Wednesday, February 24, 2010

ਰੋਜ਼ ਹੀ ਆਪਣੇ ਆਪੇ ਸੰਗ ਗੋਸ਼ਟ

ਰੋਜ਼ ਹੀ ਆਪਣੇ ਆਪੇ ਸੰਗ ਗੋਸ਼ਟ ਕਰਦੇ ਰਹਿ ਜਾਈਦਾ।

ਜਦ ਵੀ ਵਕਤ ਮਿਲੇ ਸੰਨਾਟੇ ਨਾਲ ਸੰਵਾਦ ਰਚਾਈਦਾ।

ਇਸ ਬੇ ਚਿਹਰਾ ਅੰਨ•ੀ ਭੀੜ ਤੋਂ ਬਚਣ ਦਾ ਕੋਈ ਰਸਤਾ ਨਹੀਂ,

ਕਦੇ ਕਦੇ, ਕੁਝ ਚਿਰ ਲਈ, ਭੀੜ ਦਾ ਹਿੱਸਾ ਹੀ ਬਣ ਜਾਈਦਾ।

ਜਦੋਂ ਕਦੇ ਵੀ ਮਨ ਵਿੱਚ ਪੈਲ•ਾਂ ਪਾਉਣ ਦੀ ਤਾਂਘ ਉਭਰਦੀ ਹੈ,

ਕੱਚੀ ਜਿਹੀ ਕੰਧੋਲੀ 'ਤੇ ਮਿੱਟੀ ਦਾ ਮੋਰ ਬਣਾਈਦਾ।

ਬੀਤੇ ਦੇ ਵਿਸਰੇ ਨਾਂਅ ਚੇਤੇ ਕਰ ਲਿਖਣੇ, ਤੇ ਢਾਅ ਦੇਣੇ,

ਕਦੇ ਕਦੇ ਮਨ ਆਪਣਾ ਯਾਰੋ ਏਦਾਂ ਵੀ ਪਰਚਾਈਦਾ।

ਹੁਣ ਨਾ ਕੋਈ ਪਰਿੰਦਿਆਂ ਦੇ ਲਈ ਛੱਤ 'ਤੇ ਪਾਣੀ ਰੱਖਦਾ ਹੈ,

ਨਵੇਂ ਮਕਾਨਾਂ ਤਾਈਂ ਰਬੜ ਦੇ ਰੁੱਖਾਂ ਨਾਲ ਸਜਾਈਦਾ।

ਔੜ ਦੇ ਮਾਰੇ, ਮੋਹ ਦੇ ਰਿਸ਼ਤੇ ਜਦ ਵੀ ਚੇਤੇ ਆਉਂਦੇ ਨੇ,

ਤਦ ਬਰਸਾਤ ਦੇ ਮੌਸਮ ਵਿੱਚ ਵੀ ਨੈਣੋਂ ਨੀਰ ਵਹਾਈਦਾ।

ਹਾਏ ਗਰਮੀ! ਹਾਏ ਸਰਦੀ! ਬਹੁੜੀ, ਹਾਏ ਬਰਖਾ, ਹਾਏ ਔੜ ਬੜੀ,

ਇੱਕ ਦੂਜੇ ਨੂੰ ਮਿਲਣ 'ਤੇ ਇਉਂ ਮੌਸਮ ਦਾ ਹਾਲ ਸੁਣਾਈਦਾ।

ਕਿਸਦਾ ਜੀਅ ਕਰਦਾ ਹੈ ਜਾ ਕੇ ਪਰਦੇਸਾਂ ਵਿੱਚ ਭਟਕਣ ਲਈ,

ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈ ਦਾ।

ਚੀਂ ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੀ ਕੋਈ ਦੱਸ ਸਕਦਾ ਹੈ,

ਆਹਲਣਿਆਂ ਦੇ ਬੋਟਾ ਨੂੰ ਝੱਖੜਾਂ ਤੋਂ ਕਿੰਜ ਬਚਾਈਦਾ।

ਬੇਵਫਾਈ ਵੀ ਕੁਝ ਹੱਦ ਤੱਕ ਮਜ਼ਬੂਰੀ ਹੀ ਹੁੰਦੀ ਹੈ,

