Wednesday, May 26, 2010

ਲਫ਼ਜ਼ਾਂ ਦੇ ਤੀਰ ਚਲਾਉਣ ਵਾਲਾ ਮਸਤ ਮੌਲਾ ਸ਼ਾਇਰ ਅਮਰਜੀਤ ਢਿੱਲੋਂ

ਅਮਰਜੀਤ ਢਿੱਲੋ ਦੀ ਨਵੀਂ ਆਈ ਕਾਵਿ ਵਿਅੰਗ ਪੁਸਤਕ “ਲਫ਼ਜ਼ਾਂ ਦੇ ਤੀਰ” ਕਾਰਨ ਉਹ ਅੱਜ ਕੱਲ• ਚਰਚਾ ਵਿੱਚ ਹੈ। ਇਸ ਤੋਂ ਪਹਿਲਾਂ ਵੀ ਉਸ ਦੀਆਂ ਕਵਿਤਾ ਦੀਆਂ ਪੰਜ ਪੁਸਤਕਾਂ ਛਪ ਚੁੱਕੀਆਂ ਹਨ। ਢਿੱਲੋਂ ਨੂੰ ਮੈਂ 1977 ਤੋਂ ਜਾਣਦਾ ਹਾਂ। ਜਦੋਂ ਮੈਂ ਪਿੰਡ ਥਾਂਦੇਵਾਲਾ ਵਿਖੇ ਰਹਿ ਕੇ ਮੁਕਤਸਰ ਕਾਲਜ ਵਿੱਚ ਪੜਿ•ਆ ਕਰਦਾ ਸਾਂ। ਢਿੱਲੋਂ ਛੋਟੀ ਜਿਹੀ ਉਮਰ ਵਿੱਚ ਹੀ ਬਤੌਰ ਮੈਡੀਕਲ ਪ੍ਰੈਕਟੀਸ਼ਨਰ ਪ੍ਰੈਕਟਿਸ ਕਰਿਆ ਕਰਦਾ ਸੀ। ਥਾਂਦੇਵਾਲਾ ਦਾ ਬਜ਼ੁਰਗ ਸ਼ਾਇਰ ਫੁਲੇਲ ਸਿੰਘ ਫੁੱਲ ਅਕਸਰ ਉਸ ਦੀ ਦੁਕਾਨ ਵਿੱਚ ਜਾ ਕੇ ਬੈਠਦਾ। ਦੋਵੇਂ ਸਾਹਿਤ ਸਭਾ ਮੁਕਤਸਰ ਦੀਆਂ ਮੀਟਿੰਗਾਂ 'ਤੇ ਇਕੱਠੇ ਜਾਂਦੇ। ਭਜਨ ਸਿੰਘ ਗਾੜ•ਾ (ਹੁਣ ਕਪੂਰਥਲਾ) ਸਭਾ ਦਾ ਸਕੱਤਰ ਸੀ। ਅਕਸਰ ਰੰਗੀਨ ਸ਼ਾਮਾਂ ਉਸ ਦੇ ਘਰ ਹੀ ਗੁਜ਼ਰਦੀਆਂ। ਮਰਹੂਮ ਗੁਰਮੀਤ ਸਿੰਘ ਚਮਕ ਤੋਂ ਉਸ ਨੇ ਗਜ਼ਲ ਬਾਰੇ ਜਾਣਕਾਰੀ ਲਈ ਅਤੇ ਉਸ ਰਾਹੀਂ ਹੀ ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਮਿਲਿਆ। ਇੱਥੇ ਹੀ ਉਸ ਨੇ ਦੁਨੀਆਂ ਦਾ ਸਭ ਤੋਂ ਵਧੀਆ ਸਾਹਿਤ ਪੜਿ•ਆ। 1978 ਵਿੱਚ ਉਸ ਨੇ ਆਪਣੀ ਛੋਟੀ ਕਾਵਿ ਪੁਸਤਕ “ਪੰਛੀ ਨਾ ਕਰਨ ਵਸੀਹਤਾਂ” ਛਪਾਈ। ਉਸ ਸਮੇਂ ਹੀ ਉਸ ਦੀਆਂਰਚਨਾਵਾਂ ਅਖਬਾਰਾਂ ਅਤੇ ਸਾਹਿਤਕ ਰਸਾਲਿਆਂ ਵਿੱਚ ਛਪਣ ਲੱਗੀਆਂ। ਫਿਰ ਉਹ ਆਪਣੇ ਪਿੰਡ ਦਬੜ•ੀਖਾਨਾ ਆ ਗਿਆ ਤੇ ਸਾਹਿਤ ਸਭਾ ਜੈਤੋ ਕਾਇਮ ਕੀਤੀ। ਇੱਥੇ ਹੀ 1985 ਵਿੱਚ ਹਰਦਮ ਸਿੰਘ ਮਾਨ, ਰੁਪਿੰਦਰ ਮਾਨ (ਮਰਹੂਮ) ਤੇ ਸੁਰਜੀਤ ਅਮਰ ਨਾਲ ਉਸ ਦਾ ਸਾਂਝਾ ਗ਼ਜ਼ਲ ਸੰਗ੍ਰਹਿ “ਕਤਰਾ ਕਤਰਾ ਮੌਤ” ਛਪਿਆ। ਉਸ ਦੇ ਸ਼ੇਅਰ “ਕਤਰਾ ਕਤਰਾ ਮੌਤ ਹੰਢਾਉਣੀ ਸਾਡੇ ਹਿੱਸੇ ਆਈ, ਕਿਸ ਨੇ ਘੋਲ ਪਿਲਾਇਆ ਸਾਨੂੰ ਸ਼ਰਬਤ ਦੇ ਵਿੱਚ ਪਾਰਾ” ਹਰਭਜਨ ਹਲਵਾਰਵੀ ਨੇ ਇਸ ਕਿਤਾਬ ਦਾ ਰੀਵਿਊ ਕਰਦਿਆਂ ਪੰਜਾਬੀ ਟ੍ਰਿਬਿਊਨ ਵਿੱਚ ਇਸ ਦੀ ਭਰਵੀਂ ਤਾਰੀਫ ਕੀਤੀ 1988 ਵਿੱਚ ਉਹ ਪੱਤਰਕਾਰੀ ਦੇ ਰਸਤੇ ਪੈ ਗਿਆ ਪਰ ਫਿਰ ਵੀ ਉਸ ਨੇ ਕਵਿਤਾ ਨਾਲੋਂ ਨਾਤਾ ਨਹੀਂ ਤੋੜਿਆ। ਉਸ ਦੇ ਗ਼ਜ਼ਲਾਂ ਦੇ ਨਾਲ-ਨਾਲ ਲਗਾਤਾਰ ਪੰਜਾਬੀ ਟ੍ਰਿਬਿਊਨ ਵਿੱਚ ਕਾਵਿ ਵਿਅੰਗ ਲਗਾਤਾਰ 15 ਸਾਲ ਛਪਦੇ ਰਹੇ। 1998 ਵਿੱਚ ਉਸ ਦੀ ਕਾਵਿ ਪੁਸਤਕ “ਧੁੱਪ ਦਾ ਲਿਬਾਸ” ਛਪੀ। ਉਸ ਨੇ ਸੰਤਾਂ ਦੇ ਡੇਰਿਆਂ ਤੋਂ ਲੈ ਕੇ ਤਰਕਸ਼ੀਲ ਬਣਨ ਤੱਕ ਦਾ ਸਫਰ ਤੈਅ ਕੀਤਾ। ਤਰਕਸ਼ੀਲ ਲਹਿਰ ਨਾਲ ਸਬੰਧਤ ਉਸ ਦੀਆਂ ਕਿਤਾਬਾਂ ਜੱਗ ਰਚਨਾ ਦਾ ਸੱਚ, ਤਰਕਸ਼ੀਲ ਕਾਵਿ ਵਿਅੰਗ, ਨੀਲੀ ਛੱਤਰੀ, ਰੱਬ ਦਾ ਯੱਬ ਅਤੇ ਹੁਣ ਪਿਛਲੇ ਸਾਲ ਉਸ ਦਾ ਗ਼ਜ਼ਲ ਸੰਗ੍ਰਹਿ “ਮੁਕਤੀ ਦੀ ਇੱਛਾ ਨਹੀਂ” ਛਪਿਆ ਸੀ ਅਤੇ ਹੁਣੇ ਹੁਣੇ ਉਸ ਦੀ ਕਾਵਿ ਵਿਅੰਗ ਪੁਸਤਕ “ਲਫ਼ਜ਼ਾਂ ਦੇ ਤੀਰ” ਰਿਲੀਜ਼ ਹੋਈ ਹੈ। ਪੇਸ਼ ਹਨ ਉਸ ਦੀਆਂ ਵੱਖ-ਵੱਖ ਵੰਨਗੀਆਂ ਦੀਆਂ ਕਾਵਿ ਰਚਨਾਵਾਂ :- ਡਾ. ਹਰਜਿੰਦਰ ਸਿੰਘ ਸੂਰੇਵਾਲੀਆਂ ਪੀ.ਐਚ.ਡੀ.ਮੋਬਾਇਲ 98551-43502ਨੰਬਰ-

