ਕਲਾ ਅਤੇ ਕੌਸ਼ਲਤਾ, ਜਵਾਨ, ਉਤਸ਼ਾਹੀ ਦਿਲ ਬੁਢਾਪੇ ਦੀ ਸੁਲਝੀ ਸਿਆਣਪ ਲਿਆਦੇ ਮੈਨੂੰ।
ਕਵੀਆਂ ਦੇ ਵਾਂਗ ਮਹਿਸੂਸ ਕਰ ਸਕਾਂ ਸਦਾ ਬੋਝਲ ਜਿਹੀ ਮਸ਼ਹੂਰੀ ਤੋਂ ਵੀ ਬਚਾਦੇ ਮੈਨੂੰ।
ਉਡਣੇ ਖਿਆਲਾਂ ਅਤੇ ਡਰ ਕੋਲੋਂ ਦੂਰ ਰੱਖੀਂ, ਬੱਚਿਆਂ ਦੇ ਵਾਂਗ ਖਿਲਖਿਲਾ ਕੇ ਹਸਾਦੇ ਮੈਨੂੰ।
ਇਹੀਉਂ ਅਰਦਾਸ ਮੇਰੇ ਮਨ ਮੇਰੀ ਤੇਰੇ ਅੱਗੇ, ਤਰਕ ਦੇ ਨਾਲ ਹੀ ਬੱਸ ਸੋਚਣਾ ਸਿਖਾਦੇ ਮੈਨੂੰ।
ਧੁੱਪ ਦਾ ਲਿਬਾਸ
ਮੈਨੂੰ ਕਹਿੰਦਾ ਹੈ ਸੁਬਾਹ ਆਦਾਬ ਸੂਰਜ ਪਾਕੇ ਧੁੱਪ ਦਾ ਆਉਂਦਾ ਲਿਬਾਸ ਪਿਆਰੇ।
ਕਹਿੰਦਾ ਕੱਲਾ ਹਮੇਸ਼ਾ ਹੈ ਸੱਚ ਰਹਿੰਦਾ, ਦਿਲ ਪ੍ਰੀਤ ਵਾਲੇ ਹੁੰਦੇ ਖਾਸ ਪਿਆਰੇ।
ਤ੍ਰਿਪਤ ਹੋਣ ਦਾ ਲੋਕ ਨੇ ਢੌਂਗ ਕਰਦੇ, ਲੈ ਕੇ ਹੋਠਾਂ 'ਤੇ ਅਣਬੁਝੀ ਪਿਆਸ ਪਿਆਰੇ।
ਝੂਠੇ ਚਿਹਰਿਆਂ ਦੀ ਦੇਖ ਭੀੜ ਤਾਈਂ, ਰਹਿੰਦਾ ਦਿਲ ਹੈ ਬਹੁਤ ਉਦਾਸ ਪਿਆਰੇ।
ਪੰਖੇਰੂ ਦਿਲ
ਪੰਖੇਰੂ ਦਿਲ ਲੈ ਕੇ ਤੜਕਸਾਰ ਉੱਠੋ, ਸ਼ੁਕਰ ਕਰੋ ਕਿ ਹੋਈ ਸਵੇਰ ਬੇਲੀ।
ਪਿਆਰ ਕਰਨ ਲਈ ਮਿਲਿਆ ਹੋਰ ਇੱਕ ਦਿਨ, ਨਵੇਂ ਖਿੜਣਗੇ ਹੋਰ ਕਨੇਰ ਬੇਲੀ
ਆਥਣ ਵੇਲੇ ਸ਼ੁਕਰਾਨੇ ਭਰੇ ਮਨ ਨਾਲ, ਘਰ ਆਓ ਵਾਪਸ ਬਿਨਾਂ ਦੇਰ ਬੇਲੀ।
ਗੀਤ ਇੱਕ ਵਡਿਤਣ ਦਾ ਸੌਣ ਵੇਲੇ, ਆਪਣੇ ਬੁੱਲ੍ਹਾਂ 'ਤੇ ਲਵੋ ਬਿਖੇਰ ਬੇਲੀ।
ਜ਼ਿੰਦਗੀ ਦੀ ਪੁਸਤਕ