ਢਿੱਲੋਂ ਐਵੇਂ ਯਾਰਾਂ ਤਾਈਂ ਬਹੁਤਾ ਨਹੀਂ ਅਜ਼ਮਾਈਦਾ।

ਮੋਬਾ : 94171-20427

Tuesday, February 23, 2010

ਗ਼ਜ਼ਲ ਜ਼ਿੰਦਗੀ ਵਿੱਚ ਏਦਾਂ ਸੰਤਾਪ

ਜ਼ਿੰਦਗੀ ਵਿੱਚ ਏਦਾਂ ਸੰਤਾਪ ਹੰਢਾਏ ਮੈਂ ਅਕਸਰ

ਮਨ ਦੇ ਖੇਤੀਂ ਲੱਗੇ ਬਾਗ ਪੁਟਾਏ ਮੈਂ ਅਕਸਰ।

ਦੇ ਕੇ ਦਿਲ ਦਾ ਲਹੂ ਬਣਾਏ ਦੋਸਤ ਸੀ ਜਿਹੜੇ,

ਜਾਣ ਬੁੱਝ ਕੇ ਦੁਸ਼ਮਣ ਉਹੀ ਬਣਾਏ ਮੈਂ ਅਕਸਰ।

ਬੜੇ ਸ਼ੌਕ ਨਾਲ ਮਹਿਲ, ਚੁਬਾਰੇ ਪਾਏ ਰੀਝਾਂ ਨਾਲ

ਬਦਲੇ ਹੋਏ ਵਕਤ ਨਾਲ ਉਹ ਢਾਏ ਮੈਂ ਅਕਸਰ।

ਮੁਕਤੀ ਦੀ ਇੱਛਾ ਲੈ ਕੇ ਕੱਟਿਆ ਬਨਵਾਸ ਬੜਾ,

ਮੁਕਤੀ ਦੇ ਉਹੀਓ ਸੰਕਲਪ ਮਿਟਾਏ ਮੈਂ ਅਕਸਰ।

ਪਿਆਰ, ਮੁਹੱਬਤ, ਮੋਹ, ਮਮਤਾ ਤੋਂ ਕੁਝ ਵੀ ਵੱਡਾ ਨਹੀਂ

ਆਖਿਰ ਸਮਝ ਪਈ ਤਾਂ ਇਹ ਅਪਣਾਏ ਮੈਂ ਅਕਸਰ।

ਮੇਰੇ ਲਾਏ ਪੌਦੇ ਜਦੋਂ ਸੁਕਾਏ ਪੱਤਝੜਾਂ ਨੇ,

ਵਾਰ ਵਾਰ ਫਿਰ ਉਹੀਓ ਪੌਦੇ ਲਾਏ ਮੈਂ ਅਕਸਰ।

ਕੁਝ ਚਿਰ ਦੀ ਮਖ਼ਮੂਰੀ, ਖਾਣੇ, ਨਸ਼ਾ ਵਿਆਹਾਂ ਦਾ,

ਪਰ ਮਾਲੀ ਹੀ ਦੇਖੇ ਨੇ ਨਸ਼ਿਆਏ ਮੈਂ ਅਕਸਰ।

ਦਿਲ ਵਿੱਚ ਸੱਜਣ ਵੱਸ ਗਏ ਸਨ ਜੋ ਆਪ ਮੁਹਾਰੇ ਹੀ,

ਢਿੱਲੋਂ ਕਦੇ ਨਾ ਭੁੱਲੇ ਬੜੇ ਭੁਲਾਏ ਮੈਂ ਅਕਸਰ।

ਮੋਬਾ : 94171-20427

Sunday, February 21, 2010

ਪਾਣੀ ਰੇ ਪਾਣੀ ਤੇਰਾ ਰੰਗ ਕੇਹਾ

ਪਾਣੀ ਦਾ ਰੰਗ ਕੇਹਾ ਹੈ, ਪਿਆਸੇ ਦੀ ਪਿਆਸ ਜਿਹਾ ਹੈ। ਪਾਣੀ ਹੈ ਤਾਂ ਜੀਵਨ ਹੈ, ਜੀਵਨ ਦੀ ਸ਼ੁਰੂਆਤ ਸਾਗਰਾਂ ਦੇ ਖਾਰੇ ਅਤੇ ਕੋਸੇ ਪਾਣੀਆਂ 'ਚ ਹੋਈ। ਇਹ ਪਾਣੀ ਹੈ ਕੀ? ਸਿਰਫ ਦੋ ਗੈਸਾਂ ਦਾ ਮਿਸ਼ਰਣ ਦੋ ਹਿੱਸੇ ਹਾਈਡ੍ਰੋਜਨ ਅਤੇ ਇੱਕ ਹਿੱਸਾ ਆਕਸੀਜਨ। ਹਾਈਡ੍ਰੋਜਨ ਗੈਸ ਜਲਣਸ਼ੀਲ ਹੈ, ਆਕਸੀਜਨ ਜਲਦੀ ਅੱਗ ਨੂੰ ਤੇਜ ਕਰਦੀ ਹੈ ਪਰ ਜਦ ਦੋਵਾਂ ਗੈਸਾਂ ਦਾ ਮਿਸ਼ਰਣ ਪਾਣੀ ਬਣ ਜਾਂਦਾ ਹੈ ਤਾਂ ਇਹ ਅੱਗ ਬੁਝਾਉਂਦਾ ਹੈ। ਪਾਣੀ ਕਿਸੇ ਕਾਰਖਾਨੇ ਵਿੱਚ ਨਹੀਂ ਬਣਾਇਆ ਜਾ ਸਕਦਾ। ਇਹ ਸਾਡੇ ਵਾਯੂਮੰਡਲ ਵਿੱਚ ਕੁਦਰਤੀ ਕਿਰਿਆ ਰਾਹੀਂ ਹਰ ਸਮੇਂ ਬਣਦਾ ਰਹਿੰਦਾ ਹੈ। ਧੁੰਦ ਤਰੇਲ ਦਾ ਡਿੱਗਣਾ ਇਸੇ ਕਿਰਿਆ ਦਾ ਕਾਰਨ ਹੀ ਹੈ। ਧਰਤੀ ਦਾ ਸਿਰਫ 30 ਫੀਸਦੀ ਹਿੱਸਾ ਖੁਸ਼ਕ ਹੈ। ਬਾਕੀ 70 ਫੀਸਦੀ ਸਾਗਰਾਂ ਦੇ ਖਾਰੇ ਪਾਣੀਆਂ ਨੇ ਘੇਰਿਆਂ ਹੋਇਆ ਹੈ। ਸੂਰਜੀ ਧੁੱਪ ਨਾਲ ਸਾਗਰਾਂ ਦੇ ਪਾਣੀ ਦਾ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ। ਇਹ ਵਾਸ਼ਪੀਕਰਨ ਬੱਦਲ ਦੇ ਰੂਪ ਵਿੱਚ ਬਰਸਾਤ ਦਾ ਕਾਰਨ ਬਣਦਾ ਹੈ ਅਤੇ ਇਹ ਬਰਫ ਦੇ ਰੂਪ ਵਿੱਚ ਪਹਾੜਾਂ 'ਤੇ ਜੰਮਦਾ ਰਹਿੰਦਾ ਹੈ। ਕਰੋੜਾਂ ਸਾਲਾਂ 'ਚ ਬਣੇ ਗਲੇਸ਼ੀਅਰ ਹੇਠੋਂ ਪਿਘਲਦੇ ਰਹਿੰਦੇ ਹਨ। ਜਿਨ•ਾਂ 'ਚੋਂ ਨਦੀਆਂ ਦਾ ਜਨਮ ਹੁੰਦਾ ਹੈ ਅਤੇ ਫਿਰ ਇਹ ਨਦੀਆਂ ਢਲਾਣ ਵੱਲ ਭਾਵ ਆਪਣੇ ਜਨਮ ਦਾਤੇ ਸਾਗਰ 'ਚ ਮਿਲਦੀਆਂ ਰਹਿੰਦੀਆਂ ਹਨ। ਸ਼ਾਇਰ ਦੀ ਕਲਪਣਾ ਹੈ ਕਿ ਸਾਗਰ ਨੇ ਨਦੀ ਨੂੰ ਕਿਹਾ ਤੂੰ ਕਦ ਤੱਕ ਮੇਰੇ ਖਾਰੇ ਪਾਣੀ ਵਿੱਚ ਮਿਲਦੀ ਰਹੇਗੀ ਤਾਂ ਨਦੀ ਨੇ ਕਿਹਾ ਕਿ ਜਦ ਤੱਕ ਤੂੰ ਮਿੱਠਾ ਨਹੀਂ ਹੋ ਜਾਂਦਾ। ਵਾਸ਼ਪੀਕਰਨ ਹੋ ਕੇ ਵਰਖਾ ਦੇ ਰੂਪ ਵਿੱਚ ਪਾਣੀ ਮਿੱਠਾ ਹੋ ਜਾਂਦਾ ਹੈ। ਧਰਤੀ ਹੇਠਲਾ ਪਾਣੀ ਕਰੋੜਾਂ ਸਾਲਾਂ ਦੀ ਬਰਸਾਤ ਕਾਰਨ ਹੀ ਧਰਤੀ ਹੇਠ ਜਮ•ਾ ਹੋਇਆ ਹੈ। ਜਿਸ ਨੂੰ ਮਨੁੱਖ ਨੇ ਆਪਣੇ ਲੋਭ ਅਤੇ ਹਵਸ ਕਾਰਨ ਥੋੜ•ੇ ਜਿਹੇ ਅਰਸੇ ਵਿੱਚ ਹੀ ਮੁੱਕਣ ਕਿਨਾਰੇ ਕਰ ਦਿੱਤਾ ਹੈ। ਇਸੇ ਕਾਰਨ ਧਰਤੀ ਹੇਠਲੀ ਤਪਸ਼ ਵੱਧ ਰਹੀ ਹੈ। ਮੌਸਮ ਗੜਬੜਾ ਗਏ ਹਨ ਅਤੇ ਕੁਦਰਤੀ ਆਫਤਾਂ ਵਿੱਚ ਵਾਧਾ ਹੋਇਆ ਹੈ। ਵਿਗਿਆਨੀਆਂ ਅਨੁਸਾਰ 2025 ਤੱਕ ਸਾਰੀ ਦੁਨੀਆਂ ਪਾਣੀ ਦੇ ਸੰਕਟ ਦਾ ਸ਼ਿਕਾਰ ਹੋ ਜਾਵੇਗੀ। ਚਾਰ-ਚੁਫੇਰੇ ਹਾਹਾਕਾਰ ਹੋ ਜਾਵੇਗੀ। 29 ਮੁਲਕ ਤਾਂ ਹੁਣੇ ਹੀ ਜਲ ਸੰਕਟ ਦਾ ਸ਼ਿਕਾਰ ਹਨ। ਜਿਨ•ਾਂ 'ਚ ਭਾਰਤ ਵੀ ਸ਼ਾਮਿਲ ਹੈ। 4 ਸੌ 50 ਮਿਲਿਅਨ ਲੋਕ ਇਸ ਸਮੇਂ ਪਾਣੀ ਲਈ ਤਰਸ ਰਹੇ ਹਨ। ਭਾਰਤ ਦੇ ਜਿਨ•ਾਂ 12 ਰਾਜਾਂ 'ਚ ਪਾਣੀ ਦਾ ਸੰਕਟ ਹੈ, ਉਨ•ਾਂ 'ਚ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵੀ ਸ਼ਾਮਿਲ ਹੈ। ਹੁਣ ਤੱਕ ਬ੍ਰਹਿਮੰਡ ਵਿੱਚ 337.5 ਮਿਲਿਅਨ ਕਿਊਬਿਕ ਕਿਲੋਮੀਟਰ (mkm੩) ਪਾਣੀ ਦਾ ਅਨੁਮਾਨ ਲਗਾਇਆ ਗਿਆ ਹੈ। ਜਿਸ ਦਾ 90 ਫੀਸਦੀ (1361.8 mkm੩) ਸਮੁੰਦਰ ਦੇ ਖਾਰੇ ਪਾਣੀ ਦੇ ਰੂਪ ਵਿੱਚ ਹੈ ਬਾਕੀ ਦਾ ਤਿੰਨ ਫੀਸਦੀ (37.5 mkm੩) ਇਸ ਵਿੱਚੋਂ 8.5 mkm੩ (0.7%) ਪਾਣੀ ਤਰਲ ਰੂਪ ਵਿੱਚ ਬਾਕੀ 29.0 mkm੩ (2.29 %) ਨਮੀ, ਬਰਫ ਅਤੇ ਗਲੇਸ਼ੀਅਰ ਦੀ ਸ਼ਕਲ ਵਿੱਚ ਹੈ। ਇਹ 77% ਧਰੁਵੀ ਬਰਫ ਗਲੇਸ਼ੀਅਰ ਦੇ ਰੂਪ ਵਿੱਚ ਹੈ। ਸਾਡੇ ਬਿਰਖ ਪਾਣੀ ਬਣਾਉਣ 'ਚ ਵਿਸ਼ੇਸ਼ ਰੋਲ ਅਦਾ ਕਰਦੇ ਹਨ। ਭਾਰਤੀ ਧਰਤੀ ਹੇਠ ਕੁੱਲ 432 ਬਿਲੀਅਨ ਕਿਊਬਿਕ ਮੀਟਰ ਪਾਣੀ ਹੈ। ਇਸ ਵਿੱਚ ਸਿਰਫ 370 ਬੀ.ਐਮ.3 ਪਾਣੀ ਹੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਸਮੇਂ 140 ਬੀ.