1ਗੀਤ

ਕੌਣ ਖੋਹ ਕੇ ਲੈ ਗਿਆ ਤਿਉਹਾਰ ਸਾਡੇ ਤੀਆਂ ਦੇ,ਅੱਥਰੂ ਹੀ ਰਹਿ ਗਏ ਅੱਖਾਂ ਵਿੱਚ ਧੀਆਂ ਦੇ।
ਹੁਣ ਨਾ ਤ੍ਰਿੰਝਣਾਂ 'ਚ ਕੱਤੇ ਕੋਈ ਗੋਹੜੀਆਂ। ਬਾਲਦੀਆਂ ਹੁਣ ਨਾ ਸੁਆਣੀਆਂ ਨੇ ਲੋਹੜੀਆਂ।
ਰੱਖੜੀਆਂ ਬੰਨ•ਣ ਲਈ ਭੈਣਾਂ ਵੀ ਨੇ ਥੋੜ•ੀਆਂ।
ਥੋੜ•ੇ ਘਰੀਂ ਭੈਣ ਤੇ ਭਰਾ ਦੀਆਂ ਨੇ ਜੋੜੀਆਂ।
ਕੰਜਕਾਂ ਦੇ ਸੁਪਨੇ ਚਿਣੇ ਗਏ ਵਿੱਚ ਨੀਹਾਂ ਦੇ. . . .।
ਪਿੱਪਲ ਰਹੇ ਨਾ ਪੀਘਾਂ ਪਾਉਣ ਵਾਲੇ ਰਹੇ ਨਾ।ਸਾਉਣ ਵਿੱਚ ਪੂੜੇ ਵੀ ਪਕਾਉਣ ਵਾਲੇ ਰਹੇ ਨਾ।
ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣਾ ਭੁੱਲ ਗਏ।ਬਰਗਰ, ਪੀਜਿਆਂ 'ਚ ਨੇ ਸਵਾਦ ਰੁੱਲ ਗਏ।
ਨਹੀਂ ਇਤਫਾਕ ਵਿੱਚ ਘਰਦਿਆਂ ਜੀਆਂ ਦੇ. . . .।
ਕੁੱਖ ਵਿੱਚ ਮਰਨੋਂ ਜੋ ਧੀਆਂ ਬਚ ਜਾਂਦੀਆਂ। ਸਾਰੀ ਉਮਰ ਬੱਸ ਝਿੜਕਾਂ ਹੀ ਖਾਂਦੀਆਂ।
ਪਿਤਾ, ਭਰਾਵਾਂ ਅਤੇ ਪਤੀ ਦੀਆਂ ਬਾਂਦੀਆਂ।
ਮਰ ਜਾਣ ਪੁੱਤਾਂ ਦੀਆਂ ਖੈਰਾਂ ਹੀ ਮਨਾਦੀਆਂ।
ਪਾਵੇ ਨਾ ਕੋਈ ਮੂੰਹ 'ਚ ਪਾਣੀ ਹਾਏ ਮਰ ਦੀਆਂ ਦੇ।
ਅੱਥਰੂ ਹੀ ਰਹਿ ਗਏ ਨੇ ਅੱਖਾਂ ਵਿੱਚ ਧੀਆਂ ਦੇ।

2
ਕਿੱਥੋਂ ਭਾਲਦੈਂ ਬਨੇਰੇ ਉੱਤੇ ਕਾਗ,ਕਾਗ ਨਾ ਪੰਜਾਬ 'ਚ ਰਹੇ
ਦੇਸੀ ਛੋਲਿਆਂ ਤੇ ਸਰੋਂਆਂ ਦੇ ਸਾਗ, ਸਾਗ ਨਾ ਪੰਜਾਬ 'ਚ ਰਹੇ।
ਗਿਰਝਾਂ ਅਲੋਪ ਹੋਈਆਂ ਮੁੜ ਕੇ ਨਾ ਲੌਟੀਆਂ,ਮੁੱਦਤਾਂ ਤੋਂ ਦੇਖੀਆਂ ਨਾ ਅਸੀਂ ਚੀਚ ਵਹੁਟੀਆਂ।
ਚੱਕੀ ਰਾਹਿਆਂ ਦੇ ਨਿਖੁੱਟ ਗਏ ਨੇ ਭਾਗ. . .
ਕਾਗ ਨਾ..
ਮੋਰ ਮੋਰਨੀਆਂ ਰੁਣ-ਝੁਣ ਨਹੀਂ ਲਗਾਉਂਦੀਆਂ,ਕੂੰਜਾਂ ਦੀਆਂ ਡਾਰਾਂ ਨਾ ਪੰਜਾਬ ਹੁਣ ਆਉਂਦੀਆਂ।
ਹੁਣ ਗਾਉਣ ਨਾ ਪਪੀਹੇ ਇੱਥੇ ਰਾਗ. .ਕਾਗ ਨਾ..
ਡੀ.ਏ.ਪੀ. ਤੇ ਯੂਰੀਆ ਨੇ ਗੋਬਰ ਵਿਸਾਰ 'ਤੇ,
ਸੂਖਮ ਜੀਵਾਣੂ ਸਾਰੇ ਧਰਤੀ ਦੇ ਮਾਰਤੇ।ਕਿੱਥੋਂ ਤਿੱਤਲੀਆ ਭਾਲਣ ਪਰਾਗ. .
ਕਾਗ ਨਾ. .
ਬਹੁ ਕੌਮੀ ਕੰਪਨੀਆਂ ਐਸਾ ਹੱਲਾ ਬੋਲਿਆ,ਕੀਟਨਾਸ਼ਕਾਂ ਦਾ ਜ਼ਹਿਰ ਹਵਾ ਵਿੱਚ ਘੋਲਿਆ
ਫਲ ਕੌੜੇ, ਜ਼ਹਿਰੀਲੇ ਹੋ ਗਏ ਬਾਗ
. .ਕਾਗ ਨਾ.
ਜ਼ਹਿਰ ਬੀਜਦੇ ਹਾਂ ਅਸੀਂ ਜ਼ਹਿਰ ਖਾਈ ਜਾਂਦੇ ਹਾਂ,
ਵਾਜਾਂ ਮਾਰ-ਮਾਰ ਮੌਤ ਨੂੰ ਬੁਲਾਈ ਜਾਂਦੇ ਹਾਂ।
ਪਾਲੇ ਕੈਂਸਰਾਂ ਦੇ ਫਨੀਅਰ ਨਾਗ. .
ਕਾਗ ਨਾ. .
ਹੱਥੀਂ ਕੰਮ ਕਰਨ ਦੇ ਸੁਭਾਅ ਹੀ ਵਿਸਾਰ 'ਤੇ,
ਨਿਰਭਰ ਹੋ ਗਿਆ ਕਿਸਾਨ ਹੈ ਬਾਜ਼ਾਰ 'ਤੇ
ਬੱਚੇ ਜਾਨਣ ਕਮਾਦ ਦੇ ਨਾ ਆਗ. .
ਕਾਗ ਨਾ ..
ਧਰਤੀ ਮਾਤਾ ਨੂੰ ਸਾਹ ਲੈਣ ਜੋਗੀ ਕਰੀਏ,
ਮਰ ਚੁੱਕੀ ਮਿੱਟੀ ਵਿੱਚ ਫਿਰ ਜਾਨ ਭਰੀਏ।
ਕੁਲ ਕਰਕੇ ਰਸਾਇਣਾਂ ਦਾ ਤਿਆਗ. .
ਕਾਗ ਨਾ..
ਇਉਂ ਹੀ ਜੇ ਪਰਿੰਦਿਆਂ ਨੂੰ ਅਲਵਿਦਾ ਕਹਾਂਗੇ,
ਬਹੁਤਾ ਚਿਰ ਧਰਤੀ 'ਤੇ ਅਸੀਂ ਵੀ ਨਾ ਰਹਾਂਗੇ।
ਢਿੱਲੋਂ ਸੁੱਤਿਆਂ ਨੂੰ ਨਹੀਂ ਆਉਣੀ ਨਹੀਓਂ ਜਾਗ।
ਕਾਗ ਨਾ ਪੰਜਾਬ 'ਚ ਰਹੇ, ਕਿੱਥੋਂ ਭਾਲਦੈਂ ਬਨੇਰੇ ਉੱਤੇ ਕਾਗ।

3
ਹਟੀਂ ਮਾਰਨੋ ਨਾ ਪਿਆਰ ਗਲੀ ਵਿੱਚ ਫੇਰੀਆਂ।
ਭਾਵੇਂ ਵਗਦੀਆਂ ਅਜੇ ਕਾਲੀਆਂ ਹਨ•ੇਰੀਆਂ।
ਦੇਖੀਂ ਹੋ ਕੇ ਖਾਮੋਸ਼ ਘਰੇ ਬੈਠ ਜਾਈਂ ਨਾ
ਜਲ ਰਹੇ ਸਿਵਿਆਂ ਤੋਂ ਪਰ•ੇ ਬੈਠ ਜਾਈਂ ਨਾ।
ਲਾਸ਼ਾਂ ਕਬਰਾਂ ਨੇ ਦਫਨਾਈਆਂ ਨੇ ਬਥੇਰੀਆਂ. . .
ਹਟੀ ਮਾਰਨੋ.ਪਾਈ ਇਨਸਾਨੀਅਤ ਵਿੱਚ ਹੈ ਜੋ ਪਾੜ ਰੋਕਣੀ।
ਆਪਾਂ ਹੱਦਾਂ ਤੋਂ ਬਾਰੂਦ ਦੀ ਹਵਾੜ• ਰੋਕਣੀ।
ਤਾਰ ਕੰਡਿਆਲੀ ਥਾਵੇਂ ਲਾਉਣੀਆਂ ਨੇ ਬੋਰੀਆਂ. . .
ਹਟੀ ਮਾਰਨੋ.
ਚੁੱਪ ਕਰ ਨਾ ਜੇ ਕਰਦੈ ਬਾਰੂਦ ਖੇਖਣੇ।
ਮਾਂਗ ਉਜੱੜੀ ਦੇ ਹੋਰ ਨਾ ਦ੍ਰਿਸ਼ ਦੇਖਣੇ।
ਬੈਠ ਜਾਈਂ ਦਿਲਦਾਰਾ ਨਾ ਤੂੰ ਢਾਹ ਕੇ ਢੇਰੀਆਂ. . .
ਹਟੀ ਮਾਰਨੋ.
ਜੰਗ ਬੀਜਦੀ ਹੈ ਬੀਜ ਇੱਕ ਹੋਰ ਜੰਗ ਦਾ
ਦੋਵਾਂ ਦੇਸ਼ ਵਾਸੀਆਂ 'ਚੋਂ ਨਾ ਕੋਈ ਜੰਗ ਮੰਗਦਾ।
ਇਹ ਤਾਂ ਹਾਕਮਾਂ ਦੀਆਂ ਨੇ ਸਭ ਹੇਰਾ ਫੇਰੀਆਂ. . .
ਹਟੀ ਮਾਰਨੋ.
ਬੂਟੇ ਘ੍ਰਿਣਾ ਦੀ ਮਿਰਚ ਦੇ ਪੁਟਾ ਦੇ ਸੋਹਣਿਆਂ
ਗੰਨੇ ਪਿਆਰ ਵਾਲੇ ਮਜ਼ਹਬਾਂ 'ਚ ਲਾ ਦੇ ਸੋਹਣਿਆਂ।
ਦੋਵੇਂ ਰਾਮ ਤੇ ਰਹੀਮ ਚੂਪਣ ਗੰਨੇਰੀਆਂ. . .
ਹਟੀ ਮਾਰਨੋ.
ਸੁੱਤੇ ਰਹਿਣ ਦੇ ਨਾ ਦੇਸ਼ ਦੇ ਤੂੰ ਭਾਗ ਚੰਨਿਆ
ਬਾਲੀ ਚੱਲ ਜਿੰਨੇ ਬਲਦੇ ਚਿਰਾਗ ਚੰਨਿਆ
ਚੁਗੀ ਚੱਲ ਬੂਹੇ ਅੱਗੇ ਕਿਰਚਾਂ ਖਲੇਰੀਆਂ. . .
ਹਟੀ ਮਾਰਨੋ.
ਹੁਣ ਮੰਦਰਾਂ ਮਸੀਤਾਂ ਦੇ ਕਲੇਸ਼ ਛੱਡਦੇ
ਬੰਦੇ ਵਿੱਚ ਜਾਨਵਰ ਵਾਲਾ ਭੇਸ ਛੱਡਦੇ
ਢਿੱਲੋਂ ਪੂਜ ਇਨਸਾਨੀਅਤ ਮਨ ਮੇਰੀਆਂ।
ਹਟੀਂ ਮਾਰਨੋ ਨਾ ਪਿਆਰ ਗਲੀ ਵਿੱਚ ਫੇਰੀਆਂ

