ਖੁਦ ਨੂੰ ਸ਼ੁਹਰਤ ਦੀ ਬੁਲੰਦੀ ਉੱਤੇ ਨਹੀਂ ਪਹੁੰਚਾਈਦਾ।
ਨਹੀਂ ਤਾਂ ਡਿੱਗਣ ਵੇਲੇ ਫਿਰ ਕੀਚਰ ਕੀਚਰ ਹੋ ਜਾਈਦਾ।
ਸੁਣੀ ਸੁਣਾਈ ਹੀ ਗੱਲ ਦੇ ਵਿੱਚ ਯਾਰ ਨਹੀਂ ਐਵੇਂ ਆਈਦਾ।
ਰਹਿੰਦੇ ਸਦਾ ਪਹਾੜ ਬਣਾਉਂਦੇ ਲੋਕ ਨੇ ਇੱਥੇ ਰਾਈਂ ਦਾ।
ਜ਼ਿੰਦਗੀ ਦੇ ਵਿੱਚ ਏਦਾਂ ਦਾ ਵੀ ਕਦੇ ਹਾਦਸਾ ਹੋ ਜਾਂਦਾ,
ਖੇਤੋਂ ਪੁੱਟ ਕੇ ਬਾਗ ਹੈ ਆਪਣੇ ਦਿਲ ਦੇ ਅੰਦਰ ਲਾਈਦਾ।
ਬੰਦਾ ਹੀ ਹੈ ਬੱਸ ਬਣਾਉਂਦਾ, ਬੰਦਾ ਬੱਸ ਚਲਾਉਂਦਾ ਹੈ,
ਬੰਦਾ ਸਫਰ ਕਰੇ ਬੰਦੇ ਤੋਂ ਹੀ ਹੈ ਟਿਕਟ ਕਟਾਈਦਾ।
ਨਜ਼ਰਾਂ ਬਿਨਾ ਮਿਲਾਏ ਜਦ ਸੱਜਣ ਰੁਖ਼ਸਤ ਹੋ ਜਾਂਦੇ ਨੇ,
ਦਿਲ ਨੂੰ ਡਾਹਢਾ ਗ਼ਮ ਹੁੰਦਾ ਹੈ ਉਦੋਂ ਬੜਾ ਜੁਦਾਈ ਦਾ।
ਫੁਕਰੇ ਆਸ਼ਕ ਡਟ ਗਏ ਨੇ ਅੱਜ ਇਸ਼ਕ ਦਿਆਂ ਮੈਦਾਨਾਂ ਵਿੱਚ,
ਅੱਜ ਕੱਲ• ਮੁੱਲ ਰਿਹਾ ਨਾ ਕੋਈ ਹੈ ਸਿਰ ਦੀ ਵੀ ਸਾਈ ਦਾ।
ਉਨ•ਾਂ ਤੋਂ ਵੱਧ ਇਸ ਦੁਨੀਆਂ ਵਿੱਚ ਕੌਣ ਕੁਕਰਮ ਕਮਾਉਂਦਾ ਹੈ,
ਜਿਹੜੇ ਕਹਿੰਦੇ ਨੇ ਲੇਖਾ ਦੇਣਾ ਪੈਂਦਾ ਹੈ ਪਾਈ ਪਾਈ ਦਾ।
ਕਿੱਦਾਂ ਚੰਦਰਾ ਰਿਜ਼ਕ ਲਿਜਾਂਦਾ ਹੈ ਖਿੱਚ ਕੇ ਸਾਨੂੰ ਵਿੱਚ ਪਰਦੇਸਾਂ ਦੇ,
ਮਾਪਿਆਂ ਨੂੰ ਸੱਲ ਸਹਿਣਾ ਪੈਂਦਾ ਹੈ ਬੱਚਿਆਂ ਦੀ ਜੁਦਾਈ ਦਾ।
ਕਿਰਤੀ ਦੇ ਘਰ ਘੁੱਪ ਹਨ•ੇਰਾ ਜੱਗਣ ਟਿਊਬਾ ਮੰਦਰਾਂ ਵਿੱਚ,
ਭੁੱਖਾ ਰਹਿੰਦਾ ਹੈ ਗਵਾਂਢੀ ਪਰ ਰਾਸ਼ਨ ਲੰਗਰਾਂ ਦੇ ਵਿੱਚ ਪਾਈਦਾ।
