Wednesday, December 23, 2009

ਤੂੰ ਵੀ ਤੁਰ ਚੱਲਿਆ ਏਂ

ਅਰਬਦ ਨਰਬਦ ਸਾਲ ਸਮੇਂ ਦੇ ਸੀਨੇ ਅੰਦਰ ਗਰਕੇ।

ਇਹ ਉੁਹ ਉੱਡਦਾ ਪੰਛੀ ਕਦੇ ਜੋ ਸੌਂਦਾ ਨਾ ਢਿੱਡ ਭਰਕੇ।

ਤਿੰਨ ਸੌ ਪੈਹਠ ਬਿਤਾ ਕੇ ਰਾਤਾਂ 'ਤੇ ਦਿਲ ਲੱਗੀਆਂ ਕਰਕੇ,

ਤੂੰ ਵੀ ਤੁਰ ਚੱਲਿਆ ਏਂ, ਸਾਡੀ ਤਲੀ 'ਤੇ ਅੱਥਰੂ ਧਰਕੇ।

ਸਾਡੀਆਂ ਹੀ ਆਵਾਰਾ ਸੋਚਾਂ, ਅਜੇ ਨਾ ਵਾਪਸ ਮੁੜੀਆਂ,

ਆਲ•ਣਿਆਂ ਵਿੱਚ ਆ ਗਏ ਪੰਛੀ, ਪਸ਼ੂ ਵੀ ਆ ਗਏ ਚਰਕੇ।

ਸਭ ਕੁਝ ਤਾਂ ਹੈ ਫਿਰ ਵੀ ਕਿਉਂ ਇਹ ਭਟਕ ਰਹੀਆਂ ਨੇ ਨਜ਼ਰਾਂ,

ਰੋਜ ਘਰਾਂ ਨੂੰ ਆਉਂਦੇ ਹਾਂ ਕਿਉਂ, ਅਸੀਂ ਕਵੇਲਾ ਕਰਕੇ।

ਕਈ ਬੇੜੀਆਂ ਤਾਈਂ ਵੀ ਨਾ ਮਿਲਦਾ ਕਦੇ ਕਿਨਾਰਾ,

ਕੱਚੇ ਘੜੇ ਕਈ ਜਿੱਤ ਜਾਂਦੇ ਨੇ ਪਾਣੀ ਦੇ ਵਿੱਚ ਖਰਕੇ।

ਅਸੀਂ ਪਿਘਲ ਕੇ ਦਰਿਆ ਬਣਨੈਂ, ਇੱਕ ਦਿਨ ਬੇੜੀ ਖਾਤਰ,

ਕੀ ਹੋਇਆ ਜੇ ਅਜੇ ਪਏ ਹਾਂ, ਬਰਫ ਦੇ ਵਾਂਗੂ ਠਰਕੇ।

ਢਿੱਲੋਂ ਤੂੰ ਨਹੀਂ ਆਉਣਾ ਫਿਰ ਵੀ ਇੱਕ ਉਡੀਕ ਜਿਹੀ ਹੈ,

ਬੈਠੇ ਹੋਏ ਹਾਂ ਰਾਹ ਤੇਰੀ ਵਿੱਚ, ਨੈਣੀ ਅੱਥਰੂ ਭਰ ਕੇ।

ਦਬੜ•ੀਖਾਨਾ (ਫਰੀਦਕੋਟ)

ਮੋਬਾਇਲ 94171-20427

Tuesday, December 22, 2009

ਨਵਾਂ ਸਾਲ ਮੁਬਾਰਕ?

ਅਮਰਜੀਤ ਢਿੱਲੋਂ

ਹੈ ਬਿਜਲੀ ਦੀ ਤੰਗੀ ਤੇ ਸੜਕਾਂ 'ਚ ਟੋਏ, ਬੜੇ ਐਕਸੀਡੈਂਟ ਨੇ ਓਏ ਹੋਇ।

ਬੜੇ ਕੀਮਤੀ ਲੋਕ ਸੜਕਾਂ 'ਤੇ ਮੋਏ, ਕੱਢੀ ਚੱਲ ਮੂੰਹ ਵਿੱਚ ਹੀ ਗਾਲ• ਮੁਬਾਰਕ।

ਕਿ ਫਿਰ ਵੀ ਤੈਨੂੰ ਨਵਾਂ ਸਾਲ ਮੁਬਾਰਕ?

ਮੱਛਰ ਤੇ ਮੱਖੀਆਂ ਮੁਲਕ ਕੀਤਾ ਕਮਲਾ, ਹੈ ਡੇਂਗੂ ਤੇ ਹੈਜੇ ਬੁਖਾਰ ਦਾ ਹਲਮਾ।

ਰੋਗੀ ਵਿਚਾਰੇ ਪਏ ਅਧਮੋਏ, ਜਨਤਾ ਲੱਦੀ ਟੈਕਸਾਂ ਨਾਲ ਮੁਬਾਰਕ।.. ..

ਕਿੱਥੇ ਜਾਣ ਪਾੜ•ੇ ਤੇ ਰੋਗੀ ਇਹ ਮਾਈਆਂ, ਮਾਸਟਰ ਨਾ ਡਾਕਟਰ, ਕਿਤਾਬਾਂ ਨਾ ਦਵਾਈਆਂ।

ਸਕੂਲ, ਹਸਪਤਾਲ ਵੀ ਖਾਲੀ ਕਿਉਂ ਹੋਏ? ਤੈਨੂੰ ਇਹ ਸਵਾਲ ਮੁਬਾਰਕ। . . .

ਪੀਣ ਲਈ ਮਿਲਦਾ ਨਹੀਂ ਸਾਫ ਪਾਣੀ, ਕਹਿੰਦੇ ਨੇ ਬਾਬੇ ਪੜ•ੋ ਰੋਜ਼ ਬਾਣੀ।

ਜੋ ਲਿਖਿਆ ਹੈ ਕਰਮਾਂ 'ਚ ਉਹੀਓ ਹੀ ਹੋਏ, ਤੈਨੂੰ ਰੁੱਖੀ ਸੁੱਖੀ ਹੀ ਦਾਲ ਮੁਬਾਰਕ। . . .

ਮਹਾਂਪੁਰਸ਼ਾਂ ਕੋਲ ਵੱਡੀਆਂ ਨੇ ਕਾਰਾਂ, ਰੱਖੇ ਬਾਡੀ ਗਾਰਡ ਗਿਆਰਾਂ ਗਿਆਰਾਂ

ਲਾਈ ਲੱਗ ਜੰਤਾ ਜੀ ਜਾ ਪੈਰ ਧੋਏ, ਇਹ ਬਾਬਾ ਜੀ ਮੁਫਤਾਂ ਦਾ ਮਾਲ ਮੁਬਾਰਕ।. . .

ਮਜ਼ਹਬਾਂ ਦੇ ਨਾਂਅ 'ਤੇ ਰੋਜਾਨਾ ਨੇ ਦੰਗੇ, ਕੋਈ ਖੈਰ ਵੀ ਨਾ ਮਨੁੱਖਤਾ ਦੀ ਮੰਗੇ,

ਕਿਰਤੀ ਮਸਾਂ ਭਾਰ ਜ਼ਿੰਦਗੀ ਦਾ ਢੋਏ, ਭਾਣਾ ਮੰਨਣ ਦਾ ਕਮਾਲ ਮੁਬਾਰਕ।. . .

ਅਗਲੇ ਜਨਮ ਦੇ ਨੇ ਸੰਤਾਂ ਦੇ ਲਾਰੇ, ਇਸ ਜਨਮ ਕਹਿੰਦੇ ਮਰੋ ਭੁੱਖੇ ਸਾਰੇ,

ਦੁੱਧ ਕਾੜ• ਸਾਨੂੰ ਲਿਆਉਂਦੇ ਰਹੋ ਖੋਏ, ਵਾਹ ਬਾਬਿਓ! ਇਹ ਵੀ ਚਾਲ ਮੁਬਾਰਕ।. . .

ਭ੍ਰਿਸ਼ਟਾਚਾਰ ਦਾ ਰੌਲਾ ਪਾਸੇ ਹੈ ਸਾਰੇ, ਜਿੱਤਦੇ ਨੇ ਨੇਤਾ ਤੇ ਵੋਟਰ ਹੀ ਹਾਰੇ,

ਮੱਝ ਦੇਸ਼ ਦੀ ਨੂੰ ਤ ਲੀਡਰ ਹੀ ਚੋਏ, ਜੰਤਾ ਤੂੰ ਗੋਹਾ ਹੀ ਬਾਲ ਮੁਬਾਰਕ।. . .

ਭੁੱਖਮਰੀ, ਬਦਇੰਤਜ਼ਾਮੀ, ਬੇਕਾਰੀ, ਤਰੱਕੀ ਦਾ ਪ੍ਰਚਾਰ ਐਪਰ ਹੈ ਭਾਰੀ,

ਵੱਢੀ ਚੱਲ “ਢਿੱਲੋਂ” ਜਿਹੜੇ ਬੀਜ ਬੋਏ, ਤੈਨੂੰ ਤੇਰਾ ਡੂੰਘਾ ਪਾਤਾਲ ਮੁਬਾਰਕ।

ਐ ਕਿਰਤੀ ਤੈਨੂੰ ਤੇਰਾ ਹਾਲ ਮੁਬਾਰਕ, ਜੋ ਵਿਹਲੜਾਂ ਬੁਣਿਐਂ ਉਹ ਜਾਲ ਮੁਬਾਰਕ।

ਤੇ ਫਿਰ ਵੀ ਤੈਨੂੰ ਨਵਾਂ ਸਾਲ ਮੁਬਾਰਕ?

ਦਬੜ•ੀਖਾਨਾ (ਫਰੀਦਕੋਟ)

