੀ ਹੋਇਆ। ਸਾਡਾ ਇਹ ਸਰੀਰ ਹੀ ਗੁਰੂਦਵਾਰਾ ਹੈ (ਮਨ ਅੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵੈ- ਗੁਰੂ ਨਾਨਕ) ਗੁਰੂ ਨਾਨਕ ਜੀ ਅਨੁਸਾਰ ‘ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ’ ਭਾਵ ਪਵਨ (ਹਵਾ) ਗੁਰੂ ਹੈ, ਪਾਣੀ ਪਿਤਾ ਅਤੇ ਮਾਤਾ ਧਰਤੀ ਹੈ ਜੋ ਸੱਭ ਤੋਂ ਮਹੱਤਵਪੂਰਨ ਹੈ। ਬ੍ਰਹਿਮੰਡ ਦੀਆਂ ਘਟਨਾਵਾਂ ਵਿੱਚ ਪਦਾਰਥ ਤੋਂ ਧਰਤੀ ਬਣੀ। ਹੋਰ ਵੀ ਬਹੁਤ ਸਾਰੀਆਂ (ਅਰਬਾਂ ਖਰਬਾਂ) ਧਰਤੀਆਂ ਹਨ ਪਰ ਉਹਨਾਂ ਉਪੱਰ ਪਿਤਾ (ਪਾਣੀ) ਦੀ ਅਣਹੋਂਦ ਕਾਰਨ ਜੀਵਨ ਪੈਦਾ ਨਹੀਂ ਹੋ ਸਕਿਆ ਜਾਂ ਪਾਣੀ ਹੋਣ ਦੇ ਬਾਵਜੂਦ ਵੀ ਅਨੁਕੂਲ ਹਾਲਤਾਂ ਪੈਦਾ ਨਹੀਂ ਹੋ ਸਕੀਆਂ। ਬ੍ਰਹਿਮੰਡ ਵਿੱਚ ਧਰਤੀ ਉਪੱਰ ਸੂਰਜੀ ਗੈਸਾਂ (ਕਿਰਨਾਂ) ’ਚੋਂ ਆਕਸੀਜਨ ਅਤੇ ਹਾਈਡਰੋਜਨ ਦੇ ਮੇਲ ਨਾਲ ਪਾਣੀ ਬਣਿਆ। ਧਰਤੀ ਅਤੇ ਪਾਣੀ (ਮਾਤਾ + ਪਿਤਾ) ਦੇ ਮੇਲ ਨਾਲ ਹੀ ਜੀਵ ਉਤਪਤੀ ਹੋਈ। ‘‘ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ’’ ਦਿਨ ਅਤੇ ਰਾਤ ਸਮਾਂ ਹੈ। ਧਰਤੀ ਘੁੰਮਦੀ ਹੈ ਅਤੇ ਧਰਤੀ ਦੇ ਘੁੰਮਣ ਅਤੇ ਸੂਰਜ ਦੁਆਲੇ ਪਰਿਕਰਮਾ ਕਰਨ ਨਾਲ ਹੀ ਦਿਨ-ਰਾਤ ਅਤੇ ਰੁੱਤਾਂ ਬਣਦੀਆਂ ਹਨ। ਦਾਈ ਅਤੇ ਦਾਇਆ ਬਣੇ ਇਹਨਾਂ ਦਿਨ ਰਾਤ ਵਿੱਚ ਸ੍ਰਿਸ਼ਟੀ ਪੈਦਾ ਹੋ ਰਹੀ ਹੈ ਅਤੇ ਖਤਮ ਹੋ ਰਹੀ ਹੈ। ਸਮਾਂ ਨਾਸ਼ਮਾਨਤਾ ਵਿੱਚ ਲੀਨ ਹੈ। ਇਸੇ ਨਾਸ਼ਮਾਨਤਾ ਅਤੇ ਸਥਿਰਤਾ ਵਿੱਚ ਦੁਨੀਆਂ (ਜਗਤ) ਆਪਣੀਆਂ ਖੇਡਾਂ ਖੇਡ ਰਹੀ ਹੈ। ਵਧੀਆ ਖੇਡ ਖੇਡਣ ਵਾਲਾ ਭਾਵ ਧਰਤੀ ਨੂੰ ਸੁਹਾਵਣੀ ਬਨਾਉਣ ਵਾਲਾ ਮਨੁੱਖ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਪਰ ਧਰਤੀ ਨੂੰ ਕਰੂਪ ਕਰਨ ਵਾਲੇ ਵਿਅਕਤੀ ਨੂੰ ਲਾਹਨਤਾਂ ਮਿਲਦੀਆਂ ਹਨ। ਅੱਜ ਬਹੁਤੇ ਮਨੁੱਖ ਲਾਹਨਤਾਂ ਦੇ ਹੀ ਹੱਕਦਾਰ ਹਨ। ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਸੱਭ ਤੋਂ ਪਹਿਲਾਂ ਇਸ ਸਰੀਰ (ਗੁਰਦਵਾਰੇ) ਦਾ ਖਿਆਲ ਰੱਖੇ। ਇਸ ਨੂੰ ਹਰ ਤਰ੍ਹਾਂ ਨਾਲ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰੇ। ਫਿਰ ਧਰਤੀ (ਮਾਤਾ), ਪਾਣੀ (ਪਿਤਾ) ਅਤੇ ਗੁਰੂ (ਹਵਾ) ਨੂੰ ਪੂਜਣਯੋਗ ਸਮਝ ਕੇ ਇਹਨਾਂ ਦੀ ਸ਼ੁੱਧੀ ਦਾ ਖਿਆਲ ਰੱਖੇ। ਇਸ ਤਰ੍ਹਾਂ ਹੀ ਮਨੁੱਖ ਦੇ ਕਰਮ ਚੰਗਿਆਈਆਂ, ਬੁਰਾਈਆਂ ਦਾ ਲੇਖਾ ਜੋਖਾ ਧਰਮ (ਸੱਚ) ਦੇ ਚੌਖਟੇ ਵਿੱਚ ਰੱਖ ਕੇ ਕੀਤਾ ਜਾਵੇ। ਪਰ ਹੋ ਸੱਭ ਕੁੱਝ ਹੀ ਇਸ ਦੇ ਉਲਟ ਰਿਹਾ ਹੈ। ਲੋਕ ਪੁਜਾਰੀਆਂ ਦੇ ਪਿੱਛੇ ਲੱਗ ਕੇ ਇਸ ਸਰੀਰ ਰੂਪੀ ਗੁਰਦਵਾਰੇ ਨੂੰ ਭੁੱਲ ਕੇ ਇੱਟਾਂ ਧੋਣ ਅਤੇ ਕੰਧਾਂ ਦੀ ਸੰਭਾਲ ਕਰਨ ਵਿੱਚ ਲੱਗੇ ਹੋਏ ਹਨ। ‘ਘਟ ਹੀ ਤੀਰਥ ਨਾਵੈ’, ਨੂੰ ਭੁੱਲ ਕੇ ਪੁਜਾਰੀਆਂ ਦੀਆਂ ਦੁਕਾਨਾਂ ਬਣੇ ਤੀਰਥਾਂ ਵਿੱਚ ਨਹਾਉਣ ਲਈ ਭੱਜੇ ਜਾ ਰਹੇ ਹਨ। ਧਰਤੀ ਮਾਤਾ, ਪਵਨ ਗੁਰੂ ਅਤੇ ਪਾਣੀ ਪਿਤਾ ਨੂੰ ਪਲੀਤ ਕਰਨ ਲੱਗੇ ਹੋਏ ਹਨ। ਤੀਰਥਾਂ ਵਿੱਚ ਅੰਨ੍ਹੀ ਭੀੜ ਸੱਭ ਤੋਂ ਵੱਧ ਗੰਦਗੀ ਪੈਦਾ ਕਰਕੇ ਇਹਨਾਂ ਤਿੰਨਾਂ ਨੂੰ ਪਲੀਤ ਕਰਦੀ ਹੈ। ਹਰ ਤੀਰਥ ਅਸਥਾਨ, ਹਰ ਗੁਰਦਵਾਰੇ ਅਤੇ ਹਰ ਮੰਦਰ ਦੇ ਪੁਜਾਰੀਆਂ ਨੇ ਲੋਕਾਂ ਨੂੰ ਉੱਥੇ ਸੱਦਣ ਲਈ ਵੱਖੋ ਵੱਖ ਕਹਾਣੀਆਂ ਘੜੀਆਂ ਹੋਈਆਂ ਹਨ। ਗੁਰੂ ਨਾਨਕ ਜੀ ਨੇ ‘ਘਟ ਹੀ ਤੀਰਥ ਨਹਾਉਣ’ ਭਾਵ ਆਪਣੇ ਅੰਦਰ ਝਾਤੀ ਮਾਰਨ ਦਾ ਉਪਦੇਸ਼ ਦਿੱਤਾ ਸੀ। ਹੁਣ ਤਾਂ ਸ਼ਰਧਾਲੂ ਅੰਦਰ ਝਾਤ ਦੀ ਬਜਾਏ ਬਾਹਰੀ ਦਿਖਾਵੇ ਉਪੱਰ ਹੀ ਜੋਰ ਦੇਣ ਲੱਗੇ ਹੋਏ ਹਨ। ਹਰ ਧਰਮ, ਫਿਰਕਾ, ਮਜ਼ਹਬ ਇੱਕ ਦੂਜੇ ਨੂੰ ਨਫਰਤ ਕਰਦਾ ਹੈ। ਲੋਕ ਅਸਲੀ ਧਰਮ ਇਨਸਾਨੀਅਤ ਨੂੰ ਭੁੱਲ ਕੇ ਹਿੰਦੂ, ਸਿੱਖ, ਇਸਾਈ, ਮੁਸਲਮਾਨ ਬਣ ਕੇ ਇੱਕ ਦੂਜੇ ਨੂੰ ਜਿਉਂਦਿਆਂ ਸਾੜ ਰਹੇ ਹਨ। ਸਬਰ ਸੰਤੋਖ ਅਤੇ ਮਾਇਆ ਨਾਗਣੀ ਦਾ ਉਪਦੇਸ਼ ਦੇਣ ਵਾਲੇ ਸੰਤ ਮਹਿਲਨੁਮਾ ਕੋਠੀਆਂ ਉਸਾਰ ਰਹੇ ਹਨ। ਸੱਭ ਤੋਂ ਮਹਿੰਗੀਆਂ ਕਾਰਾਂ ਇਹਨਾਂ ਕੋਲ ਹਨ। ਧੁਰੋਂ ਲਿਖੇ ਸਵਾਸਾਂ ਦਾ ਉਪਦੇਸ਼ ਦੇਣ ਵਾਲੇ ਗੰਨਮੈਨਾਂ ਤੋਂ ਬਿਨ੍ਹਾਂ ਇੱਕ ਕਦਮ ਵੀ ਨਹੀਂ ਪੁੱਟਦੇ। ਲੋਕ ਅੰਨ੍ਹੀ ਸ਼ਰਧਾ ਅਧੀਨ ਆਪਣੀ ਕਿਰਤ ਕਮਾਈ ਇਹਨਾਂ ਦੇ ਕਦਮਾਂ ਵਿੱਚ ਢੇਰੀ ਕਰ ਰਹੇ ਹਨ। ਝੂਠੇ ਪ੍ਰਲੋਕ ਸੰਵਾਰਨ ਦੀ ਲਾਲਸਾ ਵਿੱਚ ਆਪਣਾ ਲੋਕ ਵਿਗਾੜ ਰਹੇ ਹਨ। ਆਪਣੇ ਬੱਚਿਆਂ ਦੀ ਕੋਈ ਮੰਗ ਪੂਰੀ ਕਰਨ ਦੀ ਬਜਾਏ ਇਹਨਾਂ ਸੰਤਾਂ ਦੇ ਆਖੇ ਸੱਭ ਕੁੱਝ ਇਹਨਾਂ ਉੱਪਰ ਨਿਛਾਵਰ ਕਰ ਦਿੰਦੇ ਹਨ। ਰਾਜ ਤੋਂ ਬਾਅਦ ਨਰਕ ਦਾ ਉਪਦੇਸ਼ ਦੇਣ ਵਾਲੇ ਸਾਰੇ ਸੰਤ ਐਮ. ਐਲ. ਏ. , ਐਮ. ਪੀ. ਦੀ ਟਿਕਟ ਲਈ ਤਾਂਘਦੇ ਰਹਿੰਦੇ ਹਨ। ਕਈ ਇਸ ਮਕਸਦ ਵਿੱਚ ਕਾਮਯਾਬ ਵੀ ਹੋ ਗਏ ਹਨ। ਚੋਰ ਤੇ ਕੁੱਤੀ (ਸਾਧ ਤੇ ਨੇਤਾ) ਆਪਸ ਵਿੱਚ ਵੰਡ ਵੰਡਾਈ ਕਰ ਲੈਂਦੇ ਹਨ। ਸੰਤ ਨੇਤਾਵਾਂ ਨੂੰ ਵੋਟਾਂ ਪੁਆ ਦਿੰਦੇ ਹਨ ਅਤੇ ਨੇਤਾ ਬਦਲੇ ਵਿੱਚ ਉਹਨਾਂ ਦੇ ਬੰਦਿਆਂ ਨੂੰ ਗੱਫੇ ਦਿੰਦੇ ਰਹਿੰਦੇ ਹਨ ਅਤੇ ਸੰਤਾਂ ਦੀ ਉਸਤਤ ਕਰਦੇ ਰਹਿੰਦੇ ਹਨ। ਮਨੁੱਖ ਨੂੰ ਅੱਜ ਵਿਗਿਆਨਕ ਸੋਚ ਅਪਣਾ ਕੇ ਸਾਧ ਨੇਤਾਵਾਂ ਦੋਹਾਂ ਦਾ ਖਹਿੜਾ ਛੱਡ ਕੇ ਮੰਦਰਾਂ ਮਸਜਿਦਾਂ ਵਿੱਚ ਟੱਕਰਾਂ ਮਾਰਨ ਦੀ ਥਾਂ ਆਪਣਾ ਘਰ ਸੰਵਾਰਨ ਪਵਨ ਗੁਰੂ, ਪਾਣੀ ਪਿਤਾ ਅਤੇ ਮਾਤਾ ਧਰਤ ਮਹੱਤ ਦੀ ਸੰਭਾਲ ਵੱਲ ਹੀ ਲੋੜੀਂਦਾ ਧਿਆਨ ਦੇਣਾ ਚਾਹੀਦਾ ਹੈ। ਇਹ ਹੀ ਮਹੱਤ (ਮਹੱਤਵਪੂਰਣ) ਹੈ।
ਅਮਰਜੀਤ ਢਿੱਲੋਂ ਦਬੜ੍ਹੀਖਾਨਾ 

No comments:

Post a Comment