Monday, October 19, 2009

ਇਹ ਬੰਦੇ ਬੁੰਦੇ ਕੁਝ ਨਹੀਂ ਹੁੰਦੇ

ਅਮਰਜੀਤ ਢਿੱਲੋਂ
ਦੰਤ ਕਥਾ:- ਰੁੱਖ 'ਤੇ ਦੋ ਭੂਤ ਬੈਠੇ ਗੱਲਾਂ ਕਰ ਰਹੇ ਸਨ। ਇੱਕ ਨੇ ਕਿਹਾ ਬੰਦੇ ਆਉਂਦੇ ਲਗਦੇ ਐ। “ਇਹ ਬੰਦੇ ਬੁੰਦੇ ਕੁਝ ਨਹੀਂ ਹੁੰਦੇ, ਐਵੇਂ ਤੇਰੇ ਮਨ ਦਾ ਵਹਿਮ ਹੈ,” ਦੂਜਾ ਭੂਤ ਬੋਲਿਆ। ਅਧਿਆਪਕ ਪੜ•ਾ ਰਿਹਾ ਸੀ ਕਿ ਆਦਮੀ ਬਾਂਦਰ ਤੋਂ ਬਣਿਆ ਹੈ। ਇੱਕ ਵਿਦਿਆਰਥੀ ਨੇ ਪੁੱਛਿਆ “ਜੀ ਹੁਣ ਬਾਂਦਰ ਤੋਂ ਬੰਦੇ ਕਿਉਂ ਨਹੀਂ ਬਣਦੇ। ਬਹਿ ਜਾ, ਬਹਿਜਾ, ਅਧਿਆਪਕ ਨੇ ਡਾਂਟ ਕੇ ਕਿਹਾ, ਜਿਹੜੇ ਪਹਿਲਾਂ ਬੰਦੇ ਬਣੇ ਐ, ਉਹ ਵੀ ਪਛਤਾ ਰਹੇ ਐ ਕਿ ਅਜਿਹੇ ਬੰਦਪੁਣੇ ਨਾਲੋਂ ਬਾਂਦਰ ਹੀ ਚੰਗੇ ਸੀ। ਉਪਦੇਸ਼ਕ ਅਕਸਰ ਕਹਿੰਦੇ ਹਨ “ ਰਹਿ ਬਣਕੇ ਬੰਦਿਆ ਬੰਦਾ ਤੂੰ।” ਕੋਈ ਕੁੱਤੇ ਨੂੰ ਇਹ ਨਹੀਂ ਕਹਿੰਦਾ ਕਿ ਕੁੱਤਾ ਬਣਕੇ ਰਹਿ। ਬੰਦਾ ਕਿਉਂਕਿ ਸਾਰੇ ਜਾਨਵਰਾਂ ਦਾ ਸੁਮੇਲ ਹੈ। ਇਹ ਕਿਤੇ ਕੁੱਤਾ, ਕਿਤੇ ਬਿੱਲਾ, ਕਿਤੇ ਸ਼ੇਰ, ਕਿਤੇ ਲੂੰਬੜ, ਕਿੱਤੇ ਗਿੱਦੜ ਅਤੇ ਕਿਤੇ ਸੱਪ, ਬਘਿਆੜ ਆਦਿ ਬਣ ਜਾਂਦਾ ਹੈ। ਇਸੇ ਲਈ ਇਸ ਨੂੰ ਵਾਰ-ਵਾਰ ਬੰਦਾ ਬਣਕੇ ਰਹਿਣ ਦੀ ਨਸੀਹਤ ਵੀ ਬੰਦੇ ਹੀ ਦਿੰਦੇ ਹਨ। ਇੱਕ ਵਾਰ ਪ੍ਰਸਿੱਧ ਵਿਗਿਆਨੀ ਆਈਨਸਟਾਈਨ ਨੇ ਮਨੋਵਿਗਿਆਨੀ ਡਾ. ਫਰਾਇਡ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਬੰਦਾ ਹਰ ਵਕਤ ਕਿਸੇ ਨੂੰ ਤਬਾਹ ਕਰਨ ਬਾਰੇ ਹੀ ਕਿਉਂ ਸੋਚਦਾ ਹੈ। ਤਾਂ ਡਾ. ਫਰਾਇਡ ਨੇ ਜਵਾਬ ਦਿੱਤਾ ਕਿ ਆਦਮੀ ਜਿਹੜੇ ਜਾਨਵਰਾਂ ਦੀ ਸ਼ੇ੍ਰਣੀ 'ਚੋਂ ਵਿਕਸਤ ਹੋਇਆ ਹੈ ਉਹ ਬਹੁਤ ਹੀ ਖੂੰਖਾਰ ਅਤੇ ਹਮਲਾਵਰ ਸੀ।
ਬੰਦੇ 'ਚ ਉਹ ਪਰਵਿਰਤੀਆਂ ਅਜੇ ਵੀ ਕਾਇਮ ਹਨ। ਬਕੌਲ ਸ਼ਾਇਰ “ਹਰ ਬੰਦੇ ਦੇ ਅੰਦਰ ਇੱਕ ਦਰਿੰਦਾ ਵਸਦਾ ਹੈ, ਜਾਗ ਪਵੇ ਮਜਹਬ ਬੋਲੀ ਜਾਤਾਂ ਤੇ ਨਾਵਾਂ ਨਾਲ।” ਆਕਸਫੋਰਡ ਯੂਨੀਵਰਸਿਟੀ 'ਚ ਜੀਵਨ ਵਿਕਾਸ ਬਾਰੇ ਚੱਲ ਰਹੀ ਗੋਸ਼ਟੀ 'ਚ ਪਾਦਰੀ ਬਿਲਬਰ ਫੋਰਸ ਨੇ ਬੁਲਾਰੇ ਹਕਸਲੇ ਤੇ ਵਿਅੰਗ ਕੀਤਾ ਕਿ ਤੁਹਾਡਾ ਸਬੰਧ ਬਾਂਦਰਾਂ ਨਾਲ ਨਾਨਕਿਆਂ ਵੱਲੋਂ ਹੈ ਕਿ ਦਾਦਕਿਆਂ ਵੱਲੋਂ। ਹਕਸਲੇ ਨੇ ਕਿਹਾ ਬਾਂਦਰ, ਬਣਮਾਨਸ ਜਾਂ ਚਿੰਪਾਜੀ ਨਾਲ ਮਨੁੱਖੀ ਸਬੰਧਾਂ ਬਾਰੇ ਮੈਨੂੰ ਕੋਈ ਨਮੋਸ਼ੀ ਨਹੀਂ ਪਰ ਗੰਭੀਰ ਵਿਸ਼ੇ ਨੂੰ ਮਜ਼ਾਕ 'ਚ ਲੈਣ ਵਾਲਿਆਂ ਬਾਰੇ ਬਹੁਤ ਨਮੋਸ਼ੀ ਹੈ। ਜਾਰਜ ਬਰਨਾਰਡ ਸ਼ਾਅ ਤੋਂ ਕਿਸੇ ਨੇ ਪੁੱਛਿਆ ਕਿ ਕੀ ਮਨੁੱਖ ਦੇ ਬਾਂਦਰ ਵਾਂਗ ਪੂਛ ਹੁੰਦੀ ਸੀ ਤਾਂ ਸ਼ਾਅ ਮੋੜਵੇਂ ਜਵਾਬ 'ਚ ਕਿਹਾ ਕਿ ਅੱਜ ਵੀ ਬਿਨਾ ਪੂਛ ਵਾਲੇ ਬਾਂਦਰ ਮੌਜ਼ੂਦ ਹਨ। ਪਿਛਲੇ 50 ਹਜ਼ਾਰ ਵਰਿ•ਆਂ 'ਚ ਨਵਾਂ ਮਨੁੱਖ ਸਾਰੇ ਸੰਸਾਰ 'ਚ ਪਸਰ ਗਿਆ ਸੀ ਪਰ ਮਨੁੱਖੀ ਸੱਭਿਅਤਾ ਦੀ ਉਮਰ ਸਿਰਫ 10 ਹਜ਼ਾਰ ਵਰ•ੇ ਹੈ। ਜਦੋਂ ਮਨੁੱਖ ਖੇਤੀ ਕਰਨ ਲੱਗਿਆ ਅਤੇ ਕੋਮਲ ਕਲਾਵਾਂ ਪੈਦਾ ਹੋਣ ਲੱਗੀਆਂ। ਅੱਠ ਹਜ਼ਾਰ ਸਾਲ ਪਹਿਲਾਂ ਇਸ ਸੰਸਾਰ 'ਚ ਕੇਵਲ ਦੋ ਕਰੋੜ ਮਨੁੱਖ ਸਨ। 1950 'ਚ ਮਨੁੱਖੀ ਵਸੋਂ ਢਾਈ ਅਰਬ (250 ਕਰੋੜ) ਹੋ ਗਈ ਅਤੇ ਅੱਜ ਇਹ 700 ਕਰੋੜ ਦੇ ਨੇੜੇ ਪਹੁੰਚ ਗਈ ਹੈ। ਇੱਕ ਅਨੁਮਾਨ ਅਨੁਸਾਰ ਹਰ ਸਾਲ 3 ਕਰੋੜ 40 ਲੱਖ ਮਾਨਵ ਇਸ ਧਰਤ 'ਤੇ ਪੈਦਾ ਹੋ ਰਹੇ ਹਨ।
1954 'ਚ ਕੁੰਭ ਦੇ ਮੇਲੇ 'ਤੇ 20 ਲੱਖ ਲੋਕਾਂ ਦੀ ਭੀੜ ਸੀ ਅਗਲੇ 12 ਵਰਿ•ਆ 'ਚ44 ਲੱਖ ਅਤੇ ਹੁਣ ਗਿਣਤੀ ਕਰੋੜਾਂ 'ਚ ਪਹੁੰਚ ਗਈ ਹੈ। ਮਨੁੱਖੀ ਸੱਭਿਅਤਾ ਦੇ ਵਿਕਾਸ ਸਮੇਂ ਚੰਗੇ ਦਿਮਾਗ ਦੇ ਨਾਲ-ਨਾਲ ਸ਼ੈਤਾਨ ਦਿਮਾਗ ਵੀ ਹੋਂਦ 'ਚ ਆ ਗਏ। ਜਿਨ•ਾਂ ਨੇ ਮਨੁੱਖ ਨੂੰ ਡਰਾਉਣ ਲਈ ਦੇਵੀ-ਦੇਵਤੇ ਅਗਲਾ ਪਿਛਲਾ ਜਨਮ ਅਤੇ 84 ਲੱਖ ਜੂਨਾਂ ਆਦਿ ਦੀ ਕਾਢਿ ਕੱਢੀ। ਉਹ ਕਿਰਤੀਆਂ ਨੂੰ ਡਰਾ-ਡਰਾ ਕੇ ਹੀ ਉਨ•ਾਂ ਦੀ ਕਮਾਈ ਲੁੱਟ ਰਹੇ ਹਨ। ਕੋਈ ਮਹਾਂਪੁਰਸ਼ ਇਹ ਉਪਦੇਸ਼ ਨਹੀਂ ਦਿੰਦਾ ਕਿ ਤੁਹਾਡਾ ਘਰ ਹੀ ਅਸਲੀ ਮੰਦਰ ਹੈ ਅਤੇ ਤੁਹਾਡੇ ਮਾਂ ਪਿਓ ਹੀ ਤੁਹਾਡੇ ਰੱਬ ਹਨ। ਸਭ ਧਰਮ ਹਿੰਦੂ, ਸਿੱਖ, ਮੁਸਲਮਾਨ, ਇਸਾਈ ਬਣਨ ਦੀ ਸਿੱਖਿਆ ਦਿੰਦੇ ਹਨ। ਇਨਸਾਨ ਬਣਨ ਦੀ ਸਿੱਖਿਆ ਕੋਈ ਧਰਮ ਨਹੀਂ ਦਿੰਦਾ। ਆਦਮੀ ਵੀ ਅੰਨ•ੀ ਹਵਸ ਵਿੱਚ ਹਰ ਜਾਇਜ ਨਜ਼ਾਇਜ ਢੰਗ ਨਾਲ ਪੈਸਾ ਇਕੱਠਾ ਕਰਨ ਲੱਗਾ ਹੋਇਆ ਹੈ। ਫਿਰ ਉਹ ਉਸ ਕਮਾਏ ਪੈਸੇ 'ਚੋਂ ਕੁਝ ਹਿੱਸਾ ਧਾਰਮਿਕ ਅਸਥਾਨਾ ਨੂੰ ਦਾਲ ਕਰ ਦਿੰਦਾ ਹੈ ਤਾਂ ਕਿ ਉਹ ਉਸ ਦੇ ਪਾਪ ਬਖਸ਼ੇ ਜਾ ਸਕਣ। ਮਾਪੇ ਆਪਣੇ ਬੱਚਿਆਂ ਨੂੰ ਪੈਸੇ ਕਮਾਉਣ ਵਾਲੀਆ ਮਸ਼ੀਨਾਂ ਬਣਾਉਣ 'ਚ ਜੁਟੇ ਹੋਏ ਹਨ। ਇਸੇ ਲਈ ਸਮਾਜ ਵਿੱਚ ਬੌਣੀਆਂ ਸਖਸ਼ੀਅਤਾਂ ਪੈਦਾ ਹੋ ਰਹੀਆਂ ਹਨ। ਲੋਕ ਗਮਲਿਆਂ ਵਿੱਚ ਬੋਹੜ ਦੇ ਬੂਟੇ ਲਗਾ ਕੇ ਛਾਂ ਦੀ ਆਸ ਕਰ ਰਹੇ ਹਨ। ਭੂਤਾਂ ਵਾਲੀ ਕਹਾੜੀ ਹੈ ਤਾਂ ਕਲਪਿਤ ਪਰ ਕਈ ਵਾਰ ਮੇਰਾ ਮਨ ਕਰਦਾ ਹੈ ਕਿ ਇਸ ਕਹਾਣੀ ਨੂੰ ਸੱਚ ਮੰਨ ਲਵਾਂ ਅਤੇ ਕਹਾ ਕਿ ਇਹ ਬੰਦੇ ਬੁੰਦੇ ਕੁਝ ਨਹੀਂ ਹੁੰਦੇ ਅਤੇ ਐਵੇਂ ਸਾਡੇ ਮਨ ਦਾ ਹੀ ਵਹਿਮ ਹੈ।

Sunday, October 18, 2009

ਗ਼ਜ਼ਲ

ਗ਼ਜ਼ਲ/ਅਮਰਜੀਤ ਢਿੱਲੋਂ

ਟਾਹਣੀ ਨਾਲੋਂ ਟੁੱਟਿਆ ਪੱਤਾ ਸੀ ਇਸ਼ਾਰਾ ਕਰ ਗਿਆ

ਬਹੁਤ ਭਟਕੇਗਾ ਉਹ ਜਿਹੜਾ ਛੱਡ ਆਪਣਾ ਘਰ ਗਿਆ।

ਫੇਰ ਹਲਚਲ ਹੋਈ ਮਨ ਦੇ ਪਾਣੀਆਂ ਵਿੱਚ ਚਾਣਚੱਕ

ਮੋਹ ਦਾ ਦੀਵਾ ਬਾਲ ਕੇ ਕੋਈ ਵਿਹੜੇ ਦੇ ਵਿੱਚ ਧਰ ਗਿਆ।

ਜ਼ਿੰਦਗੀ ਦੀ ਕਿਸ਼ਤੀ ਠਿਲਦੀ ਹੈ ਤੂਫਾਨਾਂ ਵਿੱਚ ਹੀ

ਉਹ ਨਾ ਪਹੁੰਚੇ ਪਾਰ ਜੋ ਉਲਟੀ ਹਵਾ ਤੋਂ ਡਰ ਗਿਆ।

ਰੀਝ ਮਨ ਦੀ ਓਦਰੀ ਨੇ ਕੀਤਾ ਸਿਮਰਨ ਓਸ ਦਾ

ਫਿਰ ਮੁਹੱਬਤ ਦਾ ਜਿਹਲਮ ਹੈ ਕੰਢਿਆਂ ਤੱਕ ਭਰ ਗਿਆ।

ਸਾਗਰਾਂ 'ਚੋਂ ਉੱਡ ਜੰਮਿਆਂ ਪਿਘਲਿਆ ਪੱਥਰਾਂ ਦੇ ਰਾਹ

ਤਾਂ ਕਿਤੇ ਪਾਣੀ ਦਰਿਆ ਦਾ ਦਰਜਾ ਹਾਸਲ ਕਰ ਗਿਆ।

ਗੁੰਮ ਗਏ ਸਿਰਨਾਵਿਆਂ ਦੀ ਜਦ ਕਦੇ ਵੀ ਆਈ ਯਾਦ

ਬਹਾਰ ਦੇ ਮੌਸਮ 'ਚ ਵੀ ਇਹ ਮਨ ਓਦਰ ਓਦਰ ਗਿਆ।

ਮਰਤਬਾ ਮਿਲਦਾ ਹਮੇਸ਼ ਆਪਣੀ ਹਸਤੀ ਮਿਟਾ ਕੇ ਹੀ

ਰੁੱਖ ਬਣਦਾ ਬੀਜ ਉਹ ਜੋ ਗਲ ਮਿੱਟੀ ਦੇ ਅੰਦਰ ਗਿਆ।

ਜ਼ਿੰਦਗੀ ਤੇ ਮੌਤ ਦਾ ਬੱਸ ਢਿੱਲੋਂ ਹੈ ਐਨਾ ਫਾਸਲਾ

ਹੱਸ ਰਿਹਾ ਸੀ ਹੁਣੇ ਕੋਈ ਤੇ ਹੁਣੇ ਹੀ ਮਰ ਗਿਆ।

ਕਾਵਿ ਵਿਅੰਗ

ਵਿਹਲੜ ਮਿਰਜ਼ੇ
ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ, ਲੱਗੀ ਮਛਲੀ 'ਤੇ ਦਿੱਸੇ ਝੱਗ ਅੜੀਏ।
ਰਹੀਂ ਬਚ ਕੇ ਹਵਸ ਦੇ ਭੁੱਖਿਆ ਤੋਂ, ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ।
ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ ਰੋਜ਼, ਰੁਲਦੀ ਇੱਥੇ ਸ਼ਰੀਫਾਂ ਦੀ ਪੱਗ ਅੜੀਏ।
ਰਾਣੀ ਝਾਂਸੀ ਬਣ ਸਿੱਖ ਸੰਘਰਸ਼ ਕਰਨਾ, ਵਿਹਲੜ ਮਿਰਜ਼ਿਆਂ ਪਿੱਛੇ ਨਾ ਲੱਗ ਅੜੀਏ।
ਅਮਰਜੀਤ ਢਿੱਲੋਂ

ਮਿਹਨਤਕਸ਼-ਓ-ਵਾਚ
ਆਬੇ-ਸ਼ੀਰੀਂ ਹੈ ਤੇਰਾ ਦੀਦਾਰ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਰੱਦ ਕਰਦੇ।
ਮਸਲੇ ਜ਼ਿੰਦਗੀ ਦੇ ਐਪਰ ਬਹੁਤ ਉਲਝੇ, ਅਸੀਂ ਰਹਿੰਦੇ ਹਾਂ ਉਲੱਦ ਪਲੱਦ ਕਰਦੇ।
ਸਭ ਤੋਂ ਭੈੜਾ ਹੈ ਸਾਨੂੰ ਰੋਜ਼ਗਾਰ ਦਾ ਗ਼ਮ ਹਾਕਿਮ ਰੋਜ਼ ਮਹਿੰਗਾਈ ਨੇ ਵੱਧ ਕਰਦੇ।
ਅਸੀਂ ਹੁੰਦੇ ਜਾਈਏ ਦਿਨੋਂ-ਦਿਨ ਬੌਣੇ, ਲੋਟੂ ਜਾਣ ਮਿਹਨਤਾਂ ਦੇ ਕੱਦ ਕਰਦੇ।
ਅਮਰਜੀਤ ਢਿੱਲੋਂ
ਚੁੰਨੀ ਰੇਸ਼ਮੀ
ਚੁੰਨੀ ਰੇਸ਼ਮੀ 'ਚ ਸੱਤ ਧਾਰੀਆਂ ਸੀ ਹਾਏ!, ਸਾਨੂੰ ਪਹਿਨਣ ਨਾ ਦਿੰਦਿਆਂ ਕਬੀਲਦਾਰੀਆਂ ਨੀ ਮਾਏ।
ਲੂਣ, ਤੇਲ ਲੱਕੜਾਂ ਦਾ ਸੰਸਾ ਰਹੇ ਹਰ ਵੇਲੇ, ਸਾਡੀਆਂ ਤਾਂ ਇਹੀਓ ਖੁਦਮੁਖਤਿਆਰੀਆਂ ਨੀ ਮਾਏ
ਰਾਜਨੇਤਾ, ਅਫਸਰਾਂ, ਪੁਰੋਹਿਤਾਂ ਸਾਨੂੰ ਲੁੱਟਿਆ ਏ, ਰਹਿੰਦਾ ਸਾਡਾ ਖੂਨ ਚੂਸਿਆ ਵਾਪਰੀਆਂ ਨੀ ਮਾਏ।
ਪਿੰਡ ਵਿੱਚ ਭਾਵੇਂ ਸਾਡੇ ਗੱਡੇ, ਭੇਡੇ ਚੱਲਦੇ ਨੇ, ਬੱਸਾਂ ਵਾਲੇ ਸਾਨੂੰ ਆਖਦੇ ਸਵਾਰੀਆਂ ਨੀ ਮਾਏ।
ਅਮਰਜੀਤ ਢਿੱਲੋਂ
ਹੁਸਨ ਦਾ ਸੌਦਾ
ਨਕਸ਼ਾਂ ਦੀ ਨਹੀਂ ਇਤਫਾਕੀਆ ਸੁਡੌਲਤਾ ਇਹ, ਹੁਸਨ ਤਾਂ ਸੰਗ੍ਰਹਿ ਹੈ ਆਦਤਾਂ ਪਿਆਰੀਆਂ ਦਾ।
ਗੋਰੇ ਚਿਹਰੇ, ਸੋਹਣੇ ਲੀੜੇ ਪਾ ਕੇ ਵਰਗਲਾਉਣ ਏਦਾਂ, ਹੁੰਦਾ ਹੈ ਹੁਸਨ ਜਿਵੇਂ ਸੌਦਾ ਵਿਉਪਾਰੀਆਂ ਦਾ।
ਸੋਹਣੇ ਬਣ ਦਿੱਸਣਾ ਤੇ ਰਹਿਣਾ ਸਜ ਫਬ ਕੇ ਇਹ, ਮੁੱਖ ਤੋਂ ਹੀ ਸ਼ੌਕ ਇੱਥੇ ਸਾਰੇ ਨਰ ਨਾਰੀਆਂ ਦਾ।
ਸੱਚੇ ਸੁੱਚੇ ਇਸ਼ਕਾਂ ਦੇ ਲੰਘ ਗਏ ਨੇ ਦੌਰ ਯਾਰੋ, ਮੰਗਦੇ ਨੇ ਮੁੱਲ ਹੁਣ ਰਾਂਝੇ ਮੱਝਾਂ ਚਾਰੀਆਂ ਦਾ।
ਅਮਰਜੀਤ ਢਿੱਲੋਂ

ਭਲੇ ਮਾਣਸਾਂ ਦਾ ਦਸਤੂਰ

ਅਮਰਜੀਤ ਢਿੱਲੋਂ
“ਕੀਤਾ ਕਿਸੇ ਦਾ ਮਨੋਂ ਭੁਲਾ ਦੇਣਾ ਭਲੇ ਮਾਨਸਾਂ ਦਾ ਦਸਤੂਰ ਹੈ ਨਹੀਂ” ਇਹ ਸ਼ਬਦ ਕਈ ਸਾਲ ਪਹਿਲਾਂ ਪੰਜਾਬੀ ਕਲਾਕਾਰ ਤੇ ਗਾਇਕ ਹਰਭਜਨ ਮਾਨ ਨੇ ਇੱਕ ਮੁਲਾਕਾਤ ਸਮੇਂ ਕਹੇ ਸਨ। ਉਨ•ਾਂ ਕਿਹਾ ਸੀ ਕਿ ਸ਼ੋ੍ਰਮਣੀ ਕਵੀਸ਼ਰ ਬਾਬੂ ਕਰਨੈਲ ਸਿੰਘ ਪਾਰਸ ਨੇ ਉਨ•ਾਂ ਨੂੰ ਹਮੇਸ਼ਾ ਇਹ ਲਾਇਨ ਯਾਦ ਰੱਖਣ ਲਈ ਕਿਹਾ ਸੀ। ਇਹ ਜ਼ਿੰਦਗੀ ਬਿਲਾਸ ਦੇ ਵਿੱਚੋਂ ਹਨ। ਪਾਰਸ ਨੇ ਹੀ ਉਨ•ਾਂ ਨੂੰ ਕਿਹਾ ਸੀ ਕਿ ਉਹ ਮਹੀਨੇ ਦੇ 26 ਦਿਨ ਆਪਣੀ ਕਮਾਈ ਕਰੇ। ਪਰ ਚਾਰ ਦਿਨ ਮੁਫਤ ਲੋਕਾਂ ਦੇ ਲਈ ਰਾਖਵੇਂ ਜ਼ਰੂਰ ਰੱਖੇ। ਇਹ ਦੋਵੇਂ ਗੱਲਾਂ ਹੀ ਬਹੁਤ ਪ੍ਰਭਾਵਤ ਕਰਦੀਆਂ ਹਨ। ਇੱਕ ਕਿਸੇ ਦਾ ਅਹਿਸਾਨ ਨਾ ਭੁੱਲਣਾ ਅਤੇ ਦੂਜਾ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਲੋਕਾਈ ਦੇ ਹਿੱਸੇ ਲਾਉਂਣਾ। ਕੋਈ ਵੀ ਆਦਮੀ ਸੈਲਫ ਮੇਡ ਨਹੀਂ ਹੁੰਦਾ ਜਿਵੇਂ ਕਿ ਕੁਝ ਲੋਕ ਭੁਲੇਖੇ ਸਿਰਜ ਲੈਂਦੇ ਹਨ, ਹਰ ਮਨੁੱਖ ਕੁਦਰਤ ਆਪਣੇ ਆਲੇ-ਦੁਆਲੇ, ਵਾਤਾਵਰਣ, ਮਾਂ-ਪਿਓ, ਅਧਿਆਪਕ ਅਤੇ ਸਾਥੀਆਂ ਤੋਂ ਕੁਝ ਨਾ ਕੁਝ ਜ਼ਰੂਰ ਲੈਂਦਾ ਹੈ। ਅਸੀਂ ਤਾਂ ਛਾਂ ਮਾਣ ਕੇ ਹੀ ਉਨ•ਾਂ ਰੁੱਖਾਂ ਨੂੰ ਭੁੱਲ ਜਾਂਦੇ ਹਾਂ। ਬਕੌਲ ਸ਼ਾਇਰ ਕੁਹਾਰਵਾਲਾ “ਜਦ ਉਹ ਲੰਮੀ ਵਾਟ ਦੁਪਹਿਰਾ ਯਾਦ ਕਰਾਂਗੇ, ਮਨ ਹੀ ਮਨ ਕੁਝ ਬਿਰਖਾ ਦਾ ਧੰਨਵਾਦ ਕਰਾਂਗੇ” ਸਾਨੂੰ ਬਚਪਨ 'ਚ ਕਹਾਣੀਆਂ ਸੁਣਾਉਣ ਵਾਲੀਆਂ ਦਾਦੀਆਂ ਮਾਂਵਾਂ ਅਜਿਹੇ ਹੀ ਬਿਰਖ ਹੁੰਦੀਆਂ ਹਨ। ਮੇਰਾ ਦਾਗਿਸਤਾਨ ਦਾ ਲੇਖਕ ਰਸੂਲ ਹਮਜ਼ਾਤੋਵ ਇੱਕ ਅਜਿਹੇ ਆਦਮੀ ਦੀ ਕਹਾਣੀ ਦੱਸਦਾ ਹੈ ਕਿ ਉਹ ਵਿਦੇਸ਼ ਵਿੱਚ ਜਾ ਕੇ ਆਪਣੀ ਮਾਤ ਭਾਸ਼ਾ ਭੁੱਲ ਜਾਂਦਾ ਹੈ, ਪਰ ਪਤਾ ਲੱਗਣ 'ਤੇ ਉਸ ਦੀ ਬੁੱਢੀ ਮਾਂ ਕਹਿੰਦੀ ਹੈ, ਤੈਨੂੰ ਭੁਲੇਖਾ ਲੱਗਾ ਹੈ ਰਸੂਲ ਉਹ ਮੇਰਾ ਪੁੱਤ ਨਹੀਂ ਹੋ ਸਕਦਾ, ਜੋ ਮੇਰੀ ਸਿਖਾਈ ਭਾਸ਼ਾ ਭੁੱਲ ਗਿਆ। ਗੁਰਬਖਸ਼ ਸਿੰਘ ਪ੍ਰੀਤਲੜੀ ਕਹਿੰਦੇ ਰਹੇ, ਪਿਆਰ ਕਬਜ਼ਾ ਨਹੀਂ ਪਹਿਚਾਣ ਹੈ। ਅਲੋਚਕ ਅਲੋਚਨਾ ਕਰਦੇ ਰਹੇ। ਕਿਉਂਕਿ ਉਨ•ਾਂ ਦੀ ਮਾਨਸਿਕਤਾ ਉਨ•ੀ ਉੱਚੀ ਨਹੀਂ ਸੀ ਜਿਨੀ ਸ. ਪ੍ਰੀਤਲੜੀ ਦੀ। ਇਸੇ ਤਰ•ਾਂ ਖਲੀਲ ਜ਼ਿਬਰਾਨ ਕਹਿੰਦਾ ਹੈ, ਉਹ ਪ੍ਰੇਮ, ਪ੍ਰੇਮ ਨਹੀਂ ਜਿਹੜਾ ਪ੍ਰੇਮੀ ਨੂੰ ਆਪਣਾ ਦਾਸ ਬਣਾ ਲੈਂਦਾ ਹੈ, ਅਤੇ ਫਿਰ ਹੱਡ ਮਾਸ 'ਤੇ ਪਲਦਾ ਹੈ। ਬ੍ਰਹਿਮਚਾਰੀ ਉਹ ਹੁੰਦੇ ਹਨ ਜਿਨ•ਾਂ ਦੇ ਦਿਮਾਗ ਪਵਿੱਤਰ ਹੁੰਦੇ ਹਨ, ਨਾਕਿ ਭੇਖ ਧਾਰੀ। ਗਿਆਨ ਖੁਦ ਆਪਣੀ ਢਾਲ ਹੈ ਅਤੇ ਪ੍ਰੇਮ ਉਸ ਦੀ ਸ਼ਕਤੀਸ਼ਾਲੀ ਬਾਂਹ। ਪਿਆਰ ਨਾ ਕਬਜ਼ਾ ਕਰਦਾ ਹੈ ਅਤੇ ਨਾ ਹੀ ਕਿਸੇ ਦੇ ਕਬਜ਼ੇ ਹੇਠ ਆਉਂਦਾ ਹੈ, ਕਿਉਂਕਿ ਪਿਆਰ ਨੂੰ ਪਿਆਰ ਦਾ ਰਜੇਵਾਂ ਹੀ ਕਾਫੀ ਹੁੰਦਾ ਹੈ। ਪਿਆਰ ਚੁੱਪ, ਸ਼ਾਂਤ ਅਤੇ ਕੂਲਾ ਜਿਹਾ ਅਹਿਸਾਸ ਹੈ। ਆਦਮੀ ਨੂੰ ਸਭ ਤੋਂ ਪਹਿਲਾਂ ਰੋਟੀ ਚਾਹੀਦੀ ਹੈ ਉਸ ਤੋਂ ਬਾਅਦ ਪਿਆਰ, ਫਲਸਫਾ ਅਤੇ ਗਿਆਨ । ਪਰ ਅੱਜ ਕੱਲ• ਪਿਆਰ ਫਲਸਫੇ ਅਤੇ ਗਿਆਨ ਤੋਂ ਬਿਨਾਂ ਹੀ ਲੋਕ ਰੋਟੀਆਂ ਦੇ ਢੇਰ ਜਮ•ਾਂ ਕਰਨ ਵਾਲੀਆਂ ਮਸ਼ੀਨਾਂ ਬਣੇ ਹੋਏ ਹਨ। ਉਹ ਕਹਿੰਦੇ ਹਨ ਕਿ ਪਿਆਰ ਦਾ ਮੋਹਿਕ ਪਰਦਾ ਜੀਵਨ ਦੇ ਯਥਾਰਥ ਨੂੰ ਲੁਕਾ ਲੈਂਦਾ ਹੈ। ਜੀਵਨ ਦੀ ਭੌਤਿਕ ਸਮੱਰਥਾ ਅਤੇ ਸਫਲਤਾ ਦੀ ਤੱਕੜੀ 'ਚ ਇਸ ਦਾ ਵਜ਼ਨ ਕੁਝ ਵੀ ਨਹੀਂ। ਪਿਆਰ ਮਨ ਦੀ ਉਹ ਅਵਸਥਾ ਹੈ ਜਿੱਥੇ ਮਨੁੱਖ ਦੁਨੀਆਂਦਾਰੀ ਨੂੰ ਭੁੱਲ ਜਾਂਦਾ ਹੈ। ਇਹ ਵੀ ਕਹਿੰਦੇ ਹਨ ਕਿ ਪਿਆਰ ਕੇਵਲ ਜੀਵਨ ਦਾ ਪੂਰਕ ਹੈ। ਤਜ਼ਰਬਾ ਆਪ ਹੀ ਰਾਹ ਦਿਖਾ ਦਿੰਦਾ ਹੈ। ਸ੍ਰੀਮਦ ਭਗਵਤ ਗੀਤਾ 'ਚ ਕ੍ਰਿਸ਼ਨ ਨੇ ਅਰਜਨ ਨੂੰ ਇਹ ਵੀ ਕਿਹਾ ਸੀ ਖੁਦਕੁਸ਼ੀ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਤੂੰ ਆਪਣੇ ਮੂੰਹੋ ਆਪਣੀ ਹੀ ਪ੍ਰਸ਼ੰਸ਼ਾ ਕਰੀ ਚੱਲ। ਆਪਣੇ ਮੂੰਹੋਂ ਬਣੇ ਮੀਆਂ ਮਿੱਠੂ ਅਸਲ ਵਿੱਚ ਖੁਦਕੁਸ਼ੀ ਕਰ ਰਹੇ ਹੁੰਦੇ ਹਨ।

ਇੱਕ ਬੰਦੇ 'ਚ ਹੁੰਦੇ ਨੇ . . .

ਅਮਰਜੀਤ ਢਿੱਲੋਂ
ਜਿਸ ਨੂੰ ਵੀ ਦੇਖਨਾ, ਉਹਨੂੰ ਕਈ ਵਾਰ ਦੇਖਨਾ, ਇੱਕ ਆਦਮੀ 'ਚ ਹੁੰਦੇ ਨੇ ਦਸ ਵੀਹ ਆਦਮੀ'। ਇਹ ਤਾਂ ਇੱਕ ਸ਼ਾਇਰ ਦਾ ਖਿਆਲ ਹੈ ਪਰ ਹਰ ਇੱਕ ਬੰਦੇ 'ਚ ਸਿਰਫ ਦਸ ਵੀਹ ਬੰਦੇ ਹੀ ਨਹੀਂ ਹੁੰਦੇ ਸਗੋਂ ਸੈਂਕੜੇ ਹੋਰ ਜਾਨਵਰ ਵੀ ਹੁੰਦੇ ਹਨ। ਪ੍ਰਸਿੱਧ ਵਿਗਿਆਨੀ ਆਈਨਸਟਾਈਨ ਨੇ ਮਨੋਵਿਗਿਆਨੀ ਡਾ. ਫਰਾਇਡ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਆਦਮੀ ਹਮੇਸ਼ਾਂ ਹਮਲਾਵਰ ਰੁੱਖ ਹੀ ਕਿਉਂ ਅਖਤਿਆਰ ਕਰਦਾ ਹੈ। ਇਸ ਦੇ ਜਵਾਬ 'ਚ ਡਾ. ਫਰਾਇਡ ਨੇ ਕਿਹਾ ਕਿ ਜਿਸ ਜਾਨਵਰ ਤੋਂ ਇਹ (ਆਦਮੀ) ਇਹ ਵਿਕਸਤ ਹੋ ਕੇ ਬਣਿਆ ਹੈ ਉਹ ਬਹੁਤ ਹੀ ਖੂੰਖਾਰ ਸੀ। ਉਸ ਜਾਨਵਰ ਵਾਲੀਆਂ ਰੁਚੀਆਂ ਆਦਮੀ 'ਚ ਅਜੇ ਤੱਕ ਕਾਇਮ ਹਨ। ਇਸ ਲਈ ਇਹ ਹਰ ਵਕਤ ਇਹ ਹੀ ਸੋਚਦਾ ਹੈ ਕਿ ਮੈਂ ਕਿਸੇ ਨੂੰ ਅੱਗੇ ਨਾ ਵੱਧਣ ਦਿਆਂ। ਕਤਲੋ ਗਾਰਦ ਅਗਜ਼ਨੀ ਸੱਭ ਉਸੇ ਸੁਭਾਅ ਦਾ ਹੀ ਹਿੱਸਾ ਹਨ। ਜਾਤਪਾਤ, ਧਰਮ, ਨਸਲ ਆਦਿ ਦੇ ਝਗੜਿਆਂ ਨੇ ਇਸ ਦੀ ਇਸ ਰੁਚੀ ਨੂੰ ਹੋਰ ਵਿਸਥਾਰ ਦੇ ਦਿੱਤਾ ਹੈ। 'ਗੁਰਬਾਣੀ ਅਨੁਸਾਰ ਕਈ ਜਨਮ ਭਏ ਕੀਟ ਪਤੰਗਾ'
ਡਾਰਵਿਨ ਨੇ ਆਪਣੀ ਖੋਜ ਰਾਹੀਂ ਇਹ ਸਾਬਤ ਕੀਤਾ ਕਿ ਮਨੁੱਖ ਕੀਟ ਪਤੰਗਿਆਂ ਤੋਂ ਯਾਤਰਾ ਕਰਦਾ ਕਰਦਾ ਹੀ ਮਨੁੱਖ ਤੱਕ ਪਹੁੰਚਿਆ ਹੈ।ਪਰ ਕੀ ਉਹ ਸਚਮੁੱਚ ਮਨੁੱਖ ਬਣ ਗਿਆ ਹੈ? ਇਸ ਦਾ ਜਵਾਬ ਹੈ ਹਰਗਿਜ਼ ਨਹੀਂ। ਜੇ ਉਹ ਮਨੁੱਖ ਬਣ ਗਿਆ ਹੁੰਦਾ ਤਾਂ ਸਾਡੇ ਉਪਦੇਸ਼ਕਾਂ ਨੂੰ ਐਡੇ ਵੱਡੇ-ਵੱਡੇ ਗੰ੍ਰਥ ਨਾ ਲਿਖਣੇ ਪੈਂਦੇ। ਉਪਦੇਸ਼ਕ ਕਹਿੰਦੇ ਹਨ 'ਰਹਿ ਬਣਕੇ ਬੰਦਿਆ ਬੰਦਾ ਤੂੰ'। ਇਹ ਦਾ ਭਾਵ ਉਹ ਬੰਦਾ ਬਣ ਕੇ ਨਹੀਂ ਕੁਝ ਹੋਰ ਬਣ ਕੇ ਵਿਚਰ ਰਿਹਾ ਹੈ। ਕਿਸੇ ਨੇ ਕਦੇ ਕਿਸੇ ਕੁੱਤੇ ਨੂੰ ਨਹੀਂ ਕਿਹਾ ਕਿ 'ਤੂੰ ਕੁੱਤਾ ਬਣ' ਬੱਸ ਬੰਦੇ ਨੂੰ ਹੀ ਕਿਹਾ ਜਾਂਦੈ ਕਿ ਬੰਦਾ ਬਣ, ਕੁੱਤਾ ਨਾ ਬਣ। ਬੱਸ ਇਸ ਤਰ•ਾਂ ਕਹਿ ਕੇ ਵਿਚਾਰੇ ਕੁੱਤੇ ਦੀ ਬੇਇਜ਼ਤੀ ਕੀਤੀ ਜਾਂਦੀ ਹੈ। ਕਿਉਂਕਿ ਕੁੱਤਾ ਸਭ ਤੋਂ ਵੱਧ ਵਫਾਦਾਰ ਜਾਨਵਰ ਹੈ ਅਤੇ ਬੰਦਾ ਕਦੇ ਵਫਾਦਾਰ ਹੋ ਹੀ ਨਹੀਂ ਸਕਦਾ। ਜੇ ਬੰਦਾ ਵਫਾਦਾਰ ਹੁੰਦਾ ਤਾਂ ਕਿਸੇ ਸ਼ਾਇਰ ਨੂੰ ਇਹ ਲਿਖਣ ਦੀ ਜ਼ਰੂਰਤ ਨਾ ਪੈਂਦੀ 'ਕੋਈ ਲਾਖੋਂ ਮੇਂ ਏਕ ਵਫਾਦਾਰ ਨਿਕਲ ਆਤਾ ਹੈ, ਹਰ ਕਿਸੀ ਮੇਂ ਵਫਾ ਹੋ ਯੇਹ ਜ਼ਰੂਰੀ ਤੋਂ ਨਹੀਂ' ਜਾਂ 'ਕੁਛ ਤੋਂ ਮਜ਼ਬੂਰੀਆਂ ਰਹੀ ਹੋਂਗੀ ਯੂੰ ਕੋਈ ਬੇਵਫਾ ਨਹੀਂ ਹੋਤਾ। ਇਹ ਮਜ਼ਬੂਰੀ ਸਿਰਫ ਆਦਮੀ ਦੀ ਹੈ। ਕੁੱਤੇ ਜਾਂ ਪਾਲਤੂ ਜਾਨਵਰ ਨੂੰ ਬੇ-ਵਫਾਈ ਕਰਨ ਲਈ ਕਿਸੇ ਮਜ਼ਬੂਰੀ ਦਾ ਬਹਾਨਾ ਨਹੀਂ ਕਰਨਾ ਪੈਂਦਾ।
ਪਿਛੇ ਜਿਹੇ ਇੱਕ ਸਾਹਿਤਕ ਸਮਾਗਮ 'ਚ ਕਵਿਤਾ ਸੁਣੀ ਸੀ। ਕਵਿਤਾ ਦਾ ਭਾਵ ਅਰਥ ਕੁਝ ਇਸ ਤਰ•ਾਂ ਸੀ ਕਿ ਵੈਸੇ ਤਾਂ ਮੈਂ (ਬੰਦਾ) ਸ਼ੇਰ ਵਾਂਗ ਦਹਾੜਦਾ ਹਾਂ। ਪਰ ਦਫਤਰ 'ਚ ਬੌਸ ਸਾਹਮਣੇ ਚੱਡਿਆਂ 'ਚ ਪੂਛ ਲੈ ਕੇ ਕੁੱਤਾ ਬਣ ਜਾਂਦਾ ਹਾਂ। ਫਿਰ ਖਰਗੋਸ਼ ਵਾਂਗ ਉਸ ਦੇ ਪੈਰਾਂ 'ਚ ਲਿਟ ਜਾਂਦਾ ਹਾਂ ਹਰ ਸਮੇਂ ਬਾਂਦਰ ਟਪੂਸੀਆਂ ਮਾਰਦਾ ਹਾਂ, ਲੂੰਬੜ ਚਾਲਾਂ ਚੱਲਦਾ ਹਾਂ, ਲੋਕਾਂ ਨੂੰ ਉਲੂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਪਰ ਸਵੇਰੇ ਧਾਰਮਿਕ ਸਥਾਨ ਤੇ ਜਾ ਕੇ ਬਗਲਾ ਭਗਤ ਬਣ ਜਾਂਦਾ ਹਾਂ। ਇਸੇ ਤਰ•ਾਂ ਆਦਮੀ 'ਚ ਸਾਰੇ ਦੇ ਸਾਰੇ ਜਾਨਵਰ ਮੌਜ਼ੂਦ ਹਨ। ਪਤਾ ਨਹੀਂ ਕਿਹੜੇ ਵੇਲੇ ਕਿਹੜਾ ਜਾਗ ਪਵੇ। ਬਕੌਲ ਸ਼ਾਇਰ “ਹਰ ਬੰਦੇ ਦੇ ਅੰਦਰ ਇੱਕ ਦਰਿੰਦਾ ਵਸਦਾ ਹੈ, ਜਾਗ ਪਵੇ ਮਜ਼ਹਬ, ਗੋਤਾਂ, ਜ਼ਾਤਾਂ ਤੇ ਨਾਵਾਂ ਨਾਲ।” ਆਪਣੇ ਅੰਦਰਲੇ ਇਨ•ਾਂ ਦਰਿੰਦਿਆਂ ਨੂੰ ਦਬਾ ਕੇ ਰੱਖਣਾ ਹੀ ਇਨਸਾਨੀਅਤ ਹੈ। ਸਿਰਫ ਮਾਸੂਮ ਬੱਚਿਆਂ 'ਚ ਹੀ ਦਰਿੰਦਗੀ ਨਹੀਂ ਹੁੰਦੀ। ਇਸ ਲਈ ਆਪਣੇ ਮਨ 'ਚ ਮਾਸੂਮ ਬੱਚਾ ਹਮੇਸ਼ਾ ਕਾਇਮ ਰੱਖਆ ਜਾਵੇ। ਨਹੀਂ ਤਾਂ ਸ਼ਾਇਰ ਹਮੇਸ਼ਾ ਇਹ ਕਹਿੰਦਾ ਰਹੇਗਾ “ਮੇਰੇ ਦਿਲ ਦੇ ਕਿਸੇ ਕੋਨੇ 'ਚ ਇੱਕ ਮਾਸੂਮ ਜਿਹਾ ਬੱਚਾ, ਵੱਡਿਆਂ ਦੀ ਦੇਖ ਕੇ ਦੁਨੀਆਂ, ਵੱਡਾ ਹੋਣ ਤੋਂ ਡਰਦਾ ਹੈ।”