Monday, September 2, 2013

book apne sang samwad 2 september 2013

ਸਾਡੀ ਕੋਠੀ ਵਿਚ ਦਾਣੇ ਹੋ ਗਏ। ਲਗਦੈ ਆਪਾਂ ਵੀ ਸਿਆਣੇ ਹੋ ਗਏ।
ਜ਼ਿਦ ਕਰਨ ਨਾ ਹੁਣ ਖਿਡੌਣੇ ਵਾਸਤੇ ਬੱਚੇ ਕਿੰਨੇ ਬੀਬੇ ਰਾਣੇ ਹੋ ਗਏ।
ਭੁੱਲ੍ਹ ਜਾ ਹੁਣ ਤੱਕੜੀ ਇਨਸਾਫ ਦੀ ਜੱਜ ਰਾਜੇ ਅੰਨ੍ਹੇ ਕਾਣੇ ਹੋ ਗਏ।
ਸੱਦਾ ਦੇਈਏ ਹੁਣ ਕਿਹੜੇ ਚੋਰ ਨੂੰ ਮੱਤਦਾਤੇ ਜੀਅ-ਭਿਆਣੇ ਹੋ ਗਏ।
ਮੈਂ ਵੀ ਹਾਂ ਕਬੀਲਦਾਰ ਹੋ ਗਿਆ ਤੇਰੇ ਵੀ ਹੁਣ ਨੇ ਨਿਆਣੇ ਹੋ ਗਏ।
ਜਿੰਨ੍ਹਾਂ ਨੂੰ ਸੀ ਰੋ ਕੇ ਪੜ੍ਹਿਆ ਕਦੇ ਹਾਏ ਉਹ ਖ਼ਤ ਵੀ ਪੁਰਾਣੇ ਹੋ ਗਏ।
ਨਿੱਤ ਲਿਖਣੇ ਪੈਂਦੇ ਨੇ ਰੋਜ਼ਨਾਮਚੇ ਘਰ ਵੀ ਲਗਦੇ ਨੇ ਥਾਣੇ ਹੋ ਗਏ।
ਕਿਰਤ ਦਾ ਉਪਦੇਸ਼ ਦਿੰਦੇ ਫਿਰ ਰਹੇ ਕਿੰਨੇ ਲੋਕ ਨੇ ਮੰਗ ਖਾਣੇ ਹੋ ਗਏ।
ਖ਼ਾਮੋਸ਼ ਚਿੰਤਨ ਕਰਨ ਦਾ ਹੈ ਵਕਤ ਬਹੁਤ ਢਿੱਲੋਂ ਗੀਤ ਗਾਣੇ ਹੋ ਗਏ।। 