4
ਧਰਤੀ ਮਾਤਾ ਤੇ ਜਲਵਾਯੂ ਤਾਈਂ ਪੈਂਦੀਆਂ ਗਸ਼ੀਆਂ
ਹਰੀ ਕ੍ਰਾਂਤੀ ਲੈ ਕੇ ਆਈ ਕੈਂਸਰ ਤੇ ਖੁਦਕਸ਼ੀਆਂ।
ਸ਼ਰਮਾਏ ਦੀ ਅੰਨ•ੀ ਹਵਸ ਨੇ ਕੀ ਭਾਣਾ ਵਰਤਾਇਆ
ਹਸਦਾ-ਵਸਦਾ, ਰੰਗਲਾ ਸੂਬਾ, ਕੰਗਲਾ ਜਮਾਂ ਬਣਾਇਆ।
ਭੁੱਖ ਮਰੀ ਨਾਲ ਅੰਨ ਦਾਤੇ ਦੀਆਂ ਗੱਲ•ਾਂ ਅੰਦਰ ਧੱਸੀਆਂ. . .
ਹਰੀ ਕ੍ਰਾਂਤੀ
ਰੇਹਾਂ ਤੇ ਸਪਰੇਆਂ ਸਾਡਾ ਲਹੂ ਇਸ ਤਰ•ਾਂ ਪੀਤਾ
ਧਰਤੀ ਮਾਤਾ ਦੇ ਰੋਮਾਂ ਨੂੰ ਸਾਹ ਆਉਣਾ ਬੰਦ ਕੀਤਾ।
ਅੰਤਾਂ ਦੇ ਕਰਜ਼ਿਆਂ ਜੱਟਾਂ ਦੀਆਂ ਲਗਾਮਾਂ ਕਸੀਆਂ. . .
ਹਰੀ ਕ੍ਰਾਂਤੀ
ਨਾ ਕੋਈ ਮੋਰ, ਪਪੀਹਾ ਬੋਲੇ, ਨਾ ਕੋਈ ਕੋਇਲ ਗਾਵੇ
ਪੰਜ ਦਰਿਆਵਾਂ ਦੀ ਧਰਤੀ ਅੱਜ ਬੰਜਰ ਹੁੰਦੀ ਜਾਵੇ।
ਮਾਂ ਦੇ ਦੁੱਧ 'ਚ ਜ਼ਹਿਰ ਆ ਗਿਆ ਕੌੜੀਆਂ ਹੋਈਆ ਲੱਸੀਆਂ. . .
ਹਰੀ ਕ੍ਰਾਂਤੀਚਾਰ ਚੁਫੇਰੇ ਅੱਗਾਂ, ਧੂੰਆਂ, ਝੁਲਸੇ ਰੁੱਖ ਹਰਿਆਲੇ।
ਗੈਸ ਚੈਂਬਰ ਪੰਜਾਬ ਹੈ ਬਣਿਆ, ਨੀਲੇ ਅੰਬਰ ਕਾਲੇ।
ਧਰਤੀ ਵਿੱਚ ਗੰਡੋਏ ਸਹਿਕਣ, ਸੁੱਕੇ ਸੂਏ ਕੱਸੀਆਂ. . .
ਹਰੀ ਕ੍ਰਾਂਤੀਡੁੱਲ•ੇ ਬੇਰ ਅਜੇ ਵੀ ਚੁੱਕ ਕੇ ਝੋਲੀ ਦੇ ਵਿੱਚ ਪਾਈਏ।
ਛੱਡ ਜ਼ਹਿਰਾਂ ਦਾ ਖਹਿੜਾ ਕੁਦਰਤ ਖੇਤੀ ਹੀ ਅਪਣਾਈਏ।
ਲੁੱਟੇ ਜਾਣੇ ਸ਼ਹਿਰ ਭੰਬੋਰ ਜੇ ਸੁੱਤੀਆਂ ਰਹੀਆਂ ਸੱਸੀਆਂ. . .
ਹਰੀ ਕ੍ਰਾਂਤੀ
ਕੁਝ ਵੀ ਪਾਉਣ ਦੀ ਲੋੜ ਨਾ ਇਸ ਵਿੱਚ ਧਰਤੀ ਪਾਲਣ ਹਾਰੀ।
ਗਊ ਗੋਬਰ ਦਾ ਜੀਵਨ ਅੰਮ੍ਰਿਤ ਲੋੜ ਪੂਰਦਾ ਸਾਰੀ।
ਢਿੱਲੋਂ ਜ਼ੀਰੋ ਬੱਜਟ ਖੇਤੀ ਨੇ ਇਹ ਗੱਲਾਂ ਦੱਸੀਆਂ . . .
ਹਰੀ ਕ੍ਰਾਂਤੀ
ਲੈ ਕੇ ਆਈ, ਕੈਂਸਰ ਤੇ ਖੁਦਕਸ਼ੀਆਂ।
5
ਸੋਹਲ ਹੱਥਾਂ ਵਿੱਚੋਂ ਪਤਾ ਨਹੀਂ ਕਿੰਜ ਛੁਟਿਆ।
ਮਾਏ! ਮੈਥੋਂ ਅੱਜ ਕੱਚ ਦਾ ਗਿਲਾਸ ਟੁੱਟਿਆ।
ਮਾਏ ਮੇਰੀਏ ! ਗਿਲਾਸ ਉੱਤੇ ਝੂਰਦੀ ਫਿਰੇਂ
ਮੇਰੀ ਤੱਤੜੀ ਜਿਹੀ ਜਿੰਦ ਤਾਈਂ ਘੂਰਦੀ ਫਿਰੇਂ।
ਦੱਸ ਕੀਹਦੀਆਂ ਮੈਂ ਸੱਧਰਾਂ ਦਾ ਗੱਲ ਘੁੱਟਿਆ? ਮਾਏ ਮੈਥੋਂ . ..
ਮਾਏ! ਜੇ ਮੈਂ ਹੁੰਦੀ ਪੁੱਤ ਤੂੰ ਸੀ ਨਹੀਂ ਘੂਰਨਾ
ਇਸ ਟੁੱਟੇ ਹੋਏ ਗਿਲਾਸ ਦਾ ਸੀ ਪੱਖ ਪੂਰਨਾ
ਪਰ ਧੀ ਉੱਤੇ ਗਮਾਂ ਦਾ ਪਹਾੜ ਟੁੱਟਿਆ। ਮਾਏ ਮੈਥੋਂ. . .
ਤੂੰ ਤਾਂ ਕੁੱਖ ਵਿੱਚ ਮੈਨੂੰ ਬੜੇ ਵਾਰੀ ਮਾਰਿਆ
ਹੁਣ ਬਚ ਗਈ ਤਾਂ ਤੈਥੋਂ ਜਾਵੇ ਨਾ ਸਹਾਰਿਆ।
ਮੇਰਾ ਹਰ ਵੇਲੇ ਰਹੇ ਇੱਥੇ ਦਮ ਘੁੱਟਿਆ। ਮਾਏ ਮੈਥੋਂ. . .
ਲੋਕੀ ਰੋਜ ਇੱਥੇ ਸਾਡੇ ਅਰਮਾਨ ਲੁੱਟਦੇ
ਤੈਨੂੰ ਪਤਾ ਨਹੀਓਂ ਹੋਣਾ ਦਿਲ ਕਿਵੇਂ ਟੁੱਟਦੇ।
ਰੋਜ਼ ਕੂੜੇ ਵਿੱਚ ਜਾਂਦਾ ਹੈ ਹੁਸਨ ਸੁੱਟਿਆ।
ਮਾਏ ਮੈਥੋਂ.. .
ਜਿੰਨਾ ਚਿਰ ਰਹਿਣਾ ਧੀਆਂ ਨੇ ਗੁਲਾਮ ਅੰਮੀਏਂ
ਰਹਿਣੀ ਉਨਾਂ ਚਿਰ ਗਮ ਦੀ ਹੈ ਸ਼ਾਮ ਅੰਮੀਏਂ।
ਇਹ ਦੇਸ਼ ਓਨਾ ਚਿਰ ਰਹਿਣਾ ਹੈ ਨਿਖੁੱਟਿਆ।
ਮੈੱਥੋਂ ਅੱਜ ਕੱਚ ਦਾ ਗਿਲਾਸ ਟੁੱਟਿਆ।