ਭਰੇ ਹੁੰਦੇ ਨੇ ਲੋਕ ਤਾਂ ਦੁੱਖ ਕਲੇਸ਼ਾਂ ਦੇ ਨਾਲ ਪਹਿਲਾਂ ਹੀ ਇੱਥੇ,
ਹਰ ਇੱਕ ਕੋਲੇ ਹੀ ਨਹੀਂ ਐਵੇਂ ਦਿਲ ਦਾ ਹਾਲ ਸੁਣਾਈਦਾ।
ਜਦ ਦੋਸਤ ਦੁਸ਼ਮਣ ਬਣਦੇ ਨੇ ਪੀੜ ਬੜੀ ਹੀ ਹੁੰਦੀ ਹੈ,
ਢਿੱਲੋਂ ਅੱਜ ਕੱਲ• ਸੋਚ ਸਮਝ ਕੇ ਦੋਸਤ ਨਵਾਂ ਬਣਾਈਦਾ।
ਕਦੇ ਪੌਪ ਹੈ ਰਾਜੇ ਦੇ ਨਾਲ ਲੜਦਾ, ਹੁੰਦੀ ਬਾਦਲ ਤੇ ਟੌਹੜੇ ਵਿੱਚ ਜੰਗ ਬੇਲੀ,
ਇੱਕ ਦੂਜੇ ਦੇ ਪੂਰਕ ਨੇ ਧਰਮ, ਕੁਰਸੀ, ਨਿਭਦਾ ਸਦਾ ਹੀ ਇਨ•ਾਂ ਦਾ ਸੰਗ ਬੇਲੀ।
ਰਾਜਨੇਤਾ, ਪੁਰੋਹਿਤ ਜਦ ਹੋਣ ਇਕੱਠੇ ਹੁੰਦਾ ਲੋਕਾਂ ਦਾ ਕਾਫੀਆ ਤੰਗ ਬੇਲੀ।
ਸਦਾ ਇੱਕ ਕੜਾਹ ਦੀ ਬੁਰਕੀ ਹੀ ਇੱਥੇ, ਫਾਹੇ ਅਸਾਂ ਨੂੰ ਦਿੰਦੀ ਹੈ ਟੰਗ ਬੇਲੀ।
ਸ਼ਰਾਬ ਛੱਡਣੀ ਭਾਵੇਂ ਹੈ ਬਹੁਤ ਔਖੀ, ਬੰਦਾ ਚਾਹਵੇ ਜੇ ਛੱਡਣੀ ਛੱਡ ਸਕਦੈ,
ਦਿਨ ਛਿਪਣ ਤੋਂ ਪਹਿਲਾਂ ਘਰ ਪਹੁੰਚ ਕੇ ਤੇ, ਪੀਣ ਵਾਲਿਆਂ ਤੋਂ ਰਹਿ ਅੱਡ ਸਕਦੈ।
ਪਹਿਲਾਂ ਸੌਣ ਤੋਂ ਲਿਖਣ ਤੇ ਪੜ•ਣ ਦੇ ਲਈ, ਟੀ.ਵੀ. ਦੇਖਣ ਲਈ ਵੀ ਵਕਤ ਕੱਢ ਸਕਦੈ।
ਦ੍ਰਿੜ ਨਿਸਚਾ ਬੰਦਾ ਜੇ ਧਾਰ ਲਵੇ ਤਾਂ ਇਸ ਕੋਹੜ ਨੂੰ ਜੜ•ਾਂ ਤੋਂ ਵੱਢ ਸਕਦੈ।
ਹੀਰ ਆਖਦੀ ਜੋਗੀਆਂ ਸੱਚ ਆਖੇਂ, ਇਸ਼ਕ ਅੱਜ ਦੇ ਨਿਰੇ ਸਜਾਵਟੀ ਵੇ।
ਝੂਠ ਮੂਠ ਦਾ ਰੋਣਾ ਨੇ ਲੋਕ ਰੋਂਦੇ ਅਤੇ ਹਾਸਾ ਵੀ ਹੱਸਣ ਮਿਲਾਵਟੀ ਵੇ।
ਭਰੇ ਹੋਏ ਨੇ ਵਿੱਚੋਂ ਖੁਦਗਰਜ਼ੀਆਂ ਦੇ, ਲੋਕ ਸੇਵਾ ਵੀ ਕਰਨ ਦਿਖਾਵਟੀ ਵੇ।
ਖੁਦਗਰਜ਼ੀਆਂ ਨੇ ਰੰਗ ਰਿਸ਼ਤਿਆਂ ਦਾ, ਦਿੱਤਾ ਜਮਾਂ ਬਣਾ ਬਣਾਵਟੀ ਵੇ।
ਸੱਚ ਮੁੱਚ ਜੋ ਨੇਕ ਇਨਸਾਨ ਹੁੰਦੇ ਪੁੱਛਦੇ ਨੰਗੇ ਨੂੰ ਉਸ ਦਾ ਕੱਜ ਹੈ ਨਹੀਂ।
ਭੁੱਖੀ ਮਹਿੰ ਨੂੰ ਹੁੰਦੀ ਹੈ ਖਿੱਪ ਧਾਮਣ, ਹੁੰਦਾ ਬੱਕਰੀ ਦਾ ਕਦੇ ਰੱਜ ਹੈ ਨਹੀਂ।
ਜਿਹੜੇ ਪਿੰਡ ਦੀ ਹੋਵੇ ਪੰਚਾਇਤ ਮਾੜੀ, ਉੱਥੇ ਸਾਊ ਦੇ ਰਹਿਣ ਦਾ ਹੱਜ ਹੈ ਨਹੀਂ।
ਸਦਾਚਾਰ ਨਹੀਂ ਜਿਹੜੇ ਸਮਾਜ ਅੰਦਰ ਉਹ ਤਾਂ ਕੱਲ• ਵੀ ਨਹੀਂ ਅਤੇ ਅੱਜ ਹੈ ਨਹੀਂ।
ਕਹਿੰਦਾ ਵਾਰਿਸ ਸ਼ਾਹ ਜਾਣ ਆਦਤਾਂ ਪੁਰਾਣੀਆਂ ਨਾ, ਰੱਖ ਦਿੰਦੇ ਲੋਕ ਭਾਵੇਂ ਕੱਟ ਕੱਟ ਪੋਰੀਆਂ।
ਹੱਥਾਂ ਵਿੱਚ ਫੜ• ਕੇ ਸਿਮਰਣੇ ਮਸਤ ਹੋਏ, ਸ਼ਰੇਆਮ ਠੱਗ ਕਰੀ ਜਾਂਦੇ ਠੱਗੀ ਠੋਰੀਆਂ।
ਅੰਧ ਵਿਸ਼ਵਾਸ਼ ਅਸ਼ਲੀਲਤਾ ਫੈਲਾਈ ਜਾਵੇ, ਜਾਣੇ ਸਰਕਾਰ ਅਸਾਂ ਦੀਆਂ ਕਮਜੋਰੀਆਂ।
ਡਾਂਗ ਉੱਤੇ ਡੇਰਾ ਰੱਖਦੇ ਜੇ ਹੱਕ ਲੈ ਲੈਂਦੇ, ਹੱਕ ਸਾਡੇ ਮਾਰ ਗਈਆਂ ਰੱਬ ਉੱਤੇ ਡੋਰੀਆਂ।
ਮਨੁੱਖ ਦੀਵੇ ਦੇ ਵਾਂਗ ਹੈ ਬੁਝ ਜਾਂਦਾ, ਕਾਇਮ ਜ਼ਿੰਦਗੀ ਦਾ ਐਪਰ ਕਿਲਾ ਰਹਿੰਦਾ।
ਸਿਰਫ ਨਾਵਾਂ ਅਤੇ ਘਟਨਾਵਾਂ ਦਾ ਇਹ, ਜਾਰੀ ਉਸ ਤਰ•ਾਂ ਹੈ ਸਿਲਸਿਲਾ ਰਹਿੰਦਾ।
ਦੁਨੀਆਂ ਮਾਣਦੇ ਸਦਾ ਸਿਰਲੱਥ ਯੋਧੇ, ਐਪਰ ਝੂਰਦਾ ਸਦਾ ਕਮਦਿਲਾ ਰਹਿੰਦਾ।
ਨਿਰਾਸ਼ ਅਤੇ ਦਰਿਦਰੀ ਬੰਦਿਆਂ ਨੂੰ, ਸਦਾ ਦੁਨੀਆਂ ਉੱਤੇ ਹੈ ਗਿਲਾ ਰਹਿੰਦਾ।
ਦਾਰੂ ਮੁਫਤ ਦੀ ਮੁੱਲਾਂ ਨਾ ਸ਼ੇਖ ਛੱਡਦੇ, ਪਰਹੇਜ਼ਗਾਰ ਵੀ ਖਾਣ ਪਿਆਜ ਲੱਗ ਪਏ।
