Monday, June 28, 2010

ਕਾਵਿ ਬੰਦ

ਪੜ•ਦੇ ਨੇ ਮੁੰਡੇ ਬੜੀ ਬੇ-ਦਿਲੀ ਨਾਲ ਹੁਣ,
ਕਰਾਂਗੇ ਕੀ ਯਾਰੋ ਨੌਕਰੀਆਂ ਤਾਂ ਥਿਔਣੀਆਂ ਨਹੀਂ।
ਘਟੀਆਂ ਜ਼ਮੀਨਾਂ ਤੇ ਵਿਦੇਸ਼ਾਂ 'ਚ ਵੀ ਬੁਰਾ ਹਾਲ,
ਐਵੇਂ ਭਾਣੇ ਭੰਗ ਦੇ ਹੀ ਜਾਨਾਂ ਤਾਂ ਗੁਔਣੀਆਂ ਨਹੀਂ।
ਥੱਬੇ ਡਿਗਰੀਆਂ ਦੇ ਲੈ ਕੇ ਚੜ•ਦੇ ਹਾਂ ਟੈਂਕੀਆਂ 'ਤੇ,
ਸਾਡੀਆਂ ਡਿਗਰੀਆਂ ਕਿਸੇ ਵੀ ਕੰਮ ਆਉਣੀਆਂ ਨਹੀਂ।
ਸੋਚੇ ਸਰਕਾਰ ਨਵੇਂ ਜਲਘਰ ਬਣਾਉਣ ਵੇਲੇ,
ਕਿ ਟੈਂਕੀਆਂ ਦੇ ਨਾਲ ਹੁਣ ਪੌੜੀਆਂ ਬਣਾਉਣੀਆਂ ਨਹੀਂ।

ਗਜ਼ਲ-5
ਮਹਿਫਲੀਂ ਗੱਲ ਗੋਰਿਆਂ ਮੁੱਖਾਂ ਦੀ ਵੀ ਹੁੰਦੀ ਰਹੇ,
ਪਰ ਹੀਣਿਆਂ ਲੋਕਾਂ ਦੀ ਤੇ ਭੁੱਖਾਂ ਦੀ ਵੀ ਹੁੰਦੀ ਰਹੇ।
ਪੁੱਤ ਪਾ ਰਹੇ ਨੇ ਕੋਠੀਆਂ, ਮੈਂ ਲਾ ਰਿਹਾ ਹਾਂ ਪਨੀਰੀਆਂ,
ਤਾਂ ਕਿ ਪੱਥਰਾਂ ਸੰਗ ਗੁਫ਼ਤਗ਼ੂ ਰੁੱਖਾਂ ਦੀ ਵੀ ਹੁੰਦੀ ਰਹੇ।
ਬਾਗਾਂ ਦੇ ਵਿੱਚ ਫੁੱਲ ਟਹਿਕਦੇ, ਰਹਿਦੇ ਪਰਿੰਦੇ ਚਹਿਕਦੇ,
ਕਾਸ਼! ਫ਼ਿਤਰਤ ਇਸ ਤਰ•ਾਂ ਮਨੁੱਖਾਂ ਦੀ ਵੀ ਹੁੰਦੀ ਰਹੇ।
ਅਮੀਰਾਂ, ਵਜ਼ੀਰਾਂ ਦੇ ਬੜੇ ਛਪਦੇ ਬਿਆਨ ਰੋਜ਼ ਨੇ,
ਗੱਲ ਲੋੜਾਂ ਥੁੜ•ਾਂ ਦੀ ਤੇ ਤੁੱਖਾਂ ਦੀ ਵੀ ਹੁੰਦੀ ਰਹੇ।
ਸੁੱਖਾਂ ਦੀ ਵੀ ਤਾਂ ਲੋੜ ਹੈ, ਸੁੱਖ ਲਈ ਹੀ ਬੰਦਾ ਦੌੜਦਾ,
ਪਰ ਗੱਲ ਅਣਹੋਇਆਂ ਦਿਆਂ ਦੁੱਖਾਂ ਦੀ ਵੀ ਹੁੰਦੀ ਰਹੇ।
ਗਦਰਾਏ ਜਿਸਮਾਂ 'ਤੇ ਤਾਂ ਹੈ ਬਹੁਤ ਕੁਝ ਲਿਖਿਆ ਗਿਆ,
ਗੱਲ ਹੁਣ ਮੁਰਝਾਈਆਂ ਹੋਈਆਂ ਕੁੱਖਾਂ ਦੀ ਵੀ ਹੁੰਦੀ ਰਹੇ।
ਢਿੱਲੋਂ ਵਾਤਾਵਰਣ ਵਿੱਚ ਅੱਜ ਸਾਰੇ ਜ਼ਹਿਰ ਭਰ ਗਿਆ,
ਧਰਤ, ਪਾਣੀ, ਹਵਾ ਅਤੇ ਗੱਲ ਰੁੱਖਾਂ ਦੀ ਵੀ ਹੁੰਦੀ ਰਹੇ।
ਅਮਰਜੀਤ ਢਿੱਲੋਂ 94171-20427

Sunday, June 20, 2010

ਜਦੋ ਮੰਤਰੀ ਜੀ ਨੇ ਮੈਨੂੰ ਜੇਲ• ਭੇਜਿਆ (ਯਾਦਾਂ ਦੇ ਝਰੋਖੇ 'ਚੋਂ)

ਵਾਹ ਕੁਦਰਤ ਦੇ ਭਾਣੇ ਧੰਨ ਇਲੈਕਸ਼ਨ ਹੈ। ਤੇਰੀਆਂ ਤੂੰ ਹੀ ਜਾਣੇ ਧੰਨ ਇਲੈਕਸ਼ਨ ਹੈ। ਜੋ ਕੱਲ• ਸਾਨੂੰ ਜੇਲ•ਾਂ ਅੰਦਰ ਡੱਕਦੇ ਸੀ, ਅੱਜ ਪੁੱਛਦੇ ਨੇ ਖਾਣੇ ਧੰਨ ਇਲੈਕਸ਼ਨ ਹੈ। ਮੇਰੀ ਇਹ ਗਜ਼ਲ ਰੋਜ਼ਾਨਾ ਅਜੀਤ ਦੇ 3 ਫਰਵਰੀ 2002 ਵਿੱਚ ਛਪੀ ਉਦੋਂ ਵਿਧਾਨ ਸਭਾ ਚੋਣਾਂ 'ਚ ਮਸਾਂ 18 ਕੁ ਦਿਨ ਰਹਿੰਦੇ ਸਨ ਅਤੇ ਬਿਜਲੀ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਨੇ ਭਗਤਾ ਭਾਈ ਕਾ ਦੇ ਪੱਤਰਕਾਰਾਂ ਨੂੰ ਖਾਣੇ ਲਈ ਸੱਦਾ ਪੱਤਰ ਭੇਜਿਆ ਸੀ। ਜਦੋਂ ਮੈਨੂੰ ਵੀ ਸੱਦਾ ਪੱਤਰ ਮਿਲਿਆ ਤਾਂ ਆਪ ਮੁਹਾਰੇ ਹੀ ਮੈਥੋਂ ਇਹ ਗ਼ਜ਼ਲ ਲਿਖੀ ਗਈ। 10 ਮਈ 2001 ਦੇ ਅਜੀਤ ਵਿੱਚ ਭਗਤਾ ਭਾਈ ਕਾ ਤੋਂ ਮੇਰੇ ਦੁਆਰਾ ਖਬਰ ਛਪਵਾਈ ਗਈ ਸੀ ਕਿ ਸਿਕੰਦਰ ਸਿੰਘ ਮਲੂਕਾ ਨੂੰ ਬਾਗੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਤੋਂ ਖਤਰਾ ਹੈ। ਇਸ ਖਬਰ ਨੂੰ ਝੂਠੀ 'ਤੇ ਮਨਘੜਤ ਕਰਾਰ ਦੇ ਕੇ ਸ. ਮਲੂਕਾ ਨੇ ਮੇਰੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ। ਇਲਜ਼ਾਮ ਇਹ ਲਾਇਆ ਗਿਆ ਕਿ ਪੱਤਰਕਾਰ ਉਨ•ਾਂ ਦੇ ਘਰ ਆ ਕੇ 20 ਹਜ਼ਾਰ ਰੁਪਏ ਦੀ ਮੰਗ ਕਰਦਾ ਸੀ। ਪਿੰਡ ਹਾਕਮ ਸਿੰਘ ਵਾਲਾ ਦੇ ਸਰਪੰਚ ਨੇਕ ਵੀਰ ਸਿੰਘ ਨੂੰ ਇਸ ਦਾ ਗਵਾਹ ਬਣਾਇਆ ਗਿਆ। 19 ਮਈ 2001 ਨੂੰ ਥਾਣਾ ਦਿਆਲਪੁਰਾ ਭਾਈ ਕਾ ਵਿਖੇ ਲਿਜਾ ਕੇ ਮੇਰੇ 'ਤੇ ਸੰਵਿਧਾਨ ਦੀ ਧਾਰਾ 384, 420, 505, 500 ਅਤੇ 511 ਤਹਿਤ ਪਰਚਾ ਦਰਜ ਕੀਤਾ ਗਿਆ। ਉਸ ਸਮੇਂ ਬਠਿੰਡੇ ਦਾ ਐਸ.ਐਸ.ਪੀ. ਡਾ. ਜਤਿੰਦਰ ਜੈਨ ਮਲੂਕੇ ਦਾ ਖਾਸ ਜੀ ਹਜ਼ੂਰੀਆ ਸੀ। ਅਜੀਤ ਅਖਬਾਰ ਦਾ ਸਟਾਫ ਰਿਪੋਰਟਰ ਹੁਕਮ ਚੰਦ ਸ਼ਰਮਾ ਮੇਰੇ ਨਾਲ ਖਾਰ ਖਾਂਦਾ ਸੀ ਅਤੇ ਉਸ ਨੇ ਹੀ ਮਲੂਕੇ ਨੂੰ ਇਹ ਕੇਸ ਬਣਾਉਣ ਲਈ ਪ੍ਰੇਰਿਆ ਸੀ। ਬਾਅਦ ਵਿੱਚ ਅਜੀਤ ਅਖਬਾਰ ਵਿੱਚੋਂ ਕਢਵਾਉਣ ਲਈ ਵੀ ਮਲੂਕਾ ਅਤੇ ਸ਼ਰਮਾ ਨੇ ਸ਼ਾਜਿਸ ਘੜੀ ਸੀ ਅਤੇ ਕੰਨਾਂ ਦੇ ਕੱਚੇ ਭਾਅ ਜੀ, ਝੱਟ ਇਨ•ਾਂ ਦੀਆਂ ਗੱਲਾਂ ਵਿੱਚ ਆ ਗਏ ਸਨ। ਮੇਰੇ ਵਾਂਗ ਉਨ•ਾਂ ਨੇ ਜੀ ਹਜ਼ੂਰੀ ਨਾ ਕਰਨ ਵਾਲੇ ਹੋਰ ਵੀ ਅਨੇਕਾਂ ਪੱਤਰਕਾਰਾਂ ਦੀ ਬਲੀ ਲਈ ਹੈ। ਸ਼ਨੀਵਾਰ ਨੂੰ ਥਾਣੇ ਰੱਖਣ ਤੋਂ ਬਾਅਦ ਅਗਲੇ ਦਿਨ ਐਤਵਾਰ ਰਾਮਪੁਰਾ ਫੂਲ ਕਚਹਿਰੀਆਂ ਵਿਖੇ ਲਿਜਾਇਆ ਗਿਆ। ਐਤਵਾਰ ਹੋਣ ਕਾਰਨ ਜਮਾਨਤ ਨਾ ਹੋ ਸਕੀ ਅਤੇ ਮੈਨੂੰ ਸੈਂਟਰ ਜੇਲ• ਬਠਿੰਡਾ ਭੇਜ ਦਿੱਤਾ ਗਿਆ। ਪੱਤਰਕਾਰ ਸਾਥੀਆਂ ਨੇ ਸੋਮਵਾਰ 21 ਮਈ ਦੇ ਅਖਬਾਰਾਂ ਵਿੱਚ ਖਬਰਾਂ ਦਾ ਹੜ• ਲਿਆ ਦਿੱਤਾ ਅਤੇ ਝੂਠਾ ਪਰਚਾ ਦਰਜ ਕਰਨ ਦੀ ਨਿਖੇਧੀ ਕੀਤੀ। ਮੈਨੂੰ ਨਾ ਜਾਣਨ ਵਾਲੇ ਇੱਕ ਵਕੀਲ ਗੁਰਚਰਨ ਸਿੰਘ ਭਗਤਾ ਨੇ ਵੀ ਮੇਰੇ ਹੱਕ ਵਿੱਚ ਮੈਸਿਜਟ੍ਰੇਟ ਸਾਹਮਣੇ ਜਾ ਕੇ ਕਿਹਾ ਕਿ ਅਫਸਰਸ਼ਾਹੀ ਤਾ ਵਿਕ ਚੁੱਕੀ ਹੈ ਕਿਤੇ ਨਿਆਂ ਪਾਲਿਕਾ ਵੀ ਸਰਕਾਰ ਅੱਗੇ ਝੁਕ ਨਾ ਜਾਵੇ। ਸਰਕਾਰੀ ਵਕੀਲ ਰਜੇਸ਼ ਸ਼ਰਮਾ ਨੇ ਅਖਬਾਰਾਂ ਦੀਆਂ ਖਬਰਾਂ ਮੈਜਿਸਟ੍ਰੇਟ ਕਿਰਨ ਬਾਲਾ ਅੱਗੇ ਪੇਸ਼ ਕਰ ਦਿੱਤੀਆਂ। (ਇਹ ਵਕੀਲ ਮੇਰੇ ਦੋਸਤ ਵਕੀਲ ਗੁਰਸਾਹਿਬ ਸਿੰਘ ਬਰਾੜ ਦਾ ਦੋਸਤ ਹੈ) ਬਹੁਤ ਹੀ ਸਖਤ ਸੁਭਾ ਦੀ ਜਾਨੀ ਜਾਂਦੀ ਇਸ ਜੱਜ ਨੇ ਇਸ ਮਾਮਲੇ ਨੂੰ ਸਿਆਸੀ ਕਰਾਰ ਦਿੰਦਿਆਂ ਮੇਰੀ ਜਮਾਨਤ ਮਨਜੂਰ ਕਰ ਦਿੱਤੀ। ਐਡਵੋਕੇਟ ਗੁਰਸਾਹਿਬ ਸਿੰਘ ਬਰਾੜ ਅਤੇ ਹਰਦਮ ਸਿੰਘ ਮਾਨ ਆਦਿ ਦੋਸਤ ਮੈਨੂੰ ਜੇਲ• 'ਚੋਂ ਆ ਕੇ ਲੈ ਗਏ। ਬਾਅਦ ਵਿੱਚ ਸਿਕੰਦਰ ਸਿੰਘ ਮਲੂਕਾ ਦੇ ਹਾਰਨ ਅਤੇ ਗੁਰਪ੍ਰੀਤ ਕਾਂਗੜ ਦੇ ਜਿੱਤ ਜਾਣ ਤੋਂ ਬਾਅਦ ਇਹ ਝੂਠਾ ਪਰਚਾ ਰੱਦ ਹੋ ਗਿਆ। ਮਲੂਕਾ ਦੀ ਇਸ ਹਾਰ ਵਿੱਚ ਮੇਰੇ ਸਮੇਤ ਹੋਰ ਪੱਤਰਕਾਰਾਂ ਨੇ ਵੀ ਅਹਿਮ ਰੋਲ ਨਿਭਾਇਆ। ਇਸ ਦਾ ਖਮਿਆਜਾ ਸ. ਮਲੂਕਾ ਨੂੰ 2007 ਦੀਆਂ ਚੋਣਾਂ ਵਿੱਚ ਫਿਰ ਭੁਗਤਣਾ ਪਿਆ ਅਤੇ ਫਿਰ ਉਹ ਨੌਜਵਾਨ ਕਾਂਗੜ ਤੋਂ ਦੂਜੀ ਵਾਰ ਹਾਰ ਗਏ। ਹੁਣ 2012 ਦੀਆਂ ਚੋਣਾਂ ਵਿੱਚ ਤੀਜੀ ਵਾਰੀ ਦੇਖੋ ਕੀ ਹਾਲਾਤ ਬਣਦੇ ਹਨ। ਸਬਕ ਇਹ ਕਿ ਝੂਠੇ ਪਰਚੇ ਦਰਜ ਕਰਵਾਉਣ ਵਾਲਿਆਂ ਦਾ ਹਸ਼ਰ ਇਸ ਤਰ•ਾਂ ਦਾ ਹੀ ਹੁੰਦਾ ਹੈ। ਇਸ ਲਈ ਆਪਣੇ ਆਪ ਨੂੰ ਗੁਰਮੁੱਖ ਕਹਾਉਣ ਵਾਲੇ ਉਮੀਦਵਾਰ ਆਪਣੇ ਗਿਰੇਵਾਨ ਅੰਦਰ ਝਾਕ ਦੇ ਦੇਖਣ ਕਿ ਉਹ ਵੀ ਕਿਤੇ ਇਸ ਤਰ•ਾਂ ਦਾ ਕੁਝ ਤਾਂ ਨਹੀਂ ਕਰ ਰਹੇ।