ਗ਼ਜ਼ਲਾਂ
ਜਦ ਵੀ ਇਸ਼ਕ ਝਨਾਂ ਦਾ ਪੱਤਨ ਲੰਘਦੇ ਹਾਂ
ਹੁਸਨ ਦੀਆਂ ਸੱਤੇ ਹੀ ਖੈਰਾਂ ਮੰਗਦੇ ਹਾਂ
ਰੰਗ ਜਦੋਂ ਦੇ ਲੋਕਾਂ ਨੇ ਕੀਤੇ ਬਦਨਾਮ
ਤੇਰੇ ਤਨ ਵਰਗੀ ਆਪਣੀ ਪੱਗ ਰੰਗਦੇ ਹਾਂ।
ਘਰ ਤੋਂ ਬਾਹਰ ਘਰ ਦੀ ਯਾਦ ਸਤਾਉਂਦੀ ਹੈ,
ਘਰ ਪਰਤਣ 'ਤੇ ਅੰਦਰ ਜਾਣੋਂ ਸੰਗਦੇ ਹਾਂ।
ਸਾਨੂੰ ਪਤਾ ਨਹੀਂ ਕਿਹੜੀ ਕੌਮ ਅਸਾਡੀ ਹੈ,
ਅਸੀਂ ਤਾਂ ਬੰਦਿਆਂ ਵਾਂਗੂ ਜੀਣਾ ਮੰਗਦੇ ਹਾਂ।
ਜ਼ਹਿਰ ਖੋਰ ਜ਼ਜ਼ਬਾਤ ਨੇ ਦਿਲ ਵਿੱਚ ਪਾਲ ਲਏ ਖੁਦ ਸੱਪ ਬਣਕੇ ਆਪਣੀ ਹਸਤੀ ਡੰਗਦੇ ਹਾਂ।
ਸਰਫੇ-ਖੋਰੀ ਇੱਕ ਮਜ਼ਾਜਣ ਜਿੰਦ ਕੋਲੋਂਲੱਪ ਕੁ ਹਾਸੇ ਜੀਣ ਲਈ ਬੱਸ ਮੰਗਦੇ ਹਾਂ।
ਬੇਹੀ ਸਬਜ਼ੀ ਵਰਗੇ ਰਿਸ਼ਤੇ ਹੋ ਚੱਲੇ, ਟੁੱਟੇ ਟੁਕੜੇ ਜਿਉਂ ਵਿਧਵਾ ਦੀ ਵੰਗ ਦੇ ਹਾਂ।
ਮੁੱਢ ਤੋਂ ਹੁਸਨਾਂ ਨਾਲ ਹੈ ਰਿਹਾ ਸਹੇਲਪੁਣਾਦੋਸਤ ਭਾਵੇਂ ਢਿੱਲੋਂ ਵਰਗੇ ਨੰਗ ਦੇ ਹਾਂ।

2
ਕਿੰਨੀ ਉਦਾਸ ਹੋ ਗਈ ਆਪਣੀ ਸੁਰਮਈ ਸ਼ਾਮ ਲਿਖ
ਤਨਹਾਈ ਵਿੱਚ ਗ਼ਮਾਂ ਦਾ ਕਿੰਨਾਂ ਹੈ ਲਸ਼ਕਰ ਲਾਮ ਲਿਖ।
ਕੇਹੀ ਚੰਦਰੀ 'ਵਾ ਹੈ ਸਾਰੇ ਚਮਨ ਵਿੱਚ ਵਗ ਗਈ,
ਕਿੰਜ ਮਸੀਤਾਂ ਉਜੜੀਆਂ ਦੇ ਗਾਲ•ੜ ਬਣੇ ਅਮਾਮ ਲਿਖ।
ਕੀ ਅਜੇ ਵੀ ਉਸ ਦੇ ਲਬਾ 'ਤੇ ਹੈ ਆਉਂਦਾ ਮੇਰਾ ਨਾਮ, ਕੀ ਜ਼ਿਕਰ ਮੇਰਾ ਉਹਨੂੰ ਕਰਦਾ ਹੈ ਬੇ-ਅਰਾਮ ਲਿਖ।
ਪਹਿਲਾਂ ਜਿਹੀ ਰੌਣਕ ਨਹੀਂ ਹੁਣ ਮੈਅਕਦੇ ਦੇ ਦੁਆਰ 'ਤੇਮੈਅਕਸ਼ਾਂ ਦੇ ਕੋਲ ਨੇ ਤਿੜਕੇ, ਉਦਾਸ ਜਾਮ ਲਿਖ।
ਸੁਣਿਐਂ ਕਿ ਹੁਣ ਤਾਂ ਹਰ ਘਰੇ ਹਰ ਜੀਅ ਸਿਆਸਤ ਖੇਡਦੈ, ਕਿੰਨੇ ਕੁ ਚੁਸਤ ਹੋ ਗਏ ਪਿੰਡਾਂ ਦੇ ਹੁਣ ਅਵਾਮ ਲਿਖ।
ਬਣ ਗਏ ਨੇ ਸੁਰਖੀਆਂ ਸਭ ਧੜਕਦੇ ਦਿਲਾਂ ਦੀਆਂਜਿੰਨੇ ਵੀ ਭੇਜੇ ਗੀਤ ਸਨ ਯਾਰਾ ਮੈਂ ਤੇਰੇ ਨਾਮ ਲਿਖ।
ਜਿਸਦੀ ਛਾਵੇਂ ਬੈਠ ਕੇ ਪਾਈ ਸੀ ਬਾਤ ਪਿਆਰ ਦੀ, ਢਿੱਲੋਂ ਉਸ ਗੁਲਮੋਹਰ ਨੂੰ ਅੱਜ ਫਿਰ ਤੋਂ ਮੇਰਾ ਸਲਾਮ ਲਿਖ।

3

ਗੁੰਡਿਆਂ ਦੀ ਸਲਤਨ ਵਿੱਚੋਂ ਨਿਆਂ ਲੱਭਦਾ ਰਿਹਾ,ਕਿੰਨਾ ਭੋਲਾ ਆਦਮੀ ਸੂਲਾਂ ਦੀ ਛਾਂ ਲੱਭਦਾ ਰਿਹਾ।
ਵਰਗਲਾਈ ਆਪਣੇ ਅਹਿਸਾਸ ਹੀ ਫਿਰਦੇ ਰਹੇ, ਮੂਰਿਆਂ ਦੀ ਪਰੇ• ਵਿੱਚ ਮੈਂ ਮਹਿਫਲਾਂ ਲੱਭਦਾ ਰਿਹਾ।
ਜ਼ਿੰਦਗੀ ਵਿੱਚ ਜਿੰਨੇ ਵੀ ਹਿੰਦਸੇ ਮਿਲੇ ਮਨਫੀ ਮਿਲੇ,ਉਮਰ ਭਰ ਪਰ ਮੈਂ ਕੋਈ ਹਿੰਦਸਾ ਜਮ•ਾਂ ਲੱਭਦਾ ਰਿਹਾ।
ਕਿਸ ਤਰ•ਾਂ ਦੇ ਤੌਰ ਬਦਲੇ ਨੇ ਅਚਾਨਕ ਵਕਤ ਨੇ, ਡੌਰ ਭੌਰਾ ਹੋਇਆ ਮੈਂ ਆਪਣਾ ਗਿਰਾਂ ਲੱਭਦਾ ਰਿਹਾ।
ਰੱਬ ਮੇਰੇ ਕੋਲੋ ਆ ਕੇ ਹੌਲੇ ਦੇਣੇ ਬੋਲਿਆ,“ਕਿੱਥੇ ਸੈਂ ਤੂੰ ਬੰਦਿਆ? ਮੈਂ ਥਾਂ ਕੁ ਥਾਂ ਲੱਭਦਾ ਰਿਹਾ।
ਜੋ ਮਿਲੇ ਡਾਕੂ ਮਿਲੇ ਸਭ ਰਹਿਬਰਾਂ ਦੇ ਭੇਸ ਵਿੱਚ, ਆਸ ਨਾ ਛੱਡੀ ਮੈਂ ਫਿਰ ਵੀ ਰਹਿਨੁਮਾ ਲੱਭਦਾ ਰਿਹਾ।
ਚਿਹਰਿਆਂ ਦੀ ਭੀੜ ਵਿੱਚ ਲੱਭਦਾ ਰਿਹਾ ਚਿਹਰਾ ਤੇਰਾ,ਢਿੱਲੋਂ ਵਰਤਮਾਨ 'ਚੋਂ ਲੰਘਿਆ ਸਮਾਂ ਲੱਭਦਾ ਰਿਹਾ।

