Monday, June 27, 2011

ਕਵੀ-ਓ ਵਾਚ 27-6-11

ਕਵੀ-ਓ ਵਾਚ 27-6-11
ਬੜੀ ਮਹਿੰਗਾਈ ਹੈ ਸ਼ਾਮ ਨੂੰ ਨਾ ਜਾਈਏ ਬਣ ਕੇ ਕਿਸੇ ਦੇ ਵੀ ਐਵੇਂ ਵਟਾਊ ਮੀਆਂ।
ਅੱਖਰ ਲਈ ਫਿਰਦੇ ਨੇ ਬਸਤੀ ਮੂਰਿਆਂ ਦੀ ਦਾਨਿਸ਼ਵਰਾਂ ਨੂੰ ਇਥੇ ਕੀ ਥਿਆਊ ਮੀਆਂ।
ਦਿਨਕੱਟੀਆਂ ਨੇਤਾ ਜੀ ਕਰਨ ਲੁਕ ਕੇ ਪਰ ਭਾਸ਼ਣ ਦੇਂਵਦੇ ਨੇ ਬੜੇ ਭੜਕਾਊ ਮੀਆਂ।
ਤੂੰ ਹੇਰਾਫੇਰੀਆਂ ਲੱਖ ਕਰੋੜ ਕਰ ਲੈ ਆਖਿਰ ਤੈਨੂੰ ਇਹ ਤੇਰਾ ਹੀ ਭੂਤ ਡਰਾਊ ਮੀਆਂ।