ਗ਼ਜ਼ਲ-4

ਜਦੋਂ ਬੰਦੇ ਦੇ ਮਨ ਵਿੱਚ ਮੋਹ ਰਹੇ ਨਾ।
ਉਦੋਂ ਬੰਦਾ ਹੀ ਬੰਦਾ ਉਹ ਰਹੇ ਨਾ।
ਉਨ•ਾਂ 'ਤੇ ਆਉਣ ਨਾ ਤਿਤਲੀਆਂ ਮੁੜ ਕੇ,
ਜਦੋਂ ਫੁੱਲਾਂ ਦੇ ਵਿੱਚ ਖੁਸ਼ਬੋ ਰਹੇ ਨਾ।
ਭਟਕਦੀ ਨੀਂਦ ਮੇਰੀ ਪਲਕਾਂ ਉੱਤੇ,
ਤੇਰੇ ਜਦ ਪੋਟਿਆਂ ਦੀ ਛੋਹ ਰਹੇ ਨਾ।
ਕਾਹਦਾ ਮਿਲਣਾ ਇਹ ਯਾਰਾ ਰਵਾਇਤੀ,
ਕਲੇਜੇ ਮਿਲਣ ਦੀ ਜਦ ਖੋਹ ਰਹੇ ਨਾ।
ਸਦਾ ਨਾ ਰਹਿਣੇ ਇੱਥੇ ਹਾੜ ਤਪਦੇ,
ਕਦੇ ਠੰਢੇ ਹਮੇਸ਼ਾ ਪੋਹ ਰਹੇ ਨਾ।
ਮੈਂ ਤੈਨੂੰ ਚਿਤਵ ਕੇ ਜਗਦਾ ਰਹਾਂਗਾ,
ਮੇਰੇ ਨੈਣਾਂ 'ਚ ਬੇਸ਼ੱਕ ਲੋਅ ਰਹੇ ਨਾ।
ਬੜਾ ਗੰਧਲਾ ਹੈ ਦਰਿਆਵਾਂ ਦਾ ਪਾਣੀ,
ਹਾਏ! ਇਤਰਾਂ ਦੇ ਵਗਦੇ ਚੋਅ ਰਹੇ ਨਾ।
ਉਦੋਂ ਮੈਂ ਖੁਦ ਨੂੰ ਵੀ ਅਣਹੋਇਆ ਸਮਝਾਂ,
ਜਦੋਂ ਤੇਰੀ ਕੋਈ ਕੰਨਸੋਅ ਰਹੇ ਨਾ।
ਤੂੰ ਮੇਰੇ ਸਾਹਾਂ ਦੇ ਵਿੱਚ ਇਦਾਂ ਸਮਾ ਜਾਹ,
ਕਿ ਆਪਣੀ ਹੋਂਦ ਵੱਖਰੀ ਜੋ ਰਹੇ ਨਾ।
ਹਾਂ ਆਪਾਂ ਇੱਕ ਹੋਏ ਜਦ ਕਿਹਾ ਤੂੰ,
ਮੇਰੇ ਮਹਿਬੂਬ ਆਪਾਂ ਦੋ ਰਹੇ ਨਾ।
ਕਪਟ ਦੇ ਸ਼ੋਰ ਵਿੱਚ ਚੁੱਪ ਮੌਤ ਵਰਗੀ,
ਹੈ ਕਾਹਦੀ ਜ਼ਿੰਦਗੀ ਜਦ ਰੋਹ ਰਹੇ ਨਾ।
ਢਿੱਲੋਂ ਸਫਰ ਹੈ ਦੁਸ਼ਵਾਰ ਹੋਇਆ,
ਜਦੋਂ ਰਾਹਾਂ 'ਚ ਕਾਲੇ ਕੋਹ ਰਹੇ ਨਾ।

2
ਜਿਸ ਦਾ ਬਚਪਨ ਸੁਪਨਿਆਂ ਦੀ ਪੂਰਤੀ ਕਰਦਾ ਨਹੀਂ।
ਖੂਬਸੂਰਤ ਉਹ ਜਵਾਨੀ ਵਿੱਚ ਵੀ ਹੋ ਸਕਦਾ ਨਹੀਂ।
ਛੱਪੜਾਂ 'ਚੋਂ ਹੀ ਹਮੇਸ਼ਾਂ ਭੇਡਾ ਪਾਣੀ ਪੀਦੀਆਂ,
ਭੇਡਾਂ ਤਾਈਂ ਵਗਦਾ ਪਾਣੀ ਅੱਛਾ ਹੀ ਲੱਗਦਾ ਨਹੀਂ।
ਤੁਸੀਂ ਕੀ ਹੋ? ਆਪਣੇ ਬਾਰੇ ਇਹ ਤੁਸੀਂ ਹੀ ਹੋ ਜਾਣਦੇ,
ਹੋਰ ਕੋਈ ਤੁਹਾਡੇ ਬਾਰੇ ਜਾਣ ਸਕਦਾ ਹੀ ਨਹੀਂ।
ਗੀਤ ਪੰਛੀ ਦੀ ਜਰੂਰਤ ਹੈ ਇਹ ਤਾਂ ਗੱਲ ਠੀਕ ਹੈ,
ਪਰ ਆਲ•ਣੇ ਬਗੈਰ ਵੀ ਤਾਂ ਉਸ ਦਾ ਸਰ ਸਕਦਾ ਨਹੀਂ।
ਪਿਆਰ ਆਪਣਾ ਘਰ ਬਣਾਉਂਦਾ ਜਦ ਕਿਸੇ ਦੇ ਦਿਲ ਦੇ ਵਿੱਚ,
ਇਸ ਦੇ ਲਈ ਪਹਿਲਾਂ ਉਸ ਤੋਂ ਆਗਿਆ ਮੰਗਦਾ ਨਹੀਂ।
ਕਵੀਆਂ ਤਰ•ਾਂ ਮਹਿਸੂਸ ਕਰਨਾ, ਹੱਸਣਾ ਬੱਚਿਆਂ ਦੇ ਵਾਂਗ,
ਬਜ਼ੁਰਗਾਂ ਵਾਂਗ ਹਰ ਕਿਸੇ ਨੂੰ ਸੋਚਣਾ ਆਉਂਦਾ ਨਹੀਂ।
ਕਵਿਤਾ ਕਿਸੇ ਸੁਗਾਤ ਵਾਂਗ ਆਉਂਦੀ ਹੈ ਬਿਨ ਐਲਾਨਿਆਂ,
ਬਹੁਤ ਕਰੜੇ ਨਿਯਮ ਹੁੰਦੇ ਕਵੀਆਂ 'ਤੇ ਲਾਗੂ ਨਹੀਂ।
ਸੁੱਤੀਆਂ ਸੱਸੀਆਂ ਦੇ ਲੁੱਟੇ ਜਾਂਦੇ ਹੀ ਨੇ ਸ਼ਹਿਰ ਭੰਬੋਰ,
ਗੁੱਡੀਆਂ ਦੇ ਵਿਆਹ ਤੋਂ ਕੋਈ ਬੱਚਾ ਜਨਮਦਾ ਨਹੀਂ।
ਅੱਗ ਦਾ ਦਰਿਆ ਹੈ ਇਹ ਵਕਤ, ਇਸ਼ਕ, ਜ਼ਿੰਦਗੀ,
ਢਿੱਲੋਂ ਇਸ ਵਿੱਚ ਆਸ਼ਕਾਂ ਬਿਨ ਤੈਰਨਾ ਆਉਂਦਾ ਨਹੀਂ।

Wednesday, June 16, 2010

ਗ਼ਜ਼ਲ-3

ਖੁਦ ਨੂੰ ਸ਼ੁਹਰਤ ਦੀ ਬੁਲੰਦੀ ਉੱਤੇ ਨਹੀਂ ਪਹੁੰਚਾਈਦਾ।
ਨਹੀਂ ਤਾਂ ਡਿੱਗਣ ਵੇਲੇ ਫਿਰ ਕੀਚਰ ਕੀਚਰ ਹੋ ਜਾਈਦਾ।
ਸੁਣੀ ਸੁਣਾਈ ਹੀ ਗੱਲ ਦੇ ਵਿੱਚ ਯਾਰ ਨਹੀਂ ਐਵੇਂ ਆਈਦਾ।
ਰਹਿੰਦੇ ਸਦਾ ਪਹਾੜ ਬਣਾਉਂਦੇ ਲੋਕ ਨੇ ਇੱਥੇ ਰਾਈਂ ਦਾ।
ਜ਼ਿੰਦਗੀ ਦੇ ਵਿੱਚ ਏਦਾਂ ਦਾ ਵੀ ਕਦੇ ਹਾਦਸਾ ਹੋ ਜਾਂਦਾ,
ਖੇਤੋਂ ਪੁੱਟ ਕੇ ਬਾਗ ਹੈ ਆਪਣੇ ਦਿਲ ਦੇ ਅੰਦਰ ਲਾਈਦਾ।
ਬੰਦਾ ਹੀ ਹੈ ਬੱਸ ਬਣਾਉਂਦਾ, ਬੰਦਾ ਬੱਸ ਚਲਾਉਂਦਾ ਹੈ,
ਬੰਦਾ ਸਫਰ ਕਰੇ ਬੰਦੇ ਤੋਂ ਹੀ ਹੈ ਟਿਕਟ ਕਟਾਈਦਾ।
ਨਜ਼ਰਾਂ ਬਿਨਾ ਮਿਲਾਏ ਜਦ ਸੱਜਣ ਰੁਖ਼ਸਤ ਹੋ ਜਾਂਦੇ ਨੇ,
ਦਿਲ ਨੂੰ ਡਾਹਢਾ ਗ਼ਮ ਹੁੰਦਾ ਹੈ ਉਦੋਂ ਬੜਾ ਜੁਦਾਈ ਦਾ।
ਫੁਕਰੇ ਆਸ਼ਕ ਡਟ ਗਏ ਨੇ ਅੱਜ ਇਸ਼ਕ ਦਿਆਂ ਮੈਦਾਨਾਂ ਵਿੱਚ,
ਅੱਜ ਕੱਲ• ਮੁੱਲ ਰਿਹਾ ਨਾ ਕੋਈ ਹੈ ਸਿਰ ਦੀ ਵੀ ਸਾਈ ਦਾ।
ਉਨ•ਾਂ ਤੋਂ ਵੱਧ ਇਸ ਦੁਨੀਆਂ ਵਿੱਚ ਕੌਣ ਕੁਕਰਮ ਕਮਾਉਂਦਾ ਹੈ,
ਜਿਹੜੇ ਕਹਿੰਦੇ ਨੇ ਲੇਖਾ ਦੇਣਾ ਪੈਂਦਾ ਹੈ ਪਾਈ ਪਾਈ ਦਾ।
ਕਿੱਦਾਂ ਚੰਦਰਾ ਰਿਜ਼ਕ ਲਿਜਾਂਦਾ ਹੈ ਖਿੱਚ ਕੇ ਸਾਨੂੰ ਵਿੱਚ ਪਰਦੇਸਾਂ ਦੇ,
ਮਾਪਿਆਂ ਨੂੰ ਸੱਲ ਸਹਿਣਾ ਪੈਂਦਾ ਹੈ ਬੱਚਿਆਂ ਦੀ ਜੁਦਾਈ ਦਾ।
ਕਿਰਤੀ ਦੇ ਘਰ ਘੁੱਪ ਹਨ•ੇਰਾ ਜੱਗਣ ਟਿਊਬਾ ਮੰਦਰਾਂ ਵਿੱਚ,
ਭੁੱਖਾ ਰਹਿੰਦਾ ਹੈ ਗਵਾਂਢੀ ਪਰ ਰਾਸ਼ਨ ਲੰਗਰਾਂ ਦੇ ਵਿੱਚ ਪਾਈਦਾ।
ਭਰੇ ਹੁੰਦੇ ਨੇ ਲੋਕ ਤਾਂ ਦੁੱਖ ਕਲੇਸ਼ਾਂ ਦੇ ਨਾਲ ਪਹਿਲਾਂ ਹੀ ਇੱਥੇ,
ਹਰ ਇੱਕ ਕੋਲੇ ਹੀ ਨਹੀਂ ਐਵੇਂ ਦਿਲ ਦਾ ਹਾਲ ਸੁਣਾਈਦਾ।
ਜਦ ਦੋਸਤ ਦੁਸ਼ਮਣ ਬਣਦੇ ਨੇ ਪੀੜ ਬੜੀ ਹੀ ਹੁੰਦੀ ਹੈ,
ਢਿੱਲੋਂ ਅੱਜ ਕੱਲ• ਸੋਚ ਸਮਝ ਕੇ ਦੋਸਤ ਨਵਾਂ ਬਣਾਈਦਾ।


ਕਦੇ ਪੌਪ ਹੈ ਰਾਜੇ ਦੇ ਨਾਲ ਲੜਦਾ, ਹੁੰਦੀ ਬਾਦਲ ਤੇ ਟੌਹੜੇ ਵਿੱਚ ਜੰਗ ਬੇਲੀ,
ਇੱਕ ਦੂਜੇ ਦੇ ਪੂਰਕ ਨੇ ਧਰਮ, ਕੁਰਸੀ, ਨਿਭਦਾ ਸਦਾ ਹੀ ਇਨ•ਾਂ ਦਾ ਸੰਗ ਬੇਲੀ।
ਰਾਜਨੇਤਾ, ਪੁਰੋਹਿਤ ਜਦ ਹੋਣ ਇਕੱਠੇ ਹੁੰਦਾ ਲੋਕਾਂ ਦਾ ਕਾਫੀਆ ਤੰਗ ਬੇਲੀ।
ਸਦਾ ਇੱਕ ਕੜਾਹ ਦੀ ਬੁਰਕੀ ਹੀ ਇੱਥੇ, ਫਾਹੇ ਅਸਾਂ ਨੂੰ ਦਿੰਦੀ ਹੈ ਟੰਗ ਬੇਲੀ।

ਸ਼ਰਾਬ ਛੱਡਣੀ ਭਾਵੇਂ ਹੈ ਬਹੁਤ ਔਖੀ, ਬੰਦਾ ਚਾਹਵੇ ਜੇ ਛੱਡਣੀ ਛੱਡ ਸਕਦੈ,
ਦਿਨ ਛਿਪਣ ਤੋਂ ਪਹਿਲਾਂ ਘਰ ਪਹੁੰਚ ਕੇ ਤੇ, ਪੀਣ ਵਾਲਿਆਂ ਤੋਂ ਰਹਿ ਅੱਡ ਸਕਦੈ।
ਪਹਿਲਾਂ ਸੌਣ ਤੋਂ ਲਿਖਣ ਤੇ ਪੜ•ਣ ਦੇ ਲਈ, ਟੀ.ਵੀ. ਦੇਖਣ ਲਈ ਵੀ ਵਕਤ ਕੱਢ ਸਕਦੈ।
ਦ੍ਰਿੜ ਨਿਸਚਾ ਬੰਦਾ ਜੇ ਧਾਰ ਲਵੇ ਤਾਂ ਇਸ ਕੋਹੜ ਨੂੰ ਜੜ•ਾਂ ਤੋਂ ਵੱਢ ਸਕਦੈ।

ਹੀਰ ਆਖਦੀ ਜੋਗੀਆਂ ਸੱਚ ਆਖੇਂ, ਇਸ਼ਕ ਅੱਜ ਦੇ ਨਿਰੇ ਸਜਾਵਟੀ ਵੇ।
ਝੂਠ ਮੂਠ ਦਾ ਰੋਣਾ ਨੇ ਲੋਕ ਰੋਂਦੇ ਅਤੇ ਹਾਸਾ ਵੀ ਹੱਸਣ ਮਿਲਾਵਟੀ ਵੇ।
ਭਰੇ ਹੋਏ ਨੇ ਵਿੱਚੋਂ ਖੁਦਗਰਜ਼ੀਆਂ ਦੇ, ਲੋਕ ਸੇਵਾ ਵੀ ਕਰਨ ਦਿਖਾਵਟੀ ਵੇ।
ਖੁਦਗਰਜ਼ੀਆਂ ਨੇ ਰੰਗ ਰਿਸ਼ਤਿਆਂ ਦਾ, ਦਿੱਤਾ ਜਮਾਂ ਬਣਾ ਬਣਾਵਟੀ ਵੇ।

ਸੱਚ ਮੁੱਚ ਜੋ ਨੇਕ ਇਨਸਾਨ ਹੁੰਦੇ ਪੁੱਛਦੇ ਨੰਗੇ ਨੂੰ ਉਸ ਦਾ ਕੱਜ ਹੈ ਨਹੀਂ।
ਭੁੱਖੀ ਮਹਿੰ ਨੂੰ ਹੁੰਦੀ ਹੈ ਖਿੱਪ ਧਾਮਣ, ਹੁੰਦਾ ਬੱਕਰੀ ਦਾ ਕਦੇ ਰੱਜ ਹੈ ਨਹੀਂ।
ਜਿਹੜੇ ਪਿੰਡ ਦੀ ਹੋਵੇ ਪੰਚਾਇਤ ਮਾੜੀ, ਉੱਥੇ ਸਾਊ ਦੇ ਰਹਿਣ ਦਾ ਹੱਜ ਹੈ ਨਹੀਂ।
ਸਦਾਚਾਰ ਨਹੀਂ ਜਿਹੜੇ ਸਮਾਜ ਅੰਦਰ ਉਹ ਤਾਂ ਕੱਲ• ਵੀ ਨਹੀਂ ਅਤੇ ਅੱਜ ਹੈ ਨਹੀਂ।

ਕਹਿੰਦਾ ਵਾਰਿਸ ਸ਼ਾਹ ਜਾਣ ਆਦਤਾਂ ਪੁਰਾਣੀਆਂ ਨਾ, ਰੱਖ ਦਿੰਦੇ ਲੋਕ ਭਾਵੇਂ ਕੱਟ ਕੱਟ ਪੋਰੀਆਂ।
ਹੱਥਾਂ ਵਿੱਚ ਫੜ• ਕੇ ਸਿਮਰਣੇ ਮਸਤ ਹੋਏ, ਸ਼ਰੇਆਮ ਠੱਗ ਕਰੀ ਜਾਂਦੇ ਠੱਗੀ ਠੋਰੀਆਂ।
ਅੰਧ ਵਿਸ਼ਵਾਸ਼ ਅਸ਼ਲੀਲਤਾ ਫੈਲਾਈ ਜਾਵੇ, ਜਾਣੇ ਸਰਕਾਰ ਅਸਾਂ ਦੀਆਂ ਕਮਜੋਰੀਆਂ।
ਡਾਂਗ ਉੱਤੇ ਡੇਰਾ ਰੱਖਦੇ ਜੇ ਹੱਕ ਲੈ ਲੈਂਦੇ, ਹੱਕ ਸਾਡੇ ਮਾਰ ਗਈਆਂ ਰੱਬ ਉੱਤੇ ਡੋਰੀਆਂ।

ਮਨੁੱਖ ਦੀਵੇ ਦੇ ਵਾਂਗ ਹੈ ਬੁਝ ਜਾਂਦਾ, ਕਾਇਮ ਜ਼ਿੰਦਗੀ ਦਾ ਐਪਰ ਕਿਲਾ ਰਹਿੰਦਾ।
ਸਿਰਫ ਨਾਵਾਂ ਅਤੇ ਘਟਨਾਵਾਂ ਦਾ ਇਹ, ਜਾਰੀ ਉਸ ਤਰ•ਾਂ ਹੈ ਸਿਲਸਿਲਾ ਰਹਿੰਦਾ।
ਦੁਨੀਆਂ ਮਾਣਦੇ ਸਦਾ ਸਿਰਲੱਥ ਯੋਧੇ, ਐਪਰ ਝੂਰਦਾ ਸਦਾ ਕਮਦਿਲਾ ਰਹਿੰਦਾ।
ਨਿਰਾਸ਼ ਅਤੇ ਦਰਿਦਰੀ ਬੰਦਿਆਂ ਨੂੰ, ਸਦਾ ਦੁਨੀਆਂ ਉੱਤੇ ਹੈ ਗਿਲਾ ਰਹਿੰਦਾ।

ਦਾਰੂ ਮੁਫਤ ਦੀ ਮੁੱਲਾਂ ਨਾ ਸ਼ੇਖ ਛੱਡਦੇ, ਪਰਹੇਜ਼ਗਾਰ ਵੀ ਖਾਣ ਪਿਆਜ ਲੱਗ ਪਏ।
ਗੱਲ ਸ਼ਰਾ ਸ਼ਰੀਅਤ ਦੀ ਮੁੱਕ ਚੱਲੀ, ਮੁਸਲਮਾਨ ਵੀ ਲੈਣ ਵਿਆਜ ਲੱਗ ਪਏ।
ਪਾਇਲਟ ਇੱਥੇ ਸਿਆਸਤਾਂ ਕਰਨ ਲੱਗੇ, ਸਿਆਸਤਦਾਨ ਚਲਾਉਣ ਜਹਾਜ ਲੱਗ ਪਏ।
ਭ੍ਰਿਸ਼ਟਾਚਾਰ ਦਾ ਦੇਸ਼ ਨੂੰ ਹੈ ਕੈਂਸਰ, ਕਰਨ ਨੀਮ ਹਕੀਮ ਇਲਾਜ ਲੱਗ ਪਏ।

ਸਾਧ ਬਣ ਕੇ ਸਾਂਭ ਲੈ ਕੋਈ ਡੇਰਾ, ਚਾਰ ਤਕੜੇ ਰੱਖੀਂ ਗੜਵਈ ਮੀਆਂ।
ਪ੍ਰਚਾਰ ਕਰਨ ਵਾਲੇ ਰੱਖੀਂ ਪੈਸਿਆਂ ਤੇ, ਦਿੱਲੀ, ਆਗਰੇ ਅਤੇ ਮੁੰਬਈ ਮੀਆਂ।
ਵੱਡੇ ਵੱਡੇ ਵਜ਼ੀਰ ਤੇ ਉੱਚ ਅਫਸਰ, ਡੇਰੇ ਦੇ ਵਿੱਚ ਆਉਣਗੇ ਕਈ ਮੀਆਂ।
ਚੜ•ੀਂ ਕਾਰਾਂ 'ਤੇ, ਹੂਰਾਂ ਦਾ ਰਸ ਮਾਣੀਂ, ਖਾਈਂ ਕਾਜੂਆਂ ਵਾਲੀ ਤਸ਼ਮਈ ਮੀਆਂ।

ਜ਼ਿੰਦਗੀ ਐਸ਼ ਆਰਾਮ ਹੈ, ਮੌਜ ਮਸਤੀ, ਨਾਲੇ ਫਿਕਰਾਂ ਦਾ ਇੱਕ ਸਮੂਹ ਮੀਆਂ।
ਜ਼ਿੰਦਗੀ ਵੀ ਹੈ ਇੱਕ ਦੁਕਾਨਦਾਰੀ, ਖਾਰੇ ਹੰਝੂਆਂ ਦਾ ਡੂੰਘਾ ਖੂਹ ਮੀਆਂ।
ਹੁਸਨ ਜ਼ਿੰਦਗੀ ਦਾ ਉਹੀਓ ਮਾਣ ਸਕਦੇ, ਜਿਹੜੇ ਮੰਨਦੇ ਨਹੀਂ ਬਦਰੂਹ ਮੀਆਂ।
ਅਸਲ ਜ਼ਿੰਦਗੀ ਕਿਸੇ ਦੇ ਕੰਮ ਆਉਣਾ, ਥੋੜ•ੇ ਬੰਦੇ ਹੀ ਪਾਉਣ ਇਹ ਸੂਹ ਮੀਆਂ।

ਹੁੰਦੀ ਆਈ ਕਿ ਸੁੱਤੀਆਂ ਸੱਸੀਆਂ ਦੇ, ਲੁੱਟੇ ਸਦਾ ਹੀ ਸ਼ਹਿਰ ਭੰਬੋਰ ਜਾਂਦੇ।
ਜਿਹੜੇ ਆਪਣੇ ਹੱਕਾਂ ਲਈ ਜਾਗਦੇ ਨਾ, ਖੁਰ ਮੀਂਹਾਂ 'ਚ ਮਿੱਟੀ ਦੇ ਮੋਰ ਜਾਂਦੇ।
ਥੋੜ•ੇ ਹੁੰਦੇ ਸਮਾਜ ਵਿੱਚ ਉਹ ਯੋਧੇ, ਰੀਤਾਂ ਨਵੀਆਂ ਜਿਹੜੇ ਨੇ ਤੋਰ ਜਾਂਦੇ।
ਹੋਕਾ ਜਾਗਦੇ ਰਹਿਣ ਦਾ ਦੇ ਸਾਨੂੰ ਇੱਥੇ ਚੋਰ ਹੀ ਪਾਈ ਨੇ ਸ਼ੋਰ ਜਾਂਦੇ।

ਜਿੰਨਾਂ ਚਿਰ ਨਾ ਜਾਬ•ਾਂ ਦਾ ਭੇੜ ਕਰੀਏ, ਵਕਤ ਵਿਹਲਿਆਂ ਦਾ ਸਾਡਾ ਲੰਘਦਾ ਨਾ।
ਸੰਸਾਰ ਅੰਨ ਸਮੱਸਿਆ 'ਤੇ ਬਹਿਸ ਕਰੀਏ, ਆਟਾ ਘਰੇ ਭਾਵੇਂ ਸਾਡੇ ਡੰਗ ਦਾ ਨਾ।
ਅਸੀਂ ਲੋਕਾਂ ਨੂੰ ਦਿੰਦੇ ਉਪਦੇਸ਼ ਰਹੀਏ, ਕੋਈ ਮੰਗਦਾ ਭਾਵੇਂ ਕੋਈ ਮੰਗਦਾ ਨਾ।
ਸਾਡਾ ਕੰਮ ਵਿਆਖਿਆ ਕਰੀ ਜਾਣਾ, ਪਤਾ ਅਸਾਂ ਨੂੰ ਭਾਵੇਂ ਪਰਸੰਗ ਦਾ ਨਾ।

ਉਲਟੀ ਗੰਗਾ ਪਹੋਏ ਨੂੰ ਜਾਣ ਲੱਗੀ, ਚੁੰਘਦੀ ਲੇਲੇ ਨੂੰ ਦੇਖੀ ਹੈ ਭੇਡ ਇੱਥੇ।
ਕਾਲੇ ਧਨ ਦੇ ਚਿਟਿਆਂ ਸਿੱਕਿਆਂ ਦੀ, ਪ੍ਰਗਟ ਹੋਂਵਦੀ ਨਹੀਂ ਹੈ ਖੇਡ ਇੱਥੇ।
ਤਿਆਗੀ ਮਾਇਆ ਦੇ ਕੱਟਣ ਦੇ ਲਈ ਖੀਸਾ, ਰੱਖਣ ਜੇਬ• ਦੇ ਵਿੱਚ ਬਲੇਡ ਇੱਥੇ।
ਅੱਗ ਲੱਗੀ ਹੈ ਮੁਲਕ ਦੀ ਸ਼ਾਂਤੀ ਨੂੰ, ਕੋਈ ਦਿਸੇ ਨਾ ਫਾਇਰ ਬ੍ਰਿਗੇਡ ਇੱਥੇ।

