Sunday, February 14, 2010

ਧੀ ਦਾ ਗੀਤ

ਅਮਰਜੀਤ ਢਿੱਲੋਂ

ਕੰਘੀ ਵਾਹਵਾਂ ਤਾਂ ਦੁੱਖਣ ਮੇਰੇ ਵਾਲ ਨੀ ਮਾਏ।

ਉਲਝੇ ਫਿਕਰਾਂ ਤੇ ਸੰਸਿਆਂ ਦੇ ਨਾਲ ਨੀ ਮਾਏ।

ਜਦ ਮੈਂ ਜੰਮੀ ਤੂੰ ਰੋਈ ਬਾਬਲ ਰੋਇਆ ਨੀ ਮਾਂ।

ਮੈਥੋਂ ਕਿਹੜਾ ਗੁਨਾਹ ਸੀ ਦੱਸ ਹੋਇਆ ਨੀ ਮਾਂ।

ਆਇਆ ਘਰ ਵਿੱਚ ਸੀ ਕਾਸਤੋਂ ਭੁਚਾਲ ਨੀ ਮਾਏ।

ਕੰਘੀ. . ਮੈਥੋਂ ਸਾਰੇ ਸੁੱਖਾਂ ਦੇ ਰੱਖੇ ਓਹਲੇ ਨੀ ਮਾਂ।

ਮੇਰੇ ਸਾਥੀ ਸੀ ਗੁੱਡੀਆਂ ਪਟੋਲੇ ਨੀ ਮਾਂ।

ਮੇਰੇ ਦਰਦਾਂ ਦੇ ਜੋ ਸਨ ਭਿਆਲ ਨੀ ਮਾਏ।

ਕੰਘੀ. .ਕਾਹਲੀ ਬਾਬਲ ਨੂੰ ਬੂਟਾ ਇਸ ਘਰੋਂ ਪੁੱਟਣਾ।

ਜਿਵੇਂ ਫੁੱਲਾਂ ਨੂੰ ਹੋਵੇ ਰੂੜੀ ਉੱਤੇ ਸੁੱਟਣਾ

ਮਾਲੀ ਜਾਣੇ ਨਾ ਫੁੱਲਾਂ ਦਾ ਹਾਲ ਨੀ ਮਾਏ।

ਕੰਘੀ..ਚੰਬਾ ਚਿੜੀਆਂ ਦਾ ਹੋਇਆ ਜਦ ਉਡਾਰ ਨੀ ਮਾਂ।

ਵਿਆਹ ਕੇ ਬਾਬਲ ਨੇ ਲਾਹਿਆ ਸਿਰ ਤੋਂ ਭਾਰ ਨੀ ਮਾਂ।

ਸਾਹ ਪੀਣੀ ਸੀ ਦਾਜ ਦੀ ਸਰਾਲ ਨੀ ਮਾਏ।ਕੰਘੀ. .

ਨੂੰਹ ਤੇਰੀ ਵੀ ਮਾਂ ਇਹੋ ਸ਼ਿਕਵੇ ਕਰੇ।

ਰੋਣਾਂ ਸਹੁਰੀਂ ਮੈਂ, ਉਹਨੇ ਮੇਰੇ ਪੇਕਿਆਂ ਘਰੇ

ਲੰਮੇ ਉਮਰਾਂ ਦੇ ਸਰਦ ਸਿਆਲ ਨੀ ਮਾਏ।ਕੰਘੀ. .

ਮੁਕਤੀ ਸਾਡੀ ਤੂੰ ਦੱਸ ਕਦੋਂ ਹੋਊ ਨੀ ਮਾਂ,

ਭਾਰ ਗ਼ਮ ਦਾ ਧੀ ਕਦ ਤੱਕ ਢੋਊ ਨੀ ਮਾਂ।

ਢਿੱਲੋਂ ਕੰਘੀ ਅਜਿਹੀ ਕੋਈ ਭਾਲ ਨੀ ਮਾਏ,

ਜਦ ਮੈਂ ਵਾਹਵਾਂ ਨਾ ਦੁੱਖਣ ਮੇਰੇ ਵਾਲ ਨੀ ਮਾਏ।

No comments:

Post a Comment