4
ਟਾਹਣੀ ਨਾਲੋਂ ਟੁੱਟਿਆ ਪੱਤਾ ਸੀ ਇਸ਼ਾਰਾ ਕਰ ਗਿਆ
ਬਹੁਤ ਭਟਕੇਗਾ ਉਹ ਜਿਹੜਾ ਛੱਡ ਆਪਣਾ ਘਰ ਗਿਆ।
ਫੇਰ ਹਲਚਲ ਹੋਈ ਮਨ ਦੇ ਪਾਣੀਆਂ ਵਿੱਚ ਚਾਣਚੱਕ
ਮੋਹ ਦਾ ਦੀਵਾ ਬਾਲ ਕੇ ਕੋਈ ਵਿਹੜੇ ਦੇ ਵਿੱਚ ਧਰ ਗਿਆ।
ਜ਼ਿੰਦਗੀ ਦੀ ਕਿਸ਼ਤੀ ਠਿਲਦੀ ਹੈ ਤੂਫਾਨਾਂ ਵਿੱਚ ਹੀ
ਉਹ ਨਾ ਪਹੁੰਚੇ ਪਾਰ ਜੋ ਉਲਟੀ ਹਵਾ ਤੋਂ ਡਰ ਗਿਆ।
ਰੀਝ ਮਨ ਦੀ ਓਦਰੀ ਨੇ ਕੀਤਾ ਸਿਮਰਨ ਓਸ ਦਾ
ਫਿਰ ਮੁਹੱਬਤ ਦਾ ਜਿਹਲਮ ਹੈ ਕੰਢਿਆਂ ਤੱਕ ਭਰ ਗਿਆ।
ਸਾਗਰਾਂ 'ਚੋਂ ਉੱਡ ਜੰਮਿਆਂ ਪਿਘਲਿਆ ਪੱਥਰਾਂ ਦੇ ਰਾਹਤਾਂ ਕਿਤੇ ਪਾਣੀ ਦਰਿਆ ਦਾ ਦਰਜਾ ਹਾਸਲ ਕਰ ਗਿਆ।
ਗੁੰਮ ਗਏ ਸਿਰਨਾਵਿਆਂ ਦੀ ਜਦ ਕਦੇ ਵੀ ਆਈ ਯਾਦਬਹਾਰ ਦੇ ਮੌਸਮ 'ਚ ਵੀ ਇਹ ਮਨ ਓਦਰ ਓਦਰ ਗਿਆ।
ਮਰਤਬਾ ਮਿਲਦਾ ਹਮੇਸ਼ ਆਪਣੀ ਹਸਤੀ ਮਿਟਾ ਕੇ ਹੀ
ਰੁੱਖ ਬਣਦਾ ਬੀਜ ਉਹ ਜੋ ਗਲ ਮਿੱਟੀ ਦੇ ਅੰਦਰ ਗਿਆ।
ਜ਼ਿੰਦਗੀ ਤੇ ਮੌਤ ਦਾ ਬੱਸ ਢਿੱਲੋਂ ਹੈ ਐਨਾ ਫਾਸਲਾਹੱਸ ਰਿਹਾ ਸੀ ਹੁਣੇ ਕੋਈ ਤੇ ਹੁਣੇ ਹੀ ਮਰ ਗਿਆ।

5
ਜ਼ਿੰਦਗੀ ਦੇ ਵਿੱਚ ਹਾਰੇ ਬੰਦੇ, ਮਜ਼ਹਬ ਦੀ ਪਨਾਹ ਲੈਂਦੇ ਨੇ।
ਦੁਨੀਆਂ ਤੋਂ ਭਗੌੜੇ ਸੰਤਾਂ ਕੋਲੋਂ ਜਾ ਸਲਾਹ ਲੈਂਦੇ ਨੇ।
ਇੱਕ ਹੀ ਘਰ ਬਣਾਉਂਦਿਆਂ ਬੰਦੇ ਦੀ ਉਮਰ ਬੀਤ ਜਾਂਦੀ ਹੈ ਮਜ਼ਹਬ ਦੇ ਜਾਨੂੰਨੀ ਪਲਾਂ 'ਚ ਘਰਾਂ ਦੇ ਘਰ ਜਲਾ ਦਿੰਦੇ ਨੇ।
ਕਿਸੇ ਦੀ ਆਸ ਤੱਕਣ ਵਾਲੇ ਹੀ ਆਸਤਿਕ ਰਹਿਣ ਮੱਥੇ ਰਗੜਦੇ।ਨਾ-ਆਸਤਿਕ ਵਿਹਲੜ ਸਾਧ ਨੂੰ ਦੂਰੋਂ ਹੱਥ ਹਿਲਾ ਦਿੰਦੇ ਨੇ।
ਮੰਦਰ, ਮਸਜਿਦ ਜਾਂ ਗੁਰਦੁਆਰੇ ਜਾਣ ਲਈ ਜੇ ਮਨ ਕਰੇ ਤਾਂਭਲੇ ਲੋਕ ਕੁਝ ਰੋਂਦੇ ਹੋਏ ਬੱਚਿਆਂ ਤਾਈਂ ਹਸਾ ਦਿੰਦੇ ਨੇ।
ਮਰਨ ਉਪਰੰਤ ਦੀ ਫਰਜ਼ੀ ਦੁਨੀਆਂ ਖਾਤਿਰ ਸਾਰੇ ਦੇਵ ਪੁਰਸ਼ ਹੀ,ਇਸ ਧਰਤੀ ਦੀ ਅਸਲੀ ਦੁਨੀਆਂ/ਜ਼ਿੰਦਗੀ ਤਾਈਂ ਦਗਾ ਦਿੰਦੇ ਨੇ।
ਉਹ ਸਾਨੂੰ ਨਫਰਤ ਕਰਦੇ ਨੇ ਰੋਜ਼ ਹੀ ਕਾਫਿਰ ਕਾਫਿਰ ਕਹਿ ਕੇਪਰ ਕਾਫਿਰ ਤਾਂ ਥਾਂ-ਥਾਂ ਰੁੱਖ ਮੁਹੱਬਤ ਦੇਲਗਾ ਦਿੰਦੇ ਨੇ।
ਝੁਠੇ ਸੁਰਗ ਦੇ ਸੁਪਨੇ ਵੇਚ ਕੇ ਸਾਡੀ ਮਿਹਨਤ ਦੇ ਲੁਟੇਰੇਸੁਰਗ ਭੋਗਦੇ, ਸਾਡੀ ਜ਼ਿੰਦਗੀ ਤਾਈਂ ਨਰਕ ਬਣਾ ਦਿੰਦੇ ਨੇ।
ਜਿਹੜੇ ਮਾਪੇ ਬੱਚਿਆਂ ਨੂੰ ਲਾਈ ਲੱਗ ਬਣਨ ਨਹੀਂ ਦਿੰਦੇ, ਉਹ ਹੀ ਨਵੇਂ ਤਲਾਸ਼ ਕੇ ਰਸਤੇ, ਨਵੀਆਂ ਪਿਰਤਾਂ ਪਾ ਦਿੰਦੇ ਨੇ।

ਕਾਵਿ ਵਿਅੰਗ
ਚੁੰਨੀ ਰੇਸ਼ਮੀਚੁੰਨੀ ਰੇਸ਼ਮੀ 'ਚ ਸੱਤ ਧਾਰੀਆਂ ਸੀ ਹਾਏ!,
ਸਾਨੂੰ ਪਹਿਨਣ ਨਾ ਦਿੰਦਿਆਂ ਕਬੀਲਦਾਰੀਆਂ ਨੀ ਮਾਏ।
ਲੂਣ, ਤੇਲ ਲੱਕੜਾਂ ਦਾ ਸੰਸਾ ਰਹੇ ਹਰ ਵੇਲੇ, ਸਾਡੀਆਂ ਤਾਂ ਇਹੀਓ ਖੁਦਮੁਖਤਿਆਰੀਆਂ ਨੀ ਮਾਏ
ਰਾਜਨੇਤਾ, ਅਫਸਰਾਂ, ਪੁਰੋਹਿਤਾਂ ਸਾਨੂੰ ਲੁੱਟਿਆ ਏ, ਰਹਿੰਦਾ ਸਾਡਾ ਖੂਨ ਚੂਸਿਆ ਵਾਪਰੀਆਂ ਨੀ ਮਾਏ।
ਪਿੰਡ ਵਿੱਚ ਭਾਵੇਂ ਸਾਡੇ ਗੱਡੇ, ਭੇਡੇ ਚੱਲਦੇ ਨੇ, ਬੱਸਾਂ ਵਾਲੇ ਸਾਨੂੰ ਆਖਦੇ ਸਵਾਰੀਆਂ ਨੀ ਮਾਏ।

2
ਹੁਸਨ ਦਾ ਸੌਦਾ
ਨਕਸ਼ਾਂ ਦੀ ਨਹੀਂ ਇਤਫਾਕੀਆ ਸੁਡੌਲਤਾ ਇਹ, ਹੁਸਨ ਤਾਂ ਸੰਗ੍ਰਹਿ ਹੈ ਆਦਤਾਂ ਪਿਆਰੀਆਂ ਦਾ।
ਗੋਰੇ ਚਿਹਰੇ, ਸੋਹਣੇ ਲੀੜੇ ਪਾ ਕੇ ਵਰਗਲਾਉਣ ਏਦਾਂ, ਹੁੰਦਾ ਹੈ ਹੁਸਨ ਜਿਵੇਂ ਸੌਦਾ ਵਿਉਪਾਰੀਆਂ ਦਾ।
ਸੋਹਣੇ ਬਣ ਦਿੱਸਣਾ ਤੇ ਰਹਿਣਾ ਸਜ ਫਬ ਕੇ ਇਹ, ਮੁੱਖ ਤੋਂ ਹੀ ਸ਼ੌਕ ਇੱਥੇ ਸਾਰੇ ਨਰ ਨਾਰੀਆਂ ਦਾ।
ਸੱਚੇ ਸੁੱਚੇ ਇਸ਼ਕਾਂ ਦੇ ਲੰਘ ਗਏ ਨੇ ਦੌਰ ਯਾਰੋ, ਮੰਗਦੇ ਨੇ ਮੁੱਲ ਹੁਣ ਰਾਂਝੇ ਮੱਝਾਂ ਚਾਰੀਆਂ ਦਾ।
ਮੋਬਾਇਲ 94171-20427

