ਗ਼ਜ਼ਲ (ਗੋਸ਼ਟ ਕਰਦੇ ਰਹਿ ਜਾਈਦਾ) -1
ਰੋਜ਼ ਹੀ ਆਪਣੇ ਆਪੇ ਸੰਗ ਗੋਸ਼ਟ ਕਰਦੇ ਰਹਿ ਜਾਈਦਾ। ਜਦ ਵੀ ਵਕਤ ਮਿਲੇ ਸੰਨਾਟੇ ਨਾਲ ਸੰਵਾਦ ਰਚਾਈਦਾ।
ਇਸ ਬੇ-ਚਿਹਰਾ ਅੰਨ•ੀ ਭੀੜ ਤੋਂ ਬਚਣ ਦਾ ਕੋਈ ਰਸਤਾ ਨਹੀਂ, ਕਦੇ-ਕਦੇ ਕੁਝ ਚਿਰ ਭੀੜ ਦਾ ਹਿੱਸਾ ਹੀ ਬਣ ਜਾਈਦਾ।
ਜਦੋਂ ਕਦੇ ਵੀ ਮਨ ਵਿੱਚ ਪੈਲ•ਾਂ ਪਾਉਣ ਦੀ ਤਾਂਘ ਉਭਰਦੀ ਹੈ, ਕੱਚੀ ਜਿਹੀ ਕੰਧੋਲੀ 'ਤੇ ਮਿੱਟੀ ਦਾ ਮੋਰ ਬਣਾਈਦਾ।
ਬੀਤੇ ਦੇ ਵਿਸਰੇ ਨਾ ਚੇਤੇ ਕਰ ਲਿਖਣੇ, ਫਿਰ ਢਾਹ ਦੇਣੇ ਕਦੇ-ਕਦੇ ਮਨ ਆਪਣਾ ਯਾਰੋ ਏਦਾਂ ਵੀ ਹੈ ਪਰਚਾਈਦਾ।
ਹੁਣ ਨਾ ਕੋਈ ਪਰਿੰਦਿਆਂ ਦੇ ਲਈ ਛੱਤ 'ਤੇ ਪਾਣੀ ਰੱਖਦਾ ਹੈ, ਨਵੇਂ ਮਕਾਨਾਂ ਤਾਈਂ ਰਬੜ ਦੇ ਰੁੱਖਾਂ ਨਾਲ ਸਜਾਈਦਾ।
ਔੜ ਦੇ ਮਾਰੇ, ਮੋਹ ਦੇ ਰਿਸ਼ਤੇ ਜਦ ਵੀ ਚੇਤੇ ਆਉਂਦੇ ਨੇ, ਬਰਸਾਤਾਂ ਦੇ ਮੌਸਮ ਵਿੱਚ ਵੀ ਨੈਣੋਂ ਨੀਰ ਵਹਾਈਦਾ।
ਹਾਏ ਗਰਮੀ! ਹਾਏ ਸਰਦੀ! ਹਾਏ ਬਰਖਾ! ਔੜ ਬੜੀ, ਇੱਕ ਦੂਜੇ ਨੂੰ ਮਿਲਣ 'ਤੇ ਇਉਂ ਮੌਸਮ ਦਾ ਹਾਲ ਸੁਣਾਈਦਾ।
ਕਿਸ ਦਾ ਜੀ ਕਰਦਾ ਹੈ ਜਾ ਕੇ ਪਰਦੇਸਾਂ 'ਚ ਭਟਕਣ ਲਈ, ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈਦਾ।
ਚੀਂ-ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੀ ਕੋਈ ਦੱਸ ਸਕਦਾ ਹੈ, ਆਲ•ਣਿਆਂ ਦੇ ਬੋਟਾਂ ਨੂੰ ਝੱਖੜਾਂ ਤੋਂ ਕਿੰਜ ਬਚਾਈਦਾ।
ਬੇਵਫਾਈ ਵੀ ਕੁਝ ਹੱਦ ਤੱਕ ਤਾਂ ਮਜ਼ਬੂਰੀ ਹੀ ਹੁੰਦੀ ਹੈ, ਢਿੱਲੋਂ ਜੀ ਐਵੇਂ ਯਾਰਾਂ ਤਾਈਂ ਬਹੁਤਾ ਨੀ ਅਜਮਾਈਦਾ।
ਗ਼ਜ਼ਲ (ਗੋਸ਼ਟ ਕਰਦੇ ਰਹਿ ਜਾਈਦਾ) -2
ਆਪਣੇ ਆਪ ਨੂੰ ਟੀਸੀ ਉੱਤੇ ਬਹੁਤਾ ਨਹੀਂ ਚੜ•ਾਈਦਾ। ਨਹੀਂ ਤਾਂ ਡਿੱਗਣ ਵੇਲੇ ਫਿਰ ਕੀਚਰ-ਕੀਚਰ ਹੋ ਜਾਈਦਾ।
ਕੁਝ ਤੋਹਫੇ ਨਾ ਦੇਣ 'ਤੇ ਹੀ ਜਦ ਮੋਹ ਦੇ ਰਿਸ਼ਤੇ ਤਿੜਕ ਗਏ, ਏਦਾਂ ਵੀ ਮਨ 'ਤੇ ਸੇਕ ਹੰਢਾਇਆ ਮੈਂ ਮਹਿੰਗਾਈਦਾ।
ਕਿਰਤੀ ਦੇ ਘਰ ਘੁੱਪ ਹਨੇਰਾ, ਜਗਣ ਟਿਊਬਾਂ ਮੰਦਰਾਂ ਵਿੱਚ, ਭੁੱਖਾ ਰਹੇ ਗਵਾਂਢੀ, ਰਾਸ਼ਨ ਲੰਗਰ ਦੇ ਵਿੱਚ ਪਾਈਦਾ।
ਉਸ ਦਾ ਨਾਂਅ ਵੀ ਅੱਗ ਬੁਝਾਵਣ ਵਾਲਿਆਂ 'ਚ ਆ ਜਾਵੇ, ਬਲਦੇ ਰੁੱਖ 'ਤੇ ਚਿੜੀ ਵੱਲੋਂ ਜੇ ਚੁੰਝ ਭਰ ਪਾਣੀ ਪਾਈਦਾ।
ਵਿਆਹ ਦੇ ਮੰਡਪ ਦੇ ਵਿੱਚ ਹੋਵਣ ਜਾਂ ਮਿਰਤਕ ਦੀ ਦੇਹ ਉੱਤੇ, ਫੁੱਲ ਚੰਦਰਿਆਂ ਕੋਲੋਂ ਆਪਣਾ ਹਾਸਾ ਨਹੀਂ ਛੁਪਾਈਦਾ।
ਰਹਿਬਰ ਸਾਡੇ ਜਖਮਾਂ ਦਾ ਇਲਾਜ ਇਸ ਤਰ•ਾਂ ਕਰਦੇ ਹਨ, ਜਖਮ ਤੇ ਮੱਲ•ਮ ਵੀ ਕੰਡੇ ਦੀ ਨੋਕ ਦੇ ਨਾਲ ਲਗਾਈਦਾ।
ਬਚਪਨ ਦੀ ਗਲਤੀ ਹੁੰਦੀ ਸੀ ਕੱਚੀ ਪੈਨਸਿਲ ਨਾਲ ਲਿਖੀ, ਹੁਣ ਪਿੰਨ ਵਾਲੀ ਗਲਤੀ ਨੂੰ ਨਾ ਰਬੜ ਦੇ ਨਾਲ ਮਿਟਾਈਦਾ।
ਪੜ•ੇ ਨਾ ਢਾਈ ਪ੍ਰੇਮ ਦੇ ਅੱਖਰ ਪੜ• ਲਏ ਗੰ੍ਰਥ ਹਜ਼ਾਰਾਂ ਹੀ, ਦੱਸ ਗਿਆਨੀ ਜੀ, ਕੀ ਫਾਇਦਾ ਹੈ ਇਹੋ ਜਿਹੀ ਪੜ•ਾਈਦਾ।
ਮੇਰੇ ਆਲ•ਣਿਆਂ ਦੇ ਬੋਟ ਵੀ ਹਨ ਸੱਤ ਸਮੁੰਦਰ ਪਾਰ ਗਏ, ਪਿੱਛੇ ਪਿੱਛੇ ਰਿਜ਼ਕ ਦੇ ਯਾਰੋ ਤਨ ਨੂੰ ਹੈ ਕਿਵੇਂ ਭਜਾਈਦਾ।
ਉਸ ਨੇ ਕਿਹਾ ਸੀ ਕਿ ਮੁਹੱਬਤ ਤਾਂ ਫੁੱਲਾਂ ਵਰਗੀ ਹੁੰਦੀ ਹੈ, ਇਸੇ ਲਈ ਫੁੱਲ ਵਿਕਦੇ ਦੇਖ ਕੇ ਢਿੱਲੋਂ ਹੈ ਰੁਕ ਜਾਈਦਾ।
ਗ਼ਜ਼ਲ (ਗੋਸ਼ਟ ਕਰਦੇ ਰਹਿ ਜਾਈਦਾ) -3
ਮਨ ਦੇ ਵਿੱਚ ਬਰੂਦੀ ਸੁੰਰਗਾਂ ਤਾਈਂ ਨਹੀਂ ਵਿਛਾਈਦਾ। ਭੈੜੇ ਸੰਸਕਾਰਾਂ ਤੋਂ ਖਹਿੜਾ ਜਲਦ ਤੋਂ ਜਲਦ ਛੁਡਾਈਦਾ।
ਖੁਦਗਰਜੀ ਦੇ ਇਸ ਆਲਮ 'ਚ ਗਿਣਵੇਂ ਮਿੱਤਰ ਰਹਿ ਗਏ ਨੇ, ਉਨ•ਾਂ 'ਚੋਂ ਵੀ ਮਿਥ ਕੇ ਕਿਸੇ ਨੂੰ ਦੁਸ਼ਮਣ ਰੋਜ਼ ਬਣਾਈਦਾ।
ਮੇਰੇ ਮਨ 'ਚੋਂ ਮੇਰੇ ਮਹਿਰਮ ਭਾਵੇਂ ਹਿਜ਼ਰਤ ਕਰ ਗਏ ਸਨ, ਯਾਦ ਉਨ•ਾਂ ਦੀ ਅਜੇ ਵੀ ਹੈ ਜਿਉਂ ਪੋਹ ਵਿੱਚ ਨਿੱਘ ਰਜਾਈ ਦਾ।
ਕੀ ਪਤਾ ਕੋਈ ਮਹਿਰਮ ਆ ਕੇ ਫੇਰ ਜਿਉਂਦੀਆਂ ਕਰ ਦੇਵੇ, ਮਰ ਮੁੱਕ ਚੁੱਕੀਆਂ ਰੀਝਾਂ ਤਾਈਂ ਜਲਦੀ ਨਹੀਂ ਦਫ਼ਨਾਈਦਾ।
ਲਫਜ਼ ਗੁਲਾਮ ਹੁੰਦੇ ਨੇ ਸਾਡੇ ਲੇਕਿਨ ਬੋਲਣ ਤੋਂ ਪਹਿਲਾਂ, ਪਰ ਬੋਲਣ ਪਿੱਛੋਂ ਅਸੀਂ ਉਨ•ਾਂ ਦੇ ਹੈ ਗੁਲਾਮ ਹੋ ਜਾਈਦਾ।
ਕਬਰਿਸਤਾਨ ਜਿਹੇ ਇਸ ਸ਼ਹਿਰ 'ਚ ਲੋਕੀ ਸਾਹ ਤਾਂ ਲੈਂਦੇ ਨੇ, ਐਪਰ ਜਿੰਦਾ ਨਜ਼ਰ ਨਾ ਆਵੇ ਜਦ ਵੀ ਕੋਈ ਬੁਲਾਈਦਾ।
ਮੂਹੋਂ ਨਾ ਕੁਝ ਕਿਹਾ ਉਸ ਨੇ ਪਰ ਮੈਨੂੰ ਸਭ ਕੁਝ ਸੁਣਿਆ, ਅਲਵਿਦਾ ਆਖਣ ਦਾ ਵੀ ਅੰਦਾਜ਼ ਅਜ਼ਬ ਹਰਜਾਈਦਾ।
ਕੋਮਲ ਪੱਤਿਆਂ ਦੀ ਸਰਸਰਾਹਟ ਵਰਗਾ ਹੁੰਦਾ ਹੈ ਪਿਆਰ, ਜਿਉਂ ਫੁੱਲ ਉੱਤੇ ਸੁੱਤੀ ਤਿਤਲੀ ਤੱਕ ਕੇ ਨਸ਼ਿਆਈ ਦਾ।
ਜੋਬਨ ਰੁੱਤੇ ਮਾਣੀ ਹੋਈ ਚਹਿਚਹਾਹਟ ਭੁੱਲਦੀ ਨਹੀਂ, ਹੋਰ ਵੀ ਚੇਤੇ ਆਵੇ ਬੁੱਲਬੁੱਲ ਜਿਉਂ ਜਿਉਂ ਉਹਨੂੰ ਭੁਲਾਈ ਦਾ।
ਅਕਸਰ ਫੇਰ ਬਹਾਰਾਂ ਦੇ ਵਿੱਚ ਮੈਂ ਹਰਿਆਈਆਂ ਤੱਕੀਆਂ ਨੇ, ਢਿੱਲੋਂ ਖਿਜ•ਾਂ 'ਚ ਸੁੱਕੀਆਂ ਵੇਲਾਂ ਤਾਈਂ ਨਹੀਂ ਪੁਟਾਈਦਾ।
ਗ਼ਜ਼ਲ (ਗੋਸ਼ਟ ਕਰਦੇ ਰਹਿ ਜਾਈਦਾ) -4
ਲਾਈ ਲੱਗਾਂ ਨਾਲ ਬੇਵਜ•ਾ ਨਹੀਂ ਸੰਵਾਦ ਰਚਾਈਦਾ। ਜਦ ਵੀ ਵਿਹਲ ਮਿਲੇ ਬੱਸ ਮਨ ਤਾਈਂ ਸਮਝਾਈਦਾ।
ਸਾਡੇ ਦਿਲ ਦੇ ਆਲ•ਣਿਆਂ ਵਿੱਚ ਵੀ ਕੁਝ ਬੋਟ ਤਾਂ ਆਏ ਸਨ, ਉੱਡਣ ਦਾ ਵੱਲ ਸਿਖਦੇ ਹੀ ਉਹ ਦੇ ਗਏ ਸੱਲ ਜੁਦਾਈਦਾ।
ਆਪਣੀ ਛੱਤ ਤੋਂ ਹੀ ਜਦ ਸਾਨੂੰ ਚੰਨ ਸਿਤਾਰੇ ਦਿਸਦੇ ਨੇ, ਕਿਸੇ ਦੀ ਪੌੜੀ ਚੜ• ਕੇ ਐਵੇ ਨਹੀਂ ਅਹਿਸਾਨ ਕਰਾਈਦਾ।
ਢਾਈ ਅੱਖਰ ਪ੍ਰੇਮ ਦੇ ਹੁੰਦੇ ਢਾਈ ਹੀ ਹੁੰਦੇ ਘ੍ਰਿਣਾ ਦੇ, ਇੱਕ ਨੂੰ ਪੜ• ਕੇ ਮਨ ਖੁਸ਼ ਹੁੰਦਾ ਹੈ ਇੱਕ ਨੂੰ ਪੜ• ਕੇ ਪਛਤਾਈਦਾ।
ਸਾਲਾਂ ਬੱਧੀ 'ਕੱਠਿਆਂ ਰਹਿ ਕੇ ਵੀ ਮਨ ਵੱਖਰਾ ਰਹਿੰਦਾ ਹੈ, ਕੁਝ ਚਿਹਰਿਆਂ ਦੇ ਪਰ ਪਲ ਵਿੱਚ ਹੈ ਗੁਲਾਮ ਹੋ ਜਾਈਦਾ।
ਉਮਰਾਂ ਦੇ ਵੀ ਲੰਮੇਂ ਸਾਥ ਦਾ ਇਹ ਹੈ ਇੱਕ ਬੰਦੋਬਸਤ ਜਿਹਾ, ਕਿੰਨੀ ਲੰਮੀ ਸਜ਼ਾ ਹੈ ਯਾਰੋ ਗਲ ਪਿਆ ਢੋਲ ਵਜਾਈਦਾ।
ਸ਼ੁਹਰਤ, ਪੈਸੇ ਦੀ ਹਵਸ ਦਾ ਵੀ ਕੋਈ ਕਿਨਾਰਾ ਨਹੀਂ ਹੁੰਦਾ, ਐ ਤੈਰਾਕੋ! ਇਨ•ਾਂ ਦਰਿਆਵਾਂ ਵਿੱਚ ਡੁੱਬ ਹੀ ਜਾਈਦਾ।
ਕੂੜ ਅਮਾਵਸ ਦਾ ਹਨੇਰਾ ਏਦਾਂ ਦੂਰ ਭਜਾਈਦਾ, ਢਿੱਲੋਂ ਆਪਣੇ ਮਸਤਿਕ ਅੰਦਰ ਹੈ ਗਿਆਨ ਦਾ ਦੀਪ ਜਗਾਈਦਾ।
ਗ਼ਜ਼ਲ (ਗੋਸ਼ਟ ਕਰਦੇ ਰਹਿ ਜਾਈਦਾ) -5
ਆਪਸ ਦੇ ਵਿੱਚ ਦੇਖੋ ਪਾੜਾ ਕਿੰਨਾ ਸਿੱਖ ਤੇ ਭਾਈ ਦਾ। ਸਿੱਖ ਗਲ ਲੀਰਾਂ, ਭਾਈ ਵੱਲੋਂ ਰੇਸ਼ਮ ਪੱਟ ਹੰਢਾਈਦਾ।
ਭਾਣਾ ਮੰਨਣ ਦਾ ਉਪਦੇਸ਼ ਹੈ, ਸਾਡੀ ਦੁੱਖ ਗਰੀਬੀ ਲਈ, ਲਾਈਲੱਗ ਅਸੀਂ ਹਾਂ, ਜੋ ਵੀ ਕਹਿੰਦੇ ਨੇ ਮੰਨ ਜਾਈਦਾ।
ਗੀਤਾ ਆਖੇ ਕਿਰਤ ਕਰੋ, ਫਲ ਦੀ ਇੱਛਾ ਨਾ ਕਰੋ, ਵਿਹਲੜਾਂ ਵੱਲੋਂ ਕਿਰਤ ਦੀ ਲੁੱਟ ਕਰਨ ਲਈ ਜਾਲ ਵਿਛਾਈਦਾ।
ਖੀਰ ਖੁਆਵਣ ਪਿੱਛੋਂ ਦੰਦ ਘਿਸਾਈ ਵੀ ਦੇਣੀ ਪੈਂਦੀ ਹੈ, ਚੁੱਕ ਦਾਣਿਆਂ ਦਾ ਗੱਟਾ ਪੰਡਿਤ ਜੀ ਦੇ ਘਰ ਪਹੁੰਚਾਈਦਾ।
ਕਹਿੰਦੇ ਨੇ ਸਾਰੀ ਦੁਨੀਆਂ ਇੱਕੋ ਨੂਰ ਤੋਂ ਉਪਜੀ ਹੈ ਪਰ ਆਪੋ ਆਪਣੀ ਜਾਤ ਲਈ ਪੂਜਾ ਘਰ ਵੱਖਰਾ ਬਣਵਾਈਦਾ।
ਵੱਖੋ-ਵੱਖਰੇ ਡੇਰੇ, ਮੰਦਰ ਅਤੇ ਲੰਗਰ ਵੱਖੋ ਵੱਖਰੇ ਨੇ, ਦਲਿਤ ਅਛੂਤਾਂ ਤਾਈਂ ਹੈ ਵੱਖਰੀ ਪੰਗਤ ਵਿੱਚ ਬਿਠਾਈਦਾ।
ਪਾਠ ਕਰਨ ਤੋਂ ਪਹਿਲਾਂ ਹੀ ਭਾਈ, ਪੰਡਿਤ ਫਲ ਮੰਗ ਲੈਂਦੇ, ਲਓ ਬਾਬਾ ਜੀ, ਲਓ ਸੁਆਮੀ ਜੀ ਕਹਿ ਕੇ ਅਸੀਂ ਫੜਾਈਦਾ।
ਚੌਥੇ ਪੌੜੇ ਵਾਲੇ ਵੱਖਰੀ ਪੰਗਤ ਦੇ ਵਿੱਚ ਬਹਿ ਜਾਵੋ ਭਾਈ! ਬੁੱਢੇ ਦਲ ਵਾਲੇ ਕਹਿੰਦੇ ਨੇ ਅੰਮ੍ਰਿਤ ਜਦੋਂ ਛਕਾਈਦਾ।
ਹੱਡ ਭੰਨਵੀਂ ਮਿਹਨਤ ਕਰਕੇ ਸੁੱਕੀ ਰੋਟੀ ਹੈ ਚਟਣੀ ਨਾਲ, ਵਿਹਲੜ, ਚਿੱਟ ਕੱਪੜੀਏ ਤੋਂ ਖੀਰ ਕੜਾਹ ਵੀ ਖਾਈਦਾ।
ਜਾਤ ਪਾਤ ਤੇ ਛੂਤ ਛਾਤ ਹੈ ਵਸ ਗਈ ਸਾਡੇ ਹੱਡਾਂ ਵਿੱਚ, ਢਿੱਲੋਂ ਐਵੇਂ ਆਖਣ ਨੂੰ ਨਾਨਕ ਦੇ ਸਿੱਖ ਅਖਵਾਈਦਾ।
No comments:
Post a Comment