ਆਪਣੇ ਆਪ ਨੂੰ ਟੀਸੀ ਉੱਤੇ ਬਹੁਤਾ ਨਹੀਂ ਚੜ੍ਹਾਈਦਾ।
ਨਹੀਂ ਤਾਂ ਡਿੱਗਣ ਵੇਲੇ ਫਿਰ ਕੀਚਰ-ਕੀਚਰ ਹੋ ਜਾਈਦਾ।
ਕੁਝ ਤੋਹਫੇ ਨਾ ਦੇਣ 'ਤੇ ਹੀ ਜਦ ਮੋਹ ਦੇ ਰਿਸ਼ਤੇ ਤਿੜਕ ਗਏ,
ਏਦਾਂ ਦਾ ਵੀ ਮਨ 'ਤੇ ਸੇਕ ਹੰਢਾਇਆ ਮੈਂ ਮਹਿੰਗਾਈਦਾ।
ਵਿਆਹ ਦੇ ਮੰਡਪ ਦੇ ਵਿੱਚ ਹੋਵਣ ਜਾਂ ਮ੍ਰਿਤਕ ਦੀ ਦੇਹ ਉੱਤੇ,
ਫੁੱਲ ਚੰਦਰਿਆਂ ਕੋਲੋਂ ਆਪਣਾ ਹਾਸਾ ਨਹੀਂ ਛੁਪਾਈ ਦਾ।
ਢਾਈ ਅੱਖਰ ਪ੍ਰੇਮ ਦੇ ਹੁੰਦੇ ਤੇ ਢਾਈ ਹੀ ਘ੍ਰਿਣਾ ਦੇ,
ਇੱਕ ਨੂੰ ਪੜ• ਕੇ ਮਨ ਖੁਸ਼ ਹੁੰਦਾ ਇੱਕ ਪੜ• ਕੇ ਪਛਤਾਈਦਾ।
ਲੰਮੇ ਉਮਰਾਂ ਦੇ ਸਾਥ ਦਾ ਹੈ ਇੱਕ ਬੰਦੋਬਸਤ ਜਿਹਾ,
ਕਿੰਨੀ ਲੰਮੀ ਸਜ਼ਾ ਹੈ ਯਾਰੋ ਗਲ ਪਿਆ ਢੋਲ ਵਜਾਈਦਾ।
ਕਿਰਤੀ ਦੇ ਘਰ ਘੁੱਪ ਹਨੇਰਾ, ਜਗਣ ਟਿਊਬਾਂ ਮੰਦਰਾਂ ਵਿੱਚ,
ਭੁੱਖਾ ਰਹੇ ਗਵਾਂਢੀ, ਰਾਸ਼ਨ ਲੰਗਰ ਦੇ ਵਿੱਚ ਪਾਈਦਾ।
ਉਸ ਦਾ ਨਾਂਅ ਵੀ ਅੱਗ ਬੁਝਾਵਣ ਵਾਲਿਆਂ 'ਚ ਆ ਜਾਵੇ,
ਬਲਦੇ ਰੁੱਖ 'ਤੇ ਚਿੜੀ ਵੱਲੋਂ ਜੇ ਚੁੰਝ ਭਰ ਪਾਣੀ ਪਾਈਦਾ।
ਰਹਿਬਰ ਸਾਡੇ ਜਖਮਾਂ ਦਾ ਇਲਾਜ ਇਸ ਤਰ•ਾਂ ਕਰਦੇ ਹਨ,
ਜਖਮ ਤੇ ਮੱਲ੍ਹਮ ਵੀ ਕੰਡੇ ਦੀ ਨੋਕ ਦੇ ਨਾਲ ਲਗਾਈਦਾ।
ਬਚਪਨ ਦੀ ਗਲਤੀ ਹੁੰਦੀ ਸੀ ਕੱਚੀ ਪੈਨਸਿਲ ਨਾਲ ਲਿਖੀ,
ਹੁਣ ਪਿੰਨ ਵਾਲੀ ਗਲਤੀ ਨੂੰ ਨਾ ਰਬੜ ਦੇ ਨਾਲ ਮਿਟਾਈਦਾ।
ਪੜ੍ਹੇ• ਨਾ ਢਾਈ ਪ੍ਰੇਮ ਦੇ ਅੱਖਰ ਪੜ੍ਹ• ਲਏ ਗੰ੍ਰਥ ਹਜ਼ਾਰਾਂ ਹੀ,
ਦੱਸ ਗਿਆਨੀ, ਕੀ ਫਾਇਦਾ ਹੈ ਇਹੋ ਜਿਹੀ ਪੜ੍ਹਾਈਦਾ।
ਮੇਰੇ ਆਲ•ਣਿਆਂ ਦੇ ਬੋਟ ਵੀ ਹਨ ਸੱਤ ਸਮੁੰਦਰ ਪਾਰ ਗਏ,
ਪਿੱਛੇ ਪਿੱਛੇ ਰਿਜ਼ਕ ਦੇ ਯਾਰੋ ਤਨ ਨੂੰ ਹੈ ਕਿਵੇਂ ਭਜਾਈਦਾ।
ਉਸ ਨੇ ਕਿਹਾ ਸੀ ਕਿ ਮੁਹੱਬਤ ਤਾਂ ਫੁੱਲਾਂ ਵਰਗੀ ਹੁੰਦੀ ਹੈ,
ਇਸੇ ਲਈ ਫੁੱਲ ਵਿਕਦੇ ਦੇਖ ਕੇ ਢਿੱਲੋਂ ਹੈ ਰੁਕ ਜਾਈਦਾ।
ਰੋਜ਼ ਹੀ ਆਪਣੇ ਆਪੇ ਸੰਗ ਗੋਸ਼ਟ ਕਰਦੇ ਰਹਿ ਜਾਈਦਾ।
ਜਦ ਵੀ ਵਕਤ ਮਿਲੇ ਸੰਨਾਟੇ ਨਾਲ ਸੰਵਾਦ ਰਚਾਈਦਾ।
ਇਸ ਬੇਚਿਹਰਾ ਅੰਨੀ ਭੀੜ ਤੋਂ ਬਚਣ ਦਾ ਕੋਈ ਰਸਤਾ ਨਹੀਂ,
ਕਦੇ ਕਦੇ ਕੁਝ ਚਿਰ ਲਈ ਭੀੜ ਦਾ ਹਿੱਸਾ ਹੀ ਬਣ ਜਾਈਦਾ।
ਜਦੋਂ ਕਦੇ ਵੀ ਮਨ ਵਿੱਚ ਪੈਲ•ਾਂ ਪਾਉਣ ਦੀ ਤਾਂਘ ਉਭਰਦੀ ਹੈ,
ਕੱਚੀ ਜਿਹੀ ਕੰਧੋਲੀ 'ਤੇ ਮਿੱਟੀ ਦਾ ਮੋਰ ਬਣਾਈਦਾ।
ਬੀਤੇ ਦੇ ਵਿਸਰੇ ਨਾ ਚੇਤੇ ਕਰ ਲਿਖਣੇ, ਫਿਰ ਢਾਹ ਦੇਣੇ,
ਕਦੇ ਕਦੇ ਮਨ ਆਪਣਾ ਯਾਰੋ ਏਦਾਂ ਵੀ ਹੈ ਪਰਚਾਈਦਾ।
ਹੁਣ ਨਾ ਕੋਈ ਪਰਿੰਦਿਆਂ ਦੇ ਲਈ ਛੱਤ 'ਤੇ ਪਾਣੀ ਰੱਖਦਾ ਹੈ,
ਨਵੇਂ ਮਕਾਨਾਂ ਤਾਈਂ ਰਬੜ ਦੇ ਰੁੱਖਾਂ ਨਾਲ ਸਜਾਈਦਾ।
ਔੜ ਦੇ ਮਾਰੇ, ਮੋਹ ਦੇ ਰਿਸ਼ਤੇ ਜਦ ਵੀ ਚੇਤੇ ਆਉਂਦੇ ਨੇ,
ਬਰਸਾਤਾਂ ਦੇ ਮੌਸਮ ਵਿੱਚ ਵੀ ਨੈਣੋਂ ਨੀਰ ਵਹਾਈਦਾ।
ਹਾਏ ਗਰਮੀ! ਹਾਏ ਸਰਦੀ, ਬਹੁੜੀ! ਹਾਏ ਬਰਖਾ, ਹਾਏ ਔੜ ਬੜੀ!
ਇੱਕ ਦੂਜੇ ਨੂੰ ਮਿਲਣ 'ਤੇ ਇਉਂ ਮੌਸਮ ਦਾ ਹਾਲ ਸੁਣਾਈਦਾ।
ਕਿਸ ਦਾ ਜੀ ਕਰਦਾ ਹੈ ਜਾ ਕੇ ਪਰਦੇਸਾਂ 'ਚ ਭਟਕਣ ਲਈ,
ਜੇਕਰ ਆਪਣੇ ਮੁਲਕ 'ਚ ਹੋਵੇ ਸਾਧਨ ਕੋਈ ਕਮਾਈਦਾ।
ਚੀਂ-ਚੀਂ ਕਰਦੀਆਂ ਚਿੜੀਆਂ ਤੋਂ ਵੱਧ ਕੀ ਕੋਈ ਦੱਸ ਸਕਦਾ ਹੈ,
ਆਲ•ਣਿਆਂ ਦੇ ਬੋਟਾਂ ਨੂੰ ਝੱਖੜਾਂ ਤੋਂ ਕਿੰਜ ਬਚਾਈਦਾ।
ਬੇਵਫਾਈ ਵੀ ਕੁਝ ਹੱਦ ਤੱਕ ਤਾਂ ਮਜ਼ਬੂਰੀ ਹੀ ਹੁੰਦੀ ਹੈ,
ਢਿੱਲੋਂ ਜੀ ਐਵੇਂ ਯਾਰਾਂ ਤਾਈਂ ਬਹੁਤਾ ਨੀ ਅਜਮਾਈਦਾ।
ਤੇਰਾ ਮਨ ਹੁਣ ਜੇਕਰ ਮੈਥੋਂ ਭਰ ਗਿਐ ਤਾਂ ਕੋਈ ਗੱਲ ਨਹੀਂ।
ਮੇਰੇ ਬਾਝੋਂ ਜੇ ਹੁਣ ਤੇਰਾ ਸਰ ਗਿਆ ਹੈ ਤਾਂ ਕੋਈ ਗੱਲ ਨਹੀਂ।
ਆਖਿਰ ਤੂੰ ਵੀ ਤਾਂ ਇਹ ਦੁਨੀਆਂਦਾਰੀ ਕਰਨੀ ਹੈ,
ਜੇ ਤੇਰਾ ਦਿਲ ਦੁਨੀਆਂ ਕੋਲੋਂ ਡਰ ਗਿਐ ਤਾਂ ਕੋਈ ਗੱਲ ਨਹੀਂ।
ਆਪਾਂ ਗੁੰਦਿਆ ਸੀ ਗੁਲਦਸਤਾ ਪਿਆਰ ਦਾ ਰੀਝਾਂ ਨਾਲ,
ਤੇਜ਼ ਹਵਾਵਾਂ ਨਾਲ ਜੇ ਇਹ ਬਿਖਰ ਗਿਐ ਤਾਂ ਕੋਈ ਗੱਲ ਨਹੀਂ।
ਸਭ ਨੂੰ ਰੱਖਣਾ ਯਾਦ ਵੀ ਸਭ ਦੇ ਵੱਸ ਨਹੀਂ ਹੁੰਦਾ,
ਤੇਰੇ ਚੇਤੇ 'ਚੋਂ ਮੇਰਾ ਚੇਤਾ ਵਿਸਰ ਗਿਐ ਤਾਂ ਕੋਈ ਗੱਲ ਨਹੀਂ।
ਇੱਕ ਦਿਨ ਤਾਂ ਤਲਾਅ ਨੇ ਭਰਨਾ ਹੁੰਦੈ ਕੱਢਿਆਂ ਤੀਕ,
ਕੱਚਾ ਸੀ ਕਿਨਾਰਾ ਜੇ ਇੱਕ ਖਰ ਗਿਐ ਤਾਂ ਕੋਈ ਗੱਲ ਨਹੀਂ।
ਮੇਰੇ ਮਨ ਦੀ ਸੁੰਨੀ ਕਬਰ 'ਤੇ ਜੇ ਕੋਈ ਦਿਲਦਾਰ,
ਬਾਲ ਕੇ ਮੋਹ ਦਾ ਦੀਵਾ ਧਰ ਗਿਐ ਤਾਂ ਕੋਈ ਗੱਲ ਨਹੀਂ।
ਤੇਰੀ ਦਿਲਚਸਪੀ ਮੇਰੇ 'ਚੋਂ ਮੁਕਣੀ ਹੀ ਸੀ ਇੱਕ ਦਿਨ,
ਜੇ ਤੇਰਾ ਚਾਅ ਮਿਲਣ ਦਾ ਮਰ ਗਿਐ ਤਾਂ ਕੋਈ ਗੱਲ ਨਹੀਂ।
ਪਿਆਰ 'ਚ ਹੋਈ ਹਾਰ ਕਦੇ ਵੀ ਹਾਰ ਨਹੀਂ ਹੁੰਦੀ,
ਜੇ ਲੋਕੀਂ ਕਹਿੰਦੇ ਨੇ ਹਰ ਗਿਐ ਤਾਂ ਕੋਈ ਗੱਲ ਨਹੀਂ।
ਮਨ ਦੇ ਮੌਸਮ ਹੁੰਦੇ ਨੇ ਇਹ ਪੱਤਝੜ ਕਦੇ ਬਹਾਰ ਵੀ,
ਅੱਜ ਢਿੱਲੋਂ ਜੇਕਰ ਓਦਰ ਗਿਐ ਤਾਂ ਕੋਈ ਗੱਲ ਨਹੀਂ।
ਮੁਹੱਬਤ ਦੇ ਅੱਥਰੂਆਂ ਨੂੰ ਨਹੀਂ ਏਦਾਂ ਯਾਰ ਵਹਾਈਦਾ
ਬੜੇ ਕੀਮਤੀ ਇਨ੍ਹਾਂ ਨੂੰ ਅੰਦਰੇ ਅੰਦਰ ਪੀ ਜਾਈਦਾ।
ਬੱਸ ਕਰ ਸੱਜਣਾਂ ਮੈਨੂੰ ਹੋਰ ਨਾ ਦੇ ਤੂੰ ਜ਼ਖਮ ਜੁਦਾਈਦਾ
ਇਹ ਬਿਰਹਾ ਦਾ ਸੱਲ ਨਾ ਯਾਰਾਂ ਮੈਥੋਂ ਹੋਰ ਹੰਢਾਈ ਦਾ।
ਸੁਣੀ ਸੁਣਾਈ ਗੱਲ ਦੇ ਅੰਦਰ ਐਵੇਂ ਯਾਰ ਨਹੀਂ ਆਈਦਾ
ਰਹਿੰਦੇ ਸਦਾ ਬਣਾਉਂਦੇ ਲੋਕ ਤਾਂ ਇੱਥੇ ਰਾਈ ਦਾ।
ਤੇਰੀ ਬੇਰੁਖੀ ਇਸ ਜੀਵਨ 'ਚ ਜਹਿਰ ਭਰ ਦਿੰਦੀ ਹੈ,
ਤੇਰੀ ਥੋੜ੍ਹੀ ਅਪਣਤ 'ਚ ਹੀ ਯਾਰਾ ਅੰਮ੍ਰਿਤ ਪਾਈਦਾ।
ਜ਼ਿੰਦਗੀ 'ਚ ਕਦੇ ਏਦਾਂ ਦਾ ਵੀ ਹਾਦਸਾ ਹੋ ਜਾਂਦਾ ਹੈ
ਖੇਤੋਂ ਪੁੱਟ ਕੇ ਬਾਗ ਹੈ ਆਪਣੇ ਮਨ ਦੇ ਵਿੱਚ ਲਾਈਦਾ।
ਫੁੱਲਾਂ ਵਰਗੇ ਹੁੰਦੇ ਨੇ ਸੱਜਣਾਂ ਜ਼ਖਮ ਜੁਦਾਈਦੇ
ਭੰਵਰੇ ਵਾਂਗੂੰ ਇਨ੍ਹਾਂ ਨੂੰ ਹੌਲੀ ਹੌਲੀ ਸੁਹਲਾਈਦਾ।
ਕਹਿੰਦੇ ਨੇ ਸਾਰੀ ਦੁਨੀਆਂ ਇੱਕੋ ਨੂਰ ਤੋਂ ਉਪਜੀ ਹੈ ਪਰ
ਆਪੋ ਆਪਣੀ ਜਾਤ ਲਈ ਪੂਜਾ ਘਰ ਵੱਖਰਾ ਬਣਵਾਈਦਾ।
ਹੱਡ ਭੰਨਵੀਂ ਮਿਹਨਤ ਕਰਕੇ ਸੁੱਕੀ ਰੋਟੀ ਹੈ ਚਟਣੀ ਨਾਲ,
ਵਿਹਲੜ, ਚਿੱਟ ਕੱਪੜੀਏ ਤੋਂ ਖੀਰ ਕੜਾਹ ਵੀ ਖਾਈਦਾ।
ਜਾਤ ਪਾਤ ਤੇ ਛੂਤ ਛਾਤ ਹੈ ਵਸ ਗਈ ਸਾਡੇ ਹੱਡਾਂ ਵਿੱਚ,
ਭਾਵੇਂ ਐਵੇਂ ਆਖਣ ਨੂੰ ਨਾਨਕ ਦੇ ਸਿੱਖ ਅਖਵਾਈਦਾ।
ਉਨ੍ਹਾਂ ਤੋਂ ਵੱਧ ਇਸ ਦੁਨੀਆਂ ਕੌਣ ਕੁਕਰਮ ਕਮਾਉਂਦਾ ਹੈ,
ਜਿਹੜੇ ਕਹਿੰਦੇ ਲੇਖਾ ਦੇਣਾ ਪੈਂਦਾ ਹੈ ਪਾਈ ਪਾਈ ਦਾ।
ਜਦ ਦੋਸਤ ਦੁਸ਼ਮਣ ਬਣਦੇ ਤਾਂ ਪੀੜ ਬੜੀ ਹੀ ਹੁੰਦੀ ਹੈ,
ਢਿੱਲੋਂ ਅੱਜ ਕੱਲ੍ਹ ਸੋਚ ਸਮਝ ਕੇ ਦੋਸਤ ਨਵਾਂ ਬਣਾਈਦਾ।
ਬਣ ਗਏ ਸੱਭ ਕੁਝ ਅਸੀਂ ਹੁਸ਼ਿਆਰ ਨਾ ਬਣਿਆ ਗਿਆ।
ਮਤਲਬ ਪ੍ਰਸਤ ਮੀਸਣੇ ਜਿਹੇ ਯਾਰ ਨਾ ਬਣਿਆ ਗਿਆ।
ਚੰਦਰਮਾ ਵਾਂਗੂ ਰੋਜਾਨਾ ਵੱਧਦੇ ਤੇ ਘੱਟਦੇ ਰਹੇ,
ਮਾਂਗਵੀਂ ਸੀ ਰੌਸ਼ਨੀ ਇੱਕ ਸਾਰ ਨਾ ਬਣਿਆ ਗਿਆ।
ਮਹਿਫਿਲਾਂ ਵਿੱਚ ਰੌਣਕਾਂ ਲਾਈਆਂ ਹਮੇਸ਼ਾ ਨੇ ਅਸੀਂ,
ਮਹਿਫਿਲਾਂ ਦੇ ਫੇਰ ਵੀ ਸ਼ਿੰਗਾਰ ਨਾ ਬਣਿਆ ਗਿਆ।
ਜਿਹੜੇ ਯਾਰਾਂ ਸਾਹਮਣੇ ਦਿਲ ਖੋਹਲ ਨੇ ਰੱਖਿਆ ਸਦਾ,
ਉਹਨਾਂ ਯਾਰਾਂ ਦਾ ਹੀ ਪਰ ਦਿਲਦਾਰ ਨਾ ਬਣਿਆ ਗਿਆ।
ਰੂਹਾਂ ਖਾਤਿਰ ਪਿਆਰ ਰੂਹ ਰਹੀ ਹਾਜ਼ਰ ਹਮੇਸ਼,
ਜਿਸਮ ਦੇ ਲਈ ਜਿਸਮ ਦਾ ਇਸ਼ਤਿਹਾਰ ਨਾ ਬਣਿਆ ਗਿਆ।
ਹਲੂਕੇ ਪੁਜਾਰੀ ਹਵਸ ਦੇ ਹੀ ਨੇ ਚੁਫੇਰੇ ਫਿਰ ਰਹੇ,
ਸੋਹਲ ਕੰਜ਼ਰਾਂ ਕੋਲੋਂ ਮੁਟਿਆਰ ਨਾ ਬਣਿਆ ਗਿਆ।
ਆਰਜੀ ਰਿਸ਼ਤਾ ਰਿਹਾ ਹੁਸਨ ਤੇ ਇਸ਼ਕ ਦਾ ਸਦਾ,
ਪਤਾ ਨਹੀਂ ਕਿਉਂ ਹੰਢਵਸਾਰ ਨਾ ਬਣਿਆ ਗਿਆ।
ਅਮਰਜੀਤ ਢਿੱਲੋਂ ਵੀ ਬੱਸ ਅਮਰਜੀਤ ਹੀ ਰਿਹਾ,
ਏਸ ਤੋਂ ਮੁਖਤਿਆਰ ਜਾਂ ਕਰਤਾਰ ਨਾ ਬਣਿਆ ਗਿਆ।
ਜ਼ਿੰਦਗੀ ਦੇ ਵਿੱਚ ਕਦੇ ਕਦਾਈਂ ਇੰਜ ਵੀ ਝੱਖੜ ਝੁੱਲ ਜਾਂਦਾ ਹੈ।
ਜ਼ਹਿਰ ਵਿਹਾਵਣ ਖਾਤਿਰ ਆਪਣੇ ਹੱਥੋਂ ਅੰਮ੍ਰਿਤ ਡੁੱਲ੍ਹ ਜਾਂਦਾ ਹੈ।
ਆਪਣੀ ਅਜ਼ਬ ਸੁਰੱਖਿਆ ਹੁੰਦੀ ਹੈ ਗੁਲਾਮੀ ਦੀ ਵੀ ਯਾਰੋ,
ਪਿੰਜਰੇ ਦੇ ਨਾਲ ਮੋਹ ਹੋ ਜਾਂਦੈ, ਪੰਛੀ ਉੱਡਣਾ ਭੁੱਲ ਜਾਂਦਾ ਹੈ।
ਬਣ ਕੇ ਝੱਖੜ ਜਿਹੜੇ ਲੋਕਾਂ ਦੇ ਨੇ ਦੀਪ ਬੁਝਾਉਂਦੇ ਫਿਰਦੇ,
ਮੈਂ ਡਿੱਠਾ ਉਨ੍ਹਾਂ ਦਾ ਦੀਵਾ ਵੀ ਇੱਕ ਦਿਨ ਹੋ ਗੁੱਲ ਜਾਂਦਾ ਹੈ।
