Sunday, June 20, 2010

ਗ਼ਜ਼ਲ-4

ਜਦੋਂ ਬੰਦੇ ਦੇ ਮਨ ਵਿੱਚ ਮੋਹ ਰਹੇ ਨਾ।
ਉਦੋਂ ਬੰਦਾ ਹੀ ਬੰਦਾ ਉਹ ਰਹੇ ਨਾ।
ਉਨ•ਾਂ 'ਤੇ ਆਉਣ ਨਾ ਤਿਤਲੀਆਂ ਮੁੜ ਕੇ,
ਜਦੋਂ ਫੁੱਲਾਂ ਦੇ ਵਿੱਚ ਖੁਸ਼ਬੋ ਰਹੇ ਨਾ।
ਭਟਕਦੀ ਨੀਂਦ ਮੇਰੀ ਪਲਕਾਂ ਉੱਤੇ,
ਤੇਰੇ ਜਦ ਪੋਟਿਆਂ ਦੀ ਛੋਹ ਰਹੇ ਨਾ।
ਕਾਹਦਾ ਮਿਲਣਾ ਇਹ ਯਾਰਾ ਰਵਾਇਤੀ,
ਕਲੇਜੇ ਮਿਲਣ ਦੀ ਜਦ ਖੋਹ ਰਹੇ ਨਾ।
ਸਦਾ ਨਾ ਰਹਿਣੇ ਇੱਥੇ ਹਾੜ ਤਪਦੇ,
ਕਦੇ ਠੰਢੇ ਹਮੇਸ਼ਾ ਪੋਹ ਰਹੇ ਨਾ।
ਮੈਂ ਤੈਨੂੰ ਚਿਤਵ ਕੇ ਜਗਦਾ ਰਹਾਂਗਾ,
ਮੇਰੇ ਨੈਣਾਂ 'ਚ ਬੇਸ਼ੱਕ ਲੋਅ ਰਹੇ ਨਾ।
ਬੜਾ ਗੰਧਲਾ ਹੈ ਦਰਿਆਵਾਂ ਦਾ ਪਾਣੀ,
ਹਾਏ! ਇਤਰਾਂ ਦੇ ਵਗਦੇ ਚੋਅ ਰਹੇ ਨਾ।
ਉਦੋਂ ਮੈਂ ਖੁਦ ਨੂੰ ਵੀ ਅਣਹੋਇਆ ਸਮਝਾਂ,
ਜਦੋਂ ਤੇਰੀ ਕੋਈ ਕੰਨਸੋਅ ਰਹੇ ਨਾ।
ਤੂੰ ਮੇਰੇ ਸਾਹਾਂ ਦੇ ਵਿੱਚ ਇਦਾਂ ਸਮਾ ਜਾਹ,
ਕਿ ਆਪਣੀ ਹੋਂਦ ਵੱਖਰੀ ਜੋ ਰਹੇ ਨਾ।
ਹਾਂ ਆਪਾਂ ਇੱਕ ਹੋਏ ਜਦ ਕਿਹਾ ਤੂੰ,
ਮੇਰੇ ਮਹਿਬੂਬ ਆਪਾਂ ਦੋ ਰਹੇ ਨਾ।
ਕਪਟ ਦੇ ਸ਼ੋਰ ਵਿੱਚ ਚੁੱਪ ਮੌਤ ਵਰਗੀ,
ਹੈ ਕਾਹਦੀ ਜ਼ਿੰਦਗੀ ਜਦ ਰੋਹ ਰਹੇ ਨਾ।
ਢਿੱਲੋਂ ਸਫਰ ਹੈ ਦੁਸ਼ਵਾਰ ਹੋਇਆ,
ਜਦੋਂ ਰਾਹਾਂ 'ਚ ਕਾਲੇ ਕੋਹ ਰਹੇ ਨਾ।

2
ਜਿਸ ਦਾ ਬਚਪਨ ਸੁਪਨਿਆਂ ਦੀ ਪੂਰਤੀ ਕਰਦਾ ਨਹੀਂ।
ਖੂਬਸੂਰਤ ਉਹ ਜਵਾਨੀ ਵਿੱਚ ਵੀ ਹੋ ਸਕਦਾ ਨਹੀਂ।
ਛੱਪੜਾਂ 'ਚੋਂ ਹੀ ਹਮੇਸ਼ਾਂ ਭੇਡਾ ਪਾਣੀ ਪੀਦੀਆਂ,
ਭੇਡਾਂ ਤਾਈਂ ਵਗਦਾ ਪਾਣੀ ਅੱਛਾ ਹੀ ਲੱਗਦਾ ਨਹੀਂ।
ਤੁਸੀਂ ਕੀ ਹੋ? ਆਪਣੇ ਬਾਰੇ ਇਹ ਤੁਸੀਂ ਹੀ ਹੋ ਜਾਣਦੇ,
ਹੋਰ ਕੋਈ ਤੁਹਾਡੇ ਬਾਰੇ ਜਾਣ ਸਕਦਾ ਹੀ ਨਹੀਂ।
ਗੀਤ ਪੰਛੀ ਦੀ ਜਰੂਰਤ ਹੈ ਇਹ ਤਾਂ ਗੱਲ ਠੀਕ ਹੈ,
ਪਰ ਆਲ•ਣੇ ਬਗੈਰ ਵੀ ਤਾਂ ਉਸ ਦਾ ਸਰ ਸਕਦਾ ਨਹੀਂ।
ਪਿਆਰ ਆਪਣਾ ਘਰ ਬਣਾਉਂਦਾ ਜਦ ਕਿਸੇ ਦੇ ਦਿਲ ਦੇ ਵਿੱਚ,
ਇਸ ਦੇ ਲਈ ਪਹਿਲਾਂ ਉਸ ਤੋਂ ਆਗਿਆ ਮੰਗਦਾ ਨਹੀਂ।
ਕਵੀਆਂ ਤਰ•ਾਂ ਮਹਿਸੂਸ ਕਰਨਾ, ਹੱਸਣਾ ਬੱਚਿਆਂ ਦੇ ਵਾਂਗ,
ਬਜ਼ੁਰਗਾਂ ਵਾਂਗ ਹਰ ਕਿਸੇ ਨੂੰ ਸੋਚਣਾ ਆਉਂਦਾ ਨਹੀਂ।
ਕਵਿਤਾ ਕਿਸੇ ਸੁਗਾਤ ਵਾਂਗ ਆਉਂਦੀ ਹੈ ਬਿਨ ਐਲਾਨਿਆਂ,
ਬਹੁਤ ਕਰੜੇ ਨਿਯਮ ਹੁੰਦੇ ਕਵੀਆਂ 'ਤੇ ਲਾਗੂ ਨਹੀਂ।
ਸੁੱਤੀਆਂ ਸੱਸੀਆਂ ਦੇ ਲੁੱਟੇ ਜਾਂਦੇ ਹੀ ਨੇ ਸ਼ਹਿਰ ਭੰਬੋਰ,
ਗੁੱਡੀਆਂ ਦੇ ਵਿਆਹ ਤੋਂ ਕੋਈ ਬੱਚਾ ਜਨਮਦਾ ਨਹੀਂ।
ਅੱਗ ਦਾ ਦਰਿਆ ਹੈ ਇਹ ਵਕਤ, ਇਸ਼ਕ, ਜ਼ਿੰਦਗੀ,
ਢਿੱਲੋਂ ਇਸ ਵਿੱਚ ਆਸ਼ਕਾਂ ਬਿਨ ਤੈਰਨਾ ਆਉਂਦਾ ਨਹੀਂ।

No comments:

Post a Comment