ਗੱਲ ਸ਼ਰਾ ਸ਼ਰੀਅਤ ਦੀ ਮੁੱਕ ਚੱਲੀ, ਮੁਸਲਮਾਨ ਵੀ ਲੈਣ ਵਿਆਜ ਲੱਗ ਪਏ।
ਪਾਇਲਟ ਇੱਥੇ ਸਿਆਸਤਾਂ ਕਰਨ ਲੱਗੇ, ਸਿਆਸਤਦਾਨ ਚਲਾਉਣ ਜਹਾਜ ਲੱਗ ਪਏ।
ਭ੍ਰਿਸ਼ਟਾਚਾਰ ਦਾ ਦੇਸ਼ ਨੂੰ ਹੈ ਕੈਂਸਰ, ਕਰਨ ਨੀਮ ਹਕੀਮ ਇਲਾਜ ਲੱਗ ਪਏ।
ਸਾਧ ਬਣ ਕੇ ਸਾਂਭ ਲੈ ਕੋਈ ਡੇਰਾ, ਚਾਰ ਤਕੜੇ ਰੱਖੀਂ ਗੜਵਈ ਮੀਆਂ।
ਪ੍ਰਚਾਰ ਕਰਨ ਵਾਲੇ ਰੱਖੀਂ ਪੈਸਿਆਂ ਤੇ, ਦਿੱਲੀ, ਆਗਰੇ ਅਤੇ ਮੁੰਬਈ ਮੀਆਂ।
ਵੱਡੇ ਵੱਡੇ ਵਜ਼ੀਰ ਤੇ ਉੱਚ ਅਫਸਰ, ਡੇਰੇ ਦੇ ਵਿੱਚ ਆਉਣਗੇ ਕਈ ਮੀਆਂ।
ਚੜ•ੀਂ ਕਾਰਾਂ 'ਤੇ, ਹੂਰਾਂ ਦਾ ਰਸ ਮਾਣੀਂ, ਖਾਈਂ ਕਾਜੂਆਂ ਵਾਲੀ ਤਸ਼ਮਈ ਮੀਆਂ।
ਜ਼ਿੰਦਗੀ ਐਸ਼ ਆਰਾਮ ਹੈ, ਮੌਜ ਮਸਤੀ, ਨਾਲੇ ਫਿਕਰਾਂ ਦਾ ਇੱਕ ਸਮੂਹ ਮੀਆਂ।
ਜ਼ਿੰਦਗੀ ਵੀ ਹੈ ਇੱਕ ਦੁਕਾਨਦਾਰੀ, ਖਾਰੇ ਹੰਝੂਆਂ ਦਾ ਡੂੰਘਾ ਖੂਹ ਮੀਆਂ।
ਹੁਸਨ ਜ਼ਿੰਦਗੀ ਦਾ ਉਹੀਓ ਮਾਣ ਸਕਦੇ, ਜਿਹੜੇ ਮੰਨਦੇ ਨਹੀਂ ਬਦਰੂਹ ਮੀਆਂ।
ਅਸਲ ਜ਼ਿੰਦਗੀ ਕਿਸੇ ਦੇ ਕੰਮ ਆਉਣਾ, ਥੋੜ•ੇ ਬੰਦੇ ਹੀ ਪਾਉਣ ਇਹ ਸੂਹ ਮੀਆਂ।
ਹੁੰਦੀ ਆਈ ਕਿ ਸੁੱਤੀਆਂ ਸੱਸੀਆਂ ਦੇ, ਲੁੱਟੇ ਸਦਾ ਹੀ ਸ਼ਹਿਰ ਭੰਬੋਰ ਜਾਂਦੇ।
ਜਿਹੜੇ ਆਪਣੇ ਹੱਕਾਂ ਲਈ ਜਾਗਦੇ ਨਾ, ਖੁਰ ਮੀਂਹਾਂ 'ਚ ਮਿੱਟੀ ਦੇ ਮੋਰ ਜਾਂਦੇ।
ਥੋੜ•ੇ ਹੁੰਦੇ ਸਮਾਜ ਵਿੱਚ ਉਹ ਯੋਧੇ, ਰੀਤਾਂ ਨਵੀਆਂ ਜਿਹੜੇ ਨੇ ਤੋਰ ਜਾਂਦੇ।
ਹੋਕਾ ਜਾਗਦੇ ਰਹਿਣ ਦਾ ਦੇ ਸਾਨੂੰ ਇੱਥੇ ਚੋਰ ਹੀ ਪਾਈ ਨੇ ਸ਼ੋਰ ਜਾਂਦੇ।
ਜਿੰਨਾਂ ਚਿਰ ਨਾ ਜਾਬ•ਾਂ ਦਾ ਭੇੜ ਕਰੀਏ, ਵਕਤ ਵਿਹਲਿਆਂ ਦਾ ਸਾਡਾ ਲੰਘਦਾ ਨਾ।
ਸੰਸਾਰ ਅੰਨ ਸਮੱਸਿਆ 'ਤੇ ਬਹਿਸ ਕਰੀਏ, ਆਟਾ ਘਰੇ ਭਾਵੇਂ ਸਾਡੇ ਡੰਗ ਦਾ ਨਾ।
ਅਸੀਂ ਲੋਕਾਂ ਨੂੰ ਦਿੰਦੇ ਉਪਦੇਸ਼ ਰਹੀਏ, ਕੋਈ ਮੰਗਦਾ ਭਾਵੇਂ ਕੋਈ ਮੰਗਦਾ ਨਾ।
ਸਾਡਾ ਕੰਮ ਵਿਆਖਿਆ ਕਰੀ ਜਾਣਾ, ਪਤਾ ਅਸਾਂ ਨੂੰ ਭਾਵੇਂ ਪਰਸੰਗ ਦਾ ਨਾ।
ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ, ਚੁੰਘਦੀ ਲੇਲੇ ਨੂੰ ਦੇਖੀ ਹੈ ਭੇਡ ਇੱਥੇ।
ਕਾਲੇ ਧਨ ਦੇ ਚਿਟਿਆਂ ਸਿੱਕਿਆਂ ਦੀ, ਪ੍ਰਗਟ ਹੋਂਵਦੀ ਨਹੀਂ ਹੈ ਖੇਡ ਇੱਥੇ।
ਤਿਆਗੀ ਮਾਇਆ ਦੇ ਕੱਟਣ ਦੇ ਲਈ ਖੀਸਾ, ਰੱਖਣ ਜੇਬ• ਦੇ ਵਿੱਚ ਬਲੇਡ ਇੱਥੇ।
ਅੱਗ ਲੱਗੀ ਹੈ ਮੁਲਕ ਦੀ ਸ਼ਾਂਤੀ ਨੂੰ, ਕੋਈ ਦਿਸੇ ਨਾ ਫਾਇਰ ਬ੍ਰਿਗੇਡ ਇੱਥੇ।
ਪਾਣੀ ਅੱਗ ਦਾ ਵੀ ਇਹ ਨੂੰ ਆਖਦੇ ਨੇ, ਅਸੀਂ ਦੇਖੀ ਹੈ ਆਬੇ-ਹਰਾਮ ਪੀ ਕੇ।
ਸ਼ਰ-ਆਬ ਹੈ ਪਾਣੀ ਸ਼ਰਾਰਤਾਂ ਦਾ ਰੰਗ ਬੱਝ ਜਾਂਦਾ ਦੋ ਕੁ ਜਾਮ ਪੀ ਕੇ।
ਜਿਹੜੇ ਦੇਖਣ ਨੂੰ ਹੁੰਦੇ ਸ਼ਰੀਫ ਬੰਦੇ ਉਹ ਲੜਦੇ ਦੇਖੇ ਨੇ ਆਮ ਪੀ ਕੇ।
ਮੂਧਾ ਠੀਕਰਾ ਵਜਦਾ ਅਕਲ ਉੱਤੇ, ਜਲਦੀ ਜ਼ਿੰਦਗੀ ਦੀ ਢਲੇ ਸ਼ਾਮ ਪੀ ਕੇ।
ਦਾਰੂ ਪੀਣ ਦਾ ਨਿਕਲਦੈ ਬੁਰਾ ਸਿੱਟਾ ਅਸੀਂ ਦੇਖੀ ਹੈ ਜੱਗਾਂ ਦੇ ਜੱਗ ਪੀ ਕੇ।