ਕਿਸੇ ਨੇ ਸਾਬਾਸ਼ੇ ਲੈਣੀ ਹੁੰਦੀ ਹੈ ਕਿਸੇ ਦਾ ਕੰਮ ਕਰਾ ਕੇ,
ਉਂਜ ਹੋਣ ਨੂੰ ਤਾਂ ਲੋਕਾਂ ਦਾ ਕੰਮ ਆਪੇ ਹੋ ਕੁੱਲ ਜਾਂਦਾ ਹੈ।
ਸ਼ੁਹਰਤ ਦਾ ਵੀ ਅਜ਼ਬ ਨਸ਼ਾ ਹੈ ਬੰਦਾ ਬਹੁਤ ਗਰੂਰਿਆ ਜਾਂਦੈ,
ਪਾਟਣ ਦੇ ਲਈ ਰਬੜ ਬੁਲਬੁਲਾ ਫੁਲਦਾ ਫੁੱਲਦਾ ਫੁੱਲ ਜਾਂਦਾ ਹੈ।
ਇਸ ਮੰਡੀ ਵਿੱਚ ਜਿਧਰ ਦੇਖੋ ਹਰ ਇੱਕ ਚੀਜ ਵਿਕਾਊ ਯਾਰੋ,
ਹੋਰ ਸੌਦਿਆਂ ਵਾਂਗੂ ਹੁਣ ਤਾਂ ਪਿਆਰ ਵੀ ਮਿਲ ਹੀ ਮੁੱਲ ਜਾਂਦਾ ਹੈ।
ਰਿਸ਼ਤੇ ਪੰਛੀਆਂ ਵਾਕੁਰ ਹੁੰਦੇ, ਬਹੁਤੇ ਘੁੱਟੋ ਮਰ ਜਾਂਦੇ ਨੇ,
ਜੇਕਰ ਖੁੱਲ੍ਹਾ ਛੱਡੋ ਤਾਂ ਫਿਰ ਹੱਥੋਂ ਉੱਡ ਬੁਲਬੁਲ ਜਾਂਦਾ ਹੈ।
ਵਾਪਸੀ ਮੁਸ਼ਕਿਲ ਹੈ ਹੁਣ ਨਿਕਲ ਚੁੱਕਿਐ ਮੈਂ ਬਜ਼ਮ 'ਚੋਂ ਤੇਰੀ,
ਢਿੱਲੋਂ ਤੇਰੀ ਅੱਖ 'ਚੋਂ ਅਥਰੂ ਜਿਵੇਂ ਅਚਾਨਕ ਡੁੱਲ੍ਹ ਜਾਂਦਾ ਹੈ।
ਬਹੁਤੇ ਲੋਕ ਤਾਂ ਦੁਨੀਆਂ ਤੋਂ ਬੇਨਾਵੇਂ ਜਾਂਦੇ ਨੇ।
ਛੇਤੀ ਹੀ ਭੁੱਲ ਉਹਨਾਂ ਦੇ ਸਿਰਨਾਵੇਂ ਜਾਂਦੇ ਨੇ।
ਜ਼ਿੰਦਗੀ ਸਮਝਣ ਲਈ ਇੱਕ ਉਮਰ ਹੈ ਲੱਗ ਜਾਂਦੀ,
ਹੌਲੀ ਹੌਲੀ ਇਹ ਅੱਖਰ ਆ ਭੁਲਾਵੇਂ ਜਾਂਦੇ ਨੇ।
ਜ਼ਿੰਦਗੀ ਨਾਲ ਕੁੱੜਤਣ ਭਰਿਆ ਰਿਸ਼ਤਾ ਰਹਿੰਦਾ ਹੈ,
ਬੇਸ਼ੱਕ ਉਪਰੋਂ ਹੋ ਸਬੰਧ ਸੁਖਾਵੇਂ ਜਾਂਦੇ ਨੇ।
ਘਰ ਦੇ ਵਿਹੜੇ ਵਿੱਚ ਲਗਾਈਂ ਰੁੱਖ ਮੁਹੱਬਤ ਦੇ,
ਆਂਢ ਗੁਆਂਢ 'ਚ ਜਿੰਨ੍ਹਾਂ ਦੇ ਪਰਛਾਵੇਂ ਜਾਂਦੇ ਨੇ।
ਵਿਛੇ ਹੀ ਰਹਿੰਦੇ ਮਨ ਵਿੱਚ ਮਰੀਆਂ ਯਾਦਾਂ ਦੇ ਸੱਥਰ,
ਮੁੱਦਛ ਬਾਦ ਹੀ ਚੁੱਕੇ ਟਾਵੇਂ ਟਾਵੇਂ ਜਾਂਦੇ ਨੇ।
ਤੇਰੀਆਂ ਮਜ਼ਬੂਰੀਆਂ, ਦੁਸ਼ਵਾਰੀਆਂ ਮੈਂ ਸਮਝਦਾਂ,
ਜੋ ਹੰਢਾਈਆਂ ਮੁਸਕਿਲਾਂ ਉਹ ਸਾਰੀਆਂ ਮੈਂ ਸਮਝਦਾਂ।
ਇਸ਼ਕ ਆਖਿਰ ਇਸ਼ਕ ਹੈ ਤੂੰ ਕੀ ਕਰੇਂ ,ਮੈਂ ਕੀ ਕਰਾਂ
ਔਕੜਾਂ ਰਾਹਾਂ ਦੀਆਂ ਬਹੁਤ ਭਾਰੀਆਂ ਮੈਂ ਸਮਝਦਾਂ।
ਪੜ ਲਏ ਚਿਹਰੇ ਬਹੁਤ ਹੁਣ ਮੈਂ ਕਿਤਾਬਾਂ ਤੋਂ ਬਿਨਾ
ਪੜ ਕੇ ਆਈਆਂ ਨੇ ਕੁਝ ਹੁਸ਼ਿਆਰੀਆਂ ਮੈਂ ਸਮਝਦਾਂ।
ਲੋਕਾਂ ਨੂੰ ਪੜ ਕੇ ਕਿੰਨੇ ਹੀ ਸਬਕ ਯਾਦ ਹੋ ਗਏ ਨੇ
ਸਭ ਨੇ ਇਹ ਪੁਸਤਕਾਂ ਵਿਚਾਰੀਆਂ ਮੈਂ ਸਮਝਦਾਂ।
ਵਕਤ ਦਿੰਦਾ ਨੀ ਇਜ਼ਾਜ਼ਤ ਇਸਤਰਾਂ ਮਿਲਣ ਦੀ
ਤੇਰੀਆਂ ਵੀ ਤਾਂ ਨੇ ਕਬੀਲਦਾਰੀਆਂ ਮੈਂ ਸਮਝਦਾਂ।
ਭਾਵਕ ਜਿਹੇ ਮਿਲਾਪ ਨੂੰ ਹਨ ਲੋਕ ਇਥੇ ਵਰਜਦੇ
ਸੱਚੀਆਂ ਵੀ ਹੋਣ ਕਿੰਨੀਆਂ ਯਾਰੀਆਂ ਮੈਂ ਸਮਝਦਾਂ।
ਇਸ ਜ਼ਮਾਨੇ 'ਚ ਕੀਹਤੋਂ ਕਰਦੇ ਹੋ ਸਹਾਰੇ ਦੀ ਆਸ
ਕੌਣ ਦਿੰਦੈ ਇਥੇ ਖੁਸ਼ੀਆਂ ਉਧਾਰੀਆਂ ਮੈਂ ਸਮਝਦਾਂ।
ਢਿੱਲੋਂ ਉਮਰ ਛੋਟੀ ਬਹੁਤ ਹੁੰਦੀ ਹੈ ਬਹਾਰ ਦੀ ਸਦਾ
ਖਿਜ਼ਾਂ ਸੰਗ ਦਿਨ ਰਾਤਾਂ ਗੁਜ਼ਾਰੀਆਂ ਮੈਂ ਸਮਝਦਾਂ।
ਮਨ ਦੇ ਵਿੱਚ ਬਰੂਦੀ ਸੁੰਰਗਾਂ ਤਾਈਂ ਨਹੀਂ ਵਿਛਾਈਦਾ।
ਭੈੜੇ ਸੰਸਕਾਰਾਂ ਤੋਂ ਖਹਿੜਾ ਜਲਦ ਤੋਂ ਜਲਦ ਛੁਡਾਈਦਾ।
ਖੁਦਗਰਜ਼ੀ ਦੇ ਇਸ ਆਲਮ 'ਚ ਗਿਣਵੇਂ ਮਿੱਤਰ ਰਹਿ ਗਏ ਨੇ,
ਉਨ•ਾਂ 'ਚੋਂ ਵੀ ਮਿਥ ਕੇ ਕਿਸੇ ਨੂੰ ਦੁਸ਼ਮਣ ਕਦੇ ਬਣਾਈਦਾ।
ਆਪਣੀ ਛੱਤ ਤੋਂ ਹੀ ਜਦ ਸਾਰੇ ਚੰਨ ਸਿਤਾਰੇ ਦਿਸਦੇ ਨੇ,
ਕਿਸੇ ਦੀ ਪੌੜੀ ਚੜ• ਕੇ ਐਵੇ ਨਹੀਂ ਅਹਿਸਾਨ ਕਰਾਈਦਾ।
ਮੇਰੇ ਮਨ 'ਚੋਂ ਮੇਰੇ ਮਹਿਰਮ ਭਾਵੇਂ ਹਿਜ਼ਰਤ ਕਰ ਗਏ ਸਨ,
ਯਾਦ ਉਨ•ਾਂ ਦੀ ਅਜੇ ਵੀ ਹੈ ਜਿਉਂ ਪੋਹ ਵਿੱਚ ਨਿੱਘ ਰਜਾਈ ਦਾ।
ਕੀ ਪਤਾ ਕੋਈ ਮਹਿਰਮ ਆ ਕੇ ਫੇਰ ਜਿਉਂਦੀਆਂ ਕਰ ਦੇਵੇ,
ਮਰ ਮੁੱਕ ਚੁੱਕੀਆਂ ਰੀਝਾਂ ਤਾਈਂ ਜਲਦੀ ਨਹੀਂ ਦਫ਼ਨਾਈਦਾ।
ਲਫਜ਼ ਗੁਲਾਮ ਹੁੰਦੇ ਨੇ ਸਾਡੇ ਲੇਕਿਨ ਬੋਲਣ ਤੋਂ ਪਹਿਲਾਂ,
ਪਰ ਬੋਲਣ ਪਿੱਛੋਂ ਅਸੀਂ ਉਨ•ਾਂ ਦੇ ਹੈ ਗੁਲਾਮ ਹੋ ਜਾਈਦਾ।
ਕਬਰਿਸਤਾਨ ਜਿਹੇ ਇਸ ਸ਼ਹਿਰ 'ਚ ਲੋਕੀ ਸਾਹ ਤਾਂ ਲੈਂਦੇ ਨੇ,
ਐਪਰ ਜਿੰਦਾ ਨਜ਼ਰ ਨਾ ਆਵੇ ਜਦ ਵੀ ਕੋਈ ਬੁਲਾਈਦਾ।
ਮੂਹੋਂ ਨਾ ਕੁਝ ਕਿਹਾ ਉਸ ਨੇ ਪਰ ਮੈਨੂੰ ਸਭ ਕੁਝ ਸੁਣਿਆ,
ਅਲਵਿਦਾ ਆਖਣ ਦਾ ਵੀ ਅੰਦਾਜ਼ ਅਜ਼ਬ ਹਰਜਾਈਦਾ।
ਕੋਮਲ ਪੱਤਿਆਂ ਦੀ ਸਰਸਰਾਹਟ ਵਰਗਾ ਹੁੰਦਾ ਹੈ ਪਿਆਰ,
ਜਿਉਂ ਫੁੱਲ ਉੱਤੇ ਸੁੱਤੀ ਤਿਤਲੀ ਨੂੰ ਤੱਕ ਕੇ ਨਸ਼ਿਆਈ ਦਾ।
ਜੋਬਨ ਰੁੱਤੇ ਮਾਣੀ ਹੋਈ ਚਹਿਚਹਾਹਟ ਭੁੱਲਦੀ ਨਹੀਂ,
ਹੋਰ ਵੀ ਚੇਤੇ ਆਵੇ ਬੁੱਲਬੁੱਲ ਜਿਉਂ ਜਿਉਂ ਉਹਨੂੰ ਭੁਲਾਈ ਦਾ।
ਅਕਸਰ ਫੇਰ ਬਹਾਰਾਂ ਦੇ ਵਿੱਚ ਮੈਂ ਹਰਿਆਈਆਂ ਤੱਕੀਆਂ ਨੇ,
ਢਿੱਲੋਂ ਖਿਜ਼ਾਂ 'ਚ ਸੁੱਕੀਆਂ ਵੇਲਾਂ ਤਾਈਂ ਨਹੀਂ ਪੁਟਾਈਦਾ।
ਲਾਈ ਲੱਗਾਂ ਨਾਲ ਬੇਵਜ੍ਹਾ ਨਹੀਂ ਸੰਵਾਦ ਰਚਾਈਦਾ।
ਜਦ ਵੀ ਵਿਹਲ ਮਿਲੇ ਬੱਸ ਮਨ ਤਾਈਂ ਸਮਝਾਈਦਾ।
ਆਪਣੇ ਦਿਲ ਆਲ•ਣੇ ਦੇ ਵਿੱਚ ਮੈਂ ਕੁਝ ਬੋਟ ਵੀ ਪਾਲੇ ਸਨ,
ਉੱਡਣ ਦਾ ਵੱਲ ਸਿਖਦੇ ਹੀ ਉਹ ਦੇ ਗਏ ਸੱਲ ਜੁਦਾਈਦਾ।
ਆਪਣੀ ਛੱਤ ਤੋਂ ਹੀ ਜਦ ਸਾਨੂੰ ਚੰਨ ਸਿਤਾਰੇ ਦਿਸਦੇ ਨੇ,
ਕਿਸੇ ਦੀ ਪੌੜੀ ਚੜ• ਕੇ ਐਵੇ ਨਹੀਂ ਅਹਿਸਾਨ ਕਰਾਈਦਾ।
ਸਾਲਾਂ ਬੱਧੀ 'ਕੱਠਿਆਂ ਰਹਿ ਕੇ ਵੀ ਮਨ ਵੱਖਰਾ ਰਹਿੰਦਾ ਹੈ,
ਕੁਝ ਚਿਹਰਿਆਂ ਦੇ ਪਰ ਪਲ ਵਿੱਚ ਹੈ ਗੁਲਾਮ ਹੋ ਜਾਈਦਾ।
ਸ਼ੁਹਰਤ, ਪੈਸੇ ਦੀ ਹਵਸ ਦਾ ਵੀ ਕੋਈ ਕਿਨਾਰਾ ਨਹੀਂ ਹੁੰਦਾ,
ਐ ਤੈਰਾਕੋ! ਇਨ੍ਹਾਂ ਦਰਿਆਵਾਂ ਵਿੱਚ ਡੁੱਬ ਹੀ ਜਾਈਦਾ।
ਕਹਿੰਦੇ ਗੀਤਾ ਵਿੱਚ ਲਿਖਿਆ ਹੈ ਕਿਰਤ ਕਰੋ ਫਲ ਮੰਗੋ ਨਾ,
ਕਿਰਤ ਦੀ ਲੁੱਟ ਕਰਨ ਲਈ ਵਿਹਲੜਾਂ ਵੱਲੋਂ ਜ਼ਾਲ ਵਿਛਾਈਦਾ।
ਭਾਣਾ ਮੰਨਣ ਦਾ ਉਪਦੇਸ਼ ਹੈ, ਦੁੱਖ, ਗਰੀਬੀ ਸਾਡੇ ਲਈ,
ਲਾਈ ਲੱਗ ਅਸੀਂ ਹਾਂ ਜੋ ਵੀ ਕਹਿੰਦੇ ਨੇ ਮੰਨ ਜਾਈਦਾ।
ਕੂੜ ਅਮਾਵਸ ਦੇ ਹਨੇਰਾ ਤਾਈਂ ਦੂਰ ਭਜਾਵਣ ਲਈ,
ਢਿੱਲੋਂ ਆਪਣੇ ਮਸਤਿਕ ਅੰਦਰ ਗਿਆਨ ਦਾ ਦੀਪ ਜਗਾਈਦਾ।
ਆਪਣੀ ਕਲਮ 'ਚੋਂ ਸਦਾ ਹੀ ਗੱਲ ਸਿਆਣੀ ਲਿਖਣਾ,
ਦੁੱਧ ਨੂੰ ਦੁੱਧ 'ਤੇ ਪਾਣੀ ਤਾਈਂ ਪਾਣੀ ਲਿਖਣਾ।
ਪੈਸੇ ਦੀ ਹੈਂਕੜ ਵਿੱਚ ਜਿਹੜੇ ਬੁੱਢੇ ਹੋ ਗਏ ਜਲਦੀ
ਏਦਾਂ ਦੇ ਵੀ ਸੀ ਕੁਝ ਮੇਰੇ ਹਾਣੀ ਲਿਖਣਾ।
ਜਿਹੋ ਜਿਹੀ ਪਰਜਾ ਰਾਜਾ ਓਦਾਂ ਦਾ ਹੀ ਹੋਊ,
ਇਸ ਪਰਜਾ ਨੂੰ ਲਾਈਲੱਗ ਅਣਜਾਣੀ ਲਿਖਣਾ।
ਪੁਰੋਹਿਤ, ਵਜ਼ੀਰ, ਵਪਾਰੀ, ਨੇਤਾ ਅਫਸਰਸ਼ਾਹੀ
ਇਹਨਾਂ ਨੂੰ ਜੋਕਾਂ, ਗਿਰਝਾਂ ਦੀ ਢਾਣੀ ਲਿਖਣਾ।
ਲੱਟ-ਲੱਟ ਮਚਦੇ ਸ਼ਹਿਰ ਜਦੋਂ ਹੱਸਦੀ ਹੈ ਦਿੱਲੀ,
ਇਸ ਦਿੱਲੀ ਨੂੰ ਪੁੱਤਰਾਂ ਤਾਈਂ ਖਾਣੀ ਲਿਖਣਾ।
ਗੋਲੀ ਚੱਲਦੀ ਰਹਿਣੀ ਤੇ ਬਾਰੂਦ ਨੇ ਮਚਣੈ,
ਜਿੰਨਾਂ ਚਿਰ ਧਰਤੀ 'ਤੇ ਹੈ ਵੰਡ ਕਾਣੀ ਲਿਖਣਾ।
ਧਰਤੀ ਤਾਈਂ ਨਰਕ ਬਣਾਉਣ ਤੇ ਤੁਲਿਆ ਜਿਹੜਾ
ਇਸ ਬੰਦੇ ਨੂੰ ਇੱਕ ਨਾਸਮਝ ਪ੍ਰਾਣੀ ਲਿਖਣਾ।
ਜਿਸ ਮੌਸਮ ਵਿੱਚ ਦਿਲ ਝੱਲਾ, ਗੁੰਮਸੁੰਮ ਰਹਿੰਦਾ ਸੀ,
ਉਹ ਰੁੱਤ ਵੀ ਆਈ ਸੀ ਇੱਕ ਮਰ ਜਾਣੀ ਲਿਖਣਾ।
ਗ਼ਜ਼ਲ ਮਾਸ਼ੂਕ ਦੇ ਜਲਵਿਆਂ ਤੋਂ ਵਾਕਫ਼ ਹੋ ਚੁੱਕੀ,
ਇਸ ਵਿੱਚ ਹੁਣ ਬੇਵਾ ਦੀ ਦਰਦ ਕਹਾਣੀ ਲਿਖਣਾ।
ਅਮਰਜੀਤ ਢਿੱਲੋਂ ਨੇ ਗੁਰਬਤ ਬਹੁਤ ਹੰਢਾਈ,
ਫਿਰ ਵੀ ਉਸਨੇ ਜ਼ਿੰਦਗੀ ਰੱਜ ਕੇ ਮਾਣੀ ਲਿਖਣਾ।
ਨਦੀਆਂ 'ਚੋਂ ਪਾਣੀ ਸਾਗਰ ਦੇ ਵਿੱਚ ਆਇਆ ਤੇ ਫਿਰ ਉੱਡ ਗਿਆ
ਬਰਫ ਵੀ ਬਣਿਆ, ਧੁੱਪ ਨੇ ਪਿਘਲਾਇਆ ਤੇ ਫਿਰ ਉੱਡ ਗਿਆ।
ਸਾਰਾ ਦਿਨ ਹੀ ਮੇਰਾ ਪਰਛਾਵਾਂ ਮੇਰੇ ਨਾਲ ਰਿਹਾ,
ਜਦ ਸੂਰਜ ਡੁੱਬਿਆ ਤਾਂ ਉਹ ਘਬਰਾਇਆ ਤੇ ਫਿਰ ਉੱਡ ਗਿਆ।
ਮਾਨਵ ਦੀ ਫਿਤਰਤ ਹੈ ਮੁੱਖ ਤੋਂ ਲਾਵੇ ਉੱਚੇ ਉੱਚੇ ਢੇਰ,
ਸਾਰੀ ਉਮਰ ਕਰੀ ਇਸ 'ਕੱਠੀ ਮਾਇਆ ਤੇ ਫਿਰ ਉੱਡ ਗਿਆ।
ਮੋਹ ਦੇ ਰਿਸ਼ਤੇ ਗ਼ਰਜ਼ਾਂ ਹੇਠਾਂ ਦੱਬ ਗਏ ਕਿਉਂ ਐ ਮੇਰੇ ਦਿਲ,
ਨੀਰ ਮੇਰੇ ਨੈਣਾਂ ਵਿੱਚ ਇੱਕ ਪਲ ਆਇਆ ਤੇ ਫਿਰ ਉੱਡ ਗਿਆ।
ਬੱਚਿਆਂ ਵਰਗਾ ਨਿਰਛਲ ਹਾਸਾ, ਦੇਖਣ ਲਈ ਹੈ ਮਨ ਪਿਆਸਾ,
ਇਸ ਤਰ੍ਹਾਂ ਦਾ ਬੰਦਾ ਜੇ ਕਦੇ ਥਿਆਇਆ ਤੇ ਫਿਰ ਉੱਡ ਗਿਆ।
ਜੱਗ ਰਚਨਾ ਇਹ ਸੱਚ ਹੈ ਕਿਧਰੇ ਹੋਰ ਨਹੀਂ ਦੁਨੀਆਂ ਕੋਈ,
ਘੁੱਗੀਆਂ ਦੇ ਜੋੜੇ ਨੇ ਇਹ ਸਮਝਾਇਆ ਤੇ ਫਿਰ ਉੱਡ ਗਿਆ।
ਜਦੋਂ ਪਰਿੰਦੇ ਨੂੰ ਮੈਂ ਪੁੱਛਿਆ ਕਿ ਆਖਿਰ ਕੀ ਹੈ ਇਹ ਜੀਵਨ,
ਰੁੱਖ 'ਤੇ ਬੈਠਾ ਉਹ ਚਹਿਚਹਾਇਆ ਤੇ ਫਿਰ ਉੱਡ ਗਿਆ।