ਮੋਬਾਇਲ 94171-20427

Wednesday, December 16, 2009

ਕੰਮ ਹੀ ਪੂਜਾ ਹੈ, ਪੂਜਾ ਕੋਈ ਕੰਮ ਨਹੀਂ

ਅਮਰਜੀਤ ਢਿੱਲੋਂ

ਕੰਮ ਹੀ ਪੂਜਾ ਹੈ ਪਰ ਪੂਜਾ ਕੋਈ ਕੰਮ ਨਹੀਂ।। ਪੂਜਾ ਸਿਰਫ ਵਿਹਲੜਾਂ ਦੀ ਉਦਰ ਪੂਰਤੀ, ਐਸ਼-ਪ੍ਰਸਤੀ ਦਾ ਸਾਧਨ ਹੈ। ਲਾਈਲੱਗ ਬੰਦਿਆਂ ਦੇ ਮਨਾਂ ਦਾ ਡਰ। ਪੁਜਾਰੀ ਹੀ ਕਹਾਣੀਆਂ ਸੁਣਾਉਂਦੇ ਹਨ ਕਿ ਦੋ ਸਾਧ (ਮੰਗਤੇ) ਇੱਕ ਪਿੰਡ ਵਿੱਚ ਇਕੱਠੇ ਹੋ ਗਏ। ਇੱਕ ਕਹਿੰਦਾ ਤੇਰਾ ਗੁਰੂ ਦੱਸ ਕਿਹੜਾ ਹੈ? ਦੂਜਾ ਕਹਿੰਦਾ ਗੁਰੂ ਦਾ ਨੀ ਪਤਾ ਤੂੰ ਆਟਾ ਦੇਖ ਲੈ ਕੀਹਦੇ ਝੋਲੇ ਵਿੱਚ ਵੱਧ ਐ? ਮਸਲਾ ਤਾਂ ਆਟੇ ਦਾ ਈ ਹੈ ਨਾ। ਆਟਾ ਪੈਦਾ ਕਰਨ ਲਈ ਕਿਰਤੀ ਕਿਸਾਨਾਂ ਨੂੰ ਕਿਵੇਂ ਚਕਾਚੌਂਧ ਕੀਤਾ ਜਾਵੇ? ਬੱਸ ਇਹੀਓ ਮਕਸਦ ਹੈ ਮੁੱਢ ਕਦੀਮ ਤੋਂ ਲੈ ਕੇ ਅੱਜ ਤੱਕ ਸਾਰੇ ਪੁਜਾਰੀਆਂ ਦਾ। ਸਭ ਤੋਂ ਪਹਿਲਾਂ ਪਿਛਲੇ ਜਨਮ ਦਾ ਡਰਾਵਾ ਕਿ ਪਿਛਲੇ ਜਨਮ ਮਾੜੇ ਕਰਮ ਕਰਕੇ ਹੀ ਬੰਦਾ ਇਸ ਜਨਮ ਵਿੱਚ ਦੁੱਖ ਭੋਗ ਰਿਹਾ ਹੈ। ਫਿਰ ਅਖੌਤੀ ਕਲਪਿਤ ਚੁਰਾਸੀ ਲੱਖ ਜੂਨ ਦਾ ਡਰ ਕਿ ਐਂਤਕੀ ਵੀ ਜੇ ਧਰਮ ਕਰਮ ਨਾ ਕੀਤਾ ਤਾਂ ਚੁਰਾਸੀ ਲੱਖ ਜੂਨ ਫਿਰ ਭੁਗਤਣੀ ਪਊ। ਚੁਰਾਸੀ ਲੱਖ ਜੂਨ ਭੁਗਤ ਕੇ ਹੀ ਪਹਿਲਾਂ ਮਨੁੱਖ ਦੇਹੀ ਮਿਲੀ ਹੈ। ਇੱਕ ਪਾਸੇ ਚੁਰਾਸੀ ਲੱਖ ਜੂਨ ਦੂਜੇ ਪਾਸੇ ਨਰਕਾਂ ਦਾ ਡਰ। ਕਿ ਜੇ ਤੂੰ ਧਰਮ ਦਾ ਕਰਮ ਨਾ ਕੀਤਾ ਭਾਵ ਆਪਣੀ ਕਮਾਈ ਵਿੱਚੋਂ ਅੱਧਾ ਹਿੱਸਾ ਸੰਤਾਂ ਨੂੰ ਨਾ ਦਿੱਤਾ ਤਾਂ ਚੁਰਾਸੀ ਲੱਖ ਜੂਨ ਭੁਗਤੇਂਗਾ, ਅੱਗੇ ਨਰਕਾਂ ਦੀ ਅੱਗ ਵਿੱਚ ਵੀ ਸੜੇਂਗਾ। ਜੇ ਦਾਨ ਕਰਦਾ ਰਿਹਾ ਤੇ ਜੂਨਾਂ ਦੇ ਚੱਕਰਾਂ ਤੋਂ ਵੀ ਬਚੇਂਗਾ, ਅੱਗੇ ਸਵਰਗ ਵੀ ਮਿਲਣਗੇ। ਇਹ ਦੂਹਰਾ ਡਰ ਅਤੇਲਾਲਚ ਦਿਖਾ ਕੇ ਮਨੁੱਖ ਦੀ ਮਾਨਸਿਕ ਅਤੇ ਆਰਥਿਕ ਲੁੱਟ ਕੀਤੀ ਜਾਂਦੀ ਹੈ। ਫਿਰ ਸਾਧ ਹੀ ਇਹ ਕਹਿੰਦੇ ਹਨ ਕਿ ਸਾਧਾਂ ਦੀ ਨਿੰਦਾ ਬਹੁਤ ਮਾੜੀ ਹੈ। ਸਾਧ ਖੁਦ ਕਿਸੇ ਦੀ ਨਿੰਦਾ ਕਰੀ ਜਾਣ, ਗਾਲ•ਾਂ ਕੱਢੀ ਜਾਣ, ਔਰਤਾਂ ਉਧਾਲ ਕੇ ਲੈ ਜਾਣ, ਉਨ•ਾਂ ਨੂੰ ਸਭ ਮਾਫ ਹੈ ਕਿਉਂਕਿ ਉਹ ਸਾਧ ਹਨ। ਵਿਹਲੇ ਰਹਿਣਾ, ਛੱਤੀ ਪ੍ਰਕਾਰ ਦੇ ਪਕਵਾਨ ਖਾਣਾ, ਵੱਡੀਆਂ ਕਾਰਾਂ ਰੱਖਣੀਆਂ, ਵਿਦੇਸ਼ਾਂ ਵਿੱਚ ਘੁੰਮਣਾ ਉਨ•ਾਂ ਦਾ ਜਨਮ ਸਿੱਧ ਅਧਿਕਾਰ ਹੈ। ਪ੍ਰਮਾਤਮਾ ਨੇ ਧੁਰੋਂ ਲਿਖ ਕੇ ਭੇਜਿਆ ਹੈ। ਕੰਮ ਕਰਨ ਵਾਲੇ ਆਦਮੀ ਦੀ ਮਾੜੀ ਕਿਸਮਤ ਹੈ, ਉਸ ਦੇ ਲੇਖ ਧੁਰੋਂ ਮਾੜੇ ਲਿਖੇ ਹਨ। ਜੋਤਸ਼ੀ ਦੱਸਦੇ ਹਨ ਕਿ ਗ੍ਰਹਿ ਚੱਕਰ ਬੜੀ ਮਾੜੀ ਹੈ। ਵਿਹਲੜ ਸਾਧ, ਮਦਾਰੀ, ਜੋਤਸ਼ੀ ਅਤੇ ਸਿਆਸਤਦਾਨਾਂ ਦਾ ਨਾਪਾਕ ਗੱਠਜੋੜ ਰਲ ਕੇ ਇਸ ਸਾਰੇ ਜੰਗ ਪੁਲੰਗੇ ਨੂੰ ਅੱਗੇ ਤੋਰਦਾ ਹੈ। ਸਿਆਸਤਦਾਨ ਆਪਣੀਆਂ ਵੋਟਾਂ ਲੈਣ ਖਾਤਰ ਸਾਧਾਂ ਦਾ ਆਸਰਾ ਤੱਕਦੇ ਹਨ। ਉਨ•ਾਂ ਨੂੰ ਇੱਕ ਸਾਧ ਕੋਲ ਇਕੱਠੀ ਭੀੜ ਮਿਲ ਜਾਂਦੀ ਹੈ ਅਤੇ ਦਰ ਦਰ ਨਹੀਂ ਜਾਣਾ ਪੈਂਦਾ। ਜਦ ਵੱਡਾ ਲੀਡਰ ਕਿਸੇ ਸਾਧ, ਚੇਲੇ, ਜੋਤਸ਼ੀ ਨੂੰ ਮੱਥਾ ਟੇਕਦਾ ਹੈ ਤਾਂ ਲੋਕ ਹੋਰ ਵੱਧ ਉਥੇ ਜਾਂਦੇ ਹਨ। ਆਪਣਾ ਦੋ ਨੰਬਰ ਦਾ ਕੰਮ ਛੁਪਾਉਣ ਅਤੇ ਆਪਣੀ ਭਟਕਣ ਮਿਟਾਉਣ ਲਈ ਜਾਂ ਕਿਸੇ ਵਿਭਚਾਰ ਕਰਨ ਦੀ ਖਾਤਰ ਜਦ ਕੋਈ ਵੱਡਾ ਅਫਸਰ, ਸੈਸ਼ਨ ਜੱਜ, ਡੀ.ਸੀ. ਜਾਂ ਡੀ.ਜੀ.ਪੀ. ਕਿਸੇ ਡੇਰੇ ਵਿਸ਼ੇਸ਼ ਵਿੱਚ ਆਉਂਦਾ ਹੈ ਤਾਂ ਉਸ ਡੇਰੇ ਵਿੱਚ ਲੋਕਾਂ ਦੀ ਭੀੜ ਹੋਰ ਵੱਧ ਜਾਂਦੀ ਹੈ। ਕੁਝ ਲੋਕ ਆਪਣਾ ਕੰਮ ਕਰਾਉਣ ਦੀ ਖਾਤਰ ਹੀ ਡੇਰੇ ਮੁਖੀ ਕੋਲ ਆਉਣ ਲੱਗ ਪੈਂਦੇ ਹਨ ਕਿ ਬਾਬੇ ਦੀ ਨੇਤਾ ਜਾਂ ਅਫਸਰ ਨਾਲ ਸਿੱਧੀ ਗੱਲਬਾਤ ਹੈ। ਬਦਲੇ 'ਚ ਸਾਧ ਨੇਤਾਵਾਂ ਨੂੰ ਵੋਟਾਂ ਅਤੇ ਅਫਸਰਾਂ ਦੇ ਕੁਕਰਮਾਂ 'ਤੇ ਪਰਦਾ ਪਾਉਣ ਦਾ ਕੰਮ ਕਰਦੇ ਹਨ। ਜਦ ਇਨ•ਾਂ ਧਰਮਾਂ ਦੇ ਪੈਰੋਕਾਰਾਂ ਨੂੰ ਕੋਈ ਖਤਰਾ ਹੋਵੇ ਤਾਂ ਨੇਤਾ ਅਫਸਰ ਇਨ•ਾਂ ਦੀ ਪਿੱਠ 'ਤੇ ਹੁੰਦੇ ਹਨ। ਮਤਲਬ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਰਾਜ ਬਿਨਾ ਨਹਿੰ ਧਰਮ ਚਲੇ ਹੈ।ਲੋਕਾਂ ਨੂੰ ਅਗਲੇ ਜਨਮ ਦਾ ਲਾਰਾ ਲਾਉਣ ਵਾਲੇ ਸਾਰੇ ਧਰਮ ਪ੍ਰਚਾਰਕਾਂ ਨੂੰ ਇਸੇ ਜਨਮ ਵਿੱਚ ਹੀ ਰਾਜਾ ਬਣਨ ਦੀ ਲਾਲਸਾ ਸਤਾਉਂਦੀ ਰਹਿੰਦੀ ਹੈ। ਇਸੇ ਲਈ ਸਾਰੇ ਐਮ.ਐਲ.ਏ. ਅਤੇ ਐਮ.ਪੀ. ਦੀਆਂ ਸੀਟਾਂ ਲਈ ਤਾਂਘਦੇ ਰਹਿੰਦੇ ਹਨ ਕਿਉਂਕਿ ਉਨ•ਾਂ ਕੋਲ ਵੋਟਾਂ (ਲੋਕਾਂ ਦੀ ਭੀੜ) ਹੁੰਦੀਆਂ ਹਨ। ਕੁਝ ਕੁ ਕਾਮਯਾਬ ਵੀ ਹੋ ਜਾਂਦੇ ਹਨ। ਸੱਤਾ ਦਾ ਥੋੜ•ਾ ਬਹੁਤ ਹਿੱਸਾ ਦੇਣਾ ਨੇਤਾਵਾਂ ਦੇ ਵੀ ਪੱਖ ਵਿੱਚ ਹੋ ਜਾਂਦਾ ਹੈ। ਇਸ ਤਰ•ਾਂ ਲੋਕਾਂ ਨੂੰ ਮਾਇਆ ਨਾਗਣੀ ਦੱਸਣ ਵਾਲੇ ਖੁਦ ਮਾਇਆ ਦਾ ਪੂਰਾ ਸੁੱਖ ਭੋਗਦੇ ਹਨ। ਜਗ ਰਚਨਾ ਨੂੰ ਝੂਠ ਅਤੇ ਮਿਥਿਆ ਕਹਿ ਕੇ ਆਪ ਜਗ ਰਚਨਾ ਦੇ ਸਾਰੇ ਆਨੰਦ ਮਾਣ ਕੇ ਇਸ ਨੂੰ ਸੱਚ ਕਰ ਦਿਖਾਉਂਦੇ ਹਨ।ਭਾਰਤ 110 ਕਰੋੜ ਤੋਂ ਵੀ ਵੱਧ ਆਬਾਦੀ ਵਾਲਾ ਦੇਸ਼ ਹੈ। ਪਰ ਇਸ ਦੇ 60 ਤੋਂ 70 ਫੀਸਦੀ ਲੋਕ ਵਿਹਲੇ, ਨਿਖੱਟੂ, ਕੰਮ ਚੋਰ, ਕਿਸਮਤ ਆਸਰੇ, ਸਾਧਾਂ ਰਾਹੀਂ ਜਾਂ ਲਾਟਰੀਆਂ ਰਾਹੀਂ ਬਿਨਾ ਕੰਮ ਤੋਂ ਅਮੀਰ ਬਣਨਾ ਲੋਚਦੇ ਹਨ ਅਤੇ ਕੰਗਾਲ ਰਹਿੰਦੇ ਹਨ। ਦੂਜੇ ਪਾਸੇ ਸਿਰਫ 5 -5 ਕਰੋੜ ਦੀ ਆਬਾਦੀ ਵਾਲੇ ਜਪਾਨ ਵਰਗੇ ਨਿੱਕੇ ਨਿੱਕੇ ਦੇਸ਼ ਕੰਮ ਕਰਕੇ ਸੁੱਖ ਭੋਗਦੇ ਹਨ ਅਤੇ ਸਾਡੇ ਦੇਸ਼ ਦੇ ਲੋਕ ਉੱਥੇ ਜਾਣ ਲਈ ਤਰਸਦੇ ਰਹਿੰਦੇ ਹਨ। ਅਸਲ ਵਿੱਚ ਕੰਮ ਹੀ ਪੂਜਾ ਹੈ, ਕੰਮ ਹੀ ਸਵਰਗ ਹੈ ਅਤੇ ਪੂਜਾ ਕੋਈ ਕੰਮ ਨਹੀਂ।

