Sunday, October 30, 2011

ਗ਼ਜ਼ਲ- ਅਮਰਜੀਤ ਢਿੱਲੋਂ

ਗ਼ਜ਼ਲ- ਅਮਰਜੀਤ ਢਿੱਲੋਂ
ਆਪਣੇ ਆਪ ਨੂੰ ਬਹੁਤਾ ਟੀਸੀ ਉੱਤੇ ਨਹੀਂ ਚੜ•ਾਈਦਾ ।
ਨਹੀਂ ਤਾਂ ਡਿਗਣ ਵੇਲੇ ਫਿਰ ਕੀਚਰ ਕੀਚਰ ਹੋ ਜਾਈਦਾ।
ਆਪਣੇ ਘਰ ਦੀ ਛੱਤ ਉਤੋਂ ਜਦ ਚੰਨ ਸਿਤਾਰੇ ਦਿਸਦੇ ਨੇ
ਕਿਸੇ ਦੀ ਪੌੜੀ ਚੜ• ਕੇ ਐਵੇਂ ਨਹੀਂ ਅਹਿਸਾਨ ਕਰਾਈਦਾ।
ਸ਼ੁਹਰਤ , ਪੈਸੇ ਦੀ ਹਵਸ ਦਾ ਕੋਈ ਕਿਨਾਰਾ ਨਹੀਂ ਹੁੰਦਾ
ਐ ਤੈਰਾਕੋ, ਇਹਨਾਂ ਦਰਿਆਵਾਂ ਵਿਚ ਹੈ ਡੁੱਬ ਜਾਈਦਾ।
ਸਾਲਾਂ ਬੱਧੀ 'ਕਠਿਆਂ ਰਹਿਕੇ ਅੱਡ ਅੱਡ ਰਹਿੰਦੇ ਹਾਂ ਐਪਰ
ਕੁਝ ਚਿਹਰਿਆਂ ਦੇ ਇਕ ਪਲ 'ਚ ਹੈ ਗੁਲਾਮ ਹੋ ਜਾਈਦਾ।
ਉਮਰਾਂ ਦੇ ਸਾਥ ਦਾ ਇਹ ਵੀ ਹੈ ਇਕ ਬੰਦੋਬਸਤ ਜਿਹਾ
ਕਿੰਨੀ ਲੰਮੀ ਸਜ਼ਾ ਹੈ ਯਾਰੋ ਗਲ ਪਿਆ ਢੋਲ ਵਜਾਈਦਾ।
ਕਿਸਦਾ ਜੀ ਕਰਦਾ ਹੈ ਜਾਕੇ ਪਰਦੇਸਾਂ ਵਿਚ ਭਟਕਣ ਲਈ
ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈ ਦਾ।
Îਮੇਰੇ ਆਹਲਣਿਆਂ ਦੇ ਬੋਟ ਵੀ ਸੱਤ ਸਮੁੰਦਰ ਪਾਰ ਗਏ
ਪਿਛੇ ਪਿਛੇ ਰਿਜਕ ਦੇ ਯਾਰੋ ਤਨ ਨੂੰ ਕਿਵੇਂ ਭਜਾਈਦਾ।
ਹੁਣ ਨਾ ਕੋਈ ਪੰਛੀਆਂ ਲਈ ਛੱਤ 'ਤੇ ਪਾਣੀ ਰੱਖਦਾ ਹੈ
ਨਵੇਂ ਮਕਾਨਾਂ ਤਾਈਂ ਰੱਬੜ ਦੇ ਰੁੱਖਾਂ ਨਾਲ ਸਜਾਈਦਾ।
ਜਦੋਂ ਕਦੇ ਮਨ 'ਚ ਪੈਲ•ਾਂ ਪਾਉਣ ਦੀ ਤਾਂਘ ਉਭਰਦੀ ਹੈ
ਕੱਚੀ ਜਿਹੀ ਕੰਧੋਲੀ ਉਤੇ ਮਿੱਟੀ ਦਾ ਮੋਰ ਬਣਾਈਦਾ ।
ਕੁਝ ਤੋਹਫੇ ਨਾ ਦੇਣ ਤੇ ਜਦ ਮੋਹ ਦੇ ਰਿਸ਼ਤੇ ਤਿੜਕ ਗਏ
ਏਦਾਂ ਦਾ ਵੀ ਸੇਕ ਹੰਢਾਇਆ ਹੈ ਅਸੀਂ ਮਹਿੰਗਾਈ ਦਾ।
ਜਦ ਦੋਸਤ ਦੁਸ਼ਮਣ ਬਣ ਜਾਂਦੇ ,ਪੀੜ ਬੜੀ ਹੀ ਹੁੰਦੀ ਹੈ
ਅੱਜਕੱਲ• ਸੋਚ ਸਮਝ ਕੇ ਯਾਰੋ ਦੋਸਤ ਨਵਾਂ ਬਣਾਈਦਾ ।
ਬੇਵਫਾਈ ਵੀ ਤਾਂ ਕੁਝ ਹੱਦ ਤਕ ਮਜ਼ਬੂਰੀ ਹੀ ਹੁੰਦੀ ਹੈ
ਢਿੱਲੋਂ ਐਵੇਂ ਯਾਰਾਂ ਤਾਈਂ ਬਹੁਤਾ ਨਹੀਂ ਅਜ਼ਮਾਈਦਾ।

No comments:

Post a Comment