ਪਾਣੀ ਅੱਗ ਦਾ ਵੀ ਇਹ ਨੂੰ ਆਖਦੇ ਨੇ, ਅਸੀਂ ਦੇਖੀ ਹੈ ਆਬੇ-ਹਰਾਮ ਪੀ ਕੇ।
ਸ਼ਰ-ਆਬ ਹੈ ਪਾਣੀ ਸ਼ਰਾਰਤਾਂ ਦਾ ਰੰਗ ਬੱਝ ਜਾਂਦਾ ਦੋ ਕੁ ਜਾਮ ਪੀ ਕੇ।
ਜਿਹੜੇ ਦੇਖਣ ਨੂੰ ਹੁੰਦੇ ਸ਼ਰੀਫ ਬੰਦੇ ਉਹ ਲੜਦੇ ਦੇਖੇ ਨੇ ਆਮ ਪੀ ਕੇ।
ਮੂਧਾ ਠੀਕਰਾ ਵਜਦਾ ਅਕਲ ਉੱਤੇ, ਜਲਦੀ ਜ਼ਿੰਦਗੀ ਦੀ ਢਲੇ ਸ਼ਾਮ ਪੀ ਕੇ।

ਦਾਰੂ ਪੀਣ ਦਾ ਨਿਕਲਦੈ ਬੁਰਾ ਸਿੱਟਾ ਅਸੀਂ ਦੇਖੀ ਹੈ ਜੱਗਾਂ ਦੇ ਜੱਗ ਪੀ ਕੇ।
ਜੁੱਤੀ, ਘੜੀ ਗਵਾਚਣੀਂ ਆਮ ਗੱਲਾਂ, ਬੰਦਾ ਸੁੱਟ ਵੀ ਆਉਂਦਾ ਹੈ ਪੱਗ ਪੀ ਕੇ।
ਗੱਲ ਜਿੰਨ•ਾਂ ਦੀ ਹੁੰਦੀ ਨਾ ਸੁਣਨ ਵਾਲੀ, ਆਖੇ ਉਨ•ਾਂ ਦੇ ਜਾਂਦਾ ਹੈ ਲੱਗ ਪੀ ਕੇ।
ਇੱਕ ਰੁੱਤ ਜਵਾਨੀ ਦੀ ਅੱਗ ਵਾਲੀ, ਬੰਦਾ ਅੱਗ ਹੀ ਉਗਲਦੈ ਅੱਗ ਪੀ ਕੇ।

ਜਿੱਧਰ ਵੀ ਨਿਗਾਹ ਮਾਰੋ ਵਿਹਲੜਾਂ ਦਾ ਜਮਘਟ, ਕਿਤੇ ਘੋਨੇ ਬਾਬੇ ਕਿਤੇ ਬੈਠੇ ਜਟਾਧਾਰੀ ਏ।
Ñਲੋਕਾਂ ਤਾਈਂ ਕਹਿੰਦੇ ਮਾਇਆ ਨਾਗਣੀ ਹੈ ਬਚੋ ਇਹ ਤੋਂ ਆਪ ਅੱਠ ਲੱਖ ਵਾਲੀ ਰੱਖਦੇ ਸਵਾਰੀ ਏ।
ਸਾਇੰਸ ਦੇ ਯੁੱਗ 'ਚ ਵੀ ਪੜ•ੇ ਲਿਖੇ ਲਾਈ ਲੱਗ, ਭਾਲਦੇ ਫਿਰਨ ਦੇਖੋ ਨਾਮ ਦੀ ਖੁਮਾਰੀ ਏ।
ਕਰਕੇ ਪੀ.ਐਚ.ਡੀ. ਨਹਾਉਂਦੀ ਫਿਰੇ ਤੀਰਥਾਂ 'ਤੇ, ਭਰਮਾਂ ਦੀ ਮਾਰੀ ਹੋਈ ਕੰਨਿਆ ਕੁਮਾਰੀ ਏ।

ਸਾਇੰਸ ਦੇ ਟੀਚਰ ਕਈ ਗਲ 'ਚ ਤਵੀਤ ਪਾ ਕੇ, ਸਕੂਲ 'ਚ ਕਰਾਉਂਦੇ ਵਿਗਿਆਨ ਦੀ ਤਿਆਰੀ ਏ।
ਵੇਚ ਕੇ ਜ਼ਮੀਨ ਧੱਕੇ ਖਾਂਦੇ ਨੇ ਵਿਦੇਸ਼, ਕਹਿੰਦੇ ਚੁਗਣੀ ਹੀ ਪੈਣੀ ਚੋਗ ਡਾਹਢੇ ਨੇ ਖਿਲਾਰੀ ਏ।
ਦੁਰਉਪਯੋਗ ਵਿਗਿਆਨ ਦਾ ਕਿ ਕਰਾਮਾਤਾਂ, ਟੀ.ਵੀ. ਤੇ ਦਿਖਾਈ ਜਾਂਦੇ ਕ੍ਰਿਸ਼ਨ ਮੁਰਾਰੀ ਏ।
ਸ਼ਾਤਰ, ਚਲਾਕ, ਲਾਈਲੱਗਾਂ ਅਤੇ ਅਨਪੜ•ਾਂ ਆਸਰੇ ਇਹ ਖੇਡਾ ਪਾਈ ਜਾਂਵਦੇ ਮਦਾਰੀ ਏ।

Sunday, June 6, 2010

ਗ਼ਜ਼ਲ (ਸਾਡੇ ਵਿਹੜੇ)

ਗ਼ਜ਼ਲ

ਸਾਡੇ ਵਿਹੜੇ ਰੋਜ਼ ਹੀ ਰਹਿੰਦੀ ਗ਼ਮ ਦੀ ਬਾਰਿਸ਼ ਆਈ ਅਕਸਰ,
ਮੇਰੇ ਮਨ ਦੀ ਧਰਤੀ ਰਹਿੰਦੀ ਹੈ, ਤ੍ਰਿਹਾਈ ਤ੍ਰਿਹਾਈ ਅਕਸਰ।
ਜਿਸ ਨੇ ਜ਼ਿੰਦਗੀ ਵਿੱਚ ਇੱਕ ਵਾਰੀ ਵੀ ਮਾਲੀ ਬਣ ਕੇ ਨਹੀਂ ਤੱਕਿਆ,
ਉਸ ਦੀ ਸੂਰਤ ਮੈਂ ਦੇਖੀ ਹੈ ਜੀ, ਮੁਰਝਾਈ ਮੁਰਝਾਈ ਅਕਸਰ।
ਚਾਰ ਕੁ ਬੰਦੇ ਮੋਢਾ ਦੇਣ ਲਈ ਪਿੱਛੋਂ ਰਹਿਣ ਜਾਂ ਨਾ ਰਹਿਣ ਭਾਵੇਂ,
ਅਸੀਂ ਤਾਂ ਸੱਚੀ ਗੱਲ ਕਹੀ ਹੈ, ਜੋ ਸਾਡੇ ਮਨ ਆਈ ਅਕਸਰ।
ਪਿਆਰ ਮੁਹੱਬਤ ਦੇ ਸਿਲਸਿਲੇ, ਜਿਸਮਾਂ ਤੱਕ ਸੀਮਤ ਹੋ ਗਏ ਨੇ,
ਅੱਜ ਦੇ ਇਸ਼ਕ 'ਚ ਕਾਮ ਵਾਸ਼ਨਾ ਹੀ ਲੈਂਦੀ ਅੰਗੜਾਈ ਅਕਸਰ।
ਜੇ ਖੁਸ਼ ਰਹਿਣੈ ਤਾਂ ਆਪਣਾ ਦੁੱਖ ਕਿਸੇ ਦੇ ਅੱਗੇ ਵੀ ਨਾ ਖੋਲ•ੀਂ,
ਸੁਣੀ ਗਈ ਤਾਂ ਤੈਥੋਂ ਸੁਣ ਲਈਂ, ਕੁਝ ਚਿਰ ਪੀੜ ਪਰਾਈ ਅਕਸਰ।
ਅੱਜ ਕੱਲ• ਚਾਰ ਚੁਫੇਰੇ ਵਗਦੀ ਹਵਾ ਸੁਆਰਥ ਤੇ ਮਤਲਬ ਦੀ,
ਇੱਕ ਵਾਰੀ ਨਹੀਂ ਲੱਖਾਂ ਵਾਰੀ, ਦੁਨੀਆਂ ਮੈਂ ਅਜ਼ਮਾਈ ਅਕਸਰ।
Ðਰੁੱਖਾਂ, ਫੁੱਲ, ਪਰਿੰਦਿਆਂ ਨਾਲੋਂ, ਵਧੀਆ ਦੋਸਤ ਕੋਈ ਨਹੀਂ ਹੁੰਦਾ,
ਆਦਮਜਾਤ ਤਾਂ ਮੁਢੋਂ ਰਹਿੰਦੀ ਆਈ ਹੈ ਹਰਜਾਈ ਅਕਸਰ।
ਅਮਰਜੀਤ ਢਿੱਲੋਂ ਨੂੰ ਮਿਲਣੈ? ਉਹ ਇਸ ਬਸਤੀ ਵਿੱਚ ਨਹੀਂ ਰਹਿੰਦਾ,
ਫੁੱਲਾਂ ਅਤੇ ਤਿਤਲੀਆਂ ਕੋਲੇ, ਰਹਿੰਦੈ ਉਹ ਸ਼ੈਦਾਈ ਅਕਸਰ।
ਅਮਰਜੀਤ ਢਿੱਲੋਂ (94171-20427)