ਬੱਸ ਥੋੜ੍ਹਾ ਚਿਰ ਹੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਲਾ ਕੇ ਸਾਰਾ ਜੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਬਰਸੇ ਬਿਨਾਂ ਹੀ ਗੁਜ਼ਰ ਗਈ ਜੋ ਮੇਰੇ ਘਰ 'ਤੋਂ
ਐ ਘਟਾ ਘਣਘੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਨਿਗਲ ਗਈ ਜੋ ਰਿਸ਼ਤੇ ਮੋਹ ਮੁਹੱਬਤ ਵਾਲੇ,
ਐ ਰੁੱਤ ਆਦਮਖੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਤੂੰ ਨਹੀਂ ਸੀ ਜਿਸਨੂੰ ਮੈਂ ਮੁਹੱਬਤ ਕੀਤੀ,
ਉਹ ਕੋਈ ਸਖਸ਼ ਸੀ ਹੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਮੈਂ ਸਾਂ ਖੁੱਲ੍ਹੀ ਪੁਸਤਕ ਪਰ ਤੇਰੇ ਮਨ ਅੰਦਰ
ਹਰ ਵੇਲੇ ਸੀ ਚੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਜ਼ਿੰਦਗੀ ਦੀ ਪਹਿਚਾਣ ਨਹੀਂ ਸੀ ਜਿਸ ਮਹਿਫ਼ਿਲ 'ਚ
ਅਹਾਤੇ ਦੇ ਐ ਸ਼ੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਬੋਅਕਾਟੇ ਵਿੱਚ ਜਿਸਨੇ ਮੇਰਾ ਸਾਥ ਨਾ ਦਿੱਤਾ
ਐ ਰੇਸ਼ਮ ਦੀ ਡੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਜਿਸ ਵਿੱਚ ਸਹੀ ਸਲਾਮਤ ਰਹੀ ਨਾ ਮੇਰੀ ਸੱਸੀ
ਲੁੱਟੇ ਸ਼ਹਿਰ ਭੰਬੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਮੇਰੇ ਜੋਬਨ ਦੀਆਂ ਖਾ ਗਈ ਤੂੰ ਰੰਗਲੀਆਂ ਰਾਤਾਂ,
ਝੂਠੀ ਮੈਅ ਦੀ ਲੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਢਿੱਲੋਂ ਉੱਡੀ ਚੱਲ ਹਵਾ ਵਿੱਚ ਹੋਰ ਉਚੇਚੇ
ਬੱਸ ਹੈ ਅੱਖ ਦਾ ਫੋਰ ਮੈਂ ਤੈਨੂੰ ਭੁੱਲ ਜਾਵਾਂਗਾ।
ਆਪਣੇ ਅੰਦਰ ਇਹ ਸਾਰਾ ਬ੍ਰਹਿਮੰਡ ਸਮਾਇਆ ਹੋਇਆ ਹੈ।
ਅੰਦਰ ਝਾਕਣ ਤੋਂ ਹੀ ਐਵੇਂ ਚਿੱਤ ਚੁਰਾਇਆ ਹੋਇਆ ਹੈ।
ਇੱਕ ਭਟਕਣ ਹੈ ਜੋ ਹਮੇਸ਼ਾ ਭੱਜਦੀ ਹੈ ਬਾਹਰ ਵੱਲ ਨੂੰ
ਇਸ ਭਟਕਣ ਨੇ ਹੀ ਇਹ ਸਾਰਾ ਜੱਗ ਭਰਮਾਇਆ ਹੋਇਆ ਹੈ।
ਮਨ ਅੰਦਰ, ਤਨ ਵੇਸ ਕਲੰਦਰ, ਸਭ ਕੁਝ ਘਰ ਦੇ ਅੰਦਰ ਹੈ
ਆਪਾਂ ਐਵੇਂ ਮੱਥੇ ਵਿਚਲਾ ਦੀਪ ਬੁਝਾਇਆ ਹੋਇਆ ਹੈ।
ਇਹ ਬੇਚਿਹਰਾ, ਅੰਨ੍ਹੀ ਭੀੜ ਦਾ ਦਰਿਆ ਵਗੇ ਚੁਫੇਰੇ ਜੋ
ਸਭ ਨੇ ਖੁਦ ਨੂੰ ਅਣਦਿਸਦੇ ਪਿੰਜਰੇ 'ਚ ਪਾਇਆ ਹੋਇਆ ਹੈ।
ਇਹ ਯੁੱਗ ਬੋਲਣ ਦਾ ਹੈ ਹਰ ਕੋਈ ਬੋਲੇ ਖੂਬ ਆਜ਼ਾਦੀ ਨਾਲ
ਵਿਹਲਾ ਕੋਈ ਗੁਲਾਮ, ਖਾਮੋਸ਼ੀ ਨੂੰ ਪਰਣਾਇਆ ਹੋਇਆ ਹੈ।
ਮੇਰੇ ਅੰਦਰਲਾ ਉਪਦੇਸ਼ਕ ਕਰੇ ਬਗਾਵਤ ਵਾਰੰਵਾਰ
ਬਣ ਕੇ ਰਹਿ ਸਰੋਤਾ ਮੈਂ ਉਸ ਨੂੰ ਸਮਝਾਇਆ ਹੋਇਆ ਹੈ।
ਢਿੱਲੋਂ ਲਿਖ ਕੇ ਹਟਦਾ ਹਾਂ ਮੈਂ ਜਦ ਵੀ ਕੋਈ ਗੀਤ ਨਵਾਂ
ਫਿਰ ਲਗਦੈ ਕਿ ਇਹ ਤਾਂ ਪਹਿਲਾਂ ਦਾ ਹੀ ਗਾਇਆ ਹੋਇਆ ਹੈ।
ਕਾਲਖ ਭਰੇ ਦੁਧੀਆ ਦਿਨ ਦੀ ਚਮਕ ਦਮਕ ਹੈ ਮਾਰ ਰਹੀ।
ਚੱਲ ਢਿੱਲੋਂ ਹੁਣ ਤੈਨੂੰ ਤੇਰੀ ਉਜੜੀ ਰਾਤ ਪੁਕਾਰ ਰਹੀ।
ਤੇਰੀ ਜ਼ਿੰਦਗੀ ਦੀ ਖੁਸ਼ਬੂ ਹੁਣ ਸੇਵਾ ਮੁਕਤੀ ਚਾਹੁੰਦੀ ਹੈ
ਏਸ ਚਮਨ ਵਿੱਚ ਅਹਿਸਾਸਾਂ ਦੀ ਚਿਰ ਤੋਂ ਨਹੀਂ ਬਹਾਰ ਰਹੀ।
ਅੱਜ-ਕੱਲ੍ਹ ਵੀ ਅਖੌਤੀ ਯਾਰਾਂ ਦੀਆਂ ਮਜ਼ਲਿਸਾਂ ਸਜਦੀਆਂ ਨੇ,
ਤਨਹਾਈ ਹੀ ਹਰ ਮਹਿਫ਼ਿਲ ਦਾ ਦੇਖੀ ਮੈਂ ਸ਼ਿੰਗਾਰ ਰਹੀ।
ਇਕ ਦੂਜੇ ਦੇ ਸਾਹਵੇਂ ਬਹਿ ਵੀ ਆਪਣੇ ਆਪ ਤੋਂ ਦੂਰ ਨੇ ਲੋਕ
ਆਪਣੇ ਫੋਨ 'ਤੇ ਅੱਡ ਅੱਡ ਸਭ ਦੀ ਹੈ ਹੁੰਦੀ ਤਕਰਾਰ ਰਹੀ।
ਮੈਂ ਅਨੰਤ ਯਾਤਰਾ ਆਪਣੇ ਖੁਦ ਤੱਕ ਸੀਮਿਤ ਕਰ ਲਈ ਹੈ
ਅੱਜ ਕੱਲ੍ਹ ਮੈਨੂੰ ਇਸ ਦੁਨੀਆਂ ਦੀ ਕੋਈ ਖਬਰ ਨਾ ਸਾਰ ਰਹੀ।
ਭਟਕਣ ਦਾ ਅਥਾਹ ਸਾਗਰ ਜੋ ਕਦੇ ਸਮਾਪਤ ਹੁੰਦਾ ਨਹੀਂ
ਲੰਮੀ ਦੂਰੀ ਹਰ ਬੰਦੇ ਦੇ ਆਪਣੇ ਹੀ ਵਿਚਕਾਰ ਰਹੀ।
ਕਾਲਖ ਭਰੇ ਦੂਧੀਆ ਦਿਨ ਦੀ ਚਮਕ ਦਮਕ ਹੋ ਮਾਰ ਰਹੀ।
ਚੱਲ ਢਿੱਲੋਂ ਹੁਣ ਤੈਨੂੰ ਤੇਰੀ ਉਜੜੀ ਰਾਤ ਪੁਕਾਰ ਰਹੀ।
ਐ ਸੱਪ ਮੇਰੇ ਕੋਲ ਆ ਮੈਂ ਤੈਨੂੰ ਡੱਸਣਾ ਚਾਹੁੰਨੈ।
ਬੰਦੇ ਦਾ ਡੰਗ ਕੀ ਹੁੰਦੈ, ਮੈਂ ਤੈਨੂੰ ਦੱਸਣਾ ਚਾਹੁੰਨੈ।
ਉਹ ਮੈਨੂੰ ਘੂਰਦੇ ਨੇ ਮੈਂ ਉਨ੍ਹਾਂ ਤੋਂ ਵੱਖਰਾ ਕਿਉਂ ਹਾਂ,
ਮੈਂ ਸਭ ਨੂੰ ਦੇਖ ਕੇ ਇੱਕੋ ਜਿਹੇ ਹੀ ਹੱਸਣਾ ਚਾਹੁੰਨੈ।
ਸਾਰੇ ਰਾਹਾਂ ਵਿੱਚ ਗ਼ਮ ਹੀ ਗ਼ਮ ਦਿੱਸਦੇ ਖੜ੍ਹੇ ਮੈਨੂੰ,
ਮੈਂ ਜਦ ਵੀ ਆਪਣੇ ਗ਼ਮਾਂ ਤੋਂ ਦੂਰ ਨੱਸਣਾ ਚਾਹੁੰਨੈ।
ਮੈਂ ਅੱਜ ਤੱਕ ਕਿਸੇ ਬਸ਼ਰ ਦਾ ਮੌਜੂ ਉਡਾਇਆ ਨਹੀਂ
ਫਿਕਰੇ ਹੁਣ ਵਿਅੰਗ ਦੇ ਖੁਦ ਉੱਪਰ ਕਸਣਾ ਚਾਹੁੰਨੈ।
ਮੇਰੇ ਮਹਿਬੂਬ ਜੇ ਤੂੰ ਔੜਾਂ ਮਾਰੀ ਧਰਤੀ ਏਂ ਹਾਂ ਫਿਰ,
ਮੈਂ ਬਣ ਬੱਦਲ ਸਮੁੱਚਾ ਤੇਰੇ 'ਤੇ ਹੀ ਵਸਣਾ ਚਾਹੁੰਨੈ।
ਢਿੱਲੋਂ ਪੱਤਝੜਾਂ ਵਿੱਚ ਸਾਥ ਛੱਡ ਗਏ ਸਭ ਪੰਖੇਰੂ ਤਾਂ,
ਮੈਂ ਤਨਹਾ ਰੁੱਖ ਆਪਣੀ ਜਮੀਂ ਵਿੱਚ ਧੱਸਣਾ ਚਾਹੁੰਨੈ।
ਆਪਣੇ ਬੀਤੇ ਰਿਸ਼ਤਿਆਂ ਨੂੰ ਜਦ ਹੇਟ ਕਰਾਂਗੇ।
ਹੱਥ ਜੋੜਕੇ ਸ਼ਰਧਾ ਦੇ ਫੁੱਲ ਭੇਟ ਕਰਾਂਗੇ।
ਜਿਸ ਵਿਚ ਨਾ ਹੋਏ ਭੋਰਾ ਪਿਆਰ ਮਲੰਮਾ
ਏਦਾਂ ਦੀ ਇਕ ਨਫ਼ਰਤ ਹੁਣ ਕਰੀਏਟ ਕਰਾਂਗੇ।
ਜਿੰਨਾਂ ਚਿਰ ਤੂੰ ਅਤੇ ਮੈਂ ਇਕਸੁਰ ਨਹੀਂ ਹੁੰਦੇ
ਉਨਾਂ ਚਿਰ ਆਪਾਂ ਇਹ ਜਸ਼ਨ ਵੀ ਲੇਟ ਕਰਾਂਗੇ।
ਬਣੂ ਕੁੜੱਤਣ ਜਦੋਂ ਮੀਸਣਾ ਹਾਸਾ ਤੇਰਾ ਇਹ
ਉਦੋਂ ਤਕ ਦੋਸਤਾ ! ਅਸੀਂ ਵੀ ਵੇਟ ਕਰਾਂਗੇ।
ਹੋਂਦ ਦੇ ਬੀ 'ਚੋਂ ਸੱਚ ਦਾ ਰੁੱਖ ਉਗਾਵਣ ਦੇ ਲਈ
ਆਪਣੀ ਹਸਤੀ ਤਾਈਂ ਮਲੀਆਮੇਟ ਕਰਾਂਗੇ।
ਦੁਨੀਆਂ ਦੀ ਇਸ ਮੰਡੀ ਵਿਚ ਖੁਦ ਨੂੰ ਵੇਚਣ ਲਈ
ਆਪਾਂ ਵੀ ਆਪਣੇ ਹੁਣ ਉਚੇ ਰੇਟ ਕਰਾਂਗੇ।
ਜਿੰਨਾ ਚਿਰ ਤੂੰ ਤੇ ਮੈਂ ਇੱਕ ਸੁਰ ਨਹੀਂ ਹੁੰਦੇ
ਢਿੱਲੋਂ ਉਦੋਂ ਤੱਕ ਜਸ਼ਨਾਂ ਨੂੰ ਲੇਟ ਕਰਾਂਗੇ।
ਬੁੱਢੇ ਰੁੱਖ ਕਾਹਤੋਂ ਸਮੇਂ 'ਤੇ ਝੁਰ ਰਹੇ ਨੇ।
ਬੀਜ ਪੌਦੇ ਬਣਨ ਲਈ ਜਦ ਤੁਰ ਰਹੇ ਨੇ।
ਦਰਿਆ ਤਾਂ ਇਹ ਏਦਾਂ ਹੀ ਰਹਿਣੇ ਉਛਲਦੇ,
ਭਾਵੇਂ ਇਨ੍ਹਾਂ ਦੇ ਕਿਨਾਰੇ ਖੁਰ ਰਹੇ ਨੇ।
ਇਨ੍ਹਾਂ ਦੇ ਪੁੱਤਰ ਡੰਗੋਰੀ ਬਣ ਗਏ ਜੋ
ਬੁੱਢੇ ਵਾਰੇ ਵੀ ਇਹ ਸਿੱਧੇ ਤੁਰ ਰਹੇ ਨੇ।
ਕਦੀ ਕਿਨਾਰਿਆਂ ਦੇ ਵਾਂਗ ਵਿਚਰੇ ਆਪਾਂ
ਨਾ ਮਿਲੇ ਜੋ ਪਰ ਸਦਾ ਇੱਕ ਸੁਰ ਰਹੇ ਨੇ।
ਬਿਰਖ ਵਾਂਗੂ ਢਿੱਲੋਂ ਤੂੰ ਵਧਦਾ ਰਿਹਾ ਹੈ,
ਵਰ੍ਹੇ ਸੁੱਕੇ ਪੱਤਿਆ ਵਾਂਗੂ ਭੁਰ ਰਹੇ ਨੇ।
ਹੁਣ ਸਮੁੰਦਰੋਂ ਡੂੰਘੇ ਰਹੇ ਨਾ ਇਹ ਸਾਡੇ ਦਿਲ ਦਰਿਆ।
ਅੱਜ ਵਿਗਿਆਨ ਇਹਨਾਂ ਦੇ ਸਾਰੇ ਭੇਤ ਹੈ ਜਾਣ ਗਿਆ।
ਕਾਹਤੋਂ ਘੋਰ ਉਦਾਸੀ ਹੁੰਦੀ ਅਤੇ ਖੁਸ਼ੀ ਹੁੰਦੀ ਹੈ ਕਿਉਂ
ਇਹ ਮਨ ਦੇ ਰਸਾਇਣਕ ਰਸਾਂ ਦੇ ਰਿਸਣ ਦੀ ਹੈ ਕ੍ਰਿਆ,
ਮਨ ਦੇ ਰੋਗੀ ਚੇਲੇ ਤਾਈਂ ਕਹਿਣ ਸਿਆਣਾ ਲੋਕ ਪਰ
ਅਜਿਹੇ ਠੱਗ ਨੂੰ ਮੈਂ ਕਹਿੰਦਾ ਹਾਂ ਸ਼ਾਤਿਰ ਸਿਰਫਿਰਿਆ।
ਜੰਮਣਸਾਰ ਹੀ ਉਨ•ਾਂ ਤੋਂ ਕਰਦੇ ਆਸ ਕਮਾਈ ਦੀ
ਅੱਜ ਕੱਲ• ਮਾਪੇ ਬੱਚਿਆਂ ਤਾਈਂ ਰਹੇ ਮਸ਼ੀਨ ਬਣਾ।
ਅੱਜ ਦੇ ਵਿਦਿਆ ਮੰਦਰ ਸਾਰੇ ਸਨਅਤ ਬਣਗੇ ਨੇ
ਏਥੇ ਬਣਦੇ ਡਾਕਟਰ ਜਾਂ ਇੰਜਨੀਅਰ ਦਾ ਪੁਰਜ਼ਾ।
ਜਿਹੜੀ ਸਿੱਖਿਆ ਸਾਨੂੰ ਸਿਰਫ ਮਨੁੱਖ ਬਣਾਉਂਦੀ ਸੀ,
ਮੁੱਦਤ ਹੋਗੀ ਉਹ ਸਿੱਖਿਆ ਤਾਂ ਆਏ ਅਸੀਂ ਗੰਵਾ।
ਹੁਣ ਨਾ ਕੋਈ ਭਗਤ ਪੂਰਨ, ਨਾ ਭਗਤ ਸਿੰਘ ਜੰਮੇ
ਲੋਕ ਪਨੀਰੀ ਡਾਲਰ, ਪੌਂਡਾਂ ਦੀ ਇੱਥੇ ਰਹੇ ਨੇ ਲਗਾ।
ਆਪਣੇ ਸੰਗ ਸੰਵਾਦ
1-ਗ਼ਜ਼ਲ – ਅਮਰਜੀਤ ਢਿਲੋਂ
ਆਪਣੇ ਸੰਗ ਹੀ ਸੰਵਾਦ ਰਚਾਈਏ ਚੰਗਾ ਹੈ।
ਦੁਨੀਆਂ ਤਾਈਂ ਭੁੱਲ ਹੀ ਜਾਈਏ ਚੰਗਾ ਹੈ।
ਆਵਾਰਗੀ ਸਦਾ ਹੀ ਸਾਥ ਨਿਭਾਉਣਾ ਨਹੀਂ
ਚੱਲ ਵਾਪਸ ਘਰ ਮੁੜ ਹੀ ਜਾਈਏ ਚੰਗਾ ਹੈ।
ਕਿਉਂ ਗਲਾਧੜੀਆਂ ਨੂੰ ਲਭਦੇ ਫਿਰਦੇ ਹਾਂ
ਖੁਦ ਗੱਲਾਂ ਕਰ ਮਨ ਪਰਚਾਈਏ ਚੰਗਾ ਹੈ।
ਫੇਰ ਵਿਛੋੜੇ ਦਾ ਸੱਲ ਝੱਲਿਆ ਜਾਣਾ ਨੀ
ਆ ਪਹਿਲਾਂ ਹੀ ਵਿਛੜ ਜਾਈਏ ਚੰਗਾ ਹੈ।
ਕੁਝ ਪਲ ਜਿਹੜੀ ਜੰਨਤ ਰੱਜ ਕੇ ਮਾਣੀ ਏ
ਕਰ ਕਰ ਯਾਦ ਉਹੀ ਨਸ਼ਿਆਈਏ ਚੰਗਾ ਹੈ।
ਡੂੰਘੇ ਸਮੁੰਦਰ ਇਸ਼ਕ ਤਰਨੇ ਔਖੇ ਨੇ ਬੜੇ
ਮਾਰੂਥਲ ਦੀ ਹੀ ਜੂਨ ਹੰਢਾਈਏ ਚੰਗਾ ਹੈ।
ਆ ਪਰਿੰਦਿਆਂ ਤਾਈਂ ਪਾਣੀ ਰੱਖ ਦੇਈਏ
ਚਿੜੀਆਂ ਤਾਈਂ ਚੋਗਾ ਪਾਈਏ ਚੰਗਾ ਹੈ।
ਜੋ ਫੁੱਲ ਬੂਟੇ ਲਾਏ ਨੇ ਆਪਣੇ ਘਰ ਆਪਾਂ
