ਰੋਜ਼ ਹੀ ਆਪਣੇ ਆਪੇ ਸੰਗ ਗੋਸ਼ਟ ਕਰਦੇ ਰਹਿ ਜਾਈਦਾ।
ਜਦ ਵੀ ਵਕਤ ਮਿਲੇ ਸੰਨਾਟੇ ਨਾਲ ਸੰਵਾਦ ਰਚਾਈਦਾ।
ਇਸ ਬੇ ਚਿਹਰਾ ਅੰਨ•ੀ ਭੀੜ ਤੋਂ ਬਚਣ ਦਾ ਕੋਈ ਰਸਤਾ ਨਹੀਂ,
ਕਦੇ ਕਦੇ, ਕੁਝ ਚਿਰ ਲਈ, ਭੀੜ ਦਾ ਹਿੱਸਾ ਹੀ ਬਣ ਜਾਈਦਾ।
ਜਦੋਂ ਕਦੇ ਵੀ ਮਨ ਵਿੱਚ ਪੈਲ•ਾਂ ਪਾਉਣ ਦੀ ਤਾਂਘ ਉਭਰਦੀ ਹੈ,
ਕੱਚੀ ਜਿਹੀ ਕੰਧੋਲੀ 'ਤੇ ਮਿੱਟੀ ਦਾ ਮੋਰ ਬਣਾਈਦਾ।
ਬੀਤੇ ਦੇ ਵਿਸਰੇ ਨਾਂਅ ਚੇਤੇ ਕਰ ਲਿਖਣੇ, ਤੇ ਢਾਅ ਦੇਣੇ,
ਕਦੇ ਕਦੇ ਮਨ ਆਪਣਾ ਯਾਰੋ ਏਦਾਂ ਵੀ ਪਰਚਾਈਦਾ।
ਹੁਣ ਨਾ ਕੋਈ ਪਰਿੰਦਿਆਂ ਦੇ ਲਈ ਛੱਤ 'ਤੇ ਪਾਣੀ ਰੱਖਦਾ ਹੈ,
ਨਵੇਂ ਮਕਾਨਾਂ ਤਾਈਂ ਰਬੜ ਦੇ ਰੁੱਖਾਂ ਨਾਲ ਸਜਾਈਦਾ।
ਔੜ ਦੇ ਮਾਰੇ, ਮੋਹ ਦੇ ਰਿਸ਼ਤੇ ਜਦ ਵੀ ਚੇਤੇ ਆਉਂਦੇ ਨੇ,
ਤਦ ਬਰਸਾਤ ਦੇ ਮੌਸਮ ਵਿੱਚ ਵੀ ਨੈਣੋਂ ਨੀਰ ਵਹਾਈਦਾ।
ਹਾਏ ਗਰਮੀ! ਹਾਏ ਸਰਦੀ! ਬਹੁੜੀ, ਹਾਏ ਬਰਖਾ, ਹਾਏ ਔੜ ਬੜੀ,
ਇੱਕ ਦੂਜੇ ਨੂੰ ਮਿਲਣ 'ਤੇ ਇਉਂ ਮੌਸਮ ਦਾ ਹਾਲ ਸੁਣਾਈਦਾ।
ਕਿਸਦਾ ਜੀਅ ਕਰਦਾ ਹੈ ਜਾ ਕੇ ਪਰਦੇਸਾਂ ਵਿੱਚ ਭਟਕਣ ਲਈ,
ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈ ਦਾ।
ਚੀਂ ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੀ ਕੋਈ ਦੱਸ ਸਕਦਾ ਹੈ,
ਆਹਲਣਿਆਂ ਦੇ ਬੋਟਾ ਨੂੰ ਝੱਖੜਾਂ ਤੋਂ ਕਿੰਜ ਬਚਾਈਦਾ।
ਬੇਵਫਾਈ ਵੀ ਕੁਝ ਹੱਦ ਤੱਕ ਮਜ਼ਬੂਰੀ ਹੀ ਹੁੰਦੀ ਹੈ,
ਢਿੱਲੋਂ ਐਵੇਂ ਯਾਰਾਂ ਤਾਈਂ ਬਹੁਤਾ ਨਹੀਂ ਅਜ਼ਮਾਈਦਾ।
ਮੋਬਾ : 94171-20427
No comments:
Post a Comment