ਗ਼ਜ਼ਲ

ਸੋਚਾਂ ਵਿਚਲਾ ਸ਼ੋਰ ਇੰਜ ਮੈਨੂੰ ਇਕੱਲਾ ਕਰ ਗਿਆ।
ਤਨਹਾਈ ਦੇ ਨਾਲ ਮੇਰੇ ਮਨ ਦਾ ਵਿਹੜਾ ਭਰ ਗਿਆ।
ਕੰਡਿਆਂ ਦੇ ਨਾਲ ਹੀ ਯਾਰੀ ਪਾ ਕੇ ਸੀ ਸਰ ਗਿਆ।
ਮਹਿਕਦਾ ਫੁੱਲ ਕਿਉਂ ਕੋਈ ਮੇਰੇ ਸਿਰਹਾਣੇ ਧਰ ਗਿਆ।
ਢਲਦਾ ਸੂਰਜ ਦੇ ਗਿਆ ਇੱਕ ਸਾਥੀ ਤਾਂ ਕੁਝ ਦੇਰ ਲਈ
ਮੇਰਾ ਪਰਛਾਵਾਂ ਮੇਰੇ ਕੱਦ ਦੇ ਬਾਰੋਬਰ ਕਰ ਗਿਆ।
ਮੈਂ ਕਿਸੇ ਦਾ ਇਸ ਤਰ•ਾਂ ਵੀ ਤਾਂ ਬੁਰਾ ਕੀਤਾ ਨਾ ਸੀ
ਮੋਹ ਦਾ ਦੀਵਾ ਬਾਲ ਕੇ ਕੋਈ ਦੁਸ਼ਮਣੀ ਕਿਉਂ ਕਰ ਗਿਆ।
ਕਿੰਨੇ ਮਜ਼ੇ ਸੀ ਹੋਰ ਰਹਿੰਦਾ ਜੇ ਜਵਾਨੀ ਦਾ ਸਰੂਰ,ਹਾਏ!
ਇਹ ਦਰਿਆ ਤਾਂ ਬਰਸਾਤਾਂ 'ਚ ਹੀ ਉੱਤਰ ਗਿਆ।
ਢਿੱਲੋਂ ਲੋਕਾਂ ਨੂੰ ਸਦਾ ਦੁੱਖ ਦੀ ਦਵਾ ਦਿੰਦਾ ਰਿਹਾ
ਪਰ ਦਵਾ ਬਾਝੋ ਆਪਣੇ ਦਵਾਖਾਨੇ 'ਚ ਮਰ ਗਿਆ।

ਗੰਦ

ਬੱਸ ਤੁਰੀ ਜਾ ਰਹੀ ਸੀ। ਡਰਾਈਵਰ ਬਦਲ ਬਦਲ ਕੇ ਟੇਪ ਰਿਕਾਰਡਰ ਤੇ ਕੈਸਿਟਾਂ ਲਾ ਰਿਹਾ ਸੀ। ਨਾਲ ਹੀ ਸ਼ੀਸ਼ੇ 'ਚ ਦੇਖ ਕੇ ਮੁੱਛਾਂ ਨੂੰ ਤਾਅ ਦੇ ਰਿਹਾ ਸੀ ਅਤੇ ਕਦੇ ਕਦੇ ਚੁਟਕੀਆਂ ਵੀ ਵਜਾਣ ਲੱਗ ਪੈਂਦਾ। ਕੰਡਕਟਰ ਵੀ ਉਸ ਕੋਲ ਇੰਜਣ 'ਤੇ ਬੈਠਾ ਗੀਤ ਦੀ ਸੁਰ 'ਚ ਸੁਰ ਮਿਲਾ ਰਿਹਾ ਸੀ। ਸਾਰੇ ਹੀ ਗੀਤ ਐਨੇ ਅਸ਼ਲੀਲ ਸਨ ਕਿ ਔਰਤ ਸਵਾਰੀਆਂ ਨੀਵੀਂ ਪਾਈ ਬੈਠੀਆਂ ਸਨ ਅਤੇ ਉਨ•ਾਂ ਦੇ ਸਾਥੀ ਮਰਦ ਸ਼ਰਮ ਨਾਲ ਪਾਣੀ ਪਾਣੀ ਹੋ ਰਹੇ ਸਨ। ਡਰਾਈਵਰ ਨੇ ਆਪਣੇ ਸਾਹਮਣੇ ਸ਼ੀਸ਼ੇ ਦੇ ਨਾਲ ਮੋਟੇ ਅੱਖਰਾਂ 'ਚ ਲਿਖਵਾਇਆ ਹੋਇਆ ਸੀ “ਗੱਡੀ ਵਿੱਚ ਗੰਦ ਨਾ ਪਾਓ ਜੀ

ਕਤ•ੀੜ

ਭਾਈ ਭੈਣ ਦੇ ਤੇ ਜੁਆਈ ਘਰ ਸਹੁਰੇ, ਰਹਿਣ ਲੱਗਣ, ਤਾਂ ਕੁੱਤੇ ਸਦਾਂਵਦੇ ਨੇ।
ਲੋਕੀ ਉਨ•ਾਂ ਦੇ ਤਾਈਂ ਵੀ ਕਹਿਣ ਕੁੱਤੇ, ਰੋਜ ਗੀਤ ਅਸ਼ਲੀਲ ਜੋ ਗਾਂਵਦੇ ਨੇ।
ਬਿਨਾਂ ਮਤਲਬੋਂ ਕੁੱਤੇ ਨੇ ਜੋ ਰੱਖਦੇ, ਉਹ ਵੀ ਖੁਦ ਨੂੰ ਕੁੱਤੇ ਅਖਵਾਂਵਦੇ ਨੇ।
ਐਂਵੇਂ ਭੌਂਕਦੀ ਸਦਾ ਕੁਤ•ੀੜ ਰਹਿੰਦੀ, ਮਸਤ ਚਾਲ ਹਾਥੀ ਤੁਰੇ ਜਾਂਵਦੇ ਨੇ।

ਅਕਾਲੀ ਵਿਗੜ ਕੇ ਹੈ ਕਾਂਗਰਸੀ ਬਣਦਾ, ਜਦੋਂ ਟਿਕਟ ਦੀ ਰਹੇ ਨਾ ਆਸ ਬੇਲੀ।
ਕਾਂਗਰਸੀ ਵਿਗੜ ਬਣੇ ਜਨਸੰਘੀ, ਨਿੱਕਰ ਪਾਉਣ ਦਾ ਕਰੇ ਅਭਿਆਸ ਬੇਲੀ।
ਸ਼ਾਇਰ ਵਿਗੜ ਕੇ ਹੈ ਪੱਤਰਕਾਰ ਬਣਦਾ, ਸਮਝਣ ਲੱਗਦਾ ਹੈ ਖੁਦ ਨੂੰ ਖਾਸ ਬੇਲੀ।
ਕਾਮਰੇਡ ਹੈ ਵਿਗੜ ਕੇ ਸਾਧ ਬਣਦਾ, ਸਾਧ ਵਿਗੜ ਕੇ ਬਣੇ ਬਦਮਾਸ਼ ਬੇਲੀ।

Wednesday, May 19, 2010

ਸੱਪ ਮਿੱਤ ਹੁੰਦੇ ਐ, ਪਰ ਬੰਦਾ ਨਹੀਂ. . .