ਦੇਖ ਉਹਨਾਂ ਤਾਈਂ ਮੁਸਕਰਾਈਏ ਚੰਗਾ ਹੈ।
ਦੇਖ ਲਈ ਦੁਨੀਆਂ, ਬਹੁਤ ਹੀ ਹੱਸ ਲਿਆ
ਢਿੱਲੋਂ ਗ਼ਮ ਹੁਣ ਯਾਰ ਬਣਾਈਏ ਚੰਗਾ ਹੈ।
ਵੀਰਾਨੀ ਦਾ ਗਹਿਣਾ ਹੋਇਆ ਚਿਹਰਿਆਂ ਦਾ ਸ਼ਿੰਗਾਰ ।
ਪੱਤਝੜ ਵਰਗੇ ਬਣਦੇ ਜਾਂਦੇ ਮਹਿਰਮ ਸਭ ਦਿਲਦਾਰ।
ਸੁੱਕੇ ਪੱਤਿਆਂ ਉਤੇ ਉਸਰੇ ਮਹਿਲ ਨੇ ਕੱਕੇ ਰੇਤੇ ਦੇ
ਕੌਣ ਕਹੇਗਾ ਕਿ ਇਥੇ ਵੀ ਆਈ ਹੋਊ ਕਦੇ ਬਹਾਰ।
ਸਾਰੀ ਰਾਤ ਖਿਆਲਾਂ ਵਿਚ ਇਕ ਚੰਦ ਬਣਾਵਾਂ ਰੋਜ
ਚਾਹ ਦੇ ਕੱਪ 'ਚ ਡੁੱਬ ਜਾਂਦਾ ਹੈ ਤੜਕੇ ਉਠਣਸਾਰ।
ਚਿਹਰਿਆਂ ਦੀ ਰੌਣਕ ਨੂੰ ਖਾ ਲਿਆ ਦੈਂਤ ਵਕਤ ਦੇ
ਮੋਹ ਦੀਆਂ ਰੇਖਾਵਾਂ 'ਤੇ ਹੈ ਉਕਰ ਗਿਆ ਰੁਜ਼ਗਾਰ।
ਘੋਰ ਉਦਾਸੀ ਦਾ ਅੰਨ•ਾ ਖੂਹ ਪਾਸ ਹੀ ਰਹੇ ਹਮੇਸ਼
ਇੰਜ ਕਿਉਂ ਉਜੜਦੈ ਅੜਿਆ ਸਧਰਾਂ ਦਾ ਸੰਸਾਰ।
ਫਿਰ ਪੱਥਰ ਮੁਸਕਰਾਵਣ ਲੱਗਣ ਇਹਨਾਂ ਖੰਡਰਾਂ ਦੇ
ਜੇ ਤੂੰ ਮੇਰੇ ਮਨ ਵਿਚ ਝਾਤੀ ਪਾ ਜਾਵੇਂ ਇਕ ਵਾਰ।
ਕਿੰਨੀ ਜਲਦੀ ਖਤਮ ਹੋ ਗਈ ਛਿੰਜ ਹਸਰਤਾਂ ਦੀ
ਚਹਿਚਹਾਉਂਦੇ ਦਿਲ ਦੇ ਬਾਗੀਂ ਉਡਦੀ ਧੂੜ ਗੁਬਾਰ।
ਅੱਜ ਕੱਲ• ਮੈਅਕਸ਼ ਐਵੇਂ ਦਿਲ ਨੂੰ ਧੋਖਾ ਦਿੰਦੇ ਨੇ
ਦਿਲ 'ਚ ਮਸਤੀ ਆਉਂਦੀ ਨਾ ਹੀ ਨੈਣਾਂ ਵਿਚ ਖ਼ੁਮਾਰ।
ਆਪਣਾ ਆਪ ਲੁਟਾ ਕੇ ਹੋਕਾ ਦਿੰਦੇ ਅਕਸਰ ਲੋਕ
ਐਵੇਂ ਨਹੀਂ ਹਾਂ ਅਸੀਂ ਵੀ ਡਿੱਠਾ ਇਹ ਸਾਰਾ ਸੰਸਾਰ।
ਫਿਰ ਅਰਮਾਨਾਂ ਦੇ ਮੇਲੇ ਵਿਚ ਤਕੀਏ ਆਪਣਾ ਆਪ
ਕੀ ਪਤਾ ਕਦ ਵਿਧਵਾ ਹੋਸੀ ਇਹ ਦੇਹੀ ਦੀ ਮੁਟਿਆਰ।
'ਜੀ ਆਇਆਂ ਨੂੰ' ਕਿੱਥੋਂ ਲੱਭਦੈਂ, ਬੰਦ ਦਿਲਾਂ ਦੇ ਬੂਹੇ।
'ਆਓ ਭਗਤ' ਗਵਾਚੀ ਸੱਜਣਾ ਕਿਸੇ ਪੁਰਾਣੇ ਖੂਹੇ।
ਜਿਸ ਗੁਲਮੋਹਰ ਹੇਠ ਬਹਿ ਸੀ, ਪਿਆਰ ਸੰਵਾਦ ਰਚਾਏ
ਓਸ ਪਿਆਰੇ ਰੁੱਖ ਦੇ ਫੁੱਲ ਅੱਜ ਗਰਮ ਹਵਾਵਾਂ ਲੂਹੇ।
ਸੱਜਣ ਦੀ ਰਾਹ ਤੱਕ ਤਕ ਤਕ ਥੱਕ ਚੁੱਕੀਆਂ ਨੇ ਅੱਖਾਂ
ਉਹ ਨਿਰਮੋਹੀ ਮੁੜ ਨਾ ਆਏ ਮੇਰੇ ਪਿੰਡ ਦੀ ਜੂਹੇ।
ਤੈਨੂੰ ਤਾਂ ਮੈਂ ਭੁੱਲ ਨਾ ਸਕਿਆ ਪਰ ਤੂੰ ਭੁੱਲਿਆ ਮੈਨੂੰ
ਮੇਰੇ ਦਿਲਬਰ, ਮੇਰੇ ਹਮਦਮ, ਮੇਰੀ ਪਿਆਰੀ ਰੂਹੇ।
ਆਪਣੇ ਪਿਆਰ ਦੀ ਪੁਸਤਕ ਮੈਂ ਸਾਂਭ ਸਾਂਭ ਕੇ ਰੱਖੀ
ਫਿਰ ਵੀ ਟੁੱਕ'ਗੇ ਯਾਰੋ ਉਸ ਨੂੰ ਚੰਦਰੇ ਗ਼ਮ ਦੇ ਚੂਹੇ।
ਮੁੱਦਤ ਤੋਂ ਇਸ ਦੇਸ਼ ਦੇ ਰਹਿਬਰ ਲੰਮੀ ਤਾਣ ਕੇ ਸੁੱਤੇ
ਕਾਫਲਿਆਂ ਨੂੰ ਲੁੱਟਣ ਦੇ ਨਿੱਤ ਹੋਈ ਜਾਣ ਬਕੂਹੇ।
ਦੁਰਜੋਧਨ ਦੀ ਓਸ ਸਭਾ 'ਚ ਕ੍ਰਿਸ਼ਨ ਵੀ ਹਾਜਰ ਸੀ
ਜਦ ਉਹਨਾਂ ਨੇ ਸਾਡੇ ਚਾਅ ਕੁਆਰੇ ਫੜ• ਕੇ ਧੂਹੇ।
ਛੱਡ ਨਾ ਆਸ ਦਾ ਪੱਲਾ 'ਢਿੱਲੋਂ' ਹੈ ਬਹਾਰਾਂ ਆਉਣਾ
ਤੇਰੇ ਮਨ ਦੀ ਫੁਲਵਾੜੀ ਵਿਚ ਫੁੱਲ ਮਹਿਕਣਗੇ ਸੂਹੇ।
ਧੁੰਦ 'ਚ ਲਿਪਟੇ ਹੋਏ ਦੂਰੋਂ ਸੁਹਣੇ ਬੜੇ ਪਹਾੜ ਨੇ ਲਗਦੇ।
ਏਦਾਂ ਕੁਝ ਬੰਦੇ ਹੁੰਦੇ ਜੋ ਨੇੜੇ ਗਿਆਂ ਉਜਾੜ ਨੇ ਲਗਦੇ।
ਰਿਸ਼ਤੇ ਕੱਚੇ ਕੋਠਿਆਂ ਵਾਂਗੂ ਵਾਰ ਵਾਰ ਲਿਪਣੇ ਪੈਂਦੇ ਨੇ
ਨਹੀਂ ਤਾਂ ਬੋਦੇ ਲੀੜੇ ਵਾਂਗੂ ਛੇਤੀ ਹੋਣ ਭਰਾੜ ਨੇ ਲਗਦੇ।
ਇਹ ਮਖ਼ਮਲੀ ਚਿਹਰੇ ਵਾਲੇ ਨੇਤਾ, ਸਾਧ,ਵਪਾਰੀ ਬਗਲੇ
ਤੀਜੇ ਨੇਤਰ ਥੀਂ ਤੱਕੀਏ ਤਾਂ ਜਮਾਂ ਬਘਿਆੜ ਨੇ ਲਗਦੇ।
ਪੂੰਜੀਵਾਦ ਦਾ ਅਜਗਰ ਕਿੱਡੇ ਕਿੱਡੇ ਅੰਬਰ ਨਿਗਲ ਗਿਆ
ਖੁਸਦੇ ਜਾਂਦੇ ਜਿਹੜੇ ਪੱਲੇ ਰਹਿਗੇ ਚਾਰ ਸਿਆੜ ਨੇ ਲਗਦੇ।
ਪੋਹ ਮਾਘ ਦੀ ਠੰਡ 'ਚ ਨੇ ਇਹ ਆਪ ਮੁਹਾਰੇ ਚੇਤੇ ਆਉਣੇ
ਅੱਗ 'ਚ ਤਪਦੇ ਹੋਏ ਜਿਹੜੇ ਭਾਦੋਂ ਜੇਠ, ਹਾੜ ਨੇ ਲਗਦੇ।
ਸਮੇਂ ਸਮੇਂ ਦੀ ਗੱਲ ਹੈ ਢਿੱਲੋਂ ਪਿਆਰ ਭਰੇ ਉਹ ਬੀਤੇ ਮੌਸਮ
ਮਨ ਦੀ ਕਿਸੇ ਨੁੱਕਰ 'ਚ ਅੱਜ ਸੁੱਟੇ ਹੋਏ ਕਬਾੜ ਨੇ ਲਗਦੇ।
ਇਹ ਰੁੱਤਾਂ ਇਸ ਤਰਾਂ ਹਰ ਵਾਰ ਹੀ ਤੰਗ ਮੈਨੂੰ ਕਰਦੀਆਂ ਨੇ।
ਇਹ ਖ਼ਲਕਤ ਚਿਹਰੇ 'ਤੇ ਚਿਪਕਾ ਲਏ ਮੁਸਕਾਨ ਖੱਚਰੀ ਜਿਹੀ
ਅਦਾਕਾਰੀ ਸਿਖਰ ਦੀ ਹੈ ਇਹ ਇਸਦੀਆਂ ਹਮਦਰਦੀਆਂ ਨੇ।
ਵਰਤੇ ਯਾਰਾਂ ਨੂੰ ਇਹ ਦੁਨੀਆਂ ਹੈ ਕਰਦੀ ਪਿਆਰ ਚੀਜਾਂ ਨੂੰ
ਜਦੋਂ ਕਿ ਚੀਜਾਂ ਤਾਂ ਵਰਤੋਂ ਵਾਸਤੇ ਹੋਇਆ ਕਰਦੀਆਂ ਨੇ।
ਸੁਹਣੇ ਬਸਤਰ ਸਜਾ ਕੇ ਵੀ ਮਨਾ ਦਾ ਕੋਹਜ ਨਹੀਂ ਲੁਕਦਾ
੍ਵਨਫ਼ਰਤ ਦੀਆਂ ਸੋਚਾਂ ਚਿਹਰੇ ਦੇ ਸ਼ੀਸ਼ੇ 'ਚ ਆ ਤਰਦੀਆਂ ਨੇ।
ਮਜ਼ਾ ਮੀਂਹ ਦਾ ਜੇ ਲੈਣਾ ਮੇਰੀਆਂ ਅੱਖਾਂ 'ਚ ਆ ਕੇ ਬੈਠ
ਮੀਂਹ ਬਰਸਾਤ ਵਿਚ ਪੈਂਦੈ ਇਹ ਵਰਿ•ਆਂ ਤੋਂ ਵਰ•ਦੀਆਂ ਨੇ।
ਉਦਾਸੀ, ਗ਼ਮ ਤੇ ਤਨਹਾਈ ਨੇ ਖੜ•ੀਆਂ ਬਾਹਰ, ਦਰ ਖੋਲ•ੋ
ਇਹ ਤਾਂ ਮਹਿਮਾਨ ਢਿੱਲੋਂ ਸਾਰੀਆਂ ਆਪਣੇ ਘਰਦੀਆਂ ਨੇ
ਅੱਥਰੇ ਮੌਸਮ ਕਦੇ ਕਦਾਈਂ ਭਟਕ ਕੁਰਾਹੇ ਪੈ ਜਾਂਦੇ ਨੇ।
ਕੁਝ ਬੰਦੇ ਤਾਂ ਆਪਣੇ ਨਾਲ ਹੀ ਸਾਰੀ ਰੌਣਕ ਲੈ ਜਾਂਦੇ ਨੇ।
ਮੋਹਲੇਧਾਰ ਮੀਹਾਂ ਵਿੱਚ ਕੱਚੀ ਕੰਧ ਵੀ ਸਾਬਤ ਰਹਿ ਸਕਦੀ ਹੈ।
ਕਦੇ ਕਦੇ ਧੁੱਪਾਂ ਵਿੱਚ ਵੀ ਪਰ ਬੁਰਜ ਉਚੇਰੇ ਢਹਿ ਜਾਂਦੇ ਨੇ।
ਉੱਚੀਆਂ ਉੱਚੀਆਂ ਵਾਜਾਂ ਮਾਰਨ 'ਤੇ ਵੀ ਵਾਪਸ ਨਹੀਂ ਪਰਤਦੇ
ਉੱਚਾ ਬੋਲਣ ਵਾਲੇ ਵੀ ਜਦ ਖੁਦ ਵਿੱਚ ਡੂੰਘਾ ਲਹਿ ਜਾਂਦੇ ਨੇ।
ਬੁੱਢੇ ਵਾਰੇ ਵੀ ਉਹ ਬੰਦੇ ਮੜਕ ਨਾਲ ਨੇ ਸਿੱਧਾ ਤੁਰਦੇ,
ਅਸੀਂ ਡੰਗੋਰੀ ਤੇਰੀ ਬਾਪੂ ਜਦ ਬੱਚੇ ਇਹ ਕਹਿ ਜਾਦੇ ਨੇ।
ਉਨ•ਾਂ ਨੂੰ ਮੰਜ਼ਿਲ 'ਤੇ ਪਹੁੰਚਣ ਤੋਂ ਨਾ ਕੋਈ ਰੋਕ ਹੈ ਸਕਦਾ,
ਜਿਹੜੇ ਤੁਰਨ ਤੋਂ ਪਹਿਲਾਂ ਆਪਣਾ ਟੀਚਾ ਕਰਕੇ ਤਹਿ ਜਾਂਦੇ ਨੇ।
ਜਿਹੜੇ ਲੋਕੀ ਮਿਰਗ ਤ੍ਰਿਸ਼ਨਾ ਪਿੱਛੇ ਅਕਸਰ ਰਹਿਣ ਭਟਕਦੇ,
ਇੱਕ ਦਿਨ ਥੱਕ ਕੇ ਆਪਣੇ ਹੀ ਪਰਛਾਵੇਂ ਹੇਠਾਂ ਬਹਿ ਜਾਂਦੇ ਨੇ।
ਉਹ ਸਖਸ਼ ਹੀ ਆਪਣੀ ਜ਼ਿੰਦਗੀ ਵਿੱਚ ਬਣਦੇ ਨੇ ਢਿੱਲੋਂ ਪਾਰਸ
ਜਿਹੜੇ ਆਪਣੇ ਪਿਆਰ ਦਰਦ ਵੀ ਸਹਿੰਦੇ ਸਹਿੰਦੇ ਸਹਿ ਜਾਂਦੇ ਨੇ।
ਹਾਦਸਾ ਏਦਾਂ ਵੀ ਹੋਊ ਸੋਚਿਆ ਨਾ ਸੀ ਕਦੇ।
ਪੀੜ ਦਿਲ ਖੁਦ ਤੋਂ ਲੁਕੋਊ ਸੋਚਿਆ ਨਾ ਸੀ ਕਦੇ।
ਦਰਦ ਮੇਰਾ , ਮੇਰੇ ਹੀ ਦਿਲ ਦੇ ਸਿਰ•ਾਣੇ ਬੈਠ ਕੇ
ਇਸ ਤਰਾਂ ਖਾਮੋਸ਼ ਰੋਊ ਸੋਚਿਆ ਨਾ ਸੀ ਕਦੇ।
ਛੱਤ ਮਨ ਦੀ ਦੁੱਖ ਦੀ ਬਰਸਾਤ ਵਿਚ ਸੁੱਕੀ ਰਹੀ
ਹਾਸਿਆਂ ਦੇ ਮੀਂਹ 'ਚ ਚੋਊੂ ਸੋਚਿਆ ਨਾ ਸੀ ਕਦੇ।
ਜਿਸਨੂੰ ਮੈਂ ਮੁੱਦਤ ਤੋਂ ਸਾਂ ਆਪਣਾ ਮਸੀਹਾ ਸਮਝਦਾ
ਉਹੀ ਗ਼ਮ ਦੇ ਬੀਜ ਬੋਊੂ ਸੋਚਿਆ ਨਾ ਸੀ ਕਦੇ।
ਜਿਸਦੇ ਜ਼ਖਮਾਂ 'ਤੇ ਹਮੇਸ਼ਾ ਮਲ੍ਹਮ ਲਾਈ ਸੀ ਅਸਾਂ
ਉਹੀਓ ਹੀ ਨਸ਼ਤਰ ਚੁਭੋਊ ਸੋਚਿਆ ਨਾ ਸੀ ਕਦੇ।
ਆਉਣਗੇ ਦਰ 'ਤੇ ਮੇਰੇ ਬੀਤੇ ਹੋਏ ਮਿੱਤਰ, ਤਾਂ ਦਿਲ,
ਹੰਝੂਆਂ ਦਾ ਤੇਲ ਚੋਊ ਸੋਚਿਆ ਨਾ ਸੀ ਕਦੇ।
ਜੋ ਨਜ਼ਰ ਦਾ ਤਾਰਾ ਸੀ, ਨਜ਼ਰਾਂ ਮਿਲਾਏ ਬਿਨਾਂ ਹੀ
ਇਸ ਤਰਾਂ ਰੁਖ਼ਸਤ ਉਹ ਹੋਊੂ ਸੋਚਿਆ ਨਾ ਸੀ ਕਦੇ।
ਢਿੱਲੋਂ ਸੀ ਉਡਦਾ ਪਰਿੰਦਾ ਪਰ ਘਰਾਂ ਦੀ ਕੈਦ ਵਿਚ
ਬਣ ਕੁਲੀ ਇੰਜ ਭਾਰ ਢੋਊ ਸੋਚਿਆ ਨਾ ਸੀ ਕਦੇ।
ਇਸ਼ਕ ਜਦ ਹੁਸਨ ਦੇ ਵਿਹੜੇ ਵਿਚ ਬਿਖਰਦਾ ਹੈ।
ਹੁਸਨ ਵੀ ਦਿਨੋ ਦਿਨ ਜਾਂਦਾ ਹੋਰ ਨਿਖਰਦਾ ਹੈ।
ਹੁਣ ਮੈਂ ਕੀ ਦਵਾਲ ਹਾਂ ਇਸ ਵਿਚਾਰੀ ਦੁਨੀਆਂ ਨੂੰ
ਮੇਰੀ ਝੋਲੀ ਟੀਸੀ ਵਾਲਾ ਬੇਰ ਸਿਖਰ ਦਾ ਹੈ
ਮੈਂ ਪਿਆਰ ਦਾ ਸੁੱਚਾ ਮੋਤੀ ਸਾਂਭ ਕੇ ਰਖਦਾ ਹਾਂ
ਮੈਨੂੰ ਪਤੈ ਰਕੀਬ ਕੋਈ ਮੈਥੋਂ ਖੋਹਣ ਨੂੰ ਫਿਰਦਾ ਹੈ।
ਚੰਬੇ ਦੀ ਖੁਸ਼ਬੂ ਇਹ ਮੇਰੇ ਮਨ ਵਿਚ ਵਸੀ ਰਹੇ
ਐ ਮੁਹੱਬਤ ਮੇਰਾ ਇਹੀਓ ਸੁਪਨਾ ਚਿਰਦਾ ਹੈ।
ਤੇਰੀ ਚਾਹਤ ਹੋਵੇ ਤਾਂ ਕੋਈ ਪਰਵਾਹ ਨਹੀਂ
ਕਿੰਨਾ ਦੁਸ਼ਮਣ ਬਣ ਜੇ ਭਾਵੇਂ ਚੁਗਿਰਦਾ ਹੈ।
ਮਿੱਟੀ ਵਿਚ ਮਿਲਣ ਲਈ ਕਰਦਾ ਹੈ ਦਿਲ ਕੀਹਦਾ
ਅਥਰੂ ਵੀ ਕੰਬ ਕੰਬ ਕੇ ਹੀ ਧਰਤੀ 'ਤੇ ਗਿਰਦਾ ਹੈ।
ਜਿਸ ਵਿਚ ਵਸੀ ਮੁਹੱਬਤ ਫੁੱਲਾਂ ਵਰਗੇ ਲੋਕਾਂ ਦੀ
ਉਸ ਤੋਂ ਵੱਧ ਪਵਿਤਰ ਹੋਣਾ ਕੀਹਦਾ ਹਿਰਦਾ ਹੈ।
ਚਲ ਢਿੱਲੋਂ ਹੁਣ ਉਸਦੀ ਯਾਦ 'ਚ ਗੁੰਮਸੁੰਮ ਹੋ ਜਾਈਏ
ਜਿਹੜਾ ਆਪਣੇ ਸਾਹ 'ਚੋਂ ਪਲ ਵੀ ਨਹੀਂ ਵਿਸਰਦਾ ਹੈ।
ਮੇਰੇ ਸੂਖ਼ਮ ਭਾਵ ਤੇ ਰੀਝਾਂ ਬੜੀਆਂ ਓਧਰ ਗਈਆਂ।
ਆ ਜਾ ਤੇਰੇ ਇੰਤਜ਼ਾਰ ਵਿਚ ਘੜੀਆਂ ਓਦਰ ਗਈਆਂ।
ਮੀਂਹ ਦੀ ਰਿਮਝਿਮ ਪੰਛੀ ਚਹਿਕਣ ਫੁੱਲ ਟਹਿਕਣ ਹਰ ਪਾਸੇ,
ਤੇਰੇ ਬਿਨ ਸਭ ਸਾਉਣ ਦੀਆਂ ਝੜੀਆਂ ਓਦਰ ਗਈਆਂ।
ਟਿਕ ਟਿਕੀ ਲਾ ਤੇਰੀ ਆਮਦ ਤਕ ਰਹੀਆਂ ਇਹ ਅੱਖੀਆਂ
ਮੇਰੇ ਯਾਰਾ ਰਾਹ ਤੇਰੇ ਵਿਚ ਹੀ ਖੜ•ੀਆਂ ਓਦਰ ਗਈਆਂ।
ਫੁੱਲ ਤਿਤਲੀਆਂ ਦੀਆਂ ਮੂਰਤਾਂ ਮੈਂ ਕਮਰੇ ਵਿਚ ਸਜਾਈਆਂ
ਪਰ ਤੇਰੇ ਦੇਖਣ ਬਿਨਾਂ ਫਰੇਮੀਂ ਜੜੀਆਂ ਓਦਰ ਗਈਆਂ।
ਜੋ ਗ਼ਜ਼ਲਾਂ, ਕਵਿਤਾਵਾਂ ਚੁਣ ਚੁਣ ਮੈਂ ਮਹਿਰਮ ਲਈ ਰਖੀਆਂ
ਮਹਿਰਮ ਬਿਨਾਂ ਮਨ ਮੇਰੇ 'ਚ ਪੜ•ੀਆਂ ਓਦਰ ਗਈਆਂ।
ਸਿਆਸਤਦਾਨਾਂ ਦੇ ਸੁਣ ਸੁਣ ਝੂਠੇ ਰੋਜ ਰੋਜ ਦੇ ਵਾਅਦੇ
ਸਾਡੇ ਖੇਤਾਂ ਵਿਚ ਹਰੀਆਂ ਫਸਲਾਂ ਖੜ•ੀਆਂ ਓਦਰ ਗਈਆਂ ।
ਦੇਖ ਦਿਖਾਵਾ ,ਸਵਾਰਥ, ਨਫ਼ਰਤ,ਆਪਣੇ ਚਹੁੰਪਾਸੀਂ ਫੈਲੀ
ਮੇਰੇ ਪਿਆਰ ਦੀ ਕੁੱਲੀ, ਕਾਨੇ , ਕੜੀਆਂ ਓਦਰ ਗਈਆਂ।
ਹੁਣ ਨਾ ਸੁਪਨੇ ਉਗਣ ਇਸ ਵਿਚ ਮਾਰੂਥਲ ਮਨ ਹੋਇਆ
ਖ਼ੁਸ਼ਬੂਦਾਰ ਸੱਜਣ ਬਿਨ ਸਭ ਫੁਲਝੜੀਆਂ ਓਦਰ ਗਈਆਂ।
'ਢਿੱਲੋਂ' ਸੁਪਨਸਾਜ਼ ਹੀ ਨਾ ਜਦ ਦੇਖਣ ਵਾਲਾ ਆਇਆ
ਤਾਂ ਅੰਬਰ 'ਤੇ ਸਤਰੰਗੀਆਂ ਪੀਘਾਂ ਚੜ•ੀਆ ਓਦਰ ਗਈਆਂ
ਜ਼ਿੰਦਗੀ ਵਿਚ ਕੋਈ ਕਮੀ ਤਾਂ ਨਹੀਂ ਪਰ, ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਅੱਖਾਂ ਵਿਚ ਵੀ ਮੇਰੇ ਨਮੀ ਤਾਂ ਨਹੀਂ ਪਰ, ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਜੀਵਨ 'ਚ ਲਾਈਆਂ ਨਿਭਾਈਆਂ ਬਹੁਤ ਨੇ, ਗੁਆਈਆਂ ਵੀ ਨੇ ਪਾਈਆਂ ਬਹੁਤ ਨੇ
ਗੁਆਈਆਂ ਦੀ ਕੋਈ ਗ਼ਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਇਹ ਕਿਸਦਾ ਵਿਯੋਗ ਹੈ ਮਨ ਵਿਚ ਮੇਰੇ ਜਾਂ ਫਿਰ ਕੋਈ ਰੋਗ ਹੈ ਮਨ ਵਿਚ ਮੇਰੇ
ਮੈਂ ਵੀ ਕੋਈ ਸੋਗੀ ਆਦਮੀ ਤਾਂ ਨਹੀਂ ਪਰ , ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਮੈਂ ਸਾਰੇ ਹੀ ਬੰਦਿਆਂ ਨੂੰ ਦੋਫਾੜ ਤਕਦਾਂ ,ਕੋਈ ਚੀਤਾ ਕੋਈ ਹੈ ਬਘਿਆੜ ਤਕਦਾਂ
ਮੈਂ ਹੋਇਆ ਇਹਨਾਂ ਤੋਂ ਜ਼ਖ਼ਮੀ ਨਹੀਂ ਪਰ , ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਆਜ਼ਾਦ ਮੁਲਕ ਦੇ ਹਾਂ ਅਸੀਂ ਹੁਣ ਬਸ਼ਿੰਦੇ, ਸਾਨੂੰ ਜੋ ਮਰਜੀ ਉਹ ਬੋਲਣ ਨੇ ਦਿੰਦੇ
ਗੋਰਿਆਂ ਦੀ ਹੁਣ ਇਹ ਜਮੀਂ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਆਪਣੇ ਭੰਡਾਰੇ ਕੋਈ ਜਿੰਨੇ ਵੀ ਭਰ ਲਏ ਜਿਸਦਾ ਜੀਅ ਕਰੇ ਖ਼ੁਦਕੁਸ਼ੀ ਵੀ ਕਰ ਲਏ
ਇਥੇ ਜਿਉਣਾ ਕੋਈ ਲਾਜ਼ਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਮਹਿਫ਼ਿਲ ਕਿਤੇ ਵੀ ਜੰਮੇ ਤਾਂ ਹਸਾਈਏ ਦਿਲ ਵਾਲੀ ਦੌਲਤ ਵੀ ਰੱਜ ਕੇ ਲੁਟਾਈਏ
ਅਸੀਂ ਵੀ ਕੰਜੂਸ਼ ਜਾਂ ਸੰਜਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਮੈਂ ਹਮੇਸ਼ਾ ਹੀ ਫੁੱਲਾਂ ਦੇ ਵਾਂਗੂ ਹਾਂ ਖਿਲਿਆ ਵੱਡੇ ਲੋਕਾਂ ਨੂੰ ਫਾਸਲਾ ਰੱਖ ਮਿਲਿਆ
ਮੇਰੀ ਹੋਂਦ ਉਹਨਾਂ ਵਿਚ ਰਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਮੇਰੇ ਬੋਟ ਪਾਰ ਸਮੁੰਦਰਾਂ ਤੋਂ ਫਿਰਦੇ ਤੇ ਡਾਲਰ ਵੀ ਵਿਹੜੇ 'ਚ ਡਿਗਦੇ ਨੇ ਚਿਰ ਦੇ
ਇਹ ਬਰਸਾਤ ਅਜੇ ਤਕ ਥਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਮੇਰੇ ਕੋਲ ਕਾਹਤੋਂ ਪਰਿੰਦੇ ਨੀ ਆਉਂਦੇ,ਜਰਾ ਦੂਰ ਬਹਿਕੇ ਹਮੇਸ਼ਾ ਨੇ ਗਾਉਂਦੇ
ਗਾਉਂਦੇ ਵੀ ਧੁਨ ਮਾਤਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਗ਼ਜ਼ਲ ਦੇ ਮੈਂ ਸ਼ੇਅਰ ਕਹੇ ਮਨਭਾਉਂਦੇ ਪਰ ਮੈਨੂੰ ਫੇਲਨ ਤੇ ਫਾਈਲਨ ਨਹੀਂ ਆਉਂਦੇ
ਉਂਜ ਮੇਰੇ ਸ਼ੇਅਰ ਇਹ ਮੌਸਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
'ਅਮਰਜੀਤ ' ਜ਼ਜ਼ਬੇ ਮਧੋਲੇ ਗਏ ਨੇ ਇਹ, ਬਸ ਐਂਵੇਂ ਦੁਖੜੇ ਫਰੋਲੇ ਗਏ ਨੇ ਇਹ
ਕਹਿਕਹਿਆਂ ਦੀ ਵੀ ਕਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ।
ਮੁੱਦਤ ਹੋਈ ਖ਼ਬਰ ਨਾ ਸਾਰ ਲੰਮੀ ਮਾਰ ਉਡਾਰੀ ਤੁਰ ਗਏ।
ਮੇਰੇ ਮਹਿਰਮ ਤੇ ਦਿਲਦਾਰ ਲੰਮੀ ਮਾਰ ਉਡਾਰੀ ਤੁਰ ਗਏ।
ਰੁੱਖ 'ਤੇ ਗੌਂਦੇ ਸੋਹਲ ਜਨੌਰਾਂ ਤਾੜੀ ਦੀ ਅਵਾਜ਼ ਸੁਣੀ ਤਾਂ
ਪਹਿਲਾਂ ਹੀ ਬੈਠੇ ਤਿਆਰ ਲੰਮੀ ਮਾਰ ਉਡਾਰੀ ਤੁਰ ਗਏ ।
ਰਿਜ਼ਕ ਦੇ ਪਿੱਛੇ ਪਿੱਛੇ ਕਿੱਦਾਂ ਮੇਰੇ ਆਹਲਣਿਆਂ ਦੇ ਬੋਟ
ਸੱਤ ਸਮੰਦਰ ਤੋਂ ਵੀ ਪਾਰ ਲੰਮੀ ਮਾਰ ਉਡਾਰੀ ਤੁਰ ਗਏ ।
ਸੱਟ ਕੱਢੀ , ਸਾਧ ਬਿਸਤਰੇ , ਫਿਰ ਤੂੰ ਕੌਣ ਤੇ ਮੈਂ ਵੀ ਕੌਣ
Îਮਤਲਬ-ਖੋਰੇ ਹੋਛੇ ਯਾਰ ਲੰਮੀ ਮਾਰ ਉਡਾਰੀ ਤੁਰ ਗਏ ।
ਗੁਣਗੁਣਾਉਂਦੇ , ਮੰਡਰਾਉਂਦੇ ਭੰਵਰੇ ਤਿਤਲੀਆਂ ਜਦ ਦੇਖੇ
ਫੁੱਲਾਂ ਵਿਚ ਵੀ ਉੱਗੇ ਖ਼ਾਰ ਲੰਮੀ ਮਾਰ ਉਡਾਰੀ ਤੁਰ ਗਏ ।
ਮਹਿੰਗਾਈ ਦੇ ਇਸ ਯੁੱਗ ਵਿਚ ਕੁਝ ਤੋਹਫੇ ਨਾ ਦੇਣ ਤੇ ਮੇਰੇ
ਕਈ ਨਜ਼ਦੀਕੀ ਰਿਸ਼ਤੇਦਾਰ ਲੰਮੀ ਮਾਰ ਉਡਾਰੀ ਤੁਰ ਗਏ ।
ਇਸ਼ਕ 'ਚ ਪਾਗਲ ਰੋਗੀ ਰਾਂਝੇ ਹੀਰਾਂ ਦੇ ਬਹਿਕਾਵੇ ਅੰਦਰ
ਛੱਡ ਕੇ ਆਪਣੇ ਕਾਰੋਬਾਰ ਲੰਮੀ ਮਾਰ ਉਡਾਰੀ ਤੁਰ ਗਏ ।
ਜਦ ਹੁਸਨਾਂ ਨੇ ਇਸ਼ਕ ਤੋਂ ਆਪਣੇ ਹਿੱਸੇ ਦੀ ਵਸੂਲੀ ਮਸਤੀ
ਭਰਕੇ ਨੈਣਾ ਵਿਚ ਖ਼ੁਮਾਰ ਲੰਮੀ ਮਾਰ ਉਡਾਰੀ ਤੁਰ ਗਏ ।
ਪੀਲੇ ਹੱਥ ਹੋਏ ਹੁਸਨ ਨੇ ਪੀਲਾ ਹੋਇਆ ਇਸ਼ਕ ਨਾ ਤੱਕਿਆ
ਕਰਕੇ ਆਪਣਾ ਹਾਰ ਸ਼ਿੰਗਾਰ ਲੰਮੀ ਮਾਰ ਉਡਾਰੀ ਤੁਰ ਗਏ ।
ਜਿੱਤ ਗਏ ਜਦ ਨੇਤਾ ਜੀ ਤਾਂ ਪੁਸ਼ਪ ਹੰਸ ਦੇ ਉਤੇ ਬਹਿਕੇ
ਪਿੱਛੇ ਉਡਦਾ ਛੱਡ ਗ਼ੁਬਾਰ ਲੰਮੀ ਮਾਰ ਉਡਾਰੀ ਤੁਰ ਗਏ ।
ਇਸ ਦੁਨਿਆਵੀ ਬਿਰਖ ਉਤੇ 'ਢਿੱਲੋਂ' ਵਰਗੇ ਚਹਿਕਦੇ ਪੰਛੀ
ਕਹਿ ਕੇ ' ਮੇਲਾ ਸੀ ਦਿਨ ਚਾਰ' ਲੰਮੀ ਮਾਰ ਉਡਾਰੀ ਤੁਰ ਗਏ।
ਜ਼ਿੰਦਗੀ ਵਿੱਚ ਏਦਾਂ ਸੰਤਾਪ ਹੰਢਾਏ ਮੈਂ ਅਕਸਰ
ਮਨ ਦੇ ਖੇਤੀਂ ਲੱਗੇ ਹੋਏ ਬਾਗ ਪੁਟਾਏ ਮੈਂ ਅਕਸਰ।।
ਦੇ ਕੇ ਦਿਲ ਦਾ ਲਹੂ ਬਣਾਏ ਦੋਸਤ ਸੀ ਜਿਹੜੇ ਮੈਂ
ਜਾਣ ਬੁੱਝ ਫਿਰ ਦੁਸ਼ਮਣ ਉਹੀ ਬਣਾਏ ਮੈਂ ਅਕਸਰ।।
ਬੜੇ ਸ਼ੌਕ ਨਾਲ ਮਹਿਲ, ਚੁਬਾਰੇ ਪਾਏ ਰੀਝਾਂ ਨਾਲ
ਬਦਲੇ ਹੋਏ ਵਕਤ ਨਾਲ ਉਹ ਢਾਏ ਮੈਂ ਅਕਸਰ।
ਮੁਕਤੀ ਦੀ ਇੱਛਾ ਲੈ ਕੇ ਕੱਟਿਆ ਬਨਵਾਸ ਬੜਾ,
ਮੁਕਤੀ ਦੇ ਉਹੀਓ ਸੰਕਲਪ ਮਿਟਾਏ ਮੈਂ ਅਕਸਰ।।
ਪਿਆਰ ਮੁਹੱਬਤ ਨਾਲੋਂ ਇਥੇ ਕੁਝ ਵੀ ਵੱਡਾ ਨੀ
ਆਖਿਰ ਸਮਝ ਪਈ ਤਾਂ ਇਹ ਅਪਣਾਏ ਮੈਂ ਅਕਸਰ।
ਮੇਰੇ ਹਥੀਂ ਲਾਏ ਪੌਦੇ ਜਦੋਂ ਸੁਕਾਏ ਪੱਤਝੜ ਨੇ,
ਵਾਰ ਵਾਰ ਫਿਰ ਉਹੀਓ ਪੌਦੇ ਲਾਏ ਮੈਂ ਅਕਸਰ।।
ਕੁਝ ਚਿਰ ਦੀ ਮਖ਼ਮੂਰੀ, ਖਾਣੇ, ਨਸ਼ਾ ਵਿਆਹਾਂ ਦਾ,
ਪਰ ਮਾਲੀ ਹੀ ਦੇਖੇ ਇਥੇ ਨਸ਼ਿਆਏ ਮੈਂ ਅਕਸਰ।।
ਦਿਲ ਵਿਚ ਸੱਜਣ ਵੱਸ ਗਏ ਜੋ ਆਪ ਮੁਹਾਰੇ ਹੀ,
ਢਿੱਲੋਂ ਉਹ ਕਦੇ ਨਾ ਭੁੱਲੇ ਬੜੇ ਭੁਲਾਏ ਮੈਂ ਅਕਸਰ।
ਉਡਣਾਂ ਤਾਂ ਚਾਹੁੰਦੇ ਉਡਿਆ ਨਹੀਂ ਜਾਂਦਾ, ਤੋਲਣ ਵਿਚਾਰੇ ਉਹ ਆਪਣੇ ਪਰਾਂ ਨੂੰ।
ਸਮੁੰਦਰ ਹਵਾਲੇ ਕਬੂਤਰ ਜੋ ਕੀਤੇ ਉਹ ਪਰਤ ਨਹੀਂ ਸਕੇ ਫਿਰ ਆਪਣੇ ਘਰਾਂ ਨੂੰ।
ਬੜੇ ਇਸ ਰਿਜ਼ਕ ਦੇ ਨੇ ਪੰਧ ਵੀ ਲੰਮੇਰੇ, ਪਿੱਛੇ ਪਿੱਛੇ ਆਦਮ ਰਿਜ਼ਕ ਹੈ ਅਗੇਰੇ।
ਮੁੱਦਤਾਂ ਹੋ ਗਈਆਂ ਜੰਗਾਲੇ ਗਏ ਉਹ ਜੋ ਲਾ ਗਏ ਸੀ ਤਾਲੇ ਆਪਣੇ ਦਰਾਂ ਨੂੰ।
ਚਾਰੇ ਹੀ ਪਾਸੇ ਤਾਂ ਰੌਣਕ ਬੜੀ ਹੈ, ਮਾਂ ਕਾਹਤੋਂ ਫਿਰ ਵੀ ਆ ਗਲੀ ਵਿਚ ਖੜ•ੀ ਹੈ
ਸੁੰਨੀਆਂ ਨੇ ਅੱਖਾਂ ਇਹ ਕੀ ਲਭਦੀਆਂ ਕਿਉਂ ਘੂਰਦੀਆਂ ਨੇ ਗਲੀ ਦੇ ਪੱਥਰਾਂ ਨੂੰ।
ਕਿੰਨਾ ਚਾਹੀਦਾ ਹੈ ਪੈਸਾ ਆਦਮੀ ਨੂੰ ਅਤੇ ਕਿੰਨੀ ਜਮੀਨ ਦੀ ਵੀ ਹੈ ਦਸੋ ਜਰੂਰਤ
ਇਹ ਹੋੜ• ਤੇ ਦੌੜ ਜੋ ਦਿਨ ਰਾਤ ਲੱਗੀ ਹੈ ਲੈ ਜਾਵੇਗੀ ਕਿਥੇ ਧਰਤੀ ਦੇ ਨਰਾਂ ਨੂੰ।
ਆਪਣੀ ਕੋਠੜੀ 'ਚ ਤਾਂ ਇਕ ਮੇਜ਼ ਕੁਰਸੀ ਹੈ ਕਲਮ ਦਵਾਤ ਤੇ ਕਾਗਜ ਦਾ ਥੱਬਾ
ਢਿੱਲੋਂ ਜੀ ਛੱਡੋ ਇਹ ਝਗੜੇ ਤੇ ਝੇੜੇ ਆਓ ਮੁੜੋ ਆਪਣੇ ਉਹਨਾਂ ਹੀ ਦਫਤਰਾਂ ਨੂੰ।
ਉਡਣਾਂ ਤਾਂ ਚਾਹੁੰਦੇ ਨੇ ਉਡਿਆ ਨਹੀਂ ਜਾਂਦਾ, ਤੋਲਣ ਵਿਚਾਰੇ ਆਪਣੇ ਪਰਾਂ ਨੂੰ।
ਸਮੁੰਦਰ ਹਵਾਲੇ ਕਬੂਤਰ ਜੋ ਕੀਤੇ ਉਹ ਪਰਤ ਨਹੀਂ ਸਕੇ ਫਿਰ ਆਪਣੇ ਘਰਾਂ ਨੂੰ।.
ਗਏ ਸੀ ਚੋਗ ਚੁਗਣ ਦੀ ਖਾਤਿਰ ਆਹਲਣੇ ਭੁਲਾ ਬੈਠੇ।
ਸੱਤ ਸਮੁੰਦਰ ਤੋਂ ਪਾਰ ਮਾਸੂਮ ਕਬੂਤਰ ਜਿਹੜੇ ਜਾ ਬੈਠੇ।
ਤਪਦੇ ਸਿਖਰ ਦੁਪਹਿਰ 'ਚ ਪੈਰ ਮਲੂਕ ਸਾਡੇ ਤੁਰਦੇ ਰਹੇ
ਫ਼ੁਰਸਤ ਮਿਲੀ ਤਾਂ ਜਦੋਂ ਵੀ ਸ਼ਾਮ ਸਿਰਹਾਣੇ ਲਾ ਬੈਠੇ।
ਡੁਗਡੁਗੀ ਵਾਲੇ ਨੇ ਖੇਡਾ ਪਾਇਆ ਫਿਰ ਉੱਡ ਗਿਆ
ਅਕਲਦਾਨ ,ਮੱਤਦਾਤੇ ਪਲ 'ਚ ਆਪਣੀ ਮੱਤ ਖੁਹਾ ਬੈਠੇ।
ਆਪਣੇ ਕੂਲੇ ਵਲਵਲੇ ਲਿਖਦੇ ਸਨ ਲੋਕੀ ਚਿੱਠੀਆਂ 'ਚ
Êਪਰ ਇਹ ਚੰਦਰੇ ਫੂਨ ਅਸਾਡੇ ਕੋਮਲ ਜ਼ਜ਼ਬੇ ਖਾ ਬੈਠੇ।
ਖਤ ਦਾ,ਕਿਸੇ ਦੇ ਇੰਤਜ਼ਾਰ ਦਾ ਲੁਤਫ਼ ਸੀ ਹੋਰ ਹੁੰਦਾ
ਹੁਣ ਖੜ•ੇ ਖੜੋਤੇ ਮਿਲਦੇ ਕਾਹਲ 'ਚ ਨਾ ਕੋਈ ਭਾ ਬੈਠੇ।
ਦਿਲ ਦਾ ਹਾਲ ਨਾ ਪੁੱਛੇ ਕੋਈ ਟਿੱਚਰ ਕਰਦੇ ਨੇ ਲੋਕ
ਉਸਨੂੰ ਹਾਲ ਕੀ ਦੱਸੀਏ ਜੋ ਖ਼ੁਦ ਕੋਲ ਨਾ ਆ ਬੈਠੇ।
ਕਿਸੇ ਵੀ ਚਿਹਰੇ 'ਤੇ ਨਾ ਦਿਸੇ ਮਸੂਮ ਜਿਹਾ ਹਾਸਾ
ਢੇਰਾਂ ਦੌਲਤ ਜੋੜ ਕੇ ਲੋਕੀਂ 'ਕੱਠਾ ਕਰ ਤਣਾਅ ਬੈਠੇ।
ਪਤਝੜ ਗਈ ਤਾਂ ਪੁੰਗਰਨ ਲੱਗੀ ਰੁੱਖਾਂ 'ਤੇ ਫਿਰ ਕਵਿਤਾ
ਸੁੱਤੇ ਹੋਏ ਫੁੱਲ ਅੰਗੜਾਈ ਲੈ ਫਿਰ ਟਾਹਣੀਏਂ ਆ ਬੈਠੇ।
ਭੋਲੇ ਪੰਛੀਓ ਦੂਰ ਨਾ ਜਾਓ ਰਤਾ ਕੁ ਤਾਂ ਬੈਠੋ ਮੇਰੇ ਕੋਲ
ਤੁਸੀਂ ਕਿਉਂ ਬੰਦੇ ਦਾ ਡਰ ਐਨਾ ਮਨ 'ਚ ਬਿਠਾ ਬੈਠੇ।
ਤੁਰੇ ਜਾਂਦੇ ਰਾਹੀਆਂ ਕੋਲੇ ਕਹਿਕੇ ਐਂਵੇਂ ਦਿਲ ਦਾ ਹਾਲ
ਢਿੱਲੋਂ ਫਿਰ ਆਪਣੇ ਸੁੱਤੇ ਹਾਂ ਹੋਏ ਦਰਦ ਜਗਾ ਬੈਠੇ।
ਕਾਲਖ਼ ਦੇ ਇਸ ਨਗਰ ਵਿਚ ਤੂੰ ਕਿਹੜੀ ਆਸ ਲੈਕੇ।
ਨਿਕਲੀ ਏਂ ਦੱਸ ਨੀ ਜਿੰਦੇ ਚਿੱਟਾ ਲਿਬਾਸ ਲੈਕੇ।
ਪਰਬਤ ਉਤੇ ਬਰਫ ਡਿੱਗੀ ਤਾਂ ਮੇਰੇ ਮਨ ਦੇ ਪੰਛੀ
ਸਾਰੇ ਝੀਲਾਂ 'ਤੇ ਆ ਗਏ ਨੇ ਆਪਣੀ ਪਿਆਸ ਲੈਕੇ।
ਮਹਿਫ਼ਿਲ ਹੈ ਹੱਸਦਿਆਂ ਦੀ ਖੁਸ਼ ਹੈਂ ਤਾਂ ਜਾਈਂ
ਵਰਨਾ ਰੰਗ ਵਿਚ ਨਾ ਭੰਗ ਪਾਈਂ ਚਿਹਰਾ ਉਦਾਸ ਲੈਕੇ।
ਤੇਰੀ ਦੱਖਣੀ ਧਰੁਵ ਬਜ਼ਮ 'ਤੇ ਮੇਰੇ ਪੈਂਗੁਇਨ ਜਿਹੇ ਜ਼ਜ਼ਬੇ
ਡਾਹਢੇ ਉਦਾਸ ਪਰਤੇ ਆਏ ਸੀ ਆਸ ਲੈਕੇ।
ਬੇਸ਼ਕ ਘਰਾਂ ਵਿਚ ਰਹਿੰਦੇ ਕੰਧਾਂ ਵੀ ਉੱਚੀਆਂ ਨੇ
ਪਰ ਭਟਕਦੇ ਹਾਂ ਫਿਰ ਵੀ ਸਭ ਮਨਾਂ 'ਚ ਬਨਵਾਸ ਲੈਕੇ।
ਸਤਿਲੁਜ ਲਿਆਵਾਂਗਾ ਮੈਂ ਤੂੰ ਮੋੜ ਦੇਵੀਂ ਜਿਹਲਮ,
ਰਾਵੀ ਲਿਆਈਂ ਤੂੰ ਮੈਂ ਆਵਾਂਗਾ ਬਿਆਸ ਲੈਕੇ।
ਢਿੱਲੋਂ ਨਾ ਮੈਅਕਦਾ ਹੈ , ਨਾ ਸਾਕੀ ਹੈ ਨਾ ਹੀ ਸੁਰਾਹੀ
ਬੈਠੇ ਹਾਂ ਖਾਲੀ ਹੱਥ ਵਿਚ ਕੱਚ ਦਾ ਗਿਲਾਸ ਲੈਕੇ।
ਹੁਸਨ ਹਮੇਸ਼ਾ ਸੁਹਣਾ ਲਗਦੈ ਪਰਦੇ ਵਿਚ।
ਖਿੜਿਆ ਹੋਵੇ ਜਿਵੇਂ ਮੋਤੀਆ ਘਰ ਦੇ ਵਿਚ।
ਕੀ ਹੋਇਆ ਜਾ ਸਕਦੇ ਨਹੀਂ ਪਹਾੜਾਂ 'ਤੇ
ਆਪਣੀ ਛੱਤ 'ਤੇ ਘੁੰਮਾਂਗੇ ਮੀਂਹ ਵਰ••ਦੇ ਵਿਚ।
ਆਏਂ ਨਾ ਹੋ ਜਾਵੇ ,ਕਿਤੇ ਇਉਂ ਨਾ ਹੋ ਜਾਵੇ
ਬਹੁਤੇ ਲੋਕ ਜਿਉਂਦੇ ਨੇ ਇੰਜ ਡਰ ਦੇ ਵਿਚ।
ਸ਼ੋਖ਼ ਰੰਗਾਂ ਦੇ ਇਕ ਤਸਵੀਰ ਬਣਾ ਲਈ ਮੈਂ
ਤੂੰ ਵੀ ਕੁਝ ਸੁਪਨਿਆਂ ਦੇ ਰੰਗ ਭਰ ਦੇ ਵਿਚ।
ਖ਼ੁਦ ਉਤੇ ਹੀ ਭਰੋਸਾ ਕਰਨਾ ਸਿਖ ਐ ਦੋਸਤ
ਕੀ ਰਖਿਆ ਤੋਤੇ ਰੱਟ ਦੀ ਹਰ ਹਰ ਦੇ ਵਿਚ।
ਆਪਣੀ ਮਿੱਟੀ 'ਤੇ ਚੱਲ ਨਹੀਂ ਤਿਲਕੇਂਗਾ
ਰਿਹਾ ਧਿਆਨ ਤੇਰਾ ਜੇ ਸੰਗਮਰਮਰ ਦੇ ਵਿਚ।
ਸੈਂਸਰ ਹੋਏ ਖ਼ਤ ਵਾਂਗੂ ਦੋਸਤ ਮਿਲਦੇ ਨੇ
ਸਿਮਟੇ ਰਹਿੰਦੇ ਆਪਣੇ ਖੋਲ ਦੇ ਪਰਦੇ ਵਿਚ।
ਢਿੱਲੋਂ ਡਿਗਾਂਗੇ ਪੱਕੀ ਦੀਵਾਰ ਤਰਾਂ ਆਪਾਂ
ਕੱਚੀ ਕੰਧ ਦੇ ਵਾਂਗ ਨਹੀਂ ਖਰਦੇ ਖਰਦੇ ਵਿਚ।
ਗਮਲਿਆਂ ਵਿਚ ਲਾਕੇ ਬੂਟੇ ਬੋਹੜ ਦੇ।
ਲੋਕੀਂ ਇਥੇ ਠੰਡੀਆਂ ਛਾਵਾਂ ਲੋੜਦੇ।
ਦਿਲ ਨਹੀਂ ਦੇਣਾ ਨਾ ਦੇਹ ਇਹ ਰੱਖ
ਪਰ ਕੁਝ ਕੀਮਤੀ ਨਿਸ਼ਾਨੀਆਂ ਤਾਂ ਮੋੜ ਦੇ।
ਹੋ ਗਈ ਹੈ ਜਰਜਰੀ ਵਿਚ ਛੇਕਵੀ ਨੇ
ਯਾਦਾਂ ਦੀ ਬੇੜੀ ਦਰਿਆ ਵਿਚ ਰੋੜ•• ਦੇ।
ਚੰਗੈ ਚੱਪੂ ਅਕਲ ਦਾ ਰਹੇ ਦਿਲ ਕੋਲ ਤਾਂ
ਕਦੇ ਕਦੇ ਇਸ ਨੂੰ ਇਕੱਲਾ ਛੋੜ ਦੇ।
ਗੈਰਵਾਜਿਬ ਖਾਹਿਸ਼ਾਂ ਨੇ ਜਦ ਸਿਰ ਚੁਕਦੀਆਂ
ਉਹਨਾਂ ਤਾਈਂ ਛੇਤੀ ਹੀ ਮਰੋੜ ਦੇ।
ਲੋਕੀ ਦੇਖਣ ਜਦ ਵੀ ਭੋਰਾ ਖਾਲੀ ਥਾਂ ਤਾਂ
ਉਥੇ ਫਟਾਫਟ ਆਪਣਾ ਉਲੂ ਘਸੋੜ ਦੇ।
ਇਹ ਰਸਮ ਰਿਵਾਜਾਂ ਦੀਆਂ ਜੋ ਵੀ ਨੇ ਵਲਗਣਾਂ
ਤੂੰ ਸਾਰੀਆਂ ਇਹ ਸਰਹੱਦਾਂ ਤੋੜਦੇ।
ਢਿੱਲੋਂ ਨੇ ਤੇਰੇ ਕੋਲ ਜੇ ਸੋਨੇ ਦੇ ਠੀਕਰੇ ਤਾਂ
ਮੇਰੇ ਵੀ ਜ਼ਜ਼ਬਾਤ ਨੇ ਲੱਖਾਂ ਕਰੋੜ ਦੇ।
ਤੁਰ ਗਏ ਜੋ ਪ੍ਰਦੇਸੀਂ ਫਿਰ ਨਹੀਂ ਆਉਣਗੇ
ਜਾਣਗੇ ਬਣ ਛਲੇਡੇ ਫਿਰ ਨਹੀਂ ਥਿਆਉਣਗੇ।
ਪੈਸੇ ਦੀ ਭੁੱਖ ਮਿਟ ਜੂ ਭਾਵੇਂ ਅਜ਼ਲਾਂ ਦੀ
ਕਵੀ ਦੀ ਛਪਣੀ ਨਵੀਂ ਕਿਤਾਬ ਨਾ ਗ਼ਜ਼ਲਾਂ ਦੀ
ਕੌਣ ਸਲਾਮ ਕਰੂ ਨਿਰਮੋਹੀ ਧਰਤੀ 'ਤੇ
ਮਾਣ ਦੇ ਨਾਲ ਨਾ ਕੋਈ ਸਾਹਿਬ ਲਗਾਉਣਗੇ।
ਬੁੱਲ੍ਹਾਂ ਵਿੱਚ ਮੀਸਣਾਂ ਹਾਸਾ ਹੱਸਣਗੇ
ਮਨ ਦੀ ਪੀੜ ਕਿਸੇ ਨੂੰ ਨਾ ਪਰ ਦੱਸਣਗੇ।
ਜਦੋਂ ਆਉਣਗੇ ਚੈਨੀ ਪਾ ਕੇ ਸੋਨੇ ਦੀ
ਲੋਕਾਂ ਦੇ ਵਿੱਚ ਆਪਣੀ ਭੱਲ੍ਹ ਬਣਾਉਣਗੇ।
ਚਕਾਚੌਂਧ ਡਾਲਰ ਦੀ ਪਾਗਲ ਕਰਦੀ ਹੈ
ਤਾਹੀਏਂ ਦੁਨੀਆਂ ਬਾਹਰ ਜਾਣ ਲਈ ਮਰਦੀ ਹੈ।
ਮਨ ਵਿੱਚ ਉਪਜੇ ਅੱਧ ਮਰੇ ਜਹੇ ਸ਼ੇਅਰਾਂ ਨੂੰ
ਡਾਲਰ ਦੀ ਤਹਿ ਦੇ ਹੇਠਾਂ ਦਫ਼ਨਾਉਣਗੇ।
ਬੂਰ ਦੇ ਲੱਡੂ ਦੂਰ ਦੇ ਢੋਲ ਸੁਹਾਵਣੇ ਨੇ,
ਕੁਝ ਤੁਰ ਗਏ, ਬਾਕੀ ਰਹਿੰਦੇ ਤੁਰ ਜਾਵਣੇ ਨੇ।
ਤੁਰ ਗਏ, ਰਹਿ ਗਏ ਜਦੋਂ ਮਿਲਣਗੇ ਆਪਸ ਵਿੱਚ
ਇੱਕ ਦੂਜੇ ਨੂੰ ਆਪਣੇ ਦੁੱਖ ਸੁਣਾਉਣਗੇ।
ਅਮਰਜੀਤ ਢਿੱਲੋਂ ਦੱਸ ਤੂੰ ਕੀ ਲੈਣਾ ਹੈ
ਡਾਚੀਆਂ ਨੇ ਤਾਂ ਮਾਰੂਥਲ ਵਿੱਚ ਰਹਿਣਾ ਹੈ।
ਇਹ ਮ੍ਰਿਗ ਤ੍ਰਿਸ਼ਨਾ ਰਹਿਣ ਦੇ ਭਟਕੇ ਹਿਰਨਾਂ ਲਈ
ਤੇਰੇ ਗੀਤ ਤਾਂ ਇੱਥੇ ਸਦਾ ਜਿਉਣਗੇ।
ਕਰਦਾ ਰਿਹਾ ਫਜ਼ੂਲ ਮੈਂ ਐਵੇਂ ਉਸਦੀ ਰੋਜ਼ ਉਡੀਕ
ਕਹਿੰਦਾ ਰਿਹਾ ਜੋ ਮੈਂ ਫਰਵਰੀ ਦੀ ਹਾਂ ਤੀਹ ਤਰੀਕ।
ਅੱਕ ਫੰਬਿਆਂ ਜਿਹੇ ਆਦਮੀ ਕੀ ਇਨ੍ਹਾਂ ਦੀ ਔਕਾਤ
ਕਿੱਥੇ ਜੰਮ ਕੇ ਹੋਵਦੇ ਜਾ ਕਿੱਥੋਂ ਦੇ ਵਸਨੀਕ।
ਉਡਣੋਂ ਪਹਿਲਾਂ ਤੋਲ ਲੈ ਤੂੰ ਪੰਛੀ ਆਪਣੇ ਖੰਭ
ਦਿਸਹੱਦੇ ਦੀ ਹੱਦ ਨਾ ਕਿਸੇ ਵੀ ਅੰਬਰ ਤੀਕ।
ਫਟਿਆ ਸੀ ਜਵਾਲਾਮੁਖੀ ਜਦ ਉਸ ਕੱਢੀ ਸੀ ਗਾਲ੍ਹ
ਅੰਦਰੇ ਅੰਦਰ ਪੀ ਗਿਆ ਐਪਰ ਮੈਂ ਆਪਣੀ ਚੀਕ।
ਕੈਨਵਸ ਉਤੇ ਆਉਣ ਲਈ ਸਨ ਰਹੇ ਤਰਸਦੇ ਰੰਗ
ਕਿੰਨੇ ਅਣਵਾਹੇ ਚਿਤਰ ਸਾਂ ਖੁਦ ਹੀ ਗਿਆ ਮੈਂ ਡੀਕ।
ਮਾਂ ਜਾਏ ਰਿਸ਼ਤੇ ਨਹੀਂ ਅਪਣਾਏ ਗਏ ਜਦੋਂ
ਨਫ਼ਰਤ ਦੀ ਗੰਢ ਬੱਝ ਗਈ ਮਨ ਵਿੱਚ ਇੱਕ ਬਾਰੀਕ।
ਜਦ ਤੱਕ ਆਪਣੇ ਆਪ ਲਈ ਨਹੀਂ ਤੇਰੀ ਕੋਈ ਉਮੀਦ
ਤਦ ਤੱਕ ਇਸ ਦੁਨੀਆਂ ਲਈ ਤੂੰ ਬੰਦਾ ਬਹੁਤ ਹੈ ਠੀਕ।
ਕਾਲੀ ਬੋਲੀ ਜਿਹੀ ਬਲਾ, ਗਈ ਝਪਟਾ ਮਾਰ ਕੇ ਡੋਲ੍ਹ
ਪਿਆਲਾ ਪਹੁੰਚ ਗਿਆ ਸੀ ਉਂਜ ਤਾਂ ਮੇਰੇ ਲਬ ਤੀਕ।
ਢਿੱਲੋਂ ਸਭ ਸ਼ਰੀਕੜਾ ਗਿਆ ਚੰਦਰਾ ਜਿਹਾ ਹੈ ਬਣ
ਜੰਮਦੇ ਨਿੱਤ ਕਬੀਲੜੇ ਵਿੱਚ ਦੁਸਮਣ ਰੋਜ ਸ਼ਰੀਕ।
ਜ਼ਰਜ਼ਰੀ ਬੇੜੀ ਹੈ ਠਿੱਲ ਹੋਊ ਕਿਵੇਂ।
ਜੇ ਖੜ੍ਹੇ ਰਹੇ ਨੇੜੇ ਸਾਹਿਲ ਹੋਊ ਕਿਵੇਂ।
ਬੰਦਿਸ਼ਾਂ ਹੀ ਬੰਦਿਸ਼ਾਂ ਚਹੁੰਤਰਫ਼ ਨੇ
ਇਸ ਤਰ੍ਹਾਂ ਰਹਿਆ ਤਾਂ ਮਿਲ ਹੋਊ ਕਿਵੇਂ।
ਐਨੀ ਲੰਮੀ ਕੌਣ ਹੁਣ ਕਰਦੈ ਉਡੀਕ
ਕੀ ਪਤਾ ਭਲਕੇ ਇਹ ਦਿਲ ਹੋਊ ਕਿਵੇਂ।
ਲੈ ਸੁਰਾਹੀਂ ਜਾਮ ਸਾਕੀ ਹੈ ਖੜਾ
ਇਸ ਜਗ੍ਹਾ ਤੋਂ ਹੁਣ ਫਿਰ ਹਿਲ ਹੋਊ ਕਿਵੇਂ।
ਸਜ ਰਹੀ ਹੈ ਖੂਬ ਅੱਜ ਮਿੱਤਰਾਂ ਦੇ ਨਾਲ
ਕੀ ਪਤਾ ਕੱਲ੍ਹ ਨੂੰ ਮਹਿਫਿਲ ਹੋਊ ਕਿਵੇਂ।
ਤੇਰੇ ਮ੍ਰਿਗ ਨੈਣਾਂ ਦੇ ਹੁੰਦਿਆਂ ਕੋਈ ਹੋਰ
ਮੇਰੇ ਇਸ ਦਿਲ ਦਾ ਕਾਤਿਲ ਹੋਊ ਕਿਵੇਂ।
ਸਿਦਕ ਤੇ ਅਹਿਸਾਸ ਬਿਨ ਇਨਸਾਨ ਨੂੰ
ਇਨਸਾਨ ਦਾ ਦਰਜਾ ਹਾਸਿਲ ਹੋਊ ਕਿਵੇਂ।
ਢਿੱਲੋਂ ਜੇਕਰ ਜ਼ਿੰਦਗੀ ਦੇ ਨਾਲ ਪਿਆਰ ਹੈ
ਜ਼ਿੰਦਗੀ ਫਿਰ ਇਹ ਮੁਸ਼ਕਿਲ ਹੋਊ ਕਿਵੇਂ।
ਇਸ ਤੋਂ ਤਾਂ ਵੱਧ ਸੱਜਣਾ ਸਾਡੇ ਕੁਝ ਵੀ ਨਹੀਂ ਅਖਤਿਆਰ।
ਤੇਰੀ ਹਾਲਤ 'ਤੇ ਵੀ ਹੰਝੂ ਕੇਰ ਦਿਆਂਗੇ ਚਾਰ।
ਸਾਰੀ ਰਾਤ ਖਿਆਲਾਂ ਵਿੱਚ ਇੱਕ ਰਹੇ ਚਾਂਦਨੀ ਰੋਜ
ਚਾਹ ਦੇ ਕੱਪ 'ਚ ਡੁੱਬ ਜਾਂਦੀ ਹੈ ਤੜਕੇ ਉੱਠਣਸਾਰ।
ਤੂੰ ਆਵੇਂ ਤਾਂ ਮੇਰੇ ਦਿਲ ਨੂੰ ਵੀ ਆ ਜਾਊ ਯਕੀਨ
ਨਹੀਂ ਤਾਂ ਸੁਣਦੇ ਰਹਾਂਗੇ ਰੋਜ ਹੀ ਆਈ ਹੋਈ ਬਹਾਰ।
ਕੀਹਦੀ ਕੀਹਦੀ ਜ਼ਿੰਦਗੀ ਦੀ ਹੁਣ ਮੰਗੀਏ ਰੋਜ ਦੁਆ,
ਨਫ਼ਰਤ ਅੰਦਰ ਝੁਲਸ ਰਿਹਾ ਹੈ ਸਾਰਾ ਸ਼ਹਿਰ ਬੀਮਾਰ।
ਤਨਹਾਈ ਦੀ ਜੂਨ ਹੰਢਾਉਣੀ ਕੀਤੀ ਅਸਾਂ ਕਬੂਲ
ਜਦ ਆਪਣੇ ਵਿਹੜੇ ਵਿੱਚ ਡਿਠਾ ਰਿਸ਼ਤਿਆਂ ਦਾ ਵਪਾਰ।
ਅਸਲੀਅਤ ਵਿੱਚ ਠੱਗਦੇ ਇੱਥੇ ਇੱਕ ਦੂਜੇ ਨੂੰ ਲੋਕ
ਉੱਪਰੋਂ ਉੱਪਰੋਂ ਕਹਿੰਦੇ ਰਹਿੰਦੇ ਦਿਲਬਰ, ਮਹਿਰਮ, ਯਾਰ।
ਆਪਣਾ ਆਪ ਲੁਟਾ ਕੇ ਹੋਕਾ ਦਿੰਦੇ ਅਕਸਰ ਲੋਕ
ਐਵੇਂ ਨਹੀਂ ਹਾਂ ਅਸੀਂ ਵੀ ਡਿੱਠਾ ਹੈ ਸਾਰਾ ਸੰਸਾਰ।
ਪਹਿਲੇ ਨੇਕੀ ਕਰ ਦਰਿਆ ਵਿੱਚ ਸੁੱਟ ਆਉਂਦੇ ਸਨ ਲੋਕ
ਅੱਜ ਕੱਲ੍ਹ ਬਦੀਆਂ ਕਰਕੇ ਵੀ ਛਪਵਾਉਂਦੇ ਨੇ ਇਸ਼ਤਿਹਾਰ।
ਫਿਰ ਅਰਮਾਨਾਂ ਦੇ ਮੇਲੇ ਵਿੱਚ ਤੱਕੀਏ ਆਪਣਾ ਆਪ
ਕੀ ਪਤਾ ਕਦ ਵਿਧਵਾ ਹੋਸੀ ਦੇਹੀ ਦੀ ਮੁਟਿਆਰ।
ਜਦ ਉਹ ਤਪਦੇ ਸਿਖਰ ਦੁਪਿਹਰੇ ਯਾਦ ਆਉਣਗੇ। ਰਾਹਾਂ ਦੇ ਕੁਝ ਰੁੱਖ ਸੁਨਹਿਰੇ ਯਾਦ ਆਉਣਗੇ।
ਜਦੋਂ ਰਵਾਨੀ ਤਕਾਂਗੇ ਵਗਦੇ ਪਾਣੀ ਦੀ ਤਦ ਕੁਝ ਪਾਣੀ ਨਿਤਰੇ , ਠਹਿਰੇ ਯਾਦ ਆਉਣਗੇ।
ਗ਼ਦਰਾਏ ਜਿਸਮਾਂ ਨੂੰ ਤਕ ਜਦ ਮਨ ਮਚਲੂ ਤਾਂ ਉਦੋਂ ਵੀ ਕੁਝ ਬਦਨ ਇਕਹਿਰੇ ਯਾਦ ਆਉਣਗੇ।
ਬੁੱਢ –ਵਰੇਸ ਵਿਚ ਪਹੁੰਚ ਗਏ ਜਦ ਲੌਢੇ ਵੇਲੇ ਫਿਰ ਬਚਪਨ ਦੇ ਪਹਿਲੇ ਪਹਿਰੇ ਯਾਦ ਆਉਣਗੇ।
ਜਦ ਨਿਊਯਾਰਕ 'ਤੇ ਟੋਰੰਟੋ ਪਹੁੰਚ ਗਿਆ ਤੂੰ ਫਿਰ ਦਬੜ•ੀਖਾਨਾ ,ਬੇਗੇ ਲਹਿਰੇ ਯਾਦ ਆਉਣਗੇ।
ਜਲ ਘਰਾਂ ਦਾ ਪਾਣੀ ਵੀ ਪਰਦੂਸ਼ਿਤ ਤਕ ਕੇ ਸਾਨੂੰ, ਖੂਹ ਤੋਂ ਪਾਣੀ ਭਰਦੇ ਮਹਿਰੇ ਯਾਦ ਆਉਣਗੇ।
ਵਡ-ਆਕਾਰੀ ਸੂਹੇ ਫੁੱਲ ਗੁਲਾਬੀ ਤੱਕ ਕੇ ਦਿਲ ਵਿਚ ਕਿਧਰੇ ਜ਼ਖ਼ਮ ਵੀ ਗਹਿਰੇ ਯਾਦ ਆਉਣਗੇ।
ਸੜਕ ਸਲੇਟੀ ਦੀ ਭੀੜ ਵਿਚ ਹਉਂਕੀਂ ਹਉਕੀਂ ,ਉਹ 'ਕਲੇ ਤੁਰਨਾ ਨਹਿਰੇ ਨਹਿਰੇ ਯਾਦ ਆਉਣਗੇ।
ਆਪਣੇਜੁਰਮ ਦਾ ਮੁਨਸਿਫ਼ ਬਣ ਇਨਸਾਫ ਜੋ ਕੀਤਾ ਉਹ ਅਦਾਲਤ ਤੇ ਕਟਹਿਰੇ ਯਾਦ ਆਉਣਗੇ।
ਯਾਦ ਕਰ ਢਿੱਲੋਂ ਕੋਈ ਆਪਣੀ ਨੇਕੀ ,ਨਹੀਂ ਫਿਰ ,ਸੜਦੇ ਰਾਵਣ ਅਤੇ ਦੁਸਹਿਰੇ ਯਾਦ ਆਉਣਗੇ।
ਜਾਣੀ ਹੈ ਪਤਝੜਾਂ ਦੀ ਰੁੱਤ ਆਉਣੀ ਬਹਾਰ ਹੋਰ।
ਜ਼ਿੰਦਗੀ ਪਿਆਸੀ ਹੈ ਬੜੀ ਮੰਗਦੀ ਹੈ ਪਿਆਰ ਹੋਰ।
ਹੁਣ ਤਕ ਕਮਾਈਆਂ ਯਾਰੀਆਂ ਦੇਖੀਂ ਨਾ ਬੈਠੀਂ ਤੋੜ
ਉਮਰਾਂ ਦੇ ਇਸ ਮੁਕਾਮ 'ਤੇ ਬਨਣੇ ਨਹੀਂ ਯਾਰ ਹੋਰ।
ਜਿੰਨੇ ਕੁ ਬੀਜ ਸਕਦੇ ਸੀ ਬੀਜੇ ਨੇ ਫੁੱਲ ਅਸਾਂ ਬਹੁਤ
ਭਾਵੇਂ ਖਿਲਾਰੇ ਨੇ ਲੋਕਾਂ ਇਥੇ ਰਾਹਾਂ 'ਚ ਖ਼ਾਰ ਹੋਰ।
ਜਿਉਂ ਜਿਉਂ 'ਕੱਠਾ ਗਿਆਨ ਦਾ ਕਰਦਾ ਭੰਡਾਰ ਹਾਂ
Îਮੱਥੇ 'ਚ ਵਧਦਾ ਜਾ ਰਿਹਾ ਹੈ ਸੋਚਾਂ ਦਾ ਭਾਰ ਹੋਰ।
ਜ਼ਿੰਦਗੀ ਸੀ ਚਾਰ ਦਿਨ ਦੀ ਰੱਜ ਰੱਜ ਕੇ ਮਾਣ ਲਈ
ਮੁੜ ਸ਼ੁਰੂ ਕਰੀਏ ਫੇਰ ਤੋਂ ਆ ਦਿਨ ਹਾਲੇ ਚਾਰ ਹੋਰ।
ਇਥੋਂ ਦੇ ਧਰਮ ਗੁਰੂ ਜੀ ,ਨੇਤਾ ਤੇ ਅਫਸਰ ਲੋਕ
ਧੰਧੇ ਕਮਾਉਂਦੇ ਹੋਰ ਨੇ ਤੇ ਕਰਦੇ ਵਿਉਪਾਰ ਹੋਰ।
ਇਥੇ ਸਾਲਮ ਸ਼ਹਿਰ ਹੀ ਵਿਕਾਊ ਹੈ ਫਿਰ ਰਿਹਾ
ਛੱਡ ਢਿੱਲੋਂ ਏਸ ਮੰਡੀ ਨੂੰ ਲੱਭੀਏ ਬਾਜ਼ਾਰ ਹੋਰ ।
ਇਸੇ ਬਹਾਨੇ ਕਿਸੇ ਦੇ ਗ਼ਮ ਵਿਚ ਸ਼ਾਮਿਲ ਹੋ ਲੈਂਦੇ ਨੇ ਲੋਕ।----
ਆਪੋ ਆਪਣਾ ਕਰਜ ਚੁਕਾਉਣ ਦਾ ਫਰਜ਼ ਤਾਂ ਬਣਦਾ ਹੈ
ਧਰਤੀ ਮਾਤਾ ਤੇ ਸਮਾਜ ਤੋਂ ਉਮਰਾਂ ਜੋ ਲੈਂਦੇ ਨੇ ਲੋਕ।---
ਆਪਣਾ ਮਕਸਦ ਹੋਵੇ ਤਾਂ ਦੂਜੇ ਦਾ ਦਰ ਖੜਕਾਉਂਦੇ ਨੇ
ਜਦ ਦੂਜੇ ਨੂੰ ਲੋੜ ਪਵੇ ਤਾਂ ਬੂਹੇ ਢੋ ਲੈਂਦੇ ਨੇ ਲੋਕ।
ਕਾਹਦਾ ਹਾਲ ਕਿਸੇ ਦਾ ਪੁਛਦੇ ਲਗਦੈ ਕਰਨ ਮਜ਼ਾਕ ਜਿਵੇਂ
ਛੇਤੀ ਹੀ ਫਿਰ ਆਪਣੇ ਦੁੱਖ ਦੇ ਕਿੱਸੇ ਛੋਹ ਲੈਂਦੇ ਨੇ ਲੋਕ।
ਅੱਜ ਕੱਲ• ਤਾਂ ਪਤੰਗਾਂ ਵਰਗੀ ਇਹ ਦੁਨੀਆਂ ਹੋ ਚਲੀ ਹੈ
ਜਿਧਰ ਹਵਾ ਦਾ ਰੁਖ ਦੇਖਿਆ ਓਧਰ ਹੋ ਲੈਂਦੇ ਨੇ ਲੋਕ।
ਅੱਜ ਦੇ ਇਸ਼ਕ ਦੇ ਹੱਸਣ ਦੀ ਉਮਰਾ ਬਿਲਕੁਲ ਹੀ ਥੋੜ•ੀ ਹੈ
ਨਿਰਾਸ਼ਾ ਦੇ ਆਲਮ ਵਿਚ ਗ਼ਮ ਦੀ ਚੱਕੀ ਝੋ ਲੈਂਦੇ ਨੇ ਲੋਕ।
ਗੰਗਾ 'ਚੋਂ ਅਪਵਿਤਰ ਹੋਕੇ ਫਿਰ ਆਉਂਦੇ ਮੈਅਖ਼ਾਨੇ ਵਿਚ
ਇਥੇ ਬਹਿ ਕੇ ਆਪਣੇ ਦਾਗ ਜਿਗਰ ਦੇ ਧੋ ਲੈਂਦੇ ਨੇ ਲੋਕ।
ਮਾਖਿਉਂ ਮੱਖੀ ਵਾਂਗੂ ਸ਼ਹਿਦ ਇਕੱਠਾ ਕਰਦੇ ਹਾਂ 'ਢਿੱਲੋਂ'
ਪਰ ਕੁਝ ਸ਼ਾਤਿਰ ਪਲਾਂ ਵਿਚ ਇਹ ਛੱਤਾ ਚੋ ਲੈਂਦੇ ਨੇ ਲੋਕ।
ਬਸ ਇਕੋ ਕੰਮ ਆਹ ਨਾ ਹੋਇਆ
ਤੈਨੂੰ ਮੈਥੋਂ ਭੁਲਾ ਨਾ ਹੋਇਆ ।
ਆਪਣੇ ਆਪ ਨਾਲ ਹੀ ਛਿਣ ਭਰ
ਇਕ ਸੰਵਾਦ ਰਚਾ ਨਾ ਹੋਇਆ।
ਤੇਰੇ ਘਰ ਤਕ ਵੀ ਆ ਜਾਣੈ
ਭਾਂਬੜ ਜੇ ਬੁਝਾ ਨਾ ਹੋਇਆ।
ਜਿਸ 'ਚੋਂ ਬੌਣੇ ਦਿਸਦੇ ਲੋਕੀ
ਉਹ ਚਸ਼ਮਾ ਲਾ ਨਾ ਹੋਇਆ।
ਰਹਿੰਦਾ ਹੈ ਤੇਰਾ ਦਿਲ ਬੜਾ ਉਪਰਾਮ ਠੀਕ ਹੈ।
ਮਿਲ ਗਿਆ ਮੈਨੂੰ ਤੇਰਾ ਪੈਗਾਮ , ਠੀਕ ਹੈ।
ਆਵਾਂਗਾ ਤੇਰੇ ਸ਼ਹਿਰ ਮੌਸਮ ਬਦਲ ਜਾਣ ਦੇ
ਲੱਗਾ ਹੈ ਕਰਨ ਮਾਲੀ ਇੰਤਜ਼ਾਮ ਠੀਕ ਹੈ।
ਮੈਂ ਫੁੱਲ ਕਿਸੇ ਬਾਗ 'ਚੋਂ ਨਹੀਂ ਤੋੜਿਆ,ਪਰ
ਖ਼ੁਸ਼ਬੂ ਚੁਰਾਉਣ ਦਾ ਲੱਗਾ ਇਲਜ਼ਾਮ ਠੀਕ ਹੈ।
ਇਸ ਸ਼ਹਿਰ ਵਿਚ ਮੁੱਦਤ ਤੋਂ ਹੀ ਸੁਬ੍ਹਾ ਨਹੀਂ ਹੋਈ
ਧੂਏਂ ਭਰੀ ਇਹ ਕਿੰਜ ਕਹਾਂ ਮੈਂ ਸ਼ਾਮ ਠੀਕ ਹੈ।
ਲਲਚਾ ਨਾ ਉਚੇ ਰੁਤਬਿਆਂ ਵਲ ਦੇਖ ਕੇ ਐ ਦਿਲ!
ਜਿੰਨਾ ਵੀ ਤੇਰਾ ਹੈ ਇਹ ਮੁਕਾਮ ਠੀਕ ਹੈ।
ਕਰ ਰਹੇ ਨੇ ਚਮਨ ਵਿਚ ਰਾਹਬਰ ਹੀ ਰਾਹਜ਼ਨੀ
ਪਰ ਕਹਿ ਵੀ ਰਹੇ ਨੇ ਕਿ ਸ਼ਰੇਆਮ ਠੀਕ ਹੈ।
ਬਦਲੇ ਨਾ ਵਾਰ ਵਾਰ ਕਹਂੀਂ ਅਮਰਜੀਤ ਨੂੰ
ਢਿੱਲੋਂ ਪਿਆਰ ਬਹੁਤ ਹੀ ਤੇਰਾ ਨਾਮ ਠੀਕ ਹੈ
ਆਪਣੀ ਬੀਜੀ ਹੋਈ ਨਫ਼ਰਤ ਹੀ ਵੱਢ ਰਿਹਾ ਹਾਂ।
ਭੋਰ ਭੋਰ ਕੇ ਬੱਲੀਆਂ ਦਾਣੇ ਕੱਢ ਰਿਹਾ ਹਾਂ।
ਮੈਂ ਵੀ ਵਸਦੇ ਘਰ ਦਾ ਸੁਪਨਾ ਲਿਆ ਸੀ
ਪਰ ਹੁਣ ਉਜੜੇ ਪਿੰਡ ਦੀ ਮੋਹੜੀ ਗੱਡ ਰਿਹਾ ਹਾਂ।
ਬਚਪਨ ਦੀ ਲੋਰੀ ਸੁਪਨੇ ਤੇ ਜੋਬਨ ਰੀਝਾਂ
ਜਾਣ ਸਮੇਂ ਹੁਣ ਕੀ ਕੀ ਘਰ ਵਿਚ ਛੱਡ ਰਿਹਾ ਹਾਂ।
ਬਹੁਤ ਬੇਗਾਨਿਆਂ ਨਾਲ ਰਲੇਵੇਂ ਕਰ ਕਰ
ਦੇਖੇ ਪਰ ਦੁੱਖ ਹੈ ਕਿ ਖ਼ੁਦ ਦੇ ਕੋਲੋਂ ਅੱਡ ਰਿਹਾ ਹਾਂ।
ਲੋਕਾਂ ਤਾਈਂ ਨਸਹੀਤ ਦਰ ਨਸੀਹਤ ਕਰਦਾਵੀ
ਢਿੱਲੋਂ ਪਰ ਮੈਂ ਕਿੰਨਾ ਆਪ ਉਜੱਡ ਰਿਹਾ ਹਾਂ
ਹੁੰਦਾ ਨਹੀਂ ਹੈ ਉਥੇ ਬੰਦਾ ਭਾਵੇਂ ਬੈਠਾ ਲਗਦਾ ਹੈ।
ਹਰ ਇਕ ਸਖਸ਼ ਹੀ ਇਥੇ ਭੁੱਲ ਭੁਲਾਵੇਂ ਬੈਠਾ ਲਗਦਾ ਹੈ।
ਕਿਸੇ ਦੇ ਸਿਰ 'ਤੇ ਛਤਰੀ ਬਣਿਆ ਹੋਇਆ ਬੰਦਾ ਵੀ
ਜੇ ਦੇਖੋ ਤਾਂ ਅਕਸਰ ਆਪਣੀ ਛਾਵੇਂ ਬੈਠਾ ਲਗਦਾ ਹੈ।
ਸਾਡਾ ਆਪਸ ਵਿਚ ਫਾਸਲਾ ਬਹੁਤ ਹੈ ਇਕ ਮੁੱਦਤ ਤੋਂ
ਐਪਰ ਦਰਸ਼ਕਾਂ ਨੂੰ ਉਹ ਮੇਰੇ ਸਾਹਵੇਂ ਬੈਠਾ ਲਗਦਾ ਹੈ।
'ਹਾਕਿੰਗ' ਵਰਗਾ ਫੋਲ ਰਿਹਾ ਹੈ ਖੰਡ ਬ੍ਰਹਿਮੰਡ ਕੋਈ,
ਲੋਕਾਂ ਨੂੰ ਉਹ ਕੁਰਸੀ ਉਤੇ ਇਕ ਥਾਵੇਂ ਬੈਠਾ ਲਗਦਾ ਹੈ।
ਕਿਸੇ ਅਨੰਤ ਸਫਰ ਵਿਚ ਤੁਰਿਆ ਹੋਇਆ ਹੈ ਮੇਰਾ ਮਨ
ਉਂਜ ਜਦੋਂ ਵੀ ਤੂੰ ਆਵੇਂ ਜਾਂ ਜਾਵੇਂ ਬੈਠਾ ਲਗਦਾ ਹੈ।
'ਢਿੱਲੋਂ' ਕਿਸੇ ਦੀ ਯਾਦ ਵਿਚ ਅੰਬਰੀਂ ਉਡਿਆ ਫਿਰਦਾ ਹੈ
ਉਂਜ ਜਦੋਂ ਵੀ ਆਕੇ ਤੂੰ ਬੁਲਾਵੇਂ ਬੈਠਾ ਲਗਦਾ ਹੈ।
ਕਿੰਨੇ ਧੋਖੇ ਖਾਧੇ ਫਿਰ ਵੀ ਹਾਂ ਚੰਗੇ ਰਹੇ।
ਮੇਰੇ ਮਨ ਵਿਚ ਪਿਆਰ ਦੇ ਹੁੰਦੇ ਦੰਗੇ ਰਹੇ।
ਢਕ ਕੇ ਰੱਖੇ ਗਏ ਨਾ ਕੂੜ ਮੁਲੰਮੇ 'ਚ
ਮੇਰੇ ਸਭ ਅਲਫ਼ਾਜ਼ ਹਮੇਸ਼ਾ ਨੰਗੇ ਰਹੇ।
ਕਿੰਨੀ ਵਾਰੀ ਤੌਬਾ ਕਰੀ ਮੁਹੱਬਤ ਤੋਂ
ਪਰ ਚੰਦਰੇ ਜ਼ਜ਼ਬਾਤ ਨੇ ਲੈਂਦੇ ਪੰਗੇ ਰਹੇ।
ਵਕਤ ਹਮੇਸ਼ਾ ਦੁਸ਼ਮਣ ਤੇ ਦੋਸਤ ਬਣਿਆ
ਕਿੰਨੇ ਪਹਿਰ ਹੀ ਸੂਲੀ ਉਤੇ ਟੰਗੇ ਰਹੇ।
ਜ਼ਿੰਦਗੀ 'ਚ ਉਂਜ ਤਾਂ ਝੋਲੀ ਅੱਡੀ ਨਾ
ਪਰ ਮੁਹੱਬਤ ਲਈ ਸਦਾ ਭਿਖਮੰਗੇ ਰਹੇ।
ਜ਼ਿੰਦਗੀ ਰੱਜ ਕੇ ਮਾਣੀ ਪਰ ਨਾ ਭੁੱਖ ਮਿਟੀ
ਸੁਪਨੇ ਆਉਂਦੇ ਫਿਰ ਵੀ ਰੰਗ ਬਰੰਗੇ ਰਹੇ।
ਢਿੱਲੋਂ ਲੋਕਾਂ ਵਾਂਗ ਸਲੀਕਾ ਨਾ ਆਇਆ
ਸਾਰੀ ਉਮਰ ਹੀ ਬੇਫ਼ਿਕਰ ਬੇਢੰਗੇ ਰਹੇ।
ਇਸ ਬੇਦਰਦ ਮੁਹੱਬਤ ਦਾ ਇਹ ਹੀ ਅੰਜ਼ਾਮ ਹੋਣਾ ਹੀ।
ਅੱਖਾਂ 'ਚ ਸੀ ਨਮੀ ਹੋਣੀ ਦਿਲ 'ਚ ਕੋਹਰਾਮ ਹੋਣਾ ਸੀ।
ਚਲੋ ਚੰਗਾ ਵਿਛੜ ਗਏ ਆਪਾਂ ਫੁੱਲਾਂ ਦੀ ਮਹਿਕ ਵਾਂਗੂ
ਜੇ 'ਕਠੇ ਰਹਿੰਦੇ ਐਵੇਂ ਖਾਹ -ਮਖਾਹ ਬਦਨਾਮ ਹੋਣਾ ਸੀ।
ਮੁਹੱਬਤ ਰਹਿ ਨਹੀਂ ਸਕਦੀ ਸ਼ੱਕ ਦੀ ਸਲਤਨਤ ਅੰਦਰ
ਤੇਰੇ ਇਸ ਸ਼ੱਕੀ ਮਿਜ਼ਾਜ਼ ਕਰਕੇ ਮੈਂ ਬੇਆਰਾਮ ਹੋਣਾ ਸੀ।
ਬੜੀ ਪਿਆਰੀ ਹੈ ਤਨਹਾਈ ਇਹ ਮੇਰੀ ਮੁੱਢ ਤੋਂ ਸਾਥਣ
ਇਹਨੇ ਹੀ ਨਾਲ ਮੇਰੇ ਹਰ ਸੁਬਾਹ ਅਤੇ ਸ਼ਾਮ ਹੋਣਾ ਸੀ।
ਮੇਰੀ ਹੀ ਬੇਵਫ਼ਾਈ ਨੇ ਹੈ ਮੁਆਸ਼ਰੇ ਦੀ ਲਾਜ ਰੱਖ ਲਈ
ਚਰਚਾ ਵਫ਼ਾਵਾਂ ਦਾ ਐਵੇਂ ਫਿਰ ਤੋਂ ਸ਼ਰੇਆਮ ਹੋਣਾ ਸੀ।
ਇਹ ਚੰਦਰੇ ਲਫ਼ਜ਼ ਮੈਥੋਂ ਬੇਮੁਹਾਰੇ ਖੁਦ ਬਖ਼ੁਦ ਹੋ ਜਾਂਦੇ
ਚਾਹੀਦਾ ਹਰ ਅਲਫ਼ਾਜ ਕਵੀ ਦਾ ਗੁਲਾਮ ਹੋਣਾ ਸੀ।
ਸਾਵਣ ਰੁੱਤ ਕਿਧਰੇ ਜੇ ਮਿਲਾਪਾਂ ਵਾਲੀ ਬਣ ਜਾਂਦੀ
ਮੇਰੇ ਹੱਥਾਂ 'ਚ ਆਥਣ ਦਾ ਇਹ ਕਿਥੇ ਜਾਮ ਹੋਣਾ ਸੀ।
ਸੋਨ ਮਿਰਗ ਦੀ ਨਾ ਤਲਬ ਕਰਦੀ ਸੀਤਾ ਤੂੰ ਬਣਦੀ
ਵਿਛੋੜੇ ਵਿਚ ਤੜਪਦਾ ਫਿਰ ਕਦੋਂ ਮੈਂ ਰਾਮ ਹੋਣਾ ਸੀ।
ਢਿੱਲੋਂ ਤੈਨੂੰ ਜੁਦਾਈ ਦੇ ਇਹ ਨਸ਼ਤਰ ਜੇ ਨਾ ਚੁਭਦੇ
ਫਿਰ ਇਸ ਗ਼ਜ਼ਲ ਦਾ ਦਸ ਕਦੋਂ ਇਲਹਾਮ ਹੋਣਾ ਸੀ।
ਹਾਲਾਤ ਇਨਸਾਨ ਨੂੰ ਕੁਰੱਖ਼ਤ ਬਣਾ ਦਿੰਦੇ ਨੇ।
ਕਈ ਵਾਰ ਤਖਤਿਆਂ ਨੂੰ ਤਖ਼ਤ ਬਣਾ ਦਿੰਦੇ ਨੇ।
ਆਪਣੇ ਅੰਦਰ ਪੈਦਾ ਕਰ ਹਰਿਆਲੀ ਦੋਸਤੀ ਦੀ
ਸਹਿਰਾ ਤਾਈਂ ਵੀ ਜੰਨਤ ਦਰੱਖਤ ਬਣਾ ਦਿੰਦੇ ਨੇ।
ਇੱਕ ਦੂਸਰੇ ਤੋਂ ਵਾਰ ਦੇਣੀ ਜ਼ਿੰਦ ਹੈ ਮੁਹੱਬਤ ਤਾਂ
ਮੁਹੱਬਤ ਤਾਈਂ ਖੇਡ ਕੁਝ ਕੰਬਖ਼ਤ ਬਣਾ ਦਿੰਦੇ ਨੇ।
ਮਖ਼ਮਲੀ ਜਿਹੇ ਚਿਹਰੇ ਹੁੰਦੇ ਤਾਂ ਨੇ ਮੁਲਾਇਮ ਹੀ
ਕੁਝ ਹਾਦਸੇ ਉਹਨਾਂ ਨੂੰ ਵੀ ਸਖ਼ਤ ਬਣਾ ਦਿੰਦੇ ਨੇ।
ਦੋਸਤ ਵਖ਼ਤ ਕਰਦੇ ਸੁਹਣੇ ਵਕਤ 'ਚ ਤਬਦੀਲ
ਸਵਾਰਥੀ ਬੰਦੇ ਵਕਤ ਨੂੰ ਵਖ਼ਤ ਬਣਾ ਦਿੰਦੇ ਨੇ।
ਕਈ ਸ਼ੇਅਰ ਜ਼ਿਹਨ 'ਚ ਵਰਿ•ਆਂ ਬੱਧੀ ਨੇ ਰੁਲਦੇ
ਕਈ ਗ਼ਜ਼ਲਾਂ ਸ਼ਾਇਰ ਯਕਲਖ਼ਤ ਬਣਾ ਦਿੰਦੇ ਨੇ।
ਢਿੱਲੋਂ ਆਪਣੇ 'ਚ ਪੈਦਾ ਕਰ ਤੂੰ ਹਲੀਮੀ ਤੇ ਸਬਰ
ਇਹ ਗੁਣ ਜ਼ਿੰਦਗੀ ਨੂੰ ਸੁਰੱਖਤ ਬਣਾ ਦਿੰਦੇ ਨੇ।
ਖ਼ਾਹ ਮਖ਼ਾਹ ਨਾ ਐਵੇਂ ਖ਼ਾਮ ਖ਼ਿਆਲੀਆਂ ਪੈਦਾ ਕਰੋ।
ਕੁਝ ਦਿਲਚਸਪ ਕਹਾਣੀਆਂ ਮਤਵਾਲੀਆਂ ਪੈਦਾ ਕਰੋ।
ਜੇ ਚਾਹੁੰਦੇ ਹੋ ਗੌਣ ਵਾਲੇ ਪੰਛੀ ਇਸ ਵਿਚ ਆਉਣ ਤਾਂ
ਆਪਣੇ ਦਿਲ 'ਚ ਦੋਸਤੋ ਹਰਿਆਲੀਆਂ ਪੈਦਾ ਕਰੋ।
ਜੇ ਲੁਟੇਰੇ ਹੋ ਰਹੇ ਨੇ ਪੈਦਾ ਇਸ ਨਿਜ਼ਾਮ ਵਿਚ ਤਾਂ
ਤੁਸੀਂ ਵੀ ਅੰਦਰ ਆਪਣੇ ਰਖਵਾਲੀਆਂ ਪੈਦਾ ਕਰੋ।
ਛੱਡ ਦਿਓ ਇਹ ਰੋਣੇ ਧੋਣੇ ਵਿਹਲੜਾਂ ਸੰਗ ਬਹਿਣ ਦੇ
ਕਿਰਤ ਕਰਕੇ ਚਿਹਰੇ ਉਪਰ ਲਾਲੀਆਂ ਪੈਦਾ ਕਰੋ।
ਜੇ ਤੁਸੀਂ ਚਾਹੁੰਦੇ ਹੋ ਲਫ਼ਜ਼ ਡਿਗਣ ਨਾ ਤਹਿਜ਼ੀਬ ਤੋਂ
ਭੁੱਲ ਕੇ ਵੀ ਜ਼ੁਬਾਨ 'ਚ ਨਾ ਗਾਲੀਆਂ ਪੈਦਾ ਕਰੋ।
ਫੁੱਲ , ਬੱਚੇ , ਰੁੱਖ , ਪੰਛੀ ਮੁਸਕਰਾਉਂਦੇ ਰਹਿਣ ਲਈ
ਕਦੇ ਨਾ ਫਿਰ ਤੋਂ ਉਹ ਰੁੱਤਾਂ ਕਾਲੀਆਂ ਪ ੈਦਾ ਕਰੋ।
ਰੋਕਣੀ ਲੁੱਟ ਕਿਰਤ ਦੀ ਲਿਆਉਣੀ ਸਾਂਝੀਵਾਲਤਾ
ਰਲ ਕੇ ਇਸ ਤਰ•ਾਂ ਦੀਆਂ ਪਰਣਾਲੀਆਂ ਪੈਦਾ ਕਰੋ।
ਧੱਕੇ ਨਾਲ ਤਾਂ ਢਿੱਲੋਂ ਦਾਦ ਦੇਣੀ ਨਹੀਂ ਸਰੋਤਿਆਂ
ਖ਼ੂਬਸੂਰਤ ਜਿਹੇ ਸ਼ੇਅਰ ਆਖੋ , ਤਾਲੀਆਂ ਪੈਦਾ ਕਰੋ।
ਜਾਣ ਵਾਲਾ ਕਾਹਤੋਂ ਪਿਛੇ ਮੁੜ ਕੇ ਦੇਖਦਾ ਹੀ ਨਹੀਂ
ਖ਼ੁਸ਼ਬੂ ਦੀ ਤਰ੍ਹਾਂ ਵੀ ਕੋਈ ਮੇਰੇ ਨਾਲ ਜੁੜ ਕੇ ਦੇਖਦਾ ਹੀ ਨਹੀਂ।
ਸੱਭ ਦੀ ਨਿਗਾ• ਅੰਬਰ ਦੇ ਵੱਲ ਉਪਰ ਜਾਣ ਦੀ ਤਾਂ ਹੈ ਐਪਰ
ਧਰਤੀ ਉੱਤੇ ਪਾਣੀ ਦੀ ਤਰਾਂ ਕੋਈ ਰੁੜ• ਕੇ ਦੇਖਦਾ ਹੀ ਨਹੀਂ।
ਅਲਵਿਦਾ ਕਹਿੰਦੀ ਹੈ ਉਸਨੂੰ ਟਾਹਣੀ ਰੁੱਖ ਦੀ ਹਿਲਕੇ ਕਿਵੇਂ ?
ਬਿਰਖ ਤੋਂ ਉਡਿਆ ਪਰਿੰਦਾ ਇਹ ਮੁੜ ਕੇ ਦੇਖਦਾ ਹੀ ਨਹੀਂ।
ਹਿੰਦੂ, ਸਿੱਖ , ਇਸਾਈ , ਮੁਸਲਮਾਨ ਤਾਂ ਬਣਦੇ ਸੱਭ ਨੇ ਇੱਥੇ
ਪਰ ਕੋਈ ਇਨਸਾਨੀਅਤ ਦੇ ਨਾਲ ਜੁੜ ਕੇ ਦੇਖਦਾ ਹੀ ਨਹੀਂ।
ਉੱਡ ਸਕਦੈ ਜੇ ਮਨ ਵਿੱਚ ਹੋਵੇ ਖਾਹਿਸ਼ ਉੱਡਣ ਦੀ ਤਾਂ ਐਪਰ
ਰੀਂਘਦਾ ਹੋਇਆ ਕੋਈ ਕੀੜਾ ਕਦੇ ਉੜ ਕੇ ਦੇਖਦਾ ਹੀ ਨਹੀਂ।
ਮਾਇਆ ਦੇ ਢੇਰ ਜੋੜਦਾ ਇਹ ਬੰਦਾ ਰਹੇ ਸਾਰੀ ਉਮਰ ਹੀ ਪਰ
ਥੁੜਿ•ਆਂ ਦੇ ਨਾਲ ਇੱਕ ਵਾਰ ਇਹ ਥੁੜ੍ਹ• ਕੇ ਦੇਖਦਾ ਹੀ ਨਹੀਂ।
ਨਫ਼ਰਤ ਦਾ ਕੋਈ ਵੀ ਹਿੰਦਸਾ ਢਿੱਲੋਂ ਜੀ ਭੁੱਲ ਕੇ ਕਦੇ ਵੀ
ਆਪਣੇ ਇਸ ਪਾਗਲ ਮਨ ਦੇ ਵਿੱਚ ਹੁੜ੍ਹ• ਕੇ ਦੇਖਦਾ ਹੀ ਨਹੀਂ।
ਰਸਮਾਂ ਦੇ ਗੁਲਾਮ ਅਸੀਂ ਹਾਂ ਦਿਵਸ ਮਨਾਉਂਦੇ ਬੰਦੀ ਛੋੜ।
ਆਪਣੇ ਮਸਤਿਕ ਅੰਦਰ ਵੀ ਹੈ ਅੱਜ ਦੀਵਾ ਬਾਲਣ ਦੀ ਲੋੜ।
ਆਪਣੇ ਤਨ ਦੇ ਖੋਲ 'ਚ ਕੈਦ ਹੈ ਅੱਜਕੱਲ• ਤਾਂ ਹਰਇੱਕ ਜਣਾ
ਹਰ ਕੋਈ ਚਾਹੁੰਦੈ ਮੈਂ ਬੱਸ ਦੂਜੇ ਬੰਦੇ ਤਾਈਂ ਤਾਂ ਦਿਆਂ ਮਰੋੜ।
ਕਹਿਣੀ ਕਰਨੀ ਦਾ ਇੱਕ ਹੋਵੇ ਤੇ ਅੰਦਰੋਂ ਬਾਹਰੋਂ ਵੀ ਸਮਦਰਸ਼ੀ
ਇੱਕ ਬੰਦਾ ਹੀ ਕਾਫੀ ਹੈ ਬੱਸ ਹੋਰ ਚਾਹੀਦੇ ਨਹੀਂ ਲੱਖ ਕਰੋੜ।
ਸਾਹ ਲੈਣ ਦੀ ਕਿਰਿਆ ਨੂੰ ਹੀ ਜੇ ਕਹਿੰਦੇ ਹਾਂ ਜ਼ਿੰਦਗੀ ਤਾਂ
ਰੀਂਘ ਰਹੇ ਜੀਵਾਂ ਵਿੱਚ ਹੀ ਹੈ ਫਿਰ ਤਾਂ ਆਦਮ ਦਾ ਵੀ ਜੋੜ।
ਕਾਵਾਂ ਰੌਲੀ ਦੇ ਇਸ ਯੁਗ ਵਿੱਚ ਸੁਣਦਾ ਕੋਈ ਕਿਸੇ ਦੀ ਨਹੀਂ
ਖ਼ੁਦ ਨੂੰ ਸੱਭ ਸਿਆਣਾ ਸਮਝਣ ਸੱਭ ਵਿੱਚ ਹੈ ਬੋਲਣ ਦੀ ਹੋੜ੍ਹ•।
ਢਿੱਲੋਂ ਤੂੰ ਵੀ ਜ਼ਿੰਦਗੀ ਵਿੱਚ ਲਿਖ ਇੱਕ ਤਾਂ ਇਹੋ ਜਿਹੀ ਗ਼ਜ਼ਲ
ਪੜ੍ਹਨ ਸੁਨਣ ਵਾਲੇ ਨੂੰ ਜਿਹੜੀ ਮਨ ਦੀ ਤਹਿ ਤੱਕ ਦਏ ਝੰਝੋੜ।
ਮੁਲਾਇਮ ਮਖ਼ਮਲੀ ਚਿਹਰਾ ਹੈ ਕਠੋਰ ਬਣਾ ਦਿਤਾ।।
ਮਿੰਨਤਾਂ ਕਰ ਕੇ ਦਿੱਤੀ ਤੇਰੀ ਆਦਤ ਅਸੀਂ ਵਿਗਾੜ
ਜਾਣ ਬੁਝ ਕੇ ਮਹਿਰਮ ਨੂੰ ਆਕੜਖੋਰ ਬਣਾ ਦਿਤਾ।
ਪਹਿਲਾਂ ਗੀਤ ਸੰਗੀਤ ਸੀ ਦਿੰਦਾ ਮਨ ਤਾਈਂ ਸਕੂਨ
ਅੱਜ ਦੇ ਗਾਇਕਾਂ ਇਸਨੂੰ ਭੱਦਾ ਸ਼ੋਰ ਬਣਾ ਦਿਤਾ।
ਜਦ ਵੀ ਮਨ 'ਚ ਪੈਲ੍ਹ ਪਾਉਣ ਦੀ ਰੀਝ ਜਿਹੀ ਜਾਗੀ
ਅਸੀਂ ਕੰਧੋਲੀ ਮਨ 'ਤੇ ਕਲਪਿਤ ਮੋਰ ਬਣਾ ਦਿਤਾ।
ਬਾਜਾਰ ਵਾਲਿਆਂ ਸਭ ਖਿਡੌਣੇ ਮਹਿੰਗੇ ਕਰ ਕਰ ਕੇ
ਦੇਸ਼ ਦੇ ਹਰ ਮੁਫ਼ਲਿਸ ਦਾ ਬੱਚਾ ਚੋਰ ਬਣਾ ਦਿਤਾ।
ਮਰ ਮੁੱਕ ਚੁੱਕੀਆਂ ਰੀਝਾਂ ਤਾਈਂ ਹਰ ਵਾਰੀ ਦਫ਼ਨਾ
ਦਿਲ ਚੰਦਰਾ ਹੈ ਜੀਂਂਦੀ ਜਾਗਦੀ ਗੋਰ ਬਣਾ ਦਿਤਾ।
ਖ਼ੁਦਗਰਜ਼ੀ ਦੀ ਅੰਨ੍ਹੀ ਹਵਸ ਦੀ ਮਾਇਆ ਨਗਰੀ ਨੇ
ਹਰ ਮਾਇਆਧਾਰੀ ਹੈ ਆਦਮਖੋਰ ਬਣਾ ਦਿਤਾ।
ਤੇਰੇ ਇਸ਼ਕ ਨੇ ਮੈਨੂੰ ਜਮਾਂ ਨਿਤਾਣਾ ਜਿਹਾ ਕਰਕੇ
ਇਕ ਬਹਾਦਰ ਬੰਦੇ ਤਾਈਂ ਕਮਜ਼ੋਰ ਬਣਾ ਦਿਤਾ।
ਜਿੰਨੀ ਮਰਜ਼ੀ ਦਏ ਸਫਾਈ ਸੱਚੇ ਹੋਣ ਦੀ ਉਹ
ਢਿੱਲੋਂ ਇਸ਼ਕ ਨੇ ਹੁਸਨ ਨੂੰ ਚਿੱਤਚੋਰ ਬਣਾ ਦਿਤਾ।
ਸਾਡੀ ਕੋਠੀ ਵਿਚ ਦਾਣੇ ਹੋ ਗਏ। ਲਗਦੈ ਆਪਾਂ ਵੀ ਸਿਆਣੇ ਹੋ ਗਏ।
ਜ਼ਿਦ ਕਰਨ ਨਾ ਹੁਣ ਖਿਡੌਣੇ ਵਾਸਤੇ ਬੱਚੇ ਕਿੰਨੇ ਬੀਬੇ ਰਾਣੇ ਹੋ ਗਏ।
ਭੁੱਲ੍ਹ ਜਾ ਹੁਣ ਤੱਕੜੀ ਇਨਸਾਫ ਦੀ ਜੱਜ ਰਾਜੇ ਅੰਨ੍ਹੇ ਕਾਣੇ ਹੋ ਗਏ।
ਸੱਦਾ ਦੇਈਏ ਹੁਣ ਕਿਹੜੇ ਚੋਰ ਨੂੰ ਮੱਤਦਾਤੇ ਜੀਅ-ਭਿਆਣੇ ਹੋ ਗਏ।
ਮੈਂ ਵੀ ਹਾਂ ਕਬੀਲਦਾਰ ਹੋ ਗਿਆ ਤੇਰੇ ਵੀ ਹੁਣ ਨੇ ਨਿਆਣੇ ਹੋ ਗਏ।
ਜਿੰਨ੍ਹਾਂ ਨੂੰ ਸੀ ਰੋ ਕੇ ਪੜ੍ਹਿਆ ਕਦੇ ਹਾਏ ਉਹ ਖ਼ਤ ਵੀ ਪੁਰਾਣੇ ਹੋ ਗਏ।
ਨਿੱਤ ਲਿਖਣੇ ਪੈਂਦੇ ਨੇ ਰੋਜ਼ਨਾਮਚੇ ਘਰ ਵੀ ਲਗਦੇ ਨੇ ਥਾਣੇ ਹੋ ਗਏ।
ਕਿਰਤ ਦਾ ਉਪਦੇਸ਼ ਦਿੰਦੇ ਫਿਰ ਰਹੇ ਕਿੰਨੇ ਲੋਕ ਨੇ ਮੰਗ ਖਾਣੇ ਹੋ ਗਏ।
ਖ਼ਾਮੋਸ਼ ਚਿੰਤਨ ਕਰਨ ਦਾ ਹੈ ਵਕਤ ਬਹੁਤ ਢਿੱਲੋਂ ਗੀਤ ਗਾਣੇ ਹੋ ਗਏ।।
ਇਸ ਤਰ੍ਹਾਂ ਗੁਜ਼ਰੇ ਵਰ੍ਹੇ ਕੁਝ ਵੀ ਪਤਾ ਲਗਿਆ ਨਹੀਂ।
ਮੈਂ ਰਿਹਾ ਖ਼ੁਦ ਤੋਂ ਪਰ੍ਹੇ• ਕੁਝ ਵੀ ਪਤਾ ਲਗਿਆ ਨਹੀਂ।
ਕਿੰਨੀਆਂ ਹੀ ਰੁੱਤਾਂ ਬੇਦਸਤਕ ਲੰਘ ਗਈਆਂ ਬਾਰ 'ਚੋਂ
ਕਹਿਣ ਨੂੰ ਸਾਂ ਮੈਂ ਘਰੇ ਕੁਝ ਵੀ ਪਤਾ ਲਗਿਆ ਨਹੀਂ।
ਜਿੰਨਾਂ ਦੀ ਦੋਸਤੀ ਨੂੰ ਮੈਂ ਸੀ ਸਾਰਾ ਸਮਰਿਪਤ ਹੋ ਗਿਆ
ਦੋਸਤ ਸਨ ਕਿ ਮਸਖ਼ਰੇ ਕੁਝ ਵੀ ਪਤਾ ਲਗਿਆ ਨਹੀਂ।
ਫਟ ਰਹੇ ਬੰਬਾਂ ਅਤੇ ਵਰਦੀਆਂ ਗੋਲੀਆਂ ਦੇ ਸ਼ੋਰ ਵਿਚ
ਸੀ ਆਪਣੇ ਕਿੰਨੇ ਮਰੇ ਕੁਝ ਵੀ ਪਤਾ ਲਗਿਆ ਨਹੀਂ।
ਉਮਰ ਦੀ ਪੱਤਝੜ 'ਚ ਆਕੇ ਸੁੱਕ ਗਏ ਉਮਰਾਂ ਦੇ ਬਾਗ
ਜ਼ਖ਼ਮ ਕਿਉਂ ਦਿਲ ਦੇ ਹਰੇ ਕੁਝ ਵੀ ਪਤਾ ਲਗਿਆ ਨਹੀਂ।
ਮੈਂ ਹੀ ਸਾਂ ਮਦਹੋਸ਼ ਕਿ ਜਾਂ ਸੀ ਇਹ ਜ਼ਮਾਨਾ ਬੇਖ਼ਬਰ
ਕੀ ਹੋ ਹੋ ਗਿਆ ਅਰੇ ਅਰੇ ਕੁਝ ਵੀ ਪਤਾ ਲਗਿਆ ਨਹੀਂ।
ਨਾ ਹੀ ਹੈ ਕੋਈ ਤੂਫਾਨ ਤੇ ਨਾ ਹੀ ਸ਼ਿਕਾਰੀ ਦਿਸ ਰਹੇ
ਕਾਹਤੋਂ ਪਰਿੰਦੇ ਨੇ ਡਰੇ ਕੁਝ ਵੀ ਪਤਾ ਲਗਿਆ ਨਹੀਂ।
ਇਸ਼ਕ ਦੀ ਡੂੰਘੀ ਨਦੀ 'ਚ ਕੁੱਦੇ ਸਾਂ ਪੂਰੀ ਸ਼ਿਦਤ ਨਾਲ
ਢਿੱਲੋਂ ਡੁੱਬੇ ਸਾਂ ਕਿ ਤਰੇ ਕੁਝ ਵੀ ਪਤਾ ਲਗਿਆ ਨਹੀਂ।
ਜਾਣੀ ਹੈ ਪਤਝੜਾਂ ਦੀ ਰੁੱਤ ਆਉਣੀ ਬਹਾਰ ਹੋਰ।
ਜ਼ਿੰਦਗੀ ਪਿਆਸੀ ਹੈ ਬੜੀ ਮੰਗਦੀ ਹੈ ਪਿਆਰ ਹੋਰ।
ਹੁਣ ਤਕ ਕਮਾਈਆਂ ਯਾਰੀਆਂ ਦੇਖੀਂ ਨਾ ਬੈਠੀਂ ਤੋੜ
ਉਮਰਾਂ ਦੇ ਇਸ ਮੁਕਾਮ 'ਤੇ ਬਨਣੇ ਨਹੀਂ ਯਾਰ ਹੋਰ।
ਜਿੰਨੇ ਕੁ ਬੀਜ ਸਕਦੇ ਸੀ ਬੀਜੇ ਨੇ ਫੁੱਲ ਅਸਾਂ ਬਹੁਤ
ਭਾਵੇਂ ਖਿਲਾਰੇ ਨੇ ਲੋਕਾਂ ਇਥੇ ਰਾਹਾਂ 'ਚ ਖ਼ਾਰ ਹੋਰ।
ਜਿਉਂ ਜਿਉਂ 'ਕੱਠਾ ਗਿਆਨ ਦਾ ਕਰਦਾ ਭੰਡਾਰ ਹਾਂ
Îਮੱਥੇ 'ਚ ਵਧਦਾ ਜਾ ਰਿਹਾ ਹੈ ਸੋਚਾਂ ਦਾ ਭਾਰ ਹੋਰ।
ਜ਼ਿੰਦਗੀ ਸੀ ਚਾਰ ਦਿਨ ਦੀ ਰੱਜ ਰੱਜ ਕੇ ਮਾਣ ਲਈ
ਮੁੜ ਸ਼ੁਰੂ ਕਰੀਏ ਫੇਰ ਤੋਂ ਆ ਦਿਨ ਹਾਲੇ ਚਾਰ ਹੋਰ।
ਇਥੋਂ ਦੇ ਧਰਮ ਗੁਰੂ ਜੀ, ਨੇਤਾ ਤੇ ਅਫਸਰ ਲੋਕ
ਧੰਧੇ ਕਮਾਉਂਦੇ ਹੋਰ ਨੇ ਤੇ ਕਰਦੇ ਵਿਉਪਾਰ ਹੋਰ।
ਇਥੇ ਸਾਲਮ ਸ਼ਹਿਰ ਹੀ ਵਿਕਾਊ ਹੈ ਫਿਰ ਰਿਹਾ
ਛੱਡ ਢਿੱਲੋਂ ਏਸ ਮੰਡੀ ਨੂੰ ਲੱਭੀਏ ਬਾਜ਼ਾਰ ਹੋਰ ।।
ਕਦੇ ਆਕਾਸ਼ ਤੇ ਕਦੇ ਪਾਤਾਲ ਵਿਚ ਫਿਰਦੇ ਰਹੇ।
ਦਰ ਹਕੀਕਤ ਆਪਣੀ ਹੀ ਭਾਲ ਵਿਚ ਫਿਰਦੇ ਰਹੇ।
ਸੱਭਿਅਕ ਹੋਕੇ ਵੀ ਇਹ ਬੰਦਾ ਹੋਰ ਹੋਇਆ ਬੇਸੁਰਾ
ਬੱਦਲ ਤੇ ਪੰਛੀ ਇਕ ਬਝਵੀਂ ਤਾਲ ਵਿਚ ਫਿਰਦੇ ਰਹੇ।
ਵਰਤਮਾਨ ਦਾ ਸਮਾਂ ਹੈ ਸਾਥੋਂ ਕਤਲ ਹੁੰਦਾ ਰਿਹਾ
ਅਸੀਂ ਸਦਾ ਭਵਿੱਖ, ਭੂਤਕਾਲ ਵਿਚ ਫਿਰਦੇ ਰਹੇ।
ਸਾਇੰਸ ਨੇ ਬ੍ਰਹਿਮੰਡ ਦਾ ਕਣ ਕਣ ਹੈ ਭਾਵੇਂ ਫੋਲਤਾ
Ñਲੋਕ ਫਿਰ ਵੀ ਰੂਹਾਂ ਦੇ ਜੰਜਾਲ ਵਿਚ ਫਿਰਦੇ ਰਹੇ।
ਡੇਰਿਆਂ ਮਹਿਲਾਂ ਦੀ ਸ਼ਾਨ ਹੋਰ ਵੀ ਵਧਦੀ ਗਈ
ਮਿਹਨਤਕਸ਼ ਨੇ ਹੋਰ ਮੰਦੇ ਹਾਲ ਵਿਚ ਫਿਰਦੇ ਰਹੇ।
ਸੱਚ ਅਤੇ ਸੂਰਜ ਅਕੇਲੇ ਸ਼ਾਂਤ ਚਮਕਦੇ ਰਹੇ ਸਦਾ
ਅੰਨ੍ਹੀ ਭੀੜ ਦੇ ਦਰਿਆ ਉਬਾਲ ਵਿਚ ਫਿਰਦੇ ਰਹੇ।
ਮੂਰਿਆਂ ਦੀ ਪਰੇ ਵਿਚ ਫਿਰਦੇ ਰਹੇ ਅੱਖਰ ਲਈ
ਅਸੀਂ ਅੰਨ੍ਹੀ ਬਜ਼ਮ ਵਿਚ ਮਸ਼ਾਲ ਲਈ ਫਿਰਦੇ ਰਹੇ।
ਕੁੱਤੇ ਭੌਂਕਦੇ ਰਹੇ ਉਹਨਾਂ ਦਾ ਕੰਮ ਹੀ ਸੀ ਭੌਂਕਣਾ
ਢਿੱਲੋਂ ਹਾਥੀ ਮਸਤ ਆਪਣੀ ਚਾਲ ਵਿਚ ਫਿਰਦੇ ਰਹੇ।