Thursday, June 3, 2010

ਪਿਆਰ

ਇਹ ਨੂੰ ਸਿਵੇ ਦੀ ਅੱਗ ਦਾ ਦਰਦ ਨਾ ਕਹਿ ਇੰਤਜ਼ਾਰ ਦਾ ਆਪਣਾ ਮਜ਼ਾ ਹੁੰਦੈ।
ਮਜ਼ਾ ਹੁੰਦਾ ਨਹੀਂ ਜਿਸ ਉਡੀਕ ਅੰਦਰ ਉਹ ਇੰਤਜ਼ਾਰ ਵੀ ਬੇਵਜ•ਾ ਹੁੰਦੈ।
ਜਿਸ ਵੇਲੇ ਹੈ ਮਿਲਣ ਦੀ ਰੁੱਤ ਹੁੰਦੀ, ਉਦੋਂ ਫਿਰ ਵਿਛੋੜਾ ਵੀ ਸਜ਼ਾ ਹੁੰਦੈ।
ਜੀਹਦੀ ਜ਼ਿੰਦਗੀ ਵਿੱਚ ਨਹੀਂ ਪਿਆਰ ਹੁੰਦਾ, ਉਹਦਾ ਜੀਵਨ ਤਾਂ ਸਮਝ ਲੋ ਕਜ਼ਾ (ਮੌਤ) ਹੁੰਦੈ।
ਜਿਹੜਾ ਆਦਮੀ ਪਿਆਰ ਦੀ ਮੰਗ ਕਰਦੈ, ਲੱਗਦਾ ਜਿਵੇਂ ਕੋਈ ਕਰ ਰਿਹਾ ਗਜ਼ਾ ਹੁੰਦੈ।
ਜਿਵੇਂ ਤਿਤਲੀਆਂ ਆਉਂਦੀਆਂ ਫੁੱਲ ਕੋਲੇ, ਪਿਆਰ ਇਸ ਤਰ•ਾਂ ਬੇ-ਇਲਤਜ਼ਾ ਹੁੰਦੈ।
ਅਮਰਜੀਤ ਢਿੱਲੋਂ (94171-20427)

Tuesday, June 1, 2010

ਸੇਅਰ-2


ਹਜ਼ਾਰਾਂ ਪਰਿੰਦੇ ਮੇਰੇ ਮਨ 'ਚ ਕੈਦੀ, ਹਰ ਵਕਤ ਦਿੰਦੇ ਨੇ ਇਹੋ ਦੁਹਾਈ, ਰਿਹਾਈ, ਰਿਹਾਈ।


ਜੇ ਤੁਸੀਂ ਗਰੀਬ ਜੰਮੇ ਹੋ ਤਾਂ ਤੁਹਾਡਾ ਕੋਈ ਕਸੂਰ ਨਹੀਂ, ਪਰ ਜੇ ਗਰੀਬ ਮਰਦੇ ਹੋ ਤਾਂ ਕਸੂਰਵਾਰ ਹੋ। ਬਿਲਗੇਟਸ

ਕੀਤਾ ਕਿਸੇ ਦਾ ਮਨੋ ਭੁਲਾ ਦੇਣਾ, ਭਲੇ ਮਾਣਸਾ ਦਾ ਦਸਤੂਰ ਹੈ ਨਹੀਂ।

ਦਇਆ ਸਿੰਘ ਜਹਾਨ 'ਤੇ ਕੌਣ ਐਸਾ, ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।

ਚੰਗਾ ਹੈ ਸਿਰ ਝੁਕਾਉਂਣਾ ਤਾਂ ਕਿ ਕਾਇਮ ਅਦਬ ਰਹੇ, ਪਰ ਐਨਾ ਨਾ ਸਿਰ ਝੁਕਾਓ, ਕਿ ਦਸਤਾਰ ਡਿੱਗ ਪਵੇ।

ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਖਾਮੋਸ਼ ਜਿਹਾ ਬੱਚਾ, ਵੱਡਿਆਂ ਦੀ ਦੇਖ ਕੇ ਦੁਨੀਆਂ, ਵੱਡਾ ਹੋਣ ਹੋਵਣ ਤੋਂ ਡਰਦਾ ਹੈ।

ਜ਼ਿੰਦਗੀ ਤੋਂ ਜਿਸ ਨੇ ਕੁਝ ਸਿੱਖਿਆ ਨਹੀਂ, ਉਸ ਨੂੰ ਕੋਈ ਹੋਰ ਵੀ ਸਿਖਾਊਗਾ ਕੀ।

ਜ਼ਿੰਦਗੀ ਵਿੱਚ ਸਫਲ ਹੋਣ ਲਈ, ਤੁਹਾਡੀ ਬਹੁਤੀ ਜ਼ਿੰਦਗੀ ਅਸਫਲ ਲੋਕਾਂ ਤੋਂ ਬਚਦਿਆਂ ਦੀ ਲੰਘ ਜਾਂਦੀ ਹੈ।

ਸ਼ੇਅਰ

ਇੱਕ ਅੱਛਾ ਦੋਸਤ ਅਤੇ ਸੱਚਾ ਪਿਆਰ ਜੇ ਸੌ ਵਾਰ ਵੀ ਰੁੱਸ ਜਾਵੇ ਤਾਂ ਵਾਰ ਵਾਰ ਉਸ ਨੂੰ ਮਨਾ ਲਵੋ, ਕਿਉਂਕਿ ਕੀਮਤੀ ਮੋਤੀਆਂ ਦੀ ਮਾਲਾ ਜਿੰਨੀ ਮਰਜ਼ੀ ਵਾਰ ਟੁੱਟ ਜਾਵੇ, ਉਸ ਨੂੰ ਪਿਰੋਨਾ ਹੀ ਪੈਂਦਾ ਹੈ।
ਅਸੀਂ ਰੋਦੀਆਂ ਹੋਈਆਂ ਅੱਖਾਂ ਨੂੰ ਹਸਾਇਆ ਹੈ ਸਦਾ ਇਸ ਤੋਂ ਜ਼ਿਆਦਾ ਇਬਾਦਤ ਨਹੀਂ ਹੋਵੇਗੀ ਅਸਾਂ ਤੋਂ।

ਟੁੱਟ ਕੇ ਰਿਸ਼ਤਾ ਅਸਾਡਾ ਹੋਰ ਬਿਹਤਰ ਹੋ ਗਿਆ। ਤੈਨੂੰ ਮੰਜ਼ਿਲ ਮਿਲ ਗਈ ਮੈਂ ਫਿਰ ਮੁਸਾਫਿਰ ਹੋ ਗਿਆ।
ਚਿਹਰੇ ਦੀ ਮੁਸਕਰਾਹਟ 'ਚ ਹਰ ਗਮ ਨੂੰ ਛੁਪਾਓ, ਬਹੁਤ ਕੁਝ ਬੋਲੋ, ਪਰ ਕੁਝ ਨਾ ਬਤਾਓ। ਖੁਦ ਨਾ ਰੁੱਸੋ ਕਦੇ ਪਰ ਸਭ ਨੂੰ ਮਨਾਓ। ਇਹੀ ਰਾਜ਼ ਹੈ ਜ਼ਿੰਦਗੀ ਦਾ, ਬੱਸ ਜਿਉਂਦੇ ਚੱਲੇ ਜਾਓ।

ਫੁੱਲ ਨਾਲ ਲਿਪਟੀ ਹੋਈ ਤਿਤਲੀ ਨੂੰ ਡੇਗੋ ਤਾਂ ਜਾਣੀਏ ਐਂ ਹਵਾਓ, ਤੁਸੀਂ ਬਹੁਤ ਰੁੱਖਾਂ ਨੂੰ ਡੇਗਿਆਂ ਹੋਵੇਗਾ।

ਤੁਸੀਂ ਵੀ ਕੀ ਪੁੱਛਦੇ ਹੋ ਰਾਹ ਜ਼ਿੰਦਗੀ ਦਾ ਦੋਸਤੋ, ਬੱਸ ਉਧਰ ਨਾ ਜਾਓ ਜਿਧਰ ਜਾਂਦੀ ਲੋਕਾਂ ਦੀ ਭੀੜ ਹੈ।

ਦੋਸਤਾਂ ਨੂੰ ਫੁੱਲ ਵਾਂਗ ਨਾ ਦੇਖੋ, ਕਿਉਂਕਿ ਫੁੱਲ ਕੁਝ ਘੰਟਿਆਂ 'ਚ ਮਰ ਜਾਂਦੇ ਹਨ। ਦੋਸਤਾਂ ਨੂੰ ਦਰਿਆ ਵਾਂਗ ਦੇਖੋ ਕਿਉਂਕਿ ਦਰਿਆ ਹਮੇਸ਼ਾ ਵਹਿੰਦੇ ਹਨ।
ਸੱਚ ਕਦੇ ਵਧੇ ਨਾ ਘਟੇ, ਝੂਠ ਦੀ ਪਰ ਕੋਈ ਹੱਦ ਹੀ ਨਹੀਂ।
ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ? ਬੋਲਕੇ ਯਾਦ ਨਹੀਂ ਰੱਖਣਾ ਪੈਂਦਾ।

ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ। ਚੱਲੋ ਹੁਣ ਫਾਲਤੂ ਚੀਜ਼ਾਂ ਦਾ ਮਨ ਤੋਂ ਭਾਰ ਲਾਹ ਦਈਏ।