ਅਮਰਜੀਤ ਢਿੱਲੋਂ
ਮੁੱਦਤਾਂ ਤੋਂ ਗਵੱਈਏ ਲੋਕ ਸੱਪਾਂ ਬਾਰੇ ਝੂਠੀਆਂ ਕਵਿਤਾਵਾਂ ਅਤੇ ਗੀਤ ਪੜ• ਰਹੇ ਹਨ, ਜਿਸ ਵਿੱਚ ਕਹਿੰਦੇ ਹਨ ਸੱਪਾਂ ਦੁੱਧ ਪਿਆਈਏ, ਕਦੇ ਨਾ ਹੁੰਦੇ ਮਿੱਤ। ਜੋ ਕਿ ਬਿਲਕੁੱਲ ਹੀ ਝੂਠ ਹੈ। ਸੱਪ ਮਾਸਾਹਾਰੀ ਜਾਨਵਰ ਹੈ ਅਤੇ ਦੁੱਧ ਇਸ ਦੀ ਖੁਰਾਕ ਬਿਲਕੁੱਲ ਹੀ ਨਹੀਂ। ਇਸ ਦੀ ਜੀਭ ਪਾਟੀ (ਦੋ-ਫਾੜ) ਹੋਣ ਕਾਰਨ ਇਹ ਦੁੱਧ ਪੀ ਹੀ ਨਹੀਂ ਸਕਦਾ। ਜੇ ਇਸ ਨੂੰ ਜਬਰਦਸਤੀ ਦੁੱਧ ਪਿਲਾ ਵੀ ਦਿੱਤਾ ਜਾਵੇ ਤਾਂ ਇਸ ਨੂੰ ਦਸਤ ਲੱਗ ਜਾਂਦੇ ਹਨ ਅਤੇ ਇਹ ਮਰ ਵੀ ਸਕਦਾ ਹੈ। ਸੱਪ ਬਹੁਤ ਹੀ ਸ਼ਰੀਫ ਅਤੇ ਡਰਾਕਲ ਜਾਨਵਰ ਹੈ। ਇਸ ਦੇ ਕੰਨ ਨਹੀਂ ਹੁੰਦੇ। ਇਹ ਚਮੜੀ ਦੇ ਸਪੱਰਸ਼ ਰਾਹੀਂ ਜਾਂ ਧਰਤੀ ਦੀ ਧਮਕ ਰਾਹੀਂ ਹੀ ਸੁਣਦਾ ਹੈ। ਸੱਪ ਅੱਗੇ ਬੀਨ ਵਜਾਉਣਾ ਨਿਰਾ ਢੋਂਗ ਹੈ, ਕਿਉਂਕਿ ਸੱਪ ਨੂੰ ਬੀਨ ਸੁਣਦੀ ਹੀ ਨਹੀਂ ਇਸ ਲਈ ਜੋਗੀ ਬੀਨ ਨੂੰ ਇਧਰ ਉੱਧਰ ਹਿਲਾਉਂਦਾ ਹੈ ਸੱਪ ਬੀਨ ਅਨੁਸਾਰ ਹੀ ਹਿੱਲਦਾ ਹੈ। ਜਿਸ ਨੂੰ ਲੋਕ ਸਮਝਦੇ ਹਨ ਕਿ ਸੱਪ ਬੀਨ ਸੁਣਕੇ ਮੇਲ•ਦਾ ਹੈ। ਜੇ ਟੋਕਰੀ 'ਚ ਪਏ ਸੱਪ ਨੂੰ ਨਾ ਛੇੜਿਆ ਜਾਵੇ ਤਾਂ ਉਹ ਬੀਨ ਦੀ ਆਵਾਜ਼ ਸੁਣ ਕੇ ਨਹੀਂ ਉੱਠੇਗਾ। ਇਸੇ ਲਈ ਬੀਨ ਵਜਾਉਣ ਤੋਂ ਜੋਗੀ ਉਸ ਦੀ ਚਮੜੀ 'ਤੇ ਠੋਲਾ ਮਾਰਦੇ ਹਨ। ਸੱਪ ਡੰਗ ਵੀ ਸਿਰਫ ਉਦੋਂ ਮਾਰਦਾ ਹੈ ਜਦ ਉਸ ਨੂੰ ਆਪਣੀ ਮੌਤ ਦਾ ਖਤਰਾ ਹੋਵੇ। ਸੱਪ ਦੀ ਜ਼ਹਿਰ ਉਸ ਦੀ ਆਪਣੀ ਜ਼ਿੰਦਗੀ ਲਈ ਬੇਹੱਦ ਜਰੂਰੀ ਹੈ, ਕਿਉਂਕਿ ਜ਼ਹਿਰ ਤੋਂ ਬਿਨਾ ਸੱਪ ਆਪਣੀ ਖੁਰਾਕ ਹਜ਼ਮ ਹੀ ਨਹੀਂ ਕਰ ਸਕਦਾ। ਇਸ ਲਈ ਕਈ ਵਾਰ ਉਹ ਫੋਕੀ ਦੰਦੀ ਵੱਢ ਕੇ ਹੀ ਛੱਡ ਦਿੰਦਾ ਹੈ। ਇਸੇ ਕਾਰਨ ਹੀ ਗਾਰੜੀਆਂ ਦਾ ਤੋਰੀ ਫੁਲਕਾ ਚੱਲੀ ਜਾਂਦਾ ਹੈ। ਸੱਪ ਕਦੇ ਨਿਹੱਥੇ ਖੜ•ੇ ਬੰਦੇ ਅਤੇ ਸੁੱਤੇ ਪਏ ਦੇ ਡੰਗ ਨਹੀਂ ਮਾਰਦਾ। ਸੱਪ ਦੀ ਮੁੱਖ ਖੁਰਾਕ ਚੂਹਾ ਹੈ। ਇਸ ਲਈ ਇਹ ਕਿਸਾਨ ਦਾ ਮਿੱਤਰ ਜਾਨਵਰ ਹੈ, ਪਰ ਇਸ ਸਬੰਧੀ ਫੈਲਾਈਆਂ ਡਰਾਉਣੀਆਂ ਕਹਾਣੀਆਂ ਕਾਰਨ ਕਿਸਾਨ ਇਸ ਨੂੰ ਦੇਖਣ ਸਾਰ ਹੀ ਮਾਰ ਦਿੰਦਾ ਹੈ। ਇਸੇ ਲਈ ਅੱਜ ਕੱਲ• ਖੇਤਾਂ ਵਿੱਚ ਚੂਹਿਆਂ ਦਾ ਭਰਮਾਰ ਹੈ। ਸੱਪਾਂ ਬਾਰੇ ਫੈਲਾਈਆਂ ਕਹਾਣੀਆਂ, ਸਪਣੀ ਵੱਲੋਂ ਬਦਲਾ ਲੈਣ ਦੀ ਕਹਾਣੀ ਅਤੇ ਇਸ ਕਿਸਮ ਦੀਆਂ ਫਿਲਮਾਂ ਬਿਲਕੁੱਲ ਝੂਠ 'ਤੇ ਆਧਾਰਿਤ ਹਨ। ਬੰਦਾ ਸੱਪ ਨਾਲੋਂ ਕਿਤੇ ਜਿਆਦਾ ਖਤਰਨਾਕ ਹੈ। ਬਕੌਲ ਸ਼ਾਇਰ “ਸੱਪਾਂ ਨੂੰ ਕੈਦ ਕਰ ਲਿਆ, ਇਹ ਕਹਿ ਕੇ ਸਪੇਰੇ ਨੇ, ਕਿ ਬੰਦੇ ਨੂੰ ਡੱਸਣ ਲਈ ਤਾਂ ਬੰਦੇ ਹੀ ਬਥੇਰੇ ਨੇ।” ਬੰਦਾ ਇਕੋ ਇੱਕ ਅਜਿਹਾ ਜਾਨਵਰ ਹੈ ਜੋ ਕਿਸੇ ਦਾ ਮਿੱਤ ਨਹੀਂ ਹੁੰਦਾ। ਇਸ ਵਿੱਚ ਕਦੇ ਸ਼ੇਰ, ਲੂੰਬੜ, ਸੱਪ ਅਨੇਕਾਂ ਜਾਨਵਰ ਵਾਸ ਕਰਦੇ ਹਨ। ਬਕੌਲ ਸ਼ਾਇਰ “ਅਨੇਕਾਂ ਪਰਿੰਦੇ ਮੇਰੇ ਮਨ 'ਚ ਕੈਦੀ, ਹਰ ਵਕਤ ਦਿੰਦੇ ਨੇ ਇਹੋ ਦੁਹਾਈ, ਰਿਹਾਈ ਓ ਬੰਦੇ ਰਿਹਾਈ . ਰਿਹਾਈ।” ਪਰ ਬੰਦੇ ਤੋਂ ਆਪਣੇ ਮਨ 'ਚੋਂ ਸਾਰੀ ਉਮਰ ਇਹ ਜਾਨਵਰ ਰਿਹਾਅ ਨਹੀਂ ਕੀਤੇ ਜਾਂਦੇ। ਇਸੇ ਲਈ ਉਪਦੇਸ਼ ਵਾਰ ਵਾਰ ਬੰਦੇ ਨੂੰ ਕਹਿੰਦੇ ਹਨ। ਰਹਿ ਬਣ ਕੇ ਬੰਦਿਆਂ ਬੰਦਾ ਤੂੰ। ਪਰ ਬੰਦਾ, ਬੰਦਾ ਨਹੀਂ ਬਣਦਾ ਅਤੇ ਉਪਦੇਸ਼ਾਂ ਦਾ ਕੰਮ ਚੱਲੀ ਜਾਂਦਾ ਹੈ। “ਕੋਈ ਸਮਝੇ ਨਾ ਸਮਝੇ, ਉਨਕੋ ਸਮਝਾਨੇ ਸੇ ਮਤਲਬ ਹੈ, ਨਸੀਹਤ ਕਰਨੇ ਵਾਲੇ ਵੀ, ਬੜੇ ਨਾਦਾਨ ਹੋਤੇ ਹੈਂ।”

ਜੇ ਹਵਾ ਇਹ ਰਹੀ… .