2 ਇਕਸੁਰਤਾ
ਇਕਸੁਰਤਾ ਜਦੋਂ ਹੈ ਗੁਆਚ ਜਾਂਦੀ ਤੇਰੀ ਆਪਣੇ ਹੀ ਨਾਲ ਵਿਚਾਰ ਅੜਿਆ।
ਤੁਸੀਂ ਖੋਹਲਦੇ ਹੋ ਉਦੋਂ ਜ਼ੁਬਾਨ ਤਾਈਂ ਬੋਲਣ ਲਈ ਹੋ ਜਾਂਵਦੇ ਤਿਆਰ ਅੜਿਆ।
ਤੇਰੇ ਸਾਹਵੇਂ ਖ਼ਾਮੋਸ਼ੀ, ਇਕੱਲ ਹੈ ਦਿੰਦੀ ਨੰਗਾ ਆਪਾ ਹੈ ਤੇਰਾ ਖਲਿਹਾਰ ਅੜਿਆ ।
ਉਜਲੇ ਸ਼ੀਸ਼ੇ ਦੇ ਸਨਮੁਖ ਖੜ• ਸਖ਼ਸ਼ ਕਿਹੜਾ ਕਰੇ ਖ਼ੁਦ ਨਾਲ ਅਖਾਂ ਚਾਰ ਅੜਿਆ।
3ਗਿਲਾਨੀ
ਨਫ਼ਰਤ ਅਤੇ ਗਿਲਾਨੀ ਵਿਚ ਫਰਕ ਹੁੰਦਾ ਕੁਝ ਲੋਕਾਂ ਨੂੰ ਦੇਖ ਕੇ ਹੈ ਘਿਣ ਹੁੰਦੀ।
ਕੁਝ ਲੋਕਾਂ ਦਾ ਆਚਰਣ ਹੁੰਦਾ ਇਸ ਤਰਾਂ ਦਾ ਜਿਵੇਂ ਮੱਖੀਆਂ ਦੀ ਭਿਣ ਭਿਣ ਹੁੰਦੀ।
ਮਿਆਰ ਦੁਸ਼ਮਣੀ ਦੇ ਹੁੰਦੇ ਨੇ ਬਹੁਤ ਉਚੇ ਸੱਚੀ ਦੁਸ਼ਮਣੀ ਹੈ ਜਿਵੇਂ ਕਿਣਮਿਣ ਹੁੰਦੀ।
ਝੂਠੀ ਮਿਤਰਤਾ ਹੈ ਸਾਡੇ ਚੁਫੇਰ ਪਸਰੀ ਸੱਚੀ ਦੁਸ਼ਮਣੀ ਤਾਂ ਕਦੇ ਕਦੇ ਪਲ ਛਿਣ ਹੁੰਦੀ ।
4ਬਹਾਦਰ ਮਨੁੱਖ
ਸਿੱਧਾ ਜ਼ਿੰਦਗੀ ਦੇ ਨਾਲ ਮਿਲਾ ਕੇ ਅੱਖਾਂ ਇਹ ਬੰਦਾ ਦਿੰਦਾ ਹੈ ਜਦੋਂ ਲਲਕਾਰ ਬੇਲੀ।
ਨਿੱਕੇ ਬੰਦੇ ਤਾਈਂ ਵਾਹਣੀ ਪਾਈ ਫਿਰਦੀ ਇਹ ਜ਼ਿੰਦਗੀ ਮੰਨ ਜਾਂਦੀ ਉਦੋਂ ਹਾਰ ਬੇਲੀ।
ਬਹਾਦਰ ਮਨੁੱਖ ਤਾਈਂ ਚਾਹੀਦਾ ਹੈ ਪਤਾ ਹੋਣਾ ਚੁੱਕਣੀ ਕਿਸ ਦੇ ਲਈ ਤਲਵਾਰ ਬੇਲੀ।
ਸੱਚੀ ਨਫ਼ਰਤ ਦੇ ਕਾਬਿਲ ਨਾ ਮਿਲੇ ਜਦ ਕੋਈ ਤਾਂ ਦੱਬ ਆਪਣੇ ਦਿਓ ਹਥਿਆਰ ਬੇਲੀ।
5 ਆਪਣਾ ਉਲੂ
Ñਲਗਦੈ ਭੇਤ ਜ਼ਮਾਨੇ ਦਾ ਪਾ ਲਿਆ ਤੂੰ ਤਾਹੀਏਂ ਹੋ ਗਿਐਂ ਬੜਾ ਮੋਹ ਤੋੜ ਯਾਰਾ।
ਮਿੱਠੇ ਮੂੰਹਾਂ ਦੇ ਨੇ ਮਤਲਬ -ਪ੍ਰਸਤ ਇਥੇ ਜੋ ਰਖਦੇ ਦਿਲਾਂ ਦੇ ਵਿਚ ਘਰੋੜ ਯਾਰਾ।
ਜਿੱਥੇ ਜਰਾ ਜਿੰਨੀ ਉਹਨਾਂ ਨੂੰ ਥਾਂ ਮਿਲਜੇ ਦਿੰਦੇ ਉਹ ਆਪਣਾ ਉਲੂ ਘਸੋੜ ਯਾਰਾ।
ਜੀਹਨੂੰ ਜੀਣ ਦਾ ਇਥੇ ਨੀ ਢੰਗ ਆਉਂਦਾ ਦੁਨੀਆਂ ਦਿੰਦੀ ਹੈ ਉਹਨੂੰ ਮਰੋੜ ਯਾਰਾ।
6ਮਹਿਕ ਚੁੰਮਣ
ਮੇਰੀ ਮਹਿਕ ਚੁਮਣ ਦੇਹ ਕੰਡਿਆਂ ਨੂੰ ਫੁੱਲ ਕਹਿੰਦਾ ਹੈ ਪਹਿਲਾਂ ਮੁਰਝਾਉਣ ਤੋਂ ਨੀ।
ਇਸ ਤਰਾਂ ਤਾਂ ਹੈ ਦੋਸਤੀ ਟੁੱਟ ਜਾਂਦੀ ਕਿਉਂ ਲੋਕ ਡਰਦੇ ਨਹੀਂ ਅਜ਼ਮਾਉਣ ਤੋਂ ਨੀ।