ਹੈ ਖੁਸ਼ੀ ਕਿ ਕੁਝ ਲੋਕ ਇੱਥੇ ਜ਼ਿੰਦਾ ਵੀ ਮਿਲੇ, ਇਸ ਮੁਰਦਾ ਸ਼ਹਿਰ ਵਿੱਚ, ਮਰਦਮਸ਼ੁਮਾਰੀ ਕਰਦਿਆਂ।

ਟਾਹਣੀ ਨਾਲੋਂ ਟੁੱਟਿਆ ਪੱਤਾ ਇਸ਼ਾਰਾ ਕਰ ਗਿਆ। ਬਹੁਤ ਭਟਕੇਗਾ ਜਿਹੜਾ ਛੱਡ ਆਪਣਾ ਘਰ ਗਿਆ।

ਫੁੱਲ ਕੋਲੋ ਸਿੱਖ ਲੈ ਹੁਨਰ ਆਸ਼ਕੀ ਦਾ, ਤਿੱਤਲੀਆਂ ਖੁਦ ਆਉਣਗੀਆਂ ਆਵਾਜ਼ਾਂ ਨਾ ਮਾਰ।

ਮੈਂ ਜ਼ਿੰਦਗੀ ਦਾ ਬੋਝ ਲੈ ਕੇ ਡੁੱਬ ਤਾਂ ਗਿਆ ਸੀ, ਪਰ ਪਾਣੀ 'ਤੇ ਤਰਕੇ ਲਾਸ਼ ਨੇ ਮੈਨੂੰ ਹੌਲਾ ਕਰ ਦਿੱਤਾ।

ਟਾਹਣੀ ਨਾਲੋਂ ਟੁੱਟ ਕੇ ਫੁੱਲ ਨੇ ਕਰ ਲਈ ਖੁਦਕਸ਼ੀ, ਕਾਗਜ਼ ਦੇ ਫੁੱਲ ਜਦੋਂ ਦੇ ਸ਼ਰੇਆਮ ਵਿਕਣ ਲੱਗ ਗਏ।

ਭਾਰਤ ਤਰੱਕੀ ਕਿਉਂ ਨਹੀਂ ਕਰਦਾ? ਸੋਚੋ

ਹਜ਼ਾਰਾਂ ਪਰਿੰਦੇ ਮੇਰੇ ਮਨ 'ਚ ਕੈਦੀ, ਹਰ ਵਕਤ ਦਿੰਦੇ ਨੇ ਇਹੋ ਦੁਹਾਈ, ਰਿਹਾਈ, ਰਿਹਾਈ।


ਜੇ ਤੁਸੀਂ ਗਰੀਬ ਜੰਮੇ ਹੋ ਤਾਂ ਤੁਹਾਡਾ ਕੋਈ ਕਸੂਰ ਨਹੀਂ, ਪਰ ਜੇ ਗਰੀਬ ਮਰਦੇ ਹੋ ਤਾਂ ਕਸੂਰਵਾਰ ਹੋ। ਬਿਲਗੇਟਸ

ਕੀਤਾ ਕਿਸੇ ਦਾ ਮਨੋ ਭੁਲਾ ਦੇਣਾ, ਭਲੇ ਮਾਣਸਾ ਦਾ ਦਸਤੂਰ ਹੈ ਨਹੀਂ।

ਦਇਆ ਸਿੰਘ ਜਹਾਨ 'ਤੇ ਕੌਣ ਐਸਾ, ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।

ਚੰਗਾ ਹੈ ਸਿਰ ਝੁਕਾਉਂਣਾ ਤਾਂ ਕਿ ਕਾਇਮ ਅਦਬ ਰਹੇ, ਪਰ ਐਨਾ ਨਾ ਸਿਰ ਝੁਕਾਓ, ਕਿ ਦਸਤਾਰ ਡਿੱਗ ਪਵੇ।

ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਖਾਮੋਸ਼ ਜਿਹਾ ਬੱਚਾ, ਵੱਡਿਆਂ ਦੀ ਦੇਖ ਕੇ ਦੁਨੀਆਂ, ਵੱਡਾ ਹੋਣ ਹੋਵਣ ਤੋਂ ਡਰਦਾ ਹੈ।

ਜ਼ਿੰਦਗੀ ਤੋਂ ਜਿਸ ਨੇ ਕੁਝ ਸਿੱਖਿਆ ਨਹੀਂ, ਉਸ ਨੂੰ ਕੋਈ ਹੋਰ ਵੀ ਸਿਖਾਊਗਾ ਕੀ।

ਜ਼ਿੰਦਗੀ ਵਿੱਚ ਸਫਲ ਹੋਣ ਲਈ, ਤੁਹਾਡੀ ਬਹੁਤੀ ਜ਼ਿੰਦਗੀ ਅਸਫਲ ਲੋਕਾਂ ਤੋਂ ਬਚਦਿਆਂ ਦੀ ਲੰਘ ਜਾਂਦੀ ਹੈ।

ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ? ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ।


ਭਾਰਤ ਤਰੱਕੀ ਕਿਉਂ ਨਹੀਂ ਕਰਦਾ? ਸੋਚੋ
ਆਬਾਦੀ 110 ਕਰੋੜ
8 ਕਰੋੜ ਸੇਵਾ ਮੁਕਤ
30 ਕਰੋੜ ਰਾਜ ਸਰਕਾਰਾਂ ਦੇ ਕਰਮਚਾਰੀ
17 ਕਰੋੜ ਕੇਂਦਰ ਸਰਕਾਰ ਦੇ ਕਰਮਚਾਰੀ (ਸਾਰੇ ਬਿਨਾਂ ਕੰਮ ਤੋਂ)
1 ਕਰੋੜ ਨਿੱਜੀ ਕੰਮ ਕਰਨ ਵਾਲੇ (ਪਰ ਦੇਸ਼ ਲਈ ਕੰਮ ਨਹੀਂ ਕਰਦੇ)
25 ਕਰੋੜ ਸਕੂਲਾਂ ਵਿੱਚ
2 ਕਰੋੜ ਪੰਜ ਸਾਲ ਤੋਂ ਘੱਟ ਉਮਰ ਦੇ
15 ਕਰੋੜ ਬੇਰੁਜਗਾਰ
ਡੇਢ ਕਰੋੜ ਹਸਪਤਾਲਾਂ ਵਿੱਚ ਭਰਤੀ
79 ਲੱਖ 99 ਹਜ਼ਾਰ 998 ਜੇਲ•ਾਂ ਵਿੱਚ ਬੰਦ
ਆਪਾਂ ਵੀ ਆਰਾਮ ਕਰੀਏ
ਤੁਸੀਂ ਮੋਬਾਇਲ 'ਤੇ ਬਿਜੀ ਹੋ ਕਿਤੇ ਭਾਰਤ ਇਕੱਲਾ ਨਾ ਰਹਿ ਜਾਵੇ।

ਰਹਿਬਰ, ਰਾਹਜ਼ਨ, ਸੰਤ, ਉਚੱਕੇ ਰਲਗੱਡ ਹੈ ਸ਼ਬਦਾਂ ਦੀ ਭੀੜ
ਸੰਤ ਹੋਰ ਸੰਤਾਈਆਂ ਹੋਰ, ਚੋਰ ਹੋਰ, ਚਤੁਰਾਈਆਂ ਹੋਰ।
ਨੇਤਾ, ਸਾਧ, ਵਪਾਰੀ, ਅਫਸਰ ਤੇ ਹੋਵੇ ਵਿਸ਼ਵਾਸ਼ ਕਿਵੇਂ
ਕਹਿਣੀ ਹੋਰ ਤੇ ਕਰਨੀ ਹੋਰ, ਧੰਦਾ ਹੋਰ ਕਮਾਈਆਂ ਹੋਰ।
ਬੇਬੱਸ ਮਕਤੂਲਾਂ ਦੇ ਵਾਰਸ ਦੇਖ ਰਹੇ ਜੱਜ ਦਾ ਇਨਸਾਫ,
ਕਾਤਲ ਹੋਰ ਗਵਾਹੀਆਂ ਹੋਰ, ਸਜ਼ਾ ਹੋਰ ਸੱਚਿਆਈਆਂ ਹੋਰ।
ਨਫਰਤ ਦੀ ਅੱਗ ਫੈਲਾਈ ਹੈ, ਬੇਸ਼ੱਕ ਕੁਰਸੀ ਬਾਜਾਂ ਇੱਥੇ,
ਪਰ ਅੱਗਾਂ ਭੜਕਾਈਆਂ ਜ਼ੋਰ, ਪੰਡਤਾਂ, ਮੁੱਲਾਂ, ਭਾਈਆਂ ਹੋਰ।
ਵਿੱਚ ਸਕੂਲਾਂ ਅਨਪੜ• ਬੱਚੇ, ਹਸਪਤਾਲੀਂ ਰੋਣ ਮਰੀਜ਼,
ਮਾਸਟਰ ਹੋਰ ਪੜ•ਾਈਆਂ ਹੋਰ, ਡਾਕਟਰ ਹੋਰ ਦਵਾਈਆਂ ਹੋਰ।