ਐਮ.3 ਪਾਣੀ ਹੀ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਧਰਤੀ ਉੱਪਰਲੇ ਕੁਦਰਤੀ ਸਰੋਤ ਮਨੁੱਖ ਜਾਂ ਤਾਂ ਖਤਮ ਕਰੀ ਜਾ ਰਿਹਾ ਹੈ ਜਾਂ ਇਨ•ਾਂ ਨੂੰ ਮਲੀਨ ਕਰੀ ਜਾ ਰਿਹਾ ਹੈ। ਧਰਤੀ ਹੇਠਲਾ ਪਾਣੀ ਵੀ ਲਗਾਤਾਰ ਮਲੀਨ ਅਤੇ ਜ਼ਹਿਰੀਲਾ ਹੋ ਰਿਹਾ ਹੈ। ਇਸ ਸਮੇਂ ਸਾਡੇ ਕੋਲ ਧਰਤੀ ਹੇਠ 85 ਲੱਖ ਕਿਊਬਿਕ ਕਿਲੋਮੀਟਰ ਪਾਣੀ ਪਿਆ ਹੈ। ਜਿਸ ਤਰ•ਾਂ ਬੇ ਰਹਿਮੀ ਨਾਲ ਇਹ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ। ਉਸ ਤੋਂ ਆਉਣ ਵਾਲਾ ਖਤਰਾ ਸਾਫ ਦਿਖ ਰਿਹਾ ਹੈ। ਅੱਜ ਪਾਣੀ ਦੀ ਬੂੰਦ-ਬੂੰਦ ਸੰਭਾਲਣ ਦੀ ਲੋੜ ਹੈ। ਸਾਡੇ ਦੇਸ਼ ਦੇ 249 ਬਲਾਕਾਂ 'ਚੋਂ 179 ਬਲਾਕ ਡਾਰਕ ਜੋਨ ਇਕਰਾਰ ਦਿੱਤੇ ਗਏ ਹਨ ਜਿਨ•ਾਂ 'ਚੋਂ ਬਹੁਤੇ ਬਲਾਕ ਪੰਜਾਬ ਦੇ ਹਨ। ਮਨੁੱਖ ਨੂੰ ਮੁਨਾਫੇ ਦੀ ਹਵਸ ਛੱਡ ਕੇ ਪਾਣੀ ਦੀ ਯੋਗ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ, ਨਹੀਂ ਤਾਂ ਇਹ ਧਰਤੀ ਰੇਗਿਸਤਾਨ ਬਣ ਜਾਵੇਗੀ। ਵਿਗਿਆਨੀ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਤੀਸਰਾ ਵਿਸ਼ਵ ਯੁੱਧ ਹੋਇਆ ਤਾਂ ਉਹ ਪਾਣੀ ਦੀ ਖਾਤਰ ਹੀ ਹੋਵੇਗੀ। ਪਾਣੀ ਦੀ ਸੰਭਾਲ ਕਰਨ ਦੇ ਨਾਲ-ਨਾਲ ਜੰਗਲ ਹੇਠ ਰਕਬਾ ਵਧਾਉਣ ਦੀ ਸਖਤ ਜ਼ਰੂਰ ਹੈ ਤਾਂ ਕਿ ਧਰਤੀ ਦੀ ਵੱਧ ਰਹੀ ਤਪਸ਼ ਰੋਕੀ ਜਾ ਸਕੇ। ਪਹਾੜਾਂ ਤੇ ਗਲੇਸ਼ੀਅਰ ਪਿਘਲਣੋਂ ਬਚਾਏ ਜਾ ਸਕਣ ਅਤੇ ਕੁਦਰਤ ਦਾ ਸਮਤੋਲ ਕਾਇਮ ਰੱਖਿਆ ਜਾ ਸਕੇ।