.ਅਮਰਜੀਤ ਢਿੱਲੋਂ

ਹਰੇ ਇਨਕਲਾਬ ਦੀ ਸਿਰਜਣਹਾਰ ਮਾਲਵਾ ਪੱਟੀ ਅੱਜ ਪੂਰੀ ਤਰ•ਾਂ ਕੈਂਸਰ ਪੱਟੀ ਬਣ ਚੁੱਕੀ ਹੈ। ਲੋਕਾਂ ਦੇ ਖੂਨ 'ਚ 16 ਕਿਸਮ ਦੇ ਕੀਟਨਾਸ਼ਕ ਪਾਏ ਜਾ ਰਹੇ ਹਨ। ਇਹ ਕੀਟਨਾਸ਼ਕ ਮਾਂ ਦੇ ਦੁੱਧ 'ਚ ਵੀ ਪਹੁੰਚ ਗਏ ਹਨ ਅਤੇ ਇਸ ਤਰ•ਾਂ ਨਵਜੰਮੇਂ ਬੱਚਿਆਂ ਨੂੰ ਵੀ ਜ਼ਹਿਰ ਦੀ ਗੁੜ•ਤੀ ਮਿਲਦੀ ਹੈ। ਸਭ ਤੋਂ ਵੱਧ ਮੰਦਬੁੱਧੀ ਬੱਚੇ ਮਾਲਵਾ 'ਚ ਹਨ। ਕੈਂਸਰ ਹਸਪਤਾਲ ਅਤੇ ਮੰਦਬੁੱਧੀ ਬੱਚਿਆਂ ਲਈ ਹਸਪਤਾਲ ਖੋਹਲਣ ਦੀ ਮੰਗ ਤਾਂ ਲਗਾਤਾਰ ਹੋ ਰਹੀ ਹੈ ਪਰ ਕੈਂਸਰ ਦੇ ਕਾਰਨ ਦੂਰ ਕਰਨ ਲਈ ਕੋਈ ਅਵਾਜ ਨਹੀਂ ਉੱਠ ਰਹੀ।ਜ਼ਿਲ•ਾ ਮੋਗਾ ਦਾ ਆਖਰੀ ਪਿੰਡ ਸੁਖਾਨੰਦ ਹੈ। ਇਹ ਪਿੰਡ ਜ਼ਿਲ•ਾ ਬਠਿੰਡਾ ਦੇ ਪਿੰਡ ਸਿਰੀਏਵਾਲਾ ਅਤੇ ਭਗਤਾ ਭਾਈ ਦੀ ਹੱਦ ਹੈ। ਦੂਜੇ ਪਾਸੇ ਪਿੰਡ ਡੋਡ ਤੋਂ ਜ਼ਿਲ•ਾ ਫਰੀਦਕੋਟ ਸ਼ੁਰੂ ਹੋ ਜਾਂਦਾ ਹੈ। ਪਿੰਡ ਸੁਖਾਨੰਦ 'ਚ ਸਿਰਫ ਤਿੰਨ ਸਾਲਾਂ 'ਚ ਕੈਂਸਰ ਕਾਰਨ 13 ਮੌਤਾਂ ਹੋ ਚੁੱਕੀਆਂ ਹਨ। ਕਈ ਵਿਅੱਕਤੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਅਤੇ ਡੀ.ਐਮ.ਸੀ. ਲੁਧਿਆਣਾ ਤੋਂ ਮਹਿੰਗਾ ਇਲਾਜ ਕਰਵਾ ਰਹੇ ਹਨ।ਇੱਥੇ ਮੈਡੀਕਲ ਪ੍ਰੈਕਟਿਸ ਕਰ ਰਹੇ ਡਾ. ਬਲਤੇਜ ਸਿੰਘ ਵਾਂਦਰ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਆਂਤੜੀਆਂ ਦੇ ਕਂਸਰ ਕਾਰਨ ਹੋਈਆਂ ਹਨ। ਕੀਟਨਾਸ਼ਕਾਂ ਦੀ ਅੰਨ•ੇਵਾਹ ਵਰਤੋਂ ਨੇ ਹਵਾ ਪਾਣੀ ਜ਼ਹਿਰੀਲਾ ਕਰ ਦਿੱਤਾ ਹੈ। ਹਰੇ ਚਾਰੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਇਨ•ਾਂ ਦਾ ਅਸਰ ਪਸ਼ੂਆਂ ਦੇ ਦੁੱਧ 'ਤੇ ਵੀ ਪੈਂਦਾ ਹੈ। ਡਾ. ਬਲਤੇਜ ਸਿੰਘ ਨੇ ਦੱਸਿਆ ਕਿ ਸੁਖਾਨੰਦ 'ਚ ਮਰਨ ਵਾਲੇ ਜ਼ਿਆਦਾਤਰ ਕਿਸਾਨ ਹਨ। ਕਈ ਮਜ਼ਦੂਰ ਵੀ ਇਸ ਦੀ ਲਪੇਟ 'ਚ ਆਏ ਹਨ। ਇੱਕ ਕਿਸਾਨ ਸਰੂਪ ਸਿੰਘ ਦਾ ਬੱਚਾ 6 ਮਹੀਨੇ ਦੀ ਉਮਰ 'ਚ ਹੀ ਬਲੱਡ ਕੈਂਸਰ ਦਾ ਸ਼ਿਕਾਰ ਹੋ ਗਿਆ। 35 ਸਾਲ ਦਾ ਦਰਸ਼ਨ ਸਿੰਘ ਖੁਰਾਕ ਨਲੀ ਦੇ ਕੈਂਸਰ ਕਾਰਨ ਮੌਤ ਦੇ ਦੈਂਤ ਨੇ ਨਿਗਲ ਲਿਆ। ਜਗਜੀਤ ਸਿੰਘ (40), ਜੁਗਰਾਜ ਸਿੰਘ (42), ਮਲਕੀਤ ਸਿੰਘ (50), ਸਾਰੇ ਆਂਤੜੀਆਂ ਦੇ ਕੈਂਸਰ ਕਾਰਨ ਇਸ ਜਹਾਨ ਤੋਂ ਕੂਚ ਕਰ ਗਏ ਅਤੇ ਆਪਣੇ ਪਰਿਵਾਰਾਂ ਨੂੰ ਵਿਲਕਦਿਆਂ ਛੱਡ ਗਏ।ਬਾਜਾਖਾਨਾ ਵਿਖੇ ਪੰਜਾਬ ਐਂਡ ਸਿੰਧ ਬੈਂਕ 'ਚ ਕਈ ਸਾਲਾਂ ਤੋਂ ਗੰਨਮੈਨ ਦੀ ਸੇਵਾ ਨਿਭਾਉਂਦਾ ਧਰਮੀ ਫੌਜੀ ਮੱਖਣ ਸਿੰਘ ਸੁਖਾਨੰਦ (55), ਮਿਸਤਰੀ ਬੁੱਧ ਸਿੰਘ ਕਾਲੇ ਪੀਲੀਏ (ਹੈਪੇਟਾਈਟਸ ਸੀ) ਕਾਰਨ ਮੌਤ ਦੇ ਮੂੰਹ ਚਲੇ ਗਏ। ਬਾਵਾ ਸਿੰਘ (60) ਪਿਸ਼ਾਬ ਨਲੀ ਦੇ ਕੈਂਸਰ, ਭੋਲਾ ਸਿੰਘ (35) ਦਿਮਾਗ ਦੇ ਕੈਂਸਰ ਅਤੇ ਵੀਰਪਾਲ ਕੌਰ (16) ਜਿਗਰ ਦੇ ਕੈਂਸਰ ਕਾਰਨ ਮੌਤ ਹੋ ਗਈ। ਕਾਲਾ ਸਿੰਘ (40) ਅਤੇ ਭੋਲਾ ਸਿੰਘ (40) ਦਾ ਡੀ.ਐਮ.ਸੀ. ਲੁਧਿਆਣਾ ਤੋਂ ਇਲਾਜ ਚੱਲ ਰਿਹਾ ਹੈ। ਇਸੇ ਦਲੀਪ ਕੌਰ (60) ਅਤੇ ਗੁਰਦੇਵ ਸਿੰਘ (42) ਵੀ ਆਂਤੜੀਆਂ ਦੇ ਕੈਂਸਰ ਤੋਂ ਪੀੜਤ ਹਨ। ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਸ਼ੋਰਾ ਯੁਕਤ ਹੈ। ਜਲਘਰਾਂ ਦੇ ਪ੍ਰਬੰਧ ਬੇਹੱਦ ਨਾਕਸ ਹਨ। ਸਫਾਈ ਦਾ ਕੋਈ ਪ੍ਰਬੰਧ ਨਹੀਂ। ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਸੀਵਰੇਜ ਕਾਰਨ ਛੱਪੜਾਂ ਦਾ ਪਾਣੀ ਸੜਿਹਾਂਦ ਮਾਰ ਰਿਹਾ ਹੈ। ਇਹ ਇੱਕ ਉਸ ਪਿੰਡ ਦੀ ਦਾਸਤਾ ਹੈ ਜਿੱਥੇ (ਸੁਖਾਨੰਦ) ਸਭ ਤੋਂ ਵੱਧ ਪਾਠ ਪੂਜਾ ਹੁੰਦੀ ਹੈ। ਡੇਰਾ ਭੋਰੇ ਵਾਲਾ ਕਰਕੇ ਮਸ਼ਹੂਰ ਸੁਖਾਨੰਦ ਵਿਖੇ ਹਰ ਵਕਤ ਅਖੰਡ ਪਾਠਾਂ ਦੀ ਲੜੀ ਚੱਲਦੀ ਰਹਿੰਦੀ ਹੈ। ਹੋਰ ਧਾਰਮਿਕ ਗ੍ਰੰਥਾਂ ਦੇ ਪਾਠ ਵੀ ਲਗਾਤਾਰ ਹੁੰਦੇ ਰਹਿੰਡੇ ਹਨ। ਕਰੋੜਾਂ ਰੁਪਏ ਖਰਚ ਕੇ ਇੱਥੇ ਲੜਕੀਆਂ ਦਾ ਕਾਲਜ ਅਤੇ ਬੀ.ਐੱਡ ਟਰੇਨਿੰਗ ਸੈਂਟਰ ਚਲਾਇਆ ਜਾ ਰਿਹਾ ਹੈ ਪਰ ਸਿਹਤਪ੍ਰਤੀ ਜਾਗਰੂਕਤਾ ਬੇਹੱਦ ਘੱਟ ਹੈ।ਦੂਜੇ ਪਿੰਡਾਂ ਦੀ ਹਾਲਤ ਵੀ ਇਸ ਪਿੰਡ ਤੋਂ ਬਹੁਤੀ ਬਿਹਤਰ ਨਹੀਂ। ਇਨ•ਾਂ ਪਿੰਡਾਂ 'ਚ ਵੀ ਕੈਂਸਰ ਨੇ ਪੈਰ ਪਸਾਰੇ ਹੋਏ ਹਨ। ਬਠਿੰਡਾ ਤੋਂ ਬੀਕਾਨੇਰ ਨੂੰ ਜਾਂਦੀ ਰੇਲ ਗੱਡੀ ਦਾ ਨਾਂ ਹੀ ਕੈਂਸਰ ਐਕਸਪ੍ਰੈਸ ਕਰਕੇ ਮਸ਼ਹੂਰ ਹੋ ਗਿਆ ਕਿਉਂਕਿ ਮਾਲਵੇ ਦੇ ਕੈਂਸਰ ਮਰੀਜ ਇਸੇ ਗੱਡੀ ਰਾਹੀਂ ਬੀਕਾਨੇਰ ਕੈਂਸਰ ਹਸਪਤਾਲ ਜਾਂਦੇ ਹਨ। ਜੇ ਹਾਲਾਤ ਇਸੇ ਤਰ•ਾਂ ਰਹੇ ਤਾਂ ਸੁਰਜੀਤ ਪਾਤਰ ਦਾ ਇਹ ਸ਼ੇਅਰ ਹੀ ਢੁਕਵਾਂ ਹੋਵੇਗਾ ਕਿ “ਜੇ ਹਵਾ ਇਹ ਰਹੀ, ਕਬਰਾਂ ਉੱਤੇ ਤਾਂ ਕੀ, ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ।