58 ਸਾਲ ਪਹਿਲਾਂ ਜਦ ਮੈਂ ਰੋਇਆ ਅਤੇ ਮੇਰੀ ਮਾਂ ਹੱਸੀ–ਅਮਰਜੀਤ ਢਿੱਲੋਂ
ਦਬੜ•ੀਖਾਨਾ ( ਤਹਿ: ਜੈਤੋ) : ਕੋਈ ਮਾਂ ਆਪਣੇ ਬੱਚੇ ਦੀ ਮਾਮੂਲੀ ਤੋਂ ਮਾਮੂਲੀ ਤਕਲੀਫ ਵੀ ਬਰਦਾਸ਼ਤ ਨਹੀਂ ਕਰ ਸਕਦੀ। ਪਰ ਹਰ ਆਦਮ ਦੇ ਜਾਏ ਦੀ ਜ਼ਿੰਦਗੀ ਵਿਚ ਇਕ ਬੇਸ਼ਕੀਮਤੀ ਪਲ ਜਰੂਰ ਆਉਂਦਾ ਹੈ ਜਦੋਂ ਉਹ ਰੋਂਦਾ ਹੈ ਤਾਂ ਉਸਦੀ ਮਾਂ ਦਾ ਰੋਮ ਰੋਮ ਮੁਸਕਰਾ ਪੈਂਦੈ। ( ਮੇਰੇ ਖਿਆਲ 'ਚ ਇਹ ਪਲ ਪਸ਼ੂ ਪੰਛੀਆਂ ਦੀ ਜ਼ਿੰਦਗੀ ਵਿਚ ਵੀ ਆਉਂਦਾ ਹੈ ਭਾਵੇਂ ਉਹ ਬੋਲ ਕੇ ਨਹੀਂ ਦੱਸ ਸਕਦੇ ਪਰ ਇਕ ਜਾਨਵਰ ਵਲੋਂ ਆਪਣੇ ਨਵਜੰਮੇ ਬੱਚੇ ਨੂੰ ਚੁੰਮਣ ਸਮੇਂ ਉਸਦੀਆਂ ਅਖਾਂ ਚ ਦੇਖਕੇ ਅਸੀਂ ਉਸਦੇ ਮੋਹ ਦਾ ਅੰਦਾਜ਼ਾ ਲਾ ਸਕਦੇ ਹਾਂ) 1954 ਦੇ ਹਾੜ• ਮਹੀਨੇ ਦਾ ਅਜਿਹਾ ਹੀ ਕੋਈ ਦਿਨ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਸੀ। ਬੇਸ਼ਕ ਸਕੂਲ 'ਚ ਇਹ ਦਿਨ 10 ਮਈ 1955 ਹੈ । ਦਸਦੇ ਹਨ ਕਿ 1955 ਦੇ ਅਸੂ ਮਹੀਨੇ 'ਚ ਆਏ ਭਿਆਨਕ ਹੜ•ਾਂ 'ਚ ਸਾਡਾ ਪੁਰਾਣਾ ਪਿੰਡ ਢਹਿ ਗਿਆ ਸੀ ਅਤੇ ਉਦੋਂ ਮੈਂ ਸਵਾ ਸਾਲ ਦਾ ਸਾਂ। ਪੱਕਾ ਦਿਨ ਪਤਾ ਨਾ ਹੋਣ ਕਾਰਨ ਮੇਰੀ ਜਨਮ ਪੱਤਰੀ ਨਹੀਂ ਬਣਾਈ ਜਾ ਸਕਦੀ ਪਰ ਜੇ ਪੱਕਾ ਪਤਾ ਵੀ ਹੁੰਦਾ ਫਿਰ ਕਿਹੜਾ ਜਨਮ ਪੱਤਰੀ ਬਣ ਸਕਦੀ ਸੀ। ਜਦ ਮੈਂ ਮਾਂ ਦੀ ਕੁੱਖ 'ਚੋਂ ਬਾਹਰ ਨਿਕਲਿਆ ਤਾਂ ਬਿਲਕੁਲ ਚੁੱਪ ਸਾਂ । ਫਿਰ ਕੁਝ ਚਿਰ ਬਾਦ ਮਾਂ ਦੇ ਪੇਟ 'ਚੋਂ ਆਉਂਦੇ ਨਾੜੂਏ ਨੂੰ ਕੱਟ ਕੇ ਮੇਰੀ ਸਾਹ ਕ੍ਰਿਆ ਚਾਲੂ ਕਰਨ ਦੇ ਜਤਨ ਕੀਤੇ ਗਏ ,ਜਦ ਮੈਨੂੰ ਪਹਿਲਾ ਸਾਹ ਆਇਆ ਤਾਂ ਮੈਂ ਉੱਚੀ ਦੇਣੇ ਰੋ ਪਿਆ ਅਤੇ ਮੇਰੀ ਮਾਂ ਹੱਸ ਪਈ । ਫਿਰ ਸਾਰਾ ਆਲਾ ਦੁਆਲਾ ਹੱਸ ਪਿਆ , ਮਨੁੱਖਾਂ ਦੇ ਨਾਲ ਨਿੰਮ ਅਤੇ ਸ਼ਰੀਂਹ ਦੇ ਰੁੱਖ ਵੀ ਹੱਸ ਪਏ। ਮੈਂ 9 ਮਹੀਨੇ ਭਾਵ 280 ਦਿਨ ( ਇਕ ਦੋ ਦਿਨ ਵੱਧ ਘੱਟ ਵੀ ਹੋ ਸਕਦੇ ਐ) ਮਾਂ ਦੇ ਪੇਟ 'ਚ ਰਿਹਾ ਤਾਂ ਇਕ ਵੀ ਸਾਹ ਨਹੀਂ ਲਿਆ ਇਸ ਸਮੇਂ ਕੁਦਰਤ ( ਨੇਚਰ) ਨੇ ਨਾੜੂਏ ਰਾਹੀਂ ਆਕਸੀਜਨ ਦੇਣ ਦੀ ਦੀ ਜੁੰਮੇਵਾਰੀ ਮੇਰੀ ਮਾਂ ਨੂੰ ਸੌਂਪੀ ਹੋਈ ਸੀ। ਮੇਰੀ ਸ਼ੁਰੂਆਤ ਕਦੋਂ ਹੋਈ ਇਸਦਾ ਪੱਕਾ ਪਤਾ ਤਾਂ ਮੇਰੀ ਮਾਂ ਨੂੰ ਵੀ ਨਹੀਂ । ਉਸਨੂੰ ਵੀ ਆਪਣੀ ਸਰੀਰਕ ਕ੍ਰਿਆ 'ਚ ਪਈ ਰੁਕਾਵਟ ਕਾਰਨ ਇਕ ਮਹੀਨੇ ਬਾਦ ਪਤਾ ਲੱਗਾ ਕਿ ਕੋਈ ਨਵਾਂ ਜੀਅ ਉਸਦੀ ਕੁੱਖ 'ਚ ਪਲ ਰਿਹਾ ਹੈ, ਫਿਰ ਦੱਸੋ ਕਿਹੜਾ ਨਜ਼ੂਮੀਆਂ ( ਜੋਤਸ਼ੀ) ਮੇਰੀ ਪੱਤਰੀ ਲਿਖ ਸਕਦਾ ਹੈ। ਜੋਤਿਸ਼ ਵਿਚ ਤਾਂ ਇਕ ਸਕਿੰਟ ਇਧਰ ਉਧਰ ਦੀ ਵੀ ਮੁਆਫੀ ਨਹੀਂ। ਚਲੋ ਆਪਾਂ ਪੱਤਰੀਆਂ ਤੋਂ ਕੀ ਲੈਣਾ ਕਿਸਾ ਕੋਤਾ ਇਹ ਕਿ ਸਕੂਲੀ ਸਮੇਂ ਮੁਤਾਬਿਕ ਮੈਂ 57 ਸਾਲ ਦਾ ਹੋ ਗਿਆ ਹਾਂ,ਸਮਾਜਿਕ ਤੌਰ ਤੇ ਮੈਂ 58 ਸਾਲ ਦਾ ਹਾਂ ਪਰ ਜੇ ਮਾਂ ਦੀ ਕੁੱਖ ਵਾਲਾ ਸਮਾਂ ਵੀ ਗਿਣ ਲਿਆ ਜਾਵੇ ਤਾਂ 59 ਸਾਲ ਦੇ ਕਰੀਬ ਹਾਂ । ਅੱਧੀ ਸਦੀ ਤੋਂ 9 ਸਾਲ ਵੱਧ। ਮਾਂ ਦੇ ਪੇਟ ਵਿਚ ਮੈਂ ਸੱਭ ਤੋਂ ਵੱਧ ਸੁਰਖਿਅਤ ਸਾਂ। ਉਥੇ ਕਿਸੇ ਕਿਸਮ ਦੀ ਗਰਮੀ ਸਰਦੀ ਨਹੀਂ ਸੀ ਲਗਦੀ । ਬਾਹਰ ਆਕੇ ਰੋਣ ਦਾ ਇਕ ਕਾਰਨ ਗਰਮੀ ਸਰਦੀ ਦਾ ਲੱਗਣਾ ਵੀ ਹੈ। ਡਾ: ਦਸਦੇ ਹਨ ਕਿ ਮਾਂ ਦੇ ਮੁਸਕਰਾਉਣ ਨਾਲ ਮੈਂ ਵੀ ਮੁਸਕਰਾ ਪੈਂਦਾ ਸਾਂ ਪਰ ਦਿਮਾਗ ਅਣਵਿਕਸਤ ਹੋਣ ਕਰਕੇ ਇਸ ਤੋਂ ਵੱਧ ਨਹੀਂ ਸੀ ਸੋਚ ਸਕਦਾ।
ਧਾਰਮਿਕ ਗ੍ਰੰਥਾਂ 'ਚ ਜਦ ਮੈਂ ਇਹ ਲਿਖਿਆ ਪੜਿ•ਆ ਕਿ ਤੂੰ ਮਾਂ ਦੇ ਗਰਭ ਦੇ ਵਿਚ ਪੁੱਠਾ ਲਟਕ ਰਿਹਾ ਸੀ। ਰੱਬ ਅੱਗੇ ਅਰਦਾਸਾਂ ਕਰਦਾ ਸੀ ਕਿ ਮੈਨੂੰ ਇਥੋਂ( ਇਸ ਨਰਕ 'ਚੋਂ) ਕੱਢ ਲੈ ਮੈਂ ਬਾਹਰ ਆਕੇ ਮੈਂ ਤੇਰਾ ਨਾਮ ਜਪਾਂਗਾ ( ਰਿਸ਼ਵਤ ਦੀ ਸ਼ੁਰਰੂਆਤ ਤਾਂ ਇਥੋਂ ਹੀ ਜਾਂਦੀ ਹੈ ਅਸੀਂ ਭੋਲੇ ਕਿਹੜੇ ਲੋਕ ਪਾਲ ਦੀ ਗੱਲ ਕਰਦੇ ਹਾਂ )। ਮਾਂ ( ਜਨਨੀ ) ਦੇ ਪੇਟ ਨੂੰ ਨਰਕ ਕਹਿ ਕੇ ਧਾਰਮਿਕ ਗਰੰਥ ਲਿਖਣ ਵਾਲੇ ਮਰਦਾਂ ਨੇ ਆਪਣੀ ਮਾਂ ਨੂੰ ਹੀ ਗਾਲ•ਾਂ ਦਿਤੀਆਂ ਹਨ। ( ਕਾਸ਼! ਇਹ ਗਰੰਥ ਲਿਖਣ ਵਾਲੀ ਕੋਈ ਔਰਤ ਹੁੰਦੀ ਤਾਂ ਉਹ ਦਸਦੀ ਕਿ ਔਰਤ ਦੀ ਕੁੱਖ ਕਿਵੇਂ ਸਭ ਤੋਂ ਵੱਧ ਪਵਿਤਰ ਹੁੰਦੀ ਹੈ ਅਤੇ ਆਪਣੀ ਮਾਂ ਦੀ ਕੁੱਖ ਨੂੰ ਗਾਲ•ਾਂ ਕੱਢਣ ਵਾਲੇ ਇਹ ਸੂਰ ਮਾਨਵ ਦੇ ਜਾਏ ਨਹੀਂ ਹੋ ਸਸਕਦੇ।) ਮੈਂ ਕਈ ਵਾਰੀ ਇਹ ਸੋਚਿਆ ਕਿ ਗੰ੍ਰਥ ਲਿਖਣ ਵਾਲਿਆਂ ਨੂੰ ਇਸ ਗੱਲ ਦਾ ਪਤਾ ਕਿਵੇਂ ਲੱਗ ਗਿਆ ਕਿ ਬੱਚਾ ਪੇਟ 'ਚ ਅਰਦਾਸਾਂ ਕਰਦਾ ਸੀ। ਉਹ ਕਹਿੰਦੇ ਹਨ ਤੂੰ ਬਾਹਰ ਆਕੇ ਭੁੱਲ ਗਿਆ ਅਤੇ ਮਾਇਆ ਨੇ ਤੈਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ । ਐਡਾ ਵੱਡਾ ਝੂਠ ,ਕੁਫ਼ਰਾਂ ਦਾ ਕੁਫ਼ਰ , ਜਦ ਦਿਮਾਗ ਵਿਚ ਮਨ ਵਿਕਸਤ ਹੋਊ ਫਿਰ ਹੀ ਮਨ ਸੋਚਣ ਲਗੂ । ਅਤੇ ਮੈਨੂੰ ਇਸ ਤਰਾਂ ਸੋਚਣ 'ਤੇ ਉਦੋਂ ਪੰਜ ਸਾਲ ਦੇ ਕਰੀਬ ਲੱਗ ਗਏ ਸਨ ,ਅੱਜ ਕੱਲ• ਢਾਈ ਤਿੰਨ ਸਾਲ ਹੀ ਲਗਦੇ ਹਨ। ਮੈਥੋਂ ਪਹਿਲਾਂ ਵਾਲੇ ਮਨੁੱਖਾਂ ਦੇ ਬਚਪਨ ਦਾ ਸਮਾਂ ਇਸਤੋਂ ਵੀ ਜਿਆਦਾ ਸੀ ,ਹੌਲੀ ਹੌਲੀ ਇਹ ਬਚਪਨ ਦਾ ਸਮਾਂ ਘਟ ਰਿਹਾ ਹੈ। ਵਿਗਿਆਨਕ ਤਰੱਕੀ ਨਾਲ ਇਹ ਸਮਾਂ ਇਕ ਸਾਲ 'ਤੇ ਵੀ ਆ ਸਕਦਾ ਹੈ। ਪਰ ਇਹ ਗਰਭ ਕਾਲ 'ਚ ਕਿਸੇ ਹਾਲਤ ਵਿਚ ਵੀ ਨਹੀਂ ਜਾ ਨਹੀਂ ਜਾ ਸਕਦਾ । ਇਸ ਲਈ ਮੈਂ ਬੇਖੌਫ਼ ਹੋਕੇ ਕਹਿੰਦਾ ਹਾਂ ਕਿ ਗਰਭ ਕਾਲ ਵਿਚ ਅਰਦਾਸਾਂ ਕਰਨ ਵਾਲੀ ਗੱਲ ਨਿਰਾ ਝੂਠ ਦਾ ਪੁਲੰਦਾ ਹੈ ਭਾਵੇਂ ਉਹ ਕਿਸੇ ਵੀ ਗਰੰਥ 'ਚ ਕਿਉਂ ਨਾ ਲਿਖੀ ਹੋਵੇ। ਤੁਸੀਂ ਡਰ ਗਏ ਹੋ ? ਡਰਨਾ ਹੀ ਸੀ , ਪਹਿਲਾਂ ਪਹਿਲਾਂ ਮੈਂ ਵੀ ਡਰ ਜਾਂਦਾ ਸਾਂ। ਜਦ ਵਿਸ਼ਵਾਸ਼ ਟੁਟਦੇ ਹਨ ਤਾਂ ਆਦਮੀ ਡਰਦਾ ਹੀ ਹੈ। ਗਲੀਲੀਓ ਵਲੋਂ ਧਰਤੀ ਗੋਲ ਅਤੇ ਘੁੰਮਦੀ ਕਹਿਣ ਕਾਰਨ ਅਨੇਕਾਂ ਈਸਾਈ ਔਰਤਾਂ ਬੇਹੋਸ਼ ਹੋ ਗਈਆਂ ਸਨ ਕਿਉਂਕਿ ਉਹਨਾਂ ਦੀ ਪਵਿਤਰ ਬਾਈਬਲ ਵਿਚ ਲਿਖਿਆ ਹੋਇਆ ਸੀ( ਹੈ) ਕਿ ਧਰਤੀ ਖੜ•ੀ ਹੈ। ( ਸਾਰੇ ਧਾਰਮਿਕ ਗਰੰਥਾਂ ਵਿਚ ਹੁਣ ਵੀ ਇਹ ਹੀ ਲਿਖਿਆ ਹੈ। ਸੂਰਜ ਸੱਤ ਸੋਨੇ ਦੇ ਘੋੜੇ ਜੋੜਕੇ ਸਵੇਰੇ ਇਸ਼ਨਾਨ ਕਰਨ ਤੋਂ ਬਾਦ ਫਿਰ ਉਦੈ ਹੁੰਦ ਹੈ। ਇਸੇ ਲਈ ਤਾਂ ਹਨੂੰਮਾਨ ਨੇ ਉਸ ਨੂੰ ਜਾੜ• ਥੱਲੇ ਦੇ ਲੈ ਲਿਆ ਸੀ।) ਖੈਰ! ਗੱਲ ਹੋਰ ਹੀ ਪਾਸੇ ਤੁਰ ਗਈ , ਮੈਂ ਤਾਂ ਸਿਰਫ ਇਹ ਕਹਿ ਰਿਹਾ ਸਾਂ ਕਿ ਅੱਜ ਤੋਂ 58 ਸਾਲ ਪਹਿਲਾਂ ਜਦ ਕਿਸੇ ਪਲ ਮੈਂ ਰੋਇਆ ਤਾਂ ਮੇਰੀ ਮਾਂ ਹੱਸੀ ਸੀ ਅਤੇ ਆਪਣੇ ਕੱਚੇ ਕੋਠੇ ਵਿਚ ਉਸ ਪਲ ਦੀ ਕਲਪਨਾ ਕਰਕੇ ਮੈਂ ਪਿੰਡ ਦੀ ਬੁੱਢੀ ਮੁਸਲਮਾਨ ਦਾਈ 'ਹਾਜਰਾਂ' ਦੀ ਗੋਦੀ 'ਚ ਪਿਆ ਮੁਸਕਰਾ ਰਿਹਾ ਹਾਂ।
ਅਮਰਜੀਤ ਢਿੱਲੋਂ 94171 20427dਪਿੰਡ ਦਬੜ•ੀਖਾਨਾ ਵਾਇਆ ਬਾਜਾਖਾਨਾ ਪਿੰਨਕੋਡ 151205ਜਿਲ•ਾ ਫਰੀਦਕੋਟ
No comments:
Post a Comment