ਮੋਬਾ : 94171-20427

Friday, February 19, 2010

ਸਮੇਂ ਦਾ ਗੀਤ

ਹਟੀਂ ਮਾਰਨੋਂ ਨਾ ਪਿਆਰ ਗਲੀ ਵਿੱਚ ਫੇਰੀਆਂ

ਭਾਵੇਂ ਵਗਦੀਆਂ ਅਜੇ ਕਾਲੀਆਂ ਹਨੇ•ਰੀਆਂ।

ਦੇਖੀਂ ਹੋ ਕੇ ਖਾਮੋਸ਼ ਘਰੇ ਬੈਠ ਜਾਈਂ ਨਾ,

ਜਲ ਰਹੇ ਸਿਵਿਆਂ ਤੋਂ ਪਰ•ੇ ਬੈਠ ਜਾਈਂ ਨਾ,

ਲਾਸ਼ਾਂ ਕਬਰਾਂ 'ਚ ਦਫਨਾਈਆਂ ਨੇ ਬਥੇਰੀਆਂ।

ਹਟੀ ਮਾਰਨੋਂ ਨਾ. .

ਪਾਈ ਇਨਸਾਨੀਅਤ ਵਿੱਚ ਹੈ ਜੋ ਪਾੜ ਰੋਕਣੀ,

ਆਪਾਂ ਹੱਦਾਂ ਤੋਂ ਬਾਰੂਦ ਦੀ ਹਵਾੜ ਰੋਕਣੀ,

ਤਾਰ ਕੰਡਿਆਲੀ ਥਾਵੇਂ ਲਾਉਣੀਆਂ ਨੇ ਬੇਰੀਆਂ।

ਹਟੀ ਮਾਰਨੋਂ ਨਾ. .

ਚੁੱਪ ਕਰ ਨਾ ਜੇ ਕਰਦੈ ਬਾਰੂਦ ਖੇਖਣੇ,

ਮਾਂਗ ਉਜੜੀ ਦੇ ਹੋਰ ਨਾ ਦ੍ਰਿਸ਼ ਦੇਖਣੇ,

ਬੈਠ ਜਾਈਂ ਦਿਲਦਾਰਾ ਨਾ ਤੂੰ ਢਾਹ ਕੇ ਢੇਰੀਆਂ।

ਹਟੀ ਮਾਰਨੋਂ ਨਾ. .

ਜੰਗ ਬੀਜਦੀ ਹੈ ਬੀਜ ਇੱਕ ਹੋਰ ਜੰਗ ਦਾ,

ਦੋਹਾਂ ਦੇਸ਼ਵਾਸੀਆਂ 'ਚੋਂ ਨਾ ਕੋਈ ਜੰਗ ਮੰਗਦਾ,

ਇਹ ਤਾਂ ਹਾਕਮਾਂ ਦੀਆਂ ਨੇ ਸਭ ਹੇਰਾਫੇਰੀਆਂ।

ਹਟੀ ਮਾਰਨੋਂ ਨਾ. .

ਬੂਟੇ ਘ੍ਰਿਣਾ ਦੀ ਮਿਰਚ ਦੇ ਪੁਟਾ ਕੇ ਸੋਹਣਿਆਂ,

ਗੰਨੇ ਪਿਆਰ ਵਾਲੇ ਮਜ਼ਹਬਾਂ 'ਚ ਲਾਦੇ ਸੋਹਣਿਆਂ,

ਦੋਵੇਂ ਰਾਮ ਤੇ ਰਹੀਮ ਚੂਪਣ ਗੰਨੇਰੀਆਂ।

ਹਟੀ ਮਾਰਨੋ ਨਾ. .

ਸੁੱਤੇ ਰਹਿਣ ਦੇ ਨਾ ਦੇਸ਼ ਦੇ ਤੂੰ ਭਾਗ ਚੰਨਿਆਂ,

ਬਾਲੀ ਚੱਲ ਜਿੰਨੇ ਬਲਦੇ ਚਿਰਾਗ ਚੰਨਿਆਂ,

ਚੁਗੀ ਚੱਲ ਬੂਹੇ ਅੱਗੇ ਕਿਰਚਾਂ ਖਲੇਰੀਆਂ।

ਹਟੀ ਮਾਰਨੋਂ ਨਾ. .

ਹੁਣ ਮੰਦਰਾਂ ਮਸੀਤਾਂ ਦੇ ਕਲੇਸ਼ ਛੱਡਦੇ,

ਬੰਦੇ ਵਿੱਚ ਜਾਨਵਰ ਵਾਲਾ ਭੇਸ ਛੱਡਦੇ,

ਢਿੱਲੋਂ ਪੂਜ ਇਨਸਾਨੀਅਤ ਮੰਨ ਮੇਰੀਆਂ।

ਹਟੀ ਮਾਰਨੋਂ ਨਾ ਪਿਆਰ ਗਲੀ ਵਿੱਚ ਫੇਰੀਆਂ।

Sunday, February 14, 2010

ਧੀ ਦਾ ਗੀਤ

ਅਮਰਜੀਤ ਢਿੱਲੋਂ

ਕੰਘੀ ਵਾਹਵਾਂ ਤਾਂ ਦੁੱਖਣ ਮੇਰੇ ਵਾਲ ਨੀ ਮਾਏ।

ਉਲਝੇ ਫਿਕਰਾਂ ਤੇ ਸੰਸਿਆਂ ਦੇ ਨਾਲ ਨੀ ਮਾਏ।

ਜਦ ਮੈਂ ਜੰਮੀ ਤੂੰ ਰੋਈ ਬਾਬਲ ਰੋਇਆ ਨੀ ਮਾਂ।

ਮੈਥੋਂ ਕਿਹੜਾ ਗੁਨਾਹ ਸੀ ਦੱਸ ਹੋਇਆ ਨੀ ਮਾਂ।

ਆਇਆ ਘਰ ਵਿੱਚ ਸੀ ਕਾਸਤੋਂ ਭੁਚਾਲ ਨੀ ਮਾਏ।

ਕੰਘੀ. . ਮੈਥੋਂ ਸਾਰੇ ਸੁੱਖਾਂ ਦੇ ਰੱਖੇ ਓਹਲੇ ਨੀ ਮਾਂ।

ਮੇਰੇ ਸਾਥੀ ਸੀ ਗੁੱਡੀਆਂ ਪਟੋਲੇ ਨੀ ਮਾਂ।

ਮੇਰੇ ਦਰਦਾਂ ਦੇ ਜੋ ਸਨ ਭਿਆਲ ਨੀ ਮਾਏ।

ਕੰਘੀ. .ਕਾਹਲੀ ਬਾਬਲ ਨੂੰ ਬੂਟਾ ਇਸ ਘਰੋਂ ਪੁੱਟਣਾ।

ਜਿਵੇਂ ਫੁੱਲਾਂ ਨੂੰ ਹੋਵੇ ਰੂੜੀ ਉੱਤੇ ਸੁੱਟਣਾ

ਮਾਲੀ ਜਾਣੇ ਨਾ ਫੁੱਲਾਂ ਦਾ ਹਾਲ ਨੀ ਮਾਏ।

ਕੰਘੀ..ਚੰਬਾ ਚਿੜੀਆਂ ਦਾ ਹੋਇਆ ਜਦ ਉਡਾਰ ਨੀ ਮਾਂ।

ਵਿਆਹ ਕੇ ਬਾਬਲ ਨੇ ਲਾਹਿਆ ਸਿਰ ਤੋਂ ਭਾਰ ਨੀ ਮਾਂ।

ਸਾਹ ਪੀਣੀ ਸੀ ਦਾਜ ਦੀ ਸਰਾਲ ਨੀ ਮਾਏ।ਕੰਘੀ. .

ਨੂੰਹ ਤੇਰੀ ਵੀ ਮਾਂ ਇਹੋ ਸ਼ਿਕਵੇ ਕਰੇ।

ਰੋਣਾਂ ਸਹੁਰੀਂ ਮੈਂ, ਉਹਨੇ ਮੇਰੇ ਪੇਕਿਆਂ ਘਰੇ

ਲੰਮੇ ਉਮਰਾਂ ਦੇ ਸਰਦ ਸਿਆਲ ਨੀ ਮਾਏ।ਕੰਘੀ. .

ਮੁਕਤੀ ਸਾਡੀ ਤੂੰ ਦੱਸ ਕਦੋਂ ਹੋਊ ਨੀ ਮਾਂ,

ਭਾਰ ਗ਼ਮ ਦਾ ਧੀ ਕਦ ਤੱਕ ਢੋਊ ਨੀ ਮਾਂ।

ਢਿੱਲੋਂ ਕੰਘੀ ਅਜਿਹੀ ਕੋਈ ਭਾਲ ਨੀ ਮਾਏ,

ਜਦ ਮੈਂ ਵਾਹਵਾਂ ਨਾ ਦੁੱਖਣ ਮੇਰੇ ਵਾਲ ਨੀ ਮਾਏ।

ਧੀ ਦਾ ਗੀਤ

ਕੰਘੀ ਵਾਹਵਾਂ ਤਾਂ ਦੁੱਖਣ ਮੇਰੇ ਵਾਲ ਨੀ ਮਾਏ।ਉਲਝੇ ਫਿਕਰਾਂ ਤੇ ਸੰਸਿਆਂ ਦੇ ਨਾਲ ਨੀ ਮਾਏ।ਜਦ ਮੈਂ ਜੰਮੀ ਤੂੰ ਰੋਈ ਬਾਬਲ ਰੋਇਆ ਨੀ ਮਾਂ।ਮੈਥੋਂ ਕਿਹੜਾ ਗੁਨਾਹ ਸੀ ਦੱਸ ਹੋਇਆ ਨੀ ਮਾਂ।ਆਇਆ ਘਰ ਵਿੱਚ ਸੀ ਕਾਸਤੋਂ ਭੁਚਾਲ ਨੀ ਮਾਏ।ਕੰਘੀ. . ਮੈਥੋਂ ਸਾਰੇ ਸੁੱਖਾਂ ਦੇ ਰੱਖੇ ਓਹਲੇ ਨੀ ਮਾਂ।ਮੇਰੇ ਸਾਥੀ ਸੀ ਗੁੱਡੀਆਂ ਪਟੋਲੇ ਨੀ ਮਾਂ।ਮੇਰੇ ਦਰਦਾਂ ਦੇ ਜੋ ਸਨ ਭਿਆਲ ਨੀ ਮਾਏ।ਕੰਘੀ. .ਕਾਹਲੀ ਬਾਬਲ ਨੂੰ ਬੂਟਾ ਇਸ ਘਰੋਂ ਪੁੱਟਣਾ।ਜਿਵੇਂ ਫੁੱਲਾਂ ਨੂੰ ਹੋਵੇ ਰੂੜੀ ਉੱਤੇ ਸੁੱਟਣਾ ਮਾਲੀ ਜਾਣੇ ਨਾ ਫੁੱਲਾਂ ਦਾ ਹਾਲ ਨੀ ਮਾਏ।ਕੰਘੀ..ਚੰਬਾ ਚਿੜੀਆਂ ਦਾ ਹੋਇਆ ਜਦ ਉਡਾਰ ਨੀ ਮਾਂ।ਵਿਆਹ ਕੇ ਬਾਬਲ ਨੇ ਲਾਹਿਆ ਸਿਰ ਤੋਂ ਭਾਰ ਨੀ ਮਾਂ।ਸਾਹ ਪੀਣੀ ਸੀ ਦਾਜ ਦੀ ਸਰਾਲ ਨੀ ਮਾਏ।ਕੰਘੀ. .ਨੂੰਹ ਤੇਰੀ ਵੀ ਮਾਂ ਇਹੋ ਸ਼ਿਕਵੇ ਕਰੇ।ਰੋਵਾਂ ਸਹੁਰੀਂ ਮੈਂ, ਉਹਨੇ ਮੇਰੇ ਪੇਕਿਆਂ ਘਰੇਲੰਮੇ ਉਮਰਾਂ ਦੇ ਸਰਦ ਸਿਆਲ ਨੀ ਮਾਏ।ਕੰਘੀ. .ਮੁਕਤੀ ਸਾਡੀ ਤੂੰ ਦੱਸ ਕਦੋਂ ਹੋਊ ਨੀ ਮਾਂ,ਭਾਰ ਗ਼ਮ ਦਾ ਧੀ ਕਦ ਤੱਕ ਢੋਊ ਨੀ ਮਾਂ।ਢਿੱਲੋਂ ਕੰਘੀ ਅਜਿਹੀ ਕੋਈ ਭਾਲ ਨੀ ਮਾਏ,ਜਦ ਮੈਂ ਵਾਹਵਾਂ ਨਾ ਦੁੱਖਣ ਮੇਰੇ ਵਾਲ ਨੀ ਮਾਏ।

ਅਮਰਜੀਤ ਢਿੱਲੋਂ