ਹਟੀਂ ਮਾਰਨੋਂ ਨਾ ਪਿਆਰ ਗਲੀ ਵਿੱਚ ਫੇਰੀਆਂ
ਭਾਵੇਂ ਵਗਦੀਆਂ ਅਜੇ ਕਾਲੀਆਂ ਹਨੇ•ਰੀਆਂ।
ਦੇਖੀਂ ਹੋ ਕੇ ਖਾਮੋਸ਼ ਘਰੇ ਬੈਠ ਜਾਈਂ ਨਾ,
ਜਲ ਰਹੇ ਸਿਵਿਆਂ ਤੋਂ ਪਰ•ੇ ਬੈਠ ਜਾਈਂ ਨਾ,
ਲਾਸ਼ਾਂ ਕਬਰਾਂ 'ਚ ਦਫਨਾਈਆਂ ਨੇ ਬਥੇਰੀਆਂ।
ਹਟੀ ਮਾਰਨੋਂ ਨਾ. .
ਪਾਈ ਇਨਸਾਨੀਅਤ ਵਿੱਚ ਹੈ ਜੋ ਪਾੜ ਰੋਕਣੀ,
ਆਪਾਂ ਹੱਦਾਂ ਤੋਂ ਬਾਰੂਦ ਦੀ ਹਵਾੜ ਰੋਕਣੀ,
ਤਾਰ ਕੰਡਿਆਲੀ ਥਾਵੇਂ ਲਾਉਣੀਆਂ ਨੇ ਬੇਰੀਆਂ।
ਹਟੀ ਮਾਰਨੋਂ ਨਾ. .
ਚੁੱਪ ਕਰ ਨਾ ਜੇ ਕਰਦੈ ਬਾਰੂਦ ਖੇਖਣੇ,
ਮਾਂਗ ਉਜੜੀ ਦੇ ਹੋਰ ਨਾ ਦ੍ਰਿਸ਼ ਦੇਖਣੇ,
ਬੈਠ ਜਾਈਂ ਦਿਲਦਾਰਾ ਨਾ ਤੂੰ ਢਾਹ ਕੇ ਢੇਰੀਆਂ।
ਹਟੀ ਮਾਰਨੋਂ ਨਾ. .
ਜੰਗ ਬੀਜਦੀ ਹੈ ਬੀਜ ਇੱਕ ਹੋਰ ਜੰਗ ਦਾ,
ਦੋਹਾਂ ਦੇਸ਼ਵਾਸੀਆਂ 'ਚੋਂ ਨਾ ਕੋਈ ਜੰਗ ਮੰਗਦਾ,
ਇਹ ਤਾਂ ਹਾਕਮਾਂ ਦੀਆਂ ਨੇ ਸਭ ਹੇਰਾਫੇਰੀਆਂ।
ਹਟੀ ਮਾਰਨੋਂ ਨਾ. .
ਬੂਟੇ ਘ੍ਰਿਣਾ ਦੀ ਮਿਰਚ ਦੇ ਪੁਟਾ ਕੇ ਸੋਹਣਿਆਂ,
ਗੰਨੇ ਪਿਆਰ ਵਾਲੇ ਮਜ਼ਹਬਾਂ 'ਚ ਲਾਦੇ ਸੋਹਣਿਆਂ,
ਦੋਵੇਂ ਰਾਮ ਤੇ ਰਹੀਮ ਚੂਪਣ ਗੰਨੇਰੀਆਂ।
ਹਟੀ ਮਾਰਨੋ ਨਾ. .
ਸੁੱਤੇ ਰਹਿਣ ਦੇ ਨਾ ਦੇਸ਼ ਦੇ ਤੂੰ ਭਾਗ ਚੰਨਿਆਂ,
ਬਾਲੀ ਚੱਲ ਜਿੰਨੇ ਬਲਦੇ ਚਿਰਾਗ ਚੰਨਿਆਂ,
ਚੁਗੀ ਚੱਲ ਬੂਹੇ ਅੱਗੇ ਕਿਰਚਾਂ ਖਲੇਰੀਆਂ।
ਹਟੀ ਮਾਰਨੋਂ ਨਾ. .
ਹੁਣ ਮੰਦਰਾਂ ਮਸੀਤਾਂ ਦੇ ਕਲੇਸ਼ ਛੱਡਦੇ,
ਬੰਦੇ ਵਿੱਚ ਜਾਨਵਰ ਵਾਲਾ ਭੇਸ ਛੱਡਦੇ,
ਢਿੱਲੋਂ ਪੂਜ ਇਨਸਾਨੀਅਤ ਮੰਨ ਮੇਰੀਆਂ।
ਹਟੀ ਮਾਰਨੋਂ ਨਾ ਪਿਆਰ ਗਲੀ ਵਿੱਚ ਫੇਰੀਆਂ।
No comments:
Post a Comment