Wednesday, April 7, 2010

ਕੋਇਲ ਕੂਕ ਸੁਣ...

ਕੋਇਲ ਕੂਕ ਸੁਣ ਯਾਤਰੀ ਪੀੜ ਮੰਨੇ, ਉਸ ਸਫਰ ਦੀ ਜਿਹੜਾ ਨਾ ਕਰ ਸਕਿਆ।

ਉਸ ਮਿਹਨਤ ਦੀ ਜਿਸ ਦਾ ਨਹੀਂ ਫਲ ਮਿਲਿਆ, ਉਸ ਖੁਸ਼ੀ ਦੀ ਜੋ ਨਹੀਂ ਵਰ ਸਕਿਆ।

ਆਵੇ ਯਾਦ ਉਹ ਸ਼ੂਕਦੀ ਨਦੀ ਉਸ ਨੂੰ ਜਿਸਦੇ ਵਿੱਚ ਨਾ ਉੱਤਰ ਕੇ ਤਰ ਸਕਿਆ।

ਰੰਗ ਉਸ ਅੱਗੇ ਕਰਦੇ ਜੋਦੜੀ ਰਹੇ ਪਰ ਉਹ ਪਰ ਜ਼ਿੰਦਗੀ ਵਿੱਚ ਨਹੀਂ ਭਰ ਸਕਿਆ।

ਦਿਲਾ ਮੇਰਿਆ ਤੰਗੀ...

ਦਿਲਾ ਮੇਰਿਆ ਤੰਗੀ ਵਿੱਚ ਸਬਰ ਕਰਲੈ, ਆਸ ਰੱਖ ਨਾ ਹੋਰ ਸਹਾਰਿਆਂ ਤੋਂ।

ਮਿੱਚੀ ਰਹਿਣ ਦੇ ਮੁੱਠੀ, ਨਹੀਓ ਕੱਖ ਰਹਿੰਦਾ, ਪੱਲੇ ਆਪਣੇ ਪੱਲਾ ਪਸਾਰਿਆਂ ਤੋਂ।

ਜਦੋਂ ਜਿਉਣ ਦੀ ਮੁਕਦੀ ਦਿਲਚਸਪੀ ਮੂੰਹ ਫੇਰਦਾ ਬੰਦਾ ਨਜ਼ਾਰਿਆਂ ਤੋਂ।

ਅਸਲ ਵਿੱਚ ਬੁਢਾਪਾ ਹੈ ਉਦੋਂ ਆਉਂਦਾ ਨਾ ਕਿ ਦਰਜਨਾਂ ਵਰ੍ਹੇ ਗੁਜ਼ਾਰਿਆਂ ਤੋਂ।

ਰੁੱਤਾਂ ਬਦਲੀਆਂ ਬਦਲਿਆ....

ਰੁੱਤਾਂ ਬਦਲੀਆਂ ਬਦਲਿਆ ਰਾਜ ਐਪਰ, ਨੇਤਾ ਬਣੇ ਉਹੀਉ ਚਾਚੇ ਤਾਊ ਪਿਆਰੇ।

ਪਹਿਲਾਂ ਵਾਂਗ ਹੀ ਦਫਤਰਾਂ ਵਿੱਚ ਲੁਟਦੇ ਸਾਨੂੰ ਦਫਤਰਾਂ ਦੇ ਨੇ ਬਾਊ ਪਿਆਰੇ।

ਮਹਾਰਾਜਾ ਰਣਜੀਤ ਸਿੰਘ ਰਾਜ ਕਹਿੰਦੇ ਪਤਾ ਨਹੀਂ ਰਣਜੀਤ ਕਦ ਆਊ ਪਿਆਰੇ।

ਬਿਨਾ ਰਿਸ਼ਵਤੋਂ ਲਾਂਵਦੇ ਅੱਗ ਉਹੀਉ, ਜਿਹੜੇ ਮਹਿਕਮੇ ਅੱਗ ਬੁਝਾਊ ਪਿਆਰੇ।

ਸੁਬ੍ਹਾ ਰੁੱਖ ਦੀ...

ਸੁਬ੍ਹਾ ਰੁੱਖ ਦੀ ਖੁੱਲ੍ਹੀ ਕਿਤਾਬ ਉੱਤੇ, ਪੰਛੀ ਲੈਂਦੇ ਨੇ ਉੱਠ ਕੇ ਵਾਕ ਸੁਆਮੀ।

ਐਨੀ ਸ਼ਾਂਤੀ ਕਿ ਪੱਤਾ ਡਿੱਗੇ ਦਾ ਵੀ, ਅੰਮ੍ਰਿਤ ਵੇਲੇ 'ਚ ਸੁਣੇ ਖੜਾਕ ਸੁਆਮੀ।

ਉਸ ਸਮੇਂ ਫਿਰ ਡੇਰਿਆਂ ਮੰਦਰਾਂ ਵੱਲ ਬਣੇ ਜਾਂਦੇ ਪੁਜਾਰੀ ਨੇ ਡਾਕ ਸੁਆਮੀ।

ਸ਼ੋਰ ਉਗਲਦੇ ਲਾਊਡ ਸਪੀਕਰਾਂ ਵਿੱਚ ਸਾਡੀ ਰੂਹ ਦਾ ਰੁਆਉਣ ਜੁਆਕ ਸੁਆਮੀ।

ਬੰਦੇ ਕੋਲੋਂ ਜਦੋਂ...

ਬੰਦੇ ਕੋਲ ਜਦੋਂ ਮੁਕ ਤਮਾਨ ਜਾਵੇ, ਮੂੰਹ ਫੇਰ ਲੈਂਦੇ ਸੱਭੇ ਸਾਕ ਬੇਲੀ।

ਹਾਲ ਪੁੱਛਦੇ ਲੋਕ ਦਿਲਲੱਗੀ ਦੇ ਲਈ ਐਵੇਂ ਮਾਰ ਜਾਂਦੇ ਦੂਰੋਂ ਹਾਕ ਬੇਲੀ।

ਵਿਹਲੜ ਮਹਿਲ ਉਸਾਰ ਕੇ ਕਰਨ ਮੌਜਾਂ ਕਿਰਤੀ ਰਹਿੰਦੇ ਨੇ ਛਾਣਦੇ ਖਾਕ ਬੇਲੀ।

ਸਿਰਫ ਆਂਵਦੇ ਨੇ ਚਾਰਾ ਖਾਣ ਦੇ ਲਈ ਮੱਝਾਂ ਹੁਣ ਨਾ ਚਾਰਦੇ ਚਾਕ ਬੇਲੀ।

ਖਾਹਿਸ਼ਾਂ ਜ਼ਿੰਦਗੀ ਵਿੱਚ...

ਖਾਹਿਸ਼ਾਂ ਜ਼ਿੰਦਗੀ ਵਿੱਚ ਅਤਰਿਪਤ ਰਹੀਆਂ, ਆਕੇ ਸੁਪਨਿਆਂ ਵਿੱਚ ਸਤਾਉਂਦੀਆਂ ਨੇ।

ਜਦੋਂ ਜਦੋਂ ਭੁਲਾਉਣ ਦੀ ਕਰੀ ਕੋਸ਼ਿਸ਼, ਯਾਦਾਂ ਤੇਰੀਆਂ ਹੋਰ ਵੀ ਆਉਂਦੀਆਂ ਨੇ।

ਹਾਵੀ ਹੁੰਦੇ ਨੇ ਫੇਰ ਰੋਜ਼ਗਾਰ ਦੇ ਗ਼ਮ ਸ਼ਕਲਾਂ ਭੁੱਲ ਜਾਵਣ ਮਨਭਾਉਂਦੀਆਂ ਨੇ।

ਮੈਨੂੰ ਮਿਲਣ ਆਉਂਦੇ ਮਾਰਕਸ ਅਤੇ ਲੈਨਿਨ, ਨਜ਼ਮਾਂ ਪਾਸ਼ ਦੀਆਂ ਝੁੰਮਰ ਪਾਉਂਦੀਆਂ ਨੇ।

Monday, April 5, 2010

ਮੁੱਠੀ ਵਿੱਚ ਨਾ ...

ਮੁੱਠੀ ਵਿੱਚ ਨਾ ਜੁਗਨੂੰ ਘੁੱਟ ਐਵੇਂ,ਇਸ ਮੌਤ ਨਾ ਇਸ ਨੂੰ ਮਾਰ ਪਿਆਰੇ।
ਇਸ਼ਕ ਕਰਨਾ ਸਿੱਖ ਲੈ ਫੁੱਲ ਕੋਲੋਂ, ਮਹਿਕ ਆਪਣੀ ਦੇਹ ਖਿਲਾਰ ਪਿਆਰੇ।
ਆਪੇ ਤਿਤਲੀਆਂ ਆਉਣਗੀਆਂ ਚੱਲ ਕੇ, ਖਾਹ-ਮਖਾਹ ਅਵਾਜ ਨਾ ਮਾਰ ਪਿਆਰੇ।
ਸਿਰਫ ਫੁੱਲ ਹੀ ਕਰ ਮਹਿਸੂਸ ਸਕਦੈ, ਮੋਈ ਤਿਤਲੀ ਦਾ ਕਿੰਨਾ ਭਾਰ ਪਿਆਰੇ।
ਕਾਹਤੋਂ ਰਿਸ਼ਤਿਆਂ ਦਾ ਚੁੱਕੀ ਬੋਝ ਫਿਰਦੈਂ, ਅੱਜ ਕੱਲ੍ਹ ਲੈਂਦੇ ਲੋਕੀਂ ਸਾਰ ਪਿਆਰੇ।
ਲੋਕ ਵੇਚਦੇ ਰੱਦੀ ਦੇ ਭਾਅ ਜਿਸ ਨੂੰ, ਜ਼ਿੰਦਗੀ ਨਹੀਂ ਪੁਰਾਣਾ ਅਖਬਾਰ ਪਿਆਰੇ।
ਪੜ੍ਹਿਆ ਪੁੱਤ ਪਟਵਾਰੀ..
ਪੜ੍ਹਿਆ ਪੁੱਤ ਪਟਵਾਰੀ ਦਾ ਵੇਖ ਕਿੱਦਾਂ, ਸੋਲਾਂ ਦੂਣੀ ਆਖਦਾ ਅੱਠ ਅੜੀਏ।
ਹੱਸਦੇ ਰਹਿਣ ਗੰਵਾਰ ਤੇ ਮਰਨ ਚਿੜੀਆਂ, ਸਦਾ ਕਾਮੇ ਦੀ ਭੂਰੀ 'ਤੇ ਕੱਠ ਅੜੀਏ।
ਲੋਕ ਰਾਜ ਦਾ ਅਰਥ ਹੈ ਮੱਝ ਉਹਦੀ, ਜੀਹਦੇ ਹੱਥ ਹੈ ਸੋਨੇ ਦੀ ਲੱਠ ਅੜੀਏ।
ਵਿਹਲੜ ਲੋਕਾਂ ਨੇ ਇਹ ਸ਼ੈਤਾਨ ਘੜਿਆ, ਕੀ ਕਰੇਂਗੀ ਪੂਜ ਕੇ ਮੱਠ ਅੜੀਏ।
ਖੱਟਿਆ ਕੀ ਉਜਾੜ..
.ਖੱਟਿਆ ਕੀ ਉਜਾੜ ਦੇ ਵਿੱਚ ਜਾ ਕੇ? ਚੰਗੇ ਰਹਿੰਦੇ ਜੇ ਵੱਸਦੇ ਘਰੇ ਰਹਿੰਦੇ।
ਆਹ ਚੰਦਰਾ ਵੇਲਾ ਸੀ ਨਹੀਂ ਆਉਣਾ, ਖੁਦਗਰਜ਼ ਸਿਆਸਤ ਤੋਂ ਪਰ੍ਹੇ ਰਹਿੰਦੇ।
ਨਿੱਘ ਉੱਡਿਆ ਪਤਾ ਨਹੀਂ ਕਿਸ ਪਾਸੇ, ਹੱਥ ਦੋਸਤਾਂ ਦੇ ਠਰੇ-ਠਰੇ ਰਹਿੰਦੇ।
ਵਿਰਲੇ ਮਿਲਣਗੇ ਜਗਤ ਵਿੱਚ ਅਮਰਜੀਤਾ, ਸੱਚੀਂਮਿੱਚੀਂ ਜੋ ਆਦਮੀ ਖਰੇ ਰਹਿੰਦੇ।
ਜੁੱਤੀ ਟੁੱਟ ਗਈ...
ਜੁੱਤੀ ਟੁੱਟ ਗਈ ਤੇ ਪਾਟ ਗਿਆ ਭੋਥਾ, ਰਾਂਝੇ ਫਿਰਦੇ ਨੰਗ ਮੁਨੰਗ ਹੀਰੇ।
ਸਾਡੇ ਨਾਲ ਜੋ ਕੀਤੀ, ਆਉਂਦੀ ਦੱਸਦਿਆਂ ਨੂੰ ਡਾਹਢੀ ਸੰਗ ਹੀਰੇ।
ਚਾਰਾ ਮੱਝਾਂ ਦੇ ਨੇਤਾ ਖਾ ਗਏ ਕੈਦੋਂ, ਉੱਜੜ ਗਏ ਨੇ ਬੇਲੇ ਤੇ ਝੰਗ ਹੀਰੇ।
ਖਪਤ ਕਲਚਰ ਨੇ ਬੰਦੇ ਮਰੋੜ ਦਿੱਤੇ, ਲੋੜਾਂ ਝੂਠੀਆਂ ਦੀ ਵਧੀ ਮੰਗ ਹੀਰੇ।
ਖੁਸ਼ੀ ਵੰਡਣੀ ਸਾਰੇ...
ਖੁਸ਼ੀ ਵੰਡਣੀ ਸਾਰੇ ਸਮਾਜ ਅੰਦਰ, ਖੂਬਸੂਰਤੀ ਦੀ ਸਲਤਨਤ ਹੁੰਦੀ।
ਜ਼ਾਲਮ ਦਿਲ ਵੰਡਦੇ ਸਦਾ ਪੀੜਾਂ, ਚੁੱਕੀ ਉਨ੍ਹਾਂ ਨੇ ਸਦਾ ਹੈ ਅੱਤ ਹੁੰਦੀ।
ਭਲੇ ਲੋਕ ਨੇ ਖੁਸ਼ੀਆਂ ਬੀਜ ਦਿੰਦੇ, ਧਰਤ ਸੁਪਨਿਆਂ ਦੀ ਜਦੋਂ ਵੱਤ ਹੁੰਦੀ।
ਲਗਦੀ ਗ਼ਮ ਦੀ ਬਹੁਤ ਬਰਸਾਤ ਭੈੜੀ, ਚਿਉਂਦੀ ਮਨ ਦੀ ਜਦੋਂ ਹੈ ਛੱਤ ਹੁੰਦੀ।
ਕਾਹਦਾ ਅਸਾਂ ਨੂੰ ...
ਕਾਹਦਾ ਅਸਾਂ ਨੂੰ ਹੈ ਮਾਣ ਵਤਨਾਂ ਦਾ, ਸੁਪਨਾ ਸਾਡਾ ਅਜ਼ਾਦੀ ਦਾ ਚੂਰ ਹੋਇਆ।
ਸਾਧੂ, ਨੇਤਾ ਤੇ ਗਾਇਕਾਂ ਕੋਲ ਕੱਠਾ, ਢੇਰ ਮਾਇਆ ਦਾ ਦੇਖ ਹਜ਼ੂਰ ਹੋਇਆ।
ਸਾਨੂੰ ਕਹਿੰਦੇ ਨੇ ਕਰੋ ਹਰਿ ਭਜਨ ਬਾਬੇ, ਪਿਛਲੇ ਜਨਮ 'ਚ ਤੁਹਾਥੋਂ ਕਸੂਰ ਹੋਇਆ।
ਕੀਤਾ ਕਿਸੇ ਦਾ ਮਨੋਂ ਭੁਲਾ ਦੇਣਾ, ਭਲੇਮਾਣਸਾਂ ਦਾ ਅੱਜ ਦਸਤੂਰ ਹੋਇਆ।
ਆਪੇ ਆਵਣੇ ਮੇਮਣੇ...
ਆਪੇ ਆਵਣੇ ਮੇਮਣੇ ਨਹੀਂ ਚਰਕੇ, ਰੱਬ ਉੱਤੇ ਇਹ ਝੂਠੀਆਂ ਡੋਰੀਆਂ ਨੇ।
ਰਾਹਾਂ ਵਿੱਚ ਨੇ ਬੜੇ ਬਘਿਆੜ ਬੈਠੇ, ਜਿਨ੍ਹਾਂ ਫਸਲਾਂ ਤੇਰੀਆਂ ਭੋਰੀਆਂ ਨੇ।
ਗਧੀਗੇੜ ਪਾ ਕੇ ਤੈਨੂੰ ਕਿਸਮਤਾਂ ਦੇ, ਤੋਰੀ ਫੁਲਕੀਆਂ ਵਿਹਲੜਾਂ ਤੋਰੀਆਂ ਨੇ।
ਡੇਰਾ ਡਾਂਗ 'ਤੇ ਰੱਖਣਾ ਸਿੱਖ ਲੈ ਹੁਣ, ਤੈਨੂੰ ਮਾਰਿਆ ਸਿਰਫ ਕਮਜ਼ੋਰੀਆਂ ਨੇ।
ਬੰਦਾ ਸੋਚਦਾ ਨਹੀਂ...
ਬੰਦਾ ਸੋਚਦਾ ਨਹੀਂ ਕੁਝ ਵੀ ਮਰਨ ਤੋਂ ਬਾਅਦ, ਕੁਝ ਨਾ ਸੋਚਣ 'ਤੇ ਵੀ ਬੰਦਾ ਮਰ ਜਾਂਦਾ
ਚੁੱਪ ਰਹਿਣ ਦੀ ਆਦਤ ਹੈ ਪੈ ਜਾਂਦੀ, ਸ਼ੋਰ ਕਪਟ ਦੇ ਤੋਂ ਬੰਦਾ ਡਰ ਜਾਂਦਾ।
ਖਤਮ ਜ਼ਿੰਦਗੀ ਦੀ ਹੁੰਦੀ ਗਰਮਜੋਸ਼ੀ, ਬੰਦਾ ਠਰਦਿਆਂ ਠਰਦਿਆਂ ਠਰ ਜਾਂਦਾ।
ਪਸ਼ੂ ਚਰ ਕੇ ਜਿਸ ਤਰ੍ਹਾਂ ਪਰਤਦੇ ਨੇ, ਘਰੋਂ ਦਫਤਰ ਤੇ ਦਫਤਰੋਂ ਘਰ ਜਾਂਦਾ।
ਸੁਕ ਪਕੇ ਦੀ...
ਸੁਕ ਪਕੇ ਦੀ ਨਹੀਂ ਹੈ ਰੀਸ ਹੁੰਦੀ, ਐਪਰ ਮੀਂਹ ਦੇ ਬਿਨਾਂ ਨਾ ਸਰੇ ਬੇਲੀ।
ਰਾਜ ਭਾਗ ਜੋ ਕਰਦੇ ਨੇ ਉਨ੍ਹਾਂ ਦੇ ਲਈ ਕੋਈ ਜੀਵੇ ਤੇ ਭਾਵੇਂ ਕੋਈ ਮਰੇ ਬੇਲੀ।
ਪੰਜ ਸਾਲਾਂ ਦੇ ਬਾਅਦ ਖੜਕਾਉਣ ਡੌਰੂ ਲੀਡਰ ਸਾਰੇ ਹੀ ਨੇ ਮਸਖਰੇ ਬੇਲੀ।
ਜਾਗ੍ਰਿਤੀ ਨਾ ਲੋਕਾਂ ਵਿੱਚ ਆਈ ਤਾਹੀਏ ਗਧਾ ਹਰੀ ਅੰਗੂਰੀ ਨਿਤ ਚਰੇ ਬੇਲੀ।
ਨੇਕੀ ਕਰਕੇ ਸੁੱਟ ....
ਨੇਕੀ ਕਰਕੇ ਸੁੱਟ ਦਰਿਆ ਦੇ ਵਿੱਚ ਜਿਕਰ ਤੱਕ ਨਾ ਇਸ ਦਾ ਕਰ ਪਿਆਰੇ।
ਨੇਕੀ ਸ਼ੋਰ ਮਚਾਂਵਦੀ ਹੈ ਹੁੰਦੀ, ਗੂੰਗੀ ਬਦੀ ਤੋਂ ਵੀ ਬਦਤਰ ਪਿਆਰੇ।
ਜੀਂਦੇ ਬੰਦਿਆਂ ਵਿੱਚ ਉਹ ਰਹਿਣ ਜਿਉਂਦੇ ਜਿਹੜੇ ਆਦਮੀ ਜਾਂਦੇ ਨੇ ਮਰ ਪਿਆਰੇ।
ਇਹ ਜੀਵਨ ਨਾ ਕਦੇ ਵੀ ਖਤਮ ਹੁੰਦਾ ਚਲਦਾ ਰਹਿੰਦਾ ਹੈ ਨਿਰੰਤਰ ਪਿਆਰੇ।
ਪਿਆਰ ਕਬਜ਼ਾ ਕਿਸੇ....
ਪਿਆਰ ਕਬਜ਼ਾ ਕਿਸੇ 'ਤੇ ਨਹੀਂ ਕਰਦਾ, ਨਾ ਹੀ ਆਂਵਦਾ ਕਬਜ਼ੇ ਹੇਠ ਸੁਆਮੀ।
ਪਿਆਰ ਸਿਰਫ ਪਹਿਚਾਣ ਕਰਾਂਵਦਾ ਏ ਬੋਲੀ ਪਿਆਰ ਦੀ ਚੁੱਪ ਤੇ ਠੇਠ ਸੁਆਮੀ।
ਤਬੀਅਤ ਜਿਸ ਦੀ ਹੁੰਦੀ ਹੈ ਸ਼ਾਇਰਾਨਾ ਉਹ ਨੂੰ ਸਾਉਣ ਹੀ ਲਗਦਾ ਜੇਠ ਸੁਆਮੀ
।ਦੌਲਤ ਪਿਆਰ ਦੀ ਕੋਲ ਅਥਾਹ ਜਿਸ ਦੇ ਉਹੀਉ ਦੁਨੀਆਂ ਦਾ ਵੱਡਾ ਸੇਠ ਸੁਆਮੀ।

ਹਰ ਕੋਈ ਅਪਨੇ...

ਹਰ ਕੋਈ ਅਪਨੇ ਬਾਰੇ ਹੀ ਸੋਚਦਾ ਹੈ, ਕੇਹੀ ਚੰਦਰੀ ਵਗੀ ਹੈ ਵਾਅ ਪਿਆਰੇ।
ਜਲਦੇ ਸ਼ਹਿਰ ਦਾ ਫਿਕਰ ਨਾ, ਹਰ ਕੋਈ, ਘਰ ਆਪਣਾ ਰਿਹਾ ਬਚਾ ਪਿਆਰੇ।
ਰੀਂਘ ਰਹੀ ਇਸ ਜਿੰਦ ਦਾ ਕੀ ਕਰੀਏ, ਦੱਸੇ ਵੈਦ ਨਾ ਕੋਈ ਉਪਾਅ ਪਿਆਰੇ।
ਵਿਹਲੜ ਐਸ਼ ਕਰਦੇ ਸਾਡੀ ਕਿਰਤ ਉੱਤੇ, ਸਾਨੂੰ ਕਿਸਮਤਾਂ ਵਿੱਚ ਉਲਝਾ ਪਿਆਰੇ।
ਚੁੜੇਲ ਫਿਰੇ ਮਹਿੰਗਾਈ...
ਚੁੜੇਲ ਫਿਰੇ ਮਹਿੰਗਾਈ ਦੀ ਦਨਦਨਾਉਂਦੀ, ਭ੍ਰਿਸ਼ਟਾਚਾਰ ਦਾ ਦੈਂਤ ਬਣ ਗਿਆ ਹੀਰੋ।
ਸਾਡਾ ਦੇਸ਼ ਰੋਮ ਜਲ ਰਿਹੈ, ਪਰ ਬੇਫਿਕਰ ਹੋਕੇ, ਰਾਜੇ ਬੰਸਰੀ ਰਹੇ ਵਜਾ ਨੀਰੋ।
ਰਾਹਜਨਾਂ ਦੇ ਭੇਸ 'ਚ ਫਿਰਨ ਰਹਿਬਰ, ਜ਼ਰਾ ਸੰਭਲ ਕੇ ਚਲਣਾ ਰਾਹਗੀਰੋ।
ਅੱਜ ਸਭ ਤੋਂ ਹੋਇਆ ਇਨਸਾਨ ਸਸਤਾ, ਨੈਤਿਕ ਕੀਮਤ ਸੂਚਕ ਅੰਕ ਹੋ ਗਿਆ ਜ਼ੀਰੋ।
ਫੁੱਲ ਖਿੜ੍ਹੇ 'ਤੇ...
ਫੁੱਲ ਖਿੜ੍ਹੇ 'ਤੇ ਚਿਹਰੇ ਮੁਰਝਾਏ ਹੋਏ ਨੇ, ਕਿਹੋ ਜਿਹੀ ਇਹ ਰੁੱਤ ਬਹਾਰ ਬਾਬਾ।
ਪੰਡ ਟੈਕਸਾਂ ਦੀ ਨਵੀਂ ਹੋਰ ਪਾਉਂਦੀ, ਨਵੀਂ ਆਉਂਦੀ ਹੈ ਜਿਹੜੀ ਸਰਕਾਰ ਬਾਬਾ।
ਨਹੀਂ ਸਾਡੇ ਵਜ਼ੀਰ ਤਨਖਾਹ ਲੈਂਦੇ, ਨਿੱਤ ਬਦਲਦੇ ਨਵੀਂ ਨੇ ਕਾਰ ਬਾਬਾ।
ਪੜ੍ਹੀ ਲਿਖੀ ਜਵਾਨੀ ਦਾ ਬਣੂਗਾ ਕੀ, ਫੌਜ ਵੱਧਦੀ ਜਾਵੇ ਬੇਰੁਜ਼ਗਾਰ ਬਾਬਾ।
ਲਗਦੈ ਭੇਤ ਜ਼ਮਾਨੇ...
ਲਗਦੈ ਭੇਤ ਜ਼ਮਾਨੇ ਦਾ ਪਾ ਲਿਆ ਤੂੰ, ਤਾਹੀਏਂ ਹੋ ਗਿਆ ਬੜਾ ਮੋਹ ਤੋੜ ਯਾਰਾ।
ਮਿੱਠੇ ਮੂੰਹਾਂ ਦੇ ਮਤਲਬ ਪ੍ਰਸਤ ਇੱਥੇ, ਰੱਖਦੇ ਦਿਲਾਂ ਦੇ ਵਿੱਚ ਘਰੋੜ ਯਾਰਾ।
ਜਿੱਥੇ ਜ਼ਰਾ ਜਿੰਨੀ ਖਾਲੀ ਥਾਂ ਮਿਲ ਜੇ, ਇਹ ਦਿੰਦੇ ਆਪਣਾ ਉਲੂ ਘਸੋੜ ਯਾਰਾ।
ਜਿਸ ਨੂੰ ਜੀਣ ਦਾ ਇੱਥੇ ਨਹੀਂ ਹੁਨਰ ਆਉਂਦਾ, ਦੁਨੀਆਂ ਦਿੰਦੀ ਹੈ ਉਸ ਨੂੰ ਮਰੋੜ ਯਾਰਾ।
ਮੇਰੀ ਮਹਿਕ ਚੁੰਮਣ...
ਮੇਰੀ ਮਹਿਕ ਚੁੰਮਣ ਦੇ ਕੰਡਿਆਂ ਨੂੰ, ਫੁੱਲ ਕਹਿੰਦਾ ਹੈ ਪਹਿਲਾਂ ਮੁਰਝਾਉਣ ਤੋਂ ਨੀ।
ਇਸ ਤਰ੍ਹਾਂ ਤਾਂ ਦੋਸਤੀ ਜਾਂਦੀ ਹੈ ਟੁੱਟ ਅਕਸਰ, ਲੋਕ ਡਰਦੇ ਨਹੀਂ ਅਜ਼ਮਾਉਣ ਤੋਂ ਨੀ।
ਖੀਸਾ ਅਕਲ ਦਾ ਕੱਟਿਆ ਹੈ ਜਾਂਦਾ, ਥੁੜਿਆ ਕੀ ਹੈ ਤੀਰਥੀਂ ਨਾਉਣ ਤੋਂ ਨੀ।
ਜਿਹੜਾ ਬੰਦਾ ਨਹੀਂ ਕਿਸੇ ਦੇ ਕੰਮ ਆਉਂਦਾ, ਲੈਣਾ ਕੀ ਹੈ ਉਸ ਦੇ ਜਿਉਣ ਤੋਂ ਨੀ।
ਨੀਰ ਭਰੇ ਉਦਾਸ...
ਨੀਰ ਭਰੇ ਉਦਾਸ ਦੋ ਨੈਣ ਕਾਲੇ, ਉਡੀਕ ਸੱਸੀ ਨੂੰ ਕਿਸੇ ਬਲੋਚ ਦੀ ਹੈ।
ਲਿੱਸੀ ਸ਼ਕਲ ਇੱਕ ਪਾ ਰਹੀਆਂ ਔਂਸੀਆਂ ਰੋਜ, ਮਾਸ ਆਪਣੇ ਜਿਗਰ ਦਾ ਨੋਚਦੀ ਹੈ।
ਉਹ ਹੈ ਕੌਣ? ਤੇ ਕਿੱਥੇ ਹੈ, ਪਤਾ ਹੈ ਨਹੀਂ, ਰੂਹ ਉਸ ਨੂੰ ਮਿਲਣਾ ਲੋਚਦੀ ਹੈ।
ਕਦੋਂ ਖਿੜਨਗੇ ਇੱਥੇ ਗੁਲਾਬ ਕਾਲੇ, ਬੁੱਲਬੁੱਲ ਦੂਰ ਕਿਤੇ ਬੈਠੀ ਸੋਚਦੀ ਹੈ।

ਮੰਗੀ ਮਿਲਣ ਵਾਲੀ...

ਮੰਗੀ ਮਿਲਣ ਵਾਲੀ ਸਦਾ ਹੈ ਭੀਖ ਹੁੰਦੀ, ਹੁੰਦਾ ਹੱਥੀਂ ਕਮਾਇਆ ਹੈ ਫਲ ਸਿੱਖਾ।

ਵਿਹਲੜ ਸਾਧ ਨੇ ਇਸ ਨੂੰ ਗਜ਼ਾ ਕਹਿੰਦੇ, ਕਰਦੇ ਕਾਮਿਆਂ ਨਾਲ ਜੋ ਛਲ ਸਿੱਖਾ।

ਡਰਦੇ ਸੱਚ ਤੋਂ ਲੋਕ ਨੇ ਸ਼ਰਮ ਕਰਦੇ, ਇੱਥੇ ਰਹਿਣ ਮਰਦੇ ਪਲ-ਪਲ ਸਿੱਖਾ।

ਨਿਕਲਣਾ ਇਸ 'ਚੋਂ ਹੁੰਦਾ ਹੈ ਬੜਾ ਔਖਾ, ਮਜ਼ਹਬ ਬੜੀ ਭੈੜੀ ਦਲਦਲ ਸਿੱਖਾ।

ਨਵਾਂ ਸਾਲ ਹੈ ...

ਨਵਾਂ ਸਾਲ ਹੈ ਬੂਹੇ 'ਤੇ ਆਣ ਢੁੱਕਾ, ਚੀਜਾਂ ਦਿਸਦੀਆਂ ਸਭੇ ਪੁਰਾਣੀਆਂ ਵੇ।

ਭ੍ਰਿਸ਼ਟਾਚਾਰ, ਬੇਕਾਰੀ, ਭੁੱਖ-ਮਰੀ ਦੀਆਂ, ਉਵੇਂ ਹੀ ਪ੍ਰਚਲਿਤ ਕਹਾਣੀਆਂ ਵੇ।

ਕ੍ਰਿਕਟ, ਟੀ.ਵੀ. ਨੰਗੇਜ਼ ਤੇ ਰਾਮ ਨੌਮੀ ਭਗਵੀਂ ਚਾਦਰਾਂ ਵਾਲੀਆਂ ਢਾਣੀਆਂ ਵੇ।

ਇੱਥੇ ਕੋਈ ਹੱਕਾਂ ਦੇ ਪ੍ਰਤੀ ਸੁਚੇਤ ਹੈ ਨਾ, ਸਭ ਸੁੱਤੇ ਨੇ ਚਾਦਰਾਂ ਤਾਣੀਆਂ ਵੇ।

ਲੋਕ ਰਾਜ ਦੇ ਬੁਰਕੇ ਹੇਠ ਉਵੇਂ ਹੀ ਇੱਥੇ, ਰਾਜ ਕਰਦੇ ਰਾਜੇ ਤੇ ਰਾਣੀਆਂ ਵੇ

।ਇਸ ਨਵੇਂ ਸਾਲ ਦੀਆਂ ਇਹ ਮੁਬਾਰਕਾਂ ਵੀ, ਚੋਣ ਰੌਲੇ ਦੇ 'ਚ ਰੁਲ ਜਾਣੀਆਂ ਵੇ।

ਹਰ ਪਾਸੇ ਹੀ...

ਹਰ ਪਾਸੇ ਹੀ ਕਾਹਲ ਦਰ ਕਾਹਲ ਹੈ ਜੀ, ਆਇਆ ਧਰਤੀ ਉੱਤੇ ਭੁਚਾਲ ਹੈ ਜਿਉਂ।

ਜਿਵੇਂ ਸਭ ਬੰਦੇ ਨੇ ਇਮਤਿਹਾਨ ਦੇ ਵਿੱਚ, ਪਾਇਆ ਸਭ ਨੂੰ ਕੋਈ ਸਵਾਲ ਹੈ ਜਿਉਂ।

ਉਭੜਵਾਹਿਆ ਹੀ ਹਰ ਕੋਈ ਬੋਲਦਾ ਹੈ, ਆਉਂਦਾ ਦੁੱਧ ਦੇ ਵਿੱਚ ਉਬਾਲ ਹੈ ਜਿਉਂ।

ਜਿਉਣਾ ਲੋਕਾਂ ਨੇ ਕੀਤਾ ਹੈ ਬੰਦ ਅੱਜ ਕੱਲ੍ਹ, ਕਾਰਖਾਨਿਆਂ ਵਿੱਚ ਹੜਤਾਲ ਹੈ ਜਿਉਂ।

ਉਸ ਸਮਾਜ ਵਿੱਚ...

ਉਸ ਸਮਾਜ ਵਿੱਚ ਜੀਣਗੇ ਕਿੰਝ ਕਿਰਤੀ, ਔਖਾ ਜਿੱਥੇ ਖਰੀਦਣਾ ਲੂਣ ਬੇਲੀ।

ਜਿੱਥੇ ਚੂਹਿਆਂ ਦੇ ਲਈ ਬਣਾਂਵਦੇ ਨੇ, ਬਿੱਲੇ ਬਿੱਲੀਆਂ ਆਪ ਕਾਨੂੰਨ ਬੇਲੀ।

ਪੱਥਰ ਟੁੱਟੇ ਤੋਂ ਜਿੱਥੇ ਪਾ ਦੇਵੇ ਖੌਰੂ, ਅੰਨ੍ਹੇ ਮਜ਼ਹਬ ਦਾ ਅੰਨ੍ਹਾ ਜਨੂੰਨ ਬੇਲੀ।

ਜਿੱਥੇ ਸ਼ੋਰ ਪਾਖੰਡੀਆਂ, ਬਾਬਿਆਂ ਦਾ, ਉੱਥੇ ਲਭੇਗਾ ਕਿੱਥੇ ਸਕੂਨ ਬੇਲੀ।

ਦਾਅ ਮੰਤਰੀ ਮੰਡਲ...

ਦਾਅ ਮੰਤਰੀ ਮੰਡਲ ਵਿੱਚ ਲੱਗ ਗਿਆ ਸੀ, ਜੋੜ ਲਏ ਸੀ ਮਾਇਆ ਦੇ ਢੇਰ ਮੀਆਂ।

ਭੱਠੇ, ਪੰਪ, ਲਏ ਪਰਮਿੱਟ ਮਿੰਨ੍ਹੀਆਂ ਦੇ, ਸਿਕੰਦਰ ਬਣੇ ਸਾਂ ਧਨ ਕੁਬੇਰ ਮੀਆਂ।

ਮਾਇਆ ਜੋੜ ਲਾਂਗੇ ਕਈ ਪੀੜ੍ਹੀਆਂ ਦੀ, ਦਾਅ ਲੱਗ ਜੇ ਕਿਤੇ ਫੇਰ ਮੀਆਂ।

ਟਿਊਬਾਂ ਜਗਣ ਨੇਤਾਵਾਂ ਦੀਆਂ ਕੋਠੀਆਂ ਵਿੱਚ, ਐਪਰ ਵੋਟਰਾਂ ਘਰੇ ਹਨ੍ਹੇਰ ਮੀਆਂ।

ਮੋਤੀ ਮੁੜ੍ਹਕੇ ਦੇ

ਮੋਤੀ ਮੁੜ੍ਹਕੇ ਦੇ ਮੰਡੀਏਂ ਪਏ ਰੁਲਦੇ, ਲੱਗੇ ਜਿਣਸਾਂ ਦੇ ਪਏ ਨੇ ਢੇਰ ਬੇਲੀ।
ਅਦਲੀ ਰਾਏ ਦਾ ਦਰ ਹੈ ਬਹੁਤ ਉੱਚਾ, ਨਿਆਂ ਲਈ ਹੈ ਲੱਗਦੀ ਦੇਰ ਬੇਲੀ।
ਚਾਰੇ ਪਾਸੇ ਹੀ ਸ਼ਾਮ ਦਾ ਘੁਸਮੁਸਾ ਹੈ, ਨੇੜਲੇ ਦਿਸੇ ਨਾ ਕਿਤੇ ਸਵੇਰ ਬੇਲੀ।
ਟਿਊਬਾਂ ਜਗਦੀਆਂ ਨੇ ਰਾਜਧਾਨੀਆਂ ਵਿੱਚ, ਬੜਾ ਖੇਤਾਂ ਦੇ ਵਿੱਚ ਹਨੇਰ ਬੇਲੀ।
ਅਸੀਂ ਜੁਗਨੂੰ ਦੀ...
ਅਸੀਂ ਜੁਗਨੂੰ ਦੀ ਲੋਅ ਵਿੱਚ ਰਹੇ ਪੜ੍ਹਦੇ, ਸ਼ੋਰ ਕਪਟ ਦਾ ਮੁੱਦਤਾਂ ਜਰ ਲਿਆ ਹੈ।
ਮਿੱਠੇ ਰੂਹ ਦੇ ਅਸੀਂ ਕਮਾਦ ਤਾਈਂ, ਗਿੱਦੜ ਦੀ ਹਵਾਂਕ ਨਾਲ ਭਰ ਲਿਆ ਹੈ।
ਅਸੀਂ ਵੈਲੀ ਦੀ ਖੰਘ ਤੋਂ ਰਹੇ ਡਰਦੇ, ਬੂਹਾ ਬੰਦ ਸਦੇਹਾਂ ਹੀ ਕਰ ਲਿਆ ਹੈ।
ਕੋਮਲ ਗੰਦਲਾਂ ਜਿਹੇ ਸਾਡੇ ਜ਼ਜ਼ਬਿਆਂ ਨੂੰ, ਲੋਕ ਰਾਜ ਦੇ ਬੋਤੇ ਨੇ ਚਰ ਲਿਆ।
ਮੀਆਂ ਬੀਵੀ ਦਾ...
ਮੀਆਂ ਬੀਵੀ ਦਾ ਇੱਥੇ ਨਾ ਜੋੜ ਕੋਈ, ਥਿਆਏ ਖੰਡ ਦ ਖੇਡਣੇ ਮੂਰਿਆਂ ਨੂੰ।
ਕਿਵੇਂ ਭੇਤ ਜ਼ਮਾਨੇ ਦਾ ਪਾਉਣਗੇ ਉਹ, ਜਿਹੜੇ ਅੱਧੇ ਹੀ ਦੱਸਦੇ ਪੂਰਿਆਂ ਨੂੰ।
ਮਕਸਦ ਜ਼ਿੰਦਗੀ ਦਾ ਕੁਝ ਵੀ ਪਤਾ ਹੈ ਨਹੀਂ, ਇੱਥੇ ਵਿਹਲੜਾਂ ਤੇ ਖਾਣ ਸੂਰਿਆਂ ਨੂੰ।
ਮਿਹਨਤਕਸ਼ ਨੂੰ ਇੱਥੇ ਨਾ ਮਿਲੇ ਰੋਟੀ, ਸੇਠ ਬਿਸਕੁਟ ਪਾਉਣ ਕਤੂਰਿਆਂ ਨੂੰ
ਸਦਾ ਝੂਠ ਦੀ...
ਸਦਾ ਝੂਠ ਦੀ ਰਹੀ ਦੁਕਾਨ ਫਲਦੀ, ਕਾਲੇ ਕਾਂ ਕਹਿੰਦੇ ਹੁੰਦੇ ਰਹੇ ਬੱਗੇ।
ਸਾਥੋਂ ਦਸਵੇਂ ਦਸੌਂਧ ਦੀ ਮੰਗ ਕਰਦੇ, ਕਹਿੰਦੇ ਫਲੂਗਾ ਸੱਤਰ ਗੁਣਾ ਅੱਗੇ।
ਅਗਲੇ ਜਨਮ ਤੇ ਸੁਰਗ ਦੇ ਲਾਲਚਾਂ ਵਿੱਚ, ਮਿਹਨਤਕਸ਼ ਨੇ ਸਦਾ ਹੀ ਗਏ ਠੱਗੇ।
ਚੋਲੇ ਰੇਸ਼ਮੀ ਬਦਲ ਕੇ ਪਾਉਣ ਭਾਈ, ਪਾਟੇ ਸਿੱਖਾਂ ਦੇ ਗਲਾਂ 'ਚ ਹਨ ਝੱਗੇ।

ਪਾਣੀ ਅੱਗ ਦਾ...
ਪਾਣੀ ਅੱਗ ਦਾ ਵੀ ਇਹਨੂੰ ਆਖਦੇ ਹਨ, ਅਸੀਂ ਵੇਖੀ ਹੈ ਆਬੇ ਹਰਾਮ ਪੀ ਕੇ।
ਸ਼ਰ ਆਬ ਹੈ ਪਾਣੀ ਸ਼ਰਾਰਤਾਂ ਦਾ, ਰੰਗ ਬੱਝ ਜਾਂਦਾ ਦੋ ਕੁ ਜਾਮ ਪੀ ਕੇ।
ਜਿਹੜੇ ਵੇਖਣ ਨੂੰ ਹੁੰਦੇ ਸ਼ਰੀਫ ਬਹੁਤੇ, ਉਹੀਓ ਲੜਦੇ ਵੇਖੇ ਨੇ ਆਮ ਪੀ ਕੇ।
ਮੂਧਾ ਠੀਕਰਾ ਵੱਜਦਾ ਅਕਲ ਉੱਤੇ, ਜਲਦੀ ਜ਼ਿੰਦਗੀ ਦੀ ਢਲੇ ਸ਼ਾਮ ਪੀ ਕੇ।
ਕੰਘੀ ਤੇਰੇ ਵੀ...
ਕੰਘੀ ਤੇਰੇ ਵੀ ਵਾਲਾਂ ਤੋਂ ਤ੍ਰਭਕਦੀ ਹੈ, ਤੇਰੀ ਅੱਖ ਨਾ ਸੁਰਮਾ ਝੱਲਦੀ ਨੀ।
ਗਦਰਾਏ ਜਿਸਮ ਦੀ ਕੋਈ ਵੀ ਮਹਿਕ ਨਾ ਹੁਣ, ਰਾਜ ਮੇਰਿਆਂ ਗੀਤਾਂ ਦਾ ਮੱਲਦੀ ਨੀ।
ਰੋਟੀ ਹੀਰ ਨੇ ਲਿਆ ਉਧਾਲ ਮੈਨੂੰ, ਪੇਸ਼ ਮੇਰੀ ਨਾ ਕੋਈ ਵੀ ਚੱਲਦੀ ਨੀ।
ਘੇਰੀ ਹੋਈ ਸਿਆਸਤ ਹੈ ਕੈਦੋਆਂ ਦੀ, ਪੈਰ-ਪੈਰ 'ਤੇ ਅਸਾਂ ਨੂੰ ਛਲਦੀ ਨੀ।
ਭਾਣਾ ਮੰਨਣ ਦੀਆਂ...
ਭਾਣਾ ਮੰਨਣ ਦੀਆਂ ਹੀ ਨਸੀਹਤਾਂ ਨੇ, ਰੱਖਿਆ ਸਦੀਆਂ ਤਾਈਂ ਗੁਲਾਮ ਸਾਨੂੰ।
ਸਾਡੇ ਧਰਮ ਗੰ੍ਰਥ ਹੀ ਦੱਸਦੇ ਰਹੇ, ਮਾਇਆ ਨਾਗਣੀ ਅਤੇ ਹਰਾਮ ਸਾਨੂੰ।
ਕਿਸਮਤ ਆਸਰੇ ਬੰਦ ਕਰਵਾ ਅੱਖਾਂ, ਸਦਾ ਰਹੇ ਜਪਾਉਂਦੇ ਨੇ ਨਾਮ ਸਾਨੂੰ।
ਆਪ ਮਾਣਦੇ ਨੇ ਸੇਜ ਜ਼ਿੰਦਗੀ ਦੀ, ਕਹਿੰਦੇ ਬੁਰਾ ਹੈ ਲੋਭ ਤੇ ਕਾਮ ਸਾਨੂੰ।
ਕੋਰਾ ਕੋਰਾ ਕੁੱਜਾ...
ਕੋਰਾ-ਕੋਰਾ ਕੁੱਜਾ ਠੰਡਾ ਠਾਰ ਪਾਣੀ, ਸਾਡੇ ਗਲੇ ਅਟਕਦਾ ਜਾਂਵਦਾ ਈ।
ਲੋਕੋ ਵਰਜੋ ਵੇ ਹਾਕਮ ਆਪਣੇ ਨੂੰ, ਇਹ ਕੀਮਤਾਂ ਰੋਜ਼ ਵਧਾਂਵਦਾ ਈ।
ਸਾਡੇ ਖੂਨ 'ਚੋਂ ਕਰ ਕਸ਼ੀਦ ਖੁਸ਼ੀਆਂ, ਇਹ ਆਪਣੇ ਮਹਿਲ ਸਜਾਂਵਦਾ ਈ।
ਆਈਆਂ ਵੇਖ ਨੇੜੇ ਹੁਣ ਫਿਰ ਚੋਣਾਂ, ਸਾਨੂੰ ਲਾਰਿਆਂ ਨਾਲ ਪਰਚਾਂਵਦਾ ਈ।
ਹੀਰ ਆਖਦੀ ਜੋਗੀਆ...
ਹੀਰ ਆਖਦੀ ਜੋਗੀਆ ਝੂਠ ਬੋਲੇਂ, ਹੋਇਆ ਖੇਤ ਨਾ ਅਜੇ ਵੀ ਵੱਤ ਹੈ ਵੇ।
ਜੀਹਨੂੰ ਤੂੰ ਜਮਹੂਰੀਅਤ ਆਖਦਾ ਏਂ, ਇਹ ਤਾਂ ਗੁੰਡਿਆਂ ਦੀ ਸਲਤਨੱਤ ਹੈ ਵੇ।
ਡਾਕੇ, ਕਤਲ ਹੁੰਦੇ ਇੱਥੇ ਦਿਨ ਦੀਵੀਂ, ਲੁੱਟੀ ਕੰਜਕਾਂ ਦੀ ਜਾਂਦੀ ਪੱਤ ਹੈ ਵੇ।
ਲਹੂ ਕਿਰਤੀਆਂ ਦਾ ਵਿਹਲੜ ਪੀ ਜਾਂਦੇ, ਅੰਨ ਦਾਤੇ ਵਿੱਚ ਸਾਹ ਨਾ ਸੱਤ ਹੈ ਵੇ।
ਜੁੜੀਆਂ ਬਾਂਕਾਂ ਨਾ...
ਜੁੜੀਆਂ ਬਾਂਕਾਂ ਨਾ ਬੀਤ ਗਿਆ ਜੋਬਨ, ਰੰਨ ਅੱਡੀਆਂ ਕੂਚਦੀ ਫੌਤ ਹੋ ਗਈ।
ਜੰਤਾ ਕੋਲ ਹਨੇਰੀਆਂ ਖੁਸ਼ਕ ਆਈਆਂ, ਚਿਹਰੇ ਨੇਤਾਵਾਂ ਦੇ 'ਤੇ ਤਰੌਤ ਹੋ ਗਈ।
ਰਿਸ ਰਹੇ ਸ਼ਿਵਾਲੇ ਦੇ ਘੜੇ ਵਾਂਗੂ, ਬੂੰਦ-ਬੂੰਦ ਕਰਕੇ ਸਾਡੀ ਮੌਤ ਹੋ ਗਈ।
ਹੈ ਨਹੀਂ ਪੱਥਰਾਂ ਵਿੱਚ ਕੁਝ ਵੀ, ਛੱਡ ਖਹਿੜਾ, ਬੜੀ ਪੀਰਾਂ ਦੀ ਮੰਨ ਮੰਨੌਤ ਹੋ ਗਈ।
ਅਕਸਰ ਜ਼ਿੰਦਗੀ ਵਿੱਚ...
ਅਕਸਰ ਜ਼ਿੰਦਗੀ ਵਿੱਚ ਨੇ ਪਛੜ ਜਾਂਦੇ, ਜਿਹੜੇ ਹੁੰਦੇ ਨੇ ਲੇਟ ਲਤੀਫ ਪਿਆਰੇ।
ਖੁਦ 'ਤੇ ਕਿਸੇ ਦੀ ਕਾਠੀ ਪੁਆ ਲੈਂਦੇ, ਲੋੜੋਂ ਵੱਧ ਜੋ ਹੁੰਦੇ ਸ਼ਰੀਫ ਪਿਆਰੇ।
ਕਰ ਰਿਹਾ ਉਹ ਅਸਲ ਖੁਦਕਸ਼ੀ ਹੁੰਦਾ, ਕਰਦਾ ਆਪਣੀ ਆਪ ਜੋ ਤਾਰੀਫ ਪਿਆਰੇ।
ਬਿਨ੍ਹਾਂ ਰੀੜ੍ਹ ਦੀ ਹੱਡੀ, ਖੁਸ਼ਾਮਦੀ ਹੀ, ਆਪਣੇ ਮਹਿਕਮੇ ਦੇ ਬਣਦੇ ਚੀਫ ਪਿਆਰੇ।
ਫਾਇਦਾ ਭਟਕਣ ਦਾ...
ਫਾਇਦਾ ਭਟਕਣ ਦਾ ਇੱਕ ਤਾਂ ਹੋ ਗਿਐ ਕਿ, ਹੋਏ ਰਸਤਿਆਂ ਦੇ ਜਾਣਕਾਰ ਸੁਆਮੀ।
ਚਿਹਰੇ ਢਕੇ ਮੁਖੌਟਿਆਂ ਨਾਲ ਸਭ ਦੇ, ਕਰਨੀ ਹੈ ਪਛਾਣ ਦੁਸ਼ਵਾਰ ਸੁਆਮੀ।
ਰਿਸ਼ਤੇ ਸਭ ਬਣਾਵਟੀ ਬਣ ਗਏ ਨੇ, ਪਿਆਰ ਬਣ ਗਿਆ ਅੱਜ ਵਿਉਪਾਰ ਸੁਆਮੀ।
ਪਾ ਕੇ ਚਾਦਰਾਂ ਭਗਵੀਆਂ ਰਾਮ ਨੌਮੀ, ਕਰਦੇ ਫਿਰਦੇ ਨੇ ਲੋਕ ਸ਼ਿਕਾਰ ਸੁਆਮੀ।

ਕਿਸ ਕਿਸ ਨੂੰ ...

ਕਿਸ ਕਿਸ ਨੂੰ ਖੋਲ੍ਹ ਵਿਸਥਾਰ ਦੱਸੀਏ, ਅਸੀਂ ਕਿਉਂ ਨਹੀਂ ਆਪਣੇ ਘਰ ਜਾਂਦੇ।
ਜ਼ਿੰਦਗੀ ਦੀ ਨਿਰਾਰਥਕ ਦੌੜ ਦੇ ਵਿੱਚ, ਨਿੱਤ ਸੁਪਨੇ ਦਰਜਨਾਂ ਮਰ ਜਾਂਦੇ।
ਸਿਆਸਤ ਵਾਲੇ ਨੇ ਹਾਰ ਕੇ ਜਿੱਤ ਜਾਂਦੇ, ਅਸੀਂ ਜਿੱਤ ਕੇ ਰੋਜ਼ ਹਾਂ ਹਰ ਜਾਂਦੇ।
ਸਾਡੇ ਜਜ਼ਬੇ ਤੂਤ ਦੀ ਲਗਰ ਵਰਗੇ, ਵਿਹਲੜ ਸਾਧਾਂ ਦੇ ਬੋਤੇ ਨੇ ਚਰ ਜਾਂਦੇ।
ਅੱਜ ਕੱਲ੍ਹ ਨੇਤਾਵਾਂ...
ਅੱਜ ਕੱਲ੍ਹ ਨੇਤਾਵਾਂ ਨੂੰ ਮਿਲਣ ਵੇਲੇ, ਰੱਖਣਾ ਨੱਕ 'ਤੇ ਪੈਂਦਾ ਰੁਮਾਲ ਬਾਬਾ।
ਭ੍ਰਿਸ਼ਟਾਚਾਰ ਦੀ ਇਨ੍ਹਾਂ 'ਚੋਂ ਬੋਅ ਆਉਂਦੀ, ਕੁਨਬਾਪਰਵਰੀ ਰਹਿੰਦੀ ਹੈ ਨਾਲ ਬਾਬਾ
।ਨੇਤਾ ਚੱਲ ਕੇ ਆਉਣ ਜਦ ਕੋਲ ਤੇਰੇ, ਦੇਖ ਦੂਰੋਂ ਹੀ ਗੰਢ ਸੰਭਾਲ ਬਾਬਾ।
ਲੱਗ ਪਈ ਹੈ ਵੋਟਾਂ ਦੀ ਹੋਣ ਬੋਲੀ, ਵੋਟਰ ਬਣ ਗਏ ਮੰਡੀ ਦਾ ਮਾਲ ਬਾਬਾ।
ਜਿਸ ਵਿੱਚ ਵਿਗਿਆਨ...
ਜਿਸ ਵਿੱਚ ਵਿਗਿਆਨ ਦੀ ਵਗੇ ਗੰਗਾ, ਰੋਜ਼ ਪੁਟੀਏ ਨਵੀਂ ਇੱਕ ਆਡ ਪਿਆਰੇ।
ਜਿਸ ਨਾਲ ਨੇ ਜਾਂਵਦੇ ਵਿਗੜ ਬੱਚੇ, ਇਹੋ ਜਿਹਾ ਨਾ ਕਰੀਏ ਲਾਡ ਪਿਆਰੇ।
ਉਪ ਗ੍ਰਹਾਂ ਬ੍ਰਹਿਮੰਡ ਹੈ ਛਾਣ ਦਿੱਤਾ, ਲੱਭਾ ਕਿਤੇ ਖੁਦਾ ਨਾ ਗਾਡ ਪਿਆਰੇ।
ਸਿਰਫ ਸੱਚ ਹੈ ਦਿਸ ਰਹੀ ਇਹ ਦੁਨੀਆਂ, ਸਵਰਗ ਲੋਕ ਹੈ ਸਭ ਫਰਾੜ ਪਿਆਰੇ।
ਡੱਡੂ ਫੇਰ ਗੜੈਂ...
ਡੱਡੂ ਫੇਰ ਗੜੈਂ ਗੜੈਂ ਕਰਨ ਲੱਗੇ, ਨੇੜੇ ਚੋਣਾਂ ਦੀ ਆਈ ਬਰਸਾਤ ਬੇਲੀ।
ਰਾਜੇ ਰਾਣੀਆਂ ਹਰਮ 'ਚੋਂ ਬਾਹਰ ਆਏ, ਇੱਕ ਦੂਜੇ ਨੂੰ ਦੇਣ ਲਈ ਮਾਤ ਬੇਲੀ।
ਹੱਥ ਜੋੜਦੇ ਤੇ ਪੈਰ ਪਕੜਦੇ ਨੇ, ਦਿਨ ਦੇਖਦੇ ਨਹੀਂ ਤੇ ਨਾ ਰਾਤ ਬੇਲੀ।
ਪੰਜ ਸਾਲ ਫਿਰ ਵੋਟ ਗਰੀਬੜੀ ਦੀ, ਨਹੀਂ ਪੁੱਛਣੀ ਕਿਸੇ ਨੇ ਬਾਤ ਬੇਲੀ।
ਮੱਖਣ ਨਿਕਲਦੈ ਰਿੜਕਿਆਂ...
ਮੱਖਣ ਨਿਕਲਦੈ ਰਿੜਕਿਆਂ ਦਹੀਂ ਵਿੱਚੋਂ, ਐਵੇਂ ਪਾਣੀ ਖੰਗਾਲਦੇ ਨਹੀਂ ਹੁੰਦੇ।
ਹਰ ਇੱਕ ਦੀ ਆਪਣੀ ਸੋਚ ਹੁੰਦੀ, ਸਾਰੇ ਆਪਣੇ ਨਾਲ ਦੇ ਨਹੀਂ ਹੁੰਦੇ।
ਗਲਤੀ ਯਾਰਾਂ ਦੀ ਯਾਰ ਲੁਕੋ ਲੈਂਦੇ, ਐਵੇਂ ਗੱਲ ਉਛਾਲਦੇ ਨਹੀਂ ਹੁੰਦੇ।
ਚੰਗੀ ਸੋਚ ਵਾਲੇ ਆਪਣੇ ਮਨ ਅੰਦਰ, ਭਰਮ ਕਦੇ ਵੀ ਪਾਲਦੇ ਨਹੀਂ ਹੁੰਦੇ।
ਨਹੀਂ ਜ਼ਿੰਦਗੀ ਸਿੱਧਾ...
ਨਹੀਂ ਜ਼ਿੰਦਗੀ ਸਿੱਧਾ ਸਪਾਟ ਰਸਤਾ, ਭਰਿਆ ਹੋਇਆ ਇਹ ਵਿੰਗ ਵਲਾਂਵਿਆਂ ਦਾ।
ਜਿਹੜੇ ਲੋਕਾਂ ਦੇ ਦਿਲਾਂ 'ਚ ਵਾਸ ਕਰਦੇ, ਹੁੰਦੇ ਆਸਰਾ ਉਹੀਓ ਨਿਥਾਵਿਆਂ ਦਾ।
ਸੂਝਵਾਨਾਂ ਦੀ ਜਦੋਂ ਤਲਾਸ਼ ਕੀਤੀ, ਮੇਲਾ ਲੱਗਿਆ ਦੇਖਿਆ ਝਾਂਵਿਆਂ ਦਾ।
ਕਿਸੇ ਲਈ ਉਹ ਧੁੱਪਾਂ ਨਹੀਂ ਸਿਰਜ ਸਕਦੇ, ਪਿੱਛਾ ਕਰਦੇ ਜਿਹੜੇ ਪਰਛਾਵਿਆਂ ਦਾ।

ਕਿਹੜੇ ਯਾਰ ਦਾ..

ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ, ਲੱਗੀ ਮਛਲੀ 'ਤੇ ਦਿਸੇ ਝੱਗ ਅੜੀਏ।

ਰਹੀਂ ਬਚ ਕੇ ਹਵਸ ਦੇ ਭੁੱਖਿਆਂ ਤੋਂ, ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ।

ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ ਰੋਜ, ਰੁਲਦੀ ਇੱਥੇ ਸ਼ਰੀਫਾਂ ਦੀ ਪੱਗ ਅੜੀਏ।

'ਰਾਣੀ ਝਾਂਸੀ' ਬਣ ਸਿੱਖ ਸੰਘਰਸ਼ ਕਰਨਾ, ਮਿਰਜੇ ਵਿਹਲੜਾਂ ਪਿੱਛੇ ਨਾ ਲੱਗ ਅੜੀਏ।

ਅਕਾਲੀ ਵਿਗੜ ਕੇ...

ਅਕਾਲੀ ਵਿਗੜ ਕੇ ਹੈ ਕਾਂਗਰਸੀ ਬਣਦਾ, ਜਦੋਂ ਟਿਕਟ ਦੀ ਰਹੇ ਨਾ ਆਸ ਮੀਆਂ।

ਕਾਂਗਰਸੀ ਵਿਗੜ ਕੇ ਬਣਦਾ ਭਾਜਪਈਆ, ਨਿੱਕਰ ਪਾਉਣ ਦਾ ਕਰੇ ਅਭਿਆਸ ਮੀਆਂ।

ਸ਼ਾਇਰ ਵਿਗੜ ਕੇ ਹੈ ਪੱਤਰਕਾਰ ਬਣਦਾ, ਕਵਿਤਾ ਆਵੇ ਨਾ ਖਬਰ ਨੂੰ ਰਾਸ ਮੀਆਂ।

ਕਾਮਰੇਡ ਹੈ ਵਿਗੜ ਕੇ ਸਾਧ ਬਣਦਾ, ਸਾਧ ਵਿਗੜ ਕੇ ਬਣੇ ਬਦਮਾਸ਼ ਮੀਆਂ।

ਸਿਆਸਤਦਾਨ ਨੇ ਬੜੇ...

ਸਿਆਸਤਦਾਨ ਨੇ ਬੜੇ ਹੀ ਟੁੱਟ ਪੈਣੇ, ਸਾਡੇ ਹੱਸਦਿਆਂ ਦੇ ਗਿਣਦੇ ਦੰਦ ਰਹਿੰਦੇ।

ਕੁਰੱਪਸ਼ਨ ਲਈ ਨੇ ਰੱਖਦੇ ਬਾਰ ਖੁੱਲ੍ਹੇ, ਜੰਤਾ ਲਈ ਕਿਵਾੜ ਪਰ ਬੰਦ ਰਹਿੰਦੇ।

ਸਾਧ ਲੁੱਟਦੇ ਨੇ ਬੁੱਲੇ ਡੇਰਿਆ ਵਿੱਚ, ਕਿਰਤੀ ਉਮਰ ਭਰ ਪਿਟਦੇ ਧੰਦ ਰਹਿੰਦੇ।

ਛੋਪ ਜ਼ਿੰਦਗੀ ਦਾ ਉਹੀਓ ਕੱਤ ਸਕਦਾ, ਜੀਹਦੇ ਹੌਂਸਲੇ ਸਦਾ ਬੁਲੰਦ ਰਹਿੰਦੇ।

ਪਤਾ ਨਹੀਂ ਇਹ..

ਪਤਾ ਨਹੀਂ ਇਹ ਕਿਵੇਂ ਬਣ ਗਈ ਪਾਣੀ, ਮਿਸ਼ਰੀ ਬੰਨ੍ਹੀ ਸੀ ਅਸੀਂ ਰੁਮਾਲ ਦੇ ਵਿੱਚ।

ਪਿਆਰ, ਵਿਆਰ ਨਾ ਸੁਝਦਾ ਹੁਣ ਸਾਨੂੰ, ਰੋਟੀ ਘੁੰਮਦੀ ਰਹੇ ਖਿਆਲ ਦੇ ਵਿੱਚ।

ਭ੍ਰਿਸ਼ਟਾਚਾਰ ਹਟਾਉਣ ਦਾ ਸੀ ਨਾਹਰਾ, ਆ ਗਏ ਕੋਕੜੂ ਨਿਰੇ ਹੀ ਦਾਲ ਦੇ ਵਿੱਚ।

ਕਿੱਥੇ ਵਰ੍ਹਦੇ ਰਾਜਿਓ, ਬੱਦਲ ਓਏ, ਪਤਾ ਲੱਗਦਾ ਨਹੀਂ ਪੰਜ ਸਾਲ ਦੇ ਵਿੱਚ।

ਜੰਤਾ ਸਦਾ ਸਤਾਈ..

ਰਾਜਾ ਰਾਮ ਹੋਵੇ ਚਾਹੇ ਹੋਵੇ ਰਾਵਣ, ਜੰਤਾ ਸੀਤਾ ਹੈ ਸਦਾ ਸਤਾਈ ਜਾਂਦੀ।

ਇੱਕ ਜਬਰੀ ਕੱਢ ਕੇ ਲੈ ਜਾਂਦਾ, ਦੂਜੇ ਵੱਲੋਂ ਹੈ ਘਰੋਂ ਭਜਾਈ ਜਾਂਦੀ।

ਹਰਿਆ ਬਦੀ ਦਾ ਬਣ ਪ੍ਰਤੀਕ ਜਾਂਦਾ, ਨੇਕੀ ਜਿੱਤੇ ਦੇ ਨਾਂਅ ਲਗਾਈ ਜਾਂਦੀ।

ਬਲਦੇ ਗਿਆਨ ਦੇ ਦਿਸਣ ਨਾ ਦੀਪ ਕਿਧਰੇ, ਜੰਤਾ ਤੇਲ ਦੇ ਦੀਵੇ ਜਗਾਈ ਜਾਂਦੀ।

ਮਹਿੰਗਾਈ ਹੈ ਸ਼ਾਮ ਨੂੰ...

ਮਹਿੰਗਾਈ ਹੈ ਸ਼ਾਮ ਨੂੰ ਨਾ ਜਾਈਏ ਬਣ ਕੇ ਕਿਸੇ ਦੇ ਐਵੇਂ ਵਟਾਊ ਮੀਆਂ।

ਅੱਖਰ ਲਈ ਫਿਰਦੇ ਬਸਤੀ ਮੂਰਿਆਂ ਦੀ, ਦਾਨਿਸ਼ਵਰਾਂ ਨੂੰ ਇੱਥੇ ਕੀ ਥਿਆਊ ਮੀਆਂ।

ਦਿਨ ਕਟੀਆਂ ਨੇਤਾ ਜੀ ਕਰਨ ਲੁਕ ਕੇ, ਭਾਸ਼ਣ ਦੇਂਵਦੇ ਬੜੇ ਭੜਕਾਊ ਮੀਆਂ।

ਹੇਰਾ ਫੇਰੀਆਂ ਲੱਖ ਕਰੋੜ ਕਰਲੈ, ਤੈਨੂੰ ਤੇਰਾ ਹੀ ਭੂਤ ਡਰਾਊ ਮੀਆਂ।