ਜਿੱਥੇ ਹਮ ਖਿਆਲ ਦੋ ਮਿਲ ਬੈਠਣ ਉਹੀਓ ਹੀ ਹੈ ਗਨੀਮਤੀ ਘੜੀ ਹੁੰਦੀ।
ਮੁਰਦਾ ਸਮਾਂ ਵੀ ਏਦਾ ਦਾ ਕਦੀ ਆਉਂਦਾ, ਚੱਲਦੀ ਘੜੀ ਜਦ ਲੱਗਦੀ ਖੜੀ ਹੁੰਦੀ।
ਜਿੱਤ ਘਿਰਣਾ ਤਾਈਂ ਹੈ ਜਨਮ ਦਿੰਦੀ, ਹਾਰਨ ਵਾਲੇ ਨੂੰ ਪੀੜ ਹੈ ਬੜੀ ਹੁੰਦੀ।
ਜਿੱਤ ਹਾਰ ਤੋਂ ਉੱਤੇ ਹਮੇਸ਼ ਰਹਿੰਦਾ, ਪੁਸਤਕ ਜ਼ਿੰਦਗੀ ਦੀ ਜੀਹਨੇ ਹੈ ਪੜ੍ਹੀ ਹੁੰਦੀ।
ਹੁੰਦਾ ਖੁਰਦਰਾ...
ਚੁੱਪ, ਸ਼ਾਂਤ ਤੇ ਕੂਲਾ ਅਹਿਸਾਸ ਹੈ ਇਹ ਹੁੰਦਾ ਖੁਰਦਰਾ ਕਦੇ ਪਿਆਰ ਹੈ ਨਹੀਂ।
ਨੀਲ ਗਗਨ ਹੈ ਨਜ਼ਰ ਦਾ ਇੱਕ ਧੋਖਾ, ਦਿਸਹੱਦੇ ਦਾ ਕੋਈ ਆਕਾਰ ਹੈ ਨਹੀਂ।
ਢੇਰ ਪੁਸਤਕਾਂ ਦੇ ਅਸੀਂ ਪੜ੍ਹੇ ਐਪਰ, ਰੌਸ਼ਨ ਮਨ ਦਾ ਹੋਇਆ ਮੀਨਾਰ ਹੈ ਨਹੀਂ।
ਜਿਸ ਮੁਲਕ ਦੀ ਜਿਹੋ ਜਿਹੀ ਹੋਵੇ ਪਰਜਾ, ਬਿਹਤਰ ਉਸ ਤੋਂ ਹੁੰਦੀ ਸਰਕਾਰ ਹੈ ਨਹੀਂ।
ਉਹ ਤਾਂ ਬੰਦੇ ਦੀ ਜੂਨ...
ਬਿਨਾਂ ਸੋਚ ਜੋ ਨਿਰਛਲ ਪਏ ਰਹਿੰਦੇ, ਮਨ ਵਿੱਚ ਚਿੰਤਾ ਅਤੇ ਤਣਾਵ ਹੈ ਨਹੀਂ।
ਉਹ ਤਾਂ ਬੰਦੇ ਦੀ ਜੂਨ ਵਿੱਚ ਹੈਨ “ਕੱਦੂ”, ਮਨ 'ਚ ਉੱਡਣ ਦਾ ਜਿੰਨ੍ਹਾਂ ਦੇ ਖਵਾਬ ਹੈ ਨਹੀਂ।
ਚੰਗੇ ਮੰਦੇ ਅਨੁਭਵਾਂ ਬਿਨਾ ਬੰਦਾ, ਕਦੇ ਬਣਦਾ ਲਾਜਵਾਬ ਹੈ ਨਹੀਂ।
ਚੱਕੀ ਗਮ ਦੀ ਰੂਹ ਨਿਖਾਰ ਦਿੰਦੀ, ਬਿਨਾਂ ਸੋਚ ਦੇ ਇਨਕਲਾਬ ਹੈ ਨਹੀਂ।
ਬੰਦੇ ਤਾਈਂ ਬੇ-ਮੌਤ...