ਜੁੱਤੀ, ਘੜੀ ਗਵਾਚਣੀਂ ਆਮ ਗੱਲਾਂ, ਬੰਦਾ ਸੁੱਟ ਵੀ ਆਉਂਦਾ ਹੈ ਪੱਗ ਪੀ ਕੇ।
ਗੱਲ ਜਿੰਨ•ਾਂ ਦੀ ਹੁੰਦੀ ਨਾ ਸੁਣਨ ਵਾਲੀ, ਆਖੇ ਉਨ•ਾਂ ਦੇ ਜਾਂਦਾ ਹੈ ਲੱਗ ਪੀ ਕੇ।
ਇੱਕ ਰੁੱਤ ਜਵਾਨੀ ਦੀ ਅੱਗ ਵਾਲੀ, ਬੰਦਾ ਅੱਗ ਹੀ ਉਗਲਦੈ ਅੱਗ ਪੀ ਕੇ।
ਜਿੱਧਰ ਵੀ ਨਿਗਾਹ ਮਾਰੋ ਵਿਹਲੜਾਂ ਦਾ ਜਮਘਟ, ਕਿਤੇ ਘੋਨੇ ਬਾਬੇ ਕਿਤੇ ਬੈਠੇ ਜਟਾਧਾਰੀ ਏ।
Ñਲੋਕਾਂ ਤਾਈਂ ਕਹਿੰਦੇ ਮਾਇਆ ਨਾਗਣੀ ਹੈ ਬਚੋ ਇਹ ਤੋਂ ਆਪ ਅੱਠ ਲੱਖ ਵਾਲੀ ਰੱਖਦੇ ਸਵਾਰੀ ਏ।
ਸਾਇੰਸ ਦੇ ਯੁੱਗ 'ਚ ਵੀ ਪੜ•ੇ ਲਿਖੇ ਲਾਈ ਲੱਗ, ਭਾਲਦੇ ਫਿਰਨ ਦੇਖੋ ਨਾਮ ਦੀ ਖੁਮਾਰੀ ਏ।
ਕਰਕੇ ਪੀ.ਐਚ.ਡੀ. ਨਹਾਉਂਦੀ ਫਿਰੇ ਤੀਰਥਾਂ 'ਤੇ, ਭਰਮਾਂ ਦੀ ਮਾਰੀ ਹੋਈ ਕੰਨਿਆ ਕੁਮਾਰੀ ਏ।
ਸਾਇੰਸ ਦੇ ਟੀਚਰ ਕਈ ਗਲ 'ਚ ਤਵੀਤ ਪਾ ਕੇ, ਸਕੂਲ 'ਚ ਕਰਾਉਂਦੇ ਵਿਗਿਆਨ ਦੀ ਤਿਆਰੀ ਏ।
ਵੇਚ ਕੇ ਜ਼ਮੀਨ ਧੱਕੇ ਖਾਂਦੇ ਨੇ ਵਿਦੇਸ਼, ਕਹਿੰਦੇ ਚੁਗਣੀ ਹੀ ਪੈਣੀ ਚੋਗ ਡਾਹਢੇ ਨੇ ਖਿਲਾਰੀ ਏ।
ਦੁਰਉਪਯੋਗ ਵਿਗਿਆਨ ਦਾ ਕਿ ਕਰਾਮਾਤਾਂ, ਟੀ.ਵੀ. ਤੇ ਦਿਖਾਈ ਜਾਂਦੇ ਕ੍ਰਿਸ਼ਨ ਮੁਰਾਰੀ ਏ।
ਸ਼ਾਤਰ, ਚਲਾਕ, ਲਾਈਲੱਗਾਂ ਅਤੇ ਅਨਪੜ•ਾਂ ਆਸਰੇ ਇਹ ਖੇਡਾ ਪਾਈ ਜਾਂਵਦੇ ਮਦਾਰੀ ਏ।
Wednesday, June 16, 2010
ਗ਼ਜ਼ਲ-3
Subscribe to:
Post Comments (Atom)
No comments:
Post a Comment