ਸੰਤਾਂ, ਰਾਜਨੇਤਾਵਾਂ ਦੀ ਵਿਦਾਇਗੀ

20 ਜਨਵਰੀ 2002 ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਬਰਗਾੜੀ ਦੀ ਮੌਤ ਬਲੱਡ ਕੈਂਸਰ ਕਾਰਨ ਹੋ ਗਈ ਸੀ। ਉਸ ਨੇ ਆਖਰੀ ਦਮ ਤੱਕ ਆਪਣੇ ਹੋਸ਼ੋ ਹਵਾਸ ਕਾਇਮ ਰੱਖਦਿਆਂ ਆਪਣਾ ਸਰੀਰ ਦਾਨ ਕਰਨ 'ਤੇ ਜੋਰ ਦਿੱਤਾ ਜੋ ਕਿ ਉੱਤਰ ਭਾਰਤ ਦਾ ਪਹਿਲਾ ਸਵੈ ਇੱਛਤ ਸਰੀਰਦਾਨੀ ਬਣਿਆ। ਕ੍ਰਿਸ਼ਨ ਦੇ ਸ਼ਰਧਾਂਜਲੀ ਸਮਾਗਮ ਦੇ ਮੁੱਖ ਬੁਲਾਰੇ ਰਜਿੰਦਰ ਭਦੌੜ ਨੇ ਕਿਹਾ ਕਿ ਚਰਚਾ ਚੱਲਦੀ ਹੈ ਕਿ ਕ੍ਰਿਸ਼ਨ ਬਚ ਤਾਂ ਸਕਦਾ ਸੀ ਜੇ ਰੱਬ ਨੂੰ ਮੰਨਦਾ ਹੁੰਦਾ। ਉਨ•ਾਂ ਕਿਹਾ ਕਿ ਭਾਰਤ 'ਚ ਹਰ ਸਾਲ 10 ਲੱਖ ਲੋਕ ਕੈਂਸਰ ਨਾਲ ਮਰਦੇ ਹਨ। ਜਿਨ•ਾਂ 'ਚ 9 ਲੱਖ 9 ਸੌ 99 ਰੱਬ ਨੂੰ ਮੰਨਣ ਵਾਲੇ ਹੁੰਦੇ ਹਨ। ਇਨ•ਾਂ 'ਚ ਅਨੇਕਾਂ ਸੰਤ ਮਹਾਂਪੁਰਸ਼ ਅਤੇਰਾਜਨੇਤਾ ਹੁੰਦੇ ਹਨ। ਸੰਤ ਤਾਂ ਹਮੇਸ਼ਾ ਰੱਬ ਦਾ ਨਾਮ ਜਪਣ ਵਾਲੇਹੁੰਦੇ ਹਨ ਜਦੋਂ ਕਿ ਰਾਜਨੇਤਾ ਇਨ•ਾਂ ਸੰਤਾਂ ਰਾਹੀਂ ਅਨੇਕਾਂ ਯੱਗ, ਹਵਨ ਅਤੇ ਪਾਠ ਆਦਿ ਕਰਵਾਉਂਦੇ ਹਨ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਉਝ ਤਾਂ ਲੇਖਣੀ ਪਖੋਂ ਨਾਸਤਿਕ ਸਨ ਪਰ ਉਨ•ਾਂ ਦੀ ਸਿਹਤਯਾਬੀ ਲਈ ਬੜੇ ਪਾਠ ਅਤੇ ਪ੍ਰਾਰਥਨਾਵਾਂ ਹੋਈਆਂ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਿਖਿਆ ਸੀ ਕਿ ਉਹ ਮਰਨ ਵੇਲੇ ਦੀ ਆਪਣੀ ਪਿਤਾ ਦੀ ਦੁਖੀ ਹਾਲਤ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੀ। ਮਹਾਤਮਾਂ ਗਾਂਧੀ ਜੀ ਤਾਂ ਸਨ ਹੀ ਮਹਾਤਮਾ। ਹਰ ਰੋਜ ਮੰਦਰ 'ਚ ਪ੍ਰਾਰਥਨਾ ਕਰਨ ਜਾਂਦੇ ਸਨ ਅਤੇ ਇੱਕ ਦਿਨ ਪ੍ਰਾਰਥਨਾ ਕਰਨ ਜਾਂਦੇ ਹੀ ਗੋਲੀ ਦਾ ਸ਼ਿਕਾਰ ਹੋ ਗਏ। ਮੁਹੰਮਦ ਅਲੀ ਜਿਨਾਹ ਸੱਚੇ ਮੁਸਲਮਾਨ ਸਨ ਜੋ ਪੰਜੇ ਵਖਤ ਨਮਾਜ਼ ਪੜ•ਦੇ ਸਨ ਪਰ ਉਹ ਵਿਚਾਰੇ ਕੈਂਸਰ ਕਾਰਨ ਤੜਪ ਤੜਪ ਕੇ ਮਰ ਗਏ।ਪੰਜਾਬ ਦੇ ਲੋਹ ਪੁਰਸ਼ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੂੰ ਕਾਤਿਲ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ। ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਤਾਂ ਬਚਪਨ ਤੋਂ ਹੀ ਧਾਰਮਿਕ ਪ੍ਰਵਿਰਤੀ ਦੇ ਸਨ। ਉਨ•ਾਂ ਰਾਸ਼ਟਰਪਤੀ ਭਵਨ 'ਚ ਗੁਰੂ ਗੰ੍ਰਥ ਸਾਹਿਬ ਰੱਖਿਆ ਹੋਇਆ ਸੀ ਅਤੇ ਉਹ ਬਾਕਾਇਦਾ ਪਾਠ ਕਰਦੇ ਸਨ। ਪਰ ਉਨ•ਾਂ ਦੀ ਮੌਤ ਵੀ ਕੁਦਰਤੀ ਨਹੀਂ ਸੀ। ਗੈਰ ਕੁਦਰਤੀ ਢੰਗ ਨਾਲ ਉਨ•ਾਂ ਦੀ ਮੌਤ ਨੂੰ ਹਾਦਸੇ ਦਾ ਰੂਪ ਦਿੱਤਾ ਗਿਆ। ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਅਯੁਧਿਆ ਵਿਖੇ ਸ਼ਿਲਾਨਿਆਸ ਕਰਕੇ ਪੂਜਾ ਕੀਤੀ। ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਜੀ ਵੀ ਬੇਹੱਦ ਧਾਰਮਿਕ ਸਨ। ਪਰ ਸਖਤ ਸੁਰੱਖਿਆ 'ਚ ਹੀ ਦੋਵਾਂ ਦੇ ਪਰਖੱਚੇ ਉੱਡ ਗਏ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿੰਨੀ ਸੁਰੱਖਿਆ ਤਾਂ ਸ਼ਾਇਦ ਕਿਸੇ ਦੀ ਹੋ ਹੀ ਨਹੀਂ ਸਕਦੀ। ਉਹ ਵੀ ਸਾਰੇ ਮੰਦਰਾਂ 'ਚ ਜਾ ਕੇ ਸਿਰ ਨਿਵਾਉਂਦੇ ਸਨ। ਪਰ ਉਨ•ਾਂ ਦਾ ਸਰੀਰ ਵੀ ਬੁਰੀ ਤਰ•ਾਂ ਗੋਲੀਆਂ ਨਾਲ ਭੁੰਨਿਆ ਗਿਆ। ਪੰਜਾਬ ਦੇ ਅਤਿਵਾਦ ਦੀ ਭੇਂਟ ਚੜ•ਨ ਵਾਲੇ ਖਜਾਨਾ ਮੰਤਰੀ ਬਲਵੰਤ ਸਿੰਘ, ਭਾਈ ਸ਼ਮਿੰਦਰ ਸਿੰਘ ਕੁੱਕੂ ਆਦਿ ਦੀ ਲਿਸਟ ਤਾਂ ਕਾਫੀ ਲੰਮੀ ਹੈ। ਇਹ ਸਾਰੇ ਨੇਤਾ ਹੀ ਆਸਤਿਕ ਅਤੇ ਧਾਰਮਿਕ ਖਿਆਲਾਂ ਦੇ ਸਨ। ਹੁਣ ਥੋੜ•ਾ ਜਿਹਾ ਜ਼ਿਕਰ ਉਨ•ਾਂ ਮਹਾਂਪੁਰਸ਼ਾਂ ਦਾ ਜੋ ਸਵਾਸ ਸਵਾਸ ਸਿਮਰਨ ਕਰਦੇ ਹਨ। ਨਾਨਕਸਰ ਕਲੇਰਾਂ ਵਾਲੇ ਸੰਤਾਂ ਤੋਂ ਬਾਅਦ ਲੋਪੋ ਵਾਲੇ ਸੰਤ ਦਰਬਾਰੀ ਦਾਸ ਅਨੇਕਾਂ ਨਾ-ਮੁਰਾਦ ਬਿਮਾਰੀਆਂ ਦਾ ਸ਼ਿਕਾਰ ਰਹੇ ਅਤੇ ਅਖੀਰ ਹਸਪਤਾਲ ਦੀ ਸ਼ਰਨ 'ਚ ਜਾ ਕੇ ਹੀ ਉਨ•ਾਂ ਨੂੰ ਸਵਾਸ ਤਿਆਗਣੇ ਪਏ। ਇਹ ਸੰਤ ਜੋ ਕਹਿੰਦੇ ਹਨ “ਸਰਬ ਰੋਗ ਕਾ ਅਉਖਧ ਨਾਮ” ਭਾਵ ਰੱਬ ਦਾ ਨਾਮ ਹੀ ਸਾਰੇ ਦੁੱਖਾਂ ਦੀ ਦਾਰੂ ਹੈ। ਇਹ ਨਾਮ ਇਨ•ਾਂ ਦੇ ਕਿਸੇ ਕੰਮ ਨਾ ਆਇਆ। ਜਵੱਧੀ ਟਕਸਾਲ ਦੇ ਮੁਖੀ ਸੰਤ ਸੁੱਚਾ ਸਿੰਘ ਦੀ ਉਮਰ ਹੀ ਬਹੁਤ ਥੋੜ•ੀ ਸੀ। ਆਖਰੀ ਸਮੇਂ ਉਨ•ਾਂ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਲੰਮਾ ਸਮਾਂ ਨਾਮ ਜਪਦੇ ਭਾਵ ਤਪੱਸਿਆ ਕਰਦੇ ਸਨ। ਇਸ ਦੌਰਾਨ ਪਾਣੀ ਨਾ ਪੀਣ ਕਾਰਨ, ਪਾਣੀ ਦੀ ਘਾਟ ਕਾਰਨ ਉਨ•ਾਂ ਦੇ ਗੁਰਦੇ ਫੇਲ• ਹੋ ਗਏ। ਇੱਥੇ ਵੀ ਰੱਬ ਦਾ ਨਾਮ ਉਨ•ਾਂ ਦਾ ਸਹਾਈ ਨਾ ਹੋ ਸਕਿਆ। ਸੁਖਾਨੰਦ ਦੇ ਦਰਵੇਸ਼ ਸੰਤ ਬਾਬਾ ਭਾਗ ਸਿੰਘ ਜੀ ਨਾਮ ਜਪਦੇ ਤੇ ਜਪਾਉਂਦੇ ਰਹੇ ਪਰ ਕਈ ਬਿਮਾਰੀਆਂ ਦਾ ਸ਼ਿਕਾਰ ਰਹੇ। ਪਿਸ਼ਾਬ ਦਾ ਬੰਨ• ਪੈ ਜਾਣ ਕਾਰਨ ਉਨ•ਾਂ ਨੂੰ ਲੁਧਿਆਣੇ ਹਸਪਤਾਲ ਦਾਖਲ ਰਹਿਣਾ ਪਿਆ। ਔਰਤ ਦੇ ਮੱਥੇ ਨਾ ਲੱਗਣ ਵਾਲੇ ਸੰਤਾਂ ਨੂੰ ਨਰਸਾਂ ਤੋਂ ਇਲਾਜ ਕਰਵਾਉਣਾ ਪਿਆ ਅਤੇ ਅਖੀਰ ਬਿਮਾਰੀ ਦੀ ਹਾਲਤ 'ਚ ਹੀ ਚੱਲ ਵੱਸੇ। ਜਦ ਵੀ ਕੋਈ ਸੰਤ ਇਸ ਤਰ•ਾਂ ਚਲਾਣਾ ਕਰਦਾ ਹੈ ਤਾਂ ਸਿਆਸਤਦਾਨਾਂ ਦੇ ਵੱਡੇ ਕਾਫਲੇ ਉਨ•ਾਂ ਦੀ ਮ੍ਰਿਤਕ ਦੇਹ ਨਾਲ ਜਾਂ ਫੁੱਲ ਪਰਵਾਹ ਕਰਨ ਸਮੇਂ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਬੰਨ• ਕੇ ਚੱਲਦੇ ਹਨ। ਸੰਤਾਂ, ਨੇਤਾਵਾਂ ਦੇ ਇਲਾਜ ਕਰਨ ਵਾਲੇ ਡਾਕਟਰਾਂ, ਜਾਂ ਵਿਗਿਆਨੀਆਂ ਦੀ ਮੌਤ ਸਮੇਂ ਕੋਈ ਨੇਤਾ ਹਾਜ਼ਰ ਨਹੀਂ ਹੁੰਦਾ। ਸ਼ਾਇਦ ਇਹ ਸਭ ਵੋਟ ਰਾਜਨੀਤੀ ਦਾ ਗੋਰਖਧੰਦਾ ਹੈ। ਦਸ ਲੱਖ ਪਿੱਛੇ ਜਦ ਇੱਕ ਤਰਕਸ਼ੀਲ ਨਾਸਤਿਕ ਮਰਦਾ ਹੈ ਤਾਂ ਉੱਥੇ ਕੁਝ ਗਿਣਤੀ ਦੇ ਨਾਸਤਿਕ ਹੀ ਹੁੰਦੇ ਹਨ ਅਤੇ ਆਸਤਿਕ ਕਹਿੰਦੇ ਹਨ “ਦੇਖਿਆ ਜੇ ਰੱਬ ਨੂੰ ਨਹੀਂ ਮੰਨਦਾ ਸੀ ਤਾਂ ਹੀ ਮਰਿਆ ਹੈ ਨਾ।