ਇਸ ਤਰ੍ਹਾਂ ਗੁਜ਼ਰੇ ਵਰ੍ਹੇ ਕੁਝ ਵੀ ਪਤਾ ਲਗਿਆ ਨਹੀਂ।
ਮੈਂ ਰਿਹਾ ਖ਼ੁਦ ਤੋਂ ਪਰ੍ਹੇ• ਕੁਝ ਵੀ ਪਤਾ ਲਗਿਆ ਨਹੀਂ।
ਕਿੰਨੀਆਂ ਹੀ ਰੁੱਤਾਂ ਬੇਦਸਤਕ ਲੰਘ ਗਈਆਂ ਬਾਰ 'ਚੋਂ
ਕਹਿਣ ਨੂੰ ਸਾਂ ਮੈਂ ਘਰੇ ਕੁਝ ਵੀ ਪਤਾ ਲਗਿਆ ਨਹੀਂ।
ਜਿੰਨਾਂ ਦੀ ਦੋਸਤੀ ਨੂੰ ਮੈਂ ਸੀ ਸਾਰਾ ਸਮਰਿਪਤ ਹੋ ਗਿਆ
ਦੋਸਤ ਸਨ ਕਿ ਮਸਖ਼ਰੇ ਕੁਝ ਵੀ ਪਤਾ ਲਗਿਆ ਨਹੀਂ।
ਫਟ ਰਹੇ ਬੰਬਾਂ ਅਤੇ ਵਰਦੀਆਂ ਗੋਲੀਆਂ ਦੇ ਸ਼ੋਰ ਵਿਚ 
ਸੀ ਆਪਣੇ ਕਿੰਨੇ ਮਰੇ ਕੁਝ ਵੀ ਪਤਾ ਲਗਿਆ ਨਹੀਂ।
ਉਮਰ ਦੀ ਪੱਤਝੜ 'ਚ ਆਕੇ ਸੁੱਕ ਗਏ ਉਮਰਾਂ ਦੇ ਬਾਗ
ਜ਼ਖ਼ਮ ਕਿਉਂ ਦਿਲ ਦੇ ਹਰੇ ਕੁਝ ਵੀ ਪਤਾ ਲਗਿਆ ਨਹੀਂ।
ਮੈਂ ਹੀ ਸਾਂ ਮਦਹੋਸ਼ ਕਿ ਜਾਂ ਸੀ ਇਹ ਜ਼ਮਾਨਾ ਬੇਖ਼ਬਰ 
ਕੀ ਹੋ ਹੋ ਗਿਆ ਅਰੇ ਅਰੇ ਕੁਝ ਵੀ ਪਤਾ ਲਗਿਆ ਨਹੀਂ।
ਨਾ ਹੀ ਹੈ ਕੋਈ ਤੂਫਾਨ ਤੇ ਨਾ ਹੀ ਸ਼ਿਕਾਰੀ ਦਿਸ ਰਹੇ
ਕਾਹਤੋਂ ਪਰਿੰਦੇ ਨੇ ਡਰੇ ਕੁਝ ਵੀ ਪਤਾ ਲਗਿਆ ਨਹੀਂ।
ਇਸ਼ਕ ਦੀ ਡੂੰਘੀ ਨਦੀ 'ਚ ਕੁੱਦੇ ਸਾਂ ਪੂਰੀ ਸ਼ਿਦਤ ਨਾਲ 
ਢਿੱਲੋਂ ਡੁੱਬੇ ਸਾਂ ਕਿ ਤਰੇ ਕੁਝ ਵੀ ਪਤਾ ਲਗਿਆ ਨਹੀਂ। 

ਜਾਣੀ ਹੈ ਪਤਝੜਾਂ ਦੀ ਰੁੱਤ ਆਉਣੀ ਬਹਾਰ ਹੋਰ।
ਜ਼ਿੰਦਗੀ ਪਿਆਸੀ ਹੈ ਬੜੀ ਮੰਗਦੀ ਹੈ ਪਿਆਰ ਹੋਰ।
ਹੁਣ ਤਕ ਕਮਾਈਆਂ ਯਾਰੀਆਂ ਦੇਖੀਂ ਨਾ ਬੈਠੀਂ ਤੋੜ
ਉਮਰਾਂ ਦੇ ਇਸ ਮੁਕਾਮ 'ਤੇ ਬਨਣੇ ਨਹੀਂ ਯਾਰ ਹੋਰ।
ਜਿੰਨੇ ਕੁ ਬੀਜ ਸਕਦੇ ਸੀ ਬੀਜੇ ਨੇ ਫੁੱਲ ਅਸਾਂ ਬਹੁਤ
ਭਾਵੇਂ ਖਿਲਾਰੇ ਨੇ ਲੋਕਾਂ ਇਥੇ ਰਾਹਾਂ 'ਚ ਖ਼ਾਰ ਹੋਰ।
ਜਿਉਂ ਜਿਉਂ 'ਕੱਠਾ ਗਿਆਨ ਦਾ ਕਰਦਾ ਭੰਡਾਰ ਹਾਂ
Îਮੱਥੇ 'ਚ ਵਧਦਾ ਜਾ ਰਿਹਾ ਹੈ ਸੋਚਾਂ ਦਾ ਭਾਰ ਹੋਰ।
ਜ਼ਿੰਦਗੀ ਸੀ ਚਾਰ ਦਿਨ ਦੀ ਰੱਜ ਰੱਜ ਕੇ ਮਾਣ ਲਈ
ਮੁੜ ਸ਼ੁਰੂ ਕਰੀਏ ਫੇਰ ਤੋਂ ਆ ਦਿਨ ਹਾਲੇ ਚਾਰ ਹੋਰ।
ਇਥੋਂ ਦੇ ਧਰਮ ਗੁਰੂ ਜੀ, ਨੇਤਾ ਤੇ ਅਫਸਰ ਲੋਕ
ਧੰਧੇ ਕਮਾਉਂਦੇ ਹੋਰ ਨੇ ਤੇ ਕਰਦੇ ਵਿਉਪਾਰ ਹੋਰ।
ਇਥੇ ਸਾਲਮ ਸ਼ਹਿਰ ਹੀ ਵਿਕਾਊ ਹੈ ਫਿਰ ਰਿਹਾ
ਛੱਡ ਢਿੱਲੋਂ ਏਸ ਮੰਡੀ ਨੂੰ ਲੱਭੀਏ ਬਾਜ਼ਾਰ ਹੋਰ ।।