ਖੀਸਾ ਅਕਲ ਦਾ ਕੱਟਿਆ ਜਾਂਵਦਾ ਹੈ ਥੁੜਿ•ਆ ਕੀ ਹੈ ਤੀਰਥੀਂ ਨਹਾਉਣ ਤੋਂ ਨੀ।
ਜਿਹੜਾ ਬੰਦਾ ਨਹੀਂ ਕਿਸੇ ਦੇ ਕੰਮ ਆਉਂਦਾ ਲੈਣਾ ਕੀ ਕਿਸੇ ਉਸਦੇ ਜਿਉਣ ਤੋਂ ਨੀ।
7ਸੋਲਾਂ ਦੂਣੀ ਅੱਠ
ਪੜਿ•ਆ ਪੁਤ ਪਟਵਾਰੀ ਦਾ ਦੇਖ ਕਿੱਦਾਂ ਸੋਲਾਂ ਦੂਣੀ ਨੂੰ ਆਖਦਾ ਅੱਠ ਅੜੀਏ।
ਲੋਕਰਾਜ ਦਾ ਅਰਥ ਹੈ ਮੱਝ ਉਹਦੀ ਜੀਹਦੇ ਹੱਥ ਵਿਚ ਹੈ ਸੋਨੇ ਦੀ ਲੱਠ ਅੜੀਏ।
ਵਰਗਲਾਈਆਂ ਸਾਡੀਆਂ ਭਾਵਨਾਵਾਂ ਦਿਸਦਾ ਡੇਰਿਆਂ 'ਤੇ ਜੋ ਹੈ 'ਕੱਠ ਅੜੀਏ।
ਵਿਹਲੜ ਲੋਕਾਂ ਨੇ ਹੈ ਇਹ ਸ਼ੈਤਾਨ ਘੜਿਆ ਤੂੰ ਕੀ ਕਰੇਂਗੀ ਪੂਜਕੇ ਮੱਠ ਅੜੀਏ।
8ਕਿਸਮਤਵਾਦੀ
ਅਸੀਂ ਲੋਕ ਹਾਂ ਭਾਗਾਂ ਨੂੰ ਮੰਨਣ ਵਾਲੇ ਇਸੇ ਲਈ ਹੀ ਬੜੇ ਅਭਾਗੇ ਹਾਂ ਜੀ ।
ਹਨੇਰਾ ਰਸਮ ਰਿਵਾਜ ਦਾ ਰਹੇ ਢੋਂਦੇ ਪਾਈ ਫਿਰਦੇ ਗਲਾਂ ਵਿਚ ਧਾਗੇ ਹਾਂ ਜੀ।
ਜੀਂਦੇ ਅਜੇ ਵੀ ਪੰਦਰਵੀਂ ਸਦੀ ਦੇ ਵਿਚ ਪਹੁੰਚੇ ਬਾਈਵੀਂ ਸਦੀ ਲਾਗੇ ਹਾਂ ਜੀ।
ਜਦੋਂ ਚਿੜੀਆਂ ਚੁਗ ਗਈਆਂ ਖੇਤ ਸਾਰਾ ਅੱਖਾਂ ਮਲਦੇ ਮਸਾਂ ਹੀ ਜਾਗੇ ਹਾਂ ਜੀ।
9ਕਵੀ ਓ ਵਾਚ
ਬੰਜਰ ਦੇਖ ਕੇ ਤੇ ਧਰਤ ਉਦਾਸ ਨਾ ਹੋ ਮਿੱਟੀ ਹੈ ਇਹ ਬੜੀ ਉਪਜਾਊ ਮੀਆਂ।
ਉਸ ਪਿੰਡ ਵਿਚ ਰਹਿਣ ਦਾ ਹੱਜ ਕੀ ਏ ਜਿਥੇ ਹੋਵੇ ਪੰਚਾਇਤ ਨਾ ਸਾਊ ਮੀਆਂ।
ਹੋੜ• ਲੱਗੀ ਹੈ ਮੌਕਾਪ੍ਰਸਤੀਆਂ ਦੀ ਇਥੇ ਸਰਕਾਰ ਹੋਵੇਗੀ ਕਿਵੇਂ ਟਿਕਾਊ ਮੀਆਂ।
ਜਿਸਨੇ ਸਿਖਿਆ ਨੀ ਕੁਝ ਵੀ ਜ਼ਿੰਦਗੀ ਤੋਂ ਉਹਨੂੰ ਹੋਰ ਕੋਈ ਕੀ ਸਮਝਾਊ ਮੀਆਂ।
10ਆਦਮਖੋਰ
ਕੁੱਤੀ ਭੌਂਕਦੀ ਡੇਰੇ ਵਿਚ ਸਾਧਨੀ ਦੇ ਤੁਰੇ ਸਿਖਰ ਦੁਪਹਿਰੇ ਹਨ ਚੋਰ ਫਿਰਦੇ।
ਚੋਣਾਂ ਵੇਲੇ ਸੀ ਕਰਦੇ ਬੜੇ ਵਾਅਦੇ ਹੋਏੇ ਸੱਜਣ ਨੇ ਉਹ ਬੜੇ ਮੂੰਹ ਜੋਰ ਫਿਰਦੇ।
ਚੀਕਾਂ ਕੰਧਾਂ ਸਲ•ਾਬੀਆਂ ਚੂਸ ਜਾਵਣ ਇਹ ਲੋਕ ਕਹਿਕਹੇ ਲਈ ਕਠੋਰ ਫਿਰਦੇ।
ਰਹਿਣ ਲੱਗ ਪਏ ਆਦਮੀ ਜੰਗਲਾਂ 'ਚ, ਹਨ ਬਸਤੀਆਂ ਵਿਚ ਆਦਮਖੋਰ ਫਿਰਦੇ।

No comments:

Post a Comment