Tuesday, December 15, 2009

ਪਿੰਜਰਾ

ਮੋਬਾਇਲ ਫੋਨ ਦੀ ਘੰਟੀ ਵੱਜੀ ਅਤੇ ਬੰਦ। ਮੈਂ ਸਮਝ ਗਿਆ ਕਿ ਇਹ ਸੁਰਿੰਦਰ ਦੀ ਹੀ ਮਿਸ ਕਾਲ ਸੀ। ਪਿਛਲੇ ਵੀਹ ਦਿਨਾਂ ਤੋਂ ਇਹ ਹੀ ਸਿਲਸਿਲਾ ਚੱਲਦਾ ਆ ਰਿਹਾ ਸੀ। ਉਹ ਮਿਸ ਕਾਲ ਕਰਦੀ। ਫਿਰ ਮੈਂ ਇਧਰੋਂ ਫੋਨ ਕਰਦਾ ਤੇ ਅਸੀਂ ਲੰਮੀ ਗੱਲਬਾਤ ਕਰਦੇ ਰਹਿੰਦੇ ਗੱਲਾਂ ਐਨੀਆਂ ਕਿ ਮੁਕਣ 'ਚ ਹੀ ਨਾ ਆਉਂਦੀਆਂ। ਨਾ ਉਸ ਨੇ ਮੈਨੂੰ ਦੇਖਿਆ ਸੀ ਨਾ ਮੈਂ ਉਸ ਨੂੰ! ਬੱਸ ਆਵਾਜ ਦਾ ਹੀ ਰਿਸ਼ਤਾ ਬਣ ਗਿਆ ਸੀ। ਉਂਝ ਮੈਂ ਅਖਬਾਰ 'ਚ ਉਸ ਦੀ ਫੋਟੋ ਜ਼ਰੂਰ ਦੇਖੀ ਸੀ। ਉਸ ਦੀ ਛਪੀ ਕਵਿਤਾ ਹੇਠ ਉਸ ਦਾ ਮੋਬਾਇਲ ਫੋਨ ਨੰਬਰ ਸੀ। ਇਸ ਨੰਬਰ 'ਤੇ ਹੀ ਮੈਂ ਉਸ ਨੂੰ ਮੋਬਾਇਲ ਫੋਨ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ। ਪਰ ਇਹ ਫੋਨ ਅਸਲ 'ਚ ਉਸ ਦੇ ਪਤੀ ਦਾ ਸੀ। ਇੱਕ ਦਿਨ ਉਸ ਦੇ ਪਤੀ ਦੀ ਝਿੜਕ ਭਰੀ ਕੁਰੱਖਤ ਆਵਾਜ਼ ਸੁਣਾਈ ਦਿੱਤੀ ਤਾਂ ਮੈਂ ਫੋਨ 'ਚੋਂ ਉਸ ਦਾ ਨੰਬਰ ਹੀ ਮਿਟਾ ਦਿੱਤਾ। ਮੈਂ ਸੋਚਿਆ ਕਿ ਅਸਲ 'ਚ ਲੇਖਕ ਉਸ ਦਾ ਪਤੀ ਹੋਵੇਗਾ ਜੋ ਪਤਨੀ ਦੇ ਨਾਂਅ 'ਤੇ ਰਚਨਾਵਾਂ ਭੇਜਦਾ ਹੋਵੇਗਾ। ਮੈਂ ਉਸ ਨੂੰ ਭੁੱਲ ਗਿਆ ਸਾਂ ਕਿ ਵੀਹ ਕੁ ਦਿਨਾਂ ਬਾਅਦ ਕਿਸੇ ਹੋਰ ਨੰਬਰ ਤੋਂ ਉਹ ਹੀ ਮਿੱਠੀ ਆਵਾਜ ਸੁਣਾਈ ਦਿੱਤੀ। ਮੈਂ ਕਿਹਾ ਲੇਖਕ ਤੂੰ ਹੈਂ ਕਿ ਤੇਰਾ ਪਤੀ। ਉਹ ਕਹਿੰਦੀ ਉਹ ਨਾ ! ਲੇਖਕ ਹੈ ਕਿਤੇ। ਉਹ ਇਮਾਰਤਾਂ ਬਣਾਉਣ ਵਾਲਾ ਠੇਕੇਦਾਰ ਹੈ। ਮੈਂ ਕਿਹਾ ਉਸ ਨੇ ਮੈਨੂੰ ਫੋਨ 'ਤੇ ਝਿੜਕ ਦਿੱਤਾ ਸੀ, ਕਹਿੰਦੀ ਮੈਨੂੰ ਪਤੈ। ਪਰ ਹੁਣ ਮੈਂ ਉਸ ਤੋਂ ਵੱਖਰਾ ਆਪਣੀ ਕੋਠੀ ਵਿੱਚ ਹਾਂ, ਮੈਂ ਉਹ ਦਾ ਘਰ ਛੱਡ ਦਿੱਤੈ। ਉਸ ਨੇ ਮੈਨੂੰ ਬਹੁਤ ਕੁੱਟਿਆ ਹੈ। ਮੈਨੂੰ ਦੁੱਖ ਭਰੀ ਹੈਰਾਨੀ ਹੋਈ। ਫਿਰ ਉਹ ਮੈਨੂੰ ਆਪਣੀ ਜੀਵਕ ਕਹਾਣੀ, ਸੁਣਾਉਣ ਲੱਗੀ। ਮੇਰੇ ਪਿਤਾ ਮਾਤਾ ਦੀ ਆਪਸ 'ਚ ਨਹੀਂ ਸੀ ਬਣਦੀ। ਪਿਤਾ ਅੱਡ ਕੋਠੀ 'ਚ ਸ਼ਰਾਬ ਪੀਂਦਾ ਰਹਿੰਦਾ। ਮੈਨੂੰ ਤੇ ਮੇਰੇ ਦੋ ਭਰਾਵਾਂ ਨੂੰ ਮੇਰੀ ਮਾਂ ਨੇ ਹੀ ਪਾਲਿਆ ਪੜ•ਾਇਆ। ਮੇਰਾ ਇਹ ਪਤੀ ਠੇਕੇ ਤੇ ਸਾਡੀ ਕੋਠੀ ਬਣਾ ਰਿਹਾ ਸੀ ਕਿ ਮੇਰੀ ਮਾਂ ਨੂੰ ਇਹ ਪਸੰਦ ਆ ਗਿਆ। ਉਸ ਨੇ 17 ਸਾਲ ਦੀ ਉਮਰ 'ਚ ਹੀ ਇਸ ਨਾਲ ਮੇਰਾ ਵਿਆਹ ਕਰ ਦਿੱਤਾ। ਇਹ ਮੈਥੋਂ 10 ਸਾਲ ਵੱਡਾ ਸੀ। ਮੇਰੇ ਵਿਆਹ ਤੋਂ ਕੁਝ ਸਮਾਂ ਬਾਅਦ ਮੇਰੇ ਪਿਤਾ ਜੀ ਗੁਜਰ ਗਏ। ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਇੱਕ ਸਕੂਲ 'ਚ ਨੌਕਰੀ ਕਰਨ ਲੱਗ ਪਈ ਪਰ ਉਸ ਨੇ ਇਹ ਕਹਿ ਕੇ ਮੈਨੂੰ ਹਟਾ ਲਿਆ ਕਿ ਜਨਾਨੀਆਂ ਨਹੀਂ ਨੌਕਰੀ ਕਰਦੀਆਂ ਹੁੰਦੀਆਂ। ਸਾਡਾ ਇੱਕ ਬਹੁਤ ਪਿਆਰਾ ਬੇਟਾ ਹੈ ਜੋ ਹੋਸਟਲ 'ਚ ਦਾਖਲ ਕਰਵਾ ਦਿੱਤਾ। ਪਤੀ ਸਾਰਾ ਸਾਰਾ ਦਿਨ ਬਾਹਰ ਰਹਿੰਦਾ। ਘਰ 'ਚ ਮੇਰਾ ਇਕੱਲੀ ਦਾ ਦਮ ਘੁਟਦਾ। ਮੈਂ ਕਿਤਾਬਾਂ ਪੜ•ਦੀ ਰਹਿੰਦੀ। ਫਿਰ ਪਤਾ ਨਹੀਂ ਕਿੰਜ ਮੇਰੇ ਅੰਦਰਲਾ ਜਵਾਲਾਮੁਖੀ ਫਟ ਗਿਆ। ਮੈਂ ਕਲਮ ਚੁੱਕ ਲਈ ਅਤੇ ਲਿਖਣ ਲੱਗ ਪਈ। ਮੇਰੀ ਰੂਹ ਹਰ ਵਕਤ ਅੰਬਰ 'ਚ ਉਡਾਰੀਆਂ ਲਾਉਣ ਲਈ ਉਤਾਵਲੀ ਹੋਣ ਲੱਗੀ। ਮੇਰੀਆਂ ਕਵਿਤਾਵਾਂ ਅਖਬਾਰਾਂ ਰਸਾਲਿਆਂ 'ਚ ਛਪਣ ਲੱਗੀਆਂ। ਮੈਨੂੰ ਮੇਰੇ ਪਰਸੰਸਕਾਂ ਦੀਆਂ ਚਿੱਠੀਆਂ ਅਤੇ ਫੋਨ ਆਉਣ ਲੱਗੇ। ਪਰ ਮੇਰੇ ਪਤੀ ਦੀ ਖਿਝ ਵੱਧਣ ਲੱਗੀ। ਉਹ ਮੈਨੂੰ ਆਨੀਂ ਬਹਾਨੀਂ ਕੁੱਟਣ ਲੱਗਾ। ਮੈਂ ਆਪਣੇ ਪਤੀ ਨਾਲ ਇੱਕ ਕਵੀ ਦਰਬਾਰ 'ਚ ਗਈ। ਜਿੱਥੇ ਮੇਰੀ ਬੇਹੱਦ ਪਰਸੰਸਾ ਹੋਈ ਪਰ ਉਸ ਰਾਤ ਮੇਰੇ ਪਤੀ ਨੇ ਆਕੇ ਫਿਰ ਮੈਨੂੰ ਬੇਰਹਿਮੀ ਨਾਲ ਕੁੱਟਿਆ। ਕਹਿੰਦਾ ਸਾਲੇ ਲੇਖਕਾਂ ਦੇ ਕੰਜਰ, ਕਿਵੇਂ ਤੈਨੂੰ ਘੂਰ-ਘੂਰ ਦੇਖਦੇ ਸੀ। ਬੱਸ ਅੱਜ ਤੋਂ ਬਾਅਦ ਨਹੀਂ ਜਾਣਾ ਕਿਸੇ ਸਮਾਗਮ 'ਚ। ਮੈਂ ਫਿਰ ਘੁਟਨ ਦਾ ਸ਼ਿਕਾਰ ਹੋ ਗਈ। ਇੱਕ ਵਾਰ ਤਾਂ ਖੁਦਕਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਇੱਕ ਦਿਨ ਚੋਰੀਓ ਆਪਣੇ ਪੁਰਾਣੇ ਦੋਸਤ ਕੋਲ ਪਟਿਆਲੇ ਚਲੀ ਗਈ। ਉਸ ਰਾਤ ਮੈਨੂੰ ਪਹਿਲੀ ਵਾਰ ਜ਼ਿੰਦਗੀ ਦਾ ਪਰਮਅਨੰਦ ਮਿਲਿਆ। ਪਤੀ ਤਾਂ ਮੈਨੂੰ ਭੋਗ ਦੀ ਇੱਕ ਵਸਤੂ ਹੀ ਸਮਝਦਾ ਸੀ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਉਹ ਹਮੇਸ਼ਾ ਲਈ ਮੈਨੂੰ ਅਪਨਾ ਲਵੇ। ਪਰ ਉਹ ਡਰ ਗਿਆ ਅਤੇ ਮੈਨੂੰ ਜਲੰਧਰ ਵਾਲੀ ਬੱਸ ਚੜ•ਾ ਗਿਆ। ਘਰ ਆਈ ਤਾਂ ਭਰਾ ਨੇ ਝਿੜਕਾਂ ਦਿੱਤੀਆਂ। ਮੈਂ ਕਿਹਾ ਮੈਂ ਤਾਂ ਪਟਿਆਲੇ ਦੂਖ ਨਿਵਾਰਨ ਗੁਰਦੁਆਰੇ ਗਈ ਸੀ। ਮੇਰੇ ਪਰਿਵਾਰ ਵਾਲੇ ਮੈਨੂੰ ਫਿਰ ਪਤੀ ਦੇ ਘਰ ਛੱਡ ਗਏ। ਇਸ ਸਮਝੌਤੇ ਤਹਿਤ, ਉਹ ਮੈਨੂੰ ਲਿਖਣ ਤੋਂ ਨਹੀਂ ਰੋਕੇਗਾ। ਮੈਂ ਫਿਰ ਲਿਖਣ ਲੱਗੀ ਅਤੇ ਛਪਣ ਲੱਗੀ। ਮੇਰੀ ਪ੍ਰਸੰਸਾ ਫੈਲਣ ਤੇ ਮੇਰੇ ਪਤੀ ਦੀ ਖਿਝ ਫਿਰ ਵੱਧਣ ਲੱਗੀ। ਵੀਹ ਦਿਨ ਪਹਿਲਾਂ ਜਦ ਉਸ ਨੇ ਮੈਨੂੰ ਡੰਡਿਆਂ ਨਾਲ ਕੁੱਟਿਆ ਤਾਂ ਮੈਂ ਵੀ ਉਸ ਦਾ ਮੂੰਹ ਨੋਚ ਲਿਆ ਅਤੇ ਵਾਪਸ ਆਪਣੇ ਘਰ ਆ ਗਈ। ਹੁਣ ਮੈਂ ਇੱੱਥੇ ਕੈਦ ਹਾਂ ਅਤੇ ਉਹ ਮੈਨੂੰ ਮਾਰਨ ਦੀਆਂ ਧਮਕੀਆਂ ਦੇ ਰਿਹੈ। ਬੱਸ ਹੁਣ ਨਹੀਂ ਮੈਂ ਜਾਣਾ ਉਸ ਜਾਨਵਰ ਕੋਲ। ਐਨਾ ਕਹਿ ਕੇ ਉਹ ਚੁੱਪ ਕਰ ਗਈ। ਮੈਂ ਕਿਹਾ ਮੈਨੂੰ ਤੇਰੇ ਨਾਲ ਬੇਹੱਦ ਹਮਦਰਦੀ ਹੈ। ਮੈਂ ਆਪ ਤੇਰੀ ਤਰ•ਾਂ ਤਨਹਾਈ ਦੀ ਜੂਨ ਹੰਢਾ ਰਿਹਾ ਹਾਂ। ਮੈਂ ਉਸ ਦੀ ਮਿਸ ਕਾਲ ਉਡੀਕਦਾ ਰਹਿੰਦਾ। ਉਸ ਦੀ ਮਾਖਿਓਂ ਮਿੱਠੀ ਆਵਾਜ ਸੁਣ ਕੇ ਮੇਰੇ ਮਨ ਦੀਆਂ ਬੈਟਰੀਆਂ ਚਾਰਜ ਹੋ ਜਾਂਦੀਆਂ। ਕੋਈ ਗੀਤ ਗੁਣਗੁਣਾਉਂਦੀ। ਮੈਂ ਉਸ ਨੂੰ ਸੁਨੇਹੇ ਲਿਖ ਕੇ ਭੇਜਦਾ। ਮਹਿਕਾਂ ਵੰਡਦੀ ਰਹਿ ਤੂੰ ਕਲੀਏ ਚਮਨ ਦੀਏ, ਝਰਨੇ ਵਾਂਗੂ ਵਹਿ ਤੂੰ ਕਲੀਏ ਚਮਨ ਦੀਏ। ਬੇਸ਼ੱਕ ਤੇਰੇ ਚਾਰ ਚੁਫੇਰੇ ਕੰਡੇ ਨੇ ਕੁੰਡਿਆਂ ਨਾਲ ਖਹਿ ਤੂੰ ਕਲੀਏ ਚਮਨ ਦੀਏ।ਇੱਕ ਦਿਨ ਉਹ ਫਿਰ ਰੋਣ ਲੱਗ ਪਈ। ਕਹਿੰਦੀ ਅੱਜ ਮੈਨੂੰ ਮੇਰੇ ਭਰਾ ਨੇ ਥੱਪੜ ਮਾਰਿਆ। ਉਸ ਨੇ ਮੇਰਾ ਮੋਬਾਇਲ ਫੋਨ ਚੁੱਕ ਕੇ ਉਸ 'ਚ ਤੁਹਾਡੇ ਸੁਨੇਹੇ ਪੜ• ਲਏ ਸਨ। ਮੈਂ ਵੀ ਉਸ ਦਾ ਫੋਨ ਖੋਹ ਕੇ ਪੜ•ਨ ਲੱਗੀ ਕਿ ਦੱਸ ਆਹ ਔਰਤਾਂ ਤੇਰੀਆਂ ਕੀ ਲੱਗਦੀਆਂ ਹਨ। ਤਾਂ ਕਹਿਣ ਲੱਗਾ ਮਰਦ ਜੋ ਮਰਜੀ ਕਰਨ। ਖਬਰਦਾਰ ਜੇ ਅੱਜ ਤੋਂ ਬਾਅਦ ਕਿਸੇ ਨੂੰ ਫੋਨ ਕੀਤਾ। ਉਸ ਨੇ ਤੁਹਾਡਾ ਨੰਬਰ ਲੈ ਲਿਆ ਹੈ। ਸ਼ਾਇਦ ਉਹ ਤੁਹਾਨੂੰ ਵੀ ਅਬਾ ਤਬਾ ਬੋਲੇ। ਬੱਸ ਤੁਸੀਂ ਹੁਣ ਫੋਨ ਨਾ ਕਰਿਓ। ਫੇਰ ਕਾਫੀ ਦੇਰ ਉਸ ਦਾ ਫੋਨ ਨਾ ਆਇਆ। ਮੈਂ ਕਰਦਾ ਤਾਂ ਅੱਗੋਂ ਸਵਿੱਚ ਬੰਦ ਹੁੰਦੀ। ਪਰ ਮੈਂ ਉਸ ਦੀ ਮਿੱਠੀ ਆਵਾਜ ਸੁਣਨ ਲਈ ਤਰਸਦਾ ਰਹਿੰਦਾ। ਅੱਜ ਇੱਕ ਮਹੀਨੇ ਬਾਅਦ ਅਚਾਨਕ ਉਸ ਦਾ ਫੋਨ ਮਿਲ ਗਿਆ ਸੀ। ਮੈਂ ਹਾਲ ਚਾਲ ਪੁੱਛਿਆ ਤਾਂ ਕਹਿੰਦੀ ਮੈਂ ਆਪਣੇ ਪਤੀ ਦੇ ਘਰ ਹਾਂ। ਮੈਂ ਉਸ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਹਨ। ਮੈਂ ਕਿਹਾ ਪਰ ਤੇਰੀ ਅਸਮਾਨ 'ਚ ਉਡਾਰੀਆਂ ਲਾਉਣ ਦੀ ਰੀਝ ਦਾ ਕੀ ਬਣੂੰ ਤਾਂ ਕਹਿੰਦੀ ਇੱਕ ਸਵਾਲ ਦਾ ਜਵਾਬ ਦਿਓ ਜਦ ਪਿੰਜਰੇ ਦੇ ਤੋਤੇ ਨੂੰ ਖੁੱਲ•ਾ ਛੱਡ ਦਿੱਤਾ ਜਾਂਦਾ ਹੈ ਤਾਂ ਵਾਪਸ ਪਿੰਜਰੇ 'ਚ ਦੁਬਾਰਾ ਕਿਉਂ ਪਰਤ ਆਉਂਦੈ। ਮੇਰੇ ਜਵਾਬ ਦੇਣ ਤੋਂ ਪਹਿਲਾਂ ਹੀ ਉਸ ਨੇ ਕਿਹਾ ਕਿ ਅਸਲ ਵਿੱਚ ਗੁਲਾਮੀ ਦੀ ਵੀ ਆਪਣੀ ਹੀ ਸੁਰੱਖਿਆ ਹੁੰਦੀ ਹੈ ਮਿਸਟਰ! ਤੇ ਉਸ ਨੇ ਫੋਨ ਕੱਟ ਕੇ ਸਵਿੱਚ ਆਫ ਕਰ ਦਿੱਤੀ।

Tuesday, December 8, 2009

ਵਾਹ ਨੀ ਸਿਮਰਨ ਸ਼ਰਮਾ

ਕਹਾਣੀ
ਅਮਰਜੀਤ ਢਿੱਲੋਂ
ਮੋਬਾਇਲ ਫੋਨ ਦੀ ਘੰਟੀ ਵਜੀ. . .ਮੈਂ ਸਿਮਰਨ ਸ਼ਰਮਾ ਬੋਲਦੀ ਹਾਂ। 23 ਸਾਲ ਉਮਰ, 7 ਮਹੀਨ ਹੋ ਗਏ ਵਿਆਹ ਹੋਇਆਂ। ਮੇਰਾ ਪਤੀ ਵਰਮਾ ਹੈ ਪਰ ਮੈਂ ਖੁਦ ਨੂੰ ਸ਼ਰਮਾ ਹੀ ਲਿਖਦੀ ਹਾਂ। ਉਸ ਨੇ ਵਿਜੈ ਨੂੰ ਅਖਬਾਰ ਦੇ ਮਿੱਤਰਤਾ ਕਾਲਮ 'ਚੋਂ ਇਸ਼ਤਿਹਾਰ ਪੜ• ਕੇ ਫੋਨ ਕੀਤਾ ਸੀ। ਉਸ ਨੇ ਕਿਹਾ ਕਿ ਮੈਨੂੰ ਮੇਰਾ ਪਤੀ ਪਸੰਦ ਨਹੀਂ। ਅਸੀਂ ਵੱਖੋ ਵੱਖਰੇ ਕਮਰਿਆਂ 'ਚ ਸੌਂਦੇ ਹਾਂ। ਮੇਰੇ ਸੱਸ ਸਹੁਰਾ ਕੈਨੇਡਾ ਗਏ ਹੋਏ ਹਨ। ਪਤੀ ਵਿਦੇਸ਼ ਜਾਣ ਲਈ ਡਾਕਟਰੀ ਦਾ ਕੋਈ ਕੋਰਸ ਕਰਦਾ ਹੈ। 17 ਕੁ ਸਾਲ ਦਾ ਇੱਕ ਦੇਵਰ ਹੈ। ਉਹ ਕਾਲਜ ਚਲਾ ਜਾਂਦਾ ਹੈ। ਘਰ 'ਚ ਮੈਂ ਇਕੱਲੀ ਹੀ ਹੁੰਦੀ ਹਾਂ। ਫਿਰ ਉਸ ਨੇ ਵਿਜੈ ਤੋਂ ਉਸ ਬਾਰੇ ਸਾਰੀ ਜਾਣਕਾਰੀ ਲਈ ਅਤੇ ਕਿਹਾ ਕਿ ਉਹ ਜਦੋਂ ਮਰਜੀ ਉਸ ਨੂੰ ਮਲੇਰੇਕੋਟਲੇ ਆ ਕੇ ਮਿਲ ਸਕਦਾ ਹੈ ਪਰ ਇੱਕ ਸ਼ਰਤ ਹੈ। ਵਿਜੈ ਦੇ ਮਨ 'ਚ ਲੱਡੂ ਭੁਰਨ ਲੱਗੇ। ਉਹ ਉਤੇਜਿਤ ਹੋ ਗਿਆ। ਹਾਂ! ਦੱਸ ਕੀ ਸ਼ਰਤ ਹੈ। ਸ਼ਰਤ ਇਹ ਹੈ ਕਿ ਤੈਨੂੰ ਮੇਰੇ ਦੇਵਰ ਨਾਲ ਦੋਸਤੀ ਕਰਨੀ ਪਵੇਗੀ। ਫਿਰ ਤੂੰ ਿਬਨਾ ਝਿਜਕ ਸਾਡੇ ਘਰ ਆ ਸਕਦਾ ਹੈ। ਉਸ ਦਾ ਨਾਂ ਬਿੰਨੀ ਵਰਮਾ ਹੈ। ਉਹ ਦੂਜਾ ਹੈ, ਕੀ ਕਹਿੰਦੇ ਐਂ ਟੈਂਪੂ ਹੈ। ਤੁਸੀਂ ਕੀ ਕਹਿੰਦੇ ਹੋ ਜਨਾਨਾ ਮਰਦ? ਹਾਂ ਹਾਂ ਮੈਂ ਸਮਝ ਗਿਆ, ਵਿਜੈ ਨੇ ਕਿਹਾ! ਤੈਨੂੰ ਉਸ ਨਾਲ ਸਰੀਰਕ ਸਬੰਧ ਕਾਇਮ ਕਰਨੇ ਪੈਣਗੇ। ਜਦ ਵਿਜੈ ਨੇ ਕੁਝ ਝਿਜਕ ਜਿਹੀ ਦਿਖਾਈ ਤਾਂ ਕਹਿਣ ਲੱਗੀ ਤੇਰਾ ਕੀ ਘਸ ਜੂ। ਕੰਡੋਮ ਵਰਤ ਲਈ। ਤੂੰ ਮੇਰੀ ਖਾਤਿਰ ਐਨਾ ਵੀ ਨਹੀਂ ਕਰ ਸਕਦਾ। ਉਹ ਤਿੰਨ ਵਜੇ ਕਾਲਜ 'ਚੋਂ ਆਊਗਾ। ਉਦੋਂ ਆਹ ਮੋਬਾਇਲ ਉਸ ਕੋਲ ਹੋਵੇਗਾ। ਤੂੰ ਕਹਿ ਦਈਂ ਮੈਨੂੰ ਤੇਰੇ ਕਿਸੇ ਦੋਸਤ ਨੇ ਤੇਰਾ ਨੰਬਰ ਦਿੱਤਾ ਹੈ। ਵਿਜੈ ਨੇ ਝਿਝਕਦਿਆਂ ਜਿਹਿਆਂ ਹਾਮੀ ਭਰ ਦਿੱਤੀ। ਕੁਝ ਚਿਰ ਬਾਅਦ ਫਿਰ ਉਸ ਦੀ ਮਿਸ ਕਾਲ ਆਈ। ਉਸ ਨੇ ਕਿਹਾ ਮੇਰੇ ਕੋਲ ਪੈਸੇ ਬਹੁਤ ਹਨ। ਹਰ ਵੇਲੇ 20-25 ਹਜ਼ਾਰ ਤਾਂ ਪਰਸ 'ਚ ਹੀ ਰਹਿੰਦੈ। 10 ਤੋਲੇ ਸੋਨਾ ਪਾਇਆ ਹੋਇਆ ਹੈ। ਪਰ ਯਾਰ ਮੈਂ ਇਕੱਲੀ ਬਾਜ਼ਾਰ ਨਹੀਂ ਜਾ ਸਕਦੀ। ਤੂੰ ਤੇਰੇ ਮੋਬਾਇਲ 'ਚ ਬੈਲੈਸ ਪੁਆਦੇ। ਜਦ ਮਿਲੇਗਾ, ਉਦੋਂ ਭਾਵੇਂ 10 ਹਜ਼ਾਰ ਰੁਪਏ ਲੈ ਲਈ। ਵਿਜੈ ਨੇ 100 ਰੁਪਏ ਬੈਲੇਂਸ ਉਸ ਦੇ ਮੋਬਾਇਲ 'ਚ ਪੁਆ ਦਿੱਤਾ। ਸ਼ਾਮ ਨੂੰ ਤਿੰਨ ਵਜੇ ਬਿੰਨੀ ਵਰਮਾ ਨਾਲ ਮੁਲਾਕਾਤ ਹੋ ਗਈ। ਉਹ ਹਿੰਦੀ 'ਚ ਬੋਲਦਾ ਸੀ। ਸਿਮਰਨ ਨੇ ਦੱਸਿਆ ਸੀ ਕਿ ਸਿਰਫ ਮੈਂ ਹੀ ਪੰਜਾਬੀ ਬੋਲਦੀ ਹਾਂ ਬਾਕੀ ਘਰ 'ਚ ਸਾਰੇ ਹਿੰਦੀ ਬੋਲਦੇ ਹਨ। ਬਿੰਨੀ ਵਰਮਾ ਅੱਧਾ ਘੰਟਾ ਗੱਲ ਕਰਦਾ ਰਿਹਾ। ਪਹਿਲਾਂ ਕੁਝ ਗੁੱਸੇ 'ਚ ਫਿਰ ਨਰਮ ਹੋ ਗਿਆ। ਉਹ ਵਿਜੈ ਦੇ ਸਰੀਰਕ ਅੰਗਾਂ ਦੀ ਜਾਣਕਾਰੀ ਲੈਣ ਲੱਗਾ ਅਤੇ ਫਿਰ ਮਿਲਣ ਦੀ ਥਾਂ ਵੀ ਨਿਸਚਿਤ ਕਰ ਲਈ। ਕਿ ਖੰਨਾ ਕੇ ਪਾਸ ਬੜੇ ਗੁਰਦੁਆਰੇ ਨਜ਼ਦੀਕ ਏਕ ਟਿੱਲਾ ਹੈ ਵਹਾਂ ਮਿਲੇਗੇ। ਮਿਥੇ ਦਿਨ 'ਤੇ ਵਿਜੈ ਦਾ ਮਨ ਬਦਲ ਗਿਆ। ਉਸ ਨੇ ਕਹਿ ਦਿੱਤਾ ਕਿ ਉਸ ਦਾ ਐਕਸੀਡੈਂਟ ਹੋ ਗਿਆ। ਉਹ ਕੱਲ• ਨਹੀ ਆ ਸਕੇਗਾ। ਉਸ ਦੇ ਨਾ ਜਾਣ ਕਾਰਨ ਸਿਮਰਨ ਸ਼ਰਮਾ ਵੀ ਨਰਾਜ ਹੋ ਗਈ ਅਤੇ ਉਸ ਦੇ ਫੋਨ ਸੁਣਨੇ ਹਟ ਗਈ। ਵਿਜੈ ਨੇ ਵੀ ਉਸ ਦਾ ਨੰਬਰ ਆਪਣੇ ਫੋਨ 'ਚੋਂ ਮੇਟ ਦਿੱਤਾ ਅਤੇ ਉਸ ਨੂੰ ਤਕਰੀਬਨ ਭੁੱਲ ਹੀ ਗਿਆ। 15 ਕੁ ਦਿਨਾਂ ਬਾਅਦ ਉਸ ਦਾ ਫਿਰ ਫੋਨ ਆਇਆ। ਵਿਜੈ ਨੇ ਪੁੱਛਿਆ ਕੌਣ? ਤਾਂ ਉਹ ਨਖਰੇ ਨਾਲ ਬੋਲੀ ਕੀ ਗੱਲ ਭੁੱਲ ਵੀ ਗਏ। ਅੱਛਾ ਸਿਮਰਨ। ਮੈਂ ਤਾਂ ਤੇਰਾ ਨੰਬਰ ਹੀ ਡਿਲੀਟ ਕਰ ਦਿੱਤਾ ਸੀ। ਤੇਰੀ ਉਹ ਸ਼ਰਤ ਨੀ ਮੈਂ ਪੂਰੀ ਕਰ ਸਕਦਾ। ਹੁਣ ਕੋਈ ਲੋੜ ਨਹੀਂ ਉਹ ਮੁਹਾਲੀ ਆਈ ਲੈਟਸ ਕਰਨ ਚਲਾ ਗਿਆ ਹੈ। ਮੇਰੇ ਪਤੀ ਨੇ ਇੱਕ ਹਫਤੇ ਲਈ ਕਿਤੇ ਬਾਹਰ ਜਾਣਾ ਹੈ ਫਿਰ ਭਾਵੇਂ ਮੇਰੇ ਕੋਲ ਇੱਕ ਹਫਤਾ ਰਹਿ ਪਵੀਂ। ਸੱਚ ਮੇਰੇ ਮੋਬਾਇਲ 'ਚ ਬੈਲੇਸ ਪੁਆ ਦੇ ਹੁਣੇ ਇਸ ਵਕਤ। ਇਸ ਤਰ•ਾਂ ਕਈ ਵਾਰ ਬੈਲੇਂਸ ਪੁਆਉਣ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਦਾ ਪਤੀ ਅੱਜ ਚਲਾ ਜਾਵੇਗਾ। ਤੂੰ ਕੱਲ• ਆ ਜਾਵੀਂ। ਜਦ ਅਗਲੇ ਦਿਨ ਵਿਜੈ ਜਾਣ ਲਈ ਤਿਆਰ ਹੋਇਆ ਤਾਂ ਸਿਮਰਨ ਨੇ ਕਿਹਾ ਕਿ ਉਸ ਦੇ ਦੇਵਰ ਦਾ ਫੋਨ ਆ ਗਿਆ ਹੈ ਕਿ ਉਹ ਅੱਜ ਆ ਰਿਹਾ ਹੈ। ਤੂੰ ਯਾਰ ਉਹ ਨੂੰ ਮਿਲ ਲੈ ਇੱਕ ਵਾਰ। ਮੇਰੀ ਖਾਤਿਰ ਐਨਾ ਵੀ ਨਹੀਂ ਕਰ ਸਕਦਾ। ਨਾਲੇ ਇਹ ਵੀ ਤਾਂ ਮਨੋਰੰਜਨ ਹੀਹੈ। ਪਲੀਜ਼ ਇੱਕ ਵਾਰ ਮਿਲ ਲੈ ਸ਼ਾਮ ਤਿੰਨ ਵਜੇ ਉਸ ਨਾਲ ਗੱਲ ਕਰ ਲਵੀਂ। ਫਿਰ ਉਹੀ ਸਿਲਸਿਲਾ ਸ਼ੁਰੂ ਹੋਇਆ। ਬਿੰਨੀ ਵਰਮਾ ਨੇ ਪਹਿਲਾਂ ਪਿਛਲੀ ਵਾਰ ਨਾ ਮਿਲਣ ਦਾ ਗਿਲਾ ਕੀਤਾ ਅਤੇ ਅਖੀਰ ਉਸੇ ਜਗ•ਾ ਮਿਲਣ ਲਈ ਕਿਹਾ। ਮਿੱਥੇ ਦਿਨ ਤੋਂ ਇੱਕ ਦਿਨ ਪਹਿਲਾਂ ਫਿਰ ਸਿਮਰਨ ਨੇ ਕਿਹਾ ਸਹੀ ਵਕਤ 'ਤੇ ਪਹੁੰਚ ਜਾਈਂ। ਉਸ ਨੂੰ ਖੁਸ਼ ਕਰ ਦੇਵੀਂ। ਨਹੀਂ ਤਾਂ ਫਿਰ ਆਪਣੀ ਹਮੇਸ਼ਾ ਲਈ ਟੁੱਟ ਜਾਵੇਗੀ। ਵਿਜੈ ਨੇ ਤੁਰਨ ਤੋਂ ਪਹਿਲਾਂ ਬਿੰਨੀ ਨੂੰ ਦੱਸ ਦਿੱਤਾ ਕਿ ਮੈਂ ਬੱਸ 'ਚ ਬੈਠ ਗਿਆ ਹਾਂ। ਲੁਧਿਆਣੇ ਪਹੁੰਚ ਕੇ ਉਸ ਨੇ ਪੰਨੇ ਵਾਲੀ ਬੱਸ ਫੜ• ਲਈ ਮੰਜੀ ਸਾਹਿਬ ਗੁਰਦਆਰੇ ਜਾ ਪਹੁੰਚਿਆ। ਬਿੰਨੀ ਨੇ ਕਿਹਾ ਯਾਰ ਇੱਕ ਗੱਡੀ ਆ ਗਈ ਹੈ। ਹੁਣ ਕੀ ਕਰਾਂਗੇ। ਚੱਲ ਤੂੰ ਆ ਜਾ। ਜਦ ਵਿਜੈ ਟਿੱਲੇ 'ਚ ਪਹੁੰਚਿਆ ਤਾਂ ਬਿੰਨੀ ਵਾਰ 'ਚ ਖੜ•ਾ ਸੀ। ਸਾਹਮਣੇ ਉਨਾਭੀ ਰੰਗ ਦੀ ਇੱਕ ਨਵੀਂ ਕਾਰ ਖੜ•ੀ ਸੀ। ਇਸ 'ਚ ਛੇ ਲੜਕੇ ਆਏ ਹਨ। ਇਨ•ਾਂ ਦੇ ਜਾਣ ਤੋਂ ਬਾਅਦ ਆਪਾਂ ਅੰਦਰ ਜਾਵਾਂਗੇ। ਬਿੰਨੀ ਸਾਂਵਲੇ ਜਿਹੇ ਰੰਗ ਦਾ 23-24 ਸਾਲਾ ਮੁੱਛ ਫੁੱਟ ਗੱਭਰੂ ਸੀ। ਬਿੰਨੀ ਯਾਰ ਪਿਆਸ ਬਹੁਤ ਲੱਗੀ ਹੈ। ਇੱਥੇ ਨਜ਼ਦੀਕ ਪਾਣੀ ਨਹੀਂ। ਤੂੰ ਗੁਰਦੁਆਰੇ 'ਚ ਜਾ ਕੇ ਪਾਣੀ ਪੀ ਆ, ਉਦੋਂ ਤੱਕ ਲੜਕੇ ਚਲੇ ਜਾਣਗੇ। ਮੈਂ ਫੋਨ ਕਰ ਦਿਆਂਗਾ। ਜਦ ਵਿਜੈ ਪਾਣੀ ਪੀ ਕੇ 20 ਕੁ ਮਿੰਟ ਬਾਅਦ ਵਾਪਸ ਆਇਆ ਤਾਂ ਸਾਰੇ ਨੌਜਵਾਨ ਮੁੰਡੇ ਗੁਰਦੁਆਰੇ ਵੱਲ ਦੇਖ ਰਹੇ ਸਨ। ਉਸ ਦੇ ਨੇੜੇ ਆਉਣ 'ਤੇ ਉੱਠ ਕੇ ਪਰ•ੇ ਚਲੇ ਗਏ। ਉਸ ਨੂੰ ਬਿੰਨੀ ਕਿਤੇ ਨਾ ਦਿਸਿਆ ਤਾਂ ਵਿਜੈ ਟਿੱਲੇ ਦੇ ਦੂਸਰੇ ਗੇਟ ਤੇ ਪਹੁੰਚ ਗਿਆ। ਸਾਰੇ ਲੜਕੇ ਕਾਰ ਕੋਲ ਆ ਕੇ ਤਸਵੀਰਾਂ ਖਿੱਚਣ ਲੱਗੇ, ਇੱਕ ਅਜੇ ਉੱਪਰ ਟਿੱਲੇ 'ਤੇ ਹੀ ਖੜ•ਾ ਸੀ। ਵਿਜੈ ਨੇ ਫੋਨ ਕੀਤਾ ਤਾਂ ਬਿੰਨੀ ਦੇ ਮੂਹੋਂ ਸੁਭਾਵਿਕ ਨਿਕਲਿਆ, ਇਨ•ਾਂ ਲੜਕਿਆਂ 'ਚ ਮੇਰਾ ਪਰਸਨਲ ਇੱਕ ਫਰਿੰਡ ਹੈ। ਇਸ ਲਈ ਅੱਜ ਮਿਲਣਾ ਮੁਸਕਿਲ ਹੈ। ਤੂੰ ਕਾਰ ਦੇ ਕੋਲ ਹੀ ਖੜ•ੈ? ਵਿਜੈ ਨੇ ਕਿਹਾ, ਬਿੰਨੀ ਨੇ ਆਪਣੀ ਸੁਰ ਬਦਲਦਿਆਂ ਕਿਹਾ ਨਹੀਂ ਮੈਂ ਤਾਂ ਖੰਨੇ ਪਹੁੰਚ ਗਿਆ ਹਾਂ। ਮੇਰਾ ਪਰਸਨਲ ਦੋਸਤ ਮੈਨੂੰ ਮੋਟਰ ਸਾਈਕਲ 'ਤੇ ਆ ਕੇ ਲੈ ਗਿਆ। ਤੂੰ ਅਗਲੇ ਹਫਤੇ ਮੇਰੇ ਘਰ ਆ ਕੇ ਰਾਤ ਰਹੀਂ। ਮੇਰਾ ਵੱਖਰਾ ਕਮਰਾ ਹੈ। ਹੁਣ ਇਉਂ ਕਰ ਗੁਰਦਆਰੇ 'ਚ ਜਾ ਕੇ ਲੰਗਰ ਛਕ ਲੈ। ਆਪਾਂ ਜਲਦੀ ਅਗਲਾ ਪ੍ਰੋਗਰਾਮ ਬਣਾਵਾਂਗੇ। ਪਰ ਘਰੇ ਤੇਰਾ ਭਰਾ ਭਰਜਾਈ? ਨਹੀਂ ਉਹ ਕੁਝ ਨਹੀਂ ਕਹਿੰਦੇ। ਸਿਮਰਨ ਨੇ ਇੱਕ ਵਾਰ ਵਿਜੈ ਨੂੰ ਕਿਹਾ ਸੀ ਕਿ ਬਿੰਨੀ ਦੇ ਪੰਜ ਛੇ ਦੋਸਤ ਹਨ। ਉਹ ਸਾਰੇ ਹੀ ਇਹਦੇ ਵਾਲਾ ਕੰਮ ਕਰਦੇ ਹਨ ਅਤੇ ਜਿੱਥੇ ਜਾਂਦੇ ਹਨ ਇਕੱਠੇ ਹੀ ਜਾਂਦੇ ਹਨ। ਵਿਜੈ ਬੱਸ 'ਚ ਬੈਠ ਕੇ ਸੋਚਣ ਲੱਗਾ ਕਿ ਹੁਣੇ ਸਿਮਰਨ ਸ਼ਰਮਾ ਫੋਨ ਕਰਕੇ ਪੁਛੇਗੀ ਕਿ ਮਿਲਣੀ ਕਿਹੋ ਜਿਹੀ ਰਹੀ। ਅਸਲ 'ਚ ਸਿਮਰਨ ਤੇ ਬਿੰਨੀ ਦੀ ਆਵਾਜ ਬਿਲਕੁੱਲ ਇਕੋ ਜਿਹੀ ਸੀ ਅਤੇ ਬੋਲਣ ਦਾ ਲਹਿਜਾ ਵੀ ਇੱਕੋ ਜਿਹਾ। ਫਰਕ ਸੀ ਤਾਂ ਸਿਰਫ ਇਹ ਕਿ ਉਹ ਪੰਜਾਬੀ ਬੋਲਦੀ ਸੀ ਤੇ ਬਿੰਨੀ ਹਿੰਦੀ। ਉਹ ਬਿੰਨੀ ਨਾਲ ਸਬੰਧ ਬਣਾਉਣ ਤੇ ਐਨਾ ਜੋਰ ਕਿਉਂ ਲਾਉਂਦੀ ਸੀ? ਇੱਕ ਦਮ ਵਿਜੈ ਨੂੰ ਜਿਵੇਂ ਚਾਨਣ ਹੋ ਗਿਆ ਅਤੇ ਉਸ ਨੇ ਮਨ ਹੀ ਮਨ ਕਿਹਾ ਵਾਹ ਨੀ ਸਿਮਰਨ ਸ਼ਰਮਾ! ਵਾਹ ਓਇ ਵਿਜੈ ਕਮਲਿਆ। ਇਹ ਤਾਂ ਬਿੰਨੀ ਵਰਮਾ ਹੀ ਸਿਮਰਨ ਸ਼ਰਮਾ ਦਾ ਰੋਲ ਕਰ ਰਿਹਾ ਸੀ। ਉਸ ਨੇ ਝੱਟ ਮੋਬਾਇਲ ਕੱਢਿਆ ਅਤੇ ਸਿਮਰਨ ਸ਼ਰਮਾ ਉਰਫ ਬਿੰਨੀ ਵਰਮਾ ਦਾ ਨੰਬਰ ਡਿਲੀਟ ਕਰ ਦਿੱਤਾ।

ਤੀਰਥ ਇਸ਼ਨਾਨ

ਕਹਾਣੀ
ਅਮਰਜੀਤ ਢਿੱਲੋਂ
ਜ਼ੈਲਦਾਰ ਪਾਖਰ ਸਿਹੁੰ ਤਲਾਅ ਦੇ ਕੰਢੇ ਨਗਨ ਅਵਸਥਾ ਵਿੱਚ ਖੜ•ਾ ਸੀ। ਇੱਕ ਮੈਲੀ ਜਿਹੀ ਚਾਦਰ ਉਸ ਦੇ ਲੱਕ ਦੁਆਲੇ ਲਪੇਟੀ ਹੋਈ ਸੀ। ਕਿਉਂ ਨਾ ਤਲਾਅ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਵਾਂ? ਉਹ ਬਾਰ-ਬਾਰ ਸੋਚਦਾ। ਇਹੋ ਜਿਹੀ ਸ਼ਰਮਨਾਕ ਘਟਨਾ ਤੋਂ ਬਾਅਦ ਹੁਣ ਜਿਉਣ ਲਈ ਰਹਿ ਵੀ ਕੀ ਗਿਆ ਸੀ। ਪਰ ਧੀਆਂ ਪੁੱਤਾਂ ਤੇ ਪੋਤਰੀਆਂ ਪੋਤਰਿਆਂ ਦਾ ਖਿਆਲ ਆਉਂਦਿਆਂ ਹੀ ਉਹ ਦੇ ਕਦਮ ਰੁਕ ਜਾਂਦੇ। ਲੱਖਾਂ ਦੀ ਇਸ ਭੀੜ 'ਚ ਉਹ ਬਿਲਕੁਲ ਇਕੱਲਾ ਸੀ। ਅਚਾਨਕ ਕੁਝ ਜਾਣੇ ਪਹਿਚਾਣੇ ਬੋਲ ਉਸ ਦੇ ਕੰਨੀ ਪਏ। ਉਹ ਆ ਰਹੇ ਪਿੰਡ ਦੇ ਲੋਕਾਂ ਵੱਲ ਡੌਰ-ਭੌਰ ਹੋਇਆ ਝਾਕੀ ਗਿਆ। ਪਿੰਡ ਦੇ ਲੋਕ ਉਸ ਨੂੰ ਧਰਮਸ਼ਾਲਾ 'ਚ ਲੈ ਗਏ। ਮੈਨੂੰ ਕਿਸੇ ਕੁਝ ਸੁੰਘਾ ਦਿੱਤਾ ਸੀ ਬਾਈ ਮੇਰਾ ਮੋਬਾਇਲ, ਸੋਨੇ ਦੀ ਚੈਨੀ, 20 ਹਜ਼ਾਰ ਰੁਪਏ ਅਤੇ ਕੱਪੜੇ ਸਭ ਲੁਟੇਰੇ ਲੈ ਗਏ। ਪਾਖਰ ਸਿਹੁੰ ਮਸਾਂ ਹੀ ਐਨਾ ਕਹਿ ਸਕਿਆ। ਪਿੰਡ ਵਾਲਿਆਂ ਨੇ ਉਸ ਨੂੰ ਕੱਪੜੇ ਪਾਉਣ ਲਈ ਦਿੱਤੇ। ਚਾਹ ਨਾਲ ਬਿਸਕੁਟ ਖਾ ਕੇ ਉਹ ਕੰਬਲ ਦੀ ਬੁੱਕਲ ਮਾਰ ਕੇ ਇੱਕ ਪਾਸੇ ਟੇਢਾ ਜਿਹਾ ਹੋ ਗਿਆ। ਅਤੀਤ ਉਸ ਦੇ ਮਨ 'ਚ ਫਿਲਮ ਦੀ ਰੀਲ ਵਾਂਗ ਘੁੰਮ ਗਿਆ। ਜ਼ੈਲਦਾਰ ਪਾਖਰ ਸਿਹੁੰ ਮੁੱਢ ਤੋਂ ਹੀ ਸ਼ਰਾਬ ਅਤੇ ਕਬਾਬ ਦਾ ਸ਼ੌਕੀਨ ਸੀ। ਕਬਾਬ (ਮਾਸ) ਪੱਕਾ ਭਾਵੇਂ ਨਾ ਮਿਲੇ ਪਰ ਕੱਚਾ ਤਾਂ ਲੱਭ ਹੀ ਲੈਂਦਾ ਸੀ। ਖੁੱਲ•ੀ ਜਾਇਦਾਦ ਅਤੇ ਘਰ ਦਾ ਮੁਖੀ ਹੋਣ ਕਾਰਨ ਉਸ ਨੂੰ ਪੈਸੇ ਦੀ ਕੋਈ ਤੋਟ ਨਹੀਂ ਸੀ। ਉਂਝ ਉਹ ਕਿਸੇ ਲੋੜਵੰਦ ਜਾਂ ਦੋਸਤ ਨੂੰ ਫੁੱਟੀ ਕੌਡੀ ਵੀ ਨਹੀਂ ਸੀ ਦਿੰਦਾ। ਨਾ ਹੀ ਸਮਾਜਿਕ ਕੰਮਾਂ 'ਚ ਕੋਈ ਯੋਗਦਾਨ ਪਾਉਂਦਾ ਸੀ ਪਰ ਕਬਾਬ ਸ਼ਬਾਬ 'ਤੇ ਖਰਚ ਕਰਨ ਵੇਲੇ ਪਰਵਾਹ ਨਹੀਂ ਸੀ ਕਰਦਾ। ਭਾਵੇਂ ਹੁਣ ਕਈ ਸਾਲਾਂ ਤੋਂ ਉਸ ਦੀ ਜੀਵਨ ਸਾਥਣ ਨਹੀਂ ਸੀ ਰਹੀ, ਪਰ ਉਸ ਦੇ ਹੁੰਦੇ ਵੀ ਉਹ ਹਰੀਆਂ ਅੰਗੂਰੀਆਂ ਹੀ ਚਰਦਾ ਰਿਹਾ ਸੀ। ਜਦ ਅੱਧੀ ਰਾਤ ਤੱਕ ਘਰ ਨਾ ਆਉਂਦਾ ਤਾਂ ਉਸ ਦੀ ਬੁੱਢੀ ਮਾਂ ਉਸ ਨੂੰ ਭਾਲ ਦੀ ਫਿਰਦੀ। ਤੀਹ ਸਾਲ ਪਹਿਲਾਂ ਜਦ ਉਹ ਵੀ ਤੀਹਾਂ ਕੁ ਸਾਲਾਂ ਦਾ ਭਰ ਜਵਾਨ ਸੀ ਤਾਂ ਨਰਮਾ ਚੁਗਣ ਆਈਆਂ ਚੋਣੀਆਂ 'ਚੋਂ ਇੱਕ ਮੁਟਿਆਰ 'ਤੇ ਉਸ ਦਾ ਦਿਲ ਆ ਗਿਆ। ਉਹ ਸਾਰਾ ਸਾਰਾ ਦਿਨ ਉਸ ਦੇ ਨਾਲ ਨਰਮਾ ਚੁਗਦਾ ਠਰਕ ਭੋਰੀ ਜਾਂਦਾ। ਫਿਰ ਉਸ ਨੇ ਕੁੜੀ ਦੇ ਘਰ ਜਾ ਕੇ ਉਸ ਦੇ ਪਿਓ ਨੂੰ ਦਾਰੂ ਦੀ ਚਾਟ 'ਤੇ ਲਾ ਲਿਆ। ਉਸ ਨੂੰ ਲੰਡੇ ਜਿਹੇ ਪੈੱਗ ਪਾ ਕੇ ਉਹ ਜਲਦੀ ਹੀ ਸ਼ਰਾਬੀ ਕਰ ਦਿੰਦਾ ਅਤੇ ਫਿਰ ਹੱਡਾਂ ਰੋੜੀ ਦੇ ਕੁੱਤੇ ਵਾਂਗ ਕੱਚਾ ਮਾਸ ਢੂੰਡਦਾ ਰਹਿੰਦਾ। ਮਹੀਨੇ ਕੁ ਬਾਅਦ ਇੱਕ ਦਿਨ ਸਾਰੇ ਪਿੰਡ 'ਚ ਲਾ ਲਾ ਹੋ ਗਈ। ਲੋਕ ਇੱਕ ਦੂਜੇ ਨੂੰ ਮਸਾਲਾ ਲਾ ਲਾ ਸੁਣਾਉਂਣ ਲੱਗੇ। ਬਾਈ ਸਿਹਾਂ ਰਾਤ ਤਾਂ ਖਿਲ ਬਿਲੀਆਂ ਹੋ ਗਈਆਂ ਖਿਲਬਿਲੀਆਂ। ਜ਼ੈਲਦਾਰ ਪਾਖਰ ਸਿੰਹੁ ਚਾਨਣ ਮੱਲ ਦੇ ਘਰੋਂ ਨੰਗਾ ਭੱਜ ਕੇ ਆਇਐ ਜਮਾਂ ਨੰਗਾ! ਹੋਇਆ ਕੀ, ਦੂਜਾ ਪੁੱਛਦਾ। ਹੋਣਾ ਕੀ ਸੀ ਰੋਜ ਵਾਲਾ ਕਿੱਤਾ ਕਰੀ ਜਾਂਦਾ ਸੀ ਕਿ ਚਾਨਣ ਮੱਲ ਦਾ ਭਰਾ ਖਜ਼ਾਨ ਆ ਗਿਆ। ਉਸ ਨੇ ਨੰਗੇ ਪਏ ਦੇ ਡਾਗਾਂ ਵਰ•ਾ ਤੀਆਂ। ਮਿਰਜ਼ਾ ਆਪਣੇ ਕੱਪੜੇ, ਲੋਈ ਅਤੇ ਬਾਟਾ ਦੇ ਬੂਟ ਛੱਡ ਕੇ ਭੱਜ ਆਇਆ। ਕਹਿੰਦੇ ਆਪਣੇ ਸੀਰੀ ਤੋਂ ਚਾਦਰ ਲੈ ਕੇ ਗਿਐ ਘਰੇ ਰਾਤ ਨੂੰ। ਜੇ ਕੋਈ ਮਸਖਰਾ ਪੁੱਛ ਲੈਂਦਾ ਜ਼ੈਲਦਾਰਾਂ! ਬਾਟਾ ਦੇ ਬੂਟ ਨੀ ਪਾਏ ਦੇਖੇ ਹੁਣ ਕਦੇ? ਤਾਂ ਪਾਖਰ ਸਿਹੁੰ ਹੀਂ ਹੀਂ ਕਰਕੇ ਖਚਰੀ ਹਾਸੀ ਹੱਸਦਾ। ਖੁੱਲ• ਕੇ ਤਾਂ ਉਹ ਵੈਸੇ ਵੀ ਨਹੀਂ ਸੀ ਹੱਸਦਾ। ਬੱਸ ਮੂੰਹ ਬੰਦ ਕਰਕੇ ਹੀਂ ਹੀਂ ਹੀਂ ਕਰਦਾ। ਪਿੰਡ 'ਚ ਕਈਆਂ ਨੇ ਉਸ ਦਾ ਨਾਂਅ ਹੀਂ ਹੀਂ ਕਈਆਂ ਨੇ ਬਗਲਾ ਅਤੇ ਕਈਆਂ ਨੇ ਲੂੰਬੜ ਰੱਖਿਆ ਹੋਇਆ ਸੀ। ਜੋ ਕੰਮ ਕਰਨਾ ਹੋਵੇ ਚੁੱਪ ਕਰਕੇ ਕਰੀਏ, ਐਵੇਂ ਬਾਂ ਬਾਂ ਨਹੀਂ ਕਰੀਦੀ ਹੁੰਦੀ। ਉਹ ਅਕਸਰ ਨਾਲਦਿਆਂ ਨੂੰ ਮੱਤਾਂ ਦਿੰਦਾ। ਉਹ ਪਿਓ ਪੁੱਤ ਘਰੇ ਸ਼ਰਾਬ ਦਾ ਡਰੰਮ ਕੱਢਦੇ, ਤਾਂ ਮਜਾਲ ਕੀ ਉਨ•ਾਂ ਦੇ ਸੀਰੀ ਨੂੰ ਵੀ ਪਤਾ ਲੱਗ ਜਾਵੇ। ਹੁਣ ਤਾਂ ਵੱਡਾ ਮੁੰਡਾ ਵੀ ਉਸ ਦੇ ਨਕਸ਼ੇ ਕਦਮ 'ਤੇ ਚੱਲ ਪਿਆ ਸੀ। ਕਈ ਵਾਰੀ ਦੋਵਾਂ ਪਿਓ ਪੁੱਤਾਂ ਦੀ ਸਵਾਰੀ ਵੀ ਇੱਕੋ ਹੁੰਦੀ। ਤੀਰਥ ਅਸਥਾਨ 'ਤੇ ਅੱਜ ਫਿਰ ਨੰਗਾ ਭੱਜਣ ਕਾਰਨ ਜ਼ੈਲਦਾਰ ਪਾਖਰ ਸਿਹੁੰ ਦੀ ਤੀਹ ਸਾਲ ਵਾਲੀ ਘਟਨਾ ਫਿਰ ਤਾਜ਼ੀ ਹੋ ਗਈ ਸੀ। ਪਿਛਲੇ ਕਈ ਸਾਲਾਂ ਤੋਂ ਉਸ ਦੀ ਨੇੜਲੇ ਪਿੰਡ ਦੀ ਇੱਕ ਵਿਧਵਾ ਪੰਚਾਇਤ ਮੈਂਬਰ ਨਾਲ ਨੇੜਤਾ ਹੋ ਗਈ ਸੀ। ਇਸ ਮੈਂਬਰਨੀ ਦੇ ਦੋ ਲੜਕੇ ਸਨ। ਦੋਵੇਂ ਹੀ ਪੂਰੇ ਉਲੱਥ। ਇੱਕ ਤਾਂ ਜਨਾਨੀ ਬਾਜ਼ੀ ਅਤੇ ਚੋਰੀ ਦੇ ਕੇਸ 'ਚ ਕਈ ਸਾਲਾਂ ਤੋਂ ਜੇਲ• ਵਿੱਚ ਸੀ। ਛੋਟਾ ਪਿੰਡ 'ਚ ਹੀ ਮੋਬਾਇਲਾਂ ਦੀ ਦੁਕਾਨ ਕਰਦਾ ਸੀ। ਪਾਖਰ ਸਿਹੁੰ ਛੋਟੇ ਮੁੰਡੇ ਨੂੰ ਆਪਣੇ ਹੱਥ ਹੇਠ ਰੱਖਦਾ ਅਤੇ ਮੈਂਬਰਨੀ ਕੋਲ ਜਾ ਕੇ ਆਪਣੀ ਹਵਸ ਪੂਰੀ ਕਰ ਆਉਂਦਾ। ਪਰ ਹੁਣ ਕਈ ਦਿਨਾਂ ਦੇ ਹਾਲਾਤ ਵਿਗੜ ਗਏ ਸਨ। ਵੱਡਾ ਮੁੰਡਾ ਜੇਲ• 'ਚੋਂ ਬਾਹਰ ਆ ਗਿਆ ਸੀ। ਉਸ ਨੇ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਜ਼ੈਲਦਾਰ ਨੂੰ ਘਰੇ ਆਉਣਾ ਬੰਦ ਕਰ ਦੇ। ਮੈਂਬਰਨੀ ਨੇ ਕਈ ਵਾਰ ਜ਼ੈਲਦਾਰ ਨੂੰ ਕਿਹਾ ਵੀ ਪਰ ਉਹ ਹੋਊ ਪਰ•ੇ ਕਹਿ ਛੱਡਦਾ। ਵੱਡਾ ਮੁੰਡਾ ਕਚੀਚੀਆਂ ਵੱਟਦਾ ਉਸ ਕੋਲ ਦੀ ਲੰਘ ਜਾਂਦਾ।
ਰਾਤ ਦੀ ਘਟਨਾ ਯਾਦ ਕਰਕੇ ਉਸ ਨੂੰ ਫਿਰ ਜਿਵੇਂ ਕਾਂਬਾ ਛਿੜ ਗਿਆ। ਇਸ ਤੀਰਥ ਅਸਥਾਨ 'ਤੇ ਮੈਂਬਰਨੀ ਦੇ ਕਹਿਣ 'ਤੇ ਹੀ ਆਇਆ ਸੀ। ਉਨ•ਾਂ ਭੀੜ ਤੋਂ ਪਾਸੇ ਇੱਕ ਟੈਂਟ ਕਿਰਾਏ 'ਤੇ ਲੈ ਲਿਆ। ਜ਼ੈਲਦਾਰ ਨੇ ਅਜੇ ਕੱਪੜੇ ਉਤਾਰੇ ਹੀ ਸਨ ਕਿ ਦੋ ਮੁੰਡੇ ਅਚਾਨਕ ਅੰਦਰ ਵੜ ਕੇ ਉਸ 'ਤੇ ਟੁੱਟ ਪਏ। ਆਪਣੇ ਨਾਲ ਹੋਈ ਜੱਗੋਂ ਤੇਰਵੀਂ ਯਾਦ ਕਰਕੇ ਉਸ ਦਾ ਲੂੰ ਲੂੰ ਕੰਬਣ ਲੱਗ ਪਿਆ। ਉਹ ਮੁੰਡਿਆਂ ਤੋਂ ਛੁੱਟ ਕੇ ਨੰਗ ਧੜੰਗਾ ਹੀ ਮੇਲੇ 'ਚ ਭੱਜ ਪਿਆ ਸੀ। ਫਿਰ ਕੋਈ ਪੁਰਾਣੀ ਜਿਹੀ ਚਾਦਰ ਤੇੜ ਲਪੇਟ ਕੇ ਉਸ ਨੇ ਸਾਧਾਂ ਦੇ ਇੱਕ ਧੂਣੇ 'ਤੇ ਹੀ ਸਾਰੀ ਰਾਤ ਗੁਜ਼ਾਰੀ ਸੀ। “ਜ਼ੈਲਦਾਰਾ! ਤੂੰ ਯਾਰ ਕੱਲਾ ਹੀ ਆ ਗਿਆ, ਸਾਡੇ ਨਾਲ ਆ ਜਾਂਦਾ”। ਕਿਸੇ ਨੇ ਝੰਜੋੜ ਕਿ ਪੁੱਛਿਆ ਤਾਂ ਉਹ ਮਸਾਂ ਹੀ ਬੋਲਿਆ, ਬੱਸ ਯਾਰ ਮੈਂ ਸੋਚਿਆਂ ਤੀਰਥ ਅਸ਼ਨਾਨ ਕਰਨ ਬੰਦਾ ਇਕੱਲਾ ਹੀ ਜਾਵੇ ਤਾਂ ਜ਼ਿਆਦਾ ਪੁੰਨ ਲੱਗਦੈ ਹੀਂ ਹੀਂ ਹੀਂ ਕਰਕੇ ਉਸ ਨੇ ਹੱਸਣ ਦੀ ਕੋਸ਼ਿਸ਼ ਕੀਤੀ, ਪਰ ਉਸ ਤੋਂ ਹੱਸਿਆ ਨਾ ਗਿਆ।
ਦਬੜ•ੀਖਾਨਾ (ਫਰੀਦਕੋਟ)
ਮੋਬਾਇਲ 94171-20427