ਕਦੇ ਆਕਾਸ਼ ਤੇ ਕਦੇ ਪਾਤਾਲ ਵਿਚ ਫਿਰਦੇ ਰਹੇ।
ਦਰ ਹਕੀਕਤ ਆਪਣੀ ਹੀ ਭਾਲ ਵਿਚ ਫਿਰਦੇ ਰਹੇ।
ਸੱਭਿਅਕ ਹੋਕੇ ਵੀ ਇਹ ਬੰਦਾ ਹੋਰ ਹੋਇਆ ਬੇਸੁਰਾ
ਬੱਦਲ ਤੇ ਪੰਛੀ ਇਕ ਬਝਵੀਂ ਤਾਲ ਵਿਚ ਫਿਰਦੇ ਰਹੇ।
ਵਰਤਮਾਨ ਦਾ ਸਮਾਂ ਹੈ ਸਾਥੋਂ ਕਤਲ ਹੁੰਦਾ ਰਿਹਾ 
ਅਸੀਂ ਸਦਾ ਭਵਿੱਖ, ਭੂਤਕਾਲ ਵਿਚ ਫਿਰਦੇ ਰਹੇ।
ਸਾਇੰਸ ਨੇ ਬ੍ਰਹਿਮੰਡ ਦਾ ਕਣ ਕਣ ਹੈ ਭਾਵੇਂ ਫੋਲਤਾ
Ñਲੋਕ ਫਿਰ ਵੀ ਰੂਹਾਂ ਦੇ ਜੰਜਾਲ ਵਿਚ ਫਿਰਦੇ ਰਹੇ।
ਡੇਰਿਆਂ ਮਹਿਲਾਂ ਦੀ ਸ਼ਾਨ ਹੋਰ ਵੀ ਵਧਦੀ ਗਈ 
ਮਿਹਨਤਕਸ਼ ਨੇ ਹੋਰ ਮੰਦੇ ਹਾਲ ਵਿਚ ਫਿਰਦੇ ਰਹੇ।
ਸੱਚ ਅਤੇ ਸੂਰਜ ਅਕੇਲੇ ਸ਼ਾਂਤ ਚਮਕਦੇ ਰਹੇ ਸਦਾ
ਅੰਨ੍ਹੀ ਭੀੜ ਦੇ ਦਰਿਆ ਉਬਾਲ ਵਿਚ ਫਿਰਦੇ ਰਹੇ।
ਮੂਰਿਆਂ ਦੀ ਪਰੇ ਵਿਚ ਫਿਰਦੇ ਰਹੇ ਅੱਖਰ ਲਈ
ਅਸੀਂ ਅੰਨ੍ਹੀ ਬਜ਼ਮ ਵਿਚ ਮਸ਼ਾਲ ਲਈ ਫਿਰਦੇ ਰਹੇ।
ਕੁੱਤੇ ਭੌਂਕਦੇ ਰਹੇ ਉਹਨਾਂ ਦਾ ਕੰਮ ਹੀ ਸੀ ਭੌਂਕਣਾ 
ਢਿੱਲੋਂ ਹਾਥੀ ਮਸਤ ਆਪਣੀ ਚਾਲ ਵਿਚ ਫਿਰਦੇ ਰਹੇ।

No comments:

Post a Comment