ਬੰਦੇ ਤਾਈਂ ਬੇ ਮੌਤ ਨੇ ਮਾਰ ਦਿੰਦੇ, ਦੁਨੀਆਂ ਵਾਲੇ ਇਹ ਬੜੇ ਪਿਆਰੇ।
ਅਸੀਂ ਜਿਉਂਦੇ ਹਾਂ ਜਿਉਣ ਦਾ ਹੁਨਰ ਕਰਕੇ, ਸਾਡੇ ਹੱਥ ਹੈ ਆਪਣੀ ਡੋਰ ਪਿਆਰੇ।
ਅੱਖਾਂ ਖੋਲ੍ਹ ਕੇ ਦੇਖ ਫੇਰ ਪਤਾ ਲੱਗੂ, ਕਿੰਨੇ ਆਦਮੀ ਨੇ ਆਦਮ ਖੋਰ ਪਿਆਰੇ।
ਭੇਤ ਪਾ ਲਿਆ ਅਸੀਂ ਇਸ ਸਲਤਨਤ ਦਾ, ਗੁੰਡੇ ਸਾਧ ਤੇ ਨੇਤਾ ਨੇ ਚੋਰ ਪਿਆਰ।
ਆਵਾਜ ਮਾਰੀ ਤੋਂ...
ਆਵਾਜ ਮਾਰੀ ਤੋਂ ਖੁਦ ਹੀ ਬੋਲਦੇ ਨੇ, ਐਪਰ ਮਾਰ ਕੇ ਵਾਜ ਬੁਲਾਉਣ ਆਪੇ।
ਇਸ ਧਰਤੀ ਦਾ ਰੱਬ ਹੈ ਖੁਦ ਬੰਦਾ, ਰੱਬ, ਰੱਬ ਨੂੰ ਪਏ ਧਿਆਉਣ ਆਪੇ।
ਚਾਹਤ ਕਹਿਣ ਦੇ ਨਾਲ ਨਾ ਹੋਏ ਪੈਦਾ, ਚਾਹੁਣ ਵਾਲੇ ਤਾਂ ਖੁਦ ਹੀ ਚਾਹੁਣ ਆਪੇ।
ਹੁਨਰ ਆਸ਼ਕੀ ਦਾ ਸਿੱਖ ਫੁੱਲ ਕੋਲੋਂ, ਵਾਜਾਂ ਮਾਰ ਨਾ, ਤਿਤਲੀਆਂ ਆਉਣ ਆਪੇ।
ਖੰਨਿਉਂ ਤਿੱਖੇ ਉਸ...
ਖੰਨਿਉਂ ਤਿੱਖੇ ਉਸ ਮਾਰਗ 'ਤੇ ਤੁਰੂ ਕਿਹੜਾ, “ਰੋਡ ਸ਼ੋਅ” ਹੈ ਕੁਰਸੀ ਦੌੜ ਬੇਲੀ।
ਕੋਤਲ ਘੋੜੇ ਇਹ ਨੀਲੇ ਦੀ ਜਦ ਦੇ ਨੇ, ਖਾਂਦੇ, ਪੀਂਦੇ ਤੇ ਮਾਰਦੇ ਪੌੜ ਬੇਲੀ।
ਵੋਟਾਂ ਮੰਗਦੇ ਧਰਮ ਦੇ ਨਾਮ ਉੱਤੇ, ਨੇਤਾ, ਸਾਧ ਨੇ ਕਰਦੇ ਚੌੜ ਬੇਲੀ।
ਮੀਂਹ ਮਾਇਆ ਦਾ ਭਾਈਆਂ ਦੇ ਘਰੇ ਪੈਂਦਾ, ਲੱਗੀ ਸਿੱਖਾਂ ਦੇ ਘਰਾਂ ਵਿੱਚ ਔੜ ਬੇਲੀ