Thursday, July 15, 2010

ਖੇਡਾ ਪਾ ਮਦਾਰੀ

ਐ ਮੇਰੇ ਪਿਆਰੇ ਨੇਤਾ ਜੀ, ਆ ਤੇ ਖੇਡਾ ਪਾ ਮਦਾਰੀ
ਥੱਕੀ ਟੁੱਟੀ ਇਸ ਜਨਤਾ ਦਾ ਕੁਝ ਚਿਰ ਮਨ ਪਰਚਾ ਮਦਾਰੀ।
ਤੇਰੇ ਕੋਲ ਚੁਟਕਲੇ ਵੀ ਹਨ, ਭੰਡਾਂ ਵਾਲੇ ਟੋਟਕੇ ਵੀ ਹਨ,
ਸਾਡੀਆਂ ਰੋਂਦੀਆਂ ਅੱਖੀਆ ਤਾਈਂ ਕੁਝ ਚਿਰ ਦੇਹ ਹਸਾ ਮਦਾਰੀ।
ਭੁੱਲ ਜਾਵਾਂਗੇ ਮਹਿੰਗਾਈ ਤੇ ਕੁੱਲੀ, ਗੁੱਲੀ ਦੇ ਫਿਕਰਾਂ ਨੂੰ।
ਸਾਡੇ ਸ਼ਹਿਰ ਨੂੰ ਪੈਰਿਸ ਜਿਹਾ ਬਣਾਉਣ ਦਾ ਲਾਰਾ ਲਾ ਮਦਾਰੀ।
ਤੇਰੀਆਂ ਏ.ਸੀ. ਬੱਸਾਂ ਅੰਦਰ ਸਾਡਾ ਤਾਂ ਨਿੱਤ ਸਾਹ ਘੁੱਟਦਾ ਹੈ,
ਸਾਡੀਆਂ ਟੁੱਟੀਆਂ ਸੜਕਾਂ 'ਤੇ ਲੁੱਕ ਦਾ ਭੋਰਾ ਪਾ ਮਦਾਰੀ।
ਕੀ ਹੋਇਆ ਜੇ ਦੁੱਧ ਨਹੀਂ ਹੈ, ਤੂੰ ਸਾਨੂੰ ਕਹਿ ਲੱਸੀ ਪੀ ਲਓ,
ਖੰਡ ਮਹਿੰਗੀ ਹੈ ਤੂੰ ਕਹਿ ਦੇਵੀਂ ਫਿੱਕੀ ਪੀਵੋ ਚਾਹ ਮਦਾਰੀ।
ਖੂਨ ਤਾਂ ਸਾਡਾ ਚੂਸ ਲਿਆ ਤੂੰ, ਹੁਣ ਖੂਨਦਾਨ ਕਰਨ ਲਈ ਕਹਿਣੈ,
ਸਾਰਾ ਹੀ ਤਨ ਦਾਨ ਹੈ ਸਾਡਾ, ਬੱਸ ਆ ਕੇ ਲੈ ਜਾਹ ਮਦਾਰੀ।
ਚਿੱਟੀ, ਕਾਲੇ, ਨੀਲੇ ਮੋਰ, ਲਾਲ, ਕੇਸਰੀ ਕਿੰਨੇ ਰੰਗ ਹੋਰ,
ਢਿੱਲੋਂ ਤੇਰੀ ਕਲਾ ਦੇ ਅਸ਼ਕੇ, ਵਾਹ ਮਦਾਰੀ ਵਾਹ ਮਦਾਰੀ।

ਗਜ਼ਲ-7
ਘਰ ਤੋਂ ਨਿਕਲਣ ਵੇਲੇ ਮੈਨੂੰ ਪਤਾ ਨਹੀਂ ਲੱਗਦਾ ਹੈ ਇਹ ਕਿਉਂ,
ਬੱਸ ਇੱਕ ਮੈਂ ਹੀ ਹਾਂ ਮੁਕੰਮਲ ਬਾਕੀ ਸਭ ਅਧੂਰੇ ਫਿਰਦੇ ਨੇ ਜਿਉਂ।
ਤਨਹਾਈ ਵਿੱਚ ਮੈਂ ਇਕੱਲਾ ਮਹਿਫਿਲ ਖੁਦ ਸਜਾ ਲੈਂਦਾ ਹਾਂ,
ਮੇਰੇ ਮਨ ਦੇ ਚਮਨ 'ਚ ਪੰਛੀ ਹਰ ਵੇਲੇ ਕਰਦੇ ਚਿਉਂ ਚਿਉਂ।
ਮੈਂ ਉਹ ਬਿਰਖ ਹਾਂ ਜਿਸ 'ਚੋਂ ਹਰ ਕੋਈ ਹਵਾ ਦੇ ਵਾਂਗੂੰ ਲੰਘ ਜਾਵੇ,
ਤੂੰ ਆਇਓ ਤਾਂ ਖੁਸ਼ੀ ਨਾ, ਨਹੀਂ ਉਦਾਸੀ ਜੇਕਰ ਉੱਠ ਚੱਲਿਓ।
ਹਰ ਵੇਲੇ ਮੈਂ ਆਪਣੇ ਆਪ ਨੂੰ ਭਰਿਆ ਭਰਿਆ ਹੀ ਤੱਕਦਾ ਹਾਂ,
Ñਲੋਕੀ ਕਹਿੰਦੇ ਨੇ ਮਗਰੂਰੀ ਮੈਂ ਕਹਿੰਦਾ ਹਾਂ ਇਹ ਹੈ ਮੇਰੀ ਹਉਂ।
ਮੈਂ ਸਰੀਰਦਾਨੀ ਪਿੰਡ ਦੇ ਸਿਵਿਆਂ ਦੇ ਗੇਟ 'ਤੇ ਲਿਖ ਆਇਆ,
ਇਸ ਸ਼ਮਸ਼ਾਨ ਦਾ ਵਾਸੀ ਮਰ ਕੇ ਵੀ ਨਹੀਂ ਹੋਣਾ ਅਮਰਜੀਤ ਸਿਹੁੰ।

ਗਜ਼ਲ-8
ਕੁਝ ਚਿਰ ਮਨ ਪਰਚਾ ਕੇ ਆਪਣਾ ਤੇ ਦਿਲਲਗੀਆਂ ਕਰਕੇ,
ਤੁਸੀਂ ਵੀ ਤੁਰ ਜਾਣਾ ਹੈ ਸਾਡੀ ਤਲੀ 'ਤੇ ਅੱਥਰੂ ਧਰ ਕੇ।
ਅਸੀਂ ਕੁਠਾਲੀ ਬਿਰਹੋ ਦੀ ਵਿੱਚ ਤਿਲ ਤਿਲ ਕਰਕੇ ਮੋਏ,
ਫੇਰ ਬਣੇ ਹਾਂ ਯਾਰਾ ਕੁੰਦਨ ਸੇਕ ਗਮਾਂ ਦਾ ਜ਼ਰਕੇ।
ਸਾਡੀਆਂ ਹੀ ਆਵਾਰਾ ਸੋਚਾਂ ਅਜੇ ਨਾ ਵਾਪਸ ਮੁੜੀਆਂ,
ਆਹਲਣਿਆਂ ਵਿੱਚ ਆ ਗਏ ਪੰਛੀ, ਪਸ਼ੂ ਵੀ ਆ ਗਏ ਚਰਕੇ।
ਸਭ ਕੁਝ ਤਾਂ ਹੈ ਫਿਰ ਵੀ ਕਿਉਂ ਇਹ ਭਟਕ ਰਹੀਆਂ ਨ ਨਜ਼ਰਾਂ,
Ðਰੋਜ ਘਰਾਂ ਨੂੰ ਜਾਂਦੇ ਹਾਂ ਕਿਉਂ ਅਸੀਂ ਕੁਵੇਲਾ ਕਰਕੇ।
ਕਈ ਕਿਸ਼ਤੀਆਂ ਤਾਈਂ ਵੀ ਨਾ ਮਿਲਦਾ ਕਦੇ ਕਿਨਾਰਾ,
ਕੱਚੇ ਘੜੇ ਕਈ ਜਿੱਤ ਜਾਂਦੇ ਨੇ ਪਾਣੀ ਵਿੱਚ ਵੀ ਖਰ ਕੇ।
ਅਸੀਂ ਪਿਘਲ ਕ ਦਰਿਆ ਬਨਣੈ, ਇੱਕ ਦਿਨ ਬੇੜੀ ਖਾਤਰ,
ਕੀ ਹੋਇਆ ਜੇ ਅੱਜ ਗਲੇਸ਼ੀਅਰ ਬਣੇ ਪਏ ਹਾਂ ਠਰ ਕੇ।
ਢਿੱਲੋਂ ਤੂੰ ਨਹੀਂ ਆਉਣਾ ਫਿਰ ਵੀ ਇੱਕ ਉਡੀਕ ਜਿਹੀ ਹੈ,
ਬੈਠੇ ਹੋਏ ਹਾਂ ਰਾਹ ਤੇਰੇ ਵਿੱਚ ਮੁੱਦਤ ਤੋਂ ਨੈਣੀ ਹੰਝੂ ਭਰ ਕੇ।

ਜਾਣੀ ਹੈ ਪੱਤਝੜਾਂ ਦੀ ਰੁੱਤ ਆਉਣੀ ਬਹਾਰ ਹੋਰ,
ਜਿੰਦਗੀ ਪਿਆਸੀ ਹੈ ਬੜੀ ਮੰਗਦੀ ਪਿਆਰ ਹੋਰ।
ਹੁਣ ਤੱਕ ਕਮਾਈਆਂ ਯਾਰੀਆਂ ਦੇਖੀ ਨਾ ਬੈਠੀ ਤੋੜ,
ਉਮਰਾਂ ਦੇ ਇਸ ਮੁਕਾਮ ਤੇ ਬਨਣੇ ਨਹੀਂ ਯਾਰ ਹੋਰ।
ਜਿੰਨੇ ਕੁ ਬੀਜ ਸਕਦੇ ਸੀ ਬੀਜੇ ਨੇ ਫੁੱਲ ਅਸਾਂ,
ਭਾਵੇਂ ਖਿਲਾਰੇ ਲੋਕਾਂ ਨੇ ਰਾਹਾਂ 'ਚ ਖਾਰ ਹੋਰ।
ਜਿਉਂ ਜਿਉਂ ਇਕੱਠਾ ਗਿਆਨ ਦਾ ਭੰਡਾਰ ਕਰ ਰਿਹਾਂ,
Îਮੱਥੇ 'ਚ ਵੱਧਦਾ ਜਾ ਰਿਹਾ ਸੋਚਾਂ ਦਾ ਭਾਰ ਹੋਰ।
ਜ਼ਿੰਦਗੀ ਸੀ ਚਾਰ ਦਿਨਾਂ ਦੀ ਰੱਜ ਰੱਜ ਕੇ ਮਾਣ ਲਈ,
ਆ ਸ਼ੁਰੂ ਕਰੀਏ ਫੇਰ ਤੋਂ ਦਿਨ ਹਾਲੇ ਚਾਰ ਹੋਰ।
ਇੱਥੋਂ ਦੇ ਧਰਮ ਗੁਰੂ ਜੀ, ਨੇਤਾ ਤੇ ਅਫਸਰ ਲੋਕ,
ਧੰਦੇ ਚਲਾਉਂਦੇ ਹੋਰ ਨੇ ਕਰਦੇ ਵਿਉਪਾਰ ਹੋਰ।
ਇੱਥੇ ਤਾਂ ਸਾਲਮ ਸ਼ਹਿਰ ਹੀ ਵਿਕਾਊ ਹੈ ਫਿਰ ਰਿਹਾ,
ਛੱਡ ਢਿੱਲੋਂ ਇਸ ਮੰਡੀ ਨੂੰ ਵੀ ਲੱਭੀਏ ਬਾਜ਼ਾਰ ਹੋਰ